ਕੈਨੇਡਾ ਪੁਲਿਸ ਨੇ ਫਿਰੌਤੀਆਂ ਦੇ ਮਾਮਲੇ ’ਚ ਪੰਜਾਬੀ ਨੌਜਵਾਨਾਂ ’ਤੇ ਕਾਰਵਾਈ ਕੀਤੀ, ਮੁਲਜ਼ਮਾਂ ਬਾਰੇ ਕੀ-ਕੀ ਪਤਾ ਹੈ

    • ਲੇਖਕ, ਸਰਬਜੀਤ ਸਿੰਘ
    • ਰੋਲ, ਬੀਬੀਸੀ ਪੱਤਰਕਾਰ

ਕੈਨੇਡਾ ਦੇ ਬਰੈਂਪਟਨ ਅਤੇ ਮਿਸੀਸਾਗਾ ਖੇਤਰ ਵਿੱਚ ਰਹਿੰਦੇ ਦੱਖਣੀ ਏਸ਼ੀਆਈ ਭਾਈਚਾਰੇ ਤੋਂ ਜਬਰਨ ਵਸੂਲੀ ਅਤੇ ਤੰਗ-ਪ੍ਰੇਸ਼ਾਨ ਕਰਨ ਦੇ ਮਾਮਲੇ ਵਿੱਚ ਪੰਜਾਬੀ ਮੂਲ ਦੇ ਇੱਕ ਗੈਂਗ ਦਾ ਕਥਿਤ ਤੌਰ ਉੱਤੇ ਪਰਦਾਫਾਸ਼ ਹੋਇਆ ਹੈ।

ਪੀਲ ਰੀਜਨਲ ਪੁਲਿਸ ਦੇ ਐਕਸਟੌਰਸ਼ਨ ਇਨਵੈਸਟੀਗੇਟਿਵ ਟਾਸਕ ਫੋਰਸ ਵੱਲੋਂ ਜਾਰੀ ਕੀਤੀ ਗਈ ਜਾਣਕਾਰੀ ਮੁਤਾਬਕ ਗ੍ਰਿਫਤਾਰ ਕੀਤੇ ਗਏ ਨੌਜਵਾਨਾਂ ਤੋਂ ਪੁਲਿਸ ਨੇ ਹਥਿਆਰ ਵੀ ਬਰਾਮਦ ਕੀਤੇ ਹਨ।

ਇਨ੍ਹਾਂ ਸਾਰਿਆਂ ਉੱਤੇ ਪੁਲਿਸ ਨੇ ਫਿਰੌਤੀਆਂ ਲਈ ਧਮਕੀਆਂ ਦੇਣ ਅਤੇ ਹੋਰ ਗੰਭੀਰ ਇਲਜ਼ਾਮ ਲਗਾਏ ਹਨ। ਗ੍ਰਿਫਤਾਰ ਕੀਤੇ ਗਏ ਜ਼ਿਆਦਾਤਰ ਨੌਜਵਾਨ ਪੰਜਾਬੀ ਮੂਲ ਦੇ ਹਨ।

ਕੌਣ ਹਨ ਫਿਰੌਤੀ ਮੰਗਣ ਵਾਲੇ ਪੰਜਾਬੀ ਨੌਜਵਾਨ

ਪੀਲ ਪੁਲਿਸ ਵੱਲੋਂ ਜਾਰੀ ਕੀਤੀ ਜਾਣਕਾਰੀ ਮੁਤਾਬਕ ਬ੍ਰਿਟਿਸ਼ ਕੋਲੰਬੀਆ ਦੇ 27 ਸਾਲਾ ਬੰਧੂਮਾਨ ਸੇਖੋਂ ਨੂੰ ਜਨਵਰੀ 2024 ਵਿੱਚ ਵਾਪਰੀ ਇੱਕ ਘਟਨਾ ਲਈ ਗ੍ਰਿਫਤਾਰ ਕੀਤਾ ਜਾ ਚੁੱਕਿਆ ਹੈ। ਪੁਲਿਸ ਨੇ ਸੇਖੋਂ ਉੱਤੇ ਅਪਰਾਧ ਕਰਨ ਦੀ ਸਾਜ਼ਿਸ਼, ਗ਼ੈਰ-ਕਾਨੂੰਨੀ ਅਸਲਾ ਰੱਖਣ ਸਣੇ ਹੋਰ ਇਲਜ਼ਾਮਾਂ ਤਹਿਤ ਮਾਮਲਾ ਦਰਜ ਕੀਤਾ ਹੈ।

ਇਸ ਤਰ੍ਹਾਂ ਦੇ ਇੱਕ ਹੋਰ ਮਾਮਲੇ ਵਿੱਚ ਪੁਲਿਸ ਨੇ ਬਰੈਂਪਟਨ ਦੇ ਇੱਕ ਹੋਰ 25 ਸਾਲਾ ਨੌਜਵਾਨ ਹਰਮਨਜੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ।

ਪੀਲ ਪੁਲਿਸ ਮੁਤਾਬਕ ਹਰਮਨਜੀਤ ਨੂੰ ਮਈ 2024 ਵਿੱਚ ਵਾਪਰੀ ਇੱਕ ਘਟਨਾ ਸਬੰਧੀ 4 ਜੁਲਾਈ, 2024 ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਉਸ ਉੱਤੇ ਜਬਰੀ ਵਸੂਲੀ, ਸਰੀਰਕ ਨੁਕਸਾਨ ਜਾਂ ਮੌਤ ਦੀ ਧਮਕੀ ਦੇਣਾ, ਹਥਿਆਰ ਰੱਖਣ ਸਣੇ ਹੋਰ ਇਲਜ਼ਾਮਾਂ ਤਹਿਤ ਕੇਸ ਦਰਜ ਹਨ।

ਬਰੈਂਪਟਨ ਦੇ ਰਹਿਣ ਵਾਲੇ 44 ਸਾਲਾ ਤਜਿੰਦਰ ਤਤਲਾ ਨੂੰ 25 ਜੁਲਾਈ, 2024 ਨੂੰ ਇੱਕ ਕਾਰੋਬਾਰੀ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਧਮਕੀਆਂ ਦੇਣ ਦੇ ਇਲਜ਼ਾਮ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ।

ਪੁਲਿਸ ਨੇ ਉਸ ਕੋਲੋਂ 3 ਹਥਿਆਰ ਵੀ ਬਰਾਮਦ ਕੀਤੇ ਹਨ। ਜਾਂਚ ਤੋਂ ਬਾਅਦ ਪੀਲ ਪੁਲਿਸ ਨੇ ਤਜਿੰਦਰ ਤਤਲਾ ਖ਼ਿਲਾਫ਼ ਜਬਰੀ ਵਸੂਲੀ ਸਮੇਤ ਕਈ ਹੋਰ ਕੇਸ ਦਰਜ ਕੀਤੇ ਹਨ।

ਇਸ ਤਰ੍ਹਾਂ ਪੁਲਿਸ ਨੇ ਬਰੈਂਪਟਨ ਦੀ ਰਹਿਣ ਵਾਲੀ 21 ਸਾਲਾ ਰੁਖ਼ਸਾਰ ਅਚਕਜ਼ਈ ਨੂੰ ਸਤੰਬਰ 2023 ਦੀਆਂ ਘਟਨਾਵਾਂ ਸਬੰਧੀ ਗ੍ਰਿਫਤਾਰ ਕੀਤਾ। ਉਸ 'ਤੇ ਜਬਰੀ ਵਸੂਲੀ ਕਰਨ ਦਾ ਇਲਜ਼ਾਮ ਲਗਾਇਆ ਗਿਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਰੁਖ਼ਸਾਰ ਸੋਸ਼ਲ ਮੀਡੀਆ ਦਾ ਇੱਕ ਚਰਚਿਤ ਚਿਹਰਾ ਹੈ।

ਇਸੇ ਤਰੀਕੇ ਨਾਲ ਹੈਮਿਲਟਨ ਦੇ ਰਹਿਣ ਵਾਲੇ 24 ਸਾਲਾ ਦਿਨੇਸ਼ ਕੁਮਾਰ ਨੂੰ ਜੁਲਾਈ 2024 ਵਿੱਚ ਵਾਪਰੀ ਇੱਕ ਘਟਨਾ ਸਬੰਧੀ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਦੇ ਨਾਲ ਹੀ 35 ਸਾਲਾ ਨਵਪ੍ਰੀਤ ਸਿੰਘ ਗਿੱਲ, ਦਪਇੰਦਰਦੀਪ ਸਿੰਘ ਚੀਮਾ, ਲਵਪ੍ਰੀਤ ਸਿੰਘ ਗਿੱਲ ਤੇ ਰਿੱਕੀ ਗਿੱਲ ਨੂੰ ਵੀ ਪੁਲਿਸ ਨੇ ਵੱਖ-ਵੱਖ ਮਾਮਲਿਆਂ ਵਿੱਚ ਚਾਰਜ ਕੀਤਾ ਹੈ।

ਕਾਰੋਬਾਰੀਆਂ ਨੂੰ ਨਿਸ਼ਾਨਾ ਬਣਾਉਣ ਦੇ ਇਲਜ਼ਾਮ ਲੱਗੇ

ਪੀਲ ਪੁਲਿਸ ਮੁਤਾਬਕ ਸਾਰੇ ਨੌਜਵਾਨਾਂ ਨੂੰ ਬਰੈਂਪਟਨ ਵਿੱਚ ਓਨਟਾਰੀਓ ਕੋਰਟ ਆਫ਼ ਜਸਟਿਸ ਵੱਲੋਂ ਜ਼ਮਾਨਤ ਦਿੱਤੀ ਜਾ ਚੁੱਕੀ ਹੈ, ਫਿਲਹਾਲ ਅਦਾਲਤ ਵੱਲੋਂ ਲਗਾਈਆਂ ਸ਼ਰਤਾਂ ਨਾਲ ਇਹ ਮੁਲਜ਼ਮ ਰਿਹਾਅ ਹਨ।

ਪੀਲ ਪੁਲਿਸ ਮੁਤਾਬਕ ਉਕਤ ਨੌਜਵਾਨ ਅਕਸਰ ਸੋਸ਼ਲ ਮੀਡੀਆ ਜਿਵੇਂ ਕਿ ਵਟਸਅੱਪ, ਫੇਸਬੁੱਕ ਰਾਹੀਂ ਕਾਰੋਬਾਰੀਆਂ ਨੂੰ ਨਿਸ਼ਾਨਾ ਬਣਾਉਂਦੇ ਸਨ।

ਕੈਨੇਡਾ ਦੇ ਵੱਖ-ਵੱਖ ਸੂਬਿਆਂ ਖ਼ਾਸ ਤੌਰ ਉੱਤੇ ਬਰੈਂਪਟਨ ਅਤੇ ਇਸ ਦੇ ਆਸ-ਪਾਸ ਦੇ ਸ਼ਹਿਰਾਂ ਵਿੱਚ ਕਾਰੋਬਾਰੀਆਂ ਨੂੰ ਫਿਰੌਤੀ ਲਈ ਧਮਕੀਆਂ ਮਿਲਣ ਦੀਆਂ ਘਟਨਾਵਾਂ ਵਿੱਚ ਇੱਕ ਦਮ ਵਾਧਾ ਹੋਇਆ ਸੀ।

ਇਸ ਤੋਂ ਬਾਅਦ ਪੀਲ ਪੁਲਿਸ ਨੇ ਐਕਸਟੌਰਸ਼ਨ ਇਨਵੈਸਟੀਗੇਟਿਵ ਟਾਸਕ ਫੋਰਸ ਦਾ ਗਠਨ ਕੀਤਾ, ਜਿਸ ਨੇ ਇੱਕ ਸਾਲ ਦੀ ਜਾਂਚ ਤੋਂ ਬਾਅਦ ਕਰੀਬ 60 ਘਟਨਾਵਾਂ ਦੀ ਜਾਂਚ ਕੀਤੀ ਅਤੇ ਉਸ ਤੋਂ ਬਾਅਦ 21 ਗ੍ਰਿਫ਼ਤਾਰੀਆਂ ਕੀਤੀਆਂ ਹਨ ਅਤੇ 154 ਉੱਤੇ ਅਪਰਾਧਿਕ ਇਲਜ਼ਾਮ ਲਗਾਏ।

ਇਸ ਮਾਮਲੇ ਵਿੱਚ ਪੁਲਿਸ ਨੇ 20 ਹਥਿਆਰ, 10,000 ਡਾਲਰ ਤੋਂ ਵੱਧ ਦੀ ਰਾਸ਼ੀ ਜੋ ਕਿ ਫਿਰੌਤੀ ਤੋਂ ਵਸੂਲੀ ਗਈ ਸੀ ਅਤੇ ਚੋਰੀ ਦੇ 6 ਵਾਹਨਾਂ ਦੀ ਬਰਾਮਦਗੀ ਕਰਨ ਦਾ ਦਾਅਵਾ ਕੀਤਾ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)