ਸਮਝੌਤਾ ਐਕਸਪ੍ਰੈਸ ਪਾਕਿਸਤਾਨ ਤੋਂ ਬਾਅਦ ਭਾਰਤ ਨੇ ਵੀ ਕੀਤੀ ਰੱਦ

ਭਾਰਤ-ਪਾਕਿਸਤਾਨ ਵਿਚਕਾਰ ਚੱਲਣ ਵਾਲੀ ਸਮਝੌਤਾ ਐਕਸਪ੍ਰੈਸ ਮੁਕੰਮਲ ਬੰਦ ਹੋ ਗਈ ਹੈ। ਐਤਵਾਰ ਨੂੰ ਭਾਰਤ ਆਪਣੇ ਵੱਲੋਂ ਜਾਣ ਵਾਲੀ ਸਮਝੌਤਾ ਐਕਸਪ੍ਰੈਸ ਨੂੰ ਬੰਦ ਕਰ ਦਿੱਤਾ। ਪਾਕਿਸਤਾਨ ਨੇ ਕੁਝ ਦਿਨ ਪਹਿਲਾਂ ਹੀ ਆਪਣੇ ਪਾਸਿਓਂ ਸਮਝੌਤਾ ਐਕਸਪ੍ਰੈਸ ਨੂੰ ਬੰਦ ਕਰ ਦਿੱਤਾ ਸੀ।

ਖ਼ਬਰ ਏਜੰਸੀ ਏਐੱਨਆਈ ਅਨੁਸਾਰ ਉੱਤਰ ਰੇਲਵੇ ਦੇ ਮੁੱਖ ਲੋਕ ਸੰਪਰਕ ਅਧਿਕਾਰੀ ਦੀਪਕ ਕੁਮਾਰ ਨੇ ਇਹ ਜਾਣਕਾਰੀ ਦਿੱਤੀ ਹੈ।

ਉਨ੍ਹਾਂ ਕਿਹਾ, "ਪਾਕਿਸਤਾਨ ਨੇ ਲਾਹੌਰ ਅਤੇ ਅਟਾਰੀ ਦਰਮਿਆਨ ਚੱਲਣ ਵਾਲੀ ਸਮਝੌਤਾ ਐਕਸਪ੍ਰੈਸ ਨੂੰ ਰੱਦ ਕਰਨ ਦਾ ਫ਼ੈਸਲਾ ਲਿਆ ਸੀ। ਜਿਸ ਦੇ ਨਤੀਜੇ ਵਜੋਂ ਦਿੱਲੀ ਤੇ ਅਟਾਰੀ ਵਿਚਕਾਰ ਚੱਲਣ ਵਾਲੀ ਸਮਝੌਤਾ ਲਿੰਕ ਐਕਸਪ੍ਰੈਸ ਨੂੰ ਰੱਦ ਕੀਤਾ ਜਾ ਰਿਹਾ ਹੈ।"

ਭਾਰਤੀ ਰੇਲ ਐਤਵਾਰ ਨੂੰ ਦਿੱਲੀ ਤੋਂ ਅਟਾਰੀ ਤੱਕ ਇਹ ਇਹ ਗੱਡੀ ਚਲਾਉਂਦਾ ਸੀ ਜਦੋਂ ਕਿ ਪਾਕਿਸਤਾਨ ਵਿੱਚ ਇਹ ਗੱਡੀ ਲਾਹੌਰ ਤੋਂ ਅਟਾਰੀ ਦਰਮਿਆਨ ਚਲਾਈ ਜਾਂਦੀ ਸੀ। ਇਸ ਮੁਸਾਫ਼ਰ ਅਟਾਰੀ ਰੇਲ ਬਦਲਦੇ ਸਨ।

ਖ਼ਬਰ ਏਜੰਸੀ ਪੀਟੀਆਈ ਅਨੁਸਾਰ, ''ਰੇਲਵੇ ਅਧਿਕਾਰੀਆਂ ਨੇ ਦੱਸਿਆ ਕਿ ਐਤਵਾਰ ਨੂੰ ਇਸ ਰੇਲ ਲਈ ਦੋ ਹੀ ਜਣਿਆਂ ਨੇ ਟਿਕਟਾਂ ਬੁੱਕ ਕਰਵਾਈਆਂ ਸਨ।''

ਇਹ ਵੀ ਪੜ੍ਹੋ:

ਕਸ਼ਮੀਰ ਵਿੱਚ ਤਣਾਅ, ਪਾਕਿਸਤਾਨ ਦਾ ਸਖ਼ਤ ਰਵਈਆ

ਭਾਰਤ ਵੱਲੋਂ ਜੰਮੂ-ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲੀ ਸੰਵਿਧਾਨ ਦੀ ਧਾਰਾ 370 ਦੀਆਂ ਵਿਵਿਸਥਾਵਾਂ ਨੂੰ ਹਟਾਉਣ ਅਤੇ ਸੂਬੇ ਦੇ ਪੁਨਰਗਠਨ ਤੋਂ ਬਾਅਦ ਪਾਕਿਸਤਾਨ ਨੇ ਕਈ ਸਖ਼ਤ ਕਦਮ ਚੁੱਕੇ ਹਨ।

ਅੱਠ ਅਗਸਤ ਨੂੰ ਪਾਕਿਸਤਾਨ ਦੇ ਰੇਲ ਮੰਤਰੀ ਸ਼ੇਖ਼ ਰਸ਼ੀਦ ਅਹਿਮਦ ਨੇ ਕਿਹਾ ਸੀ ਕਿ ਉਨ੍ਹਾਂ ਨੇ ਸਮਝੌਤਾ ਐਕਸਪ੍ਰੈਸ ਨੂੰ ਸਦਾ ਲਈ ਬੰਦ ਕਰਨ ਦਾ ਫ਼ੈਸਲਾ ਲਿਆ ਹੈ।

ਪਾਕਿਸਤਾਨ ਨੇ ਭਾਰਤ ਨੇ ਸਾਰੇ ਕੂਟਨੀਤਿਕ ਸੰਬੰਧ ਖ਼ਤਮ ਕਰ ਲਏ ਹਨ।

ਸਮਝੌਤਾ ਐਕਸਪ੍ਰੈਸ ਦਾ ਇਤਿਹਾਸ

  • ਸਮਝੌਤਾ ਐਕਸਪ੍ਰੈਸ ਭਾਰਤ ਤੇ ਪਾਕਿਸਤਾਨ ਦਰਮਿਆਨ ਹਫ਼ਤੇ ਦੇ ਦੋ ਦਿਨ ਚੱਲਣ ਵਾਲੀ ਰੇਲ ਗੱਡੀ ਹੈ ਜੋ ਵੰਡ ਤੋਂ ਪਹਿਲਾਂ ਦੀ ਅਟਾਰੀ ਤੋਂ ਲਾਹੌਰ ਤੱਕ ਵਿਛੀ ਪਟੜੀ 'ਤੇ ਚਲਦੀ ਸੀ।
  • ਇਸ ਰੇਲ ਗੱਡੀ ਨੂੰ 22 ਜੁਲਾਈ 1976 ਨੂੰ ਸ਼ਿਮਲਾ ਸਮਝੌਤੇ ਤੋਂ ਬਾਅਦ ਅੰਮ੍ਰਿਤਸਰ ਦੇ ਵਿਚਕਾਰ ਸ਼ੁਰੂ ਕੀਤਾ ਗਿਆ ਸੀ। ਬਾਅਦ ਵਿੱਚ 1994 ਵਿੱਚ ਇਸ ਨੂੰ ਅਟਾਰੀ ਤੋਂ ਲਾਹੌਰ ਦਰਮਿਆਨ ਚਲਾਇਆ ਜਾਣ ਲਗਿਆ।
  • ਇਹ ਰੇਲ ਭਾਰਤ ਤੇ ਪਾਕਿਸਤਾਨ ਵਿਚਕਾਰ ਸਮੇਂ-ਸਮੇਂ 'ਤੇ ਪੈਦਾ ਹੋਣ ਵਾਲੇ ਤਣਾਅ ਦੀ ਬਲੀ ਚੜ੍ਹਦੀ ਰਹੀ ਹੈ। ਜਦੋਂ ਵੀ ਦੋਹਾਂ ਦੇਸ਼ਾਂ ਵਿੱਚ ਖਿੱਚੋ-ਤਾਣ ਵਧਦੀ ਹੈ ਰੇਲ ਰੋਕ ਦਿੱਤੀ ਜਾਂਦੀ ਹੈ।
  • ਭਾਰਤ-ਸ਼ਾਸਿਤ ਕਸ਼ਮੀਰ ਦੇ ਪੁਲਵਾਮਾ ਵਿੱਚ ਹੋਏ ਹਮਲੇ ਤੋਂ ਬਾਅਦ ਵੀ ਇਸ ਨੂੰ ਰੋਕ ਦਿੱਤਾ ਗਿਆ ਸੀ।

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)