ਕੈਨੇਡਾ: ਸਿੱਖ ਕੈਬਨਿਟ ਮੰਤਰੀ ਹਰਜੀਤ ਸੱਜਣ ਵੱਲੋਂ ਚੋਣਾਂ ਨਾ ਲੜਨ ਦਾ ਐਲਾਨ, ਹੁਸ਼ਿਆਰਪੁਰ ਦੇ ਬੰਬੇਲੀ ਤੋਂ ਫੌਜੀ ਅਫ਼ਸਰ ਤੇ ਜਾਸੂਸ ਤੱਕ ਦਾ ਸਫ਼ਰ

ਇੰਡੋ-ਕੈਨੇਡੀਅਨ ਹਰਜੀਤ ਸਿੰਘ ਸੱਜਣ ਨੇ 2024 ਦੀਆਂ ਸੰਘੀ ਚੋਣਾਂ ਨਾ ਲੜਨ ਦਾ ਐਲਾਨ ਕੀਤਾ ਹੈ। ਕੈਨੇਡੀਅਨ ਕੈਬਨਿਟ ਮੰਤਰੀ ਹਰਜੀਤ ਸੱਜਣ ਨੇ ਸੋਮਵਾਰ ਨੂੰ ਇਸ ਦੀ ਜਾਣਕਾਰੀ ਨੂੰ ਦਿੱਤੀ।

ਇੱਕ ਬਿਆਨ ਵਿੱਚ ਹਰਜੀਤ ਸਿੰਘ ਸੱਜਣ ਨੇ ਕਿਹਾ, "ਰਾਜਨੀਤੀ ਵਿੱਚ ਲਗਭਗ ਇੱਕ ਦਹਾਕੇ ਤੋਂ ਬਾਅਦ ਅਤੇ ਭਵਿੱਖ ਵਿੱਚ ਵਿਸ਼ਵਾਸ ਦੀ ਭਾਵਨਾ ਨਾਲ, ਮੈਂ ਐਲਾਨ ਕਰ ਰਿਹਾ ਹਾਂ ਕਿ ਮੈਂ ਦੁਬਾਰਾ ਚੋਣ ਨਹੀਂ ਲੜਾਂਗਾ।"

ਇਸ ਦੇ ਨਾਲ ਹੀ ਸੱਜਣ ਨੇ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ "ਉਨ੍ਹਾਂ ਦੀ ਅਗਵਾਈ ਅਤੇ ਕੈਨੇਡਾ ਪ੍ਰਤੀ ਅਟੁੱਟ ਵਚਨਬੱਧਤਾ ਲਈ" ਧੰਨਵਾਦ ਕੀਤਾ। ਉਹਨਾਂ ਕਿਹਾ, "ਇਹ ਕੈਬਨਿਟ ਅਹੁਦੇ ਮੈਨੂੰ ਸੌਂਪ ਕੇ ਮੇਰੇ ਵਿੱਚ ਰੱਖੇ ਗਏ ਵਿਸ਼ਵਾਸ ਲਈ ਧੰਨਵਾਦੀ ਹਾਂ"।

ਹਰਜੀਤ ਸੱਜਣ ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਬੰਬੇਲੀ ਪਿੰਡ ਨਾਲ ਸਬੰਧਿਤ ਹਨ। ਉਹ ਸਾਲ 2015 ਵਿੱਚ ਪਹਿਲੀ ਵਾਰ ਕੈਨੇਡਾ ਦੀ ਸੰਸਦ ਪਹੁੰਚੇ ਸਨ।

ਪਿਛਲੇ ਕੁਝ ਸਮੇਂ ਦੌਰਾਨ ਉਹ ਕੁਝ ਗੱਲਾਂ ਨੂੰ ਲੈ ਕੇ ਵਿਵਾਦਾਂ ਵਿੱਚ ਵੀ ਘਿਰੇ ਸਨ।

ਆਓ ਜਾਣਦੇ ਹਾਂ ਪੰਜਾਬ ਦੇ ਬੰਬੇਲੀ ਪਿੰਡ ਤੋਂ ਕੈਨੇਡਾ ਦੇ ਕੈਬਨਿਟ ਮੰਤਰੀ ਤੱਕ ਦਾ ਉਨ੍ਹਾਂ ਦਾ ਸਫ਼ਰ ਅਤੇ ਉਨ੍ਹਾਂ ਨਾਲ ਜੁੜੇ ਕੁਝ ਵਿਵਾਦਾਂ ਬਾਰੇ:

(ਜਿਸ ਸਮੇਂ ਹਰਜੀਤ ਸੱਜਣ ਦੂਜੀ ਵਾਰ ਕੈਨੇਡਾ ਦੇ ਰੱਖਿਆ ਮੰਤਰੀ ਬਣੇ ਸਨ, ਉਸ ਵੇਲੇ ਬੀਬੀਸੀ ਪੱਤਰਕਾਰ ਦਲਜੀਤ ਅਮੀ ਨੇ ਉਨ੍ਹਾਂ ਬਾਰੇ ਇੱਕ ਰਿਪੋਰਟ ਪ੍ਰਕਾਸ਼ਿਤ ਕੀਤੀ ਸੀ। ਇੱਥੇ ਅਸੀਂ ਉਸੇ ਰਿਪੋਰਟ ਦੇ ਕੁਝ ਅੰਸ਼ ਪੇਸ਼ ਕਰ ਰਹੇ ਹਾਂ।)

ਪੰਜਾਬ ਦੇ ਪਿੰਡ ਤੋਂ ਕੈਨੇਡਾ ਦੇ ਕੈਬਨਿਟ ਮੰਤਰੀ ਤੱਕ

ਹਰਜੀਤ ਸਿੰਘ ਸੱਜਣ ਦਾ ਸਫ਼ਰ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਬੰਬੇਲੀ ਦੀ ਕਿਸਾਨੀ ਤੋਂ ਵੈਨਕੂਵਰ ਦੀ ਖੇਤ ਮਜ਼ਦੂਰੀ ਰਾਹੀਂ ਪੁਲਿਸ ਦੀ ਨੌਕਰੀ ਅਤੇ ਨਾਟੋ ਫ਼ੌਜਾਂ ਦੀਆਂ ਫ਼ੌਜੀ ਮੁੰਹਿਮਾਂ ਦੇ ਤਜਰਬੇ ਵਿੱਚੋਂ ਨਿਕਲ ਕੇ ਮੁਕੰਮਲ ਹੋਇਆ ਹੈ।

ਬੰਬੇਲੀ ਵਿੱਚ ਨੰਗੇ ਪੈਰਾਂ ਵਾਲੀਆਂ ਬਚਪਨ ਦੀਆਂ ਯਾਦਾਂ ਸੰਭਾਲਣ ਵਾਲੇ ਹਰਜੀਤ ਸੱਜਣ ਨੂੰ ਸਿਰ ਉੱਤੇ ਪੱਠਿਆਂ ਦੀ ਪੰਡ ਚੁੱਕੀ ਜਾਂਦੀ ਆਪਣੇ ਦਾਦੀ ਦਾ ਅਕਸ ਅਭੁੱਲ ਜਾਪਦਾ ਹੈ।

ਵੈਨਕੂਵਰ ਵਿੱਚ ਹਰਜੀਤ ਸੱਜਣ ਦੇ ਮਾਪਿਆਂ ਨੇ ਖੇਤਾਂ ਵਿੱਚ ਚੁੰਗਾਵਿਆਂ ਵਜੋਂ ਕੰਮ ਕਰ ਕੇ ਆਪਣੇ ਬੱਚਿਆਂ ਨੂੰ ਪਾਲਿਆ ਅਤੇ ਪੜ੍ਹਾਇਆ।

ਉਨ੍ਹਾਂ ਨੇ ਮੰਤਰੀ ਬਣਨ ਤੋਂ ਬਾਅਦ ਮੈਕਲੀਅਨ ਨਾਮ ਦੀ ਵੈੱਬਸਾਈਟ ਨੂੰ ਦੱਸਿਆ ਸੀ, "ਅਸੀਂ ਖੇਤੀ ਵਾਲਾ ਪਰਿਵਾਰ ਸਾਂ ਅਤੇ ਮੇਰੀ ਬੇਬੇ ਸੱਜਰੇ ਪੱਠਿਆਂ ਦੀ ਪੰਡ ਸਿਰ ਉੱਤੇ ਚੁੱਕ ਕੇ ਲਿਆਉਂਦੀ ਸੀ। ਸਾਡੇ ਤਿੰਨ ਢੱਗੇ ਸਨ ਅਤੇ ਇੱਕ ਸੁਸਤ ਜਿਹਾ ਢੱਗਾ ਮੇਰੇ ਪਿੱਛੇ-ਪਿੱਛੇ ਫਿਰਦਾ ਰਹਿੰਦਾ ਸੀ।"

ਪੰਜ ਸਾਲਾਂ ਦੀ ਉਮਰ ਵਿੱਚ ਹਰਜੀਤ ਸੱਜਣ ਮਾਂ ਅਤੇ ਭੈਣਾਂ ਸਮੇਤ ਪਿਓ ਕੋਲ ਵੈਨਕੂਵਰ ਪੁੱਜ ਗਏ।

ਖੁੱਲ੍ਹੇ ਖੇਤਾਂ ਵਿੱਚ ਘੁੰਮਣ ਵਾਲੇ ਹਰਜੀਤ ਨੂੰ ਜ਼ਿਆਦਾਤਰ ਘਰ ਦੇ ਅੰਦਰ ਰਹਿਣਾ ਪੈਂਦਾ ਸੀ ਪਰ ਉਹ ਨਵੇਂ ਮੁਲਕ ਦੇ ਮਾਹੌਲ ਵਿੱਚ ਜਲਦੀ ਰਚ ਗਏ ਸਨ।

ਉਸ ਦੌਰ ਵਿੱਚ ਤੀਜੀ ਦੁਨੀਆਂ ਦੇ ਕੈਨੇਡਾ ਆਏ ਨੌਜਵਾਨਾਂ ਦੀ ਖਿੱਚ ਦਾ ਸਬੱਬ ਗੁੰਡਾ-ਢਾਣੀਆਂ (ਗੈਂਗਜ਼) ਬਣੀਆਂ ਹੋਈਆਂ ਸਨ ਪਰ ਹਰਜੀਤ ਆਪਣੇ ਰਾਹ ਬਾਬਤ ਦੱਸਦੇ ਹਨ, "ਨਸਲੀ ਵਿਤਕਰਾ ਹੁੰਦਾ ਸੀ ਪਰ ਸਾਡੀ ਜੁੰਡਲੀ ਨੂੰ ਗੁੰਡਾਗਰਦੀ ਨਾਪਸੰਦ ਸੀ।"

ਇਸੇ ਦੌਰਾਨ ਉਨ੍ਹਾਂ ਦੀ ਬਿਰਤੀ ਧਾਰਮਿਕ ਹੋ ਗਈ, "ਮੈਨੂੰ ਸ਼ਰਾਬ ਅਤੇ ਮਾੜੀਆਂ ਬਿਰਤੀਆਂ ਤੋਂ ਬਚਣ ਲਈ ਆਸਰਾ ਦਰਕਾਰ ਸੀ।"

ਹਰਜੀਤ ਨੇ ਜਦੋਂ ਵਾਲ ਰੱਖਣ ਅਤੇ ਪੱਗ ਬੰਨ੍ਹਣ ਦਾ ਫ਼ੈਸਲਾ ਕੀਤਾ ਤਾਂ ਉਸ ਨੂੰ ਸਲਾਹ ਦਿੱਤੀ ਗਈ ਕਿ ਇਸ ਤਰ੍ਹਾਂ ਉਹ ਜ਼ਿਆਦਾ ਨਜ਼ਰਾਂ ਵਿੱਚ ਰਹਿਣਗੇ ਅਤੇ ਇਸ਼ਕਮਿਜਾਜ਼ੀ ਮੁਸ਼ਕਲ ਹੋਵੇਗੀ ਪਰ ਹੁਣ ਉਹ ਯਾਦ ਕਰਦੇ ਹਨ, "ਇਸ ਮਾਮਲੇ ਵਿੱਚ ਕੋਈ ਮੁਸ਼ਕਲ ਨਹੀਂ ਹੋਈ। ਮੈਨੂੰ ਭਰੋਸਾ ਸੀ ਕਿ ਲੋਕ ਸਵੈ-ਭਰੋਸੇ ਦੇ ਕਾਇਲ ਹੁੰਦੇ ਹਨ।"

ਫ਼ੌਜ 'ਚ ਹੋਏ ਭਰਤੀ

ਇਸ ਤੋਂ ਬਾਅਦ ਹਰਜੀਤ ਸੱਜਣ ਫ਼ੌਜੀ ਪਾਇਲਟ ਬਣਨ ਦੇ ਇਰਾਦੇ ਨਾਲ ਰਿਜਰਵ ਵਿੱਚ ਭਰਤੀ ਹੋ ਗਏ।

ਸਿਖਲਾਈ ਦੌਰਾਨ ਉਨ੍ਹਾਂ ਨੇ ਬਾਕੀਆਂ ਤੋਂ ਵੱਧ ਰਗੜਾ ਬਰਦਾਸ਼ਤ ਕੀਤਾ, "ਉਸ ਵੇਲੇ ਕੈਨੇਡੀਅਨ ਫ਼ੌਜ ਵਿੱਚ ਨਸਲੀ ਵਿਤਕਰਾ ਹੁੰਦਾ ਸੀ। ਉਹ ਨਸਲੀ ਵੰਨ-ਸਵੰਨਤਾ ਨੂੰ ਪ੍ਰਵਾਨ ਕਰਨ ਤੋਂ ਪਹਿਲਾਂ ਵਾਲਾ ਤਬਦੀਲੀ ਦਾ ਦੌਰ ਸੀ।"

ਇਸ ਰਗੜੇ ਦੇ ਸਤਾਏ ਹਰਜੀਤ ਨੇ ਫ਼ੌਜ ਛੱਡਣ ਦਾ ਫ਼ੈਸਲਾ ਕੀਤਾ ਅਤੇ ਆਪਣੇ ਬਾਪੂ ਨਾਲ ਗੱਲ ਤੋਰੀ। ਉਨ੍ਹਾਂ ਨੂੰ ਬਾਪੂ ਦੀ ਸਲਾਹ ਹੁਣ ਵੀ ਯਾਦ ਹੈ, "ਆ ਜਾ ਘਰ ਪਰ ਯਾਦ ਰੱਖੀਂ ਕਿ ਪੱਗ ਬੰਨ੍ਹਣ ਵਾਲਾ ਹਰ ਜਣਾ ਜਾਂ ਹਰ ਦੂਜਾ ਜੀਅ ਘੱਟ-ਗਿਣਤੀਆਂ ਵਿੱਚ ਸ਼ੁਮਾਰ ਹੈ। ਤੇਰੇ ਮੁੜ ਆਉਣ ਨਾਲ ਸਾਰਿਆਂ ਉੱਤੇ ਨਾਕਾਮਯਾਬੀ ਦਾ ਦਾਗ਼ ਲੱਗ ਜਾਣੈ।"

ਪੁਲਿਸ ਵਿੱਚ ਹਰਜੀਤ ਨੂੰ ਦੱਖਣੀ-ਵੈਨਕੂਵਰ ਦੀਆਂ ਗੁੰਡਾ-ਢਾਣੀਆਂ ਉੱਤੇ ਜਸੂਸੀ ਲਈ ਤਾਇਨਾਤ ਕੀਤਾ ਗਿਆ।

ਜੂਨੀਅਰ ਕੈਪਟਨ ਵਜੋਂ ਨਾਟੋ ਫ਼ੌਜਾਂ ਦੀ ਬੋਸਨੀਆ ਮੁੰਹਿਮ ਵਿੱਚ ਸ਼ਾਮਿਲ ਹੋਣਾ ਉਨ੍ਹਾਂ ਲਈ ਵੱਡਾ ਮੌਕਾ ਸੀ। ਇਸ ਮੁੰਹਿਮ ਦੌਰਾਨ ਉਨ੍ਹਾਂ ਦੀ ਜ਼ਿੰਦਗੀ ਦਾ ਤਜਰਬਾ ਕਸਬੀ ਹੁਨਰ ਬਣ ਗਿਆ।

ਹਰਜੀਤ ਦੱਸਦੇ ਹਨ, "ਮੈਂ ਸਰਬ ਬਰਾਦਰੀ ਨਾਲ ਸਾਂਝ ਬਣਾਈ। ਸਰਬਾਂ ਦੀਆਂ ਕਰਤੂਤਾਂ ਕਾਰਨ ਉਹ ਸਭ ਦੀਆਂ ਨਜ਼ਰਾਂ ਵਿੱਚ ਸ਼ੈਤਾਨ ਸਨ। ਪਿੰਡਾਂ ਵਿੱਚ ਲੋਕਾਂ ਨਾਲ ਗੱਲਾਂ ਕਰ ਕੇ ਲੱਗਦਾ ਸੀ ਕਿ ਉਨ੍ਹਾਂ ਦੀਆਂ ਵੀ ਹੋਰਾਂ ਵਰਗੀਆਂ ਪਰਿਵਾਰਕ ਜ਼ਿੰਦਗੀਆਂ ਸਨ।"

ਪੁਲਿਸ ਦੀ ਨੌਕਰੀ ਅਤੇ ਜਸੂਸੀ

ਇਸ ਮੁੰਹਿਮ ਤੋਂ ਬਾਅਦ ਹਰਜੀਤ ਕੁੱਲ-ਵਕਤੀ ਫ਼ੌਜੀ ਨੌਕਰੀ ਦੀ ਥਾਂ ਪੁਲਿਸ ਮਹਿਕਮੇ ਵਿੱਚ ਭਰਤੀ ਹੋ ਗਏ।

ਨਸ਼ਿਆ ਦੇ ਵਪਾਰ ਨਾਲ ਜੁੜੀਆਂ ਢਾਣੀਆਂ ਦੇ ਮਾਮਲੇ ਵਿੱਚ ਉਹ ਬਿਹਤਰੀਨ ਜਸੂਸ ਬਣੇ। ਉਨ੍ਹਾਂ ਦੇ ਕਈ ਜਾਣੂ ਅਤੇ ਜਮਾਤੀ ਦੂਜੀ ਧਿਰ ਵਿੱਚ ਸਨ।

ਇਨ੍ਹਾਂ ਢਾਣੀਆਂ ਦੀ ਘੇਰਾਬੰਦੀ ਲਈ ਉਨ੍ਹਾਂ ਨੇ ਕਿਰਾਏ ਉੱਤੇ ਮਕਾਨ ਦੇਣ ਵਾਲੇ ਮਾਲਕਾਂ, ਮਾਪਿਆਂ ਅਤੇ ਤਸਕਰਾਂ ਦੇ ਕਰਿੰਦਿਆਂ ਦੁਆਲੇ ਆਪਣਾ ਮੁਖ਼ਬਰ ਘੇਰਾ ਬਣਾਇਆ।

ਇਹੀ ਤਜਰਬਾ ਉਨ੍ਹਾਂ ਨੇ ਨਾਟੋ ਦੀਆਂ ਅਗਲੀਆਂ ਮੁੰਹਿਮਾਂ ਵਿੱਚ ਅਫ਼ਗ਼ਾਨਿਸਤਾਨ ਵਿੱਚ ਵੀ ਲਾਗੂ ਕੀਤਾ।

ਹਰਜੀਤ ਨੂੰ ਕੰਧਾਰ ਸੂਬੇ ਵਿੱਚ ਮੁਕਾਮੀ ਸਮਾਜ ਅੰਦਰ ਮੁਖ਼ਬਰ ਢਾਂਚਾ ਉਸਾਰਨ ਵਿੱਚ ਕਾਮਯਾਬੀ ਮਿਲੀ ਕਿਉਂਕਿ ਉਹ ਮੁਕਾਮੀ ਬੋਲੀ ਦੇ ਪੰਜਾਬੀ ਨਾਲ ਮਿਲਦੀ-ਜੁਲਦੀ ਹੋਣ ਕਾਰਨ ਲੋਕਾਂ ਨਾਲ ਸਿੱਧੀ ਗੱਲਬਾਤ ਕਰ ਸਕਦੇ ਸਨ।

ਉਨ੍ਹਾਂ ਨੂੰ ਬ੍ਰਿਗੇਡੀਅਰ ਜਨਰਲ ਡੇਵਿਡ ਫਰੇਜਰ ਨੇ 'ਸਮੁੱਚੇ ਜੰਗੀ ਮੁਹਾਜ ਉੱਤੇ ਕੈਨੇਡੀਅਨ ਖੁਫ਼ੀਆ ਤੰਤਰ ਦਾ ਬਿਹਤਰੀਨ ਸਰੋਤ' ਕਰਾਰ ਦਿੱਤਾ।

ਦੋ ਮੁੰਹਿਮਾਂ ਤੋਂ ਬਾਅਦ ਉਨ੍ਹਾਂ ਨੇ ਪੁਲਿਸ ਵਿੱਚੋਂ ਵੀ ਅਸਤੀਫ਼ਾ ਦੇ ਦਿੱਤਾ ਅਤੇ ਅਮਰੀਕੀ ਮੇਜਰ ਜਰਨਲ ਜੇਮਸ ਟੈਰੀ ਦੇ ਵਿਸ਼ੇਸ਼ ਸਹਾਇਕ ਵਜੋਂ ਅਫ਼ਗ਼ਾਨਿਸਤਾਨ ਗਏ।

ਹਰਜੀਤ ਨੇ ਆਪਣੇ ਜਸੂਸੀ ਜੀਵਨ ਦੌਰਾਨ ਇੱਕ ਪਾਸੇ ਮੁਕਾਮੀ ਸੱਭਿਆਚਾਰ ਅਤੇ ਰੀਤੀ-ਰਿਵਾਜ਼ ਨੂੰ ਇਸਤੇਮਾਲ ਕੀਤਾ ਅਤੇ ਦੂਜੇ ਪਾਸੇ ਖੋਜਾਰਥੀਆਂ ਨਾਲ ਵੀ ਰਾਬਤਾ ਕਾਇਮ ਰੱਖਿਆ।

ਕਈ ਕਿਤਾਬਾਂ ਲਿਖਣ ਵਾਲੇ ਅਮਰੀਕੀ ਮਾਹਿਰ ਬਰਨਟ ਰੂਬਿਨ ਨਾਲ ਹਰਜੀਤ ਸੱਜਣ ਦਾ ਪੁਰਾਣਾ ਰਾਬਤਾ ਹੈ।

ਰੂਬਿਨ ਨੇ ਇੱਕ ਇੰਟਰਵਿਉ ਵਿੱਚ ਦੱਸਿਆ, "ਹਰਜੀਤ ਨੇ ਗੁੰਡਾ-ਢਾਣੀਆਂ ਨਾਲ ਮੁਕਾਬਲਾ ਕਰਦਿਆਂ ਵੈਨਕੂਵਰ ਦੀਆਂ ਗਲੀਆਂ ਵਿੱਚ ਹਾਸਿਲ ਕੀਤਾ ਹੁਨਰ ਤਾਲਿਬਾਨ ਖ਼ਿਲਾਫ਼ ਲਾਗੂ ਕੀਤਾ।"

ਸਿਆਸਤ ਵਿੱਚ ਆਉਣ 'ਤੇ ਸ਼ੁਰੂ ਹੋਈ ਬਹਿਸ

ਜਦੋਂ ਜਸਟਿਨ ਟਰੂਡੋ ਦੀ ਹਮਾਇਤ ਨਾਲ ਹਰਜੀਤ ਦੱਖਣੀ ਵੈਨਕੂਵਰ ਤੋਂ ਲਿਬਰਲ ਪਾਰਟੀ ਦੇ ਉਮੀਦਵਾਰ ਦੀ ਦੌੜ ਵਿੱਚ ਸ਼ਾਮਿਲ ਹੋਏ ਤਾਂ ਨਵੀਂ ਬਹਿਸ ਸ਼ੁਰੂ ਹੋ ਗਈ।

ਦਿੱਖ ਕਾਰਨ ਉਨ੍ਹਾਂ ਨੂੰ ਸਿੱਖ ਕੱਟੜਪੰਥੀਆਂ ਦੀ ਹਮਾਇਤ ਹਾਸਿਲ ਹੋਈ ਅਤੇ ਇਸ ਸਿਆਸਤ ਨਾਲ ਜੁੜੇ ਸਵਾਲ ਦਾ ਉਨ੍ਹਾਂ ਨੂੰ ਸਾਹਮਣਾ ਕਰਨਾ ਪਿਆ।

ਉਨ੍ਹਾਂ ਦੇ ਮੁਕਾਬਲੇ ਸਾਬਕਾ ਮੈਂਬਰ ਪਾਰਲੀਮੈਂਟ ਬਰਜ ਢਾਹਾ ਸਨ, ਜਿਨ੍ਹਾਂ ਨੇ ਆਪਣੀ ਉਮੀਦਵਾਰੀ ਵਾਪਸ ਲੈ ਲਈ ਸੀ।

ਹਰਜੀਤ ਸੱਜਣ ਦੇ ਹਵਾਲੇ ਨਾਲ ਸਿੱਖ ਬਰਾਦਰੀ ਦੀ ਧੜੇਬੰਦੀ ਸਾਹਮਣੇ ਆਈ ਪਰ ਉਨ੍ਹਾਂ ਦਾ ਦਾਅਵਾ ਹੈ, "ਮੈਂ ਆਪਣੀ ਬਰਾਦਰੀ ਨੂੰ ਜਾਣਦਾ ਸਾਂ ਅਤੇ ਇਸੇ ਕਾਰਨ ਵੱਖ-ਵੱਖ ਧੜਿਆਂ ਵਿੱਚ ਮੇਰੇ ਨਾਮ ਉੱਤੇ ਏਕਾ ਹੋਇਆ।"

ਜਦੋਂ ਹਰਜੀਤ ਸੱਜਣ ਚੋਣ ਜਿੱਤ ਗਏ ਤਾਂ ਓਟਾਵਾ ਹਲਕੇ ਤੋਂ ਜਿੱਤੇ ਸਾਬਕਾ ਜਨਰਲ ਐਂਡਰਿਓ ਲੈਸਲੇ ਰੱਖਿਆ ਮੰਤਰੀ ਦੇ ਅਹੁਦੇ ਲਈ ਸਭ ਤੋਂ ਵੱਡੇ ਦਾਅਵੇਦਾਰ ਸਨ।

ਹਰਜੀਤ ਸੱਜਣ ਨੇ ਬਰਨਟ ਰੂਬਿਨ ਤੋਂ ਆਪਣਾ ਅਕਸ ਉਘਾੜਨ ਲਈ ਮਦਦ ਮੰਗੀ।

ਬਰਨਟ ਰੂਬਿਨ ਨੇ ਇੱਕ ਇੰਟਰਵਿਉ ਵਿੱਚ ਕਿਹਾ ਹੈ, "ਮੈਂ ਜਾਣਦਾ ਹਾਂ ਕਿ ਹਰਜੀਤ ਬਹੁਤ ਖਵਾਇਸ਼ਮੰਦ ਹੈ ਪਰ ਮੈਨੂੰ ਇਹ ਨਹੀਂ ਸੁਝਿਆ ਕਿ ਉਹ ਰੱਖਿਆ ਮੰਤਰੀ ਬਣ ਜਾਵੇਗਾ।"

ਟਰੂਡੋ ਦੇ ਪਹਿਲੇ ਕਾਰਜਕਾਲ ਦੌਰਾਨ ਰੱਖਿਆ ਮੰਤਰੀ ਬਣਨ ਤੋਂ ਬਾਅਦ ਹਰਜੀਤ ਸੱਜਣ ਨੇ ਸੀਰੀਆ ਦੇ ਪਨਾਹਗੀਰਾਂ ਬਾਬਤ ਲਗਾਤਾਰ ਬਿਆਨ ਦਿੱਤੇ ਸਨ।

ਉਹ ਪੁਰਾਣੀ ਸਰਕਾਰ ਦੀਆਂ ਨੀਤੀਆਂ ਨੂੰ ਲਾਗੂ ਕਰਦਾ ਰਹੇ ਹਨ ਅਤੇ ਸਰਕਾਰ ਵਿੱਚ ਮੰਤਰੀ ਉਨ੍ਹਾਂ ਪ੍ਰਾਪਤੀਆਂ ਸਦਕਾ ਹੀ ਬਣੇ ਸਨ।

ਪਰ ਹਰਜੀਤ ਸੱਜਣ ਨੇ ਅਹਿਮ ਅਹੁਦਿਆਂ ਉੱਤੇ ਆਪਣੀ ਲਗਾਤਾਰਤਾ ਕਾਇਮ ਰੱਖੀ।

ਇਸੇ ਦੌਰ ਵਿੱਚ ਕੈਨੇਡਾ ਨੇ ਕਾਮਾਘਾਟਾ ਮਾਰੂ ਕਾਂਡ ਦੀ ਵਧੀਕੀ ਦੀ ਜ਼ਿੰਮੇਵਾਰੀ ਕਬੂਲਦਿਆਂ ਮੁਆਫ਼ੀ ਮੰਗੀ ਸੀ।

ਹਰਜੀਤ ਸੱਜਣ ਕਾਮਾਘਾਟਾ ਮਾਰੂ ਲਈ ਕਸੂਰਵਾਰ ਬ੍ਰਿਟਿਸ਼ ਕੋਲੰਬੀਆ ਰੈਜੀਮੈਂਟ ਦੇ ਕਮਾਂਡਿੰਗ ਅਫ਼ਸਰ ਰਹੇ ਹਨ। ਹਰਜੀਤ ਨੇ ਗਲੋਬ ਐਂਡ ਮੇਲ ਦੇ ਪੱਤਰਕਾਰ ਨਾਲ ਗੱਲ ਕਰਦਿਆਂ ਕਿਹਾ ਸੀ, "ਸਾਡੀ ਰੈਜੀਮੈਂਟ ਉਸ ਦਿਨ ਨੂੰ ਕਾਲੇ ਦਿਵਸ ਵਜੋਂ ਯਾਦ ਕਰਦੀ ਹੈ।"

ਜਦੋਂ ਓਨਟਾਰੀਓ ਸੂਬੇ ਵਿੱਚ 1984 ਦੇ ਸਿੱਖ ਕਤਲੇਆਮ ਨੂੰ ਨਸਲਕੁਸ਼ੀ ਕਰਾਰ ਦਿੱਤਾ ਗਿਆ ਤਾਂ ਹਰਜੀਤ ਸੱਜਣ ਦੇ ਭਾਰਤੀ ਦੌਰੇ ਦੌਰਾਨ ਬਹਿਸ ਮਘ ਗਈ ਸੀ।

ਉਸ ਵੇਲੇ ਦਿੱਤਾ ਉਨ੍ਹਾਂ ਦਾ ਬਿਆਨ ਸੀਬੀਐਸ ਨਿਊਜ਼ ਵਿੱਚ ਦਰਜ ਹੈ, "ਮੈਂ ਆਪਣੀ ਭਾਰਤੀ ਹਮਰੁਤਬਾ ਨੂੰ ਦੱਸਿਆ ਹੈ ਕਿ ਓਨਟਾਰੀਓ ਜਮਹੂਰੀ ਢੰਗ ਨਾਲ ਚੁਣੀ ਹੋਈ ਸੂਬਾ ਸਰਕਾਰ ਹੈ। ਓਨਟਾਰੀਓ ਦੀ ਸੂਬਾ ਲਿਬਰਲ ਪਾਰਟੀ ਹੀ ਫੈਡਰਲ ਲਿਬਰਲ ਪਾਰਟੀ ਨਹੀਂ ਹੈ।"

ਇਸੇ ਤਰ੍ਹਾਂ ਜਦੋਂ ਉਨ੍ਹਾਂ ਨੂੰ ਖ਼ਾਲਿਸਤਾਨੀ ਕਰਾਰ ਦਿੱਤਾ ਗਿਆ ਤਾਂ ਐਸਬੀਐਸ ਵਿੱਚ ਉਨ੍ਹਾਂ ਦਾ ਬਿਆਨ ਛਪਿਆ, "ਮੈਂ ਪੁਲਿਸ ਅਫ਼ਸਰ ਰਿਹਾ ਹਾਂ ਅਤੇ ਆਪਣੇ ਮੁਲਕ ਦੀ ਸੇਵਾ ਕੀਤੀ ਹੈ। ਮੇਰੇ ਖ਼ਿਲਾਫ਼ ਅਜਿਹਾ ਇਲਜ਼ਾਮ ਬੇਹੂਦਗੀ ਤੋਂ ਘੱਟ ਨਹੀਂ ਹੈ ਅਤੇ ਮੈਂ ਇਸਨੂੰ ਹਮਲਾਵਰ ਮੰਨਦਾ ਹਾਂ।"

ਇਸ ਮੋੜ ਉੱਤੇ ਹਰਜੀਤ ਸੱਜਣ ਨੂੰ ਸਮਝਣ ਵਿੱਚ ਬਰਨਟ ਰੂਬਿਨ ਤੋਂ ਮਦਦ ਮਿਲ ਸਕਦੀ ਹੈ ਜੋ ਮਾਹਰ ਵਜੋਂ ਉਨ੍ਹਾਂ ਦੇ ਹੁਨਰ ਅਤੇ ਖ਼ਵਾਇਸ਼ਮੰਦੀ ਦੀ ਗਵਾਹੀ ਭਰਦਾ ਹੈ।

ਨੌਮ ਚੌਮਸਕੀ ਅਤੇ ਮਾਈਕਲ ਐਲਬਰਟ ਦੇ ਬੋਸਨੀਆ ਬਾਬਤ ਲੇਖ (ਨਾਟੋ, ਮੀਡੀਆ ਅਤੇ ਝੂਠ) ਅਤੇ ਅਫ਼ਗ਼ਾਨਿਸਤਾਨ ਵਿੱਚ ਨਾਟੋ ਦੀਆਂ ਮੁੰਹਿਮਾਂ ਬਾਬਤ ਮਨੁੱਖੀ ਹਕੂਕ ਜਥੇਬੰਦੀਆਂ ਦੀਆਂ ਰਪਟਾਂ ਵੀ ਨਾਟੋ ਫ਼ੌਜਾਂ ਦੀਆਂ ਪ੍ਰਾਪਤੀਆਂ ਦੀ ਤਸਦੀਕ ਕਰਦੀਆਂ ਹਨ ਪਰ ਮਾਅਨੇ ਪਲਟ ਦਿੰਦੀਆਂ ਹਨ।

ਹਰਜੀਤ ਸੱਜਣ ਦਾ ਹਾਊਸ ਆਫ਼ ਕੌਮਨਸ ਵਿੱਚ ਦਿੱਤਾ ਬਿਆਨ ਸਰਕਾਰੀ ਵੈੱਬਸਾਈਟ ਉੱਤੇ ਦਰਜ ਹੈ, "ਅਸੀਂ ਇਹ ਯਕੀਨੀ ਬਣਾਉਣਾ ਹੈ ਕਿ ਜਦੋਂ ਕੈਨੇਡਾ ਦੇ ਮੁੰਡੇ-ਕੁੜੀਆਂ ਫ਼ੌਜੀ ਮੁੰਹਿਮਾਂ ਉੱਤੇ ਜਾਣ ਤਾਂ ਉਨ੍ਹਾਂ ਕੋਲ ਕਾਮਯਾਬੀ ਲਈ ਲੋੜੀਂਦੀ ਸਮਰੱਥਾ ਹੋਵੇ।"

ਹਰਜੀਤ ਸੱਜਣ ਨਾਲ ਜੁੜੇ ਕੁਝ ਵਿਵਾਦ

ਹਰਜੀਤ ਸੱਜਣ ਉਸ ਵੇਲੇ ਵਿਵਾਦਾਂ ਵਿੱਚ ਘਿਰ ਗਏ ਸਨ ਜਦੋਂ ਭਾਰਤੀ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਕੈਨੇਡਾ ਵਿੱਚ ਇੱਕ ਸ਼ੋਅ ਕਰਨ ਗਏ ਸਨ। ਇੱਕ ਮੀਡੀਆ ਰਿਪੋਰਟ ਵਿੱਚ ਕਿਹਾ ਗਿਆ ਸੀ ਕਿ ਸੱਜਣ ਨੇ 100 ਫੌਜੀਆਂ ਨੂੰ ਦਿਲਜੀਤ ਦੇ ਸ਼ੋਅ ਵਿੱਚ "ਬੈਕਡਰੂਪ" ਵਿੱਚ ਰਹਿਣ ਦੀ ਬੇਨਤੀ ਕੀਤੀ ਸੀ।

ਹਾਲਾਂਕਿ ਕੈਨੇਡੀਅਨ ਫੌਜ ਨੇ ਉਨ੍ਹਾਂ ਦੀ ਇਸ ਬੇਨਤੀ ਨੂੰ ਠੁਕਰਾ ਦਿੱਤਾ ਸੀ ਪਰ ਇਸ ਨੂੰ ਲੈ ਕੇ ਉਨ੍ਹਾਂ ਦੀ ਕਾਫੀ ਆਲੋਚਨਾ ਹੋਈ ਸੀ।

ਸੱਜਣ ਦੇ ਬੁਲਾਰੇ ਨੇ ਉਨ੍ਹਾਂ ਦਾ ਬਚਾਅ ਕਰਦੇ ਹੋਏ ਕਿਹਾ ਸੀ, "ਮੰਤਰੀ ਸੱਜਣ ਇਸ ਗੱਲ 'ਤੇ ਸਹਿਮਤ ਹੋਏ ਕਿ ਇਹ ਸੰਗੀਤ ਸਮਾਰੋਹ ਕੈਨੇਡੀਅਨ ਹਥਿਆਰਬੰਦ ਫੌਜਾਂ ਲਈ ਨੌਜਵਾਨ ਕੈਨੇਡੀਅਨਾਂ ਦੇ ਵਿਭਿੰਨ ਭਾਈਚਾਰੇ ਨਾਲ ਜੁੜਨ ਅਤੇ ਉਨ੍ਹਾਂ ਨਾਲ ਸਬੰਧਾਂ ਦਾ ਵਿਸਥਾਰ ਕਰਨ ਦਾ ਇੱਕ ਚੰਗਾ ਮੌਕਾ ਹੋਵੇਗਾ।''

ਇਸ ਤੋਂ ਪਹਿਲਾਂ ਸਾਲ 2021 ਵਿੱਚ ਉਨ੍ਹਾਂ ਦੇ ਸਿੱਖਾਂ ਨੂੰ ਤਰਜੀਹ ਦੇਣ ਦਾ ਵੀ ਇਲਜ਼ਾਮ ਲੱਗ ਚੁੱਕਾ ਹੈ। ਰਿਪੋਰਟਾਂ ਮੁਤਾਬਕ, ਜਦੋਂ ਤਾਲਿਬਾਨ ਨੇ ਅਫਗਾਨਿਸਤਾਨ 'ਤੇ ਕਬਜ਼ਾ ਕੀਤਾ ਤਾਂ ਹਰਜੀਤ ਸੱਜਣ ਨੇ ਕੈਨੇਡੀਅਨ ਫੌਜਾਂ ਨੂੰ 225 ਅਫਗਾਨ ਸਿੱਖਾਂ ਨੂੰ ਬਚਾਉਣ ਨੂੰ ਤਰਜੀਹ ਦੇਣ ਦੇ ਨਿਰਦੇਸ਼ ਦਿੱਤੇ ਸਨ।

ਕਿਹਾ ਜਾਂਦਾ ਹੈ ਕਿ ਉਨ੍ਹਾਂ ਨੇ ਅਫਗਾਨ ਸਿੱਖਾਂ ਦੀ ਮਦਦ ਲਈ ਕੈਨੇਡੀਅਨਾਂ ਨੂੰ ਦਿੱਤੇ ਗਏ ਸਰੋਤਾਂ ਦੀ ਵਰਤੋਂ ਕੀਤੀ ਸੀ। ਹਾਲਾਂਕਿ ਸੱਜਣ ਨੇ ਇਨ੍ਹਾਂ ਦਾਅਵਿਆਂ ਦਾ ਖੰਡਨ ਕੀਤਾ ਸੀ।

ਸਾਲ 2017 ਵਿੱਚ ਜਦੋਂ ਸੱਜਣ ਸਿੰਘ ਨੇ ਭਾਰਤ ਦੌਰੇ 'ਤੇ ਆਉਣਾ ਸੀ ਤਾਂ ਪੰਜਾਬ ਦੇ ਤਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ 'ਤੇ "ਖਾਲਿਸਤਾਨ ਸਮਰਥਕ" ਹੋਣ ਦਾ ਇਲਜ਼ਾਮ ਲਗਾਇਆ ਸੀ।

ਉਸ ਵੇਲੇ ਕੈਨੇਡੀਅਨ ਹਾਈ ਕਮਿਸ਼ਨ ਵੱਲੋਂ ਉਨ੍ਹਾਂ ਦੀਆਂ ਇਲਜ਼ਾਮ ਲਗਾਉਣ ਵਾਲੀਆਂ ਟਿੱਪਣੀਆਂ ਨੂੰ "ਨਿਰਾਸ਼ਾਜਨਕ ਅਤੇ ਗਲਤ" ਕਹਿਣ ਦੇ ਬਾਵਜੂਦ ਬਾਅਦ ਕੈਪਟਨ ਨੇ ਉਨ੍ਹਾਂ ਨੂੰ ਮਿਲਣ ਤੋਂ ਇਨਕਾਰ ਕਰ ਦਿੱਤਾ ਸੀ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)