You’re viewing a text-only version of this website that uses less data. View the main version of the website including all images and videos.
ਅਮਰੀਕਾ ਤੋਂ ਡਿਪੋਰਟ ਹੋਏ 30 ਪੰਜਾਬੀ: '41 ਲੱਖ ਖ਼ਰਚ ਕੇ ਭੇਜਿਆ ਸੀ ਪੁੱਤ, 6 ਮਹੀਨੇ 'ਚ ਘਰ ਮੁੜਿਆ'
ਅਮਰੀਕੀ ਫੌਜ ਦਾ ਇੱਕ ਜਹਾਜ਼ ਅਮਰੀਕਾ ਵਿੱਚ ਬਿਨਾ ਦਸਤਾਵੇਜ਼ਾਂ ਤੋਂ ਰਹਿ ਰਹੇ ਭਾਰਤੀਆਂ ਨੂੰ ਲੈ ਕੇ ਅੰਮ੍ਰਿਤਸਰ ਦੇ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ਉਪਰ ਪਹੁੰਚ ਗਿਆ ਹੈ।
ਟਰੰਪ ਦੇ ਦੂਜੀ ਵਾਰ ਸੱਤਾ ਸੰਭਾਲਣ ਤੋਂ ਬਾਅਦ ਤੋਂ ਇਹ ਉਥੇ ਰਹਿ ਰਹੇ ਭਾਰਤੀਆਂ ਦਾ ਪਹਿਲਾ ਦੇਸ਼ ਨਿਕਾਲਾ ਹੈ।
ਇੱਕ ਅਮਰੀਕੀ ਅਧਿਕਾਰੀ ਨੇ ਖਬਰ ਏਜੰਸੀ ਰਾਇਟਰਸ ਨੂੰ ਦੱਸਿਆ ਸੀ ਕਿ ਏਅਰਕਰਾਫਟ ਭਾਰਤੀ ਸਮੇਂ ਅਨੁਸਾਰ ਮੰਗਲਵਾਰ ਸਵੇਰੇ ਰਵਾਨਾ ਹੋਇਆ ਸੀ।
ਇਸ ਮੌਕੇ ਗੁਰੂ ਰਾਮਦਾਸ ਏਅਰਪੋਰਟ ʼਤੇ ਪਹੁੰਚੇ ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਕਰੀਬ 30 ਪੰਜਾਬੀ ਅਮਰੀਕਾ ਤੋਂ ਆਏ ਹਨ ਅਤੇ ਸਾਰੇ ਹੀ ਤੰਦੁਰਸਤ ਤੇ ਸਾਰੇ ਠੀਕ-ਠਾਕ ਹਨ।
ਉਨ੍ਹਾਂ ਨੇ ਕਿਹਾ, "ਮੇਰੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਬੇਨਤੀ ਹੈ ਕਿ ਉਹ ਰਾਸ਼ਟਰਪਤੀ ਟਰੰਪ ਨਾਲ ਬੈਠ ਕੇ ਇਸ ਸਮੱਸਿਆ ਦਾ ਹੱਲ ਕੱਢਣ। ਮੋਦੀ ਜੀ ਕਹਿੰਦੇ ਹਨ ਕਿ ਟਰੰਪ ਉਨ੍ਹਾਂ ਦੇ ਦੋਸਤ ਹਨ, ਉਹ ਇਸ ਬਾਰੇ ਟਰੰਪ ਨਾਲ ਗੱਲ ਕਰਨ।"
"ਇਹ ਇੰਟਰਨੈਸ਼ਨਲ ਮੁੱਦੇ ਹਨ, ਡਿਪੋਰਟੇਸ਼ਨ ਦੀ ਤਲਵਾਰ ਕਈਆਂ ʼਤੇ ਲਟਕ ਰਹੀ ਹੈ। ਉਹ ਉਨ੍ਹਾਂ ਦੀ ਬਾਂਹ ਫੜਨ। ਮੇਰੀ ਹੁਣ ਤੱਕ ਜਿਨ੍ਹਾਂ ਵੀ ਏਜੰਟਾਂ ਨਾਲ ਫੋਨ ʼਤੇ ਗੱਲ ਹੋਈ ਹੈ ਉਹ ਦੁਬਈ ਦੇ ਏਜੰਟ ਹਨ। ਕਈਆਂ ਕੋਲ ਤਾਂ ਕੈਨੇਡਾ ਦਾ ਵੀਜ਼ਾ ਵੀ ਹੈ।
ਅਮਰੀਕੀ ਸਰਕਾਰ ਦੇ ਫ਼ੈਸਲੇ ਤੋਂ ਨਿਰਾਸ਼ਾ ਜਤਾਉਂਦੇ ਹੋਏ ਉਨ੍ਹਾਂ ਨੇ ਕਿਹਾ ਕਿ ਬਹੁਤ ਸਾਰੇ ਭਾਰਤੀ ਉਥੇ ਵਰਕ ਪਰਮਿਟ ਦੇ ਨਾਲ ਗਏ ਪਰ ਬਾਅਦ ਵਿੱਚ ਇਹ ਪਰਮਿਟ ਐਕਸਪਾਇਰ ਹੋ ਗਿਆ, ਜਿਸ ਨਾਲ ਇਹ ਸਾਰੇ ਭਾਰਤੀ ਗੈਰ-ਕਾਨੂੰਨੀ ਪਰਵਾਸੀਆਂ ਦੀ ਸ਼੍ਰੇਣੀ ਵਿੱਚ ਆ ਗਏ।
ਉਨ੍ਹਾਂ ਨੇ ਕਿਹਾ ਕਿ ਵਾਪਸ ਭੇਜੇ ਜਾ ਰਹੇ ਲੋਕਾਂ ਨੇ ਅਮਰੀਕੀ ਅਰਥਵਿਵਸਥਾ ਨੂੰ ਵਧਾਉਣ ਵਿੱਚ ਯੋਗਦਾਨ ਦਿੱਤਾ ਹੈ ਅਤੇ ਉਨ੍ਹਾਂ ਨੂੰ ਵਾਪਸ ਭੇਜੇ ਜਾਣ ਦੀ ਥਾਂ ਉਥੋਂ ਦੀ ਸਥਾਈ ਨਾਗਰਿਕਤਾ ਦੇਣੀ ਚਾਹੀਦੀ ਸੀ।
ਇਸ ਮਾਮਲੇ ਨੂੰ ਲੈ ਕੇ ਧਾਲੀਵਾਲ ਅਗਲੇ ਹਫ਼ਤੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੂੰ ਵੀ ਮਿਲ ਸਕਦੇ ਹਨ।
ਬੀਬੀਸੀ ਦੇ ਸਹਿਯੋਗੀ ਪੱਤਰਕਾਰ ਰਵਿੰਦਰ ਸਿੰਘ ਰੌਬਿਨ ਮੁਤਾਬਕ ਅੰਮ੍ਰਿਤਸਰ ਪਹੁੰਚਣ ਵਾਲੇ ਕੁਝ ਲੋਕਾਂ ਨੂੰ ਪੁਲਿਸ ਦੀਆਂ ਗੱਡੀਆਂ ਵਿੱਚ ਉਨ੍ਹਾਂ ਦੇ ਪਿੰਡ ਲੈ ਜਾਇਆ ਜਾਵੇਗਾ। ਬਾਕੀ ਸੂਬਿਆਂ ਦੇ ਲੋਕਾਂ ਨੂੰ ਫਲਾਈਟ ਜ਼ਰੀਏ ਭੇਜਿਆ ਜਾਵੇਗਾ।
ਪੰਜਾਬ ਸਰਕਾਰ ਵਿੱਚ ਐੱਨਆਰਆਈ ਮਾਮਲਿਆਂ ਦੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਭਾਰਤੀਆਂ ਨੂੰ ਅਮਰੀਕਾ ਤੋਂ ਡਿਪੋਰਟ ਕੀਤੇ ਜਾਣ ਦੀਆਂ ਖਬਰਾਂ 'ਤੇ ਪੁੱਛੇ ਗਏ ਸਵਾਲਾਂ 'ਤੇ ਵਿਸਥਾਰ ਨਾਲ ਜਵਾਬ ਦਿੱਤਾ ਹੈ।
ਉਨ੍ਹਾਂ ਨੇ ਇਸ ਨੂੰ ਬੇਹੱਦ ਗੰਭੀਰ ਵਿਸ਼ਾ ਦੱਸਿਆ ਹੈ। ਉਨ੍ਹਾਂ ਨੇ ਆਪਣੇ ਫੇਸਬੁੱਕ ਪੇਜ 'ਤੇ ਪੋਸਟ ਕਰਦਿਆਂ ਲਿਖਿਆ ਹੈ ਕਿ ਇਹ 205 ਭਾਰਤੀ ਅੰਮ੍ਰਿਤਸਰ ਹਵਾਈ ਅੱਡੇ 'ਤੇ ਉਤਰਣਗੇ, ਜਿੱਥੇ ਉਹ ਖੁਦ ਉਨ੍ਹਾਂ ਨੂੰ ਲੈਣ ਜਾਣਗੇ।
ਉਥੇ ਹੀ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਮੀਡੀਆ ਨੂੰ ਦੱਸਿਆ ਹੈ ਕਿ ਇੱਕ ਮੀਟਿੰਗ ਵਿੱਚ ਇਸ ਬਾਰੇ ਚਰਚਾ ਹੋਈ ਹੈ ਅਤੇ ਸੀਐੱਮ ਭਗਵੰਤ ਮਾਨ ਨੇ ਕਿਹਾ ਹੈ ਕਿ ਸਾਡੇ ਪਰਵਾਸੀ ਆ ਰਹੇ ਹਨ, ਪੰਜਾਬ ਸਰਕਾਰ ਵੱਲੋਂ ਉਨ੍ਹਾਂ ਨੂੰ ਦੋਸਤਾਨਾ ਅੰਦਾਜ਼ ਵਿੱਚ ਰਿਸੀਵ ਕੀਤਾ ਜਾਵੇਗਾ।
ਫੌਜੀ ਜਹਾਜ਼ ਰਾਹੀਂ ਪਰਵਾਸੀਆਂ ਨੂੰ ਵਾਪਸ ਭੇਜੇ ਜਾਣ ਬਾਰੇ ਅਮਰੀਕਾ ਨੇ ਕੀ ਕਿਹਾ
ਫੌਜੀ ਜਹਾਜ਼ ਵਿੱਚ ਪਰਵਾਸੀਆਂ ਭਾਰਤ ਭੇਜੇ ਜਾਣ ਬਾਰੇ ਅਮਰੀਕਾ ਨੇ ਕਿਹਾ, "ਅਮਰੀਕੀ ਫੌਜ ਵਿਸ਼ਵ ਪੱਧਰ 'ਤੇ ਗ਼ੈਰ-ਕਾਨੂੰਨੀ ਪਰਵਾਸੀਆਂ ਨੂੰ ਹਟਾਉਣ ਦੀ ਪ੍ਰਕਿਰਿਆ ਨੂੰ ਤੇਜ਼ ਕਰਨ ਲਈ ਪ੍ਰਸ਼ਾਸਨ ਦੇ ਯਤਨਾਂ ਦਾ ਸਮਰਥਨ ਕਰ ਰਹੀ ਹੈ।"
‘ਸਾਡੇ ਤਾਂ ਸੁਪਨੇ ਹੀ ਟੁੱਟ ਗਏ’
ਅਮਰੀਕਾ ਵੱਲੋਂ ਵਾਪਸ ਭੇਜੇ ਗਏ ਪਰਵਾਸੀਆਂ ਵਿੱਚੋਂ ਮੁਹਾਲੀ ਦੇ ਰਹਿਣ ਵਾਲੇ ਇੱਕ ਵਿਅਕਤੀ ਦੀ ਮਾਂ ਨਾਲ ਬੀਬੀਸੀ ਪੰਜਾਬੀ ਨੇ ਗੱਲਬਾਤ ਕੀਤੀ।
ਬੀਬੀਸੀ ਪੱਤਰਕਾਰ ਨਵਜੋਤ ਕੌਰ ਨੇ ਉਨ੍ਹਾਂ ਦੇ ਘਰ ਜਾ ਕੇ ਉਨ੍ਹਾਂ ਹਾਲਾਤ ਜਾਣਨ ਦੀ ਕੋਸ਼ਿਸ਼ ਕੀਤੀ।
"ਮੇਰੇ ਬੇਟਾ 6 ਮਹੀਨੇ ਪਹਿਲਾਂ ਬਾਹਰ ਗਿਆ ਸੀ। ਕਰਜ਼ਿਆਂ ਕਰ ਕੇ ਕਹਿੰਦਾ ਹੁੰਦਾ ਸੀ ਕਿ ਬਾਹਰ ਜਾਵਾਂਗਾ।"
ਘਰਦਿਆਂ ਦਾ ਕਹਿਣਾ ਹੈ, "ਅਸੀਂ ਰਾਜ਼ੀ ਨਹੀਂ ਸੀ ਕਿਉਂਕਿ ਇੱਕੋ ਮੁੰਡਾ ਹੈ। ਪਤੀ ਤਾਂ ਹੁੰਦਾ ਹੀ ਹੈ ਖ਼ਤਰਾ ਹੈ ਪਰ ਏਜੰਟ ਕਹਿਣ ਲੱਗਾ ਕਿ ਇੱਕ ਮਹੀਨੇ ਵਿੱਚ ਪਹੁੰਚਾ ਦਿਆਂਗੇ। ਇਸ ਕਰ ਕੇ ਰਾਜ਼ੀ ਹੋ ਗਏ। ਜਵਾਨ ਬੱਚਿਆਂ ਅੱਗੇ ਮਾਂ-ਬਾਪ ਦੀ ਕਿੱਥੇ ਚੱਲਦੀ ਹੈ।"
ਪਰਿਵਾਰ ਮੁਤਾਬਕ ਅਮਰੀਕਾ ਪਹੁੰਚਣ ਲਈ 41 ਲੱਖ ਰੁਪਏ ਲੱਗ ਗਿਆ ਸੀ।
ਉਹ ਦੱਸਦੇ ਹਨ, "ਸਾਨੂੰ ਤਾਂ ਪਤਾ ਨਹੀਂ ਸੀ ਸਾਨੂੰ ਰਿਪੋਰਟਰਾਂ ਕੋਲੋਂ ਪਤਾ ਲੱਗਾ ਕਿ ਉਸ ਨੂੰ ਵਾਪਸ ਭੇਜਿਆ ਜਾ ਰਿਹਾ ਹੈ।"
"ਸਾਨੂੰ ਤਾਂ ਖੁਸ਼ੀ ਹੈ ਸਾਡਾ ਪੁੱਤ ਠੀਕ-ਠਾਕ ਵਾਪਸ ਆ ਗਿਆ ਪਰ ਕਰਜ਼ੇ ਦੀ ਪਰੇਸ਼ਾਨੀ ਤਾਂ ਹੈ ਹੀ। ਸਰਕਾਰ ਨੂੰ ਅਸੀਂ ਇਹੀ ਕਿਹਾ ਕਿ ਕਹਾਂਗੇ ਸਾਡੇ ਕਰਜ਼ਿਆਂ ਦਾ ਕੋਈ ਹੱਲ ਕਰੋ, ਬੱਚੇ ਨੂੰ ਕੋਈ ਨੌਕਰੀ ਦਿਓ ਜੀ।"
ਇਸੇ ਤਰ੍ਹਾਂ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹਾ ਦਾ ਇੱਕ ਹੋਰ ਨੌਜਵਾਨ ਅਜੇ ਮਹੀਨਾ ਪਹਿਲਾ ਹੀ ਅਮਰੀਕਾ ਗਿਆ ਸੀ ਉਹ ਵੀ ਵਾਪਸ ਆ ਗਿਆ ਹੈ।
ਉਨ੍ਹਾਂ ਦੇ ਘਰਦਿਆਂ ਦਾ ਵੀ ਕਹਿਣਾ ਹੈ ਕਿ ਉਨ੍ਹਾਂ ਨੂੰ ਵੀ ਖ਼ਬਰਾਂ ਤੋਂ ਹੀ ਪਤਾ ਲੱਗਾ ਸੀ ਕਿ ਉਹ ਵਾਪਸ ਆ ਰਹੇ ਹਨ।
ਵਾਪਸ ਆਏ ਨੌਜਵਾਨ ਦੇ ਰਿਸ਼ਤੇਦਾਰ ਨੇ ਕਿਹਾ, "ਜਦੋਂ ਬੰਦਾ ਵਿਦੇਸ਼ ਜਾਂਦਾ ਹੈ ਤਾਂ ਉਸ ਨੇ ਅਤੇ ਉਸ ਦੇ ਪਰਿਵਾਰ ਨੇ ਕੁਝ ਸੁਪਨੇ ਸਜਾਏ ਹੁੰਦੇ ਹਨ। ਉਹ ਸੁਪਨੇ ਸਾਰੇ ਹੀ ਅੱਜ ਸਾਡੇ ਪਰਿਵਾਰ ਦੇ ਢਹਿ-ਢੇਰੀ ਹੋ ਗਏ ਹਨ।"
ਵਾਪਸ ਆਏ ਨੌਜਵਾਨ ਦੀ ਮਾਂ ਨੇ ਕਿਹਾ ਕਿ ਕੋਈ ਗੱਲ ਨਹੀਂ ਬਸ "ਅਸੀਂ ਇਹੀ ਰੱਬ ਦਾ ਸ਼ੁਕਰ ਕਰਦੇ ਹਾਂ ਕਿ ਸਾਡਾ ਪੁੱਤਰ ਸਹੀ-ਸਲਾਮਤ ਘਰ ਵਾਪਸ ਆ ਗਿਆ।"
ਧਾਲੀਵਾਲ ਨੇ ਪੰਜਾਬ ਦੇ ਲੋਕਾਂ ਨੂੰ ਇਹ ਅਪੀਲ ਵੀ ਕੀਤੀ ਹੈ ਕਿ ਉਹ ਗੈਰ-ਕਾਨੂੰਨੀ ਤਰੀਕੇ ਨਾਲ ਵਿਦੇਸ਼ ਨਾ ਜਾਣ।
ਅਮਰੀਕਾ ਤੋਂ ਭਾਰਤ ਲਿਆਂਦੇ ਜਾ ਰਹੇ ਪਰਵਾਸੀਆਂ ਬਾਰੇ ਵਿੱਚ ਮੰਗਲਵਾਰ ਨੂੰ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਕੋਲੋਂ ਵੀ ਮੀਡੀਆ ਨੇ ਸਵਾਲ ਪੁੱਛੇ ਹਨ।
ਗੌਰਵ ਯਾਦਵ ਨੇ ਪੱਤਰਕਾਰਾਂ ਨੂੰ ਦੱਸਿਆ, "ਇਹ ਇੱਕ ਮੀਟਿੰਗ ਵਿੱਚ ਡਿਸਕਸ ਹੋਇਆ ਸੀ। ਸੀਐੱਮ ਸਾਹਿਬ ਨੇ ਕਿਹਾ ਹੈ ਕਿ ਜੋ ਸਾਡੇ ਪਰਵਾਸੀ ਆ ਰਹੇ ਹਨ, ਪੰਜਾਬ ਸਰਕਾਰ ਵੱਲੋਂ ਉਨ੍ਹਾਂ ਨੂੰ ਦੋਸਤਾਨਾ ਅੰਦਾਜ਼ ਵਿੱਚ ਰਿਸੀਵ ਕੀਤਾ ਜਾਵੇਗਾ। ਅਸੀਂ ਕੇਂਦਰ ਸਰਕਾਰ ਦੇ ਸੰਪਰਕ ਵਿੱਚ ਹਾਂ, ਜਿਵੇਂ ਹੀ ਜਾਣਕਾਰੀ ਆਵੇਗੀ ਅਸੀਂ ਤੁਹਾਡੇ ਨਾਲ ਸਾਂਝੀ ਕਰਾਂਗੇ।"
ਉੁਨ੍ਹਾਂ ਕਿਹਾ, "ਸਾਨੂੰ ਉਨ੍ਹਾਂ ਦੀ ਪਛਾਅ ਅਤੇ ਉਨ੍ਹਾਂ ਦੇ ਕੇਸਾਂ ਬਾਰੇ ਕੋਈ ਜਾਣਕਾਰੀ ਨਹੀਂ ਹੈ। ਅਸੀਂ ਕੇਂਦਰੀ ਏਜੰਸੀਆਂ ਦੇ ਸੰਪਰਕ ਵਿੱਚ ਹਾਂ।"
ਗੌਰਵ ਯਾਦਵ ਨੇ ਕਿਹਾ, "ਇਨ੍ਹਾਂ ਖਬਰਾਂ ਦੀ ਪੁਸ਼ਟੀ ਨਹੀਂ ਹੈ। ਕਿਹਾ ਜਾ ਰਿਹਾ ਹੈ ਕਿ ਵੱਡੀ ਗਿਣਤੀ ਵਿੱਚ ਲੋਕ ਆ ਰਹੇ ਹਨ।"
ਫੌਜ ਦਾ ਇਸਤੇਮਾਲ
ਅਜਿਹਾ ਬਹੁਤ ਘੱਟ ਹੁੰਦਾ ਹੈ ਕਿ ਅਮਰੀਕਾ ਵਿੱਚ ਰਹਿ ਰਹੇ ਗੈਰ-ਕਾਨੂੰਨੀ ਪਰਵਾਸੀਆਂ ਨੂੰ ਵਾਪਸ ਉਨ੍ਹਾਂ ਦੇ ਦੇਸ਼ ਭੇਜਣ ਦੇ ਕੰਮ ਵਿੱਚ ਫੌਜ ਨੂੰ ਲਗਾਇਆ ਜਾਵੇ ਪਰ ਟਰੰਪ ਦੇ ਦੂਜੇ ਕਾਰਜਕਾਲ ਵਿੱਚ ਪਰਵਾਸੀਆਂ ਨੂੰ ਭੇਜਣ ਦੇ ਮਿਸ਼ਨ ਵਿੱਚ ਫੌਜ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ।
ਅਮਰੀਕਾ-ਮੈਕਸਿਕੋ ਸਰਹੱਦ 'ਤੇ ਫੌਜ ਦੇ ਦਫ਼ਤਰ ਵਿੱਚ ਪਰਵਾਸੀਆਂ ਦੇ ਰੁਕਣ ਦਾ ਇੰਤਜ਼ਾਮ ਕੀਤਾ ਗਿਆ ਹੈ।
ਉਥੇ ਹੀ ਕਈ ਦੇਸ਼ਾਂ ਦੇ ਪਰਵਾਸੀਆਂ ਨੂੰ ਡਿਪੋਰਟ ਕਰਨ ਵਿੱਚ ਫੌਜ ਦਾ ਇਸਤੇਮਾਲ ਹੋ ਰਿਹਾ ਹੈ।
ਰਾਇਟਰਸ ਮੁਤਾਬਕ ਇਸ ਤੋਂ ਪਹਿਲਾਂ ਗਵਾਟੇਮਾਲਾ, ਪੇਰੂ ਅਤੇ ਹੋਂਡੁਰਾਸ ਦੇ ਪਰਵਾਸੀਆਂ ਨੂੰ ਵਾਪਸ ਭੇਜਿਆ ਜਾ ਚੁੱਕਿਆ ਹੈ।
ਆਮ ਤੌਰ 'ਤੇ ਗੈਰ-ਕਾਨੂੰਨੀ ਪਰਵਾਸੀਆਂ ਨੂੰ ਉਨ੍ਹਾਂ ਦੇ ਦੇਸ਼ ਡਿਪੋਰਟ ਕਰਨ ਦਾ ਕੰਮ ਅਮਰੀਕਾ ਇੰਮੀਗ੍ਰੇਸ਼ਨ ਵਿਭਾਗ ਕਰਦਾ ਹੈ।
ਮਿਲਟਰੀ ਡਿਪੋਰਟੇਸ਼ਨ ਜ਼ਿਆਦਾ ਖਰਚੀਲੇ ਸਾਬਿਤ ਹੁੰਦੇ ਹਨ। ਰਾਇਟਰਸ ਮੁਤਾਬਕ ਪਿਛਲੇ ਹਫ਼ਤੇ ਫੌਜ ਨ ਗਵਾਟੇਮਾਲਾ ਦੇ ਗੈਰ-ਕਾਨੂੰਨੀ ਪਰਵਾਸੀਆਂ ਨੂੰ ਵਾਪਸ ਭੇਜਿਆ ਸੀ। ਉਸ ਵਿੱਚ ਹਰ ਯਾਤਰੀ 'ਤੇ ਚਾਰ ਹਜ਼ਾਰ ਸੱਤ ਸੌ ਡਾਲਰ ਯਾਨਿ ਕਰੀਬ ਚਾਰ ਲੱਖ ਰੁਪਏ ਖਰਚ ਆਇਆ ਸੀ।
ਟਰੰਪ ਦੀ ਚਿੰਤਾ, ਭਾਰਤ ਦਾ ਜਵਾਬ
ਪਿਛਲੇ ਹਫ਼ਤੇ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਅਤੇ ਵਿਦੇਸ਼ ਮੰਤਰੀ ਮਾਰਕੋ ਰੂਬਿਓ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਫੋਨ 'ਤੇ ਗੱਲਬਾਤ ਦੌਰਾਨ ਅਮਰੀਕਾ ਵਿੱਚ ਰਹਿ ਰਹੇ ਗੈਰ-ਕਾਨੂੰਨੀ ਭਾਰਤੀ ਪਰਵਾਸੀਆਂ ਨੂੰ ਲੈ ਕੇ ਚਿੰਤਾ ਜਤਾਈ ਸੀ।
ਬਾਅਦ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡੌਨਲਡ ਟਰੰਪ ਨੇ ਕਿਹਾ, "ਸਾਨੂੰ ਉਮੀਦ ਹੈ ਕਿ ਬਿਨਾਂ ਦਸਤਾਵੇਜ਼ਾਂ ਦੇ ਅਮਰੀਕਾ ਵਿੱਚ ਰਹਿ ਰਹੇ ਭਾਰਤੀਆਂ ਦੇ ਸਬੰਧ ਵਿੱਚ ਜੋ ਸਹੀ ਹੋਵੇਗਾ ਭਾਰਤ ਉਹ ਕਦਮ ਚੁੱਕੇਗਾ।"
ਅਮਰੀਕਾ ਨੇ ਭਾਰਤ ਨਾਲ ਕੀਤੀ ਗਈ ਗੱਲਬਾਤ ਨੂੰ ਰਚਨਾਤਮਕ ਦੱਸਿਆ ਅਤੇ ਟਰੰਪ ਨੇ ਕਿਹਾ ਸੀ ਕਿ ਫਰਵਰੀ ਵਿੱਚ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਰੀਕਾ ਦੀ ਯਾਤਰਾ ਕਰ ਸਕਦੇ ਹਨ।
ਅਮਰੀਕੀ ਵਿਦੇਸ਼ ਮੰਤਰੀ ਨੇ ਵੀ ਜਦੋਂ ਅਮਰੀਕਾ ਦੀ ਯਾਤਰਾ ਕਰ ਰਹੇ ਭਾਰਤੀ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਕੋਲ ਗੈਰ-ਕਾਨੂੰਨੀ ਪਰਵਾਸ ਦਾ ਮੁੱਦਾ ਚੁੱਕਿਆ।
ਜਿਸ ਤੋਂ ਬਾਅਦ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਐੱਸ ਜੈਸ਼ੰਕਰ ਨੇ ਕਿਹਾ ਸੀ, "ਭਾਰਤ ਗੈਰ-ਕਾਨੂੰਨੀ ਪਰਵਾਸ ਦਾ ਸਮਰਥਨ ਬਿਲਕੁਲ ਨਹੀਂ ਕਰਦਾ। ਗੈਰ-ਕਾਨੂੰਨੀ ਪਰਵਾਸ ਕਈ ਗੈਰ-ਕਾਨੂੰਨੀ ਗਤੀਵਿਧੀਆਂ ਨਾਲ ਜੁੜਿਆ ਰਹਿੰਦਾ ਹੈ। ਇਹ ਸਾਡੀ ਸਾਖ ਲਈ ਚੰਗਾ ਨਹੀਂ ਹੈ। ਜੇ ਸਾਡਾ ਕੋਈ ਨਾਗਰਿਕ ਗੈਰ-ਕਾਨੂੰਨੀ ਰੂਪ ਵਿੱਚ ਰਹਿੰਦਾ ਪਾਇਆ ਜਾਂਦਾ ਹੈ ਅਤੇ ਉਸ ਦਾ ਭਾਰਤ ਦਾ ਨਾਗਰਿਕ ਹੋਣਾ ਪਾਇਆ ਜਾਂਦਾ ਹੈ ਤਾਂ ਅਸੀਂ ਉਸ ਦੇ ਕਾਨੂੰਨੀ ਰੂਪ ਵਿੱਚ ਭਾਰਤ ਵਾਪਸ ਲਿਆਉਣ ਦੀ ਪ੍ਰਕਿਰਿਆ ਦੇ ਲਈ ਤਿਆਰ ਹਾਂ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ