'ਰਹਿਣ ਲਈ ਜ਼ਮੀਨ, ਨਾਗਰਿਕਤਾ, 5000 ਡਾਲਰ ਪ੍ਰਤੀ ਹਫ਼ਤਾ...', ਅਮਰੀਕਾ ਤੋਂ ਪਾਕਿਸਤਾਨ 'ਪਤੀ' ਲੱਭਣ ਆਈ ਮਹਿਲਾ ਨੇ 'ਧੋਖਾ' ਮਿਲਣ 'ਤੇ ਮੰਗਿਆ ਮੁਆਵਜ਼ਾ

    • ਲੇਖਕ, ਰਿਆਜ਼ ਸੋਹੇਲ
    • ਰੋਲ, ਬੀਬੀਸੀ ਨਿਊਜ਼

ਅਮਰੀਕੀ ਨਾਗਰਿਕਤਾ ਦੀ ਮੰਗ ਕਰਦੇ ਬਹੁਤ ਸਾਰੇ ਪਾਕਿਸਤਾਨੀਆਂ ਬਾਰੇ ਤੁਸੀਂ ਸੁਣਿਆ ਹੋਵੇਗਾ, ਪਰ ਇਹ ਸ਼ਾਇਦ ਪਹਿਲੀ ਵਾਰ ਹੋਇਆ ਹੋਵੇਗਾ ਕਿ ਟੂਰਿਸਟ ਵੀਜ਼ਾ 'ਤੇ ਪਾਕਿਸਤਾਨ ਆਈ ਇੱਕ ਅਮਰੀਕੀ ਨਾਗਰਿਕ ਨੇ ਪਾਕਿਸਤਾਨ ਦੀ ਨਾਗਰਿਕਤਾ ਦੀ ਮੰਗ ਰੱਖਦਿਆਂ ਆਪਣੇ ਮੁਲਕ ਵਾਪਸ ਜਾਣ ਤੋਂ ਮਨ੍ਹਾ ਕਰ ਦਿੱਤਾ ਹੈ।

ਨਾ ਸਿਰਫ ਸਥਾਨਕ ਨਾਗਰਿਕਤਾ ਸਗੋਂ 'ਪਤੀ' ਲੱਭਣ ਆਈ ਅਮਰੀਕਾ ਦੀ ਰਹਿਣ ਵਾਲੀ ਓਨੇਜਾ ਐਂਡਰਿਊ ਨੇ ਪਾਕਿਸਤਾਨ ਸਰਕਾਰ ਤੋਂ ਰਹਿਣ ਲਈ ਜ਼ਮੀਨ ਅਤੇ ਹਰ ਹਫ਼ਤੇ ਪੰਜ ਹਜ਼ਾਰ ਡਾਲਰ ਦੇ ਮੁਆਵਜ਼ੇ ਦੀ ਵੀ ਮੰਗ ਕੀਤੀ ਹੈ।

ਨਿਊਯਾਰਕ ਤੋਂ ਕਰਾਚੀ ਆਈ ਐਂਡਰਿਊ ਦਾ ਦਾਅਵਾ ਹੈ ਕਿ ਉਨ੍ਹਾਂ ਨੂੰ ਪਾਕਿਸਤਾਨ ਦੇ ਇੱਕ ਨੌਜਵਾਨ ਨਾਲ ਪਿਆਰ ਹੋ ਗਿਆ ਸੀ, ਜਿਸ ਦੀ ਭਾਲ 'ਚ ਉਹ ਇਥੇ ਆਏ ਸਨ।

ਕੀ ਹੈ ਪੂਰਾ ਮਾਮਲਾ ?

'ਇਸ਼ਕ ਨੇ ਪਕੜਾ ਨਾ ਥਾ ਗ਼ਾਲਿਬ ਅਭੀ ਵਹਿਸ਼ਤ ਕਾ ਰੰਗ, ਹਾਏ ਹਾਏ"

ਰਾਹਤ ਫਤਿਹ ਅਲੀ ਖਾਨ ਦੀ ਆਵਾਜ਼ 'ਚ ਗਾਈ ਗਈ ਮਿਰਜ਼ਾ ਗ਼ਾਲਿਬ ਦੀ ਇਹ ਗ਼ਜ਼ਲ 'ਤੇ ਓਨੇਜਾ ਐਂਡਰਿਊ ਨੇ ਇੱਕ ਟਿਕਟੋਕ ਵੀਡੀਓ ਬਣਾ ਕੇ ਸਾਂਝੀ ਕੀਤੀ।

ਟਿਕਟੋਕ 'ਤੇ ਪੋਸਟ ਕੀਤੀ ਗਈ ਇਸ ਵੀਡੀਓ 'ਚ ਉਨ੍ਹਾਂ ਨੇ ਸਿਰ 'ਤੇ ਚਿੱਟਾ ਸਕਾਰਫ ਪਾਇਆ ਹੋਇਆ ਹੈ ਅਤੇ ਹੱਥਾਂ 'ਤੇ ਮਹਿੰਦੀ ਲਗਾਈ ਹੋਈ ਹੈ।

ਓਨੇਜਾ ਦੀ ਇਹ ਵੀਡੀਓ ਪਾਕਿਸਤਾਨ ਦੇ ਸਥਾਨਕ ਮੀਡੀਆ ਅਤੇ ਸੋਸ਼ਲ ਮੀਡੀਆ 'ਤੇ ਵਾਇਰਲ ਹੈ ਅਤੇ ਇਸ ਨੂੰ ਹਜ਼ਾਰਾਂ ਵਾਰ ਸ਼ੇਅਰ ਕੀਤਾ ਜਾ ਚੁੱਕਿਆ ਹੈ।

ਓਨੇਜਾ ਐਂਡਰਿਊ ਰੌਬਿਨਸ ਨਾਂ ਦੀ ਇਹ ਅਮਰੀਕੀ ਔਰਤ ਪਿਛਲੇ ਕਈ ਦਿਨਾਂ ਤੋਂ ਪਾਕਿਸਤਾਨ ਦੇ ਸਭ ਤੋਂ ਵੱਡੇ ਸ਼ਹਿਰ ਕਰਾਚੀ 'ਚ ਰਹਿ ਰਹੀ ਹੈ।

ਉਨ੍ਹਾਂ ਦੀ ਮੌਜੂਦਗੀ ਨੂੰ ਲੈ ਕੇ ਖਬਰਾਂ ਅਤੇ ਟਿੱਪਣੀਆਂ ਹੋ ਰਹੀਆਂ ਹਨ।

ਉਨ੍ਹਾਂ ਦੇ ਵੀਜ਼ੇ ਦੀ ਮਿਆਦ ਪੁੱਗਣ ਦੇ ਬਾਅਦ ਪਾਕਿਸਤਾਨੀ ਅਤੇ ਅਮਰੀਕੀ ਅਧਿਕਾਰੀਆਂ ਦੁਆਰਾ ਕਈ ਕੋਸ਼ਿਸ਼ਾਂ ਦੇ ਬਾਵਜੂਦ, ਉਨ੍ਹਾਂ ਨੇ ਅਮਰੀਕਾ ਵਾਪਸ ਜਾਣ ਤੋਂ ਇਨਕਾਰ ਕਰ ਦਿੱਤਾ।

ਕਾਰਨ ' ਪਿਆਰ ਦੀ ਭਾਲ', ਜਿਸ ਦੇ ਪਿੱਛੇ ਉਹ ਪਾਕਿਸਤਾਨ ਆਏ ਸਨ।

ਐਂਡਰਿਊ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਕਰਾਚੀ ਦੇ ਇੱਕ ਪਾਕਿਸਤਾਨੀ ਨੌਜਵਾਨ ਨਾਲ ਪਿਆਰ ਹੋ ਗਿਆ ਸੀ ਅਤੇ ਉਹ ਉਸ ਨੂੰ ਲੱਭਣ ਆਈ ਸੀ।

ਕਰਾਚੀ ਪੁਲਿਸ ਮੁਤਾਬਕ ਔਰਤ ਜਿਸ ਲੜਕੇ ਦੀ ਗੱਲ ਕਰ ਰਹੀ ਹੈ, ਉਹ ਆਪਣੇ ਪਰਿਵਾਰ ਸਮੇਤ ਕਿਸੇ ਅਣਜਾਣ ਥਾਂ 'ਤੇ ਚਲਾ ਗਿਆ ਹੈ।

ਪਰ ਇਹ ਕਹਾਣੀ ਕਿਵੇਂ ਸ਼ੁਰੂ ਹੋਈ?

ਕਰਾਚੀ ਦੇ ਪੁਲਿਸ ਅਧਿਕਾਰੀਆਂ ਮੁਤਾਬਕ ਨਿਊਯਾਰਕ ਦੀ ਰਹਿਣ ਵਾਲੀ ਓਨੇਜਾ ਐਂਡਰਿਊ ਟੂਰਿਸਟ ਵੀਜ਼ੇ 'ਤੇ ਪਾਕਿਸਤਾਨ ਆਈ ਸੀ।

ਉਨ੍ਹਾਂ ਦਾ ਵੀਜ਼ਾ ਖਤਮ ਹੋਣ ਤੋਂ ਬਾਅਦ, ਉਹ ਕਰਾਚੀ ਹਵਾਈ ਅੱਡੇ 'ਤੇ ਰੁਕੀ ਹੋਈ ਸੀ।

ਕੁਝ ਦਿਨ ਪਹਿਲਾਂ ਜਦੋਂ ਸਿੰਧ ਦੇ ਗਵਰਨਰ ਕਾਮਰਾਨ ਟੇਸੋਰੀ ਹਵਾਈ ਅੱਡੇ 'ਤੇ ਗਏ ਸਨ, ਤਾਂ ਏਅਰਪੋਰਟ ਦੇ ਐੱਸਐੱਚਓ ਕਲੀਮ ਖਾਨ ਨੇ ਉਨ੍ਹਾਂ ਨੂੰ ਦੱਸਿਆ ਕਿ ਇੱਥੇ ਇਕ ਅਮਰੀਕੀ ਔਰਤ ਰਹਿ ਰਹੀ ਹੈ ਅਤੇ ਉਨ੍ਹਾਂ ਕੋਲ ਵਾਪਸੀ ਦੀ ਟਿਕਟ ਨਹੀਂ ਹੈ।

ਪੁਲਿਸ ਅਧਿਕਾਰੀਆਂ ਮੁਤਾਬਕ ਓਨੀਜਾ ਦੀ ਕਹਾਣੀ ਇਸ ਵਾਕੇ ਤੋਂ ਬਾਅਦ ਸਾਹਮਣੇ ਆਈ।

ਹਵਾਈ ਅੱਡੇ ਦੇ ਐੱਸਐੱਚਓ ਕਲੀਮ ਖਾਨ ਨੇ ਬੀਬੀਸੀ ਨੂੰ ਦੱਸਿਆ ਕਿ ਅਮਰੀਕੀ ਔਰਤ ਇੱਥੇ ਕਿੰਨੇ ਸਮੇਂ ਤੋਂ ਰੁਕੀ ਹੋਈ ਸੀ, ਇਸ ਬਾਰੇ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਸੀ।

ਉਨ੍ਹਾਂ ਦਾ ਕਹਿਣਾ ਹੈ ਕਿ ਜਿਵੇਂ ਹੀ ਮਹਿਲਾ ਦੀ ਮੌਜੂਦਗੀ ਬਾਰੇ ਉਨ੍ਹਾਂ ਨੂੰ ਪਤਾ ਲੱਗਾ ਤਾਂ ਉਨ੍ਹਾਂ ਨੇ ਰਾਜਪਾਲ ਨੂੰ ਇਸ ਬਾਰੇ ਜਾਣਕਾਰੀ ਦਿੱਤੀ।

ਗਵਰਨਰ ਕਾਮਰਾਨ ਟੇਸੋਰੀ ਦੇ ਪ੍ਰੈੱਸ ਬੁਲਾਰੇ ਫੈਜ਼ਲ ਫਾਰੂਕੀ ਨੇ ਬੀਬੀਸੀ ਨੂੰ ਦੱਸਿਆ ਕਿ ਗਵਰਨਰ ਨੇ ਸਬੰਧਤ ਅਧਿਕਾਰੀਆਂ ਨੂੰ ਮਹਿਲਾ ਦੇ ਵੀਜ਼ੇ ਦੀ ਮਿਆਦ ਵਧਾਉਣ ਦੀ ਸਿਫ਼ਾਰਸ਼ ਕੀਤੀ ਸੀ ਅਤੇ ਉਨ੍ਹਾਂ ਨੂੰ ਵਾਪਸੀ ਦੀ ਟਿਕਟ ਦੇਣ ਦਾ ਭਰੋਸਾ ਦਿੱਤਾ ਸੀ।

ਓਨੀਜਾ ਦੀ ਵਾਪਸੀ ਦੀ ਟਿਕਟ ਦਾ ਪ੍ਰਬੰਧ ਚੈਰਿਟੀ ਸੰਸਥਾ ਜਾਫ਼ਰੀਆ ਆਫ਼ਤ ਪ੍ਰਬੰਧਨ ਸੈੱਲ (ਜੇਡੀਸੀ) ਵੱਲੋਂ ਕੀਤਾ ਗਿਆ ਸੀ।

ਜੇਡੀਸੀ ਨੇ ਇਸ ਸਬੰਧੀ ਇੱਕ ਵੀਡੀਓ ਸੰਦੇਸ਼ ਵੀ ਜਾਰੀ ਕੀਤਾ ਜਿਸ ਵਿੱਚ ਉਹ ਸਬੰਧਤ ਐੱਸਐੱਚਓ ਨੂੰ ਟਿਕਟਾਂ ਸੌਂਪ ਰਹੇ ਹਨ। ਇਸ ਵੀਡੀਓ 'ਚ ਓਨੇਜਾ ਵੀ ਮੌਜੂਦ ਸਨ, ਜਿਨ੍ਹਾਂ ਨੇ ਆਪਣੇ ਹੱਥ 'ਚ ਇਨਹੇਲਰ ਫੜਿਆ ਹੋਇਆ ਸੀ।

'ਜੇਡੀਸੀ' ਦੇ ਜ਼ਫਰ ਅੱਬਾਸ ਇਸ ਵੀਡੀਓ 'ਚ ਕਹਿੰਦੇ ਹਨ ਕਿ ਇਹ ਔਰਤ ਕੁਝ ਦਿਨ ਪਹਿਲਾਂ ਆਈ ਸੀ ਅਤੇ ਏਅਰਪੋਰਟ ਦੇ ਹੋਟਲ 'ਚ ਰੁਕੀ ਹੋਈ ਸੀ।

ਅੱਬਾਸ ਕਹਿੰਦੇ ਹਨ 'ਉਨ੍ਹਾਂ ਦਾ ਵੀਜ਼ਾ ਵੀ ਖਤਮ ਹੋ ਗਿਆ ਸੀ। ਇੱਕ 19 ਸਾਲਾ ਨੌਜਵਾਨ ਨੇ ਉਨ੍ਹਾਂ ਨੂੰ ਅਮਰੀਕਾ ਤੋਂ ਇਥੇ ਬੁਲਾ ਕੇ ਵਿਆਹ ਕਰਵਾਉਣ ਦਾ ਵਾਅਦਾ ਕੀਤਾ ਸੀ। ਪਰ ਜਦੋਂ ਇਹ ਔਰਤ ਕਰਾਚੀ ਆਈ ਤਾਂ ਉਸ ਨੂੰ ਲੜਕੇ ਨੇ ਸਵੀਕਾਰ ਨਹੀਂ ਕੀਤਾ ਅਤੇ ਕਿਹਾ ਕਿ ਉਸ ਦਾ ਪਰਿਵਾਰ ਨਹੀਂ ਮੰਨ ਰਿਹਾ।'

'ਲੜਕੇ ਦੇ ਘਰ ਦੇ ਬਾਹਰ ਕੀਤੀ ਹੜਤਾਲ'

ਹੁਣ ਓਨੇਜਾ ਦੇ ਵਾਪਸ ਜਾਣ ਦਾ ਪ੍ਰਬੰਧ ਹੋ ਗਿਆ ਸੀ।

ਪੁਲਿਸ ਅਧਿਕਾਰੀਆਂ ਅਨੁਸਾਰ ਉਨ੍ਹਾਂ ਨੂੰ ਕਤਰ ਏਅਰਵੇਜ਼ ਦੀ ਉਡਾਣ ਲਈ ਵਾਪਸੀ ਟਿਕਟ ਵੀ ਜਾਰੀ ਕੀਤੀ ਗਈ ਸੀ।

ਪਰ ਬੋਰਡਿੰਗ ਪ੍ਰਕਿਰਿਆ ਪੂਰੀ ਕਰਨ ਤੋਂ ਬਾਅਦ ਓਨੇਜਾ ਨੇ ਦੁਬਾਰਾ ਵਾਪਸ ਜਾਣ ਤੋਂ ਇਨਕਾਰ ਕਰ ਦਿੱਤਾ।

ਪੁਲਿਸ ਦਾ ਕਹਿਣਾ ਹੈ ਕਿ ਏਅਰਪੋਰਟ ਤੋਂ ਨਿਕਲਣ ਤੋਂ ਬਾਅਦ ਉਹ ਟੈਕਸੀ ਲੈ ਕੇ ਉਸ ਬਿਲਡਿੰਗ ਦੇ ਸਾਹਮਣੇ ਪਹੁੰਚ ਗਈ, ਜਿੱਥੇ ਕਥਿਤ ਤੌਰ 'ਤੇ ਉਨ੍ਹਾਂ ਨੂੰ ਪਾਕਿਸਤਾਨ ਬੁਲਾਉਣ ਵਾਲਾ ਨੌਜਵਾਨ ਰਹਿੰਦਾ ਹੈ।

ਇਸ ਮੌਕੇ ਸਥਾਨਕ ਮੀਡੀਆ ਵੀ ਵੱਡੀ ਗਿਣਤੀ ਵਿੱਚ ਮੌਜੂਦ ਰਿਹਾ।

ਸ਼ੁਰੂ ਵਿਚ ਕਰਾਚੀ ਪੁਲਿਸ ਦੇ ਅਧਿਕਾਰੀਆਂ ਨੇ ਐੱਸਪੀ ਫੈਜ਼ਾ ਸੋਧਰ ਨੂੰ ਔਰਤ ਨੂੰ ਮਿਲਣ ਲਈ ਭੇਜਿਆ ਪਰ ਉਹ ਉਨ੍ਹਾਂ ਨਾਲ ਗੱਲਬਾਤ ਵਿਚ ਕਾਮਯਾਬ ਨਹੀਂ ਹੋ ਸਕੇ।

ਐੱਸਪੀ ਫੈਜ਼ਾ ਨੇ ਬੀਬੀਸੀ ਨੂੰ ਦੱਸਿਆ ਕਿ ਉੱਥੇ ਬਹੁਤ ਜ਼ਿਆਦਾ ਭੀੜ ਸੀ ਅਤੇ ਔਰਤ ਵੀ ਕਾਫ਼ੀ ਪ੍ਰੇਸ਼ਾਨ ਸੀ।

ਉਨ੍ਹਾਂ ਅੱਗੇ ਦੱਸਿਆ ਕਿ "ਨੌਜਵਾਨ ਉੱਥੇ ਨਹੀਂ ਸੀ, ਉਸ ਦਾ ਸਾਰਾ ਪਰਿਵਾਰ ਘਰ ਖਾਲੀ ਕਰ ਕੇ ਕਿਸੇ ਅਣਜਾਣ ਥਾਂ 'ਤੇ ਚਲਾ ਗਿਆ ਹੈ। ਇਸ ਲਈ ਪੂਰੇ ਤੱਥ ਸਾਹਮਣੇ ਨਹੀਂ ਆ ਸਕੇ।"

ਕਰਾਚੀ ਦੇ ਇੱਕ ਸੀਨੀਅਰ ਪੱਤਰਕਾਰ ਸਮਰ ਅੱਬਾਸ ਦਾ ਕਹਿਣਾ ਹੈ ਕਿ ਪੁਲਿਸ ਜਾਂਚ ਦੇ ਮੁਤਾਬਕ ਔਰਤ ਜਿਸ ਲੜਕੇ ਦੀ ਗੱਲ ਕਰ ਰਹੀ ਹੈ, ਉਸ ਦੀ ਉਮਰ ਕਰੀਬ 22 ਸਾਲ ਹੈ ਅਤੇ ਉਹ ਇੱਕ ਸਥਾਨਕ ਕਾਲ ਸੈਂਟਰ ਵਿੱਚ ਕੰਮ ਕਰਦਾ ਸੀ।

ਕੀ ਹਨ ਓਨੀਜਾ ਦੀਆਂ ਮੰਗਾਂ?

ਓਨੀਜਾ ਨੇ ਪੁਲਿਸ ਅਤੇ ਅਧਿਕਾਰੀਆਂ ਨਾਲ ਮੀਟਿੰਗ ਵਿੱਚ ਸਪੱਸ਼ਟ ਕੀਤਾ ਸੀ ਕਿ ਉਹ ਆਪਣੇ ਕਥਿਤ 'ਪਤੀ' ਤੋਂ ਬਿਨਾਂ ਅਮਰੀਕਾ ਵਾਪਸ ਨਹੀਂ ਜਾਵੇਗੀ।

ਨਾਲ ਹੀ ਬਾਅਦ ਵਿੱਚ ਸਥਾਨਕ ਮੀਡੀਆ ਨਾਲ ਗੱਲ ਕਰਦਿਆਂ ਉਨ੍ਹਾਂ ਨੇ ਕੁਝ ਵਿੱਤੀ ਮੰਗਾਂ ਵੀ ਕੀਤੀਆਂ।

ਲੜਕੇ ਦੇ ਘਰ ਦੇ ਬਾਹਰ ਮੀਡੀਆ ਨਾਲ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਪਾਕਿਸਤਾਨ ਸਰਕਾਰ ਉਨ੍ਹਾਂ ਨੂੰ ਜ਼ਮੀਨ ਅਤੇ ਸਥਾਨਕ ਨਾਗਰਿਕਤਾ ਦੇਣ ਤੋਂ ਇਲਾਵਾ ਹਰ ਹਫ਼ਤੇ ਪੰਜ ਹਜ਼ਾਰ ਡਾਲਰ ਅਦਾ ਕਰੇ।

ਓਨੀਜਾ ਦਾ ਦਾਅਵਾ ਹੈ ਕਿ ਉਨ੍ਹਾਂ ਨੇ ਨਿਊਯਾਰਕ ਵਿੱਚ ਆਪਣੀ ਨੌਕਰੀ ਅਤੇ ਕੱਪੜੇ ਦਾ ਕਾਰੋਬਾਰ ਛੱਡ ਦਿੱਤਾ ਹੈ ਅਤੇ ਹੁਣ ਉਹ ਇੱਕ ਪਾਕਿਸਤਾਨੀ ਹਨ।

ਓਨੀਜਾ ਨੇ ਕਿਹਾ ਉਹ ਪਾਕਿਸਤਾਨ ਨੂੰ ਦੁਬਾਰਾ ਬਣਾਉਣਾ ਚਾਹੁੰਦੇ ਹਨ।

ਉਨ੍ਹਾਂ ਕਿਹਾ "ਸਰਕਾਰ ਨੂੰ ਇੱਥੇ ਦੀਆਂ ਸੜਕਾਂ ਬਣਾਉਣੀਆਂ ਚਾਹੀਦੀਆਂ ਹਨ ਅਤੇ ਬਿਜਲੀ ਸਪਲਾਈ ਯਕੀਨੀ ਬਣਾਉਣੀ ਚਾਹੀਦੀ ਹੈ।'

ਪਿਛਲੇ ਦਿਨੀਂ ਪੁਲਿਸ ਅਧਿਕਾਰੀਆਂ ਵੱਲੋਂ ਓਨੀਜਾ ਨੂੰ ਭਲਾਈ ਸੰਸਥਾ ਛੀਪਾ ਦੇ ਹਵਾਲੇ ਕਰ ਦਿੱਤਾ ਗਿਆ ਸੀ।

ਦੂਜੇ ਪਾਸੇ ਅਮਰੀਕੀ ਓਨੀਜਾ ਨੇ ਲੜਕੇ ਦੇ ਖਿਲਾਫ ਪੁਲਿਸ ਕੋਲ ਕੋਈ ਲਿਖਤੀ ਸ਼ਿਕਾਇਤ ਨਹੀਂ ਦਿੱਤੀ ਹੈ, ਜਦਕਿ ਕਰਾਚੀ ਸਥਿਤ ਅਮਰੀਕੀ ਕੌਂਸਲੇਟ ਦੇ ਬੁਲਾਰੇ ਦਾ ਕਹਿਣਾ ਹੈ ਕਿ ਮਿਸ਼ਨ ਪੂਰੀ ਸਥਿਤੀ ਤੋਂ ਜਾਣੂ ਹੈ ਪਰ ਨਿੱਜਤਾ ਕਾਨੂੰਨਾਂ ਕਾਰਨ ਕੋਈ ਟਿੱਪਣੀ ਨਹੀਂ ਕਰ ਸਕਦੇ ਹਨ।

'ਔਰਤ ਨੂੰ ਮਜ਼ਾਕ ਦਾ ਪਾਤਰ ਬਣਾਉਣਾ ਸ਼ਰਮਨਾਕ ਹੈ'

ਓਨੀਜਾ ਦੀ ਕਹਾਣੀ ਨਾ ਸਿਰਫ ਪਾਕਿਸਤਾਨ ਦੇ ਸੋਸ਼ਲ ਮੀਡੀਆ 'ਤੇ ਚਰਚਾ 'ਚ ਹੈ, ਸਗੋਂ ਰਾਜਨੇਤਾ ਵੀ ਇਸ ਬਾਰੇ ਕੁਝ 'ਸੰਵੇਦਨਸ਼ੀਲ' ਟਿੱਪਣੀਆਂ ਕਰਦੇ ਸੁਣੇ ਗਏ ਹਨ।

ਸਿੰਧ ਦੇ ਗਵਰਨਰ ਕਾਮਰਾਨ ਟੇਸੋਰੀ ਨੇ ਹਾਲ ਹੀ 'ਚ ਇੱਕ ਸਮਾਗਮ 'ਚ ਇਸ ਮੁੱਦੇ 'ਤੇ ਮਜ਼ਾਕੀਆ ਅੰਦਾਜ਼ ਵਿੱਚ ਟਿੱਪਣੀ ਕੀਤੀ।

ਉਨ੍ਹਾਂ ਨੇ ਕਰਾਚੀ ਦੇ ਲੜਕੇ ਦਾ ਜ਼ਿਕਰ ਕਰਦਿਆਂ ਕਿਹਾ, 'ਇਹ ਪ੍ਰਤਿਭਾ ਹੈ। ਸਾਰਾ ਸ਼ਹਿਰ ਅਮਰੀਕੀ ਔਰਤ ਨੂੰ ਬੁਲਾਉਣ ਵਾਲੇ ਲੜਕੇ ਨੂੰ ਦੇਖਣ ਦੀ ਮੰਗ ਕਰ ਰਿਹਾ ਹੈ। ਇਸ ਲੜਕੇ ਦੀ ਪ੍ਰਤਿਭਾ ਨੂੰ ਵੇਖੋ ਲੋਕ ਅਮਰੀਕੀ ਪਾਸਪੋਰਟ ਲੈਣ ਲਈ ਉੱਥੇ ਜਾਂਦੇ ਹਨ ਅਤੇ ਉਸ ਨੇ ਅਮਰੀਕਾ ਦੇ ਨਾਗਰਿਕ ਨੂੰ ਏਥੇ ਬੁਲਾ ਲਿਆ।'

ਇਸੇ ਤਰ੍ਹਾਂ ਇਕ ਹੋਰ ਸਮਾਗਮ ਵਿਚ ਬੋਲਦਿਆਂ ਕਰਾਚੀ ਦੇ ਮੇਅਰ ਮੁਰਤਜ਼ਾ ਵਹਾਬ ਨੇ ਕਿਹਾ ਕਿ 'ਕਰਾਚੀ ਦੇ ਲੋਕ ਬੇਦਰਦ ਹਨ ਮਾਸ਼ਾ ਅੱਲ੍ਹਾ, ਸਾਡੇ ਲੋਕ ਇੱਥੋਂ ਅਮਰੀਕਾ ਜਾਂਦੇ ਹਨ ਅਤੇ ਉਹ ਔਰਤ ਨੂੰ ਅਮਰੀਕਾ ਤੋਂ ਇੱਥੇ ਲੈ ਕੇ ਆਏ ਹਨ।'

ਹਾਲਾਂਕਿ ਕਈ ਯੂਜ਼ਰਸ ਅਜਿਹੀਆਂ ਟਿੱਪਣੀਆਂ 'ਤੇ ਆਪਣਾ ਗੁੱਸਾ ਵੀ ਜ਼ਾਹਰ ਕਰ ਰਹੇ ਹਨ।

ਕਈ ਸੋਸ਼ਲ ਮੀਡੀਆ ਯੂਜ਼ਰਸ ਦਾ ਕਹਿਣਾ ਹੈ ਕਿ ਜਿਹੜੀ ਔਰਤ ਵਿਦੇਸ਼ 'ਚ ਹੈ ਅਤੇ ਚਿੰਤਤ ਹੈ, ਉਸ ਦੀ ਸਥਿਤੀ 'ਤੇ ਧਿਆਨ ਦੇਣ ਦੀ ਬਜਾਏ ਉਸ ਦਾ ਮਜ਼ਾਕ ਉਡਾਇਆ ਜਾ ਰਿਹਾ ਹੈ।

ਪੱਤਰਕਾਰ ਆਲੀਆ ਚੁਗਤਾਈ ਨੇ ਇਸ ਮਾਮਲੇ 'ਤੇ ਆਪਣੀ ਰਾਏ ਦਿੰਦੇ ਹੋਏ ਲਿਖਿਆ ਕਿ 'ਸਥਾਨਕ ਯੂਟਿਊਬਰ ਅਤੇ ਸਥਾਨਕ ਮੀਡੀਆ ਸੰਗਠਨਾਂ ਨੂੰ ਅਜਿਹਾ ਤਮਾਸ਼ਾ ਬਣਾਉਣ 'ਤੇ ਸੱਚਮੁੱਚ ਸ਼ਰਮ ਆਉਣੀ ਚਾਹੀਦੀ ਹੈ।"

"ਇਸ ਔਰਤ ਦੀ ਦੁਰਦਸ਼ਾ ਨੂੰ ਕਲਿਕਬੈਟ ਵੀਡੀਓਜ਼ ਵਿੱਚ ਬਦਲ ਦਿੱਤਾ ਗਿਆ ਹੈ ਜੋ ਕਿ ਬਹੁਤ ਦੁਖਦਾਈ ਹੈ। ਕੋਈ ਜਾਂਚ ਕਿਉਂ ਨਹੀਂ ਕਰਦਾ ਕਿ 22 ਸਾਲ ਦਾ ਵਿਅਕਤੀ ਕੌਣ ਹੈ? ਹਰ ਪਾਸੇ ਇਸ ਔਰਤ ਦਾ ਚਿਹਰਾ ਕਿਉਂ ਦਿਖਾਇਆ ਜਾ ਰਿਹਾ ਹੈ? ਤੁਹਾਨੂੰ ਸ਼ਰਮ ਆਣੀ ਚਾਹੀਦੀ ਹੈ।"

ਇਕ ਹੋਰ ਯੂਜ਼ਰ ਨੇ ਇਸ ਮੁੱਦੇ 'ਤੇ ਆਪਣੀ ਰਾਏ ਦਿੰਦੇ ਹੋਏ ਲਿਖਿਆ ਕਿ 'ਮੈਨੂੰ ਸਮਝ ਨਹੀਂ ਆ ਰਿਹਾ ਕਿ ਹਰ ਕੋਈ ਇਸ ਅਮਰੀਕੀ ਔਰਤ ਦਾ ਮਜ਼ਾਕ ਕਿਉਂ ਉਡਾ ਰਿਹਾ ਹੈ। ਕੀ ਤੁਸੀਂ ਲੋਕ ਪਾਗਲ ਹੋ? ਹੋ ਸਕਦਾ ਹੈ ਕਿ ਉਹ ਤੁਹਾਡੇ 'ਸੁੰਦਰਤਾ' ਦੇ ਪੈਮਾਨੇ 'ਚ ਫਿੱਟ ਨਾ ਹੁੰਦੀ ਹੋਵੇ ਨਾ ਕਰੇ ਪਰ ਕੀ ਤੁਸੀਂ ਉਨ੍ਹਾਂ ਦੇ ਰੰਗਤ ਤੋਂ ਪਰੇ ਜਾਣ ਦੀ ਕੋਸ਼ਿਸ਼ ਕੀਤੀ ਹੈ?

'ਮੈਂ ਉਨ੍ਹਾਂ ਲਈ ਉਦਾਸ ਅਤੇ ਅਫ਼ਸੋਸ ਮਹਿਸੂਸ ਕਰਦਾ ਹਾਂ ਪਰ ਉਸ ਦੇ ਦ੍ਰਿੜ ਇਰਾਦੇ ਤੋਂ ਹੈਰਾਨ ਵੀ ਹਾਂ। ਉਹ ਕਹਿੰਦੀ ਹੈ ਕਿ ਉਸ ਨੇ ਲੜਕੇ ਨਾਲ ਵਿਆਹ ਕੀਤਾ ਅਤੇ ਇੱਥੇ ਆਈ।'

ਹਾਲਾਂਕਿ ਇਸ ਬਾਰੇ ਬੀਬੀਸੀ ਨਾਲ ਗੱਲ ਕਰਦੇ ਹੋਏ ਮੁਰਤਜ਼ਾ ਵਹਾਬ ਨੇ ਕਿਹਾ ਕਿ 'ਇਸ ਸਮਾਗਮ 'ਚ ਇਸ ਮਾਮਲੇ 'ਤੇ ਚਰਚਾ ਕਰਦੇ ਹੋਏ ਮੈਂ ਇਹ ਵੀ ਕਿਹਾ ਕਿ ਅੱਲ੍ਹਾ ਤਾਲਾ ਔਰਤ ਦੀਆਂ ਮੁਸ਼ਕਲਾਂ ਨੂੰ ਘੱਟ ਕਰੇ। ਮੀਡੀਆ ਨੂੰ ਕਰਾਚੀ ਅਤੇ ਦੇਸ਼ ਦੇ ਹੋਰ ਮੁੱਦਿਆਂ 'ਤੇ ਵੀ ਚਰਚਾ ਕਰਨੀ ਚਾਹੀਦੀ ਹੈ।

ਦੂਜੇ ਪਾਸੇ ਮਹਿਲਾ ਬਾਰੇ ਗਵਰਨਰ ਕਾਮਰਾਨ ਟੇਸੋਰੀ ਦੀ ਟਿੱਪਣੀ ਬਾਰੇ ਉਨ੍ਹਾਂ ਦੇ ਬੁਲਾਰੇ ਨਾਲ ਸੰਪਰਕ ਕੀਤਾ ਗਿਆ, ਪਰ ਉਨ੍ਹਾਂ ਦਾ ਕੋਈ ਜਵਾਬ ਨਹੀਂ ਆਇਆ।

ਰਾਈਟਸ ਰਿਸਰਚ ਦੇ ਸੰਸਥਾਪਕ ਅਤੇ ਨਿਰਦੇਸ਼ਕ ਤਸਨੀਮ ਅਹਿਮਦ ਦਾ ਕਹਿਣਾ ਹੈ ਕਿ ਮੀਡੀਆ ਅਤੇ ਸਿਆਸਤਦਾਨਾਂ ਵੱਲੋਂ ਔਰਤ ਦੇ ਮੁੱਦੇ ਪ੍ਰਤੀ ਅਪਣਾਇਆ ਗਿਆ ਰਵੱਈਆ ਬੇਹੱਦ ਅਸੰਵੇਦਨਸ਼ੀਲ ਹੈ।

'ਇਹ ਵਿਵਹਾਰ ਬਹੁਤ ਹੀ ਅਸੰਵੇਦਨਸ਼ੀਲ ਹੈ ਅਤੇ ਪੀੜਤ ਦਾ ਮਜ਼ਾਕ ਉਡਾਉਣ ਦੇ ਬਰਾਬਰ ਹੈ। ਜਦੋਂ ਉੱਚ ਅਹੁਦਿਆਂ 'ਤੇ ਕਾਬਜ਼ ਅਧਿਕਾਰੀਆਂ ਵੱਲੋਂ ਅਜਿਹੀਆਂ ਟਿੱਪਣੀਆਂ ਆਉਂਦੀਆਂ ਹਨ, ਤਾਂ ਇਹ ਆਮ ਲੋਕਾਂ ਨੂੰ ਗਲਤ ਸੰਦੇਸ਼ ਮਿਲਦਾ ਹੈ।'

ਉਨ੍ਹਾਂ ਕਿਹਾ ਕਿ ਇਹ ਨਿੰਦਣਯੋਗ ਵਤੀਰਾ ਹੈ ਜਿਸ ਤੋਂ ਬਚਣਾ ਚਾਹੀਦਾ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)