ਕਰਨਾਟਕ ਦੀ ਗੁਫ਼ਾ ਵਿੱਚ ਦੋ ਬੱਚੀਆਂ ਨਾਲ ਮਿਲੀ ਰੂਸੀ ਮਹਿਲਾ ਨੇ ਕਿਹਾ, 'ਸਾਨੂੰ ਜੰਗਲਾਂ 'ਚ ਰਹਿਣ ਦਾ ਤਜਰਬਾ, ਅਸੀਂ ਮਰ ਨਹੀਂ ਰਹੇ'

- ਲੇਖਕ, ਇਮਰਾਨ ਕੁਰੈਸ਼ੀ
- ਰੋਲ, ਬੀਬੀਸੀ ਪੱਤਰਕਾਰ
ਪੁਲਿਸ ਨੂੰ ਕਰਨਾਟਕ ਦੇ ਉੱਤਰੀ ਕੰਨੜ ਜ਼ਿਲ੍ਹੇ ਦੇ ਇੱਕ ਦੂਰ-ਦੁਰਾਡੇ ਇਲਾਕੇ ਵਿੱਚ ਇੱਕ ਗੁਫ਼ਾ ਵਿੱਚ ਇੱਕ ਰੂਸੀ ਔਰਤ ਆਪਣੀਆਂ ਦੋ ਬੱਚੀਆਂ ਨਾਲ ਮਿਲੀ ਹੈ।
ਪੁਲਿਸ ਉਸ ਵੇਲੇ ਹੈਰਾਨ ਰਹਿ ਗਈ ਜਦੋਂ ਗਸ਼ਤ ਕਰਨ ਵਾਲੀ ਟੀਮ ਨੇ ਗੁਫ਼ਾ ਦੇ ਪ੍ਰਵੇਸ਼ ਦੁਆਰ ਤੋਂ ਤਕਰੀਬਨ '700 ਤੋਂ 800 ਮੀਟਰ ਹੇਠਾਂ' ਕੁਝ ਕੱਪੜੇ ਦੇਖੇ, ਜੋ ਗੁਫ਼ਾ ਵਿੱਚ ਕਿਸੇ ਦੀ ਮੌਜੂਦਗੀ ਦਾ ਸੰਕੇਤ ਦਿੰਦੇ ਸਨ।
ਜਦੋਂ ਗਸ਼ਤ ਕਰਨ ਵਾਲੀ ਟੀਮ ਜੰਗਲ ਵਿੱਚੋਂ ਲੰਘ ਰਹੀ ਸੀ, ਤਾਂ ਉਨ੍ਹਾਂ ਨੇ ਇੱਕ ਵਿਦੇਸ਼ੀ ਕੁੜੀ ਨੂੰ ਗੁਫ਼ਾ ਵਿੱਚੋਂ ਬਾਹਰ ਭੱਜਦੇ ਦੇਖਿਆ। ਬੱਚੀ ਨੂੰ ਜੰਗਲ ਵਿੱਚ ਦੇਖ ਕੇ ਪੁਲਿਸ ਦੀ ਟੀਮ ਹੈਰਾਨ ਰਹਿ ਗਈ।
ਪੁਲਿਸ ਦਾ ਕਹਿਣਾ ਹੈ ਕਿ ਇਹ ਔਰਤ ਸਾਲ 2016 ਵਿੱਚ ਕਾਰੋਬਾਰੀ ਵੀਜ਼ੇ 'ਤੇ ਭਾਰਤ ਆਈ ਸੀ ਅਤੇ ਉਸ ਦਾ ਵੀਜ਼ਾ ਤਕਰੀਬਨ ਅੱਠ ਸਾਲ ਪਹਿਲਾਂ ਖ਼ਤਮ ਹੋ ਚੁੱਕਿਆ ਹੈ। ਹੁਣ ਮਹਿਲਾ ਨੂੰ ਰੂਸ ਵਾਪਸ ਭੇਜਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।
ਜੰਗਲ ਵਿੱਚ ਕਿਵੇਂ ਪਹੁੰਚੀ ਮਹਿਲਾ?

ਉੱਤਰ ਕੰਨੜ ਜ਼ਿਲ੍ਹੇ ਦੇ ਪੁਲਿਸ ਸੁਪਰਡੈਂਟ ਐੱਮ ਨਾਰਾਇਣ ਨੇ ਬੀਬੀਸੀ ਹਿੰਦੀ ਨੂੰ ਦੱਸਿਆ, "9 ਜੁਲਾਈ ਨੂੰ ਅਸੀਂ ਗੁਫ਼ਾ ਦੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਗ਼ਸ਼ਤ ਕਰ ਰਹੇ ਸਨ, ਜਦੋਂ ਉਨ੍ਹਾਂ ਨੂੰ ਦੇਖਿਆ।"
"ਇਹ ਇਲਾਕਾ ਇਸ ਲਈ ਵੀ ਖ਼ਤਰਨਾਕ ਹੈ ਕਿਉਂਕਿ ਪਿਛਲੇ ਸਾਲ ਰਾਮ-ਤੀਰਥ ਪਹਾੜੀਆਂ ਦੇ ਆਲੇ-ਦੁਆਲੇ ਜ਼ਮੀਨ ਖਿਸਕ ਗਈ ਸੀ। ਇਸ ਲਈ ਪੁਲਿਸ ਦੀ ਟੀਮ ਇਸ ਖੇਤਰ ਵਿੱਚ ਮੁਸ਼ਤੈਦੀ ਨਾਲ ਗਸ਼ਤ ਕਰ ਰਹੀ ਸੀ।"
ਹਾਲਾਂਕਿ, 40 ਸਾਲਾ ਰੂਸੀ ਮਹਿਲਾ ਨੀਨਾ ਕੁਟੀਨਾ ਅਤੇ ਉਨ੍ਹਾਂ ਦੀਆਂ ਦੋ ਧੀਆਂ ਛੇ ਸਾਲਾਂ ਦੀ ਪ੍ਰੇਮਾ ਅਤੇ ਚਾਰ ਸਾਲਾਂ ਦੀ ਏਮਾ ਉਸ ਜਗ੍ਹਾ 'ਤੇ ਕਾਫ਼ੀ ਸਹਿਜ ਸਨ।
ਪੁਲਿਸ ਸੁਪਰਡੈਂਟ ਨੇ ਕਿਹਾ, "ਸਾਨੂੰ ਉਨ੍ਹਾਂ ਨੂੰ ਇਹ ਸਮਝਾਉਣ ਵਿੱਚ ਥੋੜ੍ਹਾ ਸਮਾਂ ਲੱਗਿਆ ਕਿ ਉੱਥੇ ਰਹਿਣਾ ਕਿੰਨਾ ਖਤਰਨਾਕ ਹੈ।"
ਇੱਕ ਹਫ਼ਤਾ ਪਹਿਲਾਂ, ਨੀਨਾ ਕੁਝ ਸਬਜ਼ੀਆਂ ਅਤੇ ਰਾਸ਼ਨ ਦੀਆਂ ਚੀਜ਼ਾਂ ਲੈ ਕੇ ਆਏ ਸਨ ਅਤੇ ਖਾਣਾ ਪਕਾਉਣ ਲਈ ਉਨ੍ਹਾਂ ਨੇ ਜੰਗਲ ਦੀ ਲੱਕੜ ਦੀ ਵਰਤੋਂ ਕੀਤੀ ਸੀ। ਪੁਲਿਸ ਨੂੰ ਉੱਥੇ ਨੂਡਲਜ਼ ਦੇ ਪੈਕੇਟ ਅਤੇ ਇੱਕ ਪ੍ਰਸਿੱਧ ਬ੍ਰਾਂਡ ਦੇ ਸਲਾਦ ਦਾ ਪੈਕੇਟ ਵੀ ਮਿਲਿਆ ਸੀ।
'ਗੁਫ਼ਾ ਵਿੱਚ ਪੂਜਾ ਕਰਦੇ ਹੋਏ ਮਿਲੀ'

ਖ਼ਬਰ ਏਜੰਸੀ ਏਐੱਨਆਈ ਮੁਤਾਬਕ, ਜਦੋਂ ਪੁਲਿਸ ਨੇ ਮਹਿਲਾ ਤੋਂ ਪੁੱਛਗਿੱਛ ਕੀਤੀ ਤਾਂ ਉਨ੍ਹਾਂ ਨੇ ਦੱਸਿਆ ਕਿ ਉਹ ਗੋਆ ਤੋਂ ਆਪਣੀਆਂ ਧੀਆਂ ਨਾਲ ਇੱਥੇ ਆਏ ਹਨ।
ਪੁਲਿਸ ਅਧਿਕਾਰੀ ਨੇ ਕਿਹਾ, "ਸਾਡੀ ਟੀਮ ਨੇ ਉਨ੍ਹਾਂ ਨੂੰ ਪਾਂਡੂਰੰਗ ਵਿੱਠਲ ਦੀ ਮੂਰਤੀ ਦੀ ਪੂਜਾ ਕਰਦੇ ਹੋਏ ਦੇਖਿਆ। ਮਹਿਲਾ ਨੇ ਕਿਹਾ ਕਿ ਭਗਵਾਨ ਕ੍ਰਿਸ਼ਨ ਨੇ ਉਨ੍ਹਾਂ ਨੂੰ ਇੱਥੇ ਧਿਆਨ ਕਰਨ ਲਈ ਭੇਜਿਆ ਹੈ ਅਤੇ ਉਹ ਤਪੱਸਿਆ ਕਰ ਰਹੇ ਹਨ।"
ਨੀਨਾ ਨੇ ਪੁਲਿਸ ਨੂੰ ਦੱਸਿਆ ਕਿ ਉਸ ਦਾ ਪਾਸਪੋਰਟ ਗੁਆਚ ਗਿਆ ਸੀ, ਪਰ ਪੁਲਿਸ ਅਤੇ ਜੰਗਲਾਤ ਅਧਿਕਾਰੀਆਂ ਨੇ ਉਨ੍ਹਾਂ ਦਾ ਪਾਸਪੋਰਟ ਲੱਭ ਲਿਆ ਹੈ।
ਉਨ੍ਹਾਂ ਦਾ ਕਹਿਣਾ ਹੈ ਕਿ ਉਹ ਅਕਸਰ ਭਾਰਤ ਆਉਂਦੇ-ਜਾਂਦੇ ਰਹਿੰਦੇ ਸਨ, ਪਰ ਉਨ੍ਹਾਂ ਦਾ ਵੀਜ਼ਾ 2017 ਹੀ ਵਿੱਚ ਖ਼ਤਮ ਹੋ ਗਿਆ ਸੀ।
ਨੀਨਾ 18 ਅਕਤੂਬਰ 2016 ਤੋਂ 17 ਅਪ੍ਰੈਲ 2017 ਤੱਕ ਕਾਰੋਬਾਰੀ ਵੀਜ਼ੇ 'ਤੇ ਭਾਰਤ ਆਏ ਸਨ।
ਗੋਆ ਫਾਰਨਰਜ਼ ਰੀਜਨਲ ਰਜਿਸਟ੍ਰੇਸ਼ਨ ਆਫ਼ਿਸ (ਐੱਫਆਰਆਰਓ) ਨੇ ਉਨ੍ਹਾਂ ਨੂੰ 19 ਅਪ੍ਰੈਲ 2018 ਨੂੰ ਐਗਜ਼ਿਟ ਪਰਮਿਟ ਜਾਰੀ ਕੀਤਾ ਸੀ। ਉਹ ਨੇਪਾਲ ਗਏ ਅਤੇ ਬਾਅਦ ਵਿੱਚ 8 ਸਤੰਬਰ 2018 ਨੂੰ ਭਾਰਤ ਵਾਪਸ ਆ ਗਏ।
ਫ਼ਿਲਹਾਲ, ਪੁਲਿਸ ਮਹਿਲਾ ਨੂੰ ਇੱਕ ਆਸ਼ਰਮ ਅਤੇ ਬੱਚੀਆਂ ਨੂੰ ਬਾਲ ਘਰ ਲੈ ਗਈ ਹੈ।
ਅਧਿਕਾਰੀਆਂ ਦਾ ਕਹਿਣਾ ਹੈ ਕਿ ਨੀਨਾ ਅਤੇ ਬੱਚੀਆਂ ਨੂੰ ਬੈਂਗਲੁਰੂ ਵਿੱਚ ਵਿਦੇਸ਼ੀ ਨਾਗਰਿਕਾਂ ਲਈ ਬਣਾਏ ਗਏ ਡਿਟੈਂਸ਼ਨ ਸੈਂਟਰ ਵਿੱਚ ਲਿਆਂਦਾ ਜਾਵੇਗਾ ਅਤੇ ਫਿਰ ਰੂਸ ਭੇਜਿਆ ਜਾਵੇਗਾ।
ਨੀਨਾ ਨੇ ਕੀ ਕਿਹਾ

ਤਸਵੀਰ ਸਰੋਤ, ANI
ਖ਼ਬਰ ਏਜੰਸੀ ਏਐੱਨਆਈ ਮੁਤਾਬਕ ਨੀਨਾ ਨੇ ਉਨ੍ਹਾਂ ਬਾਰੇ ਕੀਤੇ ਗਏ ਦਾਅਵਿਆਂ ਨੂੰ ਰੱਦ ਕੀਤਾ ਅਤੇ ਆਪਣੀ ਸੁਰੱਖਿਆ ਬਾਰੇ ਕਿਹਾ, "ਤੁਸੀਂ ਪਹਿਲਾਂ ਹੀ ਬਹੁਤ ਸਾਰੀ ਝੂਠੀ ਜਾਣਕਾਰੀ ਦੇ ਰਹੇ ਹੋ। ਸਾਡੇ ਕੋਲ ਕੁਦਰਤੀ ਤੌਰ 'ਤੇ ਜੰਗਲ ਵਿੱਚ ਰਹਿਣ ਦਾ ਤਜਰਬਾ ਹੈ ਅਤੇ ਅਸੀਂ ਮਰ ਨਹੀਂ ਰਹੇ।"
"ਮੈਂ ਆਪਣੀਆਂ ਧੀਆਂ ਨੂੰ ਜੰਗਲ ਵਿੱਚ ਮਰਨ ਲਈ ਨਹੀਂ ਲਿਆਈ।"
ਨੀਨਾ ਨੇ ਕਿਹਾ, "ਮੇਰੀਆਂ ਧੀਆਂ ਬਹੁਤ ਖ਼ੁਸ਼ ਸਨ, ਉਹਰ ਵਗਦੇ ਪਾਣੀ ਵਿੱਚ ਤੈਰਦੀਆਂ ਸਨ। ਉਨ੍ਹਾਂ ਦੇ ਸੌਣ ਲਈ ਬਹੁਤ ਵਧੀਆ ਜਗ੍ਹਾ ਸੀ। ਕਲਾ ਨਿਰਮਾਣ ਦੇ ਬਹੁਤ ਸਾਰੇ ਸਬਕ ਸਨ।"
"ਅਸੀਂ ਮਿੱਟੀ ਤੋਂ ਚੀਜ਼ਾਂ ਬਣਾਉਂਦੇ, ਅਸੀਂ ਪੇਂਟਿੰਗ ਕਰਦੇ ਸੀ, ਚੰਗਾ ਖਾਣਾ ਖਾਂਦੇ ਸੀ, ਮੈਂ ਗੈਸ ਨਾਲ ਖਾਣਾ ਬਣਾ ਰਹੀ ਸੀ, ਬਹੁਤ ਵਧੀਆ ਅਤੇ ਸੁਆਦ।"
ਨੀਨਾ ਨੇ ਕਿਸੇ ਵੀ ਕਿਸਮ ਦੀ ਅਣਗਹਿਲੀ ਜਾਂ ਖਤਰੇ ਦੀ ਸੰਭਵਾਨਾ ਨੂੰ ਵੀ ਰੱਦ ਕੀਤਾ।
ਉਨ੍ਹਾਂ ਕਿਹਾ,"ਉਨ੍ਹਾਂ ਕੋਲ ਸਭ ਕੁਝ ਵਧੀਆ ਸੀ। ਉਹ ਖ਼ੁਸ਼ ਸਨ ਅਤੇ ਕੱਪੜੇ ਪਾਏ ਹੋਏ ਸਨ,ਚੰਗੀ ਨੀਂਦ ਸਾਉਂਦੇ ਸਨ ਉਹ ਭੁੱਕ ਨਾਲ ਨਹੀਂ ਸਨ ਮਰ ਰਹੇ।"
ਨੀਨਾ ਨੇ ਕਿਹਾ ਕਿ ਉਨ੍ਹਾਂ ਕੋਲ ਸੋਸ਼ਲ ਨੈੱਟਵਰਕ ਵਰਗੀਆਂ ਬਹੁਤ ਸਾਰੀਆਂ ਸਾਈਟਾਂ ਸਨ, ਜਿਨ੍ਹਾਂ ਉੱਤੇ ਉਨ੍ਹਾਂ ਦੀ ਜ਼ਿੰਦਗੀ ਬਾਰੇ ਬਹੁਤ ਸਾਰੀਆਂ ਵੀਡੀਓਜ਼ ਮੌਜੂਦ ਹਨ।
ਉਨ੍ਹਾਂ ਕਿਹਾ ਕਿ ਉਹ ਤਕਰੀਬਨ 20 ਦੇਸ਼ਾਂ ਵਿੱਚ ਰਹਿ ਚੁੱਕੇ ਹਨ।
"ਹਰ ਦੇਸ਼ ਦਾ ਜੰਗਲ ਵੱਖਰਾ ਹੈ। ਅਸੀਂ ਕੁਦਰਤ ਨੂੰ ਪਿਆਰ ਕਰਦੇ ਹਾਂ।"
'ਅਸੀਂ ਸੁਰੱਖਿਅਤ ਸੀ'-ਨੀਨਾ
ਨੀਨਾ ਨੇ ਕਿਹਾ ਕਿ ਉਸ ਦੀਆਂ ਧੀਆਂ ਨੂੰ ਪੁਲਿਸ ਹਸਪਤਾਲ ਜਾਂਚ ਲਈ ਲੈ ਕੇ ਗਈ ਹੈ।
ਉਨ੍ਹਾਂ ਕਿਹਾ, "ਇਹ ਪਹਿਲੀ ਵਾਰ ਹੈ ਜਦੋਂ ਮੇਰੀਆਂ ਬੱਚੀਆਂ ਹਸਪਤਾਲ ਗਈਆਂ ਹਨ। ਉਹ ਪੂਰੀ ਤਰ੍ਹਾਂ ਤੰਦਰੁਸਤ ਹਨ, ਉਨ੍ਹਾਂ ਦੇ ਕਿਤੇ ਕੋਈ ਦਰਦ ਨਹੀਂ ਹੈ ਅਤੇ ਆਪਣੀ ਹੁਣ ਤੱਕ ਦੀ ਜ਼ਿੰਦਗੀ ਵਿੱਚ ਇੱਕ ਵਾਰ ਵੀ ਬਿਮਾਰ ਨਹੀਂ ਹੋਈਆਂ।"
ਨੀਨਾ ਨੇ ਦਾਅਵਾ ਕੀਤਾ ਕਿ ਜਿਸ ਗੁਫ਼ਾ ਵਿੱਚ ਉਹ ਰਹਿ ਰਹੇ ਸਨ ਉਹ ਸੁਰੱਖਿਅਤ ਅਤੇ ਪਿੰਡ ਦੇ ਨੇੜੇ ਸੀ।
"ਇੱਕ ਵੱਡੀ ਗੁਫ਼ਾ ਜਿੱਥੇ ਰਹਿਣ ਬਹੁਤ ਖੂਬਸੂਰਤ ਅਤੇ ਸੌਖਾ ਸੀ। ਨਾਲ ਹੀ ਪਿੰਡ ਦੇ ਬਾਜ਼ਾਰ ਦੇ ਨੇੜੇ ਤਾਂ ਜੋ ਕੁਝ ਵੀ ਖ਼ਰੀਦਣ ਆਸਾਨੀ ਨਾਲ ਜਾਇਆ ਜਾ ਸਕੇ।"
ਨੀਨਾ ਨੇ ਅਧਿਆਤਮਿਕ ਕਾਰਨਾਂ ਨੂੰ ਵੀ ਨਕਾਰਿਆ ਅਤੇ ਕਿਹਾ ਕੇ ਇਹ ਧਾਰਮਿਕ ਨਹੀਂ ਬਲਕਿ ਕੁਦਰਤ ਦੇ ਨੇੜੇ ਰਹਿਣਾ ਸੀ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












