You’re viewing a text-only version of this website that uses less data. View the main version of the website including all images and videos.
ਪੰਜਾਬ 'ਚ ਰੇਲ ਇਤਿਹਾਸ ਦੇ ਸੁਨਿਹਰੇ ਦੌਰ ਦੀ ਕਹਾਣੀ ਜਿਸ ਦਾ ਅੰਤ ਖ਼ੂਨ-ਖ਼ਰਾਬੇ ਨਾਲ ਹੋਇਆ
- ਲੇਖਕ, ਰਵਦੀਪ ਸਿੰਘ
- ਰੋਲ, ਬੀਬੀਸੀ ਪੱਤਰਕਾਰ
ਭਾਰਤੀ ਰੇਲਵੇ ਦੀ ਫਿਰੋਜ਼ਪੁਰ ਡਿਵੀਜ਼ਨ ਤੋਂ ਪੰਜਾਬ ਖਿੱਤੇ ਦੀ ਪਹਿਲੀ ਰੇਲ ਅਮ੍ਰਿਤਸਰ ਤੋਂ ਲਾਹੌਰ ਦੇ ਟਰੈਕ 'ਤੇ ਚੱਲੀ ਸੀ।
ਇਸ ਡਿਵੀਜ਼ਨ ਦੇ ਪ੍ਰਬੰਧ ਹੇਠ ਚੱਲਣ ਵਾਲੀਆਂ ਰੇਲਾਂ ਰਾਹੀਂ ਅਫ਼ਗਾਨਿਸਤਾਨ ਸਰਹੱਦ ਨੇੜੇ ਪੇਸ਼ਾਵਰ ਅਤੇ ਇਰਾਨ ਦੇ ਸ਼ਹਿਰ ਜ਼ਹਿਦ ਤੱਕ ਅਸਾਨੀ ਨਾਲ ਪਹੁੰਚਿਆ ਜਾ ਸਕਦਾ ਸੀ। ਹੁਣ ਇਸ ਰੇਲਵੇ ਡਿਵੀਜ਼ਨ ਵਿੱਚ ਵੱਡਾ ਬਦਲਾਵ ਹੋਇਆ ਹੈ।
ਦਰਅਸਲ ਭਾਰਤ ਦੀ ਕੇਂਦਰ ਸਰਕਾਰ ਨੇ ਨੋਟੀਫੀਕੇਸ਼ਨ ਜਾਰੀ ਕਰਕੇ ਭਾਰਤੀ ਰੇਲਵੇ ਦੀ ਫਿਰੋਜ਼ਪੁਰ ਡਿਵੀਜ਼ਨ ਵਿੱਚੋਂ ਜੰਮੂ ਰੇਲਵੇ ਡਿਵੀਜ਼ਨ ਨੂੰ ਵੱਖ ਕਰ ਦਿੱਤਾ ਹੈ।
ਹੁਣ ਫਿਰੋਜ਼ਪੁਰ ਡਿਵੀਜ਼ਨ ਦਾ ਜ਼ਿਆਦਾਤਰ ਪਹਾੜੀ ਖੇਤਰ ਜੰਮੂ ਡਿਵੀਜ਼ਨ ਦੇ ਅਧਿਕਾਰ ਖੇਤਰ ਹੇਠ ਆ ਗਿਆ ਹੈ।
ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਿਛਲੇ ਦਿਨੀ ਜੰਮੂ ਡਿਵੀਜ਼ਨ ਦਾ ਰਸਮੀ ਉਦਘਾਟਨ ਵੀ ਕੀਤਾ ਹੈ।
ਫਿਰੋਜ਼ਪੁਰ ਡਿਵੀਜ਼ਨ ਦੀ ਹੋਂਦ ਭਾਰਤ ਵਿੱਚ ਰੇਲਵੇ ਦੇ ਆਗਮਨ ਅਤੇ ਵਿਕਾਸ ਦੇ ਸਮਾਂਤਰ ਹੀ ਹੋਂਦ ਵਿੱਚ ਆਉਂਦੀ ਹੈ। ਫਿਰੋਜ਼ਪੁਰ ਡਿਵੀਜ਼ਨ ਇਤਿਹਾਸ ਦੇ ਅਹਿਮ ਘਟਨਾਕ੍ਰਮਾਂ ਦੀ ਵੀ ਗਵਾਹ ਰਹੀ ਹੈ।
1947 ਤੋਂ ਪਹਿਲਾਂ ਫਿਰੋਜ਼ਪੁਰ ਡਿਵੀਜ਼ਨ ਦੀਆਂ ਰੇਲ ਪਟਰੀਆਂ ਚੜ੍ਹਦੇ ਤੇ ਲਹਿੰਦੇ ਪੰਜਾਬ ਦੀ ਸ਼ਾਹਰਗ ਹੁੰਦੀ ਸੀ। ਇਸ ਨੂੰ ਇਸ ਡਿਵੀਜ਼ਨ ਦਾ ਸੁਨਹਿਰੀ ਕਾਲ਼ ਕਿਹਾ ਜਾਂਦਾ ਹੈ।
ਪਰ ਭਾਰਤ ਦੀ ਅਜਾਦੀ ਵੇਲ਼ੇ ਭਾਰਤ ਅਤੇ ਪਾਕਿਸਤਾਨ ਦੋ ਮੁਲਕ ਬਣਨ ਵੇਲ਼ੇ ਪੰਜਾਬ ਦੇ ਨਾਲ ਫਿਰੋਜ਼ਪੁਰ ਡਿਵੀਜ਼ਨ ਵੀ ਵੰਡੀ ਗਈ। ਸਰਹੱਦ ਦੀ ਲਕੀਰ ਨੇ ਇਸ ਦੀਆਂ ਪਟੜੀਆਂ ਨੂੰ ਵਾਹਗੇ ਉੱਤੇ ਦੋਵਾਂ ਪਾਸਿਓਂ ਗੇਟ ਲਾ ਦਿੱਤੇ।
ਵੰਡ ਦੌਰਾਨ ਹੋਏ ਹੱਲਿਆਂ ਤੇ ਪੰਜਾਬੀਆਂ ਦੇ ਦੋਵੇਂ ਪਾਸੀਂ ਹੋਏ ਕਤਲੇਆਮ, ਉਜਾੜੇ ਦੀਆਂ ਇਹ ਰੇਲਾਂ ਵੀ ਗਵਾਹ ਬਣੀਆਂ।
ਪੰਜਾਬ ਖਿੱਤੇ ਦੀ ਪਹਿਲੀ ਰੇਲ
ਪੰਜਾਬ ਖਿੱਤੇ ਵਿੱਚ ਪਹਿਲੀ ਰੇਲ 10 ਅਪ੍ਰੈਲ 1862 ਨੂੰ ਅਮ੍ਰਿਤਸਰ ਅਤੇ ਲਾਹੌਰ ਦਰਮਿਆਨ ਚੱਲੀ ਸੀ।
ਭਾਰਤੀ ਰੇਲਵੇ ਦੀ ਵੈੱਬਸਾਈਟ ਅਨੁਸਾਰ, ''ਇਹ ਫਿਰੋਜ਼ਪੁਰ ਡਿਵੀਜ਼ਨ ਦੀ ਪਹਿਲੀ ਰੇਲ ਸੀ। ਇਹ ਰੇਲਵੇ ਟਰੈਕ 50 ਕਿਲੋਮੀਟਰ ਲੰਬਾ ਸੀ ਪਰ ਵੰਡ ਮਗਰੋਂ ਹੁਣ 24 ਕਿਲੋਮੀਟਰ ਦਾ ਹੀ ਹੈ ਅਤੇ ਅਟਾਰੀ ਰੇਲਵੇ ਸਟੇਸ਼ਨ 'ਤੇ ਖਤਮ ਹੁੰਦਾ ਹੈ।''
ਉਸ ਸਮੇਂ ਇਸ ਰੇਲ ਸਫ਼ਰ ਵਿੱਚ 9 ਸਟੇਸ਼ਨ ਆਉਂਦੇ ਸਨ। ਇਸ ਦੇ ਲੋਕੋਮੋਟਿਵ ਇੰਗਲੈਡ ਤੋਂ ਬਣੇ ਸਨ। ਇਸ ਲੋਕੇਮੋਟਿਵ ਨੂੰ ਲਾਹੌਰ ਤੱਕ ਪਹੁੰਚਾਉਣਾ ਵੀ ਅੱਲਗ ਹੀ ਜਦੋਂ-ਜ਼ਹਿਦ ਸੀ।
'ਹੰਡਰਡ ਈਰਜ਼ ਆਫ਼ ਪਾਕਿਸਤਾਨ' ਕਿਤਾਬ ਵਿੱਚ ਐੱਮ.ਬੀ.ਕੇ ਮਲਿਕ ਲਿਖਦੇ ਹਨ, ''ਇਹ ਲੋਕੋਮੋਟਿਵ ਪਹਿਲਾ ਕਰਾਚੀ ਬੰਦਰਗਾਹ 'ਤੇ ਪਹੁੰਚਦਾ ਹੈ। ਇਸ ਤੋਂ ਬਾਅਦ ਪਹਿਲਾ ਤੋਂ ਹੀ ਚਾਲੂ ਕਰਾਚੀ-ਕੋਟੜੀ ਰੇਲ ਰਾਹੀ ਕੋਟੜੀ ਪਹੁੰਚਦਾ ਹੈ, ਇਸ ਮਗਰੋਂ ਕਿਸ਼ਤੀ ਰਾਹੀ ਸਿੰਧ ਅਤੇ ਚਨਾਬ ਨਦੀ ਦੇ ਜ਼ਰੀਏ ਸਫ਼ਰ ਕਰਦਾ ਹੈ ਅਤੇ ਫਿਰ ਲਾਹੌਰ ਸ਼ਹਿਰ ਨੇੜੇ ਰਾਵੀ ਨਦੀ ਤੱਕ ਪਹੁੰਚਦਾ ਹੈ।''
ਇਤਿਹਾਸਕ ਹਵਾਲਿਆ ਅਨੁਸਾਰ ਫਿਰ ਬਲ਼ਦਾਂ ਅਤੇ ਹਾਥੀਆਂ ਦੀ ਮਦਦ ਨਾਲ ਇਸ ਨੂੰ ਲਾਹੌਰ ਸਟੇਸ਼ਨ 'ਤੇ ਲਿਆਂਦਾ ਜਾਂਦਾ ਹੈ, ਜਿਸ ਮਗਰੋਂ ਰੇਲ ਸਫ਼ਰ ਦਾ ਰਸਮੀ ਉਦਘਾਟਨ ਹੁੰਦਾ ਹੈ।
ਅੰਮ੍ਰਿਤਸਰ ਤੋਂ ਰਾਵਲਪਿੰਡੀ, ਪੇਸ਼ਾਵਰ ਅਤੇ ਇਰਾਨ
ਰੇਲਵੇ ਦੇ ਸ਼ੁਰੂਆਤੀ ਦੌਰ ਵਿੱਚ ਰੇਲ ਲਾਇਨਾਂ ਨਿੱਜੀ ਕੰਪਨੀ ਵੱਲੋਂ ਬਣਾਈਆਂ ਜਾਂਦੀਆਂ ਸਨ। ਅੰਮ੍ਰਿਤਸਰ-ਲਾਹੌਰ ਲਿੰਕ ਦੇ ਨਾਲ ਹੀ ਕਰਾਚੀ ਤੋਂ ਕੋਟੜੀ ਲਾਈਨ ਪਹਿਲਾ ਹੀ ਚਾਲੂ ਸੀ। ਇਸ ਦੇ ਨਾਲ ਮੁਲਤਾਨ ਤੋਂ ਲਾਹੌਰ ਤੱਕ ਦਾ ਸ਼ੈਕਸ਼ਨ ਬਣਿਆ, ਜਿਸ ਨਾਲ ਮੁਲਤਾਨ ਤੱਕ ਰੇਲ ਸਫ਼ਰ ਸ਼ੁਰੂ ਹੋਇਆ।
ਕੋਟੜੀ ਤੋਂ ਇੰਡਸ ਵੈਲੀ ਰੇਲਵੇ ਕੰਪਨੀ ਵੱਲੋਂ ਲਾਹੌਰ ਤੱਕ ਸੈਕਸ਼ਨ ਬਣਿਆ, ਜਿਸ ਨਾਲ ਕਰਾਚੀ ਸਿੱਧਾ ਲਾਹੌਰ ਨਾਲ ਜੁੜ ਗਿਆ।।
ਇਸ ਲਾਈਨ ਤੋਂ ਬਾਅਦ ਪੰਜਾਬ ਦੇ ਬਠਿੰਡਾ ਸ਼ਹਿਰ ਤੋਂ ਕਰਾਚੀ ਵੱਲ ਨੂੰ ਲਾਇਨ ਦਾ ਨਿਰਮਾਣ ਹੋਇਆ, ਜਿਸ ਨਾਲ ਦਿੱਲੀ ਤੋਂ ਕਰਾਚੀ ਦੀ ਰੇਲ ਸਫ਼ਰ ਦੀ ਦੂਰੀ ਹੋਰ ਘੱਟ ਗਈ।
ਲਾਹੌਰ ਤੋਂ ਗੁਜਰਾਂਵਾਲਾ ਤੱਕ ਰੇਲ ਟਰੈਕ ਬਿਛਾਇਆ ਗਿਆ, ਜਿਸ ਦਾ ਬਾਅਦ ਵਿੱਚ ਰਾਵਲਪਿੰਡੀ ਤੱਕ ਵਿਸਥਾਰ ਹੋਇਆ।
ਅਟਕ ਰੇਲਵੇ ਨੇ ਪੇਸ਼ਾਵਰ ਤੱਕ ਰੇਲਵੇ ਟਰੈਕ ਦੀ ਉਸਾਰੀ ਕਰਵਾਈ, ਇਸ ਦੇ ਨਾਲ ਹੀ ਖੈਬਰ ਵਰਗੇ ਵਪਾਰਕ ਰੂਟ ਬਣੇ, ਜਿਸ ਨਾਲ ਰੇਲਵੇ ਨੈੱਟਵਰਕ ਅਫ਼ਗਾਨਿਸਤਾਨ ਬਾਰਡਰ ਦੇ ਬਿਲਕੁਲ ਨਜ਼ਦੀਕ ਪਹੁੰਚ ਗਿਆ।
ਰੇਲਵੇ ਇਤਿਹਾਸ ਦੇ ਵੇਰਵਿਆਂ ਮੁਤਾਬਕ ਇਸ ਦਾ ਮੁੱਖ ਉਦੇਸ਼ ਬਾਹਰੀ ਹਮਲਿਆਂ ਤੋਂ ਰੱਖਿਆ ਕਰਨ ਦਾ ਸੀ। ਸਿਕੰਦਰ ਅਤੇ ਮੁਗਲਾਂ ਤੋਂ ਬਾਅਦ ਬਰਤਾਨਵੀ ਸ਼ਾਸਕਾਂ ਨੂੰ ਡਰ ਸੀ ਕਿ ਰੂਸ ਦੁਆਰਾ ਇਸ ਖਿੱਤੇ 'ਤੇ ਹਮਲੇ ਦੀ ਕੋਸ਼ਿਸ਼ ਕੀਤੀ ਜਾ ਸਕਦੀ ਹੈ।
ਜੀ ਐੱਸ ਗੋਸਲਾ ਦੀ ਕਿਤਾਬ 'ਹਿਸਟਰੀ ਐਫ਼ ਰੇਲਵੇ' ਅਨੁਸਾਰ ਇਰਾਨ ਦੇ ਸ਼ਹਿਰ ਜ਼ਹਿਦ ਤੱਕ ਰੇਲਵੇ ਦਾ ਨਿਰਮਾਣ ਹੋਇਆ ਸੀ। ਇਹ ਸ਼ਹਿਰ ਅੱਜ ਵੀ ਇਰਾਨ ਦੇ ਮੁੱਖ ਸ਼ਹਿਰਾਂ ਵਿੱਚੋਂ ਇੱਕ ਹੈ। ਇਸ ਦਾ ਨਿਰਮਾਣ ਸਿੰਧ ਪੇਸ਼ੀਨ ਰੇਲਵੇ ਕੰਪਨੀ ਵੱਲੋਂ ਕੀਤਾ ਗਿਆ ਸੀ।
ਇੱਕ ਹੋਰ ਰੇਲਵੇ ਲਾਇਨ ਕੰਧਾਰ ਰੇਲਵੇ ਵੱਲੋਂ ਬਣਾਈ ਗਈ, ਜੋ ਕਿ ਅਫਗਾਨਿਸਤਾਨ ਦੇ ਬਿਲਕੁਲ ਨੇੜੇ ਚਮਨ ਤੱਕ ਬਣਾਈ ਗਈ ਸੀ ਭਾਵੇਂ ਕਿ ਨਿਰਮਾਤਾ ਕੰਪਨੀ ਦਾ ਨਾਮ ਕੰਧਾਰ ਰੇਲਵੇ ਸੀ ਪਰ ਇਹ ਅਫਗਾਨਿਸਤਾਨ ਦੇ ਸ਼ਹਿਰ ਕੰਧਾਰ ਤੱਕ ਨਾ ਪਹੁੰਚ ਸਕੀ।
ਪਟਿਆਲਾ ਰਿਆਸਤ ਦੀ ਰੇਲਵੇ
'ਹਿਟਸਰੀ ਆਫ਼ ਇੰਡੀਅਨ ਰੇਲਵੇ' ਵਿੱਚ ਬੀਐੱਸ ਗੋਸਲਾ ਨੇ ਪੰਜਾਬ ਦੇ ਰੇਲਵੇ ਨੈੱਟਵਰਕ ਦੇ ਨਾਲ ਤਤਕਾਲੀ ਪਟਿਆਲਾ ਰਿਆਸਤ ਦੀ ਰੇਲਵੇ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ ਹੈ।
ਜੀ ਐੱਸ ਗੋਸਲਾ ਲਿਖਦੇ ਹਨ, ''ਪਟਿਆਲਾ ਰਿਆਸਤ ਦੁਆਰਾ ਪਟਿਆਲਾ- ਰਾਜਪੁਰਾ ਰੇਲਵੇ ਲਾਇਨ ਬਣਾਈ ਗਈ ਸੀ। ਇਹ 1 ਨਵੰਬਰ 1884 ਨੂੰ ਖੋਲ੍ਹੀ ਗਈ ਸੀ। ਜਿਸ ਦਾ ਬਾਅਦ ਵਿੱਚ 13 ਅਕਤੂਬਰ 1889 ਨੂੰ ਬਠਿੰਡਾ ਸ਼ਹਿਰ ਤੱਕ ਵਿਸਥਾਰ ਕੀਤਾ ਗਿਆ।''
ਇਹ ਪਟਿਆਲਾ ਰਿਆਸਤ ਵੱਲੋਂ ਬਣਾਈ ਗਈ ਸੀ ਪਰ ਇਸ ਦੀ ਆਮ ਦੇਖ਼-ਰੇਖ਼ ਉੱਤਰ-ਪੱਛਮੀ ਰੇਲਵੇ ਵੱਲੋਂ ਹੀ ਕੀਤੀ ਜਾਂਦੀ ਸੀ, ਬਾਅਦ ਵਿੱਚ 1889 ਵਿੱਚ ਇਸ ਨੂੰ ਉੱਤਰ-ਪੱਛਮੀ ਰੇਲਵੇ ਦੇ ਨੈੱਟਵਰਕ ਵਿੱਚ ਸ਼ਾਮਲ ਕਰ ਲਿਆ ਗਿਆ ਸੀ।
ਉੱਤਰ-ਪੱਛਮੀ ਰੇਲਵੇ
ਸਾਲ 1886 ਵਿੱਚ ਕਈ ਨਿੱਜੀ ਕੰਪਨੀਆਂ ਦੇ ਰਲ਼ੇਵੇ ਅਤੇ ਰਾਸ਼ਟੀਕਰਨ ਮਗਰੋਂ ਸਾਲ 1886 ਵਿੱਚ ਨੌਰਦਨ ਵੈਸਟਨ ਸਟੇਟ ਰੇਲਵੇ ਹੋਂਦ ਵਿੱਚ ਆਈ।
ਜੀ ਐੱਸ ਗੋਸਲਾ ਮੁਤਾਬਕ 1947 ਵਿੱਚ ਇਸ ਦਾ ਕੁੱਲ ਨੈੱਟਵਰਕ 11 ਹਜਾਰ ਕਿਲੋਮੀਟਰ ਦੇ ਕਰੀਬ ਸੀ। ਵੰਡ ਤੋਂ ਪਹਿਲਾ ਪੰਜਾਬ ਅਤੇ ਸਿੰਧ ਦਾ ਖੇਤਰ ਰੇਲਵੇ ਦੇ ਬਜਟ ਦਾ ਅੱਧ ਦੇ ਕਰੀਬ (2/5) ਹਿੱਸਾ ਜ਼ਜਬ ਕਰ ਜਾਂਦਾ ਸੀ, ਜੋ ਕਿ ਇਸ ਦੇ ਵੱਡੇ ਅਤੇ ਵਿਸ਼ਾਲ ਹੋਣ ਦਾ ਪ੍ਰਤੀਕ ਹੈ।
ਭਾਰਤ-ਪਾਕਿਸਤਾਨ ਦੀ ਵੰਡ ਸਮੇਂ ਰੇਲਵੇ ਦੇ ਸਰੋਤ ਵੀ ਵੰਡੇ ਗਏ, ਨੌਰਦਨ ਵੈਸਟਨ ਰੇਲਵੇ ਦੋ ਹਿੱਸਿਆ ਵਿੱਚ ਵੰਡਿਆਂ ਗਿਆ- ਈਸਟਨ ਪੰਜਾਬ ਰੇਲਵੇ ਅਤੇ ਵੈਸਟਨ ਪਾਕਿਸਤਾਨ ਰੇਲਵੇ।
ਈਸਟਨ ਪੰਜਾਬ ਰੇਲਵੇ ਬਾਅਦ ਵਿੱਚ ਭਾਰਤੀ ਰੇਲਵੇ ਦੀ ਨੌਰਦਨ ਰੇਲਵੇ ਵਿੱਚ ਰਲਾ ਦਿੱਤਾ ਗਿਆ ਅਤੇ ਵੈਸਟਨ ਪਾਕਿਸਤਨ ਰੇਲਵੇ ਦਾ ਨਾਮ ਬਦਲ ਕੇ ਪਾਕਿਸਤਾਨ ਰੇਲਵੇ ਰੱਖ ਦਿੱਤਾ ਗਿਆ।
ਇਸ ਵੰਡ ਕਾਰਨ ਨੌਰਦਨ ਵੈਸਟਨ ਰੇਲਵੇ ਦਾ ਬਹੁਤਾ ਹਿੱਸਾ ਪਾਕਿਸਤਾਨ ਵਿੱਚ ਚਲਾ ਗਿਆ।
ਭਾਰਤ ਵਿਚਲੀ ਅਮ੍ਰਿਤਸਰ-ਲਾਹੌਰ ਲਾਇਨ ਅਟਾਰੀ ਸਟੇਸ਼ਨ 'ਤੇ ਖਤਮ ਹੋ ਗਈ, ਕਸੂਰ ਤੋਂ ਫਿਰੋਜ਼ਪੁਰ ਵਿਚਲੀ ਲਾਇਨ ਹੁਸੈਨੀਵਾਲਾ ਤੱਕ ਸੀਮਤ ਹੋ ਗਈ ਅਤੇ ਇੱਕ ਹੋਰ ਲਾਇਨ ਡੇਰਾ ਬਾਬਾ ਨਾਨਕ ਤੱਕ ਹੀ ਸੀਮਤ ਹੋ ਗਈ।
ਇਸ ਦੇ ਨਾਲ ਅਫਗਾਨਿਸਤਾਨ ਦੀ ਸਰਹੱਦ ਅਤੇ ਇਰਾਨ ਤੱਕ ਜਾਂਦੀਆਂ ਰੇਲਾਂ ਨੂੰ ਇੱਕ ਦੇਸ ਵਿੱਚ ਬਣੀ ਲਕੀਰ 'ਤੇ ਹੀ ਰੁਕਣਾ ਪਿਆ।
ਵੰਡ ਸਮੇਂ ਦੰਗਿਆਂ ਦੀ ਗਵਾਹੀ
ਵੰਡ ਦੇ ਸਮੇਂ ਦੰਗਿਆਂ ਅਤੇ ਕਤਲੋਗਾਰਤ ਦਾ ਵੀ ਰੇਲਵੇ ਗਵਾਹ ਰਿਹਾ। ਵੰਡ ਦੇ ਸਮੇਂ ਲੱਖਾਂ ਹੀ ਲੋਕਾਂ ਨੂੰ ਜਾਨ ਗਵਾਉਣੀ ਪਈ। ਇਸ ਸਮੇਂ ਸ਼ਰਨਾਰਥੀਆਂ ਵੱਲੋਂ ਵਧੇਰੇ ਕਰਕੇ ਰੇਲ ਸਫ਼ਰ ਦੀ ਹੀ ਵਰਤੋਂ ਕੀਤੀ ਗਈ।
ਪ੍ਰਬੰਧਕੀ ਟੁੱਟ-ਭੱਜ ਅਤੇ ਕੋਲਾ ਅਤੇ ਹੋਰ ਸਰੋਤਾਂ ਦੀ ਘਾਟ ਨਾਲ ਜੁਝਦਿਆਂ ਰੇਲਵੇ ਨੇ ਸ਼ਰਨਾਰਥੀਆਂ ਨੂੰ ਰੇਲ ਰਾਹੀ ਬਾਰਡਰ ਪਾਰ ਕਰਵਾਇਆ।
ਇਸ ਤਰਾਂ ਦਾ ਇੱਕ ਜ਼ਿਕਰ ਹਿਸਟਰੀ ਐਫ਼ ਰੇਲਵੇ ਕਿਤਾਬ ਵਿੱਚ ਆਉਂਦਾ ਹੈ, ਜਦੋਂ ਦਿੱਲੀ ਰੇਲਵੇ ਸਟੇਸ਼ਨ 'ਤੇ 9 ਸਤੰਬਰ 1947 ਨੂੰ ਕੁਝ ਹਮਲਾਵਾਰਾਂ ਵੱਲੋਂ ਆਮ ਲੋਕਾਂ 'ਤੇ ਹਮਲਾ ਕੀਤਾ ਗਿਆ, ਇਸ ਹਮਲੇ ਵਿੱਚ ਸ਼ਾਮਲ ਚਾਰ ਜਣਿਆਂ ਨੂੰ ਡੀਸੀ ਦੇ ਹੁਕਮਾਂ ਉੱਤੇ ਮੌਕੇ 'ਤੇ ਹੀ ਮਾਰ ਦਿੱਤਾ ਗਿਆ ਸੀ।
ਰੇਲਵੇ ਸਟੇਸ਼ਨਾਂ ਉੱਤੇ ਅਜਿਹੀ ਕਤਲੋਗਾਰਤ ਦੀਆਂ ਕਈ ਕਹਾਣੀਆਂ ਹਨ।
ਅਜਿਹਾ ਹੀ ਇੱਕ ਪ੍ਰਤੀਬਿੰਬ ਖੁਸ਼ਵੰਤ ਸਿੰਘ ਦੇ ਨਾਵਲ 'ਟਰੇਨ ਟੂ ਪਾਕਿਸਤਾਨ' ਵਿੱਚ ਵੀ ਪੇਸ਼ ਕੀਤਾ ਗਿਆ ਹੈ। ਨਾਵਲ ਵਿੱਚ ਇੱਕ ਦ੍ਰਿਸ਼ ਚਿਤਰਿਆ ਗਿਆ ਹੈ, ਜਿਸ 'ਚ ਪਾਕਿਸਤਾਨ ਤੋਂ ਇੱਕ ਰੇਲ ਮਨੋਮਾਜਰਾ ਪਿੰਡ ਵਿੱਚ ਰੁਕਦੀ ਹੈ ਪਰ ਰੇਲ ਵਿੱਚੋਂ ਕੋਈ ਵੀ ਯਾਤਰੀ ਉਤਰਦਾ ਨਹੀਂ।
ਅਸਲ 'ਚ ਇਹ ਦ੍ਰਿਸ਼ ਵੰਡ ਦੌਰਾਨ ਹੋਏ ਡਰਾਉਣੇ ਕਤਲੇਆਮ ਦਾ ਦ੍ਰਿਸ਼ ਪੇਸ਼ ਕਰਦਾ ਹੈ। ਇਹ ਰੇਲ ਗੱਡੀ ਉਸ ਕਤਲੇਆਮ ਦਾ ਸ਼ਿਕਾਰ ਹੋਏ ਸਿੱਖ ਸ਼ਰਨਾਰਥੀਆਂ ਨਾਲ ਭਰੀ ਹੋਈ ਸੀ, ਜਿਸ ਵਿੱਚੋਂ ਕੋਈ ਉਤਰਦਾ ਦਾ ਤਾਂ ਹੀ ਜੇ ਉਸ ਦੀ ਜਾਨ ਬਚੀ ਹੁੰਦੀ।
ਇਸ ਨਾਲ ਹੀ ਵੰਡ ਮਗਰੋਂ ਦੋਵੇਂ ਦੇਸ਼ਾਂ ਵਿੱਚ ਜੰਮੂ-ਕਸ਼ਮੀਰ ਇਹ ਮੁੱਦਾ ਬਣ ਗਿਆ।
'ਹਿਸਟਰੀ ਐਫ਼ ਰੇਲਵੇ' ਕਿਤਾਬ ਵਿਚਲੇ ਵੇਰਵਿਆਂ ਅਨੁਸਾਰ ਭਾਰਤ ਵੱਲੋਂ ਜੰਮੂ-ਕਸ਼ਮੀਰ ਹੋਰ ਆਸਾਨੀ ਨਾਲ ਪਹੁੰਚਣ ਲਈ ਨਵੰਬਰ 1949 ਵਿੱਚ ਫਿਰੋਜ਼ਪੁਰ ਡਿਵੀਜ਼ਨ ਜਲੰਧਰ-ਮੁਕੇਰੀਆ ਬ੍ਰਾਚ ਲਾਇਨ ਦਾ ਕੰਮ ਜੰਗੀ ਪੱਧਰ 'ਤੇ ਸ਼ੁਰੂ ਹੋਇਆ। ਇਹ ਸੈਕਸ਼ਨ 7 ਅਪ੍ਰੈਲ 1952 ਨੂੰ ਪੂਰਾ ਹੋਇਆ। ਇਸ ਪ੍ਰੋਜੈਕਟ 'ਤੇ 3 ਕਰੋੜ 77 ਲੱਖ ਦਾ ਖ਼ਰਚ ਆਇਆ ਸੀ। ਇਸ ਸੈਕਸ਼ਨ ਵਿੱਚ 108 ਪੁਲ ਬਣਾਏ ਗਏ ਸਨ, ਜਿਨ੍ਹਾਂ ਕਾਰਨ ਖ਼ਰਚ ਵਧੇਰੇ ਸੀ।
ਸਮਝੌਤਾ ਅਤੇ ਥਾਰ ਐਕਸਪ੍ਰੈਸ
ਵੰਡ ਮਗਰੋਂ ਰੇਲ ਆਵਾਜਾਈ ਦੋਵੇਂ ਦੇਸ਼ਾ ਵਿਚਕਾਰ ਕਾਫੀ ਹੱਦ ਤੱਕ ਰੁਕ ਗਈ ਸੀ। ਪਰ ਸਾਲ 1972 ਵਿੱਚ ਦੋਵਾ ਦੇਸਾਂ ਵਿਚਕਾਰ ਸ਼ਿਮਲਾ ਸਮਝੌਤਾ ਦੇ ਨਾਂ ਨਾਲ ਜਾਣੇ ਜਾਂਦੇ ਸ਼ਾਂਤੀ ਸਮਝੌਤੇ ਮਗਰੋਂ ਰੇਲ ਆਵਾਜਾਈ 'ਤੇ ਦੁਬਾਰਾ ਸਹਿਮਤੀ ਬਣੀ।
ਇਸ ਦੇ ਤਹਿਤ ਹੀ 22 ਜੁਲਾਈ 1976 ਨੂੰ ਦਿੱਲੀ ਤੋਂ ਲਾਹੌਰ ਰੇਲ ਯਾਤਰਾ ਦੀ ਸ਼ੁਰੂਆਤ ਹੋਈ। ਉਸ ਸਮੇਂ ਇਹ ਰੇਲ ਰੋਜ਼ਾਨਾ ਚੱਲਦੀ ਸੀ ਪਰ 1994 ਤੋਂ ਹਫਤੇ ਵਿੱਚ ਦੋ ਵਾਰ ਚੱਲਣ ਲੱਗੀ। ਇਸ ਦੇ ਨਾਲ ਹੀ ਥਾਰ ਐਕਸਪ੍ਰਸ ਰਾਜਥਾਨ ਦੇ ਜੋਧਪੁਰ ਤੋਂ ਪਾਕਿਸਤਾਨ ਦੇ ਕਰਾਚੀ ਛਾਉਣੀ ਸਟੇਸ਼ਨ ਤੱਕ ਸ਼ੁਰੂ ਹੋਈ।
ਭਾਵੇਂ ਕਿ ਵੰਡ ਤੋਂ ਪਹਿਲਾ ਦਾ ਰੇਲ ਨੈੱਟਵਰਕ ਆਪਣੇ ਆਪ ਵਿੱਚ ਕਾਫੀ ਵਿਸ਼ਾਲ ਸੀ ਪਰ ਇਨ੍ਹਾਂ ਲਾਇਨਾਂ ਨੇ ਕੁਝ ਹੱਦ ਤੱਕ ਦੋਵੇਂ ਦੇਸ਼ਾ ਵਿਚਕਾਰ ਰੇਲ ਆਵਾਜਾਈ ਸ਼ੁਰੂ ਕੀਤੀ।
ਫਰਵਰੀ 2019 ਵਿੱਚ ਪੁਲਵਾਮਾ ਹਮਲੇ ਤੋਂ ਬਾਅਦ ਭਾਰਤ-ਪਾਕਿਸਤਾਨ ਤਣਾਅ ਵਧਣ ਕਰਕੇ 28 ਫਰਵਰੀ ਨੂੰ ਇਸ ਰੇਲ ਸੇਵਾ ਨੂੰ ਅਸਥਾਈ ਤੌਰ 'ਤੇ ਰੋਕ ਦਿੱਤਾ ਗਿਆ ਪਰ ਬਾਅਦ ਵਿੱਚ ਭਾਰਤ ਦੇ ਆਰਟੀਕਲ 370 ਨੂੰ ਹਟਾਉਣ ਦੇ ਫੈਸਲੇ ਮਗਰੋਂ ਪਾਕਿਸਤਾਨ ਨੇ 8 ਅਗਸਤ 2019 ਨੂੰ ਸਮਝੋਤਾ ਐਕਸਪ੍ਰੈਸ ਅਤੇ 9 ਅਗਸਤ ਨੂੰ ਥਾਰ ਐਕਸਪ੍ਰੈਸ ਨੂੰ ਸਥਾਈ ਤੌਕ 'ਤੇ ਬੰਦ ਕਰ ਦਿੱਤਾ ਗਿਆ ਸੀ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ