'ਮੈਂ ਨਿਮਿਸ਼ਾ ਪ੍ਰਿਆ ਤੋਂ ਬਿਨ੍ਹਾਂ ਯਮਨ ਤੋਂ ਨਹੀਂ ਮੁੜਾਂਗੀ' ਯਮਨ 'ਚ ਮੌਤ ਦੀ ਸਜ਼ਾ ਦਾ ਸਾਹਮਣਾ ਕਰ ਰਹੀ ਭਾਰਤੀ ਨਰਸ ਦੀ ਮਾਂ ਨੇ ਬੀਬੀਸੀ ਨੂੰ ਜੋ ਕੁਝ ਦੱਸਿਆ

- ਲੇਖਕ, ਸਿਰਾਜ
- ਰੋਲ, ਬੀਬੀਸੀ ਤਮਿਲ
ਕੇਰਲ ਦੀ ਇੱਕ ਨਰਸ ਨਿਮਿਸ਼ਾ ਪ੍ਰਿਆ, ਯਮਨ ਦੇ ਸਨਾ ਦੀ ਕੇਂਦਰੀ ਜੇਲ੍ਹ ਵਿੱਚ ਕਈ ਸਾਲਾਂ ਤੋਂ ਕੈਦ ਹਨ। ਉਹ ਤਲਾਲ ਅਬਦੋ ਮਹਿਦੀ ਨਾਮਕ ਯਮਨ ਦੇ ਨਾਗਰਿਕ ਦੇ ਕਤਲ ਦੇ ਦੋਸ਼ ਵਿੱਚ ਮੌਤ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਹਨ।
ਕਿਉਂਕਿ ਯਮਨ ਇਸਲਾਮੀ ਸ਼ਰੀਆ ਕਾਨੂੰਨ ਦੀ ਪਾਲਣਾ ਕਰਦਾ ਹੈ, ਇਸ ਲਈ ਉਮੀਦ ਸੀ ਕਿ ਜੇਕਰ ਮਹਿਦੀ ਦੇ ਪਰਿਵਾਰ ਨੇ "ਬਲੱਡ ਮਨੀ" ਦੇ ਬਦਲੇ ਮੁਆਫ਼ੀ ਦੇ ਦਿੱਤੀ, ਤਾਂ ਨਿਮਿਸ਼ਾ ਨੂੰ ਫਾਂਸੀ ਤੋਂ ਬਚਾਇਆ ਜਾ ਸਕਦਾ ਹੈ। ਨਿਮਿਸ਼ਾ ਅਤੇ ਉਨ੍ਹਾਂ ਦੇ ਪਰਿਵਾਰ ਨੇ ਇਸ ਉਮੀਦ 'ਤੇ ਭਰੋਸਾ ਰੱਖਿਆ।
ਇਸੇ ਉਮੀਦ ਵਿੱਚ ਨਿਮਿਸ਼ਾ ਦੀ ਮਾਂ, ਪ੍ਰੇਮਾ ਕੁਮਾਰੀ ਨੇ ਭਾਰਤ ਸਰਕਾਰ ਤੋਂ ਵਿਸ਼ੇਸ਼ ਇਜਾਜ਼ਤ ਪ੍ਰਾਪਤ ਕੀਤੀ ਅਤੇ ਅਪ੍ਰੈਲ 2024 ਵਿੱਚ ਯਮਨ ਗਏ।
ਹਾਲਾਂਕਿ, ਨਿਮਿਸ਼ਾ ਦੇ ਪਰਿਵਾਰ ਨੇ ਜਾਣਕਾਰੀ ਦਿੱਤੀ ਹੈ ਕਿ ਇੱਕ ਐਲਾਨ ਕੀਤਾ ਗਿਆ ਸੀ ਕਿ ਨਿਮਿਸ਼ਾ ਨੂੰ 16 ਜੁਲਾਈ ਨੂੰ ਫਾਂਸੀ ਦੇ ਦਿੱਤੀ ਜਾਵੇਗੀ ਅਤੇ ਇਸ ਨਾਲ ਪਰਿਵਾਰ ਸਦਮੇ ਵਿੱਚ ਹੈ।
ਸੈਮੂਅਲ ਜੇਰੋਮ, ਨਿਮਿਸ਼ਾ ਦੇ ਪਰਿਵਾਰ ਵੱਲੋਂ ਯਮਨ ਵਿੱਚ ਇਸ ਕੇਸ ਨੂੰ ਅਧਿਕਾਰਿਤ ਤੌਰ 'ਤੇ ਲੜ ਰਹੇ ਹਨ, ਨੇ ਬੀਬੀਸੀ ਤਮਿਲ ਨੂੰ ਇਹ ਜਾਣਕਾਰੀ ਦਿੱਤੀ ਹੈ। ਹਾਲਾਂਕਿ, ਬੀਬੀਸੀ ਸੁਤੰਤਰ ਤੌਰ 'ਤੇ ਇਸ ਜਾਣਕਾਰੀ ਦੀ ਪੁਸ਼ਟੀ ਨਹੀਂ ਕਰ ਸਕਿਆ।
ਫਾਂਸੀ ਤੋਂ ਕੁਝ ਦਿਨ ਪਹਿਲਾਂ ਹੀ ਨਿਮਿਸ਼ਾ ਦੇ ਮਾਤਾ ਪ੍ਰੇਮਾ ਕੁਮਾਰੀ ਅਤੇ ਸਮਾਜਿਕ ਕਾਰਕੁਨ ਸੈਮੂਅਲ ਜੇਰੋਮ ਨੇ 11 ਜੁਲਾਈ ਦੀ ਰਾਤ ਨੂੰ ਔਨਲਾਈਨ ਵੀਡੀਓ ਇੰਟਰਵਿਊ ਰਾਹੀਂ ਬੀਬੀਸੀ ਤਮਿਲ ਨਾਲ ਵਿਸ਼ੇਸ਼ ਤੌਰ 'ਤੇ ਗੱਲ ਕੀਤੀ।
ਨਿਮਿਸ਼ਾ ਨੂੰ ਸਜ਼ਾ

ਸਵਾਲ: ਕੀ ਨਿਮਿਸ਼ਾ ਨੂੰ ਫਾਂਸੀ ਦੀ ਤਾਰੀਖ 16 ਜੁਲਾਈ ਬਾਰੇ ਪਤਾ ਹੈ?
ਸੈਮੂਅਲ ਜੇਰੋਮ ਨੇ ਜਵਾਬ ਦਿੱਤਾ, "7 ਜੁਲਾਈ ਨੂੰ, ਮੈਨੂੰ ਸਨਾ ਕੇਂਦਰੀ ਜੇਲ੍ਹ ਦੇ ਮੁਖੀ ਤੋਂ ਫਾਂਸੀ ਦੀ ਤਾਰੀਖ ਦੀ ਪੁਸ਼ਟੀ ਕਰਨ ਵਾਲਾ ਇੱਕ ਫੋਨ ਆਇਆ। ਜੇਲ੍ਹ ਅਧਿਕਾਰੀਆਂ ਨੇ ਮੈਨੂੰ ਦੱਸਿਆ ਕਿ ਨਿਮਿਸ਼ਾ ਨੂੰ ਉਨ੍ਹਾਂ (ਜੇਰੋਮ) ਨੂੰ ਦੱਸਣ ਤੋਂ ਪਹਿਲਾਂ ਹੀ ਸੂਚਿਤ ਕਰ ਦਿੱਤਾ ਗਿਆ ਸੀ। ਮੈਂ ਉਸ ਸਮੇਂ ਨਿੱਜੀ ਕੰਮ ਲਈ ਭਾਰਤ ਵਿੱਚ ਸੀ। ਜਿਵੇਂ ਹੀ ਮੈਂ ਇਹ ਖ਼ਬਰ ਸੁਣੀ, ਮੈਂ ਤੁਰੰਤ ਯਮਨ ਲਈ ਰਵਾਨਾ ਹੋ ਗਿਆ।"
ਪ੍ਰੇਮਾ ਕੁਮਾਰੀ ਨੇ ਕਿਹਾ ਕਿ ਇਸ ਐਲਾਨ ਤੋਂ ਬਾਅਦ, ਨਿਮਿਸ਼ਾ ਨੇ ਉਨ੍ਹਾਂ ਨੂੰ ਜੇਲ੍ਹ ਪ੍ਰਸ਼ਾਸਨ ਰਾਹੀਂ ਸੁਨੇਹਾ ਭੇਜਿਆ।
ਉਨ੍ਹਾਂ ਕਿਹਾ, "ਪਰ ਉਸਨੇ ਹਾਲ ਹੀ ਵਿੱਚ ਹੋਏ ਐਲਾਨ ਬਾਰੇ ਕੁਝ ਵੀ ਨਹੀਂ ਦੱਸਿਆ। ਉਸਨੇ ਸਿਰਫ ਪੁੱਛਿਆ ਕਿ ਕੀ ਮੈਂ ਠੀਕ ਹਾਂ। ਉਹ ਨਹੀਂ ਚਾਹੁੰਦੀ ਸੀ ਕਿ ਮੈਂ ਚਿੰਤਾ ਕਰਾਂ, ਇਸ ਲਈ ਉਸਨੇ ਕੁਝ ਨਹੀਂ ਕਿਹਾ। ਸੈਮੂਅਲ ਜੇਰੋਮ ਦੇ ਦੱਸਣ ਤੋਂ ਬਾਅਦ ਹੀ ਮੈਨੂੰ ਜਾਣਕਾਰੀ ਮਿਲੀ।"
ਪਿਛਲੇ ਸਾਲ ਯਮਨ ਗਏ ਪ੍ਰੇਮਾ ਕੁਮਾਰੀ, ਨਿਮਿਸ਼ਾ ਨੂੰ ਜੇਲ੍ਹ ਵਿੱਚ ਦੋ ਵਾਰ ਮਿਲੇ ਹਨ।

ਸਵਾਲ: ਜਦੋਂ ਤੁਸੀਂ ਨਿਮਿਸ਼ਾ ਨੂੰ ਪਹਿਲੀ ਵਾਰ ਜੇਲ੍ਹ ਵਿੱਚ ਮਿਲੇ ਤਾਂ ਤੁਸੀਂ ਕੀ ਗੱਲ ਕੀਤੀ ਸੀ? ਕਿਵੇਂ ਮਹਿਸੂਸ ਹੋਇਆ?
ਪ੍ਰੇਮਾ ਕੁਮਾਰੀ ਨੇ ਜਵਾਬ ਦਿੱਤਾ, "ਮੈਂ ਨਿਮਿਸ਼ਾ ਨੂੰ 12 ਸਾਲਾਂ ਬਾਅਦ ਦੇਖਿਆ ਸੀ। ਪਹਿਲੀ ਵਾਰ, ਪਿਛਲੇ ਸਾਲ 23 ਅਪ੍ਰੈਲ ਨੂੰ ਮਿਲੇ ਸੀ। 23 ਅਪ੍ਰੈਲ ਨੂੰ, ਮੈਂ ਅਤੇ ਦੂਤਘਰ ਦੇ ਅਧਿਕਾਰੀ ਉਸਨੂੰ ਮਿਲਣ ਗਏ ਸੀ। ਪਰ ਮੈਨੂੰ ਚਿੰਤਾ ਸੀ ਕਿ ਸ਼ਾਇਦ ਸਾਨੂੰ ਉਸਨੂੰ ਮਿਲਣ ਦੀ ਇਜਾਜ਼ਤ ਨਾ ਦਿੱਤੀ ਜਾਵੇ।''
''ਬਾਅਦ ਵਿੱਚ, ਜਦੋਂ ਮੈਂ ਉਸਨੂੰ ਦੇਖਿਆ ਤਾਂ ਉਹ ਦੋ ਹੋਰ ਲੋਕਾਂ ਨਾਲ ਆਈ। ਸਾਰਿਆਂ ਨੇ ਇੱਕੋ ਜਿਹੇ ਕੱਪੜੇ ਪਾਏ ਹੋਏ ਸਨ। ਉਹ ਭੱਜ ਕੇ ਮੇਰੇ ਕੋਲ ਆਈ, ਮੈਨੂੰ ਜੱਫੀ ਪਾਈ ਅਤੇ ਰੋਈ। ਮੈਂ ਵੀ ਰੋਈ। ਬਾਕੀਆਂ ਨੇ ਸਾਨੂੰ ਹੌਸਲਾ ਦਿੱਤਾ। ਮੈਂ ਉਸਨੂੰ 12 ਸਾਲਾਂ ਵਿੱਚ ਪਹਿਲੀ ਵਾਰ ਦੇਖਿਆ। ਭਾਵੇਂ ਮੈਂ ਮਰ ਵੀ ਜਾਵਾਂ, ਮੈਂ ਉਸ ਪਲ ਨੂੰ ਕਦੇ ਨਹੀਂ ਭੁੱਲ ਸਕਦੀ। ਨਿਮਿਸ਼ਾ ਨੇ ਮੇਰੇ ਸਾਹਮਣੇ ਇਸ ਤਰ੍ਹਾਂ ਜਤਾਇਆ, ਜਿਵੇਂ ਉਹ ਖੁਸ਼ ਹੋਵੇ।''

ਤਸਵੀਰ ਸਰੋਤ, Getty Images
ਸਵਾਲ: ਕੀ ਤੁਸੀਂ ਕੇਰਲ ਵਿੱਚ ਨਿਮਿਸ਼ਾ ਦੇ ਪਤੀ ਟੋਮੀ ਅਤੇ ਧੀ ਨਾਲ ਫਾਂਸੀ ਦੇ ਐਲਾਨ ਬਾਰੇ ਗੱਲ ਕੀਤੀ ਹੈ?
ਪ੍ਰੇਮਾ ਨੇ ਜਵਾਬ ਦਿੱਤਾ, "ਮੈਂ ਟੌਮੀ ਨਾਲ ਗੱਲ ਕੀਤੀ ਅਤੇ ਮੇਰੀ ਦੋਹਤੀ ਨਾਲ ਵੀ। ਹਰ ਵਾਰ ਜਦੋਂ ਉਹ ਮੇਰੇ ਨਾਲ ਗੱਲ ਕਰਦੀ ਹੈ, ਤਾਂ ਉਹ ਪੁੱਛਦੀ ਹੈ, 'ਤੁਸੀਂ ਮੰਮੀ ਨੂੰ ਵਾਪਸ ਲੈ ਆਓਗੇ, ਹੈ ਨਾ?'
ਉਨ੍ਹਾਂ ਕਿਹਾ ਕਿ ਨਿਮਿਸ਼ਾ ਦੀ ਧੀ ਜਲਦ ਹੀ ਆਪਣੀ ਮਾਂ ਨੂੰ ਮਿਲਣਾ ਚਾਹੁੰਦੀ ਹੈ ਅਤੇ ਉਸਨੂੰ ਯਾਦ ਕਰਦੀ ਹੈ। ਮੈਂ ਨਿਮਿਸ਼ਾ ਨੂੰ ਵੀ ਸਾਡੀ ਗੱਲਬਾਤ ਦੌਰਾਨ ਇਸ ਬਾਰੇ ਦੱਸਿਆ।
''ਮੈਂ ਕਿਹਾ, 'ਮੈਂ ਉਸ ਨੂੰ ਕਿਹਾ ਕਿ ਮੈਂ ਤੈਨੂੰ ਵਾਪਸ ਲੈ ਆਵਾਂਗੀ। ਮੈਂ ਵਾਪਸ ਜਾ ਕੇ ਉਨ੍ਹਾਂ ਦਾ ਸਾਹਮਣਾ ਕਿਵੇਂ ਕਰਾਂਗੀ? ਮੈਂ ਤੇਰੇ ਬਿਨ੍ਹਾਂ ਵਾਪਸ ਨਹੀਂ ਜਾ ਸਕਦੀ।''

ਸਵਾਲ: ਕੀ ਇਸ ਮਾਮਲੇ ਵਿੱਚ ਭਾਰਤੀ ਦੂਤਘਰ ਨੇ ਕੋਈ ਸਹਾਇਤਾ ਕੀਤੀ?
ਸੈਮੂਅਲ ਜੇਰੋਮ ਨੇ ਜਵਾਬ ਦਿੱਤਾ, "ਭਾਰਤੀ ਦੂਤਘਰ ਸ਼ੁਰੂ ਤੋਂ ਹੀ ਮਦਦ ਕਰ ਰਿਹਾ ਹੈ। ਜਦੋਂ ਸਾਲ 2017 ਵਿੱਚ ਨਿਮਿਸ਼ਾ ਪ੍ਰਿਆ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ, ਤਾਂ ਯਮਨ ਵਿੱਚ ਘਰੇਲੂ ਯੁੱਧ ਕਾਰਨ ਭਾਰਤੀ ਦੂਤਘਰ ਕੰਮ ਨਹੀਂ ਕਰ ਰਿਹਾ ਸੀ।
ਉਸ ਸਮੇਂ, ਯਮਨ ਦੇ ਇੱਕ ਸਮਾਜਿਕ ਕਾਰਕੁਨ ਨੇ ਮੈਨੂੰ ਫ਼ੋਨ ਕੀਤਾ ਅਤੇ ਕਿਹਾ ਕਿ ਜੇਕਰ ਅਸੀਂ ਭਾਰਤ ਸਰਕਾਰ ਨਾਲ ਸੰਪਰਕ ਨਹੀਂ ਕੀਤਾ, ਤਾਂ ਨਿਮਿਸ਼ਾ ਦਾ ਨਿਰਪੱਖ ਟ੍ਰਾਇਲ ਨਹੀਂ ਹੋ ਸਕੇਗਾ। ਮੈਂ ਉਸ ਸਮੇਂ ਦੇ ਭਾਰਤੀ ਵਿਦੇਸ਼ ਰਾਜ ਮੰਤਰੀ ਵੀਕੇ ਸਿੰਘ ਨਾਲ ਸੰਪਰਕ ਕੀਤਾ ਅਤੇ ਮਦਦ ਮੰਗੀ।
ਉਨ੍ਹਾਂ ਨੇ ਤੁਰੰਤ ਮੈਨੂੰ ਫ਼ੋਨ 'ਤੇ ਭਰੋਸਾ ਦਿੱਤਾ ਕਿ ਕਾਰਵਾਈ ਕੀਤੀ ਜਾਵੇਗੀ। ਬਾਅਦ ਵਿੱਚ, ਪੂਰਬੀ ਅਫਰੀਕਾ ਦੇ ਡੀਜਿਬੂਤੀ ਵਿੱਚ ਭਾਰਤੀ ਦੂਤਘਰ ਕੈਂਪ ਰਾਹੀਂ, ਯਮਨ ਨੂੰ ਇੱਕ ਵਰਬਲ ਨੋਟ ਭੇਜਿਆ ਗਿਆ। ਅਸੀਂ ਇਸਨੂੰ ਸਵੀਕਾਰ ਕਰਕੇ, ਹੂਥੀ ਵਿਦੇਸ਼ ਮੰਤਰਾਲੇ ਨੂੰ ਸੌਂਪ ਦਿੱਤਾ। ਉਸ ਤੋਂ ਬਾਅਦ ਹੀ ਨਿਮਿਸ਼ਾ ਨੂੰ ਅਲ-ਬਾਇਦਾ ਤੋਂ ਸਨਾ ਭੇਜਿਆ ਗਿਆ। ਸਹੀ ਤਰ੍ਹਾਂ ਜਾਂਚ ਕੀਤੀ ਗਈ।"
ਸੈਮੂਅਲ ਜੇਰੋਮ ਨੇ ਕਿਹਾ, "ਵੀਕੇ ਸਿੰਘ ਦਾ ਉਹ ਪੱਤਰ ਹੀ ਇੱਕ ਕਾਰਨ ਹੈ ਕਿ ਨਿਮਿਸ਼ਾ ਅੱਜ ਵੀ ਜ਼ਿੰਦਾ ਹੈ।"
ਤਲਲ ਅਬਦੋ ਮਹਿਦੀ ਦੇ ਪਰਿਵਾਰ ਦੀ ਭੂਮਿਕਾ
ਸਵਾਲ: ਕੀ ਮਹਿਦੀ ਦੇ ਪਰਿਵਾਰ ਨੇ ਨਿਮਿਸ਼ਾ ਨੂੰ ਮਾਫ਼ ਕਰਨ ਤੋਂ ਇਨਕਾਰ ਕਰ ਦਿੱਤਾ?
ਸੈਮੂਅਲ ਜੇਰੋਮ ਨੇ ਜਵਾਬ ਦਿੱਤਾ, "ਉਨ੍ਹਾਂ ਨੇ ਨਾ ਤਾਂ ਨਿਮਿਸ਼ਾ ਨੂੰ ਮਾਫ਼ ਕਰਨ ਤੋਂ ਇਨਕਾਰ ਕੀਤਾ ਹੈ ਅਤੇ ਨਾ ਹੀ ਇਸ ਲਈ ਸਹਿਮਤ ਹੋਏ ਹਨ।"

ਸਵਾਲ: ਸ਼ੁਰੂ ਤੋਂ ਲੈ ਕੇ ਅਦਾਲਤੀ ਕਾਰਵਾਈ ਤੱਕ ਮਹਿਦੀ ਦੇ ਪਰਿਵਾਰ ਦੀ ਕੀ ਭੂਮਿਕਾ ਸੀ?
ਸੈਮੂਅਲ ਜੇਰੋਮ ਨੇ ਕਿਹਾ, "ਕਤਲ ਉੱਤਰੀ ਯਮਨ ਵਿੱਚ ਹੋਇਆ ਸੀ, ਪਰ ਨਿਮਿਸ਼ਾ ਨੂੰ ਮਾਰਿਬ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ।
ਮਹਿਦੀ ਦਾ ਪਰਿਵਾਰ ਨਿਮਿਸ਼ਾ ਨੂੰ ਮਾਰਿਬ ਜੇਲ੍ਹ ਤੋਂ ਉੱਤਰੀ ਯਮਨ ਆਪਣੇ ਵਾਹਨ ਵਿੱਚ ਵਾਪਸ ਲਿਆਇਆ। ਜੇਕਰ ਉਹ ਦੱਖਣੀ ਯਮਨ ਵਿੱਚ ਹੀ ਰਹਿੰਦੀ, ਤਾਂ ਉਸ 'ਤੇ ਕਾਨੂੰਨੀ ਮੁਕੱਦਮਾ ਨਾ ਚੱਲਦਾ।
ਇਸ ਲਈ, ਮਹਿਦੀ ਦੇ ਪਰਿਵਾਰ ਨੇ ਵੀ ਨਿਰਪੱਖ ਸੁਣਵਾਈ ਨੂੰ ਯਕੀਨੀ ਬਣਾਉਣ ਵਿੱਚ ਭੂਮਿਕਾ ਨਿਭਾਈ। ਪਰ ਉਹ ਉਸ ਨੂੰ ਇੱਕ ਵੱਖਰੇ ਕਾਰਨ ਕਰਕੇ ਵਾਪਸ ਲੈ ਕੇ ਆਏ ਸਨ।"
ਉਨ੍ਹਾਂ ਅੱਗੇ ਕਿਹਾ, "ਮਹਿਦੀ ਦਾ ਪਰਿਵਾਰ ਓਸਾਬ ਕਬਾਇਲੀ ਸਮੂਹ ਨਾਲ ਸਬੰਧਤ ਹੈ। ਉਹ ਮੂਲ ਰੂਪ 'ਚ, ਸਨਾ ਦੇ ਨੇੜੇ ਧਮਾਰ ਤੋਂ ਹਨ, ਪਰ ਉਹ ਅਲ-ਬਾਇਦਾ ਵਿੱਚ ਰਹਿੰਦੇ ਹਨ ਅਤੇ ਕਾਰੋਬਾਰ ਕਰਦੇ ਹਨ। ਇਹ ਉਸੇ ਤਰ੍ਹਾਂ ਹੈ ਜਿਵੇਂ ਤਿਰੂਨੇਲਵੇਲੀ ਦਾ ਕੋਈ ਵਿਅਕਤੀ ਕੰਮ ਲਈ ਚੇੱਨਈ ਵਿੱਚ ਰਹਿੰਦਾ ਹੋਵੇ। ਸਵਾਧਿਆ ਕਬੀਲੇ ਦਾ ਮੂਲ ਅਲ-ਬਾਇਦਾ ਹੈ।

ਤਸਵੀਰ ਸਰੋਤ, Getty Images
ਕਿਉਂਕਿ ਕਤਲ ਅਲ-ਬਾਇਦਾ ਵਿੱਚ ਹੋਇਆ ਸੀ, ਇਸ ਲਈ ਇੱਕ ਜੋਖਮ ਸੀ ਕਿ ਇਲਜ਼ਾਮ ਸਵਾਧਿਆ ਕਬੀਲੇ 'ਤੇ ਆਵੇਗਾ। ਯਮਨ ਵਿੱਚ, ਜੇਕਰ ਤੁਹਾਡੇ ਖੇਤਰ ਵਿੱਚ ਕਿਸੇ ਹੋਰ ਕਬੀਲੇ ਦਾ ਕੋਈ ਵਿਅਕਤੀ ਮਰ ਜਾਂਦਾ ਹੈ, ਤਾਂ ਤੁਹਾਡੇ ਕਬੀਲੇ ਨੂੰ ਜ਼ਿੰਮੇਵਾਰ ਠਹਿਰਾਇਆ ਜਾਂਦਾ ਹੈ। ਉਸ ਸਮੇਂ, ਇਹ ਪਤਾ ਨਹੀਂ ਸੀ ਕਿ ਨਿਮਿਸ਼ਾ ਦੋਸ਼ੀ ਹੈ। ਦੋਵਾਂ ਕਬੀਲਿਆਂ ਵਿਚਕਾਰ ਟਕਰਾਅ ਦਾ ਖ਼ਤਰਾ ਸੀ।
ਇੱਕ ਵਾਰ ਜਦੋਂ ਮਹਿਦੀ ਦੇ ਪਰਿਵਾਰ ਨੂੰ ਸੱਚਾਈ ਪਤਾ ਲੱਗੀ, ਤਾਂ ਉਹ ਆਪਣੀ ਗੱਡੀ ਲੈ ਕੇ ਮਾਰੀਬ ਗਏ ਅਤੇ ਨਿਮਿਸ਼ਾ ਨੂੰ ਵਾਪਸ ਲੈ ਆਏ। ਉਸ ਸਮੇਂ ਗੁੱਸੇ ਵਿੱਚ ਉਹ ਉਸ ਨਾਲ ਕੁਝ ਵੀ ਕਰ ਸਕਦੇ ਸਨ। ਪਰ ਉਹ ਉਸਨੂੰ ਸੁਰੱਖਿਅਤ ਅਲ-ਬਾਇਦਾ ਲੈ ਆਏ।
''ਬਾਅਦ ਵਿੱਚ, ਜਦੋਂ ਹੂਤੀ ਵਿਦੇਸ਼ ਮੰਤਰਾਲੇ ਨੇ ਹੁਕਮ ਦਿੱਤਾ ਕਿ ਨਿਮਿਸ਼ਾ ਨੂੰ ਸਨਾ ਭੇਜਿਆ ਜਾਵੇ, ਤਾਂ ਉਨ੍ਹਾਂ ਨੇ ਇਸਦਾ ਸਤਿਕਾਰ ਕੀਤਾ ਅਤੇ ਉਸਨੂੰ ਭੇਜ ਦਿੱਤਾ''

ਸਵਾਲ: ਯਮਨ ਦੀ ਜਨਤਾ ਅਤੇ ਮੀਡੀਆ ਇਸ ਮਾਮਲੇ ਨੂੰ ਕਿਵੇਂ ਵੇਖਦੇ ਹਨ?
ਸੈਮੂਅਲ ਜੇਰੋਮ ਨੇ ਕਿਹਾ, "ਯਮਨ ਦੀ ਜਨਤਾ ਅਤੇ ਮੀਡੀਆ ਵਿੱਚ ਨਿਮਿਸ਼ਾ ਪ੍ਰਤੀ ਗੁੱਸਾ ਹੈ। ਉਹ ਉਸ ਨੂੰ ਇੱਕ ਅਜਿਹੇ ਵਿਅਕਤੀ ਵਜੋਂ ਦੇਖਦੇ ਹਨ ਜਿਸਨੇ ਉਨ੍ਹਾਂ ਦੇ ਇੱਕ ਨਾਗਰਿਕ ਨੂੰ ਮਾਰਿਆ ਹੈ। ਇਸ ਦੇ ਨਾਲ ਹੀ, ਕੁਝ ਲੋਕ ਜੋ ਉਸ ਨੂੰ ਚੰਗੀ ਤਰ੍ਹਾਂ ਜਾਣਦੇ ਹਨ, ਮੰਨਦੇ ਹਨ ਕਿ ਉਸਨੂੰ ਬਚਾਇਆ ਜਾਣਾ ਚਾਹੀਦਾ ਹੈ।"
ਸਵਾਲ: ਕੀ ਨਿਮਿਸ਼ਾ ਦੀ ਫਾਂਸੀ ਨੂੰ ਮੁਲਤਵੀ ਕਰਨ ਦਾ ਕੋਈ ਤਰੀਕਾ ਹੈ?
ਸੈਮੂਅਲ ਜੇਰੋਮ ਨੇ ਕਿਹਾ, "ਮੈਨੂੰ ਨਹੀਂ ਪਤਾ। ਮੈਂ ਭਾਰਤੀ ਦੂਤਘਰ ਦੇ ਅਧਿਕਾਰੀਆਂ ਨਾਲ ਗੱਲ ਕਰ ਰਿਹਾ ਹਾਂ। ਅਸੀਂ ਹਰ ਸੰਭਵ ਕੋਸ਼ਿਸ਼ ਕਰਾਂਗੇ।''
ਭਾਰਤ ਸਰਕਾਰ ਦੇ ਕੂਟਨੀਤਕ ਯਤਨ

10 ਜੁਲਾਈ ਨੂੰ, ਵਲੰਟੀਅਰ ਗਰੁੱਪ - ਸੇਵ ਨਿਮਿਸ਼ਾ ਪ੍ਰਿਆ ਇੰਟਰਨੈਸ਼ਨਲ ਐਕਸ਼ਨ ਕੌਂਸਲ" ਨੇ ਸੁਪਰੀਮ ਕੋਰਟ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ, ਜਿਸ ਵਿੱਚ ਭਾਰਤ ਸਰਕਾਰ ਨੂੰ ਨਿਮਿਸ਼ਾ ਪ੍ਰਿਆ ਨੂੰ ਬਚਾਉਣ ਲਈ ਕੂਟਨੀਤਕ ਦਖਲ ਦੇਣ ਦੀ ਅਪੀਲ ਕੀਤੀ ਗਈ।
ਸੁਪਰੀਮ ਕੋਰਟ ਨੇ ਪਟੀਸ਼ਨ ਦੀ ਸਮੀਖਿਆ ਕਰਨ ਤੋਂ ਬਾਅਦ, 14 ਜੁਲਾਈ ਨੂੰ ਇਸਦੀ ਸੁਣਵਾਈ ਲਈ ਸਹਿਮਤੀ ਦਿੱਤੀ।
ਇਸ ਦੇ ਨਾਲ ਹੀ, ਕਿਉਂਕਿ ਇਹ ਜਾਣਕਾਰੀ ਸਾਹਮਣੇ ਆ ਗਈ ਹੈ ਕਿ ਨਿਮਿਸ਼ਾ ਦੀ ਫਾਂਸੀ 16 ਜੁਲਾਈ ਨੂੰ ਹੋਣੀ ਹੈ, ਇਸ ਲਈ ਮਾਮਲੇ ਦੀ ਪ੍ਰਕਿਰਤੀ ਅਤੇ ਲੋੜ ਨੂੰ ਦੇਖਦੇ ਹੋਏ, ਸੁਪਰੀਮ ਕੋਰਟ ਨੇ ਪਟੀਸ਼ਨਕਰਤਾਵਾਂ ਨੂੰ ਬੇਨਤੀ ਕੀਤੀ ਕਿ ਉਹ ਪਟੀਸ਼ਨ ਦੀ ਇੱਕ ਕਾਪੀ ਭਾਰਤ ਦੇ ਅਟਾਰਨੀ ਜਨਰਲ ਕੋਲ ਜਮ੍ਹਾਂ ਕਰਾਉਣ।
ਜੱਜਾਂ ਨੇ ਕੇਂਦਰ ਸਰਕਾਰ ਨੂੰ ਇਹ ਵੀ ਬੇਨਤੀ ਕੀਤੀ ਕਿ ਜੇਕਰ ਭਾਰਤ ਸਰਕਾਰ ਨੇ ਇਸ ਮਾਮਲੇ ਵਿੱਚ ਕੋਈ ਕਾਰਵਾਈ ਕੀਤੀ ਹੈ ਤਾਂ ਉਹ ਅਟਾਰਨੀ ਜਨਰਲ ਰਾਹੀਂ ਸੁਪਰੀਮ ਕੋਰਟ ਨੂੰ ਸੂਚਿਤ ਕਰੇ।
ਮਾਮਲੇ ਦਾ ਪਿਛੋਕੜ ਕੀ ਹੈ?

ਤਸਵੀਰ ਸਰੋਤ, Getty Images
ਕੇਰਲ ਦੇ ਪਲੱਕੜ ਦੇ ਰਹਿਣ ਵਾਲੇ ਨਿਮਿਸ਼ਾ ਪ੍ਰਿਆ ਸਾਲ 2008 ਵਿੱਚ ਨਰਸ ਵਜੋਂ ਕੰਮ ਕਰਨ ਲਈ ਯਮਨ ਗਏ ਸਨ।
ਉੱਥੇ ਕਈ ਹਸਪਤਾਲਾਂ ਵਿੱਚ ਕੰਮ ਕਰਨ ਤੋਂ ਬਾਅਦ, ਉਹ 2011 ਵਿੱਚ ਕੇਰਲ ਵਾਪਸ ਆਏ ਅਤੇ ਟੌਮੀ ਥਾਮਸ ਨਾਲ ਵਿਆਹ ਕਰਵਾ ਲਿਆ। ਇਸ ਜੋੜੇ ਦੀ ਇੱਕ ਧੀ ਹੈ। ਟੌਮੀ ਥਾਮਸ ਅਤੇ ਨਿਮਿਸ਼ਾ ਦੀ ਧੀ ਇਸ ਸਮੇਂ ਕੇਰਲ ਵਿੱਚ ਰਹਿੰਦੀ ਹੈ।
ਸਾਲ 2015 ਵਿੱਚ, ਨਿਮਿਸ਼ਾ ਨੇ ਤਲਾਲ ਅਬਦੋ ਮਹਦੀ ਨਾਮਕ ਯਮਨ ਦੇ ਇੱਕ ਨਾਗਰਿਕ ਨਾਲ ਸਾਂਝੇਦਾਰੀ ਵਿੱਚ ਇੱਕ ਮੈਡੀਕਲ ਕਲੀਨਿਕ ਸ਼ੁਰੂ ਕੀਤਾ। ਸਾਲ 2017 ਵਿੱਚ, ਮਹਦੀ ਦੀ ਲਾਸ਼ ਇੱਕ ਪਾਣੀ ਦੀ ਟੈਂਕੀ ਵਿੱਚੋਂ ਮਿਲੀ।
ਪਾਣੀ ਦੀ ਟੈਂਕੀ ਵਿੱਚੋਂ ਮਹਿਦੀ ਦੀ ਟੁਕੜੇ-ਟੁਕੜੇ ਹੋਈ ਲਾਸ਼ ਮਿਲਣ ਤੋਂ ਇੱਕ ਮਹੀਨੇ ਬਾਅਦ, ਨਿਮਿਸ਼ਾ ਨੂੰ ਯਮਨ-ਸਾਊਦੀ ਅਰਬ ਸਰਹੱਦ ਦੇ ਨੇੜੇ ਗ੍ਰਿਫ਼ਤਾਰ ਕੀਤਾ ਗਿਆ ਸੀ।
ਨਿਮਿਸ਼ਾ 'ਤੇ "ਨਸ਼ੀਲੀਆਂ ਦਵਾਈਆਂ ਦੀ ਬਹੁਤ ਜ਼ਿਆਦਾ ਖੁਰਾਕ" ਦੇ ਕੇ ਮਹਿਦੀ ਦਾ ਕਤਲ ਕਰਨ ਅਤੇ ਉਨ੍ਹਾਂ ਦੀ ਲਾਸ਼ ਨੂੰ ਸੁੱਟਣ ਦੀ ਕੋਸ਼ਿਸ਼ ਕਰਨ ਦਾ ਇਲਜ਼ਾਮ ਲਗਾਇਆ ਗਿਆ ਸੀ।
ਨਿਮਿਸ਼ਾ ਦੇ ਵਕੀਲ ਨੇ ਦਲੀਲ ਦਿੱਤੀ ਕਿ ਮਹਿਦੀ ਨੇ ਉਨ੍ਹਾਂ ਦਾ ਸਰੀਰਕ ਸ਼ੋਸ਼ਣ ਕੀਤਾ, ਉਨ੍ਹਾਂ ਦੇ ਸਾਰੇ ਪੈਸੇ ਲੈ ਲਏ, ਉਨ੍ਹਾਂ ਦਾ ਪਾਸਪੋਰਟ ਜ਼ਬਤ ਕਰ ਲਿਆ, ਅਤੇ ਉਨ੍ਹਾਂ ਨੂੰ ਬੰਦੂਕ ਦੀ ਨੋਕ 'ਤੇ ਧਮਕਾਇਆ।
ਇਹ ਵੀ ਦਲੀਲ ਦਿੱਤੀ ਗਈ ਕਿ ਨਿਮਿਸ਼ਾ ਨੇ ਮਹਿਦੀ ਨੂੰ ਸਿਰਫ ਇਸ ਲਈ ਨਸ਼ੀਲੀਆਂ ਦਵਾਈਆਂ ਦਿੱਤੀਆਂ ਸਨ ਤਾਂ ਜੋ ਉਨ੍ਹਾਂ ਕੋਲੋਂ ਆਪਣੇ ਪਾਸਪੋਰਟ ਵਾਪਸ ਲੈ ਸਕੇ, ਪਰ ਗਲਤੀ ਨਾਲ ਸੀਮਾ ਤੋਂ ਵੱਧ ਖੁਰਾਕ ਦੇ ਦਿੱਤੀ ਗਈ।
ਹਾਲਾਂਕਿ, ਸਾਲ 2020 ਵਿੱਚ, ਸਨਾ ਦੀ ਇੱਕ ਅਦਾਲਤ ਨੇ ਨਿਮਿਸ਼ਾ ਨੂੰ ਮੌਤ ਦੀ ਸਜ਼ਾ ਸੁਣਾਈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












