ਜਦੋਂ ਲੁਧਿਆਣਾ ਦੇ ਕਾਰੋਬਾਰੀ ਨੇ ਵਿਅਨਾ ਵਿੱਚ ਫਸੇ ਯਹੂਦੀਆਂ ਨੂੰ ਭਾਰਤ ਵਿੱਚ ਦਿੱਤੀ ਨਵੀਂ ਜ਼ਿੰਦਗੀ

ਤਸਵੀਰ ਸਰੋਤ, VINAY GUPTA
- ਲੇਖਕ, ਸੁਧਾ ਜੀ ਤਿਲਕ
- ਰੋਲ, ਬੀਬੀਸੀ ਲਈ
"ਮੈਂ ਤੁਹਾਨੂੰ ਇੱਕ ਰਾਜ਼ ਦੀ ਗੱਲ ਦੱਸਦੀ ਹਾਂ। ਤੁਹਾਡੇ ਦਾਦਾ ਜੀ ਨੇ ਯਹੂਦੀ ਪਰਿਵਾਰਾਂ ਨੂੰ ਨਾਜ਼ੀਆਂ ਤੋਂ ਬਚਾਉਣ ਵਿੱਚ ਮਦਦ ਕੀਤੀ ਸੀ।"
ਆਪਣੀ ਮਾਂ ਤੋਂ ਇਹ ਸੁਣਨ ਤੋਂ ਬਾਅਦ, ਵਿਨੈ ਗੁਪਤਾ ਆਪਣੇ ਨਾਨਾ ਜੀ ਦੇ ਅਤੀਤ ਬਾਰੇ ਜਾਣਨ ਲਈ ਨਿਕਲ ਪਏ। ਪਰ ਜੋ ਕਹਾਣੀ ਸਾਹਮਣੇ ਆਈ ਉਹ ਉਨ੍ਹਾਂ ਦੀ ਕਲਪਨਾ ਤੋਂ ਵੀ ਵੱਧ ਰੋਮਾਂਚਕ ਅਤੇ ਪ੍ਰੇਰਨਾਦਾਇਕ ਸੀ।
ਇਹ ਇੱਕ ਭਾਰਤੀ ਵਪਾਰੀ ਦੀ ਬਹਾਦਰੀ ਦੀ ਉਹ ਕਹਾਣੀ ਸੀ ਜਿਸ ਨੂੰ ਜ਼ਿਆਦਾ ਲੋਕ ਨਹੀਂ ਜਾਣਦੇ। ਯੂਰਪ ਦੇ ਸਭ ਤੋਂ ਔਖੇ ਸਮੇਂ ਵਿੱਚ, ਇਸ ਭਾਰਤੀ ਨੇ ਅਜਨਬੀਆਂ ਨੂੰ ਬਚਾਉਣ ਲਈ ਆਪਣੀ ਜਾਨ ਦਾਅ 'ਤੇ ਲਗਾ ਦਿੱਤੀ।
ਭਾਰਤ ਵਾਪਸ ਆਉਣ ਤੋਂ ਬਾਅਦ, ਕੁੰਦਨਲਾਲ ਨਾਮ ਦੇ ਇਸ ਵਿਅਕਤੀ ਨੇ ਯਹੂਦੀਆਂ ਨੂੰ ਰੁਜ਼ਗਾਰ ਦੇਣ ਲਈ ਇੱਕ ਕਾਰੋਬਾਰ ਸ਼ੁਰੂ ਕੀਤਾ ਅਤੇ ਉਨ੍ਹਾਂ ਲਈ ਘਰ ਵੀ ਬਣਵਾਏ।
ਦੂਜੀ ਵਿਸ਼ਵ ਜੰਗ ਦੀ ਸ਼ੁਰੂਆਤ ਤੋਂ ਬਾਅਦ ਬ੍ਰਿਟਿਸ਼ ਸ਼ਾਸਨ ਨੇ ਕੁੰਦਰਲਾਲ ਨੂੰ ʻਦੁਸ਼ਮਣʻ ਐਲਾਨ ਕਰ ਕੇ ਨਜ਼ਰਬੰਦ ਕਰ ਦਿੱਤਾ ਸੀ। ਲੁਧਿਆਣਾ ਦੇ ਇੱਕ ਗਰੀਬ ਮੁੰਡੇ ਤੋਂ ਲੈ ਕੇ ਯੂਰਪ ਵਿੱਚ ਯਹੂਦੀਆਂ ਦੀ ਜਾਨ ਬਚਾਉਣ ਵਾਲੇ ਕਾਰੋਬਾਰੀ ਤੱਕ ਉਨ੍ਹਾਂ ਦਾ ਜੀਵਨ ਕਿਸੇ ਮਹਾਕਾਵਿ ਤੋਂ ਘੱਟ ਨਹੀਂ ਸੀ।
13 ਸਾਲ ਦੀ ਉਮਰ ਵਿੱਚ ਵਿਆਹ, ਲੱਕੜ, ਲੂਣ, ਬੈਲ ਗੱਡੀਆਂ ਦੇ ਪਹੀਏ ਅਤੇ ਪ੍ਰਯੋਗਸ਼ਾਲਾ ਦੇ ਉਪਕਰਣ ਵੇਚ ਕੇ ਇੱਕ ਕੱਪੜਾ ਅਤੇ ਮਾਚਿਸ ਫੈਕਟਰੀ ਸਥਾਪਤ ਕਰਨ ਤੱਕ ਦਾ ਸਫ਼ਰ ਤੈਅ ਕਰਨ ਵਾਲੇ ਕੁੰਦਨਲਾਲ ਨੇ ਲਾਹੌਰ ਵਿੱਚ ਪੜ੍ਹਾਈ ਕੀਤੀ।
ਕੁੰਦਨਲਾਲ 22 ਸਾਲ ਦੀ ਉਮਰ ਵਿੱਚ ਬਸਤੀਵਾਦੀ ਸਿਵਲ ਸੇਵਾ ਵਿੱਚ ਸ਼ਾਮਲ ਹੋ ਗਏ। ਪਰ ਆਜ਼ਾਦੀ ਅੰਦੋਲਨ ਅਤੇ ਕਾਰੋਬਾਰ ਵਿੱਚ ਯੋਗਦਾਨ ਪਾਉਣ ਲਈ ਉਨ੍ਹਾਂ ਨੇ ਨੌਕਰੀ ਛੱਡ ਦਿੱਤੀ।
ਉਨ੍ਹਾਂ ਨੇ ਜਵਾਹਰ ਲਾਲ ਨਹਿਰੂ ਨਾਲ ਹੱਥ ਮਿਲਾਇਆ ਅਤੇ ਯੂਰਪ ਦੀ ਯਾਤਰਾ ਦੌਰਾਨ ਅਦਾਕਾਰਾ ਦੇਵਿਕਾ ਰਾਣੀ ਨਾਲ ਵੀ ਮੁਲਾਕਾਤ ਕੀਤੀ।
ਵਿਨੈ ਗੁਪਤਾ ਨੇ ʻਏ ਰੇਸਕਿਊ ਇਨ ਵਿਅਨਾʼ ਨਾਮ ਦੀ ਕਿਤਾਬ ਵਿੱਚ ਆਪਣੇ ਨਾਨੇ ਦੇ ਇਸ ਬਹਾਦਰੀ ਮੁਹਿੰਮ ਨੂੰ ਦਰਜ ਕੀਤਾ, ਜਿਸ ਨੂੰ ਪਰਿਵਾਰਕ ਪੱਤਰਾਂ ਅਤੇ ਯਹੂਦੀ ਸਰਵਾਈਵਰਸ ਦੇ ਇੰਟਰਵਿਊ ਰਾਹੀਂ ਲਿਖਿਆ ਗਿਆ ਹੈ।
ਸਾਲ 1938 ਵਿੱਚ ਆਸਟ੍ਰੀਆ ʼਤੇ ਹਿਟਲਰ ਦੇ ਕਬਜ਼ੇ ਤੋਂ ਬਾਅਦ ਕੁੰਦਨਲਾਲ ਨੇ ਕੁਝ ਯਹੂਦੀਆਂ ਨੂੰ ਭਾਰਤ ਵਿੱਚ ਚੁੱਪਚਾਪ ਨੌਕਰੀ ਦੀ ਪੇਸ਼ਕਸ਼ ਕੀਤੀ, ਤਾਂ ਜੋ ਉਨ੍ਹਾਂ ਨੂੰ ʻਲਾਈਫ ਸੇਵਿੰਗ ਵੀਜ਼ਾʼ ਮਿਲ ਸਕੇ। ਉਨ੍ਹਾਂ ਨੇ ਇਨ੍ਹਾਂ ਦੇ ਪਰਿਵਾਰਾਂ ਨੂੰ ਰੁਜ਼ਗਾਰ ਦਿੱਤਾ ਅਤੇ ਭਾਰਤ ਵਿੱਚ ਉਨ੍ਹਾਂ ਲਈ ਘਰ ਬਣਵਾਏ।

ਤਸਵੀਰ ਸਰੋਤ, VINAY GUPTA
ਕੁੰਦਨਲਾਲ ਨੇ ਪੰਜ ਪਰਿਵਾਰਾਂ ਨੂੰ ਬਚਾਇਆ
30 ਸਾਲਾ ਯਹੂਦੀ ਵਕੀਲ ਫ੍ਰਿਟਜ਼ ਵਾਈਸ ਬਿਮਾਰੀ ਦਾ ਬਹਾਨਾ ਬਣਾ ਕੇ ਇੱਕ ਹਸਪਤਾਲ ਵਿੱਚ ਲੁਕੇ ਹੋਏ ਸਨ। ਉਸ ਸਮੇਂ ਦੌਰਾਨ, ਆਪਣੀ ਬਿਮਾਰੀ ਦਾ ਇਲਾਜ ਕਰਵਾਉਣ ਲਈ ਉੱਥੇ ਪਹੁੰਚੇ ਭਾਰਤੀ ਵਪਾਰੀ ਕੁੰਦਨਲਾਲ ਨਾਲ ਉਨ੍ਹਾਂ ਦੀ ਮੁਲਾਕਾਤ ਹੋਈ।
ਨਾਜ਼ੀਆਂ ਨੇ ਵਾਇਸ ਨੂੰ ਆਪਣੇ ਘਰ ਦੇ ਬਾਹਰ ਸੜਕ ਸਾਫ਼ ਕਰਨ ਲਈ ਮਜਬੂਰ ਕੀਤਾ ਸੀ। ਫਿਰ ਕੁੰਦਨਲਾਲ ਨੇ ਉਨ੍ਹਾਂ ਨੂੰ ਇੱਕ ਨਵੀਂ ਜ਼ਿੰਦਗੀ ਦਾ ਰਸਤਾ ਦਿਖਾਇਆ।
ਉਨ੍ਹਾਂ ਵਾਇਸ ਨੂੰ 'ਕੁੰਦਨ ਏਜੰਸੀਜ਼' ਨਾਮ ਦੀ ਇੱਕ ਫਰਜ਼ੀ ਕੰਪਨੀ ਵਿੱਚ ਨੌਕਰੀ ਦੀ ਪੇਸ਼ਕਸ਼ ਕੀਤੀ। ਇਸ ਨਾਲ ਉਨ੍ਹਾਂ ਨੂੰ ਭਾਰਤ ਦਾ ਵੀਜ਼ਾ ਮਿਲਣ ਵਿੱਚ ਮਦਦ ਮਿਲੀ।
ਅਗਲੇ ਕੁਝ ਮਹੀਨਿਆਂ ਵਿੱਚ, ਉਹ ਹੋਰ ਲੋਕਾਂ ਨੂੰ ਮਿਲੇ। ਕੁੰਦਨਲਾਲ ਨੇ ਅਖ਼ਬਾਰਾਂ ਵਿੱਚ ਇਸ਼ਤਿਹਾਰ ਦੇ ਕੇ ਭਾਰਤ ਵਿੱਚ ਵਸਣ ਲਈ ਤਿਆਰ ਹੁਨਰਮੰਦ ਕਾਮਿਆਂ ਦੀ ਭਾਲ ਸ਼ੁਰੂ ਕਰ ਦਿੱਤੀ। ਵਾਚਸਲਰ, ਲੋਸ਼, ਸ਼ਫਰਨੇਕ ਅਤੇ ਰੀਟਰ ਵਰਗੇ ਲੋਕਾਂ ਨੇ ਉਨ੍ਹਾਂ ਦਾ ਸਾਥ ਦਿੱਤਾ।
ਇਸ ਤੋਂ ਬਾਅਦ ਲੱਕੜ ਦਾ ਕੰਮ ਕਰਨ ਵਾਲੇ ਐਲਫ੍ਰੇਡ ਵਾਚਸਲਰ ਕੁੰਦਨਲਾਲ ਨਾਲ ਮਿਲੇ। ਵਾਚਸਲਰ ਆਪਣੀ ਗਰਭਵਤੀ ਪਤਨੀ ਨੂੰ ਜਾਂਚ ਲਈ ਹਸਪਤਾਲ ਲੈ ਕੇ ਆਏ ਸਨ।
ਕੁੰਦਨਲਾਲ ਨੇ ਉਨ੍ਹਾਂ ਨੂੰ ਫਰਨੀਚਰ ਉਦਯੋਗ ਵਿੱਚ ਭਵਿੱਖ ਅਤੇ ਭਾਰਤ ਵਿੱਚ ਵਸਣ ਦਾ ਵਾਅਦਾ ਕੀਤਾ। ਉਨ੍ਹਾਂ ਦਾ ਪਰਿਵਾਰ ਜਨਵਰੀ 1938 ਅਤੇ ਫਰਵਰੀ 1939 ਦੇ ਵਿਚਕਾਰ ਭਾਰਤ ਪਹੁੰਚਣ ਵਾਲੇ ਪਹਿਲੇ ਯਹੂਦੀ ਪਰਿਵਾਰਾਂ ਵਿੱਚੋਂ ਇੱਕ ਸੀ।
ਟੈਕਸਟਾਈਲ ਟੈਕਨੀਸ਼ੀਅਨ ਹੰਸ ਲੋਸ਼ ਵੀ ਕੁੰਦਨਲਾਲ ਦੇ ਸੰਪਰਕ ਵਿੱਚ ਆਏ। ਉਨ੍ਹਾਂ ਨੂੰ ਲੁਧਿਆਣਾ ਵਿੱਚ ਇੱਕ ਕਾਲਪਨਿਕ 'ਕੁੰਦਨ ਕਲੌਥ ਮਿਲਜ਼' ਵਿੱਚ ਪ੍ਰਬੰਧਕੀ ਅਹੁਦੇ ਦੀ ਪੇਸ਼ਕਸ਼ ਕੀਤੀ ਗਈ ਸੀ, ਜਿਸ ਵਿੱਚ ਰਿਹਾਇਸ਼, ਮੁਨਾਫ਼ੇ ਵਿੱਚ ਹਿੱਸੇਦਾਰੀ ਅਤੇ ਸੁਰੱਖਿਅਤ ਯਾਤਰਾ ਸ਼ਾਮਲ ਸੀ। ਲੋਸ਼ ਨੇ ਭਾਰਤ ਵਿੱਚ ਨਵੀਂ ਸ਼ੁਰੂਆਤ ਕੀਤੀ।

ਫਿਰ ਵਾਰੀ ਆਈ ਅਲਫ੍ਰੇਡ ਸ਼ੈਫਰਾਨੇਕ ਦੀ, ਜੋ ਪਲਾਈਵੁੱਡ ਫੈਕਟਰੀ ਚਲਾਉਂਦੇ ਸਨ। ਉਨ੍ਹਾਂ ਨੇ ਭਾਰਤ ਵਿੱਚ ਸਭ ਤੋਂ ਆਧੁਨਿਕ ਪਲਾਈਵੁੱਡ ਯੂਨਿਟ ਸਥਾਪਤ ਕਰਨ ਵਿੱਚ ਕੁੰਦਨਲਾਲ ਦੀ ਮਦਦ ਕੀਤੀ। ਉਨ੍ਹਾਂ ਦਾ ਮਕੈਨਿਕ ਭਰਾ ਸਿਗਫ੍ਰਾਈਡ ਸਮੇਤ ਪੂਰਾ ਪਰਿਵਾਰ ਭਾਰਤ ਆਇਆ।
ਸਿਗਮੰਡ ਰੇਟਰ ਮਸ਼ੀਨ ਟੂਲਸ ਦੇ ਕਾਰੋਬਾਰ ਵਿੱਚ ਸੀ। ਉਹ ਪਹਿਲੇ ਵਿਅਕਤੀ ਸਨ ਜਿਸ ਨਾਲ ਕੁੰਦਨਲਾਲ ਨੇ ਸੰਪਰਕ ਕੀਤਾ। ਨਾਜ਼ੀਆਂ ਦੇ ਦੌਰ ਵਿੱਚ ਉਨ੍ਹਾਂ ਦਾ ਕਾਰੋਬਾਰ ਬੰਦ ਹੋ ਗਿਆ ਸੀ। ਕੁੰਦਨਲਾਲ ਨੇ ਉਨ੍ਹਾਂ ਨੂੰ ਭਾਰਤ ਲਿਆ ਕੇ ਦੁਬਾਰਾ ਕਾਰੋਬਾਰ ਸ਼ੁਰੂ ਕਰਨ ਵਿੱਚ ਮਦਦ ਕੀਤੀ।
ਇਨ੍ਹਾਂ ਸਾਰੇ ਯਤਨਾਂ ਦੀ ਸ਼ੁਰੂਆਤ ਵੀਅਨਾ ਦੇ ਇੱਕ ਹਸਪਤਾਲ ਦੇ ਬਿਸਤਰੇ ਤੋਂ ਸ਼ੁਰੂ ਹੋਈ, ਜਿੱਥੇ ਸ਼ੂਗਰ ਅਤੇ ਬਵਾਸੀਰ ਨਾਲ ਜੂਝ ਰਹੇ 45 ਸਾਲਾ ਕੁੰਦਨਲਾਲ ਇਲਾਜ ਲਈ ਆਏ ਸਨ। 1938 ਵਿੱਚ ਸਰਜਰੀ ਤੋਂ ਬਾਅਦ, ਉਹ ਲੂਸੀ ਅਤੇ ਅਲਫ੍ਰੇਡ ਵਾਚਸਲਰ ਨੂੰ ਮਿਲੇ। ਉਨ੍ਹਾਂ ਨਾਲ ਗੱਲਬਾਤ ਵਿੱਚ ਉਨ੍ਹਾਂ ਨੂੰ ਯਹੂਦੀ ਵਿਰੋਧੀ ਹਿੰਸਾ ਦੀ ਗੰਭੀਰਤਾ ਦਾ ਅਹਿਸਾਸ ਹੋਇਆ।
ਕੁੰਦਨਲਾਲ ਨੇ ਸਾਰਿਆਂ ਨੂੰ ਨੌਕਰੀਆਂ ਦੀ ਗਰੰਟੀ ਦਿੱਤੀ ਅਤੇ ਉਨ੍ਹਾਂ ਨੂੰ ਭਾਰਤ ਆਉਣ ਲਈ ਜ਼ਰੂਰੀ ਵੀਜ਼ਾ ਹਾਸਲ ਕਰਨ ਵਿੱਚ ਮਦਦ ਕੀਤੀ।
ਵਿਨੈ ਗੁਪਤਾ ਲਿਖਦੇ ਹਨ, "ਇਨ੍ਹਾਂ ਪਰਿਵਾਰਾਂ ਲਈ ਕੁੰਦਨਲਾਲ ਦੀ ਯੋਜਨਾ ਦਾ ਇੱਕ ਖਾਸ ਪਹਿਲੂ ਇਹ ਸੀ ਕਿ ਉਨ੍ਹਾਂ ਨੇ ਇਸ ਨੂੰ ਗੁਪਤ ਰੱਖਿਆ। ਉਨ੍ਹਾਂ ਨੇ ਆਪਣੇ ਇਰਾਦੇ ਜਾਂ ਯੋਜਨਾਵਾਂ ਕਿਸੇ ਵੀ ਭਾਰਤੀ ਜਾਂ ਬ੍ਰਿਟਿਸ਼ ਅਧਿਕਾਰੀ ਨੂੰ ਨਹੀਂ ਦੱਸੀਆਂ। ਉਨ੍ਹਾਂ ਦੇ ਪਰਿਵਾਰ ਨੂੰ ਵੀ ਇਸ ਬਾਰੇ ਉਦੋਂ ਹੀ ਪਤਾ ਲੱਗਾ ਜਦੋਂ ਉਹ ਕਈ ਮਹੀਨਿਆਂ ਬਾਅਦ ਘਰ ਵਾਪਸ ਆਏ।"
ਯਹੂਦੀ ਪਰਿਵਾਰਾਂ ਨੂੰ ਲੁਧਿਆਣਾ ਵਿੱਚ ਹੋਈਆਂ ਦਿੱਕਤਾਂ
ਅਕਤੂਬਰ 1938 ਵਿੱਚ, ਹੰਸ ਲੋਸ਼ ਕੁੰਦਨਲਾਲ ਦੀ ਮਦਦ ਨਾਲ ਲੁਧਿਆਣਾ ਪਹੁੰਚਣ ਵਾਲੇ ਪਹਿਲੇ ਵਿਅਕਤੀ ਬਣੇ। ਗੁਪਤਾ ਲਿਖਦੇ ਹਨ ਕਿ ਕੁੰਦਨਲਾਲ ਦੇ ਘਰ ਉਨ੍ਹਾਂ ਦਾ ਸਵਾਗਤ ਕੀਤਾ ਗਿਆ ਸੀ। ਪਰ ਉਨ੍ਹਾਂ ਨੂੰ ਲੁਧਿਆਣਾ ਵਿੱਚ ਸ਼ਾਂਤੀ ਨਹੀਂ ਮਿਲੀ। ਕੁਝ ਹਫ਼ਤਿਆਂ ਬਾਅਦ, ਉਹ ਮੁੰਬਈ ਚਲੇ ਗਏ ਅਤੇ ਕਦੇ ਵਾਪਸ ਨਹੀਂ ਆਏ।
ਫ੍ਰਿਟਜ਼ ਵੇਇਸ ਸਿਰਫ਼ ਦੋ ਮਹੀਨੇ ਲੁਧਿਆਣਾ ਵਿੱਚ ਰਹੇ। ਉਨ੍ਹਾਂ ਦੇ ਲਈ ਬਣਾਈ ਗਈ ਕਾਲਪਨਿਕ ਕੰਪਨੀ ਕੁੰਦਨ ਏਜੰਸੀਜ਼ ਕਦੇ ਕੰਮ ਨਹੀਂ ਕਰ ਸਕੀ। ਉਹ ਜਲਦੀ ਹੀ ਮੁੰਬਈ ਚਲੇ ਗਏ ਅਤੇ ਫਲੋਰਿੰਗ ਦਾ ਕਾਰੋਬਾਰ ਸ਼ੁਰੂ ਕੀਤਾ। 1947 ਵਿੱਚ, ਉਹ ਇੰਗਲੈਂਡ ਚਲੇ ਗਏ।
ਗੁਪਤਾ ਲਿਖਦੇ ਹਨ ਕਿ ਲੋਕਾਂ ਦੇ ਚਲੇ ਜਾਣ ਤੋਂ ਬਾਅਦ ਵੀ ਕੁੰਦਨਲਾਲ ਨੂੰ ਕੋਈ ਨਾਰਾਜ਼ਗੀ ਨਹੀਂ ਸੀ।
ਉਹ ਲਿਖਦੇ ਹਨ, "ਮੇਰੀ ਆਂਟੀ ਨੇ ਦੱਸਿਆ ਕਿ ਇਸ ਦੇ ਉਲਟ, ਕੁੰਦਨਲਾਲ ਨੂੰ ਇਸ ਗੱਲ ਦਾ ਮਲਾਲ ਸੀ ਕਿ ਉਹ ਵੀਅਨਾ ਵਰਗੀ ਜੀਵਨ ਸ਼ੈਲੀ ਅਤੇ ਸਮਾਜਿਕ ਵਾਤਾਵਰਣ ਉਨ੍ਹਾਂ ਨੂੰ ਨਹੀਂ ਦੇ ਸਕਿਆ। ਉਨ੍ਹਾਂ ਨੂੰ ਲੱਗਦਾ ਸੀ ਕਿ ਅਜਿਹਾ ਕਰ ਸਕਦੇ ਤਾਂ ਉਹ ਸ਼ਾਇਦ ਉੱਥੇ ਹੀ ਰੁਕ ਜਾਂਦੇ।"
ਹਾਲਾਂਕਿ, ਸਾਰੀਆਂ ਕਹਾਣੀਆਂ ਦਾ ਅੰਤ ਇਸ ਤਰ੍ਹਾਂ ਨਹੀਂ ਹੋਇਆ।
ਐਲਫ੍ਰੇਡ ਅਤੇ ਲੂਸੀ ਵਾਚਸਲਰ ਆਪਣੇ ਨਵਜੰਮੇ ਪੁੱਤਰ ਨਾਲ ਸਮੁੰਦਰ, ਰੇਲ ਅਤੇ ਸੜਕ ਰਾਹੀਂ ਲੁਧਿਆਣਾ ਪਹੁੰਚੇ। ਉਹ ਕੁੰਦਨਲਾਲ ਦੁਆਰਾ ਦਿੱਤੇ ਗਏ ਇੱਕ ਵੱਡੇ ਘਰ ਵਿੱਚ ਰਹਿਣ ਲੱਗ ਪਏ।
ਐਲਫ੍ਰੇਡ ਨੇ ਇੱਕ ਫਰਨੀਚਰ ਵਰਕਸ਼ਾਪ ਸ਼ੁਰੂ ਕੀਤੀ। ਸਥਾਨਕ ਸਿੱਖ ਮਜ਼ਦੂਰਾਂ ਦੀ ਮਦਦ ਨਾਲ, ਉਨ੍ਹਾਂ ਨੇ ਸੁੰਦਰ ਡਾਇਨਿੰਗ ਸੈੱਟ ਬਣਾਏ, ਜਿਨ੍ਹਾਂ ਵਿੱਚੋਂ ਇੱਕ ਅਜੇ ਵੀ ਵਿਨੈ ਗੁਪਤਾ ਦੇ ਪਰਿਵਾਰ ਕੋਲ ਹੈ।
ਮਾਰਚ 1939 ਵਿੱਚ ਅਲਫਰੈੱਡ ਸ਼ਫਰਾਨੇਕ, ਉਨ੍ਹਾਂ ਦੇ ਭਰਾ ਸੀਗਫ੍ਰਾਈਡ ਅਤੇ ਉਨ੍ਹਾਂ ਦੇ ਪਰਿਵਾਰ ਵੀ ਆਸਟਰੀਆ ਤੋਂ ਲੁਧਿਆਣਾ ਆਏ। ਉਨ੍ਹਾਂ ਨੇ ਭਾਰਤ ਦੀਆਂ ਸਭ ਤੋਂ ਪੁਰਾਣੀਆਂ ਪਲਾਈਵੁੱਡ ਫੈਕਟਰੀਆਂ ਵਿੱਚੋਂ ਇੱਕ ਦੀ ਸ਼ੁਰੂਆਤ ਕੀਤੀ।

ਤਸਵੀਰ ਸਰੋਤ, VINAY GUPTA
ਗੁਪਤਾ ਲਿਖਦੇ ਹਨ, "ਕੰਮ ਬਹੁਤ ਔਖਾ ਸੀ। ਉਨ੍ਹਾਂ ਨੂੰ ਪੰਜਾਬ ਦੀ ਗਰਮੀ ਦਾ ਅੰਦਾਜ਼ਾ ਨਹੀਂ ਸੀ। ਇਕੱਲਤਾ ਸਪੱਸ਼ਟ ਸੀ, ਖ਼ਾਸ ਕਰਕੇ ਔਰਤਾਂ ਲਈ, ਜੋ ਜ਼ਿਆਦਾਤਰ ਘਰੇਲੂ ਜੀਵਨ ਤੱਕ ਸੀਮਤ ਸਨ।"
"ਜਿਵੇਂ-ਜਿਵੇਂ ਮਹੀਨੇ ਬੀਤਦੇ ਗਏ, ਸ਼ੁਰੂਆਤੀ ਰਾਹਤ, ਬੋਰੀਅਤ ਵਿੱਚ ਬਦਲ ਗਈ। ਮਰਦ ਲੰਬੇ ਸਮੇਂ ਤੱਕ ਕੰਮ ਕਰਨ ਵਿੱਚ ਰੁੱਝੇ ਰਹੇ, ਜਦੋਂ ਕਿ ਔਰਤਾਂ ਭਾਸ਼ਾ ਅਤੇ ਸਮਾਜਿਕ ਅਲੱਗ-ਥਲੱਗਤਾ ਕਾਰਨ ਘਰੇਲੂ ਜ਼ਿੰਮੇਵਾਰੀਆਂ ਤੱਕ ਸੀਮਤ ਰਹਿ ਗਈਆਂ ਸਨ।"
ਸਤੰਬਰ 1939 ਵਿੱਚ, ਹਿਟਲਰ ਨੇ ਪੋਲੈਂਡ 'ਤੇ ਹਮਲਾ ਕੀਤਾ ਅਤੇ ਕੁਝ ਦਿਨਾਂ ਬਾਅਦ ਬ੍ਰਿਟੇਨ ਨੇ ਜਰਮਨੀ ਵਿਰੁੱਧ ਜੰਗ ਦਾ ਐਲਾਨ ਕਰ ਦਿੱਤਾ।
ਇਸ ਦੇ ਨਾਲ ਭਾਰਤ ਨੂੰ ਵੀ ਜੰਗ ਵਿੱਚ ਸ਼ਾਮਲ ਕਰ ਲਿਆ ਗਿਆ। 25 ਲੱਖ ਤੋਂ ਵੱਧ ਭਾਰਤੀ ਯੁੱਧ ਵਿੱਚ ਸ਼ਾਮਲ ਹੋਏ, ਜਿਨ੍ਹਾਂ ਵਿੱਚੋਂ 87,000 ਵਾਪਸ ਨਹੀਂ ਆ ਸਕੇ।
1940 ਤੱਕ, ਬ੍ਰਿਟਿਸ਼ ਨੀਤੀਆਂ ਨੇ ਦੇਸ਼ ਵਿੱਚ ਰਹਿਣ ਵਾਲੇ ਸਾਰੇ ਜਰਮਨ ਨਾਗਰਿਕਾਂ (ਭਾਵੇਂ ਯਹੂਦੀ ਹੋਣ ਜਾਂ ਨਾ) ਨੂੰ ਨਜ਼ਰਬੰਦੀ ਕੈਂਪਾਂ ਵਿੱਚ ਭੇਜਣਾ ਸ਼ੁਰੂ ਕਰ ਦਿੱਤਾ।
ਵਾਚਸਲਰ ਅਤੇ ਸ਼ੈਫਰਾਨੇਕ ਪਰਿਵਾਰਾਂ ਨੂੰ ਪੁਣੇ ਦੇ ਨੇੜੇ ਪੁਰੰਦਰ ਨਜ਼ਰਬੰਦੀ ਕੈਂਪ ਵਿੱਚ ਭੇਜ ਦਿੱਤਾ ਗਿਆ। ਉੱਥੇ ਉਨ੍ਹਾਂ ਨੂੰ ਮਿੱਟੀ ਦੇ ਤੇਲ ਦੀਆਂ ਲੈਂਪਾਂ ਅਤੇ ਘੱਟੋ-ਘੱਟ ਸਹੂਲਤਾਂ ਵਾਲੀਆਂ ਖਾਲ੍ਹੀ ਬੈਰਕਾਂ ਵਿੱਚ ਰਹਿਣਾ ਪਿਆ।

ਤਸਵੀਰ ਸਰੋਤ, VINAY GUPTA
ਅੱਜ ਵੀ ਚੱਲ ਰਿਹਾ ਹੈ ਕੁੰਦਨਲਾਲ ਵੱਲੋਂ ਖੋਲ੍ਹਿਆ ਗਿਆ ਸਕੂਲ
ਪੁਰੰਦਰ ਨਜ਼ਰਬੰਦੀ ਕੈਂਪ 1946 ਵਿੱਚ ਯੁੱਧ ਖ਼ਤਮ ਹੋਣ ਤੋਂ ਲਗਭਗ ਇੱਕ ਸਾਲ ਬਾਅਦ ਬੰਦ ਹੋ ਗਿਆ।
1948 ਵਿੱਚ, ਅਲਫ੍ਰੇਡ ਵਾਚਸਲਰ ਦੇ ਇੱਕ ਚਾਚੇ ਦੇ ਮੁੰਡੇ ਨੇ ਉਨ੍ਹਾਂ ਨੂੰ ਅਮਰੀਕੀ ਸ਼ਰਨਾਰਥੀ ਵੀਜ਼ਾ ਹਾਸਲ ਕਰਨ ਵਿੱਚ ਮਦਦ ਕੀਤੀ। ਉਹ ਉਸੇ ਸਾਲ ਅਕਤੂਬਰ ਵਿੱਚ ਭਾਰਤ ਛੱਡ ਗਏ ਅਤੇ ਕਦੇ ਵਾਪਸ ਨਹੀਂ ਆਏ।
ਬੰਗਲੌਰ ਵਿੱਚ ਇੱਕ ਸਫ਼ਲ ਕਾਰੋਬਾਰ ਚਲਾਉਣ ਤੋਂ ਬਾਅਦ, ਸ਼ੈਫਰਾਨੇਕ ਪਰਿਵਾਰ 1947 ਵਿੱਚ ਆਸਟ੍ਰੇਲੀਆ ਚਲਾ ਗਿਆ।
ਕਿਤਾਬ ਦੀ ਖੋਜ ਦੌਰਾਨ ਵਿਨੈ ਗੁਪਤਾ ਐਲੇਕਸ ਵਾਚਸਲਰ ਨੂੰ ਮਿਲੇ। ਉਨ੍ਹਾਂ ਦੇ ਪਿਤਾ ਐਲਫ੍ਰੇਡ ਨੇ ਉਹ ਮੇਜ਼ ਬਣਾਇਆ ਸੀ ਜਿਸ ਨੂੰ ਕੁੰਦਨਲਾਲ ਆਪਣੇ ਛੋਟੇ ਜਿਹੇ ਦਫ਼ਤਰ ਵਿੱਚ ਵਰਤਦੇ ਸਨ। ਐਲਫ੍ਰੇਡ ਦੀ 1973 ਵਿੱਚ ਮੌਤ ਹੋ ਗਈ।
ਗੁਪਤਾ ਲਿਖਦੇ ਹਨ, "ਦਸ ਸਾਲ ਦੀ ਉਮਰ ਵਿੱਚ ਅਮਰੀਕਾ ਵਿੱਚ ਰਹਿਣ ਅਤੇ ਹੁਣ ਅੱਸੀ ਸਾਲ ਦੀ ਉਮਰ ਪਾਰ ਕਰਨ ਦੇ ਬਾਵਜੂਦ, ਐਲੇਕਸ ਵਾਚਸਲਰ ਅਜੇ ਵੀ ਭਾਰਤ ਵਿੱਚ ਬਿਤਾਏ ਆਪਣੇ ਬਚਪਨ ਨੂੰ ਯਾਦ ਕਰਦੇ ਹਨ। ਉਹ ਭਾਰਤੀ ਰੈਸਟੋਰੈਂਟਾਂ ਵਿੱਚ ਖਾਂਦੇ ਹਨ, ਭਾਰਤੀਆਂ ਨੂੰ ਮਿਲ ਕੇ ਖੁਸ਼ ਹੁੰਦੇ ਹਨ ਅਤੇ ਆਪਣੀ ਉਰਦੂ ਨਾਲ ਲੋਕਾਂ ਨੂੰ ਹੈਰਾਨ ਕਰਦੇ ਹਨ।"
ਲੁਧਿਆਣਾ ਵਾਪਸ ਆ ਕੇ, ਕੁੰਦਨਲਾਲ ਨੇ ਆਪਣੀਆਂ ਧੀਆਂ ਲਈ ਇੱਕ ਘਰ ਵਿੱਚ ਹੀ ਸਕੂਲ ਸ਼ੁਰੂ ਕੀਤਾ। ਇਹ ਬਾਅਦ ਵਿੱਚ ਪੰਜਾਬ ਦੇ ਸਭ ਤੋਂ ਪੁਰਾਣੇ ਸਕੂਲਾਂ ਵਿੱਚੋਂ ਇੱਕ ਬਣ ਗਿਆ। ਇਸ ਵਿੱਚ ਅਜੇ ਵੀ 900 ਵਿਦਿਆਰਥੀ ਪੜ੍ਹ ਰਹੇ ਹਨ।
ਕੁੰਦਨਲਾਲ ਦੀ ਪਤਨੀ ਸਰਸਵਤੀ ਦੀ 1965 ਵਿੱਚ ਛੱਤ ਤੋਂ ਡਿੱਗਣ ਕਾਰਨ ਮੌਤ ਹੋ ਗਈ ਸੀ। ਉਨ੍ਹਾਂ ਦੇ ਪੰਜ ਬੱਚੇ ਸਨ, ਜਿਨ੍ਹਾਂ ਵਿੱਚੋਂ ਚਾਰ ਧੀਆਂ ਸਨ। ਆਪਣੀ ਪਤਨੀ ਦੀ ਮੌਤ ਤੋਂ ਇੱਕ ਸਾਲ ਬਾਅਦ, ਕੁੰਦਨਲਾਲ ਦੀ 73 ਸਾਲ ਦੀ ਉਮਰ ਵਿੱਚ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ।
ਗੁਪਤਾ ਲਿਖਦੇ ਹਨ, "ਕੁੰਦਨਲਾਲ ਲਈ, 'ਨਿਸ਼ਕਿਰਿਆ ਦਰਸ਼ਕ' ਬਣਨਾ ਕਿਸੇ ਸਰਾਪ ਤੋਂ ਘੱਟ ਨਹੀਂ ਸੀ। ਜੇਕਰ ਉਹ ਕੋਈ ਸਮੱਸਿਆ ਜਾਂ ਕਿਸੇ ਅਜਿਹੇ ਵਿਅਕਤੀ ਨੂੰ ਦੇਖਦੇ, ਜਿਸਨੂੰ ਮਦਦ ਦੀ ਲੋੜ ਹੁੰਦੀ ਸੀ, ਤਾਂ ਉਹ ਬਿਨਾਂ ਝਿਜਕ ਕਦਮ ਚੁੱਕਦੇ ਸਨ। ਉਨ੍ਹਾਂ ਨੂੰ ਕੋਈ ਪਰਵਾਹ ਨਹੀਂ ਸੀ ਕਿ ਚੁਣੌਤੀ ਕਿੰਨੀ ਵੱਡੀ ਹੈ।"
ਇਹ ਸ਼ਬਦ ਇੱਕ ਅਜਿਹੇ ਆਦਮੀ ਦੀ ਵਿਰਾਸਤ ਨੂੰ ਪੂਰੀ ਤਰ੍ਹਾਂ ਦਰਸਾਉਂਦੇ ਹਨ ਜੋ ਸਿਰਫ਼ ਇੱਕ ਵਪਾਰੀ ਵਜੋਂ ਹੀ ਨਹੀਂ ਸਗੋਂ ਹਮਦਰਦੀ ਅਤੇ ਹਿੰਮਤ ਨਾਲ ਭਰੇ ਇੱਕ ਆਦਮੀ ਵਜੋਂ ਜਾਣਿਆ ਜਾਂਦਾ ਸੀ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












