ਡੌਨਲਡ ਟਰੰਪ ਵੱਲੋਂ ਕੈਨੇਡਾ ਅਤੇ ਮੈਕੀਸਕੋ ਤੇ ਲਗਾਏ ਟੈਰਿਫ ਤੇ ਰੋਕ

ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਨੇ ਮੈਕਸੀਕੋ ਤੋਂ ਬਾਅਦ, ਹੁਣ ਕੈਨੇਡਾ 'ਤੇ 25 ਪ੍ਰਤੀਸ਼ਤ ਟੈਰਿਫ ਲਗਾਉਣ ਦੀ ਆਪਣੀ ਯੋਜਨਾ ਨੂੰ ਅਸਥਾਈ ਤੌਰ 'ਤੇ ਮੁਲਤਵੀ ਕਰਨ ਦਾ ਐਲਾਨ ਕੀਤਾ ਹੈ। ਟੈਰਿਫ 'ਤੇ ਇਹ ਰੋਕ ਮੰਗਲਵਾਰ ਤੋਂ ਲਾਗੂ ਹੋਵੇਗੀ ਅਤੇ 30 ਦਿਨਾਂ ਤੱਕ ਜਾਰੀ ਰਹੇਗੀ।

ਕੈਨੇਡਾ ਅਤੇ ਮੈਕਸੀਕੋ ਵੱਲੋਂ ਸਰਹੱਦ 'ਤੇ ਸੁਰੱਖਿਆ ਨੂੰ ਬਿਹਤਰ ਬਣਾਉਣ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਿਰੁੱਧ ਕਾਰਵਾਈ ਕਰਨ ਦੇ ਵਾਅਦੇ ਤੋਂ ਬਾਅਦ ਅਮਰੀਕਾ ਨੇ ਇਹ ਫੈਸਲਾ ਲਿਆ ਹੈ।

ਕੈਨੇਡਾ ਨੇ ਕਿਹਾ ਹੈ ਕਿ ਉਹ ਸਰਹੱਦ ਪਾਰ ਫੈਂਟਾਨਿਲ ਨਸ਼ਿਆਂ ਦੀ ਤਸਕਰੀ ਨੂੰ ਰੋਕਣ ਦੇ ਕਾਰਜਾਂ ਲਈ ਨਿਗਰਾਨ ਅਧਿਕਾਰੀ ਨਿਯੁਕਤ ਕਰਨਗੇ। ਟਰੰਪ ਨਾਲ ਹੋਏ ਸਮਝੌਤੇ ਦੇ ਤਹਿਤ ਮੈਕਸੀਕੋ ਨੇ ਵੀ ਆਪਣੇ 10,000 ਸੈਨਿਕਾਂ ਨੂੰ ਸਰਹੱਦ 'ਤੇ ਤੈਨਾਤ ਕਰਨ ਲਈ ਸਹਿਮਤੀ ਦਿੱਤੀ ਹੈ।

ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਵੱਲੋਂ ਸ਼ਨੀਵਾਰ ਨੂੰ ਕੈਨੇਡਾ, ਮੈਕਸੀਕੋ ਅਤੇ ਚੀਨ ਤੋਂ ਦਰਾਮਦ ਹੋਣ ਵਾਲੇ ਸਮਾਨ 'ਤੇ ਟੈਰਿਫ ਲਗਾਉਣ ਦੇ ਹੁਕਮਾਂ ਨੂੰ 'ਟੈਰਿਫ਼ ਵਾਰ' ਦੀ ਸ਼ੁਰੂਆਤ ਹੋਣਾ ਮੰਨਿਆ ਜਾ ਰਿਹਾ ਸੀ ਪਰ ਦੋਵੇਂ ਦੇਸ਼ਾਂ ਲਈ ਰੋਕ ਰਾਹਤ ਵਾਲੀ ਖ਼ਬਰ ਹੈ।

ਇਹ ਟੈਰਿਫ ਮੰਗਲਵਾਰ ਤੋਂ ਲਾਗੂ ਹੋਣ ਵਾਲੇ ਸਨ। ਭਾਵੇਂ ਕਿ ਸ਼ਨੀਵਾਰ ਨੂੰ ਟਰੰਪ ਵੱਲੋਂ ਟੈਰਿਫ ਲਗਾਉਣ ਦੇ ਐਲਾਨ ਤੋਂ ਬਾਅਦ ਦੋਵਾਂ ਦੇਸ਼ਾਂ ਨੇ ਜਵਾਬੀ ਕਾਰਵਾਈ ਬਾਰੇ ਗੱਲ ਕੀਤੀ ਸੀ।

ਇਹ ਤਿੰਨ ਉੱਤਰੀ ਅਮਰੀਕੀ ਦੇਸ਼ਾਂ - ਅਮਰੀਕਾ, ਕੈਨੇਡਾ ਅਤੇ ਮੈਕਸੀਕੋ - ਦੇ ਆਪਸ ਵਿਚਕਾਰ ਨੇੜਲੇ ਸਬੰਧ ਰਹੇ ਹਨ। ਕੈਨੇਡਾ ਅਤੇ ਮੈਕਸੀਕੋ, ਅਮਰੀਕਾ ਨਾਲ ਲੰਬਾ ਬਾਰਡਰ ਸਾਂਝਾ ਕਰਦੇ ਹਨ।

ਕੈਨੇਡਾ ਅਤੇ ਮੈਕਸੀਕੋ ਨਾਲ ਅਮਰੀਕਾ ਦਾ ਵਪਾਰ ਸਭ ਤੋਂ ਵੱਧ ਹੁੰਦਾ ਹੈ।

ਹਾਲਾਂਕਿ ਚੀਨ 'ਤੇ ਐਲਾਨੇ ਗਏ ਟੈਰਿਫਾਂ ਸੰਬੰਧੀ ਇਸ ਵੇਲੇ ਕੋਈ ਸਮਝੌਤਾ ਨਹੀਂ ਹੋਇਆ ਹੈ। ਹੁਣ ਤੋਂ ਥੋੜ੍ਹੀ ਦੇਰ ਬਾਅਦ, ਅਮਰੀਕਾ ਆਉਣ ਵਾਲੇ ਚੀਨੀ ਸਮਾਨ 'ਤੇ 10 ਪ੍ਰਤੀਸ਼ਤ ਟੈਰਿਫ ਲਗਾਇਆ ਜਾਵੇਗਾ।

ਟਰੰਪ ਨੇ ਕੀ ਕਿਹਾ

ਡੌਨਲਡ ਟਰੰਪ ਨੇ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਫ਼ੋਨ 'ਤੇ ਗੱਲ ਕੀਤੀ ਹੈ।

ਇਸ ਮਗਰੋਂ ਟਰੰਪ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਟਰੂਥ ਸੋਸ਼ਲ 'ਤੇ ਲਿਖਿਆ, "ਕੈਨੇਡਾ ਉੱਤਰੀ ਸਰਹੱਦ 'ਤੇ ਸੁਰੱਖਿਆ ਯਕੀਨੀ ਬਣਾਉਣ ਲਈ ਸਹਿਮਤ ਹੋ ਗਿਆ ਹੈ।"

ਇਸ ਤੋਂ ਪਹਿਲਾ ਟਰੂਡੋ ਨੇ ਟਵੀਟ ਕੀਤਾ ਕਿ ਉਹ ਸਰਹੱਦੀ ਸੁਰੱਖਿਆ ਨਾਲ ਸਬੰਧਤ ਕੰਮਾਂ ਲਈ 1.3 ਬਿਲੀਅਨ ਕੈਨੇਡੀਅਨ ਡਾਲਰ ਖਰਚ ਕਰਨਗੇ। ਇਸ ਤੋਂ ਇਲਾਵਾ, ਫੈਂਟਾਨਿਲ ਦਵਾਈ ਦੀ ਵਿਕਰੀ 'ਤੇ ਪਾਬੰਦੀ ਦੀ ਨਿਗਰਾਨੀ ਲਈ ਨਿਗਰਾਨ ਅਧਿਕਾਰੀ ਨਿਯੁਕਤ ਕੀਤਾ ਜਾਵੇਗਾ।

ਟਰੰਪ ਨੇ ਫਿਰ ਟਰੂਥ ਸੋਸ਼ਲ 'ਤੇ ਲਿਖਿਆ, "ਮੈਂ ਸ਼ੁਰੂਆਤੀ ਨਤੀਜਿਆਂ ਤੋਂ ਬਹੁਤ ਖੁਸ਼ ਹਾਂ ਅਤੇ ਸ਼ਨੀਵਾਰ ਨੂੰ ਐਲਾਨੇ ਗਏ ਟੈਰਿਫ ਹੁਣ 30 ਦਿਨਾਂ ਲਈ ਰੋਕ ਦਿੱਤੇ ਜਾਣਗੇ। ਇਸ ਸਮੇਂ ਦੌਰਾਨ ਇਹ ਦੇਖਿਆ ਜਾਵੇਗਾ ਕਿ ਕੈਨੇਡਾ ਨਾਲ ਆਰਥਿਕ ਸੌਦੇ ਨੂੰ ਅੰਤਿਮ ਰੂਪ ਦਿੱਤਾ ਜਾਂਦਾ ਹੈ ਜਾਂ ਨਹੀਂ।"

ਇਸ ਪੋਸਟ ਦੇ ਅੰਤ ਵਿੱਚ, ਅਮਰੀਕੀ ਰਾਸ਼ਟਰਪਤੀ ਨੇ ਲਿਖਿਆ, "ਸਾਰਿਆਂ ਲਈ ਨਿਰਪੱਖਤਾ।"

ਇਸ ਤੋਂ ਪਹਿਲਾਂ, ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀ ਕਿਹਾ ਸੀ ਕਿ ਕੈਨੇਡੀਅਨ ਉਤਪਾਦਾਂ 'ਤੇ 25 ਪ੍ਰਤੀਸ਼ਤ ਟੈਰਿਫ ਦੀ ਡੋਨਾਲਡ ਟਰੰਪ ਦੀ ਯੋਜਨਾ ਨੂੰ 30 ਦਿਨਾਂ ਲਈ ਰੋਕਿਆ ਜਾ ਰਿਹਾ ਹੈ। ਇਸ ਸਮੇਂ ਦੌਰਾਨ ਦੋਵੇਂ ਦੇਸ਼ ਮਿਲ ਕੇ ਕੰਮ ਕਰਨਗੇ।

ਉਨ੍ਹਾਂ ਨੇ ਐਕਸ ਪੋਸਟ ਤੇ ਦੱਸਿਆ ਕਿ ਕੈਨੇਡਾ ਆਪਣੀ ਸਰਹੱਦੀ ਯੋਜਨਾ 'ਤੇ 1.3 ਬਿਲੀਅਨ ਡਾਲਰ ਖਰਚ ਕਰੇਗਾ। ਇਹ ਪੈਸਾ ਨਵੇਂ ਹੈਲੀਕਾਪਟਰ, ਤਕਨਾਲੋਜੀ ਅਤੇ ਸਰਹੱਦ 'ਤੇ ਫੌਜਾਂ ਦੀ ਤਾਇਨਾਤੀ 'ਤੇ ਖਰਚ ਕੀਤਾ ਜਾਵੇਗਾ।

ਇਸ ਤੋਂ ਇਲਾਵਾ, ਫੈਂਟਾਨਿਲ ਦੀ ਵੱਧ ਰਹੀ ਤਸਕਰੀ ਨੂੰ ਰੋਕਿਆ ਜਾਵੇਗਾ। ਸਰਹੱਦ 'ਤੇ 24/7 ਨਿਗਰਾਨੀ ਕਰਨ ਅਤੇ ਸੰਗਠਿਤ ਅਪਰਾਧ, ਫੈਂਟਾਨਿਲ ਤਸਕਰੀ ਅਤੇ ਮਨੀ ਲਾਂਡਰਿੰਗ ਦਾ ਮੁਕਾਬਲਾ ਕਰਨ ਲਈ ਇੱਕ ਕੈਨੇਡਾ-ਅਮਰੀਕਾ ਸਾਂਝੀ ਸਟਰਾਈਕ ਫੋਰਸ ਸ਼ੁਰੂ ਕੀਤੀ ਜਾਵੇਗੀ।

ਟਰੰਪ ਤੇ ਟਰੂਡੋ ਦੋਵਾਂ ਦੀ ਜਿੱਤ

ਅਮਰੀਕਾ ਵੱਲੋਂ ਕੈਨੇਡਾ 'ਤੇ ਟੈਰਿਫ 30 ਦਿਨਾਂ ਲਈ ਰੋਕਣ ਤੋਂ ਬਾਅਦ ਕੈਨੇਡੀਅਨ ਸਿਆਸਤਦਾਨਾਂ ਅਤੇ ਕਾਰੋਬਾਰੀ ਆਗੂਆਂ ਨੇ ਸੁੱਖ ਦਾ ਸਾਹ ਲਿਆ ਹੈ।

ਕੈਨੇਡਾ ਤੋਂ ਬੀਬੀਸੀ ਪੱਤਰਕਾਰ ਜੈਸਿਕਾ ਮਰਫੀ ਨੇ ਆਪਣੇ ਵਿਸ਼ਲੇਸ਼ਣ ਵਿੱਚ ਦੱਸਿਆ ਹੈ ਕਿ ਕੈਨੇਡਾ ਨੇ ਸਰਹੱਦ ਦੀ ਨਿਗਰਾਨੀ ਲਈ ਡਰੋਨ ਅਤੇ ਬਲੈਕ ਹਾਕ ਹੈਲੀਕਾਪਟਰ ਭੇਜਣ ਦਾ ਫੈਸਲਾ ਕੀਤਾ ਹੈ।

ਉਨ੍ਹਾਂ ਕਿਹਾ ਹੈ ਕਿ ਇਸ ਪਾਬੰਦੀ ਦੇ ਬਾਵਜੂਦ, ਟੈਰਿਫ ਦਾ ਖ਼ਤਰਾ ਅਜੇ ਵੀ ਬਣਿਆ ਹੋਇਆ ਹੈ ਅਤੇ ਹੁਣ ਟਰੂਡੋ ਅਤੇ ਟਰੰਪ ਦੋਵੇਂ ਇਸ ਨੂੰ ਆਪਣੀ ਰਾਜਨੀਤਿਕ ਜਿੱਤ ਵਜੋਂ ਪੇਸ਼ ਕਰਨਗੇ।

ਟਰੰਪ ਇਸ ਰਾਹਤ ਨੂੰ ਟੈਰਿਫ ਯੁੱਧ ਦੀ ਸ਼ੁਰੂਆਤ ਦੇ ਵਿਚਕਾਰ ਸਰਹੱਦ 'ਤੇ ਵਧੇਰੇ ਸੁਰੱਖਿਆ ਯਕੀਨੀ ਬਣਾਉਣ ਵਿੱਚ ਆਪਣੀ ਸਫਲਤਾ ਵਜੋਂ ਪੇਸ਼ ਕਰਨਗੇ। ਇਸ ਦੇ ਨਾਲ ਹੀ, ਟਰੂਡੋ ਇਸਨੂੰ ਦੇਸ਼ ਨੂੰ ਟੈਰਿਫ ਤੋਂ ਬਚਾਉਣ ਦੇ ਰੂਪ ਵਿੱਚ ਪੇਸ਼ ਕਰਨਗੇ ਜੋ ਆਰਥਿਕਤਾ ਲਈ ਖਤਰਨਾਕ ਸਾਬਤ ਹੋ ਸਕਦੇ ਸਨ।

ਵਪਾਰੀਆਂ ਵਿੱਚ ਸ਼ਸ਼ੋਪੰਜ

ਬੀਬੀਸੀ ਦੇ ਬਿਜ਼ਨਸ ਰਿਪੋਰਟਰ ਜੋਨਾਥਨ ਜੋਸਫ਼ ਦੇ ਅਨੁਸਾਰ, ਟਰੰਪ ਵੱਲੋਂ ਟੈਰਿਫ 'ਤੇ 30 ਦਿਨਾਂ ਦੀ ਰੋਕ ਦੇ ਐਲਾਨ ਨੇ ਕਾਰੋਬਾਰੀਆਂ ਲਈ ਇੱਕ ਗੁੰਝਲਦਾਰ ਸਥਿਤੀ ਪੈਦਾ ਕਰ ਦਿੱਤੀ ਹੈ।

ਉਹ ਕਹਿੰਦੇ ਹਨ ਕਿ ਜੇਕਰ ਵਪਾਰਕ ਜਗਤ ਵਿੱਚ ਕਿਸੇ ਚੀਜ਼ ਨੂੰ ਨਾਪਸੰਦ ਕੀਤਾ ਜਾਂਦਾ ਹੈ, ਤਾਂ ਉਹ ਹੈ "ਅਨਿਸ਼ਚਿਤਤਾ", ਜਿਸਦੀ ਇੱਕ ਝਲਕ ਸੋਮਵਾਰ ਨੂੰ ਵਿਸ਼ਵ ਸਟਾਕ ਮਾਰਕੀਟ ਵਿੱਚ ਦੇਖੀ ਗਈ।

ਅਜਿਹੀ ਸਥਿਤੀ ਵਿੱਚ, ਟਰੰਪ ਵੱਲੋਂ ਆਪਣੇ ਫੈਸਲੇ ਨੂੰ ਇੰਨੀ ਜਲਦੀ ਉਲਟਾਉਣਾ ਦਰਸਾਉਂਦਾ ਹੈ ਕਿ ਅਗਲੇ ਚਾਰ ਸਾਲਾਂ ਵਿੱਚ ਉਨ੍ਹਾਂ ਦੇ ਕਾਰਜਕਾਲ ਦੌਰਾਨ ਕਿਸੇ ਵੀ ਫੈਸਲੇ ਲਈ ਕੋਈ ਸਪੱਸ਼ਟ ਸਥਿਤੀ ਨਹੀਂ ਹੋਵੇਗੀ।

ਹਾਲ ਹੀ ਦੇ ਸਾਲਾਂ ਵਿੱਚ, ਬਹੁਤ ਸਾਰੀਆਂ ਕੰਪਨੀਆਂ ਨੇ ਟੈਰਿਫ ਤੋਂ ਬਚਣ ਦੀ ਕੋਸ਼ਿਸ਼ ਵਿੱਚ ਸਪਲਾਈ ਚੇਨਾਂ ਦਾ ਪੁਨਰਗਠਨ ਕੀਤਾ ਹੈ। ਉਦਾਹਰਣ ਵਜੋਂ, ਬਹੁਤ ਸਾਰੀਆਂ ਕੰਪਨੀਆਂ ਹੁਣ ਉਤਪਾਦਾਂ ਦੇ ਨਿਰਮਾਣ ਲਈ ਅਮਰੀਕੀ ਬਾਜ਼ਾਰ ਦੀ ਬਜਾਏ ਚੀਨ, ਮੈਕਸੀਕੋ ਜਾਂ ਭਾਰਤ ਵੱਲ ਰੁਖ ਕਰ ਰਹੀਆਂ ਹਨ।

ਪਰ ਜਦੋਂ ਤੁਸੀਂ ਨਹੀਂ ਜਾਣਦੇ ਕਿ ਰਾਸ਼ਟਰਪਤੀ ਟਰੰਪ ਦੀ ਸੂਚੀ ਵਿੱਚ ਅੱਗੇ ਕਿਹੜਾ ਦੇਸ਼ ਹੋ ਸਕਦਾ ਹੈ, ਤਾਂ ਇੱਕ ਕਾਰੋਬਾਰੀ ਲਈ ਇਹ ਫੈਸਲਾ ਕਰਨਾ ਮੁਸ਼ਕਲ ਹੁੰਦਾ ਹੈ ਕਿ ਕਿਸ ਦੇਸ਼ ਵਿੱਚ ਨਿਵੇਸ਼ ਕਰਨਾ ਹੈ।

ਚੀਨ 'ਤੇ ਲਗਾਏ ਟੈਰਿਫ ਦਾ ਕੀ?

ਟਰੰਪ ਨੇ ਮੰਗਲਵਾਰ ਤੋਂ ਚੀਨ ਤੋਂ ਆਯਾਤ ਕੀਤੇ ਜਾਣ ਵਾਲੇ ਉਤਪਾਦਾਂ 'ਤੇ 10 ਪ੍ਰਤੀਸ਼ਤ ਟੈਰਿਫ ਲਗਾਉਣ ਦਾ ਐਲਾਨ ਵੀ ਕੀਤਾ ਸੀ ਅਤੇ ਮੰਨਿਆ ਜਾ ਰਿਹਾ ਹੈ ਕਿ ਇਸ ਯੋਜਨਾ ਵਿੱਚ ਕੋਈ ਬਦਲਾਅ ਨਹੀਂ ਹੋਵੇਗਾ।

ਚੀਨ ਵਿਰੁੱਧ 10% ਟੈਰਿਫ ਮੰਗਲਵਾਰ ਨੂੰ ਭਾਰਤੀ ਸਮੇਂ ਅਨੁਸਾਰ ਸਵੇਰੇ 10.31 ਵਜੇ ਤੋਂ ਲਾਗੂ ਹੋ ਗਿਆ ਹੈ।

ਇਸ ਦੌਰਾਨ, ਵ੍ਹਾਈਟ ਹਾਊਸ ਦੇ ਬੁਲਾਰੇ ਨੇ ਕਿਹਾ ਕਿ ਟਰੰਪ ਦੀ ਇਸ ਹਫ਼ਤੇ ਦੇ ਅੰਤ ਤੱਕ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਗੱਲ ਕਰਨ ਦੀ ਕੋਈ ਯੋਜਨਾ ਨਹੀਂ ਹੈ।

ਟਰੰਪ ਨੇ ਚੇਤਾਵਨੀ ਦਿੱਤੀ ਕਿ ਉਹ ਬੀਜਿੰਗ 'ਤੇ ਟੈਰਿਫ ਹੋਰ ਵਧਾ ਸਕਦੇ ਹਨ।

ਉਨ੍ਹਾਂ ਨੇ ਕਿਹਾ, "ਉਮੀਦ ਹੈ ਕਿ ਚੀਨ ਸਾਨੂੰ ਫੈਂਟਾਨਿਲ ਭੇਜਣਾ ਬੰਦ ਕਰ ਦੇਵੇਗਾ ਅਤੇ ਜੇਕਰ ਉਹ ਅਜਿਹਾ ਨਹੀਂ ਕਰਦੇ ਤਾਂ ਅਸੀਂ ਟੈਰਿਫ ਹੋਰ ਵਧਾ ਦੇਵਾਂਗੇ।"

ਚੀਨ ਨੇ ਫੈਂਟਾਨਿਲ ਨੂੰ "ਅਮਰੀਕਾ ਦੀ ਸਮੱਸਿਆ" ਕਿਹਾ ਹੈ। ਚੀਨ ਨੇ ਕਿਹਾ ਹੈ ਕਿ ਉਹ ਵਿਸ਼ਵ ਵਪਾਰ ਸੰਗਠਨ ਵਿੱਚ ਟੈਰਿਫਾਂ ਨੂੰ ਚੁਣੌਤੀ ਦੇਵੇਗਾ ਅਤੇ ਹੋਰ ਜਵਾਬੀ ਕਦਮ ਚੁੱਕੇਗਾ।

ਹਾਲਾਂਕਿ, ਵ੍ਹਾਈਟ ਹਾਊਸ ਦੇ ਬੁਲਾਰੇ ਦੇ ਬਿਆਨ ਤੋਂ ਪਹਿਲਾਂ, ਟਰੰਪ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਉਮੀਦ ਹੈ ਕਿ 'ਸੰਭਵ ਤੌਰ 'ਤੇ ਅਗਲੇ 24 ਘੰਟਿਆਂ ਵਿੱਚ' ਇੱਕ ਫੌਨ ਕਾਲ ਆਵੇਗੀ।

ਟਰੰਪ ਨੇ ਚੀਨ 'ਤੇ 10 ਪ੍ਰਤੀਸ਼ਤ ਆਯਾਤ ਡਿਊਟੀ ਲਗਾਉਣ ਦੇ ਫੈਸਲੇ ਨੂੰ 'ਸ਼ੁਰੂਆਤੀ' ਦੱਸਿਆ ਅਤੇ ਕਿਹਾ ਕਿ ਜੇਕਰ ਕੋਈ ਸਮਝੌਤਾ ਨਹੀਂ ਹੁੰਦਾ ਹੈ ਤਾਂ ਇਹ ਟੈਰਿਫ ਬਹੁਤ ਜ਼ਿਆਦਾ ਹੋ ਸਕਦੇ ਹਨ।

ਵਿਸ਼ਲੇਸ਼ਕਾਂ ਨੇ ਟਰੰਪ ਦੇ ਬਿਆਨ ਦੀ ਵਿਆਖਿਆ ਇਸ ਤਰ੍ਹਾਂ ਕੀਤੀ ਹੈ ਕਿ ਟੈਰਿਫ 10 ਪ੍ਰਤੀਸ਼ਤ ਤੋਂ ਵੱਧ ਹੋ ਸਕਦਾ ਹੈ।

ਇਸ ਫੈਸਲੇ ਦੇ ਆਉਣ ਮਗਰੋਂ ਚੀਨ ਦੇ ਵਣਜ ਮੰਤਰਾਲੇ ਨੇ ਵੀ ਇਸ 'ਤੇ ਪ੍ਰਤੀਕਿਰਿਆ ਦਿੱਤੀ ਅਤੇ ਕਿਹਾ ਸੀ ਕਿ ਇਸ ਕਦਮ ਵਿਰੁੱਧ ਜਵਾਬੀ ਕਾਰਵਾਈ ਕੀਤੀ ਜਾਵੇਗੀ।

ਚੀਨ ਨੇ ਕਿਹਾ ਕਿ ਉਹ ਅਮਰੀਕਾ ਦੇ 'ਗਲਤ ਵਿਵਹਾਰ' ਵਿਰੁੱਧ ਵਿਸ਼ਵ ਵਪਾਰ ਸੰਗਠਨ (ਡਬਲਿਉਟੀਓ) ਵਿੱਚ ਕੇਸ ਦਾਇਰ ਕਰਨਗੇ ਅਤੇ 'ਆਪਣੇ ਅਧਿਕਾਰਾਂ ਅਤੇ ਹਿੱਤਾਂ ਦੀ ਰੱਖਿਆ' ਲਈ ਜਵਾਬੀ ਕਾਰਵਾਈ ਕਰਨਗੇ।

ਕਿਹੜੇ ਖ਼ਤਰਿਆਂ ਦਾ ਖ਼ਦਸ਼ਾ ਸੀ

ਅਮਰੀਕਾ ਦੇ ਇਸ ਟੈਰਿਫ ਐਲਾਨ ਮਗਰੋਂ ਅੰਦਾਜ਼ਾ ਲਗਾਇਆ ਜਾ ਰਿਹਾ ਸੀ ਕਿ ਆਮ ਅਮਰੀਕੀ ਲੋਕਾਂ ਦਾ ਜੀਵਨ ਮੁਸ਼ਕਲ ਹੋ ਸਕਦਾ ਹੈ। ਇਹ ਮੰਨਿਆ ਜਾ ਰਿਹਾ ਹੈ ਕਿ ਇਸ ਨਾਲ ਮਹਿੰਗਾਈ ਹੋਰ ਵਧੇਗੀ।

ਦੂਜੇ ਪਾਸੇ, ਟਰੰਪ ਇਸ ਵਾਅਦੇ ਨਾਲ ਸੱਤਾ ਵਿੱਚ ਵਾਪਸ ਆਏ ਹਨ ਕਿ ਉਹ ਜ਼ਰੂਰੀ ਵਸਤੂਆਂ, ਗੈਸ-ਪੈਟਰੋਲ, ਘਰ, ਕਾਰਾਂ ਅਤੇ ਹੋਰ ਚੀਜ਼ਾਂ ਦੀਆਂ ਕੀਮਤਾਂ ਘਟ ਕਰਨਗੇ।

ਇਨ੍ਹਾਂ ਉੱਤਰੀ ਅਮਰੀਕੀ ਦੇਸ਼ਾਂ ਵਿੱਚ ਟੈਰਿਫ ਵਾਰ ਨਾਲ ਆਰਥਿਕ ਵਿਕਾਸ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ, ਜਿਸ ਤੋਂ ਅਮਰੀਕਾ ਸਭ ਤੋਂ ਵੱਧ ਪ੍ਰਭਾਵਿਤ ਹੋਵੇਗਾ।

ਯੇਲ ਯੂਨੀਵਰਸਿਟੀ ਦੀ ਬਜਟ ਲੈਬ ਦੇ ਇੱਕ ਨਵੇਂ ਵਿਸ਼ਲੇਸ਼ਣ ਦੇ ਅਨੁਸਾਰ, ਟੈਰਿਫ ਸੰਭਾਵੀ ਤੌਰ 'ਤੇ ਅਮਰੀਕੀ ਅਰਥਵਿਵਸਥਾ ਨੂੰ ਨੁਕਸਾਨ ਪਹੁੰਚਾ ਸਕਦੇ ਹਨ। ਇਸ ਵਿਸ਼ਲੇਸ਼ਣ ਦਾ ਅੰਦਾਜ਼ਾ ਹੈ ਕਿ ਇਨ੍ਹਾਂ ਟੈਰਿਫਾਂ ਕਾਰਨ ਆਮ ਅਮਰੀਕੀ ਪਰਿਵਾਰ ਨੂੰ ਤਨਖਾਹ ਵਿੱਚੋਂ 1,170 ਡਾਲਰ ਦਾ ਵਾਧੂ ਖਰਚਾ ਆਵੇਗਾ।

ਇਹ ਵੀ ਅੰਦਾਜ਼ਾ ਲਗਾਇਆ ਗਿਆ ਹੈ ਕਿ ਜੇਕਰ ਦੂਜੇ ਦੇਸ਼ ਜਵਾਬੀ ਕਾਰਵਾਈ ਕਰਦੇ ਹਨ, ਤਾਂ ਆਰਥਿਕ ਵਿਕਾਸ ਹੌਲੀ ਹੋ ਜਾਵੇਗਾ ਅਤੇ ਮਹਿੰਗਾਈ ਵਿੱਚ ਹੋਰ ਵਾਧਾ ਹੋਵੇਗਾ।

ਜਸਟਿਨ ਟਰੂਡੋ ਪਹਿਲਾਂ ਹੀ 25 ਪ੍ਰਤੀਸ਼ਤ ਟੈਰਿਫ ਦਾ ਐਲਾਨ ਕਰ ਚੁੱਕੇ ਹਨ। ਐਤਵਾਰ ਰਾਤ ਨੂੰ ਦੁਬਾਰਾ ਦੇਸ਼ ਨੂੰ ਸੰਬੋਧਨ ਕਰਦੇ ਹੋਏ, ਉਨ੍ਹਾਂ ਨੇ ਕੈਨੇਡਾ ਦੇ ਲੋਕਾਂ ਨੂੰ ਸਵਦੇਸ਼ੀ ਉਤਪਾਦ ਖਰੀਦਣ ਦੀ ਅਪੀਲ ਕੀਤੀ।

ਉਨ੍ਹਾਂ ਨੇ ਸੋਸ਼ਲ ਮੀਡੀਆ ਵੈੱਬਸਾਈਟ ਐਕਸ 'ਤੇ ਲਿਖਿਆ, "ਇਹ ਸਮਾਂ ਕੈਨੇਡਾ ਵਿੱਚ ਬਣੇ ਉਤਪਾਦਾਂ ਦੀ ਚੋਣ ਕਰਨ ਦਾ ਹੈ। ਲੇਬਲਾਂ ਦੀ ਜਾਂਚ ਕਰੋ। ਅਸੀਂ ਆਪਣਾ ਕੰਮ ਕਰਨਾ ਪਵੇਗਾ। ਜਿਥੋਂ ਤੱਕ ਹੋ ਪਾਵੇ ਕੈਨੇਡਾ ਨੂੰ ਚੁਣੋ।"

ਅਰਥਸ਼ਾਸਤਰੀਆਂ ਦਾ ਅੰਦਾਜ਼ਾ ਹੈ ਕਿ ਜੇਕਰ ਇਨ੍ਹਾਂ ਟੈਰਿਫਾਂ ਨੂੰ ਨਹੀਂ ਹਟਾਇਆ ਜਾਂਦਾ, ਤਾਂ ਕੈਨੇਡਾ ਮੰਦੀ ਵਿੱਚ ਜਾ ਸਕਦਾ ਹੈ। ਕੈਨੇਡਾ ਦੇ ਆਮਦ ਦਾ 75 ਪ੍ਰਤੀਸ਼ਤ ਸਿੱਧਾ ਅਮਰੀਕਾ ਨੂੰ ਜਾਂਦਾ ਹੈ।

ਦੂਜੇ ਪਾਸੇ, ਉਨ੍ਹਾਂ ਦੀ ਰਾਜਨੀਤਿਕ ਵਿਰੋਧੀ ਡੈਮੋਕ੍ਰੇਟਿਕ ਪਾਰਟੀ ਵੀ ਟਰੰਪ ਦੇ ਇਸ ਫੈਸਲੇ ਵਿਰੁੱਧ ਸਰਗਰਮ ਹੈ

ਸੈਨੇਟ ਡੈਮੋਕ੍ਰੇਟਿਕ ਲੀਡਰ ਚਕ ਸ਼ੂਮਰ ਨੇ ਸੋਸ਼ਲ ਮੀਡੀਆ ਵੈੱਬਸਾਈਟ ਐਕਸ 'ਤੇ ਲਿਖਿਆ, "ਤੁਸੀਂ ਕਰਿਆਨੇ ਦੀਆਂ ਕੀਮਤਾਂ ਬਾਰੇ ਚਿੰਤਤ ਹੋ, ਡੌਨ ਆਪਣੇ ਟੈਰਿਫ ਨਾਲ ਕੀਮਤਾਂ ਵਧਾ ਰਹੇ ਹਨ।"

ਇੱਕ ਹੋਰ ਪੋਸਟ ਵਿੱਚ, ਉਨ੍ਹਾਂ ਨੇ ਲਿਖਿਆ, "ਤੁਸੀਂ ਟਮਾਟਰਾਂ ਦੀ ਕੀਮਤ ਬਾਰੇ ਚਿੰਤਤ ਹੋ, ਟਰੰਪ ਦੇ ਮੈਕਸੀਕੋ ਟੈਰਿਫ ਦੀ ਉਡੀਕ ਕਰੋ, ਇਹ ਟਮਾਟਰਾਂ ਦੀ ਕੀਮਤ ਵੀ ਵਧਾ ਦੇਵੇਗਾ। ਤੁਸੀਂ ਕਾਰਾਂ ਦੀ ਕੀਮਤ ਬਾਰੇ ਚਿੰਤਤ ਹੋ, ਟਰੰਪ ਦੇ ਕੈਨੇਡਾ ਟੈਰਿਫ ਦੀ ਉਡੀਕ ਕਰੋ, ਇਹ ਕਾਰਾਂ ਦੀ ਕੀਮਤ ਵੀ ਵਧਾ ਦੇਵੇਗਾ।"

ਟਰੰਪ ਨੇ ਕੀਤਾ ਸੀ ਖਾਰਜ

ਟੈਰਿਫ ਵਧਾਉਣ ਲਈ ਦਸਤਾਵੇਜ਼ਾਂ 'ਤੇ ਦਸਤਖਤ ਕਰਨ ਤੋਂ ਬਾਅਦ, ਰਾਸ਼ਟਰਪਤੀ ਟਰੰਪ ਤੋਂ ਇਸ ਫੈਸਲੇ ਕਾਰਨ ਮਹਿੰਗਾਈ ਵਧਣ ਦੇ ਖ਼ਦਸ਼ੇ ਬਾਰੇ ਸਵਾਲ ਕੀਤਾ ਗਿਆ ਸੀ, ਜਿਸ ਨੂੰ ਉਨ੍ਹਾਂ ਨੇ ਰੱਦ ਕਰ ਦਿੱਤਾ।

ਇੱਕ ਪੱਤਰਕਾਰ ਨੇ ਟਰੰਪ ਨੂੰ ਪੁੱਛਿਆ ਕਿ ਤੁਸੀਂ ਵਾਅਦਾ ਕੀਤਾ ਸੀ ਕਿ ਜੇਕਰ ਤੁਸੀਂ ਸੱਤਾ ਵਿੱਚ ਆਏ ਤਾਂ ਚੀਜ਼ਾਂ ਦੀਆਂ ਕੀਮਤਾਂ ਘਟ ਕਰੋਗੇ, ਪਰ ਟੈਰਿਫ ਵਧਣ ਕਾਰਨ ਕੀਮਤਾਂ ਵਧਣਗੀਆਂ ਤਾਂ ਹੁਣ ਕੀਮਤਾਂ ਘਟਾਉਣ ਲਈ ਅੱਗੇ ਕੀ ਯੋਜਨਾ ਹੈ?

ਇਸ 'ਤੇ ਟਰੰਪ ਦਾ ਜਵਾਬ ਸੀ, "ਮੈਨੂੰ ਇਸ ਲਈ ਚੁਣਿਆ ਗਿਆ ਕਿਉਂਕਿ ਮੇਰੇ ਪਿਛਲੇ ਕਾਰਜਕਾਲ ਦੌਰਾਨ ਕੋਈ ਮਹਿੰਗਾਈ ਨਹੀਂ ਸੀ। ਮੈਂ ਕਈ ਦੇਸ਼ਾਂ 'ਤੇ ਸੈਂਕੜੇ ਅਰਬ ਡਾਲਰ ਦੇ ਟੈਰਿਫ ਲਗਾਏ। ਅਸੀਂ ਦੂਜੇ ਦੇਸ਼ਾਂ ਤੋਂ 600 ਅਰਬ ਡਾਲਰ ਕਮਾਏ।"

ਇਸ ਤੋਂ ਬਾਅਦ ਟਰੰਪ ਨੇ ਕਿਹਾ ਕਿ 'ਟੈਰਿਫ ਮਹਿੰਗਾਈ ਦਾ ਕਾਰਨ ਨਹੀਂ ਬਣਦੇ, ਟੈਰਿਫ ਸਫਲਤਾ ਦਾ ਕਾਰਕ ਹੁੰਦੇ ਹਨ। ਥੋੜ੍ਹੇ ਸਮੇਂ ਲਈ ਅਸਥਾਈ ਰੁਕਾਵਟਾਂ ਆ ਸਕਦੀਆਂ ਹਨ ਅਤੇ ਲੋਕ ਇਸ ਗੱਲ ਨੂੰ ਸਮਝ ਜਾਣਗੇ।"

ਅਮਰੀਕੀ ਸੈਨੇਟਰ ਅਤੇ ਸੀਨੀਅਰ ਲੀਡਰ ਬਰਨੀ ਸੈਂਡਰਸ ਨੇ ਟਰੰਪ ਦੇ ਫੈਸਲੇ ਨੂੰ ਨੁਕਸਾਨਦੇਹ ਦੱਸਿਆ ਸੀ।

ਉਨ੍ਹਾਂ ਨੇ ਸੋਸ਼ਲ ਮੀਡੀਆ ਵੈੱਬਸਾਈਟ ਐਕਸ 'ਤੇ ਪੋਸਟ ਕੀਤਾ, "ਟਰੰਪ ਦਾ ਕੈਨੇਡਾ ਅਤੇ ਮੈਕਸੀਕੋ 'ਤੇ 25 ਪ੍ਰਤੀਸ਼ਤ ਟੈਰਿਫ ਲਗਾਉਣ ਦਾ ਇਕਪਾਸੜ ਫੈਸਲਾ ਗੈਰ-ਕਾਨੂੰਨੀ ਅਤੇ ਯਕੀਨੀ ਤੌਰ 'ਤੇ ਨੁਕਸਾਨਦੇਹ ਹੈ। ਅਰਥਸ਼ਾਸਤਰੀਆਂ ਦਾ ਅੰਦਾਜ਼ਾ ਹੈ ਕਿ ਇਸ ਨਾਲ ਇੱਕ ਔਸਤ ਅਮਰੀਕੀ ਪਰਿਵਾਰ ਦੇ ਖਰਚ ਪ੍ਰਤੀ ਸਾਲ 1200 ਡਾਲਰ ਵਧੇਗਾ।"

ਬਰਨੀ ਸੈਂਡਰਸ ਨੇ ਲਿਖਿਆ, 'ਅਸੀਂ ਕੀਮਤਾਂ ਨੂੰ ਘਟਾਉਣਾ ਚਾਹੁੰਦੇ ਹਾਂ, ਵਧਾਉਣਾ ਨਹੀਂ।'

ਟੈਰਿਫ ਲਗਾਉਣ ਦੇ ਫੈਸਲੇ ਮਗਰੋਂ ਵਿਸ਼ਲੇਸ਼ਕ ਨੇ ਕੀ ਕਿਹਾ?

ਚਾਰਲਸ ਇਲੀਅਟ ਯੂਨੀਵਰਸਿਟੀ ਦੇ ਪ੍ਰੋਫੈਸਰ ਅਤੇ ਆਰਥਿਕ ਵਿਸ਼ਲੇਸ਼ਕ, ਲਾਰੈਂਸ ਸਮਰਸ ਦਾ ਮੰਨਣਾ ਹੈ ਕਿ ਕੈਨੇਡਾ ਅਤੇ ਮੈਕਸੀਕੋ ਵਿਰੁੱਧ ਕੀਤੀ ਗਈ ਕਾਰਵਾਈ ਖ਼ਤਰਨਾਕ ਹੈ ਅਤੇ ਇਸਦੀ ਵਿਆਖਿਆ ਨਹੀਂ ਕੀਤੀ ਜਾ ਸਕਦੀ।

ਉਨ੍ਹਾਂ ਨੇ ਸੋਸ਼ਲ ਮੀਡੀਆ ਵੈੱਬਸਾਈਟ ਐਕਸ 'ਤੇ ਲਿਖਦਿਆਂਂ ਕਿਹਾ ਹੈ ਕਿ ਟੈਰਿਫ ਆਟੋਮੋਬਾਈਲ, ਗੈਸ-ਪੈਟਰੋਲ ਅਤੇ ਆਮ ਲੋਕਾਂ ਦੁਆਰਾ ਵਰਤੀਆਂ ਜਾਣ ਵਾਲੀਆਂ ਸਾਰੀਆਂ ਜ਼ਰੂਰੀ ਚੀਜ਼ਾਂ ਦੀਆਂ ਕੀਮਤਾਂ ਵਿੱਚ ਵਾਧਾ ਕਰਨਗੇ।

ਉਨ੍ਹਾਂ ਨੇ ਲਿਖਿਆ, "ਜਦੋਂ ਟੈਰਿਫ ਖਪਤਕਾਰਾਂ ਅਤੇ ਹੋਰ ਕੰਪਨੀਆਂ ਦੇ ਉੱਪਰ ਆਉਣਗੇ, ਤਾਂ ਉਹ ਆਪਣੇ ਮੁਕਾਬਲਤਨ ਕੰਪਨੀਆਂ ਦੀਆਂ ਉੱਚੀਆਂ ਕੀਮਤਾਂ ਦੀ ਬਰਾਬਰੀ ਕਰਨਗੇ, ਇਸ ਨਾਲ ਅਮਰੀਕੀ ਕੰਪਨੀਆਂ ਵਿੱਚ ਮੁਕਾਬਲਾ ਘੱਟ ਹੋਵੇਗਾ, ਜਿਸ ਨਾਲ ਅਮਰੀਕਾ ਵਿੱਚ ਨੌਕਰੀਆਂ ਦੀ ਸਿਰਜਣਾ ਘੱਟੇਗੀ।"

"ਅਸੀਂ ਜੋ ਆਮਦ ਕਰਦੇ ਹਾਂ ਉਸ ਵਿੱਚ ਦਰਾਮਦ ਕੀਤੀਆਂ ਗਈਆਂ ਛੋਟੀਆਂ-ਛੋਟੀਆਂ ਚੀਜ਼ਾਂ ਵੀ ਸ਼ਾਮਲ ਹੁੰਦੀਆਂ ਹਨ। ਇੱਕ ਕਾਰ ਨਿਰਮਾਣ ਪ੍ਰਕਿਰਿਆ ਦੌਰਾਨ ਪੰਜ ਤੋਂ ਦਸ ਵਾਰ ਸਰਹੱਦਾਂ ਪਾਰ ਕਰਦੀ ਹੈ। ਇਸ ਨਾਲ ਪੂਰਾ ਉੱਤਰੀ ਅਮਰੀਕਾ ਯੂਰਪ ਅਤੇ ਜਾਪਾਨ ਨਾਲੋਂ ਘੱਟ ਪ੍ਰਤੀਯੋਗੀ ਬਣ ਜਾਵੇਗਾ।"

"ਜਦੋਂ ਸਾਡੇ ਸਹਿਯੋਗੀ ਜਵਾਬੀ ਕਾਰਵਾਈ ਕਰਨਗੇ, ਤਾਂ ਉਹ ਤਿਆਰੀ ਨਾਲ ਜਵਾਬ ਦੇਣਗੇ ਜੋ ਸਾਡੇ ਆਰਥਿਕ ਸਥਿਤੀ ਨੂੰ ਹੋਰ ਖਰਾਬ ਕਰੇਗਾ।"

ਲਾਰੈਂਸ ਸਮਰਸ ਨੇ ਲਿਖਿਆ ਹੈ ਕਿ 'ਨਵੇਂ ਪ੍ਰਸ਼ਾਸਨ ਦੀ ਵਿਦੇਸ਼ ਨੀਤੀ ਸਾਡੇ ਨਜ਼ਦੀਕੀ ਸਹਿਯੋਗੀਆਂ ਨੂੰ ਸਜ਼ਾ ਦੇਣਾ ਅਤੇ ਸਾਡੇ ਵਿਰੋਧੀਆਂ ਨੂੰ ਇਨਾਮ ਦੇਣਾ ਹੈ।' ਜਦੋਂ ਕਿ ਕੂਟਨੀਤੀ ਵਿੱਚ ਸਹਿਯੋਗੀਆਂ ਨੂੰ ਇਕਜੁੱਟ ਕਰਨਾ ਅਤੇ ਵਿਰੋਧੀਆਂ ਨੂੰ ਵੰਡਣ ਹੁੰਦਾ ਹੈ, ਅਸੀਂ ਉਲਟ ਕਿਉਂ ਕਰ ਰਹੇ ਹਾਂ?

"ਜੇਕਰ ਅਮਰੀਕਾ ਇਹ ਦਿਖਾਉਂਦਾ ਹੈ ਕਿ ਉਹ ਦੇਸ਼ਾਂ ਨੂੰ ਬੰਧਕ ਬਣਾਉਂਦੇ ਹੋਏ ਮਨਮਾਨੇ ਟੈਰਿਫ ਲਗਾਉਣ ਲਈ ਤਿਆਰ ਹੈ, ਤਾਂ ਦੂਜੇ ਦੇਸ਼ ਸਾਨੂੰ ਇੱਕ ਬੁਰਾ ਸਾਥੀ ਸਮਝਣਗੇ। ਇਹ ਸਾਡੀ ਆਰਥਿਕਤਾ, ਸਾਡੀ ਤਾਕਤ ਅਤੇ ਸਾਡੀ ਸੁਰੱਖਿਆ ਨੂੰ ਕਮਜ਼ੋਰ ਕਰੇਗਾ।"

"ਇਹ ਕਾਰਵਾਈ ਅਮਰੀਕੀ ਵਪਾਰਕ ਭਾਈਚਾਰੇ ਲਈ ਇੱਕ ਮਹੱਤਵਪੂਰਨ ਪ੍ਰੀਖਿਆ ਹੈ। ਉਹ ਜਾਣਦੇ ਹਨ ਕਿ ਇਹ ਆਰਥਿਕ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਕਾਰੋਬਾਰ-ਪੱਖੀ ਰਣਨੀਤੀ ਨਹੀਂ ਹੈ। ਮੈਨੂੰ ਉਮੀਦ ਹੈ ਕਿ ਕਾਰੋਬਾਰੀ ਆਗੂਆਂ ਵਿੱਚ ਅਜਿਹਾ ਕਹਿਣ ਦੀ ਹਿੰਮਤ ਹੋਵੇਗੀ।"

ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਫੈਸਲਾ ਅੰਤਰਰਾਸ਼ਟਰੀ ਐਮਰਜੈਂਸੀ ਆਰਥਿਕ ਸ਼ਕਤੀ ਐਕਟ ਦੀ ਵਰਤੋਂ ਨਾਲ ਲਿਆ ਗਿਆ ਹੈ।

ਯੂਐਸ ਚੈਂਬਰ ਆਫ਼ ਕਾਮਰਸ ਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਅਤੇ ਹੈੱਡ ਔਫ਼ ਇੰਟਰਨੈਸ਼ਨਲ ਜੌਨ ਮਰਫੀ ਨੇ ਬਿਆਨ ਜਾਰੀ ਕਰਕੇ ਕਿਹਾ ਕਿ ਇਸ ਫੈਸਲੇ ਨਾਲ ਸਿਰਫ਼ ਅਮਰੀਕੀ ਪਰਿਵਾਰਾਂ ਲਈ ਕੀਮਤਾਂ ਵਧੇਗੀ।

ਉਨ੍ਹਾਂ ਨੇ ਬਿਆਨ ਵਿੱਚ ਕਿਹਾ, "ਰਾਸ਼ਟਰਪਤੀ ਸਾਡੀ ਕਮਜ਼ੋਰ ਸਰਹੱਦ ਅਤੇ ਫੈਂਟਾਨਿਲ ਵਰਗੀਆਂ ਵੱਡੀਆਂ ਸਮੱਸਿਆਵਾਂ ਨੂੰ ਹੱਲ ਕਰਨ ਬਾਰੇ ਬਿਲਕੁਲ ਸਹੀ ਹਨ, ਪਰ ਟੈਰਿਫ ਇਨ੍ਹਾਂ ਸਮੱਸਿਆਵਾਂ ਦਾ ਹੱਲ ਨਹੀਂ ਹੈ।"

"ਇਸ ਨਾਲ ਅਮਰੀਕੀ ਪਰਿਵਾਰਾਂ ਲਈ ਕੀਮਤਾਂ ਵਿੱਚ ਵਾਧਾ ਹੋਵੇਗਾ ਅਤੇ ਸਪਲਾਈ ਚੇਨ ਖ਼ਤਮ ਹੋ ਜਾਵੇਗੀ। ਅਸੀਂ ਆਪਣੇ ਮੈਂਬਰਾਂ ਨਾਲ ਇਸ ਕਦਮ ਦੇ ਕਾਰੋਬਾਰ ਅਤੇ ਦੇਸ਼ 'ਤੇ ਪੈਣ ਵਾਲੇ ਪ੍ਰਭਾਵ ਬਾਰੇ ਸਲਾਹ-ਮਸ਼ਵਰਾ ਕਰਾਂਗੇ ਤਾਂ ਜੋ ਅਮਰੀਕੀਆਂ ਨੂੰ ਹੋਣ ਵਾਲੇ ਆਰਥਿਕ ਨੁਕਸਾਨ ਨਾਲ ਨਜਿੱਠਣ ਲਈ ਕੋਈ ਹੱਲ ਲੱਭਿਆ ਜਾ ਸਕੇ।"

ਭਾਰਤ 'ਤੇ ਕੀ ਪ੍ਰਭਾਵ ਪੈਣ ਖ਼ਦਸ਼ਾ

ਇਸ ਸਭ ਦੇ ਦਰਮਿਆਨ ਭਾਰਤ ਵਿੱਚ ਵੀ ਟੈਰਿਫ ਬਾਰੇ ਚਰਚਾ ਸ਼ੁਰੂ ਹੋ ਗਈ ਹੈ। ਰਾਜਨੀਤਿਕ ਅਤੇ ਆਰਥਿਕ ਹਲਕਿਆਂ ਵਿੱਚ ਇਸ ਗੱਲ 'ਤੇ ਬਹਿਸ ਚੱਲ ਰਹੀ ਹੈ ਕਿ ਕੀ ਟਰੰਪ ਭਾਰਤ ਨਾਲ ਵਪਾਰ ਘਾਟੇ ਨੂੰ ਲੈ ਕੇ ਕੋਈ ਕਾਰਵਾਈ ਕਰ ਸਕਦੇ ਹਨ?

ਅਮਰੀਕਾ ਦੇ ਵਪਾਰ ਘਾਟੇ ਵਿੱਚ ਭਾਰਤ ਦਾ ਕੁੱਲ ਹਿੱਸਾ ਸਿਰਫ਼ 3.2 ਪ੍ਰਤੀਸ਼ਤ ਹੈ।

ਇਹ ਵੀ ਵਰਨਯੋਗ ਹੈ ਕਿ ਪਿਛਲੇ ਸਮੇਂ ਦੌਰਾਨ ਟਰੰਪ ਨੇੇ ਬਰੀਕਸ ਦੇਸ਼ਾ ਨੂੰ ਵੀ ਚੇਤਾਵਨੀ ਦਿੱਤੀ ਸੀ। ਉਨ੍ਹਾਂ ਕਿਹਾ ਸੀ ਕਿ ਜੇਕਰ ਬ੍ਰਿਕਸ ਦੇਸ਼ (ਬ੍ਰਾਜ਼ੀਲ, ਰੂਸ, ਭਾਰਤ, ਚੀਨ ਅਤੇ ਦੱਖਣੀ ਅਫਰੀਕਾ) ਅੰਤਰਰਾਸ਼ਟਰੀ ਵਪਾਰ ਵਿੱਚ ਡਾਲਰ ਦੀ ਵਰਤੋਂ ਬੰਦ ਕਰ ਦਿੰਦੇ ਹਨ, ਤਾਂ ਅਮਰੀਕਾ ਉਨ੍ਹਾਂ 'ਤੇ 100 ਪ੍ਰਤੀਸ਼ਤ ਟੈਰਿਫ ਲਗਾ ਦੇਵੇਗਾ।

ਟਰੰਪ ਵੱਲੋਂ ਚੀਨ 'ਤੇ ਕਾਰਵਾਈ ਕਰਨ ਮਗਰੋਂ ਭਾਰਤ ਨੂੰ ਲੈ ਕੇ ਕਦਮ ਉਠਾਉਣਾ ਕੋਈ ਵੱਡੀ ਗੱਲ ਨਹੀਂ ਹੋਵੇਗੀ। ਪਰ ਅਮਰੀਕਾ ਭਾਰਤ ਦੇ ਵੱਡੇ ਬਜ਼ਾਰ ਨੂੰ ਅਣਦੇਖਾ ਵੀ ਨਹੀਂ ਕਰ ਸਕਦਾ। ਅਮਰੀਕਾ ਦੀਆਂ ਕਈ ਕੰਪਨੀਆਂ ਦੇ ਭਾਰਤ ਨਾਲ ਵਪਾਰਕ ਹਿੱਤ ਜੁੜੇ ਹੋਏ ਹਨ।

ਦਿੱਲੀ ਦੇ ਫ਼ਾਰ ਸਕੂਲ ਆਫ਼ ਮੈਨੇਜਮੈਂਟ ਦੇ ਪ੍ਰੋਫੈਸਰ ਫੈਂਸਲ ਅਹਿਮਦ ਕਹਿੰਦੇ ਹਨ, "ਟਰੰਪ ਵੱਲੋਂ ਭਾਰਤ 'ਤੇ ਟੈਰਿਫ ਲਗਾਉਣਾ ਕੋਈ ਵੱਡੀ ਗੱਲ ਨਹੀਂ ਹੈ। ਉਹ ਪਹਿਲਾ ਵੀ ਪ੍ਰਤੀਬੰਧ ਲਗਾ ਚੁੱਕੇ ਹਨ। ਟਰੰਪ ਨੇ ਜਨਰਲਾਇਜ਼ਡ ਸਿਸਟਮ ਔਫ਼ ਪ੍ਰੀਫਰੇਸਜ਼਼ ਤੋਂ ਵੀ ਭਾਰਤ ਨੂੰ ਹਟਾ ਦਿੱਤਾ ਹੈ। ਪਹਿਲਾ ਭਾਰਤ ਨੇ ਵੀ ਲਗਭਗ ਦੋ ਦਰਜਨ ਅਮਰੀਕੀ ਉਤਪਾਦਾਂ 'ਤੇ ਟੈਰਿਫ ਲਗਾਏ ਹੋਏ ਸਨ। ਹਾਲਾਂਕਿ, ਇਸਨੂੰ ਜੀ20 ਸੰਮੇਲਨ ਤੋਂ ਪਹਿਲਾਂ ਖਤਮ ਕਰ ਦਿੱਤਾ ਗਿਆ ਸੀ।"

ਉਨ੍ਹਾਂ ਦਾ ਮੰਨਣਾ ਹੈ ਕਿ ਅਜਿਹੀਆਂ ਚੀਜ਼ਾਂ ਹੋਣ ਤੋਂ ਪਹਿਲਾਂ, ਭਾਰਤ ਨੂੰ ਪਹਿਲ ਕਰਦਿਆਂ ਵਪਾਰ 'ਤੇ ਅਮਰੀਕਾ ਨਾਲ ਇੱਕ ਵਿਆਪਕ ਸਮਝੌਤਾ ਕਰਨਾ ਚਾਹੀਦਾ ਹੈ।

ਭਾਰਤ ਅਮਰੀਕਾ ਨੂੰ ਸਭ ਤੋਂ ਵੱਡੇ ਨਿਰਯਾਤਕ ਦੇਸ਼ਾਂ ਵਿੱਚੋਂ ਇੱਕ ਹੈ। ਭਾਰਤ ਨੇ 2023-24 ਵਿੱਚ ਅਮਰੀਕਾ ਨੂੰ 77.5 ਬਿਲੀਅਨ ਡਾਲਰ ਦਾ ਸਾਮਾਨ ਆਮਦ ਕੀਤਾ।

ਇਸ ਸਮੇਂ ਦੌਰਾਨ, ਅਮਰੀਕਾ ਤੋਂ ਭਾਰਤ ਦੀ ਦਰਾਮਦ 17% ਘਟ ਕੇ 42.2 ਬਿਲੀਅਨ ਡਾਲਰ ਹੀ ਸੀ।

ਭਾਰਤ ਵਿੱਚ ਔਸਤਨ ਦਰਾਮਦ ਡਿਊਟੀ 18 ਪ੍ਰਤੀਸ਼ਤ ਹੈ। ਕਾਰਾਂ 'ਤੇ, ਇਹ ਡਿਊਟੀ 125 ਪ੍ਰਤੀਸ਼ਤ ਤੱਕ ਹੈ ਅਤੇ ਸ਼ਰਾਬ 'ਤੇ 150 ਪ੍ਰਤੀਸ਼ਤ ਤੱਕ ਪਹੁੰਚ ਜਾਂਦੀ ਹੈ।

ਮੌਜੂਦਾ ਸਮੇਂ ਭਾਰਤ ਅਤੇ ਅਮਰੀਕਾ ਵਿਚਕਾਰ ਕੋਈ ਵਪਾਰ ਸਮਝੌਤਾ (ਔਫ਼ਟੀਏ ) ਨਹੀਂ ਹੈ। ਜੇਕਰ ਅਜਿਹਾ ਹੁੰਦਾ, ਤਾਂ ਇਸ ਨਾਲ ਭਾਰਤ ਨੂੰ ਫਾਇਦਾ ਹੋ ਸਕਦਾ ਹੈ।

ਟਰੰਪ ਦੀ ਰਣਨੀਤੀ

ਜਦੋਂ ਵਿਸ਼ਲੇਸ਼ਕਾਂ ਵੱਲੋਂ ਟਰੰਪ ਦੇ ਫੈਸਲੇ ਕਾਰਨ ਜ਼ਰੂਰੀ ਵਸਤੂਆਂ ਮਹਿੰਗੀਆਂ ਹੋਣ ਬਾਰੇ ਕਿਹਾ ਜਾ ਰਿਹਾ ਹੈ, ਉੱਥੇ ਹੀ ਟਰੰਪ ਨੇ ਟੈਰਿਫ ਵਿੱਚ ਕੁਝ ਹੇਰਫੇਰ ਵੀ ਕੀਤਾ ਹੈ।

ਉਨ੍ਹਾਂ ਨੇ ਕੈਨੇਡਾ 'ਤੇ 25 ਪ੍ਰਤੀਸ਼ਤ ਟੈਰਿਫ ਜ਼ਰੂਰ ਲਗਾਇਆ , ਪਰ ਕੈਨੇਡਾ ਤੋਂ ਆਉਣ ਵਾਲੇ ਤੇਲ, ਕੁਦਰਤੀ ਗੈਸ ਅਤੇ ਬਿਜਲੀ 'ਤੇ 10 ਪ੍ਰਤੀਸ਼ਤ ਟੈਰਿਫ ਲਗਾਇਆ ਸੀ।

ਇਸ ਬਾਰੇ ਮੰਨਿਆ ਜਾ ਰਿਹਾ ਹੈ ਕਿ ਟਰੰਪ ਚੀਜ਼ਾਂ ਦੀਆਂ ਕੀਮਤਾਂ ਨੂੰ ਕੰਟਰੋਲ ਕਰਨ ਬਾਰੇ ਵੀ ਸੋਚ ਰਹੇ ਹਨ।

ਊਰਜਾ 'ਤੇ 10 ਪ੍ਰਤੀਸ਼ਤ ਟੈਰਿਫ ਲਗਾਉਣਾ ਦਰਸਾਉਂਦਾ ਹੈ ਕਿ ਟਰੰਪ ਗੈਸ ਅਤੇ ਹੋਰ ਜ਼ਰੂਰੀ ਵਸਤੂਆਂ ਦੀਆਂ ਕੀਮਤਾਂ ਘੱਟ ਰੱਖਣਾ ਚਾਹੁੰਦੇ ਹਨ ਤਾਂ ਜੋ ਦਿੱਕਤਾਂ ਘੱਟ ਹੋਣ।

ਦੂਜੇ ਪਾਸੇ, ਉਨ੍ਹਾਂ ਨੇ ਕੈਨੇਡਾ ਤੋਂ 800 ਡਾਲਰ ਤੋਂ ਘੱਟ ਦੀ ਕੀਮਤ ਦੇ ਸਮਾਨ ਦੀ ਦਰਾਮਦ 'ਤੇ ਟੈਰਿਫ ਲਗਾਇਆ, ਜਦੋਂ ਕਿ ਇਸ ਕੀਮਤ ਤੋਂ ਘੱਟ ਕੀਮਤ ਵਾਲੇ ਸਮਾਨ ਪਹਿਲਾਂ ਹੀ ਅਮਰੀਕਾ ਵਿੱਚ ਬਿਨਾਂ ਕਸਟਮ ਅਤੇ ਡਿਊਟੀ ਦੇ ਆਉਂਦੇ ਹਨ।

ਕੈਨੇਡਾ ਦੀ ਪੀਪੀਸੀ ਪਾਰਟੀ ਦੇ ਲੀਡਰ ਮੈਕਸਿਮ ਬਰਨੀਅਰ ਨੇ ਲਿਖਿਆ ਕਿ ਟਰੰਪ ਦੇ ਟੈਰਿਫ ਕੈਨੇਡਾ 'ਤੇ ਨਹੀਂ ਲਗਾਏ ਗਏ ਹਨ, ਬਲਕਿ ਇਸਦਾ ਭੁਗਤਾਨ ਅਮਰੀਕੀ ਖਪਤਕਾਰਾਂ ਅਤੇ ਕਾਰੋਬਾਰਾਂ ਦੁਆਰਾ ਕੀਤਾ ਜਾਵੇਗਾ ਜੋ ਕੈਨੇਡਾ ਤੋਂ ਸਾਮਾਨ ਦਰਾਮਦ ਕਰਦੇ ਹਨ।

ਉਨ੍ਹਾਂ ਨੇ ਲਿਖਿਆ, "ਅਮਰੀਕੀਆਂ ਨੂੰ ਜਾਂ ਤਾਂ ਸਾਡੇ ਉਤਪਾਦ ਖਰੀਦਣੇ ਪੈਣਗੇ ਜਾਂ ਉਨ੍ਹਾਂ ਨੂੰ ਛੱਡਣਾ ਪਵੇਗਾ, ਉਹ ਸਭ ਤੋਂ ਪਹਿਲਾਂ ਨੁਕਸਾਨ ਝੱਲਣਗੇ। ਕੈਨੇਡੀਅਨ ਆਮਦਕਾਰਾਂ ਨੂੰ ਵੀ ਨਤੀਜੇ ਭੁਗਤਣੇ ਪੈਣਗੇ, ਉਹ ਆਪਣੇ ਗਾਹਕਾਂ, ਸਮਝੋਤਿਆਂ ਅਤੇ ਵਿਕਰੀ 'ਤੇ ਪ੍ਰਭਾਵ ਦੇਖਣਗੇ। ਉਨ੍ਹਾਂ ਨੂੰ ਆਪਣਾ ਉਤਪਾਦਨ ਘਟਾਉਣਾਂ ਹੋਵੇਗਾ ਅਤੇ ਕਾਮਿਆਂ ਦੀ ਛਾਂਟੀ ਕਰਨੀ ਪਵੇਗੀ ਜਾਂ ਫਿਰ ਉਹ ਮਾਰਕੀਟ ਸ਼ੇਅਰ ਬਣਾਈ ਰੱਖਣ ਲਈ ਆਪਣੀਆਂ ਕੀਮਤਾਂ ਘੱਟ ਰੱਖਣਗੇ।"

ਆਪਣੀ ਲੰਬੀ ਪੋਸਟ ਵਿੱਚ, ਬਰਨੀਅਰ ਨੇ ਟਰੇਡ ਵਾਰ ਨੂੰ ਬੁਰਾ ਦੱਸਦਿਆਂ ਕਿਹਾ ਕਿ ਕੈਨੇਡਾ ਅਮਰੀਕਾ ਤੋਂ ਨਹੀਂ ਜਿੱਤ ਸਕਦਾ। ਉਨ੍ਹਾਂ ਨੇ ਕੈਨੇਡਾ ਨੂੰ ਟਰੰਪ ਦਾ ਸਾਹਮਣਾ ਕਰਨ ਦੀ ਬਜਾਏ ਆਪਣੀ ਆਰਥਿਕਤਾ ਨੂੰ ਮਜ਼ਬੂਤ ਕਰਨ ਦੀ ਸਲਾਹ ਦਿੱਤੀ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)