ਲੱਖਾਂ ਰੁਪਏ ਖ਼ਰਚ ਕੇ ਪੰਜਾਬੀ ਕਿਹੜੇ ਰਾਹਾਂ ਤੋਂ ਪਹੁੰਚਦੇ ਹਨ ਅਮਰੀਕਾ, ਕਿਉਂ ਚੁੱਕਦੇ ਹਨ ਇੰਨਾ ਜੋਖ਼ਮ

    • ਲੇਖਕ, ਰਾਜਵੀਰ ਕੌਰ ਗਿੱਲ
    • ਰੋਲ, ਬੀਬੀਸੀ ਪੱਤਰਕਾਰ

ਜ਼ਮੀਨਾਂ ਵੇਚ, ਕਰਜ਼ਾ ਚੁੱਕ ਘਰਾਂ ਦੇ ਹਾਲਾਤ ਸੁਧਾਰਨ ਦੇ ਸੁਫ਼ਨੇ ਨਾਲ ਘਰੋਂ ਪੁੱਟੇ ਕਦਮ ਅਤੇ ਦੂਰ ਤੱਕ ਖ਼ਿਆਲਾਂ ਵਿੱਚ ਨਹੀਂ ਸੀ ਕਿ ਇਹ ਕਦਮ ਅਮਰੀਕੀ ਫ਼ੌਜ ਦੀਆਂ ਬੇੜੀਆਂ ਵਿੱਚ ਜਕੜੇ ਪਰਤਣਗੇ।

ਅਮਰੀਕਾ ਦੇ ਫ਼ੌਜੀ ਜਹਾਜ਼ ਵਿੱਚ ਵਾਪਸ ਪਰਤੇ ਨੌਜਵਾਨ ਆਪਣੇ ਸੁਫ਼ਨੇ ਟੁੱਟਣ ਅਤੇ ਪਰਿਵਾਰਾਂ ਦੇ ਖ਼ੁਸ਼ਹਾਲ ਹੋਣ ਦੀ ਬਜਾਇ ਕਰਜ਼ੇ 'ਚ ਡੁੱਬ ਜਾਣ ਦੀ ਰਾਹ ਦਾ ਇੱਕ ਖ਼ੌਫ਼ਨਾਕ ਮੰਜ਼ਰ ਪੇਸ਼ ਕਰਦੇ ਹਨ।

ਜਹਾਜ਼ ਵਿੱਚ 104 ਭਾਰਤੀ ਅੰਮ੍ਰਿਤਸਰ ਦੇ ਗੁਰੂ ਰਾਮਦਾਸ ਏਅਰਪੋਰਟ ʼਤੇ ਲੈਂਡ ਹੋਏ ਜਹਾਜ਼ ਵਿੱਚੋਂ ਉੱਤਰੇ। ਇਨ੍ਹਾਂ ਵਿੱਚ 30 ਪੰਜਾਬੀ ਸੀ। ਜਿਨ੍ਹਾਂ ਦੇ ਬਿਆਨ ਤਕਰੀਬਨ ਇੱਕੋ ਜਿਹੀ ਕਹਾਣੀ ਦੱਸਦੇ ਹਨ।

ਬਹੁਤੇ ਹਾਲੇ ਮਹੀਨਿਆਂ ਦੀ ਭੁੱਖ-ਪਿਆਸ ਕੱਟਣ ਤੋਂ ਬਾਅਦ ਅਮਰੀਕਾ ਦੀ ਸਰਹੱਦ 'ਤੇ ਹੀ ਪਹੁੰਚੇ ਸਨ ਜਿੱਥੋਂ ਉਨ੍ਹਾਂ ਨੂੰ ਅਮਰੀਕੀ ਪੁਲਿਸ ਨੇ ਡਿਟੈਂਸ਼ਨ ਸੈਂਟਰ (ਜਿੱਥੇ ਗ਼ੈਰ-ਦਸਤਾਵੇਜ਼ੀ ਪਰਵਾਸੀਆਂ ਨੂੰ ਰੱਖਿਆ ਜਾਂਦਾ ਹੈ) ਵਿੱਚ ਭੇਜ ਦਿੱਤਾ।

ਡਿਪੋਰਟ ਕੀਤੇ ਗਏ ਭਾਰਤੀਆਂ ਨਾਲ ਪੰਜਾਬ ਪਹੁੰਚੇ ਗੁਰਦਾਸਪੁਰ ਦੇ ਜਸਪਾਲ ਸਿੰਘ ਮੁਤਾਬਕ ਉਨ੍ਹਾਂ ਨੂੰ ਜਹਾਜ਼ ਵਿੱਚ ਬੈਠਣ ਤੱਕ ਨਹੀਂ ਸੀ ਪਤਾ ਕਿ ਉਨ੍ਹਾਂ ਸਾਰਿਆਂ ਨੂੰ ਭਾਰਤ ਲਿਆਂਦਾ ਜਾ ਰਿਹਾ ਹੈ।

ਉਹ ਦੱਸਦੇ ਹਨ,"ਸਾਰਿਆਂ ਦੇ ਹੱਥਕੜੀਆਂ ਲੱਗੀਆਂ ਸਨ ਅਤੇ ਪੈਰਾਂ ਵਿੱਚ ਬੇੜੀਆਂ ਸਨ। ਉਸ ਸਮੇਂ ਲੱਗ ਰਿਹਾ ਸੀ ਕਿ ਸ਼ਾਇਦ ਕਿਸੇ ਹੋਰ ਡਿਟੈਂਸ਼ਨ ਕੈਂਪ ਵਿੱਚ ਲੈ ਕੇ ਜਾ ਰਹੇ ਹਨ। ਪਰ ਜਦੋਂ ਰਾਜਾਸਾਂਸੀ ਹਵਾਈ ਅੱਡੇ 'ਤੇ ਪਹੁੰਚੇ ਤਾਂ ਪਤਾ ਲੱਗਿਆ ਕਿ ਸਾਨੂੰ ਵਾਪਸ ਭਾਰਤ ਪਹੁੰਚਾ ਦਿੱਤਾ ਗਿਆ ਹੈ।"

ਆਖ਼ਰ ਪੰਜਾਬ ਸਣੇ ਦੇਸ਼ ਦੇ ਹੋਰ ਸੂਬਿਆਂ ਤੋਂ ਭਾਰਤੀ ਇਨ੍ਹਾਂ ਔਖੇ ਪੈਂਡਿਆਂ ਜ਼ਰੀਏ ਅਮਰੀਕਾ ਪਹੁੰਚਣ ਦਾ ਹੀਆ ਕਿਉਂ ਕਰਦੇ ਹਨ।

ਉਹ ਕਿਹੜੇ ਰਾਹ ਹਨ ਜਿਨ੍ਹਾਂ ਨੂੰ ਭਾਰਤੀ ਅਮਰੀਕਾ ਦਾ ਸੁਫ਼ਨਾ ਗ਼ੈਰ-ਕਾਨੂੰਨੀ ਤਰੀਕੇ ਨਾਲ ਪੂਰਾ ਕਰਨ ਲਈ ਅਪਣਾਉਂਦੇ ਹਨ। ਅਮਰੀਕਾ ਗ਼ੈਰ-ਕਾਨੂੰਨੀ ਪਰਵਾਸੀਆਂ ਪ੍ਰਤੀ ਹੁਣ ਅਗਾਓਂ ਕੀ ਰੁਖ਼ ਅਪਣਾ ਰਿਹਾ ਹੈ।

ਗ਼ੈਰ-ਕਾਨੂੰਨੀ ਪਰਵਾਸ ਨਾਲ ਜੁੜੇ ਅਜਿਹੇ ਸਵਾਲਾਂ ਦੇ ਜਵਾਬ ਇਸ ਰਿਪੋਰਟ ਵਿੱਚ ਤਲਾਸ਼ਨ ਦੀ ਕੋਸ਼ਿਸ਼ ਕੀਤੀ ਗਈ ਹੈ।

ਅਮਰੀਕਾ ਤੋਂ ਗ਼ੈਰ-ਕਾਨੂੰਨੀ ਪਰਵਾਸੀਆਂ ਦੀ ਵਾਪਸੀ

ਕਰੀਬ ਮਹੀਨਿਆਂ ਦੀ ਭੁੱਖ ਕੱਟ ਕੇ ਘਰ ਪਹੁੰਚੇ ਇਨ੍ਹਾਂ ਪੰਜਾਬੀਆਂ ਨਾਲ ਇੱਕ ਹੋਰ ਤਸਵੀਰ ਜੁੜੀ ਹੈ ਰੱਬ ਦਾ ਭਾਣਾ ਮੰਨਦੀਆਂ ਮਾਵਾਂ ਦੀ, ਜਿਹੜੀਆਂ ਆਪਣੇ ਪੁੱਤਾਂ-ਧੀਆਂ ਦੇ ਵਾਪਸ ਪਰਤ ਆਉਣ 'ਤੇ ਰੱਬ ਦਾ ਸ਼ੁਕਰ ਕਰ ਰਹੀਆਂ।

ਜ਼ਿਕਰਯੋਗ ਹੈ, ਰਾਜਾਸਾਂਸੀ ਹਵਾਈ ਅੱਡੇ ਤੋਂ ਇਨ੍ਹਾਂ ਨੌਜਵਾਨਾਂ ਨੂੰ ਪੁਲਿਸ ਸੁਰੱਖਿਆ ਵਿੱਚ ਵੱਖ-ਵੱਖ ਜ਼ਿਲ੍ਹਿਆਂ ਵਿੱਚ ਪੈਂਦੇ ਉਨ੍ਹਾਂ ਦੇ ਘਰਾਂ ਵਿੱਚ ਪਹੁੰਚਾਇਆ ਗਿਆ।

ਬੀਬੀਸੀ ਪੱਤਰਕਾਰ ਨਵਜੋਤ ਕੌਰ ਨੇ ਇਨ੍ਹਾਂ ਵਿੱਚੋਂ ਕਈਆਂ ਦੇ ਘਰ ਜਾ ਕੇ ਹਾਲਾਤ ਦੇਖੇ। ਉਹ ਦੱਸਦੇ ਹਨ ਕਿ ਜ਼ਿਆਦਾਤਰ ਨੌਜਵਾਨ ਆਰਥਿਕ ਪੱਖੋਂ ਕਮਜ਼ੋਰ ਪਰਿਵਾਰਾਂ ਨਾਲ ਸਬੰਧ ਰੱਖਦੇ ਹਨ।

ਉਨ੍ਹਾਂ ਨੇ ਏਜੰਟਾਂ ਨੂੰ ਦੇਣ ਲਈ ਪੈਸੇ ਵੀ ਕਰਜ਼ਾ ਲੈ ਕੇ ਜਾਂ ਫ਼ਿਰ ਰਿਸ਼ਤੇਦਾਰਾਂ ਤੋਂ ਮੋੜਨ ਦਾ ਵਾਅਦਾ ਕਰਕੇ ਲਏ ਸਨ। ਹੁਣ ਇਨ੍ਹਾਂ ਪਰਿਵਾਰਾਂ ਸਿਰ 30 ਤੋਂ 40 ਲੱਖ ਜਾਂ ਇਸ ਤੋਂ ਵੀ ਵੱਧ ਦੀ ਦੇਣਦਾਰੀ ਹੈ।

ਜ਼ਿਕਰਯੋਗ ਹੈ ਕਿ ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਦਾ ਚੋਣ ਵਾਅਦਾ ਵੀ ਦੇਸ਼ ਵਿੱਚੋਂ ਗ਼ੈਰ-ਦਸਤਾਵੇਜ਼ੀ ਪਰਵਾਸੀਆਂ ਨੂੰ ਬਾਹਰ ਦਾ ਰਸਤਾ ਦਿਖਾਉਣ ਦਾ ਸੀ।

ਟਰੰਪ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ ਸੀ, "ਸਾਡੇ ਦੇਸ਼ ਦੇ ਇਤਿਹਾਸ ਵਿੱਚ ਸਭ ਤੋਂ ਵੱਡੇ ਪੱਧਰ ਉੱਤੇ ਦੇਸ਼ ਨਿਕਾਲੇ ਹੋਣ ਜਾ ਰਹੇ ਹਨ।"

ਟਰੰਪ ਨੇ ਪਹਿਲਾਂ ਹੀ ਵੱਡੀ ਪੱਧਰ ਉੱਤੇ ਦੇਸ਼ ਨਿਕਾਲੇ ਨੂੰ ਅੰਜਾਮ ਦੇਣ ਲਈ ਅਮਰੀਕੀ ਫ਼ੌਜ ਦੀ ਵਰਤੋਂ ਲਏ ਜਾਣ ਦੀ ਗੱਲ ਆਖੀ ਸੀ।

ਜ਼ਿਕਰਯੋਗ ਹੈ ਕਿ ਟਰੰਪ ਪ੍ਰਸ਼ਾਸਨ ਤੋਂ ਪਹਿਲਾਂ ਵੀ ਅਕਤੂਬਰ 2024 ਵਿੱਚ ਵੀ ਯੂਐੱਸ ਇਮੀਗ੍ਰੇਸ਼ਨ ਐਂਡ ਕਸਟਮਜ਼ ਇਨਫ਼ੋਰਸਮੈਂਟ (ਆਈਸ) ਨੇ 1000 ਤੋਂ ਵੱਧ ਭਾਰਤੀ ਨਾਗਰਿਕਾਂ ਨੂੰ ਘਰ ਵਾਪਸ ਭੇਜਿਆ ਸੀ।

'ਜੇ ਤੁਸੀਂ ਗ਼ੈਰ-ਕਾਨੂੰਨੀ ਤਰੀਕੇ ਨਾਲ ਆਓਗੇ ਤਾਂ ਵਾਪਸ ਭੇਜੇ ਜਾਓਗੇ'-ਅਮਰੀਕਾ

ਯੂਐੱਸ ਬਾਰਡਰ ਪੈਟਰੋਲ (ਯੂਐੱਸਬੀਪੀ) ਚੀਫ਼ ਮਾਈਕਲ ਡਬਲਿਊ ਬੈਂਕਸ ਨੇ ਐਕਸ ’ਤੇ ਇੱਕ ਪੋਸਟ ਸਾਂਝੀ ਕਰਕੇ ਦੇਸ਼ ਤੋਂ ਬਾਹਰ ਕੀਤੇ ਗਏ ਗ਼ੈਰ-ਕਾਨੂੰਨੀ ਪਰਵਾਸੀਆਂ ਬਾਰੇ ਅਮਰੀਕਾ ਦਾ ਰੁਖ਼ ਦੱਸਿਆ ਹੈ।

ਯੂਐੱਸਬੀਪੀ ਅਤੇ ਭਾਈਵਾਲਾਂ ਨੇ ਸਫਲਤਾਪੂਰਵਕ ਗ਼ੈਰ-ਕਾਨੂੰਨੀ ਪਰਦੇਸੀ ਭਾਰਤ ਨੂੰ ਵਾਪਸ ਕਰ ਦਿੱਤੇ ਹਨ, ਹੁਣ ਤੱਕ ਦੀ ਸਭ ਤੋਂ ਦੂਰ ਦੇਸ਼ ਨਿਕਾਲੇ ਦੀ ਇਸ ਉਡਾਣ ਲਈ ਫ਼ੌਜੀ ਆਵਾਜਾਈ ਸਾਧਨ ਦੀ ਵਰਤੋਂ ਕੀਤੀ ਗਈ ਹੈ।

ਇਹ ਮਿਸ਼ਨ ਇਮੀਗ੍ਰੇਸ਼ਨ ਕਾਨੂੰਨਾਂ ਨੂੰ ਲਾਗੂ ਕਰਨ ਅਤੇ ਤੇਜ਼ੀ ਨਾਲ ਹਟਾਉਣ (ਨਾਲ ਗ਼ੈਰ-ਕਾਨੂੰਨੀ ਲੋਕਾਂ ਨੂੰ) ਦੀ ਪ੍ਰਕਿਰਿਆ ਨੂੰ ਯਕੀਨੀ ਬਣਾਉਣ ਲਈ ਸਾਡੀ ਵਚਨਬੱਧਤਾ ਨੂੰ ਦਰਸਾਉਂਦਾ ਹੈ।

"ਜੇਕਰ ਤੁਸੀਂ ਗੈਰ-ਕਾਨੂੰਨੀ ਤਰੀਕੇ ਨਾਲ ਆਓਗੇ ਤਾਂ, ਵਾਪਸ ਭੇਜੇ ਜਾਓਗੇ"

ਭਾਰਤ ਦੇ ਵਿਦੇਸ਼ ਮੰਤਰੀ ਜੈ ਸ਼ੰਕਰ ਨੇ ਰਾਜ ਸਭਾ ਵਿੱਚ ਡਿਪੋਰਟ ਹੋਏ ਭਾਰਤੀਆਂ ਦਾ ਜ਼ਿਕਰ ਕਰਦਿਆਂ ਕਿਹਾ, ''ਇਹ ਸਾਡੇ ਹੱਕ ਵਿੱਚ ਹੈ ਕਿ ਅਸੀਂ ਗ਼ੈਰ ਕਾਨੂੰਨੀ ਪਰਵਾਸ ਨੂੰ ਹੁੰਗਾਰਾ ਨਾ ਦੇਈਏ। ਗ਼ੈਰ ਕਾਨੂੰਨੀ ਪਰਵਾਸ ਨਾਲ ਕਈ ਹੋਰ ਤਰੀਕੇ ਦੀਆਂ ਗਤੀਵਿਧੀਆਂ ਵੀ ਜੁੜ ਜਾਂਦੀਆਂ ਹਨ ਜੋ ਖ਼ੁਦ ਵੀ ਗ਼ੈਰ ਕਾਨੂੰਨੀ ਹੁੰਦੀਆਂ ਹਨ।''

ਵਿਦੇਸ਼ ਮੰਤਰੀ ਨੇ ਕਿਹਾ ਕਿ ਅਮਰੀਕਾ ਵਿੱਚ ਡਿਪੋਰਟੇਸ਼ਨ ਦੀ ਪ੍ਰਕਿਰਿਆ ਨੂੰ ਆਈਸੀਈ ਵੱਲੋਂ ਅੰਜਾਮ ਦਿੱਤਾ ਜਾਂਦਾ ਹੈ। ਆਈਸੀਈ ਵੱਲੋਂ ਜਿਸ ਏਅਰਕਰਾਫਟ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ ਉਹ 2012 ਤੋਂ ਹੀ ਲਾਗੂ ਹੈ।

ਉਨ੍ਹਾਂ ਕਿਹਾ, ''ਵਾਪਸ ਪਰਤੇ ਭਾਰਤੀਆਂ ਤੋਂ ਜੋ ਜਾਣਕਾਰੀ ਮਿਲੇਗੀ ਤੇ ਹੋਰ ਜਾਣਕਾਰੀ ਇਕੱਠੀ ਕਰਕੇ ਏਜੰਸੀਆਂ ਗ਼ੈਰ ਕਾਨੂੰਨੀ ਏਜੰਟਾਂ ਉੱਤੇ ਨਕੇਲ ਕੱਸਣਗੀਆਂ।''

ਪੰਜਾਬੀ ਜੋਖ਼ਮ ਚੁੱਕ ਕੇ ਗ਼ੈਰ-ਕਾਨੂੰਨੀ ਪਰਵਾਸ ਕਿਉਂ ਕਰਦੇ ਹਨ

ਬੀਬੀਸੀ ਸਹਿਯੋਗੀ ਗੁਰਪ੍ਰੀਤ ਸਿੰਘ ਚਾਵਲਾ ਨੂੰ ਜਸਪਾਲ ਸਿੰਘ ਨੇ ਦੱਸਿਆ ਕਿ ਜਦੋਂ ਉਹ ਦੋ ਸਾਲ ਪਹਿਲਾਂ ਪੰਜਾਬ ਤੋਂ ਗਏ ਸਨ ਉਸ ਸਮੇਂ ਉਹ ਟਰੱਕ ਡਰਾਈਵਰ ਸਨ।

ਉਨ੍ਹਾਂ ਦੇ ਦੋ ਬੱਚੇ ਹਨ। ਜਸਪਾਲ ਸਿੰਘ ਦੱਸਦੇ ਹਨ ਕਿ 40 ਲੱਖ ਤੋਂ ਵੱਧ ਖ਼ਰਚਾ ਹੋਇਆ। ਉਨ੍ਹਾਂ ਨੂੰ ਅਮਰੀਕਾ ਪਹੁੰਚਣ ਵਿੱਚ 6 ਮਹੀਨੇ ਲੱਗੇ, ਪਮਾਨਾ ਦੇ ਜੰਗਲਾਂ ਵਿੱਚ ਕਰੀਬ 4 ਦਿਨ ਪੈਦਲ ਸਫ਼ਰ ਕੀਤਾ। ਇਸ ਸਮੇਂ ਦੌਰਾਨ ਉਹ ਜੰਗਲਾਂ ਵਿੱਚ ਵੀ ਰਹੇ।

ਜਸਪਾਲ ਕਹਿੰਦੇ ਹਨ ਉਹ ਕਰੀਬ ਢਾਈ ਸਾਲਾਂ ਤੱਕ ਅਮਰੀਕਾ ਜਾਣ ਦੀ ਦੌੜ ਵਿੱਚ ਰਹੇ ਅਤੇ ਇਸ ਸਫ਼ਰ ਨੇ ਉਨ੍ਹਾਂ ਦੀ ਸਰੀਰਕ ਸਿਹਤ ਨੂੰ ਤਾਂ ਵਿਗਾੜਿਆ ਹੀ ਨਾਲ ਹੀ ਮਾਨਸਿਕ ਸਿਹਤ ਨੂੰ ਵੀ ਪ੍ਰਭਾਵਿਤ ਕੀਤਾ ਹੈ।

ਵਾਸ਼ਿੰਗਟਨ ਸਥਿਤ ਥਿੰਕ ਟੈਂਕ ਨਿਸਕੈਨਨ ਸੈਂਟਰ ਦੇ ਪਰਵਾਸੀ ਸਬੰਧੀ ਵਿਸ਼ਲੇਸ਼ਕਾਂ ਗਿਲ ਗੁਏਰਾ ਅਤੇ ਸਨੇਹਾ ਪੁਰੀ ਦਾ ਕਹਿਣਾ ਹੈ ਕਿ ਪਰਵਾਸ ਕਰਨ ਵਾਲੇ ਬਹੁਤੇ ਲੋਕ ਆਰਥਿਕ ਤੌਰ ʼਤੇ ਹੇਠਲੇ ਤਬਕੇ ʼਚੋਂ ਨਹੀਂ ਹਨ ਪਰ ਉਨ੍ਹਾਂ ਵਿੱਚੋਂ ਬਹੁਤੇ ਘੱਟ ਸਿੱਖਿਆ ਜਾਂ ਅੰਗਰੇਜ਼ੀ ਵਿੱਚ ਮੁਹਾਰਤ ਦੀ ਘਾਟ ਕਾਰਨ ਅਮਰੀਕਾ ਦਾ ਟੂਰਿਸਟ ਜਾਂ ਵਿਦਿਆਰਥੀ ਵੀਜ਼ਾ ਹਾਸਿਲ ਕਰਨ ਦੇ ਯੋਗ ਨਹੀਂ ਸਨ।

ਇਸੇ ਲਈ ਉਨ੍ਹਾਂ ਨੇ ਏਜੰਟਾਂ ਜ਼ਰੀਏ ਅਮਰੀਕਾ ਪਹੁੰਚਣ ਦਾ ਰਾਹ ਅਖਤਿਆਰ ਕੀਤਾ। ਇਹ ਏਜੰਟ ਸਰਹੱਦੀ ਰੋਕਾਂ ਨੂੰ ਚਕਮਾ ਦੇਣ ਲਈ ਬਣਾਏ ਗਏ ਲੰਬੇ ਅਤੇ ਵਧੇਰੇ ਔਖੇ ਰੂਟਾਂ ਦੀ ਵਰਤੋਂ ਕਰਦੇ ਹਨ।

2024 ਵਿੱਚ ਅਮਰੀਕੀ ਇਮੀਗ੍ਰੇਸ਼ਨ ਅਦਾਲਤਾਂ ਦੇ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਜ਼ਿਆਦਾਤਰ ਭਾਰਤੀ ਪਰਵਾਸੀ 18-34 ਸਾਲ ਦੀ ਉਮਰ ਦੇ ਪੁਰਸ਼ ਸਨ।

ਇਸ ਦਾ ਇੱਕ ਹੋਰ ਕਾਰਨ ਹੈ ਅਮਰੀਕਾ ਪਹੁੰਚਣ ਵਿੱਚ ਲੱਗਣ ਵਾਲਾ ਸਮਾਂ। ਉੱਤਰੀ ਸਰਹੱਦ 'ਤੇ ਸਥਿਤ ਕੈਨੇਡਾ, ਭਾਰਤੀਆਂ ਲਈ ਵਧੇਰੇ ਪਹੁੰਚਯੋਗ ਪਰਵੇਸ਼ ਪੁਆਇੰਟ ਬਣ ਗਿਆ ਹੈ, ਜਿਸ ਵਿੱਚ ਵਿਜ਼ਟਰ ਵੀਜ਼ਾ ਦਾ ਪ੍ਰੋਸੈਸਿੰਗ ਸਮਾਂ 76 ਦਿਨ ਹੈ ਜਦਕਿ ਭਾਰਤ ਵਿੱਚ ਅਮਰੀਕਾ ਦੇ ਵੀਜ਼ੇ ਲਈ ਇੱਕ ਸਾਲ ਦਾ ਸਮਾਂ ਲੱਗਦਾ ਹੈ।

ਗੁਏਰਾ ਅਤੇ ਸਨੇਹਾ ਪੁਰੀ ਦਾ ਕਹਿਣਾ ਹੈ ਕਿ ਪੰਜਾਬ ਤੋਂ ਵੱਡੀ ਗਿਣਤੀ ਵਿੱਚ ਗ਼ੈਰ-ਕਾਨੂੰਨੀ ਪਰਵਾਸੀ ਆਉਂਦੇ ਹਨ। ਜਿਸ ਦਾ ਵੱਡਾ ਕਾਰਨ ਪੰਜਾਬ ਵਿੱਚ ਬੇਰੁਜ਼ਗਾਰੀ, ਖੇਤੀਬਾੜੀ ਸੰਕਟ ਅਤੇ ਵਧ ਰਹੀ ਨਸ਼ੇ ਦੀ ਸਮੱਸਿਆ ਸਣੇ ਵਿੱਤੀ ਦਿੱਕਤਾਂ ਹਨ।ਕੁਰੂਕਸ਼ੇਤਰ ਜ਼ਿਲ੍ਹੇ ਦੇ ਪੰਜਾਬ ਸਰਹੱਦ ਨਾਲ ਲੱਗਦੇ ਇੱਕ ਪਿੰਡ ਦੇ ਖੁਸ਼ਪ੍ਰੀਤ ਸਿੰਘ ਦੀ ਅਮਰੀਕਾ ਪਹੁੰਚਣ ਦੀ ਆਸ ਵੀ ਮਾਹਰਾਂ ਦੀ ਗੱਲ ਨੂੰ ਸੱਚ ਸਾਬਤ ਕਰਦੀ ਹੈ।

ਉਹ 6 ਮਹੀਨੇ ਪਹਿਲਾਂ 45 ਲੱਖ ਖਰਚ ਗਏ ਅਮਰੀਕਾ ਵੱਲ ਤੁਰੇ ਸਨ।

ਬੀਬੀਸੀ ਸਹਿਯੋਗੀ ਕਮਲ ਸੈਣੀ ਨੂੰ ਪਰਿਵਾਰ ਨੇ ਦੱਸਿਆ ਕਿ 18 ਸਾਲਾ ਖੁਸ਼ਪ੍ਰੀਤ ਸਿੰਘ ਦੇ ਪਿਤਾ ਨੇ ਆਪਣੀ ਜ਼ਮੀਨ, ਘਰ, ਪਸ਼ੂ ਸਭ ਕੁਝ ਗਹਿਣੇ ਰੱਖ ਕੇ ਪੈਸੇ ਇਕੱਠੇ ਕੀਤੇ ਅਤੇ ਉਸ ਨੂੰ ਅਮਰੀਕਾ ਭੇਜਿਆ ਸੀ ਪਰ ਉਹ ਵਾਪਸ ਆਏ ਭਾਰਤੀਆਂ ਵਿੱਚ ਸ਼ਾਮਲ ਹਨ।

ਕਿੱਥੇ ਭੇਜੇ ਜਾ ਰਹੇ ਹਨ ਗ਼ੈਰ-ਕਾਨੂੰਨੀ ਪਰਵਾਸੀ

ਟਰੰਪ ਪ੍ਰਸ਼ਾਸਨ ਨੇ ਹਾਲ ਹੀ ਵਿੱਚ ਵੱਡੇ ਪੱਧਰ ਉੱਤੇ ਗ਼ੈਰ-ਕਾਨੂੰਨੀ ਪਰਵਾਸੀਆਂ ਦੀ ਗ੍ਰਿਫ਼ਤਾਰੀ ਲਈ ਮੁਹਿੰਮ ਚਲਾਈ ਹੈ।

ਅਪਰਾਧਿਕ ਅਤੇ ਬਿਨਾਂ ਅਪਰਾਧ ਵਾਲਾ ਪਿਛੋਕੜ ਰੱਖਣ ਵਾਲੇ ਹਜ਼ਾਰਾਂ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਹੈ।

ਬੀਬੀਸੀ ਪੱਤਰਕਾਰ ਬਰਨਡ ਡੈਬੁਸਮੈਨ ਜੂਨੀਅਰ ਅਤੇ ਵਿਲ ਗ੍ਰਾਂਟ ਦੀ ਰਿਪੋਰਟ ਮੁਤਾਬਕ 20 ਜਨਵਰੀ ਤੋਂ ਜਦੋਂ ਦਾ ਟਰੰਪ ਨੇ ਅਹੁਦਾ ਸੰਭਾਲਿਆ ਹੈ ਉਦੋਂ ਤੋਂ ਹੀ ਸ਼ਿਕਾਗੋ, ਨਿਊ ਯਾਰਕ, ਡੈਨਵਰ ਅਤੇ ਲਾਸ ਐਂਜਲਸ ਵਰਗੇ ਵੱਡੇ ਸ਼ਹਿਰਾਂ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ।

ਇਮੀਗ੍ਰੇਸ਼ਨ ਅਤੇ ਕਸਟਮ ਐਨਫੋਰਸ (ਆਈਸੀਈ) ਦੇ ਅੰਕੜਿਆਂ ਮੁਤਾਬਕ, ਵ੍ਹਾਈਟ ਹਾਊਸ ਵਿੱਚ ਟਰੰਪ ਦੀ ਵਾਪਸੀ ਤੋਂ ਬਾਅਦ ਹੁਣ ਤੱਕ 3500 ਗ਼ੈਰ-ਕਾਨੂੰਨੀ ਪਰਵਾਸੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਟਰੰਪ ਦੇ ਬਿਆਨਾਂ 'ਤੇ ਅਲੋਚਕਾਂ ਦੇ ਖ਼ਦਸ਼ਿਆਂ ਨੂੰ ਦਕਕਿਨਾਰ ਕਰਕੇ ਇਤਬਾਰ ਕੀਤਾ ਜਾਵੇ ਤਾਂ ਸਾਰੇ ਗ਼ੈਰ-ਦਸਤਾਵੇਜ਼ੀ ਪਰਵਾਸੀਆਂ ਨੂੰ ਦੇਸ਼ ਨਿਕਾਲਾ ਦਿੱਤਾ ਜਾਵੇਗਾ।

ਟਰੰਪ ਨੇ ਗੁਆਂਟਾਨਾਮੋ ਬੇ ਵਿੱਚ ਇੱਕ ਪਰਵਾਸੀ ਨਜ਼ਰਬੰਦੀ ਸਹੂਲਤ ਵਾਲਾ ਸੈਂਟਰ ਬਣਾਉਣ ਦੇ ਹੁਕਮ ਵੀ ਦਿੱਤੇ ਹਨ। ਉਨ੍ਹਾਂ ਮੁਤਾਬਕ ਇਸ ਸੈਂਟਰ ਵਿੱਚ 30,000 ਲੋਕਾਂ ਨੂੰ ਰੱਖਿਆ ਜਾ ਸਕਦਾ ਹੈ।

ਗੁਆਂਟਾਨਾਮੋ ਬੇ ਲੰਬੇ ਸਮੇਂ ਤੋਂ ਪਰਵਾਸੀਆਂ ਨੂੰ ਰੱਖਣ ਲਈ ਵਰਤੀ ਜਾਂਦੀ ਰਹੀ ਹੈ, ਇੱਕ ਅਜਿਹਾ ਅਭਿਆਸ ਜਿਸ ਦੀ ਕੁਝ ਮਨੁੱਖੀ ਅਧਿਕਾਰ ਸਮੂਹਾਂ ਦੁਆਰਾ ਆਲੋਚਨਾ ਕੀਤੀ ਗਈ ਹੈ।

ਭਾਰਤੀਆਂ ਵੱਲੋਂ ਅਮਰੀਕਾ ਜਾਣ ਲਈ ਵਰਤੇ ਜਾਂਦੇ ਰੂਟ

ਪਹਿਲਾਂ, ਜ਼ਿਆਦਾਤਰ ਭਾਰਤੀ ਪਰਵਾਸੀ ਮੈਕਸੀਕੋ ਦੇ ਨਾਲ ਲਗਦੀ ਤੇ ਕਾਫੀ ਮਸਰੂਫ਼ ਦੱਖਣੀ ਸਰਹੱਦ ਰਾਹੀਂ ਐੱਲ ਸੈਲਵਾਡੋਰ ਜਾਂ ਨਿਕਾਰਾਗੁਆ ਰਾਹੀਂ ਅਮਰੀਕਾ ਵਿੱਚ ਦਾਖ਼ਲ ਹੁੰਦੇ ਸਨ, ਇਹ ਦੋਵੇਂ ਪਰਵਾਸ ਦੀ ਸਹੂਲਤ ਦਿੰਦੇ ਹਨ।

ਬੀਬੀਸੀ ਪੱਤਰਕਾਰ ਸਰਬਜੀਤ ਸਿੰਘ ਨੇ ਵੱਖ-ਵੱਖ ਏਜੰਟਾਂ ਜਿਨ੍ਹਾਂ ਨੇ ਨਾਮ ਨਾ ਜ਼ਾਹਰ ਕਰਨ ਦੀ ਸ਼ਰਤ ਰੱਖੀ ਨਾਲ ਗੱਲਬਾਤ ਕਰਕੇ ਭਾਰਤ ਤੋਂ ਇਸਤੇਮਾਲ ਕੀਤੇ ਜਾਣ ਵਾਲੇ ਡੰਕੀ ਰੂਟਾਂ ਬਾਰੇ ਜਾਣਕਾਰੀ ਇਕੱਤਰ ਕੀਤੀ ਸੀ।

ਉਨ੍ਹਾਂ ਰਿਪੋਰਟ ਮੁਤਾਬਕ ਨਵੰਬਰ 2022 ਤੱਕ ਭਾਰਤੀ ਨਾਗਰਿਕਾਂ ਨੂੰ ਐੱਲ ਸੈਲਵਾਡੋਰ ਵਿੱਚ ਵੀਜ਼ਾ-ਮੁਕਤ ਯਾਤਰਾ ਦੀ ਸਹੂਲਤ ਸੀ।

ਮੌਜੂਦਾ ਪ੍ਰਚਲਤ ਰੂਟ ਏਕਵਾਡੋਰ ਜ਼ਰੀਏ ਹੈ, ਉੱਥੋਂ ਡੌਂਕੀ ਰਾਹੀਂ ਕੋਲੰਬੀਆ ਅਤੇ ਫ਼ਿਰ ਪਨਾਮਾ।

ਪਨਾਮਾ ਦਾ ਖ਼ਤਰਨਾਕ ਜੰਗਲ ਪਾਰ ਕਰਨ ਤੋਂ ਬਾਅਦ ਕੋਸਟਾ ਰੀਕਾ ਅਤੇ ਇੱਥੋਂ ਨਿਕਾਰਾਗੁਆ ਪਹੁੰਚਿਆ ਜਾਂਦਾ ਹੈ।

ਨਿਕਾਰਾਗੁਆ ਤੋਂ ਹੌਂਡੂਰਸ ਵਿੱਚ ਐਂਟਰੀ ਕਰਵਾਈ ਜਾਂਦੀ ਹੈ। ਇੱਥੋਂ ਫਿਰ ਗੁਆਟੇਮਾਲਾ ਤੇ ਮੈਕਸੀਕੋ ਪਹੁੰਚਿਆ ਜਾਂਦਾ ਹੈ।

ਮੈਕਸੀਕੋ ਪਹੁੰਚਣ ਤੋਂ ਬਾਅਦ ਸਰਹੱਦ ਪਾਰ ਕਰ ਕੇ ਨੌਜਵਾਨ ਅਮਰੀਕਾ ਵਿੱਚ ਦਾਖਲ ਹੁੰਦੇ ਹਨ।

ਕੁਝ ਏਜੰਟ ਬ੍ਰਾਜ਼ੀਲ ਅਤੇ ਵੈਨੇਜ਼ੁਏਲਾ ਰਾਹੀਂ ਵੀ ਨੌਜਵਾਨਾਂ ਨੂੰ ਮੈਕਸੀਕੋ ਲੈ ਕੇ ਜਾਂਦੇ ਹਨ।

ਜਸਪਾਲ ਸਿੰਘ ਨੇ ਪਮਾਨਾ ਦੇ ਜੰਗਲਾਂ ਦੇ ਅਮਨੁੱਖੀ ਹਾਲਾਤ ਬਾਰੇ ਦੱਸਿਆ। ਉਨ੍ਹਾਂ ਦਾ ਦਾਅਵਾ ਹੈ ਕਿ ਰਾਹ ਵਿੱਚ ਲਾਸ਼ਾਂ ਪਈਆਂ ਸਨ, ਜਿਨ੍ਹਾਂ ਵਿੱਚ ਔਰਤਾਂ ਦੇ ਪਿੰਜਰ ਵੀ ਸ਼ਾਮਲ ਸਨ।

ਉਹ ਦਾਅਵਾ ਕਰਦੇ ਹਨ ਕਿ ਇਹ ਰਸਤਾ ਜ਼ਿਆਦਾਤਰ ਭੁੱਖੇ-ਪਿਆਸੇ ਕੱਟਣਾ ਪੈਂਦਾ ਅਤੇ ਜੇ ਕੋਈ ਗਰੁੱਪ ਦਾ ਸਾਥੀ ਕਿਸੇ ਵੀ ਕਾਰਨ ਕਰਕੇ ਪਿੱਛੇ ਰਹਿ ਜਾਵੇ ਤਾਂ ਬਾਕੀ ਮੈਂਬਰ ਉਸ ਨੂੰ ਹਾਲਾਤ 'ਤੇ ਛੱਡ ਕੇ ਅੱਗੇ ਰਵਾਨਾ ਹੋ ਜਾਂਦੇ ਹਨ।

ਡੰਕੀ ਦਾ ਪੈਂਡਾ ਇਸ ਗੱਲ ਉੱਤੇ ਵੀ ਨਿਰਭਰ ਕਰਦਾ ਹੈ ਕਿ ਡੰਕਰ ਦੀ ਸੈਟਿੰਗ ਅਤੇ ਉਸ ਦਾ ਨੈੱਟਵਰਕ ਕਿਸ ਦੇਸ਼ ਵਿੱਚ ਚੰਗਾ ਹੈ।

ਖੁਸ਼ਪ੍ਰੀਤ ਸਿੰਘ ਵੀ ਦੱਸਦੇ ਹਨ ਕਿ ਪਮਾਨਾ ਦੇ ਜੰਗਲਾਂ ਨੂੰ ਪਾਰ ਕਰਨ ਲੱਗਿਆਂ ਉਨ੍ਹਾਂ ਨੂੰ ਕਿਹਾ ਗਿਆ ਸੀ,"ਪਾਣੀ ਪੀ ਕੇ ਜੰਗਲ ਪਾਰ ਕਰੀ ਜਾਓ। ਜਿਹੜਾ ਕੋਈ ਪਿੱਛੇ ਰਹਿ ਗਿਆ ਉਸ ਨੂੰ ਪਿੱਛੇ ਮੁੜ ਦੇਖਣਾ ਵੀ ਨਹੀਂ, ਬਸ ਆਪਣਾ ਤੁਰੀ ਜਾਣਾ ਹੈ।"

ਉਹ ਕਹਿੰਦੇ ਹਨ, "ਜਿਹੜਾ ਤਾਂ ਡੰਕਰ ਨਾਲ ਪੈਰ ਨਾਲ ਪੈਰ ਮਿਲਾਉਂਦਾ ਸੀ, ਉਹੀ ਪਾਰ ਹੋ ਸਕਦਾ ਹੈ ਜੋ ਪਿੱਛੇ ਰਹਿ ਜਾਂਦਾ ਹੈ, ਉਹ ਰਹਿ ਹੀ ਜਾਂਦਾ ਹੈ।"

ਇਸ ਤੋਂ ਇਲਾਵਾ ਗ਼ੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ ਜਾਣ ਦਾ ਇੱਕ ਹੋਰ ਰੂਟ ਯੂਰਪ ਤੋਂ ਹੋ ਕੇ ਵੀ ਜਾਂਦਾ ਹੈ।

ਇਸ ਰੂਟ ਤਹਿਤ ਏਜੰਟ ਨੌਜਵਾਨਾਂ ਨੂੰ ਪਹਿਲਾਂ ਸਪੇਨ ਜਾਂ ਫਿਰ ਹਾਲੈਂਡ ਪਹੁੰਚਾਉਂਦੇ ਹਨ।

ਇਸ ਤੋਂ ਇਲਾਵਾ ਨਵਾਂ ਰੂਟ ਹੁਣ ਡੁਬਈ ਜ਼ਰੀਏ ਅਮਰੀਕਾ ਪਹੁੰਚਣ ਦਾ ਹੈ।

ਡੰਕੀ ਲਾ ਕੇ ਅਮਰੀਕਾ ਜਾਣ ਵਿੱਚ ਹਰਿਆਣਾ ਵੀ ਪਿੱਛੇ ਨਹੀਂ

ਸਰਬਜੀਤ ਸਿੰਘ ਧਾਲੀਵਾਲ ਨੇ ਸਤੰਬਰ, 2024 ਵਿੱਚ 'ਡੰਕੀ ਦਾ ਹੱਬ' ਕਹੇ ਜਾਣ ਵਾਲੇ ਹਰਿਆਣਾ ਦੇ ਪਿੰਡ ਮੋਰਖੀ ਦਾ ਦੌਰਾ ਕੀਤਾ।

ਜੀਂਦ ਜਿਲ੍ਹੇ ਦੇ ਇਸ ਪਿੰਡ ਵਿੱਚ ਜਦੋਂ ਕਿਸੇ ਘਰੋਂ ਪਟਾਕੇ ਚਲਾਉਣ ਦੀਆਂ ਆਵਾਜ਼ਾਂ ਆਉਣ ਲੱਗ ਜਾਣ ਤਾਂ ਸਾਰਾ ਪਿੰਡ ਸਮਝ ਜਾਂਦਾ ਹੈ ਕਿ ਡੰਕੀ ਲਾ ਕੇ ਵਿਦੇਸ਼ ਗਿਆ ਉਸ ਘਰ ਦਾ ਨੌਜਵਾਨ ਆਪਣੇ ਟਿਕਾਣੇ ਉੱਤੇ ਪਹੁੰਚ ਗਿਆ ਹੈ।

ਕਰੀਬ ਛੇ ਹਜ਼ਾਰ ਦੀ ਆਬਾਦੀ ਵਾਲੇ ਮੋਰਖੀ ਪਿੰਡ ਦੇ ਕਈ ਨੌਜਵਾਨ ਗ਼ੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ ਜਾ ਚੁੱਕੇ ਹਨ।

ਪਿੰਡ ਵਾਸੀ ਪਾਲਾ ਰਾਮ ਮੁਤਾਬਕ ਪੰਜ ਸੋ ਦੇ ਕਰੀਬ ਨੌਜਵਾਨ ਪਿਛਲੇ ਸਾਲਾ ਦੌਰਾਨ ਅਮਰੀਕਾ ਚਲੇ ਗਏ ਹਨ ਅਤੇ ਕੁਝ ਅਜੇ ਰਸਤੇ ਵਿੱਚ ਹਨ।

ਅਮਰੀਕਾ ਜਾਣ ਦੇ ਕਾਰਨਾਂ ਬਾਰੇ ਪਾਲਾ ਰਾਮ ਕਹਿੰਦੇ ਹਨ ਕਿ, "ਇੱਕ ਤਾਂ ਬੇਰੁਜ਼ਗਾਰੀ ਹੈ। ਦੂਜਾ ਜ਼ਮੀਨ ਤੋਂ ਆਮਦਨੀ ਲਗਾਤਾਰ ਘੱਟ ਰਹੀ ਹੈ ਅਤੇ ਤੀਜਾ ਨੌਜਵਾਨਾਂ ਵਿੱਚ ਰੀਸਬਾਜ਼ੀ ਵੀ ਹੈ।"

ਅਮਰੀਕਾ ਵਿੱਚ ਕਿੰਨੇ ਗ਼ੈਰ-ਦਸਤਾਵੇਜ਼ੀ ਕਾਮੇ ਹਨ

ਹੋਮਲੈਂਡ ਸਿਕਿਓਰਿਟੀ ਵਿਭਾਗ ਅਤੇ ਪਿਊ ਦੀ 2024 ਦੀ ਰਿਸਰਚ ਦੇ ਅੰਕੜੇ ਦਰਸਾਉਂਦੇ ਹਨ ਕਿ 2022 ਤੱਕ, ਅਮਰੀਕਾ ਵਿੱਚ ਤਕਰੀਬਨ 1.10 ਕਰੋੜ ਗ਼ੈਰ-ਦਸਤਾਵੇਜ਼ੀ ਪਰਵਾਸੀ ਸਨ, ਜੋ ਕਿ ਕੁੱਲ ਆਬਾਦੀ ਦਾ ਤਕਰੀਬਨ 3.3 ਫ਼ੀਸਦ ਹਿੱਸਾ ਬਣਦੇ ਹਨ।

ਸੰਖਿਆ 2005 ਤੋਂ ਮੁਕਾਬਲਤਨ ਸਥਿਰ ਰਹੀ ਹੈ। ਹਾਲਾਂਕਿ ਪਿਊ ਨੇ ਚੇਤਾਵਨੀ ਦਿੱਤੀ ਹੈ ਕਿ ਕੁਝ ਕਾਰਕ ਅਜੇ ਵੀ ਅਧਿਕਾਰਤ ਅੰਕੜਿਆਂ ਤੋਂ ਬਾਹਰ ਹੋ ਸਕਦੇ ਹਨ, ਜਿਵੇਂ ਕਿ ਕਿਊਬਾ, ਵੈਨੇਜ਼ੁਏਲਾ, ਹੈਤੀ ਅਤੇ ਨਿਕਾਰਾਗੁਆ ਤੋਂ ਮਾਨਵਤਾਵਾਦੀ ਪਰਮਿਟ ਹਾਸਿਲ ਕਰਕੇ ਪਹੁੰਚੇ 500,000 ਪਰਵਾਸੀ।

ਜ਼ਿਆਦਾਤਰ ਗ਼ੈਰ-ਦਸਤਾਵੇਜ਼ੀ ਪਰਵਾਸੀ ਲੰਬੇ ਸਮੇਂ ਤੋਂ ਅਮਰੀਕਾ ਵਿੱਚ ਰਹਿ ਰਹੇ ਹਨ। ਕਰੀਬ 80 ਫ਼ੀਸਦ ਇੱਕ ਦਹਾਕੇ ਤੋਂ ਵੱਧ ਸਮੇਂ ਤੋਂ ਦੇਸ਼ ਵਿੱਚ ਹਨ। ਇਨ੍ਹਾਂ ਵਿੱਚੋਂ ਤਕਰੀਬਨ ਅੱਧੇ ਮੈਕਸੀਕੋ ਰਾਹੀਂ ਆਉਣ ਵਾਲੇ ਹਨ, ਇਸ ਤੋਂ ਬਾਅਦ ਗੁਆਟੇਮਾਲਾ, ਅਲ ਸੈਲਵਾਡੋਰ ਅਤੇ ਹੌਂਡੂਰਸ ਤੋਂ ਆਏ ਹਨ।

ਇਨ੍ਹਾਂ ਪਰਵਾਸੀਆਂ ਦੇ ਟਿਕਾਣੇ ਛੇ ਸੂਬਿਆਂ ਕੈਲੀਫੋਰਨੀਆ, ਟੈਕਸਾਸ, ਫਲੋਰੀਡਾ, ਨਿਊਯਾਰਕ, ਨਿਊ ਜਰਸੀ ਅਤੇ ਇਲੀਨੋਇਸ ਵਿੱਚ ਹਨ।

ਜੇ ਭਾਰਤੀ ਤੋਂ ਜਾਣ ਵਾਲਿਆਂ ਦੀ ਗੱਲ ਕਰੀਏ ਤਾਂ 2020 ਤੋਂ ਅਮਰੀਕਾ ਦੇ ਕਸਟਮ ਅਤੇ ਸਰਹੱਦ ਸੁਰੱਖਿਆ (ਸੀਪੀਬੀ) ਅਧਿਕਾਰੀਆਂ ਨੇ ਉੱਤਰੀ ਅਤੇ ਦੱਖਣੀ ਦੋਵਾਂ ਸਰਹੱਦਾਂ ʼਤੇ ਗ਼ੈਰ-ਕਾਨੂੰਨੀ ਢੰਗ ਨਾਲ ਦਾਖ਼ਲ ਹੋਣ ਵਾਲੇ ਕਰੀਬ 1,70,000 ਭਾਰਤੀ ਪਰਵਾਸੀਆਂ ਨੂੰ ਹਿਰਾਸਤ ਵਿੱਚ ਲਿਆ ਹੈ।

ਪਿਊ ਰਿਸਰਚ ਸੈਂਟਰ ਅੰਕੜੇ ਦਰਸਾਉਂਦੇ ਹਨ ਕਿ 2022 ਤੱਕ, ਅੰਦਾਜ਼ਨ 7,25,000 ਭਾਰਤੀ ਬਿਨ੍ਹਾਂ ਦਸਤਾਵੇਜ਼ਾਂ ਦੇ ਅਮਰੀਕਾ ਵਿੱਚ ਦਾਖ਼ਲ ਹੋਏ ਸਨ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)