ਡੌਂਕੀ ਰਾਹੀਂ ਅਮਰੀਕਾ ਪਰਵਾਸ: ਨਿਕਾਰਾਗੁਆ ਦੇਸ਼ ’ਚ ਅਜਿਹਾ ਕੀ ਖ਼ਾਸ ਹੈ ਕਿ ਲੋਕ ਤਸ਼ੱਦਦ ਸਹਿ ਕੇ ਵੀ ਇੱਥੇ ਜਾ ਰਹੇ

    • ਲੇਖਕ, ਸਰਬਜੀਤ ਸਿੰਘ ਧਾਲੀਵਾਲ
    • ਰੋਲ, ਬੀਬੀਸੀ ਪੱਤਰਕਾਰ

ਮੱਧ ਅਮਰੀਕਾ ਦਾ ਇੱਕ ਦੇਸ਼ ਨਿਕਾਰਾਗੁਆ ਅੱਜ ਕੱਲ੍ਹ ਚਰਚਾ ਵਿੱਚ ਹੈ। ਅਸਲ ਵਿੱਚ ਮਨੁੱਖੀ ਤਸਕਰੀ ਦੇ ਸ਼ੱਕ ਵਿੱਚ ਫਰਾਂਸ ਦੇ ਇੱਕ ਹਵਾਈ ਅੱਡੇ 'ਤੇ ਕਈ ਦਿਨਾਂ ਤੱਕ ਸੈਂਕੜੇ ਭਾਰਤੀ ਨਾਗਰਿਕਾਂ ਨੂੰ ਲੈ ਕੇ ਖੜ੍ਹਾ ਇੱਕ ਜਹਾਜ਼ ਪਿਛਲੇ ਦਿਨੀਂ ਭਾਰਤ ਪਰਤਿਆ ਹੈ।

ਇਸ ਫਲਾਈਟ ਨੇ ਦੁਬਈ ਤੋਂ ਉਡਾਣ ਭਰੀ ਸੀ ਅਤੇ ਇਸ ਦਾ ਸਫ਼ਰ ਨਿਕਾਰਾਗੁਆ ਤੱਕ ਦਾ ਸੀ।

ਫਲਾਈਟ ਵਿੱਚ ਕੁੱਲ 301 ਯਾਤਰੀ ਸਨ ਅਤੇ ਇਨ੍ਹਾਂ ਵਿੱਚੋਂ 25 ਨੇ ਸ਼ਰਨਾਰਥੀ ਵਜੋਂ ਫਰਾਂਸ ਵਿੱਚ ਪਨਾਹ ਲੈ ਲਈ ਹੈ ਅਤੇ ਬਾਕੀ 276 ਵਾਪਸ ਪਰਤੇ ਆਏ ਹਨ।

ਵਾਪਸ ਪਰਤੇ ਲੋਕਾਂ ਵਿੱਚੋਂ ਬਹੁਤੇ ਗੁਜਰਾਤੀ ਅਤੇ ਪੰਜਾਬੀ ਮੂਲ ਦੇ ਦੱਸੇ ਜਾ ਰਹੇ ਹਨ।

ਕਿਵੇਂ ਦਾ ਹੈ ਨਿਕਾਰਾਗੁਆ ਦੇਸ਼

ਜੋ ਜਹਾਜ਼ ਫਰਾਂਸ ਤੋਂ ਵਾਪਸ ਭਾਰਤ ਪਰਤਿਆ ਹੈ ਉਹ ਚਾਰਟਡ ਏਅਰਬੱਸ ਏ 340 ਸੀ, ਜਿਸ ਨੇ ਸੰਯੁਕਤ ਅਰਬ ਅਮੀਰਾਤ (ਯੂਏਈ) ਤੋਂ ਨਿਕਾਰਾਗੁਆ ਲਈ ਉਡਾਣ ਭਰੀ ਸੀ। ਪਰ ਰਸਤੇ ਵਿੱਚ ਇਹ ਕੁਝ ਸਮੇਂ ਲਈ ਫਰਾਂਸ ਵਿੱਚ ਲੈਂਡ ਹੋਇਆ।

ਫਰਾਂਸ ਦੀਆਂ ਏਜੰਸੀਆਂ ਨੂੰ ਜਦੋਂ ਇਸ ਉੱਤੇ ਸ਼ੱਕ ਹੋਇਆ ਤਾਂ ਇਸ ਨੂੰ ਜਾਂਚ ਮਗਰੋਂ ਵਾਪਸ ਭਾਰਤ ਭੇਜ ਦਿੱਤਾ ਗਿਆ ਕਿਉਂਕਿ ਇਸ ਵਿੱਚ ਜ਼ਿਆਦਾਤਰ ਲੋਕ ਭਾਰਤੀ ਮੂਲ ਦੇ ਸਨ।

ਪ੍ਰਸ਼ਾਂਤ ਮਹਾਂਸਾਗਰ ਅਤੇ ਕੈਰੇਬੀਅਨ ਸਾਗਰ ਵਿਚਕਾਰ ਸਥਾਪਤ ਨਿਕਾਰਾਗੁਆ ਦੀ ਸਰਹੱਦ ਕਾਸਟਾ ਰੀਕਾ ਅਤੇ ਹੌਂਡੂਰਸ ਨਾਲ ਲੱਗਦੀ ਹੈ।

ਹੌਂਡੂਰਸ ਤੋਂ ਅਗਲਾ ਦੇਸ਼ ਗੁਆਟੇਮਾਲਾ ਹੈ ਅਤੇ ਗੁਆਟੇਮਾਲਾ ਦੀ ਸਰਹੱਦ ਮੈਕਸੀਕੋ ਨਾਲ ਲੱਗਦੀ ਹੈ।

ਇਸ ਦੇਸ਼ ਦੀ ਭੂਗੋਲਿਕ ਸਥਿਤੀ ਹੀ ਇਸ ਦੀ ਚਰਚਾ ਦਾ ਕਾਰਨ ਹੈ। ਨਿਕਾਰਾਗੁਆ ਦੀ ਰਾਜਧਾਨੀ ਮਾਨਾਗੁਆ ਹੈ ਅਤੇ ਇਹੀ ਇਸ ਦੇਸ਼ ਦਾ ਸਭ ਤੋਂ ਵੱਡਾ ਸ਼ਹਿਰ ਵੀ ਹੈ। ਨਿਕਾਰਾਗੁਆ ਦੀ ਆਰਥਿਕਤਾ ਖੇਤੀਬਾੜੀ ਉੱਤੇ ਨਿਰਭਰ ਕਰਦੀ ਹੈ।

ਨਿਕਾਰਾਗੁਆ ਦੀ ਯਾਤਰਾ ਲਈ ਕੀ ਹਨ ਨਿਯਮ

ਨਿਕਾਰਾਗੁਆ ਦੀ ਭਾਰਤ ਵਿੱਚ ਕੋਈ ਵੀ ਅੰਬੈਸੀ ਨਹੀਂ ਹੈ। ਜਾਪਾਨ ਸਥਿਤ ਅੰਬੈਸੀ ਹੀ ਭਾਰਤ ਦਾ ਕੰਮ ਕਾਜ ਦੇਖਦੀ ਹੈ।

ਭਾਰਤ ਵਿੱਚ ਨਿਕਾਰਾਗੁਆ ਦੇ ਸਿਰਫ ਆਨਰੇਰੀ ਕੌਂਸਲ ਜਨਰਲ ਆਫਿਸ ਹਨ। ਦਿੱਲੀ ਸਥਿਤ ਨਿਕਾਰਾਗੁਆ ਦੇ ਆਨਰੇਰੀ ਕੌਂਸਲ ਜਨਰਲ ਵਿਵੇਕ ਬਰਮਨ ਹਨ।

ਬੀਬੀਸੀ ਨਾਲ ਗੱਲਬਾਤ ਕਰਦਿਆਂ ਇੱਕ ਅਧਿਕਾਰੀ ਨੇ ਦੱਸਿਆ ਕਿ ਭਾਰਤੀਆਂ ਲਈ ਨਿਕਾਰਾਗੁਆ ਲਈ ਵੀਜ਼ੇ ਦੀ ਲੋੜ ਨਹੀਂ ਹੈ।

ਉਨ੍ਹਾਂ ਦੱਸਿਆ ਕਿ ਯਾਤਰਾ ਤੋਂ ਕਰੀਬ ਦੋ ਹਫ਼ਤੇ ਪਹਿਲਾਂ ਨਿਕਾਰਾਗੁਆ ਦੇ ਵਿਦੇਸ਼ ਮੰਤਰਾਲੇ ਨੂੰ ਈ-ਮੇਲ ਦੇ ਜ਼ਰੀਏ ਯਾਤਰਾ ਦੀ ਜਾਣਕਾਰੀ ਦੇਣੀ ਹੁੰਦੀ ਹੈ ਜਿਸ ਵਿੱਚ ਪਾਸਪੋਰਟ ਅਤੇ ਯਾਤਰਾ ਦੇ ਵੇਰਵੇ ਦੇਣੇ ਹੁੰਦੇ ਹਨ।

ਵਿਦੇਸ਼ ਮੰਤਰਾਲੇ ਤੋਂ ਜਵਾਬ ਤੋਂ ਬਾਅਦ ਹੀ ਯਾਤਰਾ ਕੀਤੀ ਜਾ ਸਕਦੀ ਹੈ।

ਡੌਂਕੀ ਦਾ ਰੂਟ

ਗ਼ੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ ਜਾਣ ਵਾਲੇ ਨੌਜਵਾਨ ਨੂੰ ਏਜੰਟ ਕਈ ਰਸਤਿਆਂ ਰਾਹੀਂ ਅਮਰੀਕਾ ਲੈ ਕੇ ਜਾਂਦੇ ਹਨ।

ਸਭ ਤੋਂ ਪਹਿਲਾਂ ਇਨ੍ਹਾਂ ਨੂੰ ਲਾਤੀਨੀ ਅਮਰੀਕੀ ਦੇਸ਼ਾਂ ਤੱਕ ਪਹੁੰਚਾਇਆ ਜਾਂਦਾ ਹੈ, ਇਸ ਦਾ ਕਾਰਨ ਹੈ ਇਹਨਾਂ ਦੇ ਦੇਸ਼ਾਂ ਦੀ ਸੌਖੀ ਵੀਜ਼ਾ ਪ੍ਰਣਾਲੀ।

ਡੌਂਕੀ ਰਾਹੀਂ ਅਮਰੀਕਾ ਪਹੁੰਚੇ ਅਤੇ ਫਿਰ ਉੱਥੋਂ ਡਿਪੋਰਟ ਹੋਏ ਇੱਕ ਨੌਜਵਾਨ ਨੇ ਨਾਮ ਨਾ ਛਾਪਣ ਦੀ ਸ਼ਰਤ ਉੱਤੇ ਦੱਸਿਆ ਕਿ ਏਜੰਟ ਕੁਝ ਨੂੰ ਪਹਿਲਾਂ ਏਕਵਾਡੋਰ ਲੈ ਕੇ ਜਾਂਦੇ ਹਨ, ਉੱਥੋਂ ਡੌਂਕੀ ਰਾਹੀਂ ਕੋਲੰਬੀਆ ਅਤੇ ਫਿਰ ਪਨਾਮਾ।

ਪਨਾਮਾ ਦਾ ਖ਼ਤਰਨਾਕ ਜੰਗਲ ਪਾਰ ਕਰਨ ਤੋਂ ਬਾਅਦ ਕੋਸਟਾ ਰੀਕਾ ਅਤੇ ਇੱਥੋਂ ਨਿਕਾਰਾਗੁਆ ਪਹੁੰਚਿਆ ਜਾਂਦਾ ਹੈ।

ਨਿਕਾਰਾਗੁਆ ਤੋਂ ਹੌਂਡੂਰਸ ਵਿੱਚ ਐਂਟਰੀ ਕਰਵਾਈ ਜਾਂਦੀ ਹੈ। ਇੱਥੋਂ ਫਿਰ ਗੁਆਟੇਮਾਲਾ ਤੇ ਮੈਕਸੀਕੋ ਪਹੁੰਚਿਆ ਜਾਂਦਾ ਹੈ।

ਮੈਕਸੀਕੋ ਪਹੁੰਚਣ ਤੋਂ ਬਾਅਦ ਸਰਹੱਦ ਪਾਰ ਕਰ ਕੇ ਨੌਜਵਾਨ ਅਮਰੀਕਾ ਵਿੱਚ ਦਾਖਲ ਹੁੰਦੇ ਹਨ।

ਕੁਝ ਏਜੰਟ ਬ੍ਰਾਜ਼ੀਲ ਅਤੇ ਵੈਨੇਜ਼ੁਏਲਾ ਰਾਹੀਂ ਵੀ ਨੌਜਵਾਨਾਂ ਨੂੰ ਮੈਕਸੀਕੋ ਲੈ ਕੇ ਜਾਂਦੇ ਹਨ।

ਡੌਂਕੀ ਦਾ ਪੈਂਡਾ ਇਸ ਗੱਲ ਉੱਤੇ ਵੀ ਨਿਰਭਰ ਕਰਦਾ ਹੈ ਕਿ ਡੌਂਕਰ ਦੀ ਸੈਟਿੰਗ ਅਤੇ ਉਸ ਦਾ ਨੈੱਟਵਰਕ ਕਿਸ ਦੇਸ਼ ਵਿੱਚ ਚੰਗਾ ਹੈ।

ਡੌਂਕਰ ਸ਼ਬਦ ਉਸ ਵਿਅਕਤੀ ਲਈ ਵਰਤਿਆ ਜਾਂਦਾ ਹੈ ਜੋ ਨੌਜਵਾਨਾਂ ਨੂੰ ਗ਼ੈਰ ਕਾਨੂੰਨੀ ਤਰੀਕੇ ਨਾਲ ਇੱਕ ਦੇਸ਼ ਤੋਂ ਦੂਜੇ ਦੇਸ਼ ਵਿੱਚ ਪਹੁੰਚਾਉਣ ਵਿੱਚ ਮਦਦ ਕਰਦਾ ਹੈ।

ਮੈਕਸੀਕੋ–ਅਮਰੀਕਾ ਸਰਹੱਦ

ਅਮਰੀਕਾ ਅਤੇ ਮੈਕਸੀਕੋ ਦਾ ਬਾਰਡਰ ਕਰੀਬ 3,140 ਕਿਲੋਮੀਟਰ ਲੰਬਾ ਹੈ। ਇੱਥੇ ਅਮਰੀਕਾ ਨੇ ਕੰਡਿਆਲੀ ਤਾਰ ਅਤੇ ਲੋਹੇ ਦੀਆਂ ਗਰਿੱਲਾਂ ਦੀ ਦੀਵਾਰ ਬਣਾਈ ਹੋਈ ਹੈ।

ਗ਼ੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ ਜਾਣ ਵਾਲੇ ਨੌਜਵਾਨ ਅਕਸਰ ਮੈਕਸੀਕੋ ਵਾਲੇ ਪਾਸੇ ਤੋਂ ਇਸ ਦੀਵਾਰ ਨੂੰ ਪਾਰ ਕਰਦੇ ਹਨ ਅਤੇ ਅਮਰੀਕਾ ਵਿੱਚ ਐਂਟਰੀ ਕਰਦੇ ਹਨ।

ਇਸ ਤੋਂ ਇਲਾਵਾ ਕੁਝ ਥਾਵਾਂ ਤੋਂ ਏਜੰਟ ਇਸ ਦੀਵਾਰ ਦੇ ਨਾਲ ਬਣਾਈ ਸੁਰੰਗ ਰਾਹੀਂ ਵੀ ਅਮਰੀਕਾ ਵਿੱਚ ਐਂਟਰੀ ਕਰਵਾਉਂਦੇ ਹਨ।

ਅਮਰੀਕਾ ਵਿੱਚ ਦਾਖ਼ਲੇ ਤੋਂ ਬਾਅਦ ਏਜੰਟ ਦਾ ਕੰਮ ਖ਼ਤਮ ਹੋ ਜਾਂਦਾ ਹੈ। ਅਮਰੀਕਾ ਵਿੱਚ ਦਾਖਲੇ ਤੋਂ ਬਾਅਦ ਅਮਰੀਕੀ ਬਾਰਡਰ ਏਜੰਸੀ ਇਨ੍ਹਾਂ ਨੂੰ ਗ੍ਰਿਫ਼ਤਾਰ ਕਰ ਲੈਂਦੀ ਹੈ ਅਤੇ ਕੈਂਪਾਂ ਵਿੱਚ ਰੱਖਦੀ ਹੈ।

ਅਮਰੀਕਾ ਜਾਣ ਦਾ ਦੂਜਾ ਰੂਟ

ਇਸ ਤੋਂ ਇਲਾਵਾ ਗ਼ੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ ਜਾਣ ਦਾ ਇੱਕ ਹੋਰ ਰੂਟ ਯੂਰਪ ਤੋਂ ਹੋ ਕੇ ਵੀ ਜਾਂਦਾ ਹੈ।

ਇਸ ਰੂਟ ਤਹਿਤ ਏਜੰਟ ਨੌਜਵਾਨਾਂ ਨੂੰ ਪਹਿਲਾਂ ਸਪੇਨ ਜਾਂ ਫਿਰ ਹਾਲੈਂਡ ਪਹੁੰਚਾਉਂਦੇ ਹਨ।

ਫਰਾਂਸ ਵਿੱਚ ਰਹਿਣ ਵਾਲੇ ਕੁਲਵਿੰਦਰ ਸਿੰਘ ਦੱਸਦੇ ਹਨ ਕਿ ਇਨ੍ਹਾਂ ਦੇਸ਼ਾਂ ਵਿੱਚ ਜ਼ਿਆਦਾ ਸਖ਼ਤੀ ਨਹੀਂ ਹੈ ਅਤੇ ਵੀਜ਼ਾ ਮਿਲ ਜਾਂਦਾ ਹੈ।

ਇੱਥੋਂ ਫਲਾਈਟ ਰਾਹੀਂ ਨੌਜਵਾਨਾਂ ਨੂੰ ਨਿਕਾਰਾਗੁਆ ਪਹੁੰਚਿਆ ਜਾਂਦਾ ਹੈ। ਇੱਥੋਂ ਫਿਰ ਏਜੰਟ ਸਥਾਨਕ ਡੌਂਕਰਾਂ ਨਾਲ ਮਿਲ ਕੇ ਮੈਕਸੀਕੋ ਲੈ ਕੇ ਜਾਂਦੇ ਹਨ।

ਜੋ ਫਲਾਈਟ ਫਰਾਂਸ ਤੋਂ ਵਾਪਸ ਭਾਰਤ ਪਰਤੀ ਹੈ ਉਸ ਨੇ ਵੀ ਦੁਬਈ ਤੋਂ ਨਿਕਾਰਾਗੁਆ ਲਈ ਉਡਾਣ ਭਰੀ ਸੀ।

ਫਰਾਂਸ ਵਿੱਚ ਰਹਿਣ ਵਾਲੇ ਜਲੰਧਰ ਦੇ ਕੁਲਵਿੰਦਰ ਸਿੰਘ ਦੱਸਦੇ ਹਨ ਕਿ ਕੁਝ ਲੋਕ ਫਰਾਂਸ ਜਾਂ ਇੰਗਲੈਂਡ ਰਾਹੀਂ ਡੌਂਕੀ ਦੇ ਰਸਤੇ ਪਹੁੰਚਦੇ ਹਨ।

ਕੁਲਵਿੰਦਰ ਸਿੰਘ ਨੇ ਦੱਸਿਆ, ‘‘ਭਾਰਤ ਬੈਠੇ ਏਜੰਟਾਂ ਦੇ ਵੱਖ-ਵੱਖ ਦੇਸ਼ਾਂ ਵਿੱਚ ਸੰਪਰਕ ਹਨ, ਜੋ ਨੌਜਵਾਨਾਂ ਨੂੰ ਪੈਸੇ ਲੈ ਕੇ ਸਰਹੱਦਾਂ ਪਾਰ ਕਰਵਾ ਕੇ ਅਮਰੀਕਾ ਪਹੁੰਚਾਉਣ ਦਾ ਕੰਮ ਕਰਦੇ ਹਨ।’’

‘‘ਅਮਰੀਕਾ ਅਤੇ ਕੈਨੇਡਾ ਦੀ ਵਿੱਤੀ ਹਾਲਤ ਇਸ ਸਮੇਂ ਠੀਕ ਨਹੀਂ ਹੈ। ਨੌਜਵਾਨ 50 ਲੱਖ ਰੁਪਏ ਲਗਾ ਕੇ ਆਪਣੀ ਜਾਨ ਜੋਖ਼ਮ ਵਿੱਚ ਪਾ ਕੇ ਅਮਰੀਕਾ ਨੂੰ ਜਾ ਰਹੇ ਹਨ। ਪਰ ਉੱਥੋਂ ਦੀ ਜ਼ਿੰਦਗੀ ਵੀ ਸੌਖੀ ਨਹੀਂ ਹੈ।’’

ਦਿੱਕਤਾਂ ਦੇ ਬਾਵਜੂਦ ਭਾਰਤੀਆਂ ਦਾ ਅਮਰੀਕਾ ਜਾਣ ਦਾ ਰੁਝਾਨ ਘੱਟ ਨਹੀਂ ਹੋ ਰਿਹਾ। ਅਮਰੀਕੀ ਕਸਟਮਜ਼ ਅਤੇ ਬਾਰਡਰ ਪ੍ਰੋਟੈਕਸ਼ਨ ਦੇ ਤਾਜ਼ਾ ਅੰਕੜਿਆਂ ਮੁਤਾਬਕ ਗ਼ੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ ਦੀ ਸਰਹੱਦ ਪਾਰ ਕਰਦੇ ਹੋਏ 95,000 ਤੋਂ ਵੱਧ ਭਾਰਤੀਆਂ ਨੂੰ ਰੋਕਿਆ ਗਿਆ।

ਪੰਜਾਬ ਸਰਕਾਰ ਨੇ ਜਾਂਚ ਟੀਮ ਦਾ ਗਠਨ ਕੀਤਾ

ਪੰਜਾਬ ਦੇ ਡਾਇਰੈਕਟਰ ਬਿਊਰੌ ਆਫ ਇਨਵੈਸਟੀਗੇਸਨ ਐੱਲਕੇ ਯਾਦਵ ਨੇ ਸ਼ਨੀਵਾਰ ਨੂੰ ਇੱਕ ਵਿਸ਼ੇਸ ਜਾਂਚ ਟੀਮ ਦਾ ਗਠਨ ਕੀਤਾ ਹੈ ਜੋ ਇਸ ਕੇਸ ਵਿੱਚ ਮਨੁੱਖੀ ਤਸਕਰੀ ਦੇ ਜੁਰਮਾਂ ਬਾਰੇ ਪੜਤਾਲ ਕਰੇਗੀ।

ਪੰਜਾਬ ਸਰਕਾਰ ਵੱਲੋਂ ਜਾਰੀ ਕੀਤੀ ਗਈ ਸੂਚਨਾ ਦੇ ਮੁਤਾਬਕ ਇਸ ਐੱਸਆਈਟੀ ਦੇ ਚਾਰ ਮੈਂਬਰ ਹੋਣਗੇ। ਫਿਰੋਜ਼ਪੁਰ ਦੇ ਐੱਸਪੀ ਰਣਧੀਰ ਕੁਮਾਰ ਇਸ ਦੇ ਮੁਖੀ ਹੋਣਗੇ।

ਇਸ ਵਿੱਚ ਏਸੀਪੀ(ਸਿਵਲ ਲਾਈਨਜ਼) ਲੁਧਿਆਣਾ ਜਸਰੂਪ ਕੌਰ ਬਾਠ, ਡੀਐੱਸਪੀ (ਇਨਵੈੱਸਟੀਗੇਸ਼ਨ) ਫਿਰੋਜ਼ਪੁਰ ਬਲਕਾਰ ਸਿੰਘ ਸੰਧੂ ਅਤੇ ਡੀਐੱਸਪੀ ਪਟਿਆਲਾ ਦਲਬੀਰ ਸਿੰਘ ਸੰਧੂ ਵੀ ਇਸ ਦੇ ਮੈਂਬਰ ਹਨ।

ਜਾਂਚ ਟੀਮ ਨੂੰ ਜਲਦੀ ਤੋਂ ਜਲਦੀ ਆਖ਼ਰੀ ਰਿਪੋਰਟ ਦਾਇਰ ਕਰਨ ਲਈ ਕਿਹਾ ਗਿਆ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)