'ਡੈਣ' ਕਹਿ ਕੇ ਪਰਿਵਾਰ ਦੇ 5 ਜੀਆਂ ਨੂੰ ਜ਼ਿੰਦਾ ਸਾੜਿਆ, ਪੂਰਾ ਪਿੰਡ ਫਰਾਰ, ਪੀੜਤ ਪਰਿਵਾਰ ਨੇ ਸੁਣਾਈ ਹੌਲਨਾਕ ਕਹਾਣੀ- ਗਰਾਊਂਡ ਰਿਪੋਰਟ

ਤਸਵੀਰ ਸਰੋਤ, Shahnawaz Ahmad/BBC
- ਲੇਖਕ, ਸੀਟੂ ਤਿਵਾਰੀ
- ਰੋਲ, ਬੀਬੀਸੀ ਪੱਤਰਕਾਰ, ਪੂਰਣੀਆ ਤੋਂ
ਬਿਹਾਰ ਦੇ ਪੂਰਣੀਆ ਵਿੱਚ 'ਡੈਣ' ਕਹਿ ਕੇ ਇੱਕੋ ਪਰਿਵਾਰ ਦੀਆਂ ਤਿੰਨ ਔਰਤਾਂ ਅਤੇ ਦੋ ਪੁਰਸ਼ਾਂ ਨੂੰ ਜ਼ਿੰਦਾ ਸਾੜਨ ਅਤੇ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ।
ਇਹ ਘਟਨਾ ਸੋਮਵਾਰ ਸਵੇਰੇ ਪੂਰਣੀਆ ਦੇ ਰਾਜ ਰਾਣੀਗੰਜ ਪੰਚਾਇਤ ਦੇ ਟੇਟਗਾਮਾ ਟੋਲੇ ਵਿੱਚ ਵਾਪਰੀ। ਜਦੋਂ ਬੀਬੀਸੀ ਟੀਮ ਮੰਗਲਵਾਰ ਦੁਪਹਿਰ ਨੂੰ ਉੱਥੇ ਪਹੁੰਚੀ, ਤਾਂ ਟੋਲੇ ਵਿੱਚ ਸੁੰਨਸਾਨ ਪਸਰੀ ਸੀ।
ਟਗਾਮਾ ਟੋਲੇ ਵਿੱਚ ਦਾਖਲ ਹੁੰਦਿਆਂ ਹੀ ਕੱਚੀ-ਪੱਕੀ ਸੜਕ ਦੇ ਸੱਜੇ ਪਾਸੇ ਇੱਕ ਖਾਲੀ ਜਗ੍ਹਾ ਨੂੰ ਮੀਡੀਆ ਕੈਮਰੇ ਅਤੇ ਯੂਟਿਊਬਰਾਂ ਦੇ ਮੋਬਾਈਲ ਕੈਦ ਕਰ ਰਹੇ ਸਨ।
ਇੱਥੇ ਇੱਕ ਸੜੀ ਹੋਈ ਲਾਲ ਸਾੜ੍ਹੀ ਅਤੇ ਮਨੁੱਖੀ ਵਾਲ ਦਿਖਾਈ ਦਿੱਤੇ ਜੋ ਐਤਵਾਰ, 6 ਜੁਲਾਈ ਦੀ ਰਾਤ ਅਤੇ ਸੋਮਵਾਰ ਸਵੇਰੇ ਇਸ ਟੋਲੇ ਵਿੱਚ ਹੋਏ ਅਣਮਨੁੱਖੀ ਕਾਰੇ ਦੀ ਗਵਾਹੀ ਦੇ ਰਹੇ ਸਨ।
ਟੋਲੇ ਵਿੱਚ ਇੱਕ ਪੁਲਿਸ ਦੀ ਗੱਡੀ ਅਤੇ ਦੋ ਕਾਂਸਟੇਬਲ ਵੀ ਦਿਖਾਈ ਦਿੰਦੇ ਹਨ, ਜੋ ਹਰ ਆਉਣ-ਜਾਣ ਵਾਲੇ ਦੀ ਨਿਗਰਾਨੀ ਕਰ ਰਹੇ ਹਨ।
ਲਗਭਗ 60 ਘਰਾਂ ਵਾਲੇ ਇਸ ਪਿੰਡ ਵਿੱਚ, ਸਿਰਫ਼ ਮ੍ਰਿਤਕਾਂ ਦੇ ਪਰਿਵਾਰਕ ਮੈਂਬਰ ਹੀ ਬਚੇ ਹਨ ਅਤੇ ਪਿੰਡ ਵਿੱਚ ਰਹਿਣ ਵਾਲੇ ਬਾਕੀ ਸਾਰੇ ਲੋਕ ਫਰਾਰ ਹਨ।
ਇਸਦਾ ਕਾਰਨ ਇਹ ਹੈ ਕਿ ਇਸ ਪੂਰੇ ਪਿੰਡ ਵਿਰੁੱਧ ਪੰਜ ਲੋਕਾਂ ਨੂੰ ਮਾਰਨ ਅਤੇ ਸਾੜਨ ਦੇ ਇਲਜ਼ਾਮ ਤਹਿਤ ਐਫਆਈਆਰ ਦਰਜ ਕੀਤੀ ਗਈ ਹੈ।

ਤਸਵੀਰ ਸਰੋਤ, Shahnawaz Ahmad/BBC
ਤਿੰਨ ਦਿਨ ਬਾਅਦ ਵੀ, ਇਸ ਮਾਮਲੇ ਵਿੱਚ ਸਿਰਫ਼ ਤਿੰਨ ਗ੍ਰਿਫ਼ਤਾਰੀਆਂ ਕੀਤੀਆਂ ਗਈਆਂ ਹਨ। ਜਦਕਿ 23 ਨਾਮਜ਼ਦ ਮੁਲਜ਼ਮਾਂ ਅਤੇ 150-200 ਅਣਪਛਾਤੇ ਲੋਕਾਂ ਵਿਰੁੱਧ ਐਫਆਈਆਰ ਦਰਜ ਕੀਤੀਆਂ ਗਈਆਂ ਹਨ।
ਇਸ ਘਟਨਾ ਤੋਂ ਬਾਅਦ, ਅੰਧਵਿਸ਼ਵਾਸ ਤੋਂ ਇਲਾਵਾ ਵੱਡਾ ਸਵਾਲ ਇਹ ਵੀ ਹੈ ਕਿ ਪੂਰਣੀਆ ਜ਼ਿਲ੍ਹਾ ਹੈੱਡਕੁਆਰਟਰ ਤੋਂ ਮਹਿਜ਼ 12 ਕਿਲੋਮੀਟਰ ਦੂਰ ਇਸ ਪਿੰਡ ਵਿੱਚ ਰਾਤੋ-ਰਾਤ ਪੰਜ ਲੋਕਾਂ ਨੂੰ ਕੁੱਟਿਆ ਗਿਆ ਅਤੇ ਸਾੜ ਦਿੱਤਾ ਗਿਆ, ਪਰ ਪੁਲਿਸ ਨੂੰ ਕੋਈ ਜਾਣਕਾਰੀ ਨਹੀਂ ਮਿਲੀ।
ਇਸ ਮਾਮਲੇ ਵਿੱਚ, ਪੂਰਣੀਆ ਜ਼ਿਲ੍ਹਾ ਮੈਜਿਸਟ੍ਰੇਟ ਅੰਸ਼ੁਲ ਕੁਮਾਰ ਅਤੇ ਪੁਲਿਸ ਸੁਪਰੀਟੈਂਡੈਂਟ ਸਵੀਟੀ ਸਹਰਾਵਤ, ਦੋਵਾਂ ਨੇ ਬੀਬੀਸੀ ਨਾਲ ਗੱਲ ਕਰਨ ਤੋਂ ਇਨਕਾਰ ਕਰ ਦਿੱਤਾ।
ਕੀ ਹੈ ਪੂਰਾ ਮਾਮਲਾ?

ਤਸਵੀਰ ਸਰੋਤ, Shahnawaz Ahmad/BBC
'ਡੈਣ' ਦੇ ਨਾਮ 'ਤੇ ਪਿਛਲੇ ਐਤਵਾਰ, ਪੂਰਣੀਆ ਦੇ ਵਸਨੀਕ 75 ਸਾਲਾ ਕਾਤੋ, 65 ਸਾਲਾ ਬਾਬੂ ਲਾਲ ਓਰਾਂਓ, 60 ਸਾਲਾ ਸੀਤਾ ਦੇਵੀ, 25 ਸਾਲਾ ਮਨਜੀਤ ਓਰਾਂਓ ਅਤੇ 22 ਸਾਲਾ ਰੇਖਾ ਦੇਵੀ ਨੂੰ ਕਥਿਤ ਤੌਰ 'ਤੇ ਜ਼ਿੰਦਾ ਸਾੜ ਕੇ ਮਾਰ ਦਿੱਤਾ ਗਿਆ ਸੀ।
ਬਾਬੂ ਲਾਲ ਓਰਾਂਓ ਅਤੇ ਸੀਤਾ ਦੇਵੀ ਪਤੀ-ਪਤਨੀ ਸਨ ਜਦਕਿ ਕਾਟੋ ਬਾਬੂ ਲਾਲ ਓਰਾਂਓ ਦੇ ਮਾਤਾ ਸਨ। ਮਨਜੀਤ ਓਰਾਂਓ ਬਾਬੂ ਲਾਲ ਓਰਾਂਓ ਦੇ ਪੁੱਤਰ ਸਨ ਅਤੇ ਰੇਖਾ ਦੇਵੀ ਮਨਜੀਤ ਦੇ ਪਤਨੀ ਸਨ। ਇਹ ਸਾਰੇ ਇੱਕੋ ਪਰਿਵਾਰ ਦੇ ਮੈਂਬਰ ਸਨ ਅਤੇ ਇੱਕੋ ਘਰ ਵਿੱਚ ਰਹਿ ਰਹੇ ਸਨ।
ਕਾਤੋ ਦੇ ਪੰਜ ਪੁੱਤਰ ਸਨ - ਜਗਦੀਸ਼ ਓਰਾਂਓ, ਬਾਬੂ ਲਾਲ ਓਰਾਂਓ, ਖੂਬ ਲਾਲ ਓਰਾਂਓ, ਅਰਜੁਨ ਓਰਾਂਓ ਅਤੇ ਜਤਿੰਦਰ ਓਰਾਂਓ। ਬਾਬੂ ਲਾਲ ਓਰਾਂਓ ਦੇ ਹੋਰ ਭਰਾ ਅਤੇ ਉਨ੍ਹਾਂ ਦੇ ਪਰਿਵਾਰ ਪਿੰਡ ਵਿੱਚ ਵੱਖ-ਵੱਖ ਘਰਾਂ ਵਿੱਚ ਰਹਿੰਦੇ ਹਨ।
ਕਾਤੋ ਆਪਣੇ ਪੁੱਤ-ਨੂੰਹ ਬਾਬੂ ਲਾਲ ਓਰਾਂਓ ਅਤੇ ਸੀਤਾ ਦੇਵੀ ਨਾਲ ਰਹਿੰਦੇ ਸਨ। ਬਾਬੂ ਲਾਲ-ਸੀਤਾ ਦੇਵੀ ਦੇ ਵੀ ਚਾਰ ਪੁੱਤਰ ਹਨ। ਪਰ ਉਹ ਮਨਜੀਤ ਓਰਾਂਓ ਅਤੇ ਇੱਕ ਨਾਬਾਲਗ ਪੁੱਤਰ ਨਾਲ ਪਿੰਡ ਵਿੱਚ ਰਹਿੰਦੇ ਸਨ। ਬਾਕੀ ਦੋ ਪੁੱਤਰ ਪਰਵਾਸੀ ਮਜ਼ਦੂਰ ਹਨ। ਕਾਤੋ ਦੇ ਪਤੀ ਦੀ ਕਈ ਸਾਲ ਪਹਿਲਾਂ ਮੌਤ ਹੋ ਗਈ ਸੀ।
ਹੁਣ ਤੱਕ, ਇਸ ਘਟਨਾ ਦੇ ਕਾਰਨ ਕੁਝ ਦਿਨ ਪਹਿਲਾਂ ਇੱਕ ਬੱਚੇ ਦੀ ਮੌਤ ਵਜੋਂ ਸਾਹਮਣੇ ਆਇਆ ਹੈ।
ਲੰਘੇ ਦਿਨੀਂ, ਇਸੇ ਪਿੰਡ ਦੇ ਰਾਮਦੇਵ ਓਰਾਂਓ ਨਾਮਕ ਵਿਅਕਤੀ ਦੇ ਬੱਚੇ ਦੀ ਮੌਤ ਹੋ ਗਈ ਸੀ। ਬੱਚੇ ਦੀ ਮੌਤ ਤੋਂ ਬਾਅਦ, ਰਾਮਦੇਵ ਓਰਾਂਓ ਦੇ ਭਤੀਜੇ ਦੀ ਸਿਹਤ ਵੀ ਵਿਗੜ ਗਈ ਅਤੇ ਬਾਬੂ ਲਾਲ ਓਰਾਂਓ ਦੇ ਪਰਿਵਾਰ 'ਤੇ ਉਸਨੂੰ ਠੀਕ ਕਰਨ ਲਈ ਦਬਾਅ ਪਾਇਆ ਜਾ ਰਿਹਾ ਸੀ।
ਪਿੰਡ ਦੇ ਲੋਕਾਂ ਨੂੰ ਸ਼ੱਕ ਸੀ ਕਿ ਬਾਬੂ ਲਾਲ ਓਰਾਂਓ ਦੇ ਪਰਿਵਾਰ, ਖਾਸ ਕਰਕੇ ਉਨ੍ਹਾਂ ਦੀ ਮਾਂ ਕਾਤੋ ਅਤੇ ਪਤਨੀ ਸੀਤਾ ਦੇਵੀ, ਕਾਲਾ ਜਾਦੂ ਕਰਦੇ ਸਨ।

ਤਸਵੀਰ ਸਰੋਤ, Shahnawaz Ahmad/BBC
ਰਿਪੋਰਟ ਦੇ ਅਨੁਸਾਰ, ਪਿੰਡ ਅਤੇ ਨੇੜਲੇ ਇਲਾਕਿਆਂ ਵਿੱਚ ਰਹਿਣ ਵਾਲੇ ਓਰਾਂਓ ਕਬੀਲੇ ਦੇ ਲੋਕਾਂ ਦੀ ਇੱਕ ਪੰਚਾਇਤ ਐਤਵਾਰ ਦੇਰ ਸ਼ਾਮ ਬਾਬੂ ਲਾਲ ਓਰਾਂਓ ਦੇ ਘਰ ਤੋਂ ਕੁਝ ਦੂਰੀ 'ਤੇ ਸਥਿਤ ਬਾਂਸ ਦੀ ਪੱਟੀ (ਬਾਂਸ ਦੇ ਦਰੱਖਤਾਂ ਦਾ ਸਮੂਹ) ਵਿੱਚ ਹੋਈ। ਇਸ ਪੰਚਾਇਤ ਤੋਂ ਬਾਅਦ ਹੀ ਸੈਂਕੜੇ ਲੋਕਾਂ ਨੇ ਬਾਬੂ ਲਾਲ ਓਰਾਂਓ ਦੇ ਘਰ 'ਤੇ ਹਥਿਆਰਾਂ ਅਤੇ ਡੰਡਿਆਂ ਨਾਲ ਹਮਲਾ ਕਰ ਦਿੱਤਾ।
ਬਾਬੂ ਲਾਲ ਓਰਾਂਓ ਦੇ ਭਰਾ ਅਰਜੁਨ ਓਰਾਂਓ ਨੇ ਬੀਬੀਸੀ ਨੂੰ ਇਸ ਘਟਨਾ ਬਾਰੇ ਦੱਸਿਆ, "ਐਤਵਾਰ ਨੂੰ, ਜਦੋਂ ਮੈਂ ਪੂਰਣੀਆ ਤੋਂ ਮਜ਼ਦੂਰੀ ਕਰਨ ਤੋਂ ਬਾਅਦ ਵਾਪਸ ਆਇਆ, ਤਾਂ ਮੈਂ ਬਾਬੂ ਲਾਲ ਦੇ ਘਰ ਦੇ ਨੇੜੇ ਸੈਂਕੜੇ ਪੁਰਸ਼ ਅਤੇ ਮਹਿਲਾਵਾਂ ਇਕੱਠੇ ਹੋਏ ਵੇਖੇ।''
''ਉਨ੍ਹਾਂ ਕੋਲ ਤੇਜ਼ਧਾਰ ਹਥਿਆਰ ਅਤੇ ਡੰਡੇ ਸਨ। ਉਹ ਸਾਰੇ ਉਸਨੂੰ ਕੁੱਟ ਰਹੇ ਸਨ ਅਤੇ ਵਾਰ-ਵਾਰ 'ਡਾਇਨਿਆ' (ਡੈਣ) ਕਹਿ ਰਹੇ ਸਨ। ਮੈਂ ਆ ਕੇ ਉਨ੍ਹਾਂ ਨੂੰ ਰੋਕਿਆ, ਤਾਂ ਉਨ੍ਹਾਂ ਨੇ ਸਾਨੂੰ ਕਿਹਾ ਕਿ ਚਲੇ ਜਾਓ ਨਹੀਂ ਤਾਂ ਉਹ ਤੈਨੂੰ ਵੀ ਮਾਰ ਦਿਆਂਗੇ।"
ਉਨ੍ਹਾਂ ਅੱਗੇ ਦੱਸਿਆ, "ਉਨ੍ਹਾਂ ਲੋਕਾਂ ਨੇ ਮੈਨੂੰ ਅਤੇ ਮੇਰੇ ਦੂਜੇ ਭਰਾ ਦੇ ਪਰਿਵਾਰਾਂ ਨੂੰ ਬੰਦੂਕ ਦੀ ਨੋਕ 'ਤੇ ਬੰਧਕ ਬਣਾ ਲਿਆ ਸੀ। ਉਨ੍ਹਾਂ ਨੇ ਮੇਰੀ ਮਾਂ ਅਤੇ ਭਰਾ ਨੂੰ ਕੁੱਟਿਆ ਅਤੇ ਫਿਰ ਉਨ੍ਹਾਂ ਨੂੰ ਘਰ ਤੋਂ ਥੋੜ੍ਹੀ ਦੂਰ ਲੈ ਗਏ ਅਤੇ ਉਨ੍ਹਾਂ 'ਤੇ ਪੈਟਰੋਲ ਛਿੜਕ ਕੇ ਅੱਗ ਲਗਾ ਦਿੱਤੀ। ਉਨ੍ਹਾਂ ਨੇ ਪਰਿਵਾਰ ਦੇ ਬਾਕੀ ਮੈਂਬਰਾਂ ਨਾਲ ਵੀ ਅਜਿਹਾ ਹੀ ਕੀਤਾ।"
ਨਾਬਾਲਗ ਨੇ ਘਟਨਾ ਬਾਰੇ ਪੁਲਿਸ ਨੂੰ ਸੂਚਿਤ ਕੀਤਾ

ਤਸਵੀਰ ਸਰੋਤ, Shahnawaz Ahmad/BBC
ਇਸ ਘਟਨਾ ਤੋਂ ਬਾਅਦ, ਮ੍ਰਿਤਕ ਪਰਿਵਾਰ ਦੇ ਪਰਿਵਾਰਕ ਮੈਂਬਰ ਇੰਨੇ ਡਰ ਗਏ ਕਿ ਕਿਸੇ ਨੇ ਪੁਲਿਸ ਨੂੰ ਸੂਚਿਤ ਤੱਕ ਨਹੀਂ ਕੀਤਾ।
ਜਦੋਂ ਇਸ ਦਾ ਕਾਰਨ ਪੁੱਛਿਆ ਗਿਆ ਤਾਂ ਕਾਤੋ ਦੇ ਪੁੱਤਰ ਖੂਬ ਲਾਲ ਓਰਾਂਓ ਨੇ ਕਿਹਾ, "ਅਸੀਂ ਸਿਰਫ਼ ਆਪਣੀ ਮਾਂ ਅਤੇ ਭਰਾ ਦੇ ਪਰਿਵਾਰ ਨੂੰ ਕੁੱਟ ਖਾਂਦੇ ਦੇਖ ਰਹੇ ਸੀ। ਇਨ੍ਹਾਂ ਲੋਕਾਂ ਨੇ ਸਾਡੇ ਪਿੱਛੇ ਵੀ ਆਦਮੀ ਲਗਾ ਦਿੱਤੇ ਸਨ ਅਤੇ ਅਸੀਂ ਪੁਲਿਸ ਨੂੰ ਬੁਲਾਉਣ ਲਈ ਉੱਠਦੇ, ਤਾਂ ਉਹ ਸਾਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਸਨ। ਅਸੀਂ ਕੀ ਕਰ ਸਕਦੇ ਸੀ?"
ਪੁਲਿਸ ਨੂੰ ਐਤਵਾਰ-ਸੋਮਵਾਰ ਦੀ ਵਿਚਕਾਰਲੀ ਰਾਤ ਨੂੰ ਵਾਪਰੀ ਇਸ ਘਟਨਾ ਬਾਰੇ ਜਾਣਕਾਰੀ ਬਾਬੂ ਲਾਲ ਓਰਾਂਓ ਦੇ ਨਾਬਾਲਗ ਪੁੱਤਰ ਤੋਂ ਮਿਲੀ। ਇਹ 17 ਸਾਲਾ ਮੁੰਡਾ ਐਤਵਾਰ ਰਾਤ ਨੂੰ ਘਰ 'ਤੇ ਹੋਏ ਹਮਲੇ ਤੋਂ ਕਿਸੇ ਤਰ੍ਹਾਂ ਬਚ ਗਿਆ।
ਕਾਤੋ ਦੀ ਨੂੰਹ ਰਿੰਕੀ ਦੇਵੀ ਨੇ ਬੀਬੀਸੀ ਨੂੰ ਦੱਸਿਆ, "ਜਦੋਂ ਸਾਰਿਆਂ ਨੇ (ਬਾਬੂ ਲਾਲ ਓਰਾਂਓ ਦੇ ਨਾਬਾਲਗ) ਪੁੱਤਰ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ, ਤਾਂ ਕੁਝ ਲੋਕਾਂ ਨੇ ਕਿਹਾ ਕਿ ਉਹ ਬੱਚਾ ਹੈ, ਉਸਨੂੰ ਛੱਡ ਦਿਓ। ਉਹ ਆਪਣੀ ਜਾਨ ਬਚਾਉਣ ਲਈ ਭੱਜ ਗਿਆ, ਇਸ ਲਈ ਅਸੀਂ ਉਸਨੂੰ ਇੱਕ ਕਮਰੇ ਵਿੱਚ ਬੰਦ ਕਰ ਦਿੱਤਾ। ਬਾਅਦ ਵਿੱਚ ਉਹ ਆਪਣੀ ਦਾਦੀ ਦੇ ਘਰ ਗਿਆ ਅਤੇ ਫਿਰ ਪੁਲਿਸ ਨੂੰ ਸੂਚਿਤ ਕੀਤਾ। ਉਸਦੀ ਜਾਣਕਾਰੀ ਤੋਂ ਬਾਅਦ ਪੁਲਿਸ ਇੱਥੇ ਆਈ।"
ਸੋਮਵਾਰ ਨੂੰ, ਬਾਬੂ ਲਾਲ ਓਰਾਂਓ ਦੇ ਨਾਬਾਲਗ ਪੁੱਤਰ ਨੇ ਆਪਣੇ ਮਾਤਾ-ਪਿਤਾ, ਭਰਾ, ਭਾਬੀ ਅਤੇ ਦਾਦੀ ਦੇ ਲਾਪਤਾ ਹੋਣ ਦੀ ਰਿਪੋਰਟ ਪੁਲਿਸ ਸਟੇਸ਼ਨ ਵਿੱਚ ਦਿੱਤੀ, ਜਿਸ ਤੋਂ ਬਾਅਦ ਡਾੱਗ ਸਕੁਐਡ ਨੇ ਤਲਾਅ ਵਿੱਚੋਂ ਪੰਜ ਮ੍ਰਿਤਕਾਂ ਦੀਆਂ ਸੜੀਆਂ ਹੋਈਆਂ ਲਾਸ਼ਾਂ ਬਰਾਮਦ ਕੀਤੀਆਂ।
ਇਸ ਦੌਰਾਨ, ਇੰਨੀ ਵੱਡੀ ਗਿਣਤੀ ਵਿੱਚ ਪ੍ਰਸ਼ਾਸਨਿਕ ਟੀਮ ਅਤੇ ਪੁਲਿਸ ਨੂੰ ਦੇਖਣ ਤੋਂ ਬਾਅਦ ਟੋਲੇ ਦੇ ਨਾਲ-ਨਾਲ ਮ੍ਰਿਤਕਾਂ ਦੇ ਰਿਸ਼ਤੇਦਾਰ ਵੀ ਡਰ ਕੇ ਭੱਜ ਗਏ। ਬਾਬੂ ਲਾਲ ਦੇ ਭਰਾ ਅਰਜੁਨ ਓਰਾਂਓ ਕਹਿੰਦੇ ਹਨ, "ਸਾਡੇ ਇੱਥੇ ਪਸ਼ੂ ਹਨ ਇਸ ਲਈ ਅਸੀਂ ਅੱਜ (ਮੰਗਲਵਾਰ) ਉਨ੍ਹਾਂ ਨੂੰ ਦੇਖਣ ਆਏ ਹਾਂ। ਸੋਮਵਾਰ ਨੂੰ ਜਦੋਂ ਪੁਲਿਸ ਆਈ ਤਾਂ ਅਸੀਂ ਵੀ ਡਰ ਕੇ ਭੱਜ ਗਏ ਸੀ। ਪਤਨੀ ਅਤੇ ਬੱਚਿਆਂ ਨੂੰ ਬਾਹਰ ਭੇਜ ਦਿੱਤਾ ਹੈ। ਇੱਥੇ ਅਜੇ ਵੀ ਡਰ ਲੱਗ ਰਿਹਾ ਹੈ।"
'ਬਿਮਾਰ ਹੋਣ ਤਾਂ ਓਝਾ ਕੋਲ ਲੈ ਜਾਂਦੇ ਹਾਂ'

ਤਸਵੀਰ ਸਰੋਤ, Shahnawaz Ahmad/BBC
ਲਗਭਗ 60 ਘਰਾਂ ਵਾਲੇ ਇਸ ਟੋਲੇ ਵਿੱਚ ਓਰਾਂਓ ਕਬੀਲੇ ਦੇ ਲੋਕ ਰਹਿੰਦੇ ਹਨ। ਉਨ੍ਹਾਂ ਵਿੱਚੋਂ ਜ਼ਿਆਦਾਤਰ ਅਨਪੜ੍ਹ ਹਨ। ਇਹ ਲੋਕ ਮਜ਼ਦੂਰੀ ਅਤੇ ਖੇਤੀ ਕਰਕੇ ਆਪਣਾ ਗੁਜ਼ਾਰਾ ਕਰਦੇ ਹਨ। ਪਿੰਡ ਵਿੱਚ ਇੱਕਾ-ਦੁੱਕਾ ਘਰ ਹੀ ਪੱਕੇ ਬਣੇ ਹੋਏ ਹਨ।
ਇਹ ਪਿੰਡ ਪੂਰਣੀਆ ਸ਼ਹਿਰ ਤੋਂ ਸਿਰਫ਼ 12 ਕਿਲੋਮੀਟਰ ਦੂਰ ਹੈ, ਪਰ ਅੱਜ ਵੀ ਜਦੋਂ ਇੱਥੇ ਲੋਕ ਬਿਮਾਰ ਹੋ ਜਾਂਦੇ ਹਨ, ਤਾਂ ਉਹ ਸਭ ਤੋਂ ਪਹਿਲਾਂ ਓਝਾ (ਝਾੜ-ਫੂੰਕ ਕਰਨ ਵਾਲਾ) ਕੋਲ ਪਹੁੰਚਦੇ ਹਨ। ਜਦਕਿ ਪਿੰਡ ਤੋਂ ਲਗਭਗ ਢਾਈ ਕਿਲੋਮੀਟਰ ਦੂਰ ਹੀ ਰਾਣੀ ਪਤਰਾ ਨਾਮਕ ਜਗ੍ਹਾ 'ਤੇ ਇੱਕ ਮੁਢਲਾ ਸਿਹਤ ਕੇਂਦਰ ਹੈ। ਇਸ ਤੋਂ ਬਾਅਦ, ਪੂਰਣੀਆ ਵਿੱਚ ਸਰਕਾਰੀ ਹਸਪਤਾਲ ਦੀਆਂ ਸਹੂਲਤਾਂ ਹਨ।
ਜਦੋਂ ਉਹ ਬਿਮਾਰ ਹੋ ਜਾਂਦੇ ਹਨ ਤਾਂ ਉਹ ਕੀ ਕਰਦੇ ਹਨ? ਇਸ ਸਵਾਲ 'ਤੇ ਕਾਤੋ ਦੇਵੀ ਦੀ ਨੂੰਹ ਰਿੰਕੀ ਦੇਵੀ ਨੇ ਕਿਹਾ, "ਸਭ ਤੋਂ ਪਹਿਲਾਂ ਅਸੀਂ ਉਨ੍ਹਾਂ ਨੂੰ ਭੂਤ ਕੱਢਣ ਵਾਲੇ ਕੋਲ ਲੈ ਕੇ ਜਾਂਦੇ ਹਾਂ ਅਤੇ ਇਸ ਤੋਂ ਬਾਅਦ ਕੇਸ ਵਿਗੜਨ 'ਤੇ ਹਸਪਤਾਲ ਜਾਂਦੇ ਹਾਂ।"
ਇਸ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਮੁੱਖ ਮੁਲਜ਼ਮਾਂ ਵਿੱਚੋਂ ਇੱਕ, ਨਕੁਲ ਓਰਾਂਓ ਟੇਟਗਾਮਾ ਟੋਲੇ ਵਿੱਚ ਰਹਿੰਦਾ ਹੈ। ਉਹ ਮਿੱਟੀ ਕੱਟਣ ਅਤੇ ਇੱਟਾਂ ਦੇ ਭੱਠਿਆਂ ਨੂੰ ਮਿੱਟੀ ਸਪਲਾਈ ਕਰਨ ਦਾ ਕੰਮ ਕਰਦਾ ਹੈ। ਘਟਨਾ ਤੋਂ ਬਾਅਦ ਉਸਦਾ ਘਰ ਵੀ ਬੰਦ ਪਿਆ ਹੈ।
ਵਿੱਤੀ ਤੌਰ 'ਤੇ ਮਜ਼ਬੂਤ ਨਕੁਲ ਵੀ ਭੂਤ ਕੱਢਣ ਦਾ ਕੰਮ ਕਰਦਾ ਹੈ। ਨਕੁਲ ਨਾਲ ਜਾਣ-ਪਛਾਣ ਰੱਖਣ ਵਾਲੇ ਕਬਾਇਲੀ ਕਾਰਕੁਨ ਵਿਜੇ ਓਰਾਂਓ ਕਹਿੰਦੇ ਹਨ ਕਿ "ਨਕੁਲ ਭੂਤ ਕੱਢਣ ਦਾ ਕੰਮ ਕਰਦਾ ਸੀ। ਕੁਝ ਦਿਨ ਪਹਿਲਾਂ, ਜਦੋਂ ਰਾਮਦੇਵ ਓਰਾਂਓ ਦਾ ਬੱਚਾ ਟੋਲੇ ਵਿੱਚ ਬਿਮਾਰ ਹੋ ਗਿਆ, ਤਾਂ ਉਸਨੇ ਭੂਤ ਕੱਢਣ ਦਾ ਕੰਮ ਕੀਤਾ ਪਰ ਬੱਚੇ ਦੀ ਮੌਤ ਹੋ ਗਈ।''
''ਹੁਣ ਜਦੋਂ ਦੂਜਾ ਬੱਚਾ ਬਿਮਾਰ ਹੋ ਗਿਆ, ਤਾਂ ਉਸਨੇ ਬਾਬੂ ਲਾਲ ਦੇ ਪਰਿਵਾਰ ਨੂੰ ਡੈਣ ਐਲਾਨ ਦਿੱਤਾ। ਅਜਿਹਾ ਨਹੀਂ ਹੈ ਕਿ ਉਸਨੇ ਇਹ ਪੈਸੇ ਲਈ ਕੀਤਾ ਸੀ, ਸਗੋਂ ਉਸਨੇ ਆਪਣਾ ਪ੍ਰਭਾਵ ਜਮਾਉਣ ਕਰਨ ਲਈ ਅਜਿਹਾ ਕੀਤਾ ਸੀ।"
ਇਸ ਘਟਨਾ ਤੋਂ ਬਾਅਦ ਪੂਰਣੀਆ ਪੁਲਿਸ ਵੱਲੋਂ ਜਾਰੀ ਬਿਆਨ ਅਨੁਸਾਰ, "ਘਟਨਾ ਵਾਲੇ ਦਿਨ ਮ੍ਰਿਤਕਾਂ ਨੂੰ ਕੁੱਟਿਆ-ਮਾਰਿਆ ਗਿਆ ਅਤੇ ਉਨ੍ਹਾਂ ਨੂੰ ਸਾੜ ਕੇ ਉਨ੍ਹਾਂ ਦੀਆਂ ਲਾਸ਼ਾਂ ਨੂੰ ਟਰੈਕਟਰ 'ਤੇ ਲੱਦ ਕੇ ਪਿੰਡ ਤੋਂ ਤਿੰਨ ਕਿਲੋਮੀਟਰ ਦੂਰ ਇੱਕ ਛੱਪੜ ਵਿੱਚ ਸੁੱਟ ਦਿੱਤਾ ਗਿਆ।''
''ਇਸ ਮਾਮਲੇ ਵਿੱਚ, ਮੌਕੇ ਤੋਂ ਦੋ ਮੋਬਾਈਲ, ਘਟਨਾ ਵਿੱਚ ਵਰਤਿਆ ਗਿਆ ਇੱਕ ਟਰੈਕਟਰ, ਘਟਨਾ ਵਾਲੀ ਥਾਂ ਤੋਂ ਇੱਕ ਗੈਲਨ ਅਤੇ ਪੰਜ ਬੋਰੀਆਂ ਬਰਾਮਦ ਕੀਤੀਆਂ ਗਈਆਂ ਹਨ। ਇਸ ਮਾਮਲੇ ਵਿੱਚ, ਪਿੰਡ ਦੇ ਨਕੁਲ ਓਰਾਂਓ, ਛੋਟੂ ਓਰਾਂਓ ਅਤੇ ਟਰੈਕਟਰ ਮਾਲਕ ਸਨਾਉਲ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਨਾਲ ਹੀ, ਇੱਕ ਐਸਆਈਟੀ ਬਣਾਈ ਗਈ ਹੈ।"
ਪੂਰਾ ਪਿੰਡ ਫਰਾਰ ਹੈ, ਪਰਿਵਾਰਕ ਮੈਂਬਰ ਡਰੇ ਹੋਏ ਹਨ

ਤਸਵੀਰ ਸਰੋਤ, Shahnawaz Ahmad/BBC
ਲੰਘੇ ਸੋਮਵਾਰ ਨੂੰ ਪੁਲਿਸ ਦੇ ਟੋਲੇ ਵਿੱਚ ਆਉਣ ਤੋਂ ਬਾਅਦ ਤੋਂ ਹੀ ਪੂਰਾ ਟੋਲਾ ਖਾਲੀ ਪਿਆ ਹੈ।
ਕੁਝ ਘਰਾਂ 'ਤੇ ਜਿੰਦੇ ਲੱਗੇ ਹਨ ਪਰ ਜ਼ਿਆਦਾਤਰ ਘਰਾਂ ਵਿੱਚ ਲੋਕ ਦਰਵਾਜ਼ੇ ਖੁੱਲ੍ਹੇ ਛੱਡ ਕੇ ਹੀ ਭੱਜ ਗਏ ਹਨ। ਪਿੰਡ ਦੇ ਲੋਕ ਆਪਣੇ ਜਾਨਵਰ ਵੀ ਆਪਣੇ ਨਾਲ ਲੈ ਗਏ ਹਨ।
ਫਿਲਹਾਲ ਪਿੰਡ ਵਿੱਚ ਸਿਰਫ਼ ਪੀੜਤ ਪਰਿਵਾਰ ਦੇ ਰਿਸ਼ਤੇਦਾਰਾਂ ਦੇ ਜਾਨਵਰ ਹੀ ਦਿਖਾਈ ਦੇ ਰਹੇ ਹਨ। ਪੀੜਤ ਪਰਿਵਾਰ ਦੇ ਰਿਸ਼ਤੇਦਾਰਾਂ ਤੋਂ ਇਲਾਵਾ, ਪਿੰਡ ਵਿੱਚ ਸਿਰਫ਼ ਦੋ ਬਜ਼ੁਰਗ ਮਹਿਲਾਵਾਂ ਹਨ। ਇਹ ਔਰਤਾਂ ਗੱਲ ਕਰਨ ਤੋਂ ਝਿਜਕਦੀਆਂ ਹਨ, ਪਰ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਵੀ ਉਨ੍ਹਾਂ ਨੂੰ ਇਸ ਪਿੰਡ ਵਿੱਚ ਇਕੱਲਾ ਛੱਡ ਦਿੱਤਾ ਹੈ।
ਉਨ੍ਹਾਂ ਵਿੱਚੋਂ ਇੱਕ, ਰੀਨਾ ਦੇਵੀ ਕਹਿੰਦੇ ਹਨ "ਸਾਨੂੰ ਇਸ ਘਟਨਾ ਬਾਰੇ ਕੁਝ ਨਹੀਂ ਪਤਾ। ਅਸੀਂ ਤਾਂ ਬੁੱਢੇ ਹਾਂ। ਖਾਣਾ ਖਾਣ ਤੋਂ ਬਾਅਦ ਸੌਂ ਗਏ ਸੀ।"
ਪਰ ਜਦੋਂ ਪੁੱਛਿਆ ਗਿਆ ਕਿ ਪਿੰਡ ਦੇ ਸਾਰੇ ਲੋਕ ਕਿੱਥੇ ਗਏ ਹਨ, ਤਾਂ ਇਸ ਸਵਾਲ 'ਤੇ ਹਾਮੀ ਭਰਦੇ ਹੋਏ ਉਹ ਕਹਿੰਦੇ ਹਨ, "ਮੇਰੀ ਨੂੰਹ ਵੀ ਚਲੀ ਗਈ ਹੈ। ਬਾਕੀ ਮੈਨੂੰ ਵੀ ਕੁਝ ਪਤਾ ਨਹੀਂ ਹੈ।"

ਤਸਵੀਰ ਸਰੋਤ, Shahnawaz Ahmad/BBC
ਇਸ ਘਟਨਾ ਤੋਂ ਬਾਅਦ ਹੀ ਪੀੜਤ ਪਰਿਵਾਰ ਦੇ ਮੈਂਬਰ ਵੀ ਡਰ ਵਿੱਚ ਜਿਓਂ ਰਹੇ ਹਨ। ਹਾਲਾਂਕਿ, ਸੁਰੱਖਿਆ ਦੇ ਨਾਮ 'ਤੇ ਪਿੰਡ ਵਿੱਚ ਸਿਰਫ਼ ਇੱਕ ਪੁਲਿਸ ਗੱਡੀ ਅਤੇ ਦੋ ਸਿਪਾਹੀ ਹੀ ਦਿਖਾਈ ਦਿੱਤੇ।
ਬਾਬੂ ਲਾਲ ਓਰਾਂਓ ਦੇ ਭਰਾ ਖੂਬ ਲਾਲ ਓਰਾਂਓ ਕਹਿੰਦੇ ਹਨ, "ਦੁਪਹਿਰ ਵੇਲੇ ਤਾਂ ਇੱਥੇ ਮੀਡੀਆ ਦਾ ਆਉਣ-ਜਾਣ ਲੱਗਿਆ ਰਹਿੰਦਾ ਹੈ। ਪਰ ਰਾਤ ਪੈਣ 'ਤੇ ਸਾਨੂੰ ਡਰ ਲੱਗਦਾ ਹੈ। ਸਾਡੀ ਦੁਸ਼ਮਣੀ ਹੁਣ ਪੂਰੇ ਪਿੰਡ ਨਾਲ ਹੋ ਗਈ ਹੈ। ਉਹ ਲੋਕ ਕਹਿ ਰਹੇ ਹਨ ਕਿ ਗਵਾਹੀ ਦਿੱਤੀ, ਤਾਂ ਮਾਰ ਦਿੱਤੇ ਜਾਓਗੇ।"
ਇਸ ਟੋਲੇ ਤੋਂ ਬਾਹਰ ਆਉਂਦੇ ਹੀ ਲੋਕ ਇਸ ਘਟਨਾ ਬਾਰੇ ਗੱਲ ਕਰਨ ਤੋਂ ਬਚਦੇ ਹਨ। ਇਸ ਰਾਣੀਗੰਜ ਪੰਚਾਇਤ ਦੀਆਂ ਤੰਗ ਸੜਕਾਂ 'ਤੇ ਸਿਰਫ਼ ਬਜ਼ੁਰਗ ਅਤੇ ਬੱਚੇ ਹੀ ਦਿਖਾਈ ਦੇ ਰਹੇ ਹਨ, ਜੋ ਕੈਮਰਾ ਦੇਖਦੇ ਹੀ ਬਚਣ ਦੀ ਕੋਸ਼ਿਸ਼ ਕਰਦੇ ਹਨ।
ਘਟਨਾ ਤੋਂ ਬਾਅਦ, ਬਾਬੂ ਲਾਲ ਓਰਾਂਓ ਦੇ ਉਸ ਪੁੱਤਰ ਦੀ ਸੁਰੱਖਿਆ ਵੀ ਜ਼ਰੂਰੀ ਹੋ ਗਈ ਹੈ, ਜੋ ਉਸ ਰਾਤ ਬਚ ਕੇ ਭੱਜ ਗਿਆ ਸੀ।
ਪੂਰਣੀਆ ਦੇ ਜ਼ਿਲ੍ਹਾ ਮੈਜਿਸਟ੍ਰੇਟ ਅੰਸ਼ੁਲ ਕੁਮਾਰ ਨੇ ਇਸ ਬਾਰੇ ਮੀਡੀਆ ਨੂੰ ਦੱਸਿਆ, "ਘਟਨਾ ਦੀ ਜਾਣਕਾਰੀ ਤੋਂ ਬਾਅਦ, ਸੋਮਵਾਰ ਨੂੰ ਅਸੀਂ ਲਾਸ਼ ਬਰਾਮਦ ਕਰਕੇ ਮੈਡੀਕਲ ਬੋਰਡ ਦੇ ਸਾਹਮਣੇ ਵੀਡੀਓਗ੍ਰਾਫੀ ਤੋਂ ਬਾਅਦ ਪੋਸਟਮਾਰਟਮ ਕਰਵਾਇਆ।”
“ਅੰਤਿਮ ਸੰਸਕਾਰ ਪਰਿਵਾਰਕ ਮੈਂਬਰਾਂ ਦੇ ਸਾਹਮਣੇ ਕੀਤਾ ਗਿਆ ਹੈ। ਤਿੰਨ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਬਾਕੀ ਸਾਰੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਇਸ ਮਾਮਲੇ ਵਿੱਚ ਪਿੰਡ ਦੇ ਲੋਕ ਸ਼ਾਮਲ ਸਨ, ਉਹ ਸਾਰੇ ਫਰਾਰ ਹਨ। ਪੀੜਤ ਪਰਿਵਾਰ ਦੇ ਨਾਬਾਲਗ ਪੁੱਤਰ ਨੂੰ ਪ੍ਰਸ਼ਾਸਨਿਕ ਸੁਰੱਖਿਆ ਵਿੱਚ ਰੱਖਿਆ ਗਿਆ ਹੈ।”
'ਡੈਣ' ਕਹਿ ਕੇ ਅਜਿਹਾ ਕਿਉਂ ਕੀਤਾ ਗਿਆ?

ਤਸਵੀਰ ਸਰੋਤ, Shahnawaz Ahmad/BBC
ਕੀ ਇਸ ਪਰਿਵਾਰ ਨੂੰ ਪਹਿਲਾਂ ਵੀ 'ਡੈਣ' ਕਹਿ ਕੇ ਇਸ ਤਰ੍ਹਾਂ ਪਰੇਸ਼ਾਨ ਕੀਤਾ ਗਿਆ ਹੈ? ਇਸ ਦਾ ਕੋਈ ਠੋਸ ਜਵਾਬ ਨਹੀਂ ਮਿਲਦਾ।
ਪਰ ਬੀਬੀਸੀ ਨਾਲ ਗੱਲਬਾਤ ਦੌਰਾਨ ਕਾਤੋ ਦੇਵੀ ਦੀ ਨੂੰਹ ਰਿੰਕੀ ਦੇਵੀ ਅਤੇ ਪੁੱਤਰ ਅਰਜੁਨ ਓਰਾਂਓ ਕਹਿੰਦੇ ਹਨ, "ਲਗਭਗ ਦਸ ਸਾਲ ਪਹਿਲਾਂ ਅਜਿਹਾ ਹੋਇਆ ਸੀ। ਅਸੀਂ ਕਹਿੰਦੇ ਸੀ ਕਿ ਜੇਕਰ ਅਜਿਹਾ ਕੁਝ ਹੈ, ਤਾਂ ਓਝਾ ਤੋਂ ਚੈਕ ਕਰਾ ਲਓ। ਓਝਾ ਤੋਂ ਚੈਕ ਕਰਵਾਇਆ ਗਿਆ ਪਰ ਕੁਝ ਵੀ ਨਹੀਂ ਨਿਕਲਿਆ। ਹੁਣ ਦਸ ਸਾਲਾਂ ਬਾਅਦ ਫਿਰ ਤੋਂ ਟੋਲੇ ਵਾਲੇ ਕਹਿਣ ਲੱਗ ਪਏ ਹਨ ਕਿ ਡੈਣ ਹੈ। ਪਰ ਸਾਨੂੰ ਕੁਝ ਨਹੀਂ ਪਤਾ।"
ਇੱਥੇ ਇੱਕ ਮਹੱਤਵਪੂਰਨ ਸਵਾਲ ਇਹ ਹੈ ਕਿ ਆਮ ਤੌਰ 'ਤੇ ਡੈਣ ਕੁਰੀਤੀ ਵਿੱਚ ਸਿਰਫ਼ ਮਹਿਲਾਵਾਂ ਨੂੰ ਹੀ ਨੁਕਸਾਨ ਪਹੁੰਚਾਇਆ ਜਾਂਦਾ ਹੈ। ਪਰ ਇਸ ਮਾਮਲੇ ਵਿੱਚ ਪਰਿਵਾਰ ਦੇ ਜ਼ਿਆਦਾਤਰ ਮੈਂਬਰਾਂ ਦੀ ਹੱਤਿਆ ਕਰ ਦਿੱਤੀ ਗਈ।
ਇਸ ਸਵਾਲ 'ਤੇ ਕਿ ਕੀ ਕਿਸੇ ਕਿਸਮ ਦਾ ਝਗੜਾ ਹੋਇਆ ਸੀ, ਬਾਬੂ ਲਾਲ ਓਰਾਂਓ ਦੇ ਭਰਾ ਅਰਜੁਨ ਓਰਾਂਓ ਕਹਿੰਦੇ ਹਨ, "ਸਾਡਾ ਕੋਈ ਝਗੜਾ ਨਹੀਂ ਸੀ। ਅਜਿਹੀ ਯੋਜਨਾ ਕਿਉਂ ਬਣਾਈ ਗਈ, ਸਾਨੂੰ ਇਸਦਾ ਨਹੀਂ ਪਤਾ।"
ਡੈਣ ਵਰਗੀ ਮਾੜੀ ਪ੍ਰਥਾ ਸਬੰਧੀ ਕੰਮ ਕਰ ਰਹੇ ਸੰਤੋਸ਼ ਸ਼ਰਮਾ ਕਹਿੰਦੇ ਹਨ, "ਇਹ ਸਾਡੇ ਸਾਰਿਆਂ ਲਈ ਇੱਕ ਮਹੱਤਵਪੂਰਨ ਸਵਾਲ ਹੈ ਜੋ ਜ਼ਮੀਨੀ ਪੱਧਰ 'ਤੇ ਕੰਮ ਕਰ ਰਹੇ ਹਨ - ਕਿ ਪੂਰੇ ਪਰਿਵਾਰ ਨੂੰ ਕਿਉਂ ਨਿਸ਼ਾਨਾ ਬਣਾਇਆ ਗਿਆ ਸੀ। ਡੈਣ-ਕੁਪ੍ਰਥਾ ਮਾਮਲਿਆਂ ਵਿੱਚ ਕਈ ਸਮਾਜਿਕ-ਆਰਥਿਕ ਜਾਂ ਜਾਇਦਾਦ ਦੇ ਕਾਰਨ ਹੁੰਦੇ ਹਨ, ਪਰ ਇਸ ਮਾਮਲੇ ਵਿੱਚ ਹੁਣ ਤੱਕ ਕੋਈ ਠੋਸ ਕਾਰਨ ਸਾਹਮਣੇ ਨਹੀਂ ਆ ਸਕਿਆ ਹੈ, ਨਾਲ ਹੀ ਪੂਰੇ ਪਰਿਵਾਰ ਨੂੰ ਸਾੜਨ ਦਾ ਕਾਰਨ ਸਮਝ ਤੋਂ ਪਰੇ ਹੈ।"
ਪਿੰਕੀ ਰਾਣੀ ਹੰਸਦਾ ਪੂਰਣੀਆ ਵਿੱਚ ਐਸਸੀ/ਐਸਟੀ ਕਰਮਚਾਰੀ ਯੂਨੀਅਨ ਦੇ ਸੰਯੁਕਤ ਸਕੱਤਰ ਹਨ। ਉਹ ਕਹਿੰਦੇ ਹਨ, "ਅਨਪੜ੍ਹਤਾ ਕਾਰਨ, ਕਬਾਇਲੀ ਬੀਮਾਰ ਹੋਣ 'ਤੇ ਓਝਾ (ਭੂਤ-ਪ੍ਰੇਤਾਂ ਕੱਢਣ ਦਾ ਦਾਅਵਾ ਕਰਨ ਵਾਲੇ) ਕੋਲ ਜਾਂਦੇ ਹਨ। ਸਿਰਫ਼ ਸਿੱਖਿਆ ਹੀ ਉਨ੍ਹਾਂ ਨੂੰ ਸਹੀ ਰਸਤੇ 'ਤੇ ਲਿਆ ਸਕਦੀ ਹੈ।"
ਭਾਰਤ ਵਿੱਚ ਡੈਣ ਕੁਰੀਤੀ

ਭਾਰਤ ਦੇ ਕਈ ਸੂਬਿਆਂ ਵਿੱਚ ਮਹਿਲਾਵਾਂ ਨੂੰ 'ਡੈਣ' ਕਹਿ ਕੇ ਅਣਮਨੁੱਖੀ ਵਿਵਹਾਰ ਕੀਤਾ ਜਾਂਦਾ ਹੈ। ਮਹਿਲਾਵਾਂ ਨੂੰ ਜ਼ਿੰਦਾ ਸਾੜਨ, ਉਨ੍ਹਾਂ ਨੂੰ ਮਲ ਖੁਆਉਣ, ਉਨ੍ਹਾਂ ਦੇ ਵਾਲ ਕੱਟਣ ਅਤੇ ਬਿਨਾਂ ਕੱਪੜਿਆਂ ਦੇ ਘੁੰਮਾਉਣ ਵਰਗੀਆਂ ਭਿਆਨਕ ਘਟਨਾਵਾਂ ਰਿਪੋਰਟ ਹੁੰਦੀਆਂ ਰਹਿੰਦੀਆਂ ਹਨ।
ਇਹ ਮਾੜੀ ਪ੍ਰਥਾ ਝਾਰਖੰਡ, ਅਸਮ, ਰਾਜਸਥਾਨ, ਓਡੀਸ਼ਾ, ਛੱਤੀਸਗੜ੍ਹ, ਬਿਹਾਰ ਸਮੇਤ ਕਈ ਸੂਬਿਆਂ ਵਿੱਚ ਪ੍ਰਚਲਿਤ ਹੈ। ਬਿਹਾਰ ਦੇਸ਼ ਦਾ ਪਹਿਲਾ ਸੂਬਾ ਹੈ ਜਿਸ ਕੋਲ 1999 ਵਿੱਚ ਜਾਡੈਣ ਕੁਰੀਤੀ ਸਬੰਧੀ ਕਾਨੂੰਨ ਸੀ।
ਸਾਲ 2023 ਵਿੱਚ, ਨਿਰੰਤਰ ਨਾਮਕ ਇੱਕ ਸੰਸਥਾ ਨੇ ਬਿਹਾਰ ਦੇ 10 ਜ਼ਿਲ੍ਹਿਆਂ ਦੇ 118 ਪਿੰਡਾਂ ਦੀਆਂ 145 ਅਜਿਹੀਆਂ ਮਹਿਲਾਵਾਂ ਦਾ ਸਰਵੇਖਣ ਕੀਤਾ, ਜੋ ਅਜਿਹੇ ਕੁਰੀਤੀ ਦਾ ਸ਼ਿਕਾਰ ਹੋਣ ਤੋਂ ਬਚੀਆਂ ਸਨ। ਇਨ੍ਹਾਂ ਵਿੱਚੋਂ, 97 ਪ੍ਰਤੀਸ਼ਤ ਸਰਵਾਇਵਰ ਮਹਿਲਾਵਾਂ ਪਛੜੀਆਂ, ਬਹੁਤ ਪਛੜੀਆਂ ਅਤੇ ਦਲਿਤ ਭਾਈਚਾਰਿਆਂ ਦੀਆਂ ਸਨ।
ਇਸ ਹਾਲੀਆ ਘਟਨਾ ਦੇ ਸਾਹਮਣੇ ਆਉਣ ਤੋਂ ਬਾਅਦ, ਬਿਹਾਰ ਵਿੱਚ ਮਹਿਲਾਵਾਂ ਲਈ ਕੰਮ ਕਰਨ ਵਾਲੀ ਇੱਕ ਸੰਸਥਾ, ਬਿਹਾਰ ਮਹਿਲਾ ਸਮਾਜ ਨੇ ਕਿਹਾ ਹੈ ਕਿ ਸੰਗਠਨ 10 ਜੁਲਾਈ ਨੂੰ ਪੂਰਣੀਆ ਵਿੱਚ ਆਪਣੀ ਜਾਂਚ ਟੀਮ ਭੇਜੇਗਾ ਅਤੇ ਇਸ ਮਾਮਲੇ ਦੇ ਖ਼ਿਲਾਫ਼ ਸਾਰੇ ਬਿਹਾਰ 'ਚ ਅੰਦੋਲਨ ਕਰੇਗਾ।
ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ 2022 ਦੀ ਰਿਪੋਰਟ ਦੇ ਅਨੁਸਾਰ, ਦੇਸ਼ ਭਰ ਵਿੱਚ ਡੈਣ ਕੁਰੀਤੀ ਕਾਰਨ 85 ਲੋਕਾਂ ਦੀ ਮੌਤ ਹੋਈ ਹੈ।
ਇਸ ਦੇ ਨਾਲ ਹੀ ਝਾਰਖੰਡ ਵਿੱਚ ਡੈਣ ਕੁਰੀਤੀ ਵਿਰੁੱਧ ਕੰਮ ਕਰਨ ਵਾਲੀ ਸੰਸਥਾ, ਐਸੋਸੀਏਸ਼ਨ ਫਾਰ ਸੋਸ਼ਲ ਐਂਡ ਹਿਊਮਨ ਅਵੇਅਰਨੈੱਸ ਦੇ ਸੰਸਥਾਪਕ ਅਜੈ ਕੁਮਾਰ ਜੈਸਵਾਲ ਦੱਸਦੇ ਹਨ, "ਪਿਛਲੇ 26 ਸਾਲਾਂ ਵਿੱਚ ਝਾਰਖੰਡ ਵਿੱਚ 1800 ਮਹਿਲਾਵਾਂ ਮਾਰ ਦਿੱਤੀਆਂ ਗਈਆਂ ਹਨ, ਜਿਨ੍ਹਾਂ ਵਿੱਚੋਂ 90 ਫੀਸਦੀ ਆਦਿਵਾਸੀ ਹਨ। ਡੈਣ ਕੁਰੀਤੀ ਦੇ ਜ਼ਿਆਦਾਤਰ ਮਾਮਲਿਆਂ ਵਿੱਚ ਪੁਲਿਸ ਇੱਕ-ਦੋ ਲੋਕਾਂ ਨੂੰ ਫੜਦੀ ਹੈ ਅਤੇ ਇੱਕ ਵੱਡਾ ਸਮੂਹ ਬਚ ਕੇ ਨਿਕਲ ਜਾਂਦਾ ਹੈ। ਇਨ੍ਹਾਂ ਮਾਮਲਿਆਂ ਵਿੱਚ ਕਾਨੂੰਨ ਉਦੋਂ ਹੀ ਪ੍ਰਭਾਵਸ਼ਾਲੀ ਹੋਵੇਗਾ ਜਦੋਂ ਸਾਰੇ ਜ਼ਿੰਮੇਵਾਰ ਲੋਕਾਂ ਨੂੰ ਸਜ਼ਾ ਮਿਲੇਗੀ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












