ਕੈਨੇਡਾ ਤੇ ਮੈਕਸੀਕੋ ਦਾ ਟਰੰਪ 'ਤੇ ਪਲਟਵਾਰ, 'ਅਸੀਂ ਵੀ ਅਮਰੀਕਾ ਤੋਂ ਆਉਣ ਵਾਲੀਆਂ ਚੀਜ਼ਾਂ 'ਤੇ ਲਾਵਾਂਗੇ ਟੈਰਿਫ'

ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਨੇ ਸ਼ਨੀਵਾਰ ਨੂੰ ਕੈਨੇਡਾ, ਮੈਕਸੀਕੋ ਅਤੇ ਚੀਨ ਤੋਂ ਦਰਾਮਦ ਹੋਣ ਵਾਲੇ ਸਮਾਨ 'ਤੇ ਟੈਰਿਫ ਲਗਾਉਣ ਦੀ ਇਜਾਜ਼ਤ ਦੇ ਦਿੱਤੀ ਹੈ।

ਕੈਨੇਡਾ ਤੋਂ ਆਉਣ ਵਾਲੇ ਸਮਾਨ 'ਤੇ ਅਮਰੀਕਾ 25 ਫੀਸਦੀ ਟੈਰਿਫ ਲਗਾਉਣ ਜਾ ਰਿਹਾ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਸ 'ਤੇ ਪ੍ਰਤੀਕਿਰਿਆ ਦਿੱਤੀ ਹੈ।

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਐਤਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਡੌਨਲਡ ਟਰੰਪ ਦੁਆਰਾ ਲਗਾਏ ਗਏ ਟੈਰਿਫ ਦੇ ਜਵਾਬ ਵਿੱਚ ਕੈਨੇਡਾ ਵੀ ਆਪਣਾ ਟੈਰਿਫ ਲਗਾਏਗਾ।

ਉਨ੍ਹਾਂ ਕਿਹਾ ਕਿ ਹੁਣ ਕੈਨੇਡਾ ਦੀ ਸਰਕਾਰ ਵੀ 155 ਬਿਲੀਅਨ ਡਾਲਰ ਦੇ ਅਮਰੀਕੀ ਉਤਪਾਦਾਂ 'ਤੇ 25 ਫੀਸਦੀ ਟੈਰਿਫ ਲਗਾਏਗੀ।

ਟਰੂਡੋ ਨੇ ਕਿਹਾ ਹੈ ਕਿ ਕੈਨੇਡੀਅਨ ਕੰਪਨੀਆਂ ਨੂੰ ਸਮਾਂ ਦੇਣ ਲਈ ਮੰਗਲਵਾਰ ਤੋਂ 30 ਬਿਲੀਅਨ ਡਾਲਰ ਦੇ ਉਤਪਾਦਾਂ 'ਤੇ ਇਹ ਟੈਰਿਫ ਲਾਗੂ ਕੀਤਾ ਜਾਵੇਗਾ, ਜਦਕਿ ਅਗਲੇ 21 ਦਿਨਾਂ 'ਚ ਬਾਕੀ ਦੇ 125 ਬਿਲੀਅਨ ਡਾਲਰ ਦੇ ਉਤਪਾਦਾਂ 'ਤੇ ਇਹ ਟੈਰਿਫ ਲਾਗੂ ਕੀਤਾ ਜਾਵੇਗਾ।

ਟਰੂਡੋ ਨੇ ਕਿਹਾ ਕਿ ਉਹ ਅਮਰੀਕੀਆਂ ਨਾਲ ਸਿੱਧੀ ਗੱਲ ਕਰਨਾ ਚਾਹੁੰਦੇ ਹਨ। ਉਨ੍ਹਾਂ ਦਾ ਦਾਅਵਾ ਹੈ ਕਿ ਇਸ ਫੈਸਲੇ ਦਾ ਸਿੱਧਾ ਅਸਰ ਕੀਮਤਾਂ ਅਤੇ ਅਮਰੀਕੀ ਅਰਥਵਿਵਸਥਾ 'ਤੇ ਪਵੇਗਾ।

ਕੀ ਹੈ ਪੂਰਾ ਮਾਮਲਾ ?

ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਅਮਰੀਕਾ ਦੇ ਤਿੰਨ ਸਭ ਤੋਂ ਵੱਡੇ ਵਪਾਰਕ ਭਾਈਵਾਲਾਂ 'ਤੇ ਨਵੇਂ ਟੈਰਿਫ ਲਗਾਉਣ ਦਾ ਐਲਾਨ ਕੀਤਾ ਹੈ।

ਇਹ ਦੇਸ਼ ਚੀਨ, ਮੈਕਸੀਕੋ ਅਤੇ ਕੈਨੇਡਾ ਹਨ, ਜਿਥੋਂ ਹੁਣ ਤੋਂ ਇੰਪੋਰਟ ਕੀਤੇ ਜਾਣ ਵਾਲੇ ਹਰ ਸਮਾਨ ਉੱਤੇ ਟੈਰਿਫ ਲਗਾਇਆ ਜਾਵੇਗਾ।

ਟਰੰਪ ਨੇ ਕਿਹਾ ਕਿ ਅਮਰੀਕਾ ਕੈਨੇਡਾ ਅਤੇ ਮੈਕਸੀਕੋ 'ਤੇ 25% ਅਤੇ ਚੀਨ 'ਤੇ 10% ਟੈਰਿਫ ਲਗਾਏਗਾ। ਕੈਨੇਡੀਅਨ ਊਰਜਾ 'ਤੇ ਘੱਟ ਯਾਨਿ 10% ਟੈਰਿਫ ਲਗਾਇਆ ਜਾਵੇਗਾ।

ਉਨ੍ਹਾਂ ਨੇ ਰਾਸ਼ਟਰਪਤੀ ਅਹੁਦਾ ਸਾਂਭਣ ਤੋਂ ਪਹਿਲਾਂ ਧਮਕੀ ਦਿੱਤੀ ਸੀ ਕਿ ਜੇਕਰ ਇਹ ਤਿੰਨਾਂ ਦੇਸ਼ਾਂ ਨੇ ਗੈਰ-ਕਾਨੂੰਨੀ ਇਮੀਗ੍ਰੇਸ਼ਨ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਬਾਰੇ ਅਮਰੀਕਾ ਦੀਆਂ ਚਿੰਤਾਵਾਂ ਨੂੰ ਦੂਰ ਨਹੀਂ ਕੀਤਾ ਤਾਂ ਉਹ ਇਹ ਆਯਾਤ ਟੈਕਸ ਲਗਾਉਣਗੇ।

ਚੀਨ, ਮੈਕਸੀਕੋ ਅਤੇ ਕੈਨੇਡਾ ਦੇ ਆਯਾਤ ਨੂੰ ਜੋੜਿਆ ਜਾਵੇ ਤਾਂ ਇਹ ਤਿੰਨਾਂ ਦੇਸ਼ਾਂ ਨੇ ਪਿਛਲੇ ਸਾਲ ਮਿਲ ਕਿ ਅਮਰੀਕਾ ਵਿੱਚ ਆਯਾਤ ਦਾ 40% ਤੋਂ ਵੱਧ ਹਿੱਸਾ ਪਾਇਆ।

ਵ੍ਹਾਈਟ ਹਾਊਸ ਨੇ ਸ਼ਨੀਵਾਰ ਨੂੰ ਐਕਸ 'ਤੇ ਇੱਕ ਬਿਆਨ ਵਿੱਚ ਕਿਹਾ, "ਚੀਨ, ਮੈਕਸੀਕੋ ਅਤੇ ਕੈਨੇਡਾ ਵਲੋਂ ਅਮਰੀਕਾ 'ਚ ਆਉਣ ਵਾਲੀਆਂ ਜ਼ਹਿਰੀਲੀਆਂ ਦਵਾਈਆਂ ਦੇ ਹੜ੍ਹ ਨੂੰ ਰੋਕਣ, ਇਨ੍ਹਾਂ ਦੇਸ਼ਾਂ ਨੂੰ ਜਵਾਬਦੇਹ ਬਣਾਉਣ ਲਈ ਟੈਰਿਫ ਦਾ ਐਲਾਨ ਕਰਨਾ ਜ਼ਰੂਰੀ ਹੋ ਗਿਆ ਸੀ।"

ਟਰੰਪ ਨੇ ਆਪਣੇ ਟਰੂਥ ਸੋਸ਼ਲ ਪਲੇਟਫਾਰਮ 'ਤੇ ਕੀਤੀ ਪੋਸਟ 'ਚ ਲਿਖਿਆ "ਇਹ ਟੈਰਿਫ ਇੰਟਰਨੈਸ਼ਨਲ ਐਮਰਜੰਸੀ ਇਕੋਨਾਮਿਕ ਪਾਵਰ ਐਕਟ (ਆਈਈਈਪੀਏ) ਰਾਹੀਂ ਲਗਾਇਆ ਗਿਆ ਹੈ ਕਿਉਂਕਿ ਗੈਰ-ਕਾਨੂੰਨੀ ਪਰਵਾਸੀ ਅਤੇ ਘਾਤਕ ਦਵਾਈਆਂ ਸਾਡੇ ਨਾਗਰਿਕਾਂ ਨੂੰ ਮਾਰ ਰਹੀਆਂ ਹਨ, ਜਿਸ ਵਿੱਚ ਫੈਂਟਾਨਿਲ ਵੀ ਸ਼ਾਮਲ ਹੈ।"

"ਸਾਨੂੰ ਅਮਰੀਕੀਆਂ ਦੀ ਸੁਰੱਖਿਆ ਕਰਨ ਦੀ ਲੋੜ ਹੈ, ਅਤੇ ਰਾਸ਼ਟਰਪਤੀ ਹੋਣ ਦੇ ਨਾਤੇ, ਹਰ ਕਿਸੇ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਮੇਰਾ ਫਰਜ਼ ਹੈ।"

ਉਨ੍ਹਾਂ ਨੇ ਲਿਖਿਆ, "ਮੈਂ ਆਪਣੀ ਮੁਹਿੰਮ ਵਿੱਚ ਸਾਡੀ ਸਰਹੱਦਾਂ ਦੇ ਪਾਰ ਗੈਰ-ਕਾਨੂੰਨੀ ਪਰਵਾਸੀਆਂ ਅਤੇ ਨਸ਼ੀਲੇ ਪਦਾਰਥਾਂ ਦੇ ਹੜ੍ਹ ਨੂੰ ਰੋਕਣ ਦਾ ਵਾਅਦਾ ਕੀਤਾ ਸੀ, ਅਤੇ ਇਹੋ ਕਾਰਨ ਸੀ ਕਿ ਅਮਰੀਕੀਆਂ ਨੇ ਇਸ ਲਈ ਮੈਨੂੰ ਭਾਰੀ ਵੋਟਾਂ ਪਾਈਆਂ।"

ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਹੋਰ ਕੀ ਕਿਹਾ?

ਜਸਟਿਨ ਟਰੂਡੋ ਤੋਂ ਪੁੱਛਿਆ ਗਿਆ ਕਿ ਕੀ ਉਨ੍ਹਾਂ ਨੇ ਇਸ ਮੁੱਦੇ 'ਤੇ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਸੀ।

ਇਸ 'ਤੇ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਅਜੇ ਤੱਕ ਅਜਿਹਾ ਨਹੀਂ ਕੀਤਾ ਹੈ।

ਹਾਲਾਂਕਿ ਅਹੁਦੇ ਦੀ ਸਹੁੰ ਚੁੱਕਣ ਤੋਂ ਪਹਿਲਾਂ ਟਰੂਡੋ ਨੇ ਫਲੋਰੀਡਾ 'ਚ ਟਰੰਪ ਨਾਲ ਮੁਲਾਕਾਤ ਕੀਤੀ ਸੀ।

ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਕਿਹਾ ਹੈ ਕਿ ਉਹ ਅਮਰੀਕੀ ਰਾਸ਼ਟਰਪਤੀ ਨਾਲ ਗੱਲਬਾਤ ਲਈ ਸਾਰੇ ਵਿਕਲਪ ਖੁੱਲ੍ਹੇ ਰੱਖਣਗੇ।

ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਵਾਰ-ਵਾਰ ਇਲਜ਼ਾਮ ਲਗਾਇਆ ਹੈ ਕਿ ਡਰੱਗ ਫੈਂਟਾਨਾਇਲ ਕੈਨੇਡਾ ਅਤੇ ਮੈਕਸੀਕੋ ਦੀਆਂ ਸਰਹੱਦਾਂ ਤੋਂ ਅਮਰੀਕਾ ਆ ਰਹੀ ਹੈ।

ਟਰੂਡੋ ਨੂੰ ਪੁੱਛਿਆ ਗਿਆ ਕਿ ਕੀ ਅਮਰੀਕਾ ਦਾ ਇਹ ਫੈਸਲਾ ਫੈਂਟਾਨਾਇਲ ਕਾਰਨ ਸੀ। ਇਸ 'ਤੇ ਟਰੂਡੋ ਨੇ ਕਿਹਾ ਕਿ ਅਮਰੀਕਾ-ਕੈਨੇਡਾ ਸਰਹੱਦ 'ਦੁਨੀਆ ਦੀਆਂ ਸਭ ਤੋਂ ਸੁਰੱਖਿਅਤ ਅਤੇ ਮਜ਼ਬੂਤ ​​ਸਰਹੱਦਾਂ 'ਚੋਂ ਇਕ ਹੈ।'

ਉਨ੍ਹਾਂ ਕਿਹਾ ਕਿ ਅਗਲੇ ਕੁਝ ਹਫ਼ਤੇ ਕੈਨੇਡਾ ਅਤੇ ਅਮਰੀਕਾ ਲਈ ਔਖੇ ਹੋਣਗੇ।

ਟਰੂਡੋ ਦਾ ਕਹਿਣਾ ਹੈ, "ਅਸੀਂ ਇਥੋਂ ਤੱਕ ਨਹੀਂ ਆਉਣਾ ਚਾਹੁੰਦੇ ਸੀ, ਅਸੀਂ ਨਹੀਂ ਚਾਹੁੰਦੇ ਸੀ ਇਹ ਹੋਵੇ। ਪਰ ਕੈਨੇਡੀਅਨ ਲੋਕ ਪਿੱਛੇ ਨਹੀਂ ਹਟਣਗੇ।"

ਮੈਕਸੀਕੋ ਦੇ ਰਾਸ਼ਟਰਪਤੀ ਨੇ ਕੀ ਕਿਹਾ

ਮੈਕਸੀਕੋ ਦੀ ਰਾਸ਼ਟਰਪਤੀ ਕਲਾਉਡੀਆ ਸ਼ੇਨਬੌਮ ਨੇ ਵੀ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਵੱਲੋਂ ਮੈਕਸੀਕੋ 'ਤੇ ਲਗਾਏ ਗਏ 25 ਫੀਸਦੀ ਟੈਰਿਫ 'ਤੇ ਪ੍ਰਤੀਕਿਰਿਆ ਦਿੱਤੀ ਹੈ।

ਉਨ੍ਹਾਂ ਨੇ ਕਿਹਾ ਹੈ ਕਿ 'ਅਸੀਂ ਟੈਰਿਫ ਸਮੇਤ ਅਮਰੀਕਾ ਵਿਰੁੱਧ ਜਵਾਬੀ ਕਾਰਵਾਈ ਵੀ ਕਰਾਂਗੇ।'

ਰਾਸ਼ਟਰਪਤੀ ਸ਼ੇਨਬੌਮ ਨੇ ਲਿਖਿਆ, "ਮੈਂ ਆਰਥਿਕਤਾ ਦੇ ਸਕੱਤਰ ਨੂੰ ਯੋਜਨਾ ਬੀ ਨੂੰ ਲਾਗੂ ਕਰਨ ਦਾ ਨਿਰਦੇਸ਼ ਦਿੰਦੀ ਹਾਂ, ਜਿਸ 'ਤੇ ਅਸੀਂ ਕੰਮ ਕਰ ਰਹੇ ਹਾਂ।"

"ਇਸ ਵਿੱਚ ਮੈਕਸੀਕੋ ਦੀ ਰੱਖਿਆ ਨਾਲ ਸਬੰਧਤ ਟੈਰਿਫ ਅਤੇ ਗੈਰ-ਟੈਰਿਫ ਉਪਾਅ ਸ਼ਾਮਲ ਹਨ।"

ਹਾਲਾਂਕਿ ਇਹ ਕੀ ਹੋਣਗੇ ਇਸ ਬਾਰੇ ਉਨ੍ਹਾਂ ਵਲੋਂ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)