ਟਰੰਪ ਗੈਰ-ਕਾਨੂੰਨੀ ਪਰਵਾਸੀਆਂ ਨੂੰ ਅਮਰੀਕੀ ਫੌਜ ਦੇ ਜਹਾਜ਼ ਰਾਹੀਂ ਹੀ ਵਾਪਸ ਕਿਉਂ ਭੇਜ ਰਿਹਾ ਹੈ, ਇਸ ਪਿੱਛੇ ਅਸਲ ਵਜ੍ਹਾ ਕੀ ਹੈ?

ਅਮਰੀਕਾ ਵਿੱਚ ਗੈਰ-ਕਾਨੂੰਨੀ ਤਰੀਕੇ ਨਾਲ ਰਹਿ ਰਹੇ ਭਾਰਤੀ ਪਰਵਾਸੀਆਂ ਨੂੰ ਲੈ ਕੇ ਅਮਰੀਕੀ ਫੌਜ ਦਾ ਇੱਕ ਜਹਾਜ਼ ਭਾਰਤ ਪਹੁੰਚ ਚੁੱਕਿਆ ਹੈ।

ਇਸ ਜਹਾਜ਼ ਵਿੱਚ ਕਿੰਨੇ ਭਾਰਤੀ ਸੀ, ਇਸ ਨੂੰ ਲੈ ਕੇ ਕੋਈ ਅਧਿਕਾਰਤ ਅੰਕੜਾ ਹਾਲੇ ਤੱਕ ਸਾਹਮਣੇ ਨਹੀਂ ਆਇਆ ਹੈ। ਹਾਲਾਂਕਿ ਮੀਡੀਆ ਰਿਪੋਰਟਾਂ ਵਿੱਚ ਇਹ ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਦੀ ਗਿਣਤੀ 100 ਤੋਂ ਵੱਧ ਹੈ।

ਡੌਨਲਡ ਟਰੰਪ ਦੇ ਦੂਜੀ ਵਾਰ ਸੱਤਾ ਸੰਭਾਲਣ ਤੋਂ ਬਾਅਦ ਇਹ ਅਮਰੀਕਾ ਵਿੱਚ ਰਹਿ ਰਹੇ ਭਾਰਤੀਆਂ ਦਾ ਪਹਿਲਾ ਦੇਸ਼ ਨਿਕਾਲਾ ਹੈ। ਭਾਰਤ ਤੋਂ ਇਲਾਵਾ ਅਮਰੀਕਾ ਤੋਂ ਬਰਾਜ਼ਿਲ, ਗਵਾਟੇਮਾਲਾ, ਪੇਰੂ ਅਤੇ ਹੋਂਡੂਰਾਸ ਦੇ ਲੋਕਾਂ ਨੂੰ ਵੀ ਫੌਜ ਨੇ ਜਹਾਜ਼ ਰਾਹੀਂ ਵਾਪਸ ਭੇਜਿਆ ਹੈ।

ਫੌਜ ਦੇ ਜਹਾਜ਼ ਤੋਂ ਗੈਰ-ਕਾਨੂੰਨੀ ਪਰਵਾਸੀਆਂ ਨੂੰ ਉਨ੍ਹਾਂ ਦੇ ਦੇਸ਼ ਭੇਜਣ ਦੇ ਫ਼ੈਸਲੇ ਨੂੰ ਲੈ ਕੇ ਟਰੰਪ ਪ੍ਰਸ਼ਾਸਨ ਦੀ ਕਾਫੀ ਨਿੰਦਾ ਕੀਤੀ ਗਈ ਹੈ।

ਡੌਨਲਡ ਟਰੰਪ ਨੇ ਜਦੋਂ ਕੋਲੰਬੀਆ ਦੇ ਗੈਰ-ਕਾਨੂੰਨੀ ਪਰਵਾਸੀਆਂ ਨੂੰ ਅਮਰੀਕੀ ਫੌਜ ਦੇ ਜਹਾਜ਼ ਰਾਹੀਂ ਉਨ੍ਹਾਂ ਦੇ ਦੇਸ਼ ਵਾਪਸ ਭੇਜਣ ਦਾ ਐਲਾਨ ਕੀਤਾ ਤਾਂ ਕੋਲੰਬੀਆ ਦੇ ਰਾਸ਼ਟਰਪਤੀ ਗੁਸਤਾਵੋ ਪੇਡਰੋ ਨੇ ਇਸ ਦਾ ਵਿਰੋਧ ਕੀਤਾ।

ਉਨ੍ਹਾਂ ਕਿਹਾ ਕਿ ਉਹ ਆਪਣੇ ਨਾਗਰਿਕਾਂ ਦੇ 'ਸਤਿਕਾਰ' ਨੂੰ ਬਰਕਰਾਰ ਰੱਖਣਾ ਚਾਹੁੰਦੇ ਹਨ। ਇਸ ਤੋਂ ਬਾਅਦ ਕੋਲੰਬੀਆ ਹਵਾਈ ਫੌਜ ਦੇ ਦੋ ਜਹਾਜ਼ ਅਮਰੀਕਾ ਗਏ ਅਤੇ ਗੈਰ-ਕਾਨੂੰਨੀ ਪਰਵਾਸੀਆਂ ਨੂੰ ਲੈ ਕੇ ਰਾਜਧਾਨੀ ਬੋਗੋਟਾ ਪਹੁੰਚੇ।

ਇਸ ਤੋਂ ਪਹਿਲਾਂ ਬਰਾਜ਼ਿਲ ਦੇ ਗੈਰ-ਕਾਨੂੰਨੀ ਪਰਵਾਸੀਆਂ ਨੂੰ ਉਨ੍ਹਾਂ ਦੇ ਦੇਸ਼ ਵਾਪਸ ਭੇਜਣ ਸਮੇਂ ਅਮਰੀਕੀ ਫੌਜ ਦੇ ਜਹਾਜ਼ ਦੀਆਂ ਕੁਝ ਤਸਵੀਰਾਂ ਵੀ ਜਨਤਕ ਹੋਈਆਂ ਸਨ, ਜਿਨ੍ਹਾਂ ਵਿੱਚ ਲੋਕਾਂ ਨੂੰ ਹੱਥਕੜੀਆਂ ਅਤੇ ਬੇੜੀਆਂ ਪਹਿਨਾਈਆਂ ਹੋਈਆਂ ਸਨ।

ਇਨ੍ਹਾਂ ਤਸਵੀਰਾਂ ਦੇ ਸਾਹਮਣੇ ਆਉਣ ਤੋਂ ਬਾਅਦ ਡੌਨਲਡ ਟਰੰਪ ਪ੍ਰਸ਼ਾਸਨ ਦੀ ਨਿੰਦਾ ਹੋਈ ਸੀ। ਇਸ ਤੋਂ ਬਾਅਦ ਵੀ ਡੌਨਲਡ ਟਰੰਪ ਨੇ ਨਰਮੀ ਨਹੀਂ ਦਿਖਾਈ ਅਤੇ ਅਮਰੀਕੀ ਫੌਜ ਦਾ ਇਸਤੇਮਾਲ ਗੈਰ-ਕਾਨੂੰਨੀ ਪਰਵਾਸੀਆਂ ਨੂੰ ਉਨ੍ਹਾਂ ਦੇ ਦੇਸ਼ ਵਾਪਸ ਭੇਜਣ ਵਿੱਚ ਕੀਤਾ ਜਾ ਰਿਹਾ ਹੈ।

ਹੁਣ ਅਮਰੀਕੀ ਫੌਜ ਦੇ ਜਹਾਜ਼ ਤੋਂ ਗੈਰ-ਕਾਨੂੰਨੀ ਭਾਰਤੀ ਪਰਵਾਸੀਆਂ ਨੂੰ ਉਨ੍ਹਾਂ ਦੇ ਦੇਸ਼ ਭੇਜਿਆ ਗਿਆ ਹੈ।

ਫੌਜ ਦਾ ਇਸਤੇਮਾਲ ਕਿਉਂ ਕਰ ਰਹੇ ਹਨ ਟਰੰਪ?

ਡੌਨਲਡ ਟਰੰਪ ਨੇ 20 ਜਨਵਰੀ ਨੂੰ ਅਮਰੀਕਾ ਦੇ ਰਾਸ਼ਟਰਪਤੀ ਅਹੁਦੇ ਦੀ ਸਹੁੰ ਲੈਣ ਤੋਂ ਬਾਅਦ ਕਈ ਐਗਜ਼ੀਕਿਊਟਿਵ ਆਰਡਸ ਉਪਰ ਦਸਤਖ਼ਤ ਕੀਤੇ ਸੀ, ਜਿਸ ਵਿੱਚ ਦੇਸ਼ ਦੀਆਂ ਸਰਹੱਦਾਂ ਉਪਰ ਰੱਖਿਆ ਦੇ ਲਈ ਅਮਰੀਕੀ ਫੌਜ ਨੂੰ ਅਧਿਕਾਰ ਦਿੱਤੇ ਗਏ ਸਨ।

ਇਸ ਤੋਂ ਇਲਾਵਾ ਉਸ ਸਮੇਂ ਅਮਰੀਕਾ ਦੇ ਕਾਰਜਕਾਰੀ ਰੱਖਿਆ ਮੰਤਰੀ ਰੌਬਰਟ ਸੇਲੇਸੇਸ ਨੇ ਇੱਕ ਬਿਆਨ ਵਿੱਚ ਕਿਹਾ ਸੀ ਕਿ ਰੱਖਿਆ ਮੰਤਰਾਲਾ ਦੇਸ਼ ਦੇ ਗ੍ਰਹਿ ਸੁਰੱਖਿਆ ਮੰਤਰਾਲਾ ਨੂੰ 'ਫੌਜ ਦਾ ਜਹਾਜ਼ ਮੁਹੱਈਆ ਕਰਵਾਏਗਾ' ਤਾਂ ਕਿ ਪੰਜ ਹਜ਼ਾਰ ਤੋਂ ਵੱਧ 'ਗੈਰ-ਕਾਨੂੰਨੀ ਪਰਵਾਸੀਆਂ' ਨੂੰ ਵਾਪਸ ਭੇਜਿਆ ਜਾ ਸਕੇ।

ਉਨ੍ਹਾਂ ਤੋਂ ਇਲਾਵਾ ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਵੀ ਗੈਰ-ਕਾਨੂੰਨੀ ਪਰਵਾਸੀਆਂ ਨੂੰ 'ਏਲਿਅਨਜ਼' ਅਤੇ 'ਅਪਰਾਧੀ' ਕਹਿ ਚੁੱਕੇ ਹਨ।

ਹਾਲ ਹੀ ਵਿੱਚ ਰਿਪਬਲਿਕਨ ਪਾਰਟੀ ਦੇ ਸੰਸਦਾਂ ਦੇ ਨਾਲ ਗੱਲ ਕਰਦੇ ਹੋਏ ਟਰੰਪ ਨੇ ਕਿਹਾ ਸੀ, "ਇਤਿਹਾਸ ਵਿੱਚ ਪਹਿਲੀ ਵਾਰ ਅਸੀਂ ਫੌਜੀ ਜਹਾਜ਼ ਵਿੱਚ ਗੈਰ-ਕਾਨੂੰਨੀ ਏਲਿਅਨਜ਼ ਨੂੰ ਚੜ੍ਹਾਵਾਂਗੇ ਅਤੇ ਉਡ ਕੇ ਉਥੇ ਛੱਡ ਕੇ ਆਵਾਂਗੇ, ਜਿਥੋਂ ਉਹ ਆਏ ਸਨ। ਅਸੀਂ ਫਿਰ ਤੋਂ ਸਨਮਾਨ ਚਾਹੁੰਦੇ ਹਾਂ, ਸਾਲਾਂ ਤੋਂ ਉਹ ਸਾਡੇ ਉਪਰ ਹੱਸਦੇ ਰਹੇ ਹਨ, ਜਿਵੇਂ ਅਸੀਂ ਬੇਵਕੂਫ ਲੋਕ ਹਾਂ।"

ਉਥੇ ਹੀ 24 ਜਨਵਰੀ ਨੂੰ ਵ੍ਹਾਈਟ ਹਾਊਸ ਦੀ ਪ੍ਰੈਸ ਸਕੱਤਰ ਕੈਰੋਲਿਨ ਲਿਅਵਿਟ ਨੇ ਐਕਸ 'ਤੇ ਫੌਜ ਦੇ ਜਹਾਜ਼ ਵਿੱਚ ਹੱਥਕੜੀਆਂ ਪਾ ਕੇ ਚੜ੍ਹਦੇ ਲੋਕਾਂ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਸਨ।

ਇਸ ਦੇ ਨਾਲ ਹੀ ਉਨ੍ਹਾਂ ਨੇ ਲਿਖਿਆ ਸੀ, "ਦੇਸ਼ ਨਿਕਾਲੇ ਦੀਆਂ ਉਡਾਣਾਂ ਸ਼ੁਰੂ ਹੋ ਚੁੱਕੀਆਂ ਹਨ। ਰਾਸ਼ਟਰਪਤੀ ਟਰੰਪ ਪੂਰੀ ਦੁਨੀਆ ਨੂੰ ਮਜ਼ਬੂਤ ਅਤੇ ਸਾਫ ਸੰਦੇਸ਼ ਭੇਜ ਰਹੇ ਹਨ ਕਿ ਜੇ ਤੁਸੀਂ ਅਮਰੀਕਾ ਵਿੱਚ ਗੈਰ-ਕਾਨੂੰਨੀ ਤਰੀਕੇ ਨਾਲ ਆਓਗੇ ਤਾਂ ਤੁਸੀਂ ਗੰਭੀਰ ਨਤੀਜੇ ਭੁਗਤੋਗੇ।"

ਇਹ ਮੰਨ ਕੇ ਚੱਲਿਆ ਜਾ ਰਿਹਾ ਹੈ ਕਿ ਫੌਜ ਦੇ ਜਹਾਜ਼ਾਂ ਦਾ ਇਸਤੇਮਾਲ ਕਰ ਕੇ ਟਰੰਪ ਸੰਕੇਤਕ ਰੂਪ ਵਿੱਚ ਇੱਕ ਮਜ਼ਬੂਤ ਸੰਦੇਸ਼ ਦੇਣਾ ਚਾਹੁੰਦੇ ਹਨ।

ਲੰਘੇ ਦਸੰਬਰ ਵਿੱਚ ਉਨ੍ਹਾਂ ਨੇ ਕਿਹਾ ਸੀ ਕਿ ਉਹ ਗੈਰ-ਕਾਨੂੰਨੀ ਪਰਵਾਸੀਆਂ ਨੂੰ ਤੁਰੰਤ ਵਾਪਸ ਭੇਜਣ ਦੇ ਪੱਖ ਵਿੱਚ ਹਨ, ਨਾ ਕਿ ਹਿਰਾਸਤ ਵਿੱਚ ਰੱਖ ਕੇ ਉਨ੍ਹਾਂ ਨੂੰ ਕਾਨੂੰਨੀ ਅਪੀਲ ਦਾ ਸਮਾਂ ਦਿੱਤਾ ਜਾਵੇ।

ਉਨ੍ਹਾਂ ਨੇ ਕਿਹਾ ਸੀ, "ਮੈਂ ਨਹੀਂ ਚਾਹੁੰਦਾ ਕਿ ਉਹ ਅਗਲੇ 20 ਸਾਲ ਕੈਂਪ ਵਿੱਚ ਬੈਠਣ। ਮੈਂ ਉਨ੍ਹਾਂ ਨੂੰ ਬਾਹਰ ਚਾਹੁੰਦਾ ਹਾਂ ਅਤੇ ਉਨ੍ਹਾਂ ਦੇ ਦੇਸ਼ਾਂ ਨੂੰ ਉਨ੍ਹਾਂ ਨੂੰ ਵਾਪਸ ਲੈਣਾ ਹੋਵੇਗਾ।"

ਫੌਜ ਦੇ ਜਹਾਜ਼ਾਂ ਨੂੰ ਦਬਦਬੇ ਦੇ ਸੰਕੇਤ ਦੇ ਤੌਰ 'ਤੇ ਵੀ ਦੇਖਿਆ ਜਾਂਦਾ ਹੈ, ਜਿਸ ਕਾਰਨ ਕੋਲੰਬੀਆ ਦੇ ਰਾਸ਼ਟਰਪਤੀ ਨੇ ਅਮਰੀਕਾ ਦੇ ਜਹਾਜ਼ ਨੂੰ ਆਪਣੇ ਦੇਸ਼ ਵਿੱਚ ਨਹੀਂ ਉਤਰਨ ਦਿੱਤਾ ਸੀ। ਇਸ ਤੋਂ ਬਾਅਦ ਕੋਲੰਬੀਆ ਦਾ ਜਹਾਜ਼ ਅਮਰੀਕਾ ਗਿਆ ਸੀ ਅਤੇ ਆਪਣੇ ਲੋਕਾਂ ਨੂੰ ਵਾਪਸ ਲੈ ਕੇ ਆਇਆ।

ਫੌਜੀ ਜਹਾਜ਼ਾਂ ਵਿੱਚ ਜਬਰਨ ਲੋਕਾਂ ਨੂੰ ਬਿਠਾ ਕੇ ਦੂਜੇ ਦੇਸ਼ ਦੀ ਜ਼ਮੀਨ 'ਤੇ ਉਤਰਨ ਨੂੰ ਪ੍ਰਭੂਸੱਤਾ ਨਾਲ ਜੋੜ ਕੇ ਵੀ ਦੇਖਿਆ ਜਾਂਦਾ ਹੈ। ਇਸੀ ਵਜ੍ਹਾ ਕਾਰਨ ਮੈਕਸਿਕੋ ਦੀ ਰਾਸ਼ਟਰਪਤੀ ਕਲਾਓਡਿਆ ਸ਼ੀਨਬਾਮ ਨੇ ਇਸ ਮੁੱਦੇ ਨੂੰ ਲੈਕੇ ਵੱਡਾ ਬਿਆਨ ਦਿੱਤਾ ਸੀ।

ਉਨ੍ਹਾਂ ਨੇ ਕਿਹਾ ਸੀ, "ਉਹ ਆਪਣੀ ਹੱਦ ਦੇ ਅੰਦਰ ਇਹ ਹਰਕਤ ਕਰ ਸਕਦੇ ਹਨ। ਜਦੋਂ ਮੈਕਸਿਕੋ ਦੀ ਗੱਲ ਆਉਂਦੀ ਹੈ ਤਾਂ ਅਸੀਂ ਸਾਡੀ ਪ੍ਰਭੂਸੱਤਾ ਦੀ ਰੱਖਿਆ ਕਰਾਂਗੇ ਅਤੇ ਤਾਲਮੇਲ ਦੇ ਲਈ ਗੱਲਬਾਤ ਦੀ ਸੰਭਾਵਨਾਵਾਂ ਤਲਾਸ਼ਾਂਗੇ।"

ਟਰੰਪ ਦੇ ਫ਼ੈਸਲੇ ਨੂੰ ਆਪਣੀ ਤਾਕਤ ਦਿਖਾਉਣ ਦੇ ਤੌਰ 'ਤੇ ਵੀ ਦੇਖਿਆ ਜਾ ਰਿਹਾ ਹੈ ਕਿਉਂਕਿ ਫੌਜ ਦੇ ਜਹਾਜ਼ ਦਾ ਇਸਤੇਮਾਲ ਕਾਫੀ ਖਰਚੀਲਾ ਹੁੰਦਾ ਹੈ।

ਫੌਜ ਦੇ ਜਹਾਜ਼ ਅਤੇ ਕਮਰਸ਼ੀਅਲ ਉਡਾਣਾਂ ਦੇ ਖਰਚ ਵਿੱਚ ਅੰਤਰ

ਹੁਣ ਤੱਕ ਅਮਰੀਕਾ ਵੱਲੋਂ ਗੈਰ-ਕਾਨੂੰਨੀ ਤੌਰ 'ਤੇ ਰਹਿ ਰਹੇ ਲੋਕਾਂ ਨੂੰ ਵਾਪਸ ਭੇਜਣ ਲਈ ਆਮ ਯਾਤਰੂ ਜਹਾਜ਼ਾਂ ਦਾ ਪ੍ਰਬੰਧ ਕਰਦਾ ਆ ਰਿਹਾ ਹੈ। ਇਸ ਦੀ ਜ਼ਿੰਮੇਵਾਰੀ ਅਮਰੀਕੀ ਕਸਟਮਜ਼ ਅਤੇ ਇਮੀਗ੍ਰੇਸ਼ਨ ਇਨਫੋਰਸਮੈਂਟ (ICE) ਦੀ ਹੁੰਦੀ ਸੀ।

ਇਨ੍ਹਾਂ ਉਡਾਣਾਂ ਬਾਰੇ ਜ਼ਿਆਦਾ ਚਰਚਾ ਵੀ ਨਹੀਂ ਹੋਈ ਕਿਉਂਕਿ ਇਹ ਉਡਾਣਾਂ ਬਹੁਤ ਛੋਟੇ ਪੱਧਰ ਤੇ ਸਨ। ਪਰ ਹੁਣ ਅਮਰੀਕਾ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਵਾਪਸ ਭੇਜਣ ਲਈ ਫੌਜ ਦੇ ਸੀ-17 ਗਲੋਬਮਾਸਟਰ ਵਰਗੇ ਵੱਡੇ ਜਹਾਜ਼ਾਂ ਦੀ ਵਰਤੋਂ ਕਰ ਰਿਹਾ ਹੈ।

ਨਿਊਜ਼ ਏਜੰਸੀ ਰਾਇਟਰਜ਼ ਨੇ ਦੋਵਾਂ ਤਰ੍ਹਾਂ ਦੀਆਂ ਉਡਾਣਾਂ ਦੇ ਖਰਚਿਆਂ ਦੀ ਤੁਲਨਾ ਕੀਤੀ ਹੈ।

ਇਸ ਰਿਪੋਰਟ ਦੇ ਅਨੁਸਾਰ, ਪਿਛਲੇ ਹਫ਼ਤੇ ਗੁਆਟੇਮਾਲਾ ਤੋਂ ਫੌਜ ਨੇ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਵਾਪਸ ਭੇਜ ਦਿੱਤਾ ਸੀ। ਇਸ ਵਿੱਚ ਹਰੇਕ ਯਾਤਰੀ ਦਾ ਖਰਚਾ 4675 ਡਾਲਰ ਯਾਨੀ ਲਗਭਗ ਚਾਰ ਲੱਖ ਰੁਪਏ ਸੀ।

ਇਹ ਕੀਮਤ ਅਮਰੀਕਨ ਏਅਰਲਾਈਨਜ਼ ਦੇ ਗੁਆਟੇਮਾਲਾ ਜਾਣ ਵਾਲੇ ਇੱਕ ਪਾਸੇ ਦੇ ਪਹਿਲੇ ਦਰਜੇ ਦੇ ਟਿਕਟ ਦੀ ਕੀਮਤ ਤੋਂ ਪੰਜ ਗੁਣਾ ਵੱਧ ਸੀ ਜੋ ਕਿ 853 ਡਾਲਰ (ਲਗਭਗ 74 ਹਜ਼ਾਰ ਰੁਪਏ) ਸੀ।

ਰਾਇਟਰਜ਼ ਦੇ ਅਨੁਸਾਰ, ਉਸ ਸਮੇਂ ਦੇ ਆਈਸੀਈ ਦੇ ਕਾਰਜਕਾਰੀ ਨਿਰਦੇਸ਼ਕ ਟਾਈ ਜੌਹਨਸਨ ਨੇ ਅਪ੍ਰੈਲ 2023 ਵਿੱਚ ਬਜਟ 'ਤੇ ਦੱਸਿਆ ਸੀ ਕਿ 135 ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਲਗਭਗ ਪੰਜ ਘੰਟਿਆਂ ਦੀ ਉਡਾਣ 'ਤੇ ਭੇਜਣ ਦੀ ਲਾਗਤ 17,000 ਡਾਲਰ (ਲਗਭਗ 15 ਲੱਖ ਰੁਪਏ) ਆਉਂਦੀ ਹੈ।

ਇਸ ਦੇ ਮੁਕਾਬਲੇ, ਅਮਰੀਕੀ ਫੌਜ ਦੇ ਸੀ-17 ਫੌਜੀ ਟਰਾਂਸਪੋਰਟ ਜਹਾਜ਼ਾਂ ਦੀ ਕੀਮਤ ਕਈ ਗੁਣਾ ਜ਼ਿਆਦਾ ਹੈ। ਰਾਇਟਰਜ਼ ਦੀ ਰਿਪੋਰਟ ਦੇ ਅਨੁਸਾਰ, ਇਸ ਜਹਾਜ਼ ਦੀ ਪ੍ਰਤੀ ਘੰਟਾ ਖਰਚ 28,500 ਡਾਲਰ (ਲਗਭਗ 24 ਲੱਖ ਰੁਪਏ) ਹੈ।

ਹੁਣ ਤੱਕ ਕਿਹੜੇ ਜਹਾਜ਼ ਵਰਤੇ ਜਾ ਚੁੱਕੇ ਹਨ?

ਹਾਲ ਹੀ ਵਿੱਚ ਸ਼ੁਰੂ ਹੋਈ ਦੇਸ਼ ਨਿਕਾਲੇ ਦੀ ਪ੍ਰਕਿਰਿਆ ਵਿੱਚ, ਹੁਣ ਤੱਕ ਦੀ ਸਭ ਤੋਂ ਲੰਬੀ ਉਡਾਣ ਭਾਰਤ ਦੀ ਹੈ। ਇਸ ਦੌਰਾਨ, ਅਮਰੀਕੀ ਫੌਜੀ ਜਹਾਜ਼ ਗੁਆਟੇਮਾਲਾ, ਪੇਰੂ, ਹੋਂਡੂਰਸ ਅਤੇ ਇਕਵਾਡੋਰ ਗਏ ਹਨ।

ਦਿ ਨਿਊਯਾਰਕ ਟਾਈਮਜ਼ ਦੀ ਇੱਕ ਰਿਪੋਰਟ ਦੇ ਅਨੁਸਾਰ, ਹੁਣ ਤੱਕ ਅਮਰੀਕਾ ਤੋਂ ਸਿਰਫ਼ ਛੇ ਫੌਜੀ ਜਹਾਜ਼ਾਂ ਨੇ ਉਡਾਣ ਭਰੀ ਹੈ।

ਅਜਿਹੀਆਂ ਰਿਪੋਰਟਾਂ ਵੀ ਹਨ ਕਿ ਟਰੰਪ ਪ੍ਰਸ਼ਾਸਨ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਭੇਜਣ ਲਈ ਗੈਰ-ਫੌਜੀ ਜਹਾਜ਼ਾਂ ਦੀ ਵੀ ਵਰਤੋਂ ਕਰ ਰਿਹਾ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)