ਬਜਟ 2025: 12 ਲੱਖ ਰੁਪਏ ਤੱਕ ਦੀ ਸਾਲਾਨਾ ਆਮਦਨ 'ਤੇ ਕੋਈ ਆਮਦਨ ਟੈਕਸ ਨਹੀਂ, ਇਸ ਨੂੰ ਸੌਖੇ ਤਰੀਕੇ ਨਾਲ ਸਮਝੋ

ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਆਮਦਨ ਕਰ ਵਿੱਚ ਵੱਡੀ ਰਾਹਤ ਦਾ ਐਲਾਨ ਕੀਤਾ ਹੈ। ਸਾਲ 2025-26 ਦੇ ਆਮ ਬਜਟ ਨੂੰ ਪੇਸ਼ ਕਰਦੇ ਹੋਏ ਵਿੱਤ ਮੰਤਰੀ ਨੇ ਨਵੇਂ ਆਮਦਨ ਕਰ ਸੈਲਾਬ ਦਾ ਵੀ ਐਲਾਨ ਕੀਤਾ ਹੈ।

ਇਸ ਐਲਾਨ ਅਨੁਸਾਰ ਨਵੀਂ ਟੈਕਸ ਵਿਵਸਥਾ ਵਿੱਚ ਸਾਲਾਨਾ 12 ਲੱਖ ਰੁਪਏ ਤੱਕ ਦੀ ਆਮਦਨ 'ਤੇ ਕੋਈ ਆਮਦਨ ਕਰ ਨਹੀਂ ਦੇਣਾ ਹੋਵੇਗਾ। ਮਾਹਿਰਾਂ ਅਨੁਸਾਰ ਇਸ ਨਵੀਂ ਕਰ ਵਿਵਸਥਾ ਦਾ ਮੱਧ ਵਰਗ ਨੂੰ ਸਭ ਤੋਂ ਵੱਧ ਫਾਇਦਾ ਹੋਣ ਵਾਲਾ ਹੈ।

ਤਨਖਾਹ ਲੈਣ ਵਾਲੇ ਵਰਗ ਲਈ ਮਿਆਰੀ ਕਟੌਤੀ ਸਿਰਫ਼ 75 ਹਜ਼ਾਰ ਰੁਪਏ ਹੀ ਰੱਖੀ ਗਈ ਹੈ, ਇਸ ਲਈ ਤਨਖਾਹ ਲੈਣ ਵਾਲੇ ਵਰਗ ਦੀ 12 ਲੱਖ 75 ਹਜ਼ਾਰ ਰੁਪਏ ਤੱਕ ਦੀ ਆਮਦਨ ਟੈਕਸ ਮੁਕਤ ਹੋਵੇਗੀ।

ਯਾਨੀ ਕਿ ਜਿਸ ਕਰਮਚਾਰੀ ਦੀ ਸਾਲਾਨਾ ਆਮਦਨ 12 ਲੱਖ 75 ਹਜ਼ਾਰ ਰੁਪਏ ਹੈ, ਉਸ ਨੂੰ ਕੋਈ ਟੈਕਸ ਨਹੀਂ ਦੇਣਾ ਪਵੇਗਾ।

ਮੱਧ ਵਰਗ ਨੂੰ ਆਕਰਸ਼ਿਤ ਕਰਨ ਦੀ ਕੋਸ਼ਿਸ਼

ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਆਪਣੇ ਤਕਰੀਬਨ 75 ਮਿੰਟ ਦੇ ਬਜਟ ਭਾਸ਼ਣ ਦੇ ਅੰਤ ਵਿੱਚ ਨਵੀਆਂ ਟੈਕਸ ਦਰਾਂ ਦਾ ਐਲਾਨ ਕੀਤਾ।

ਉਨ੍ਹਾਂ ਦੇ ਇਸ ਐਲਾਨ ਨਾਲ ਹੀ ਸਦਨ ਵਿੱਚ ਮੌਜੂਦ ਸੱਤਾਧਾਰੀ ਪਾਰਟੀ ਦੇ ਸੰਸਦ ਮੈਂਬਰਾਂ ਦੇ ਚਿਹਰਿਆਂ 'ਤੇ ਮੁਸਕਰਾਹਟ ਦੇਖਣ ਨੂੰ ਮਿਲੀ ਅਤੇ ਸਾਰਿਆਂ ਨੇ ਮੇਜ਼ ਥਪਥਪਾ ਕੇ ਵਿੱਤ ਮੰਤਰੀ ਦੇ ਇਸ ਐਲਾਨ ਦਾ ਸਵਾਗਤ ਕੀਤਾ।

ਵਿੱਤ ਮੰਤਰੀ ਨੇ ਆਪਣੇ ਬਜਟ ਭਾਸ਼ਣ ਵਿੱਚ ਪੁਰਾਣੇ ਟੈਕਸ ਸਲੈਬ ਦਾ ਜ਼ਿਕਰ ਨਹੀਂ ਕੀਤਾ।

ਜੇਕਰ ਕਿਸੇ ਵਿਅਕਤੀ ਦੀ ਸਾਲਾਨਾ ਆਮਦਨ 12 ਲੱਖ ਰੁਪਏ ਤੋਂ ਵੱਧ ਹੈ, ਤਾਂ ਉਸ ਨੂੰ ਆਮਦਨ ਕਰ ਸਲੈਬ ਅਨੁਸਾਰ ਟੈਕਸ ਦੇਣਾ ਪਵੇਗਾ।

ਸੈਲਰੀ ਕਲਾਸ ਯਾਨੀ ਵੇਤਨਭੋਗੀ ਕਰਮਚਾਰੀਆਂ ਦੇ ਮਾਮਲੇ ਵਿੱਚ ਇਹ ਸੀਮਾ 12 ਲੱਖ 75 ਹਜ਼ਾਰ ਰੁਪਏ ਹੈ ਅਤੇ ਜਿਵੇਂ ਹੀ ਇਹ ਸੀਮਾ ਪਾਰ ਹੋਵੇਗੀ, ਉਹ ਟੈਕਸ ਦੇ ਘੇਰੇ ਵਿੱਚ ਆ ਜਾਣਗੇ ਅਤੇ ਉਨ੍ਹਾਂ ਨੂੰ ਸਲੈਬ ਦੇ ਮੁਤਾਬਕ ਆਮਦਨ ਕਰ ਦੇਣਾ ਹੋਵੇਗਾ।

ਉਦਾਹਰਣ ਵਜੋਂ, ਜੇਕਰ ਕਿਸੇ ਵਿਅਕਤੀ ਦੀ ਸਾਲਾਨਾ ਆਮਦਨ 13 ਲੱਖ ਰੁਪਏ ਹੈ ਤਾਂ ਉਹ ਕਿਉਂਕਿ ਇਸ ਸੀਮਾ ਤੋਂ ਬਾਹਰ ਹੋ ਗਿਆ ਹੈ, ਇਸ ਲਈ ਉਸ ਨੂੰ ਟੈਕਸ ਦੇਣਾ ਹੀ ਪਵੇਗਾ।

ਹੁਣ ਸਮਝੋ ਕਿ ਟੈਕਸ ਕਿਵੇਂ ਲਗਾਇਆ ਜਾਵੇਗਾ?

ਉਦਾਹਰਣ ਵਜੋਂ, ਮੰਨ ਲਓ ਕਿ ਕਿਸੇ ਵਿਅਕਤੀ ਦੀ ਸਾਲਾਨਾ ਆਮਦਨ 13 ਲੱਖ ਰੁਪਏ ਹੈ।

ਕਿਉਂਕਿ ਪਹਿਲੇ 4 ਲੱਖ ਰੁਪਏ 'ਤੇ ਕੋਈ ਟੈਕਸ ਨਹੀਂ ਹੈ, ਇਸ ਲਈ ਇਸ ਸਲੈਬ 'ਤੇ ਟੈਕਸ ਨਹੀਂ ਦੇਣਾ ਹੈ।

4 ਤੋਂ 8 ਲੱਖ ਰੁਪਏ ਦੇ ਦਾਇਰੇ 'ਤੇ 5 ਫ਼ੀਸਦੀ ਟੈਕਸ ਲਗਾਇਆ ਜਾਣਾ ਹੈ, ਯਾਨੀ ਚਾਰ ਲੱਖ ਰੁਪਏ 'ਤੇ 5 ਫ਼ੀਸਦੀ ਦੀ ਦਰ ਨਾਲ ਇਹ ਟੈਕਸ 20 ਹਜ਼ਾਰ ਰੁਪਏ ਬਣਦਾ ਹੈ।

ਫਿਰ 8 ਲੱਖ ਰੁਪਏ ਤੋਂ 12 ਲੱਖ ਰੁਪਏ ਤੱਕ ਦੀ ਟੈਕਸ ਦਰ 10 ਪ੍ਰਤੀਸ਼ਤ ਹੈ। ਇਸ ਬ੍ਰੈਕੇਟ ਵਿੱਚ ਚਾਰ ਲੱਖ ਰੁਪਏ 'ਤੇ 10 ਫ਼ੀਸਦੀ ਦੇ ਹਿਸਾਬ ਨਾਲ ਟੈਕਸ ਬਣਿਆ 40 ਹਜ਼ਾਰ ਰੁਪਏ।

ਹੁਣ ਕਿਉਂਕਿ ਇਸ ਵਿਅਕਤੀ ਦੀ ਸਾਲਾਨਾ ਆਮਦਨ 13 ਲੱਖ ਰੁਪਏ ਹੈ, ਇਸ ਲਈ ਬਾਕੀ 1 ਲੱਖ ਰੁਪਏ 'ਤੇ 15 ਫ਼ੀਸਦੀ ਦੇ ਹਿਸਾਬ ਨਾਲ ਟੈਕਸ ਬਣਿਆ 15 ਹਜ਼ਾਰ ਰੁਪਏ।

ਇਸ ਤਰ੍ਹਾਂ, ਇਸ ਵਿਅਕਤੀ ਦੀ ਟੈਕਸ ਦੇਣਦਾਰੀ ਬਣੀ - 20 ਹਜ਼ਾਰ + 40 ਹਜ਼ਾਰ + 15 ਹਜ਼ਾਰ ਯਾਨੀ 75 ਹਜ਼ਾਰ ਰੁਪਏ।

ਆਮਦਨ ਕਰ ਸਲੈਬ ਵਿੱਚ ਬਦਲਾਅ ਕਿਵੇਂ ਆਏ

ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਆਪਣੇ ਬਜਟ ਭਾਸ਼ਣ ਵਿੱਚ ਕਿਹਾ ਕਿ ਮੋਦੀ ਸਰਕਾਰ ਨੇ ਲਗਾਤਾਰ ਆਮਦਨ ਕਰ ਵਿੱਚ ਲੋਕਾਂ ਨੂੰ ਰਾਹਤ ਦਿੱਤੀ ਹੈ। ਇਸ ਮਾਮਲੇ ਵਿੱਚ ਆਮਦਨ ਕਰ ਸਲੈਬ ਵਿੱਚ ਲਗਾਤਾਰ ਬਦਲਾਅ ਕੀਤੇ ਗਏ ਹਨ।

ਜੇ ਅਸੀਂ ਅੰਕੜਿਆਂ 'ਤੇ ਨਜ਼ਰ ਮਾਰੀਏ, ਤਾਂ ਇਸ ਤਰ੍ਹਾਂ ਘਟਦਾ ਗਿਆ ਟੈਕਸ ਦਾ ਦਾਇਰਾ...

  • ਸਾਲ 2014 ਵਿੱਚ 2.5 ਲੱਖ ਰੁਪਏ ਦੀ ਸਾਲਾਨਾ ਆਮਦਨ 'ਤੇ ਕੋਈ ਟੈਕਸ ਨਹੀਂ
  • 2019 ਵਿੱਚ 5 ਲੱਖ ਰੁਪਏ ਤੱਕ ਦੀ ਸਾਲਾਨਾ ਆਮਦਨ ਨੂੰ ਟੈਕਸ ਮੁਕਤ ਕਰ ਦਿੱਤਾ
  • ਸਾਲ 2023 ਵਿੱਚ 7 ਲੱਖ ਰੁਪਏ ਦੀ ਆਮਦਨ ਟੈਕਸ ਮੁਕਤ ਕੀਤੀ
  • ਸਾਲ 2025 ਵਿੱਚ 12 ਲੱਖ ਰੁਪਏ ਤੱਕ ਦੀ ਸਾਲਾਨਾ ਆਮਦਨ ਟੈਕਸ ਮੁਕਤ

ਹੁਣ ਤੱਕ ਟੈਕਸ ਛੋਟ ਦੀ ਸੀਮਾ ਕੀ ਸੀ?

ਪਿਛਲੇ ਸਾਲ ਯਾਨੀ 2024 ਦੇ ਬਜਟ ਅਨੁਸਾਰ ਟੈਕਸ ਸਲੈਬ ਵਿੱਚ 3 ਲੱਖ ਰੁਪਏ ਤੱਕ ਦੀ ਆਮਦਨ 'ਤੇ ਕੋਈ ਟੈਕਸ ਨਹੀਂ ਲੱਗਦਾ ਸੀ। ਜਦੋਂ ਕਿ 3 ਤੋਂ 7 ਲੱਖ ਰੁਪਏ ਦੀ ਸਾਲਾਨਾ ਆਮਦਨ 'ਤੇ 5 ਫ਼ੀਸਦੀ ਟੈਕਸ ਦੀ ਵਿਵਸਥਾ ਸੀ।

ਇਸ ਦੇ ਨਾਲ ਹੀ 7 ਤੋਂ 10 ਲੱਖ ਰੁਪਏ ਦੀ ਸਾਲਾਨਾ ਆਮਦਨ 'ਤੇ 10 ਫ਼ੀਸਦੀ ਆਮਦਨ ਕਰ ਲੱਗ ਰਿਹਾ ਸੀ। 10 ਤੋਂ 12 ਲੱਖ ਰੁਪਏ ਦੀ ਆਮਦਨ 'ਤੇ 15 ਫ਼ੀਸਦੀ ਆਮਦਨ ਕਰ ਲੱਗ ਰਿਹਾ ਸੀ। ਉਸ ਤੋਂ ਬਾਅਦ 12 ਤੋਂ 15 ਲੱਖ ਰੁਪਏ ਦੀ ਆਮਦਨ 'ਤੇ 20 ਫ਼ੀਸਦੀ ਟੈਕਸ ਲੱਗ ਰਿਹਾ ਸੀ।

ਜਦੋਂ ਕਿ 15 ਲੱਖ ਰੁਪਏ ਤੋਂ ਵੱਧ ਦੀ ਕਮਾਈ 'ਤੇ 30 ਫ਼ੀਸਦੀ ਆਮਦਨ ਕਰ ਦੇਣਾ ਪੈਂਦਾ ਸੀ।

ਬਜ਼ੁਰਗਾਂ ਨੂੰ ਵੀ ਰਾਹਤ ਦਿੱਤੀ

ਕੇਂਦਰ ਸਰਕਾਰ ਨੇ ਆਮ ਬਜਟ 2025-26 ਵਿੱਚ ਸੀਨੀਅਰ ਸਿਟੀਜ਼ਨ ਜਾਂ ਬਜ਼ੁਰਗਾਂ ਨੂੰ ਟੈਕਸ ਰਾਹਤ ਦਾ ਐਲਾਨ ਕੀਤਾ ਹੈ।

ਇਸ ਬਜਟ ਵਿੱਚ ਬਜ਼ੁਰਗਾਂ ਲਈ ਵਿਆਜ 'ਤੇ ਟੈਕਸ ਛੋਟ ਦੀ ਸੀਮਾ 50 ਹਜ਼ਾਰ ਰੁਪਏ ਤੋਂ ਵਧਾ ਕੇ 1 ਲੱਖ ਰੁਪਏ ਕਰ ਦਿੱਤੀ ਗਈ ਹੈ।

ਇਸ ਦੇ ਨਾਲ ਹੀ ਬਜਟ ਭਾਸ਼ਣ ਵਿੱਚ ਨਿਰਮਲਾ ਸੀਤਾਰਮਨ ਨੇ ਕਿਹਾ ਹੈ ਕਿ ਸਰਕਾਰ ਅਗਲੇ ਹਫ਼ਤੇ ਆਮਦਨ ਕਰ ਬਿੱਲ ਲੈ ਕੇ ਆਏਗੀ।

ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਆਮ ਬਜਟ 'ਤੇ ਟਿੱਪਣੀ ਕਰਦੇ ਹੋਏ ਕਿਹਾ, ''ਬਜਟ 2025 ਵਿਕਸਿਤ ਅਤੇ ਹਰ ਖੇਤਰ ਵਿੱਚ ਉੱਤਮ ਭਾਰਤ ਦੇ ਨਿਰਮਾਣ ਦੀ ਦਿਸ਼ਾ ਵਿੱਚ ਮੋਦੀ ਸਰਕਾਰ ਦੀ ਦੂਰਦ੍ਰਿਸ਼ਟੀ ਦਾ ਬਲੂਪ੍ਰਿੰਟ ਹੈ।''

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)