You’re viewing a text-only version of this website that uses less data. View the main version of the website including all images and videos.
ਦਿਲਜੀਤ ਦੋਸਾਂਝ ਦੇ ਚੰਡੀਗੜ੍ਹ ਸ਼ੋਅ ਨੂੰ ਹਾਈ ਕੋਰਟ ਨੇ ਇਨ੍ਹਾਂ ਸ਼ਰਤਾਂ ਉੱਤੇ ਹਰੀ ਝੰਡੀ ਦਿੱਤੀ
ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਦੇ ਚੰਡੀਗੜ੍ਹ ਵਿੱਚ 14 ਦਸੰਬਰ ਨੂੰ ਹੋਣ ਜਾ ਰਹੇ ਕੌਂਸਰਟ ਲਈ ਹਾਈ ਕੋਰਟ ਨੇ ਸ਼ਰਤਾਂ ਨਾਲ ਹਰੀ ਝੰਡੀ ਦੇ ਦਿੱਤੀ ਹੈ।
ਅਸਲ ਵਿੱਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਪਟੀਸ਼ਨ ਪਾਈ ਗਈ ਸੀ ਕਿ ਚੰਡੀਗੜ੍ਹ ਦੇ ਸੈਕਟਰ-34 ਦੇ ਐਗਜ਼ੀਬੀਸ਼ਨ ਗਰਾਊਂਡ ਵਿੱਚ ਇਸ ਪ੍ਰੋਗਰਾਮ ਦਾ ਆਯੋਜਨ ਕਰਨਾ ਠੀਕ ਨਹੀਂ ਹੈ।
ਪਟੀਸ਼ਨ ਮੁਤਾਬਕ 7 ਦਸੰਬਰ ਨੂੰ ਕਰਵਾਏ ਗਏ ਇਸ ਤਰੀਕੇ ਦੇ ਇੱਕ ਕੌਂਸਰਟ ਕਾਰਨ ਟ੍ਰੈਫਿਕ ਤੇ ਹੋਰ ਸਮੱਸਿਆਵਾਂ ਸਾਹਮਣੇ ਆਈਆਂ ਸਨ।
ਹੁਣ ਅਦਾਲਤ ਨੇ ਕਿਹਾ ਹੈ ਕਿ ਕੌਂਸਰਟ ਦੇ ਪ੍ਰਬੰਧਕ ਨਿਯਮਾਂ ਦੀ ਪਾਲਣਾ ਕਰਕੇ ਪ੍ਰੋਗਰਾਮ ਨੂੰ ਨੇਪਰੇ ਚਾੜਨ। ਕੌਂਸਰਟ ਦੇ ਪ੍ਰਬੰਧਕਾਂ ਵੱਲੋਂ ਅਦਾਲਤ ਤੋਂ ਕੌਂਸਰਟ ਦੀ ਆਵਾਜ਼ ਲਈ 120 ਡੈਸੀਬਲ ਦੀ ਇਜਾਜ਼ਤ ਦੇਣ ਲਈ ਕਿਹਾ ਗਿਆ ਸੀ ਪਰ ਅਦਾਲਤ ਨੇ 75 ਡੈਸੀਬਲ ਦੀ ਹੀ ਇਜਾਜ਼ਤ ਦਿੱਤੀ ਹੈ।
ਇਸ ਦੇ ਨਾਲ ਹੀ ਕੋਰਟ ਨੇ ਕਿਹਾ ਹੈ ਕਿ ਮਾਮਲੇ ਦੀ ਅਗਲੀ ਸੁਣਵਾਈ ਵਿੱਚ ਇਹ ਵਿਚਾਰਿਆ ਜਾਵੇਗਾ ਕਿ ਕੀ ਕੌਂਸਰਟ ਦੌਰਾਨ ਨਿਯਮਾਂ ਦੀ ਪਾਲਣਾ ਹੋਈ ਹੈ। ਜੇ ਅਜਿਹਾ ਨਹੀਂ ਹੁੰਦਾ ਤਾਂ ਅਦਾਲਤ ਵੱਲੋਂ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ।
ਦਿਲਜੀਤ ਦੇ ਚੰਡੀਗੜ੍ਹ ਸ਼ੋਅ ਲਈ ਬੱਚਿਆਂ ਨੂੰ ਲੈ ਕੇ ਇੱਕ ਖ਼ਾਸ ਐਡਵਾਇਜ਼ਰੀ ਜਾਰੀ ਕੀਤੀ ਗਈ ਹੈ।
ਸੈਕਟਰ-34 ਵਿੱਚ ਹੋ ਰਹੇ ਦਿਲਜੀਤ ਦੇ ਸ਼ੋਅ ਨੂੰ ਲੈ ਕੇ ਚੰਡੀਗੜ੍ਹ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਨੇ ਕੁਝ ਹਦਾਇਤਾਂ ਦਿੱਤੀਆਂ ਹਨ।
ਇਹ ਹਦਾਇਤਾਂ ਚੰਡੀਗੜ੍ਹ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਦੀ ਚੇਅਰਪਰਸਨ ਸ਼ਿਪਰਾ ਬਾਂਸਲ ਵੱਲੋਂ ਪੰਡਿਤ ਰਾਓ ਧਰੇਨਵਰ ਵੱਲੋਂ ਦਾਇਰ ਕੀਤੀ ਗਈ ਪ੍ਰਤੀਨਿਧਤਾ ਦੇ ਆਧਾਰ 'ਤੇ ਜਾਰੀ ਕੀਤੀਆਂ ਗਈਆਂ ਹਨ।
ਇਨ੍ਹਾਂ ਵਿੱਚ ਪ੍ਰਬੰਧਕਾਂ ਅਤੇ ਗਾਇਕ ਦਿਲਜੀਤ ਦੁਸਾਂਝ ਨੂੰ ਪਟਿਆਲਾ ਪੈੱਗ, 5 ਤਾਰਾ ਠੇਕੇ ਅਤੇ ਕੇਸ ਗੀਤ ਤੋੜ-ਮਰੋੜ ਕੇ ਵੀ ਨਾ ਗਾਉਣ ਲਈ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ। ਚੰਡੀਗੜ੍ਹ ਵਿੱਚ ਸੀਸੀਪੀਸੀਆਰ ਨੇ ਸਪੱਸ਼ਟ ਤੌਰ 'ਤੇ ਜ਼ਿਕਰ ਕੀਤਾ ਹੈ ਕਿ ਇਹ ਗੀਤ ਪ੍ਰਭਾਵਸ਼ਾਲੀ ਉਮਰ ਦੇ ਬੱਚਿਆਂ ਨੂੰ ਪ੍ਰਭਾਵਿਤ ਕਰਦੇ ਹਨ।
ਕਮਿਸ਼ਨ ਵੱਲੋਂ ਜਾਰੀ ਨੋਟੀਫਿਕੇਸ਼ਨ ਵਿੱਚ ਇਹ ਹਦਾਇਤਾਂ ਕੁਝ ਇਸ ਤਰ੍ਹਾਂ ਹਨ-
- ਪਟਿਆਲਾ ਪੈੱਗ, 5 ਤਾਰਾ ਠੇਕੇ ਅਤੇ ਕੇਸ ਵਰਗੇ ਗੀਤ ਨਾ ਗਾਏ ਜਾਣ ਅਤੇ ਇੱਥੋਂ ਤੱਕ ਕਿ ਸ਼ਰਾਬ, ਡਰੱਗ ਅਤੇ ਹਿੰਸਾ ਵਾਲੇ ਸ਼ਬਦਾਂ ਵਾਲੇ ਗੀਤ ਵੀ ਨਾ ਗਾਏ ਜਾਣ। ਇਹ ਬੱਚਿਆਂ ʼਤੇ ਪ੍ਰਭਾਵਸ਼ਾਲੀ ਉਮਰ ਵਿੱਚ ਅਸਰ ਪਾ ਸਕਦੇ ਹਨ।
- ਇਹ ਯਕੀਨੀ ਬਣਾਇਆ ਜਾਵੇ ਕਿ 25 ਸਾਲ ਤੋਂ ਘੱਟ ਉਮਰ ਦੇ ਨੌਜਵਾਨਾਂ ਨੂੰ ਸ਼ਰਾਬ ਨਾ ਦਿੱਤੀ ਜਾਵੇ ਜੋ ਜੇਜੇ ਐਕਟ ਅਤੇ ਕਾਨੂੰਨ ਦੀਆਂ ਹੋਰਨਾਂ ਵਿਵਸਥਾਵਾਂ ਦੇ ਤਹਿਤ ਸਜ਼ਾਯੋਗ ਹੈ।
ਦਿਲਜੀਤ ਦੋਸਾਂਝ ਦੇ ਸ਼ੋਅ ਨੂੰ ਲੈ ਕੇ ਵਿਵਾਦ
ਦਰਅਸਲ, ਦਿਲਜੀਤ ਦਿਲ-ਲੁਮੀਨਾਟੀ ਟੂਰ ਕਰ ਰਹੇ ਹਨ, ਜਿਸ ਦੇ ਤਹਿਤ ਉਹ ਕੌਮੀ-ਕੌਮਾਂਤਰੀ ਪੱਧਰ ʼਤੇ ਆਪਣੇ ਲਾਈਵ ਸ਼ੋਅ ਕਰ ਰਹੇ ਹਨ।
ਸਮਾਜ ਸ਼ਾਸਤਰ ਦੇ ਸਹਾਇਕ ਪ੍ਰੋਫੈਸਰ ਪੰਡਿਤ ਰਾਓ ਧਰੇਨਵਰ ਨੇ ਇਸ ਤੋਂ ਪਹਿਲਾਂ ਨਵੰਬਰ ਵਿੱਚ ਵੀ ਦਿਲਜੀਤ ਦੋਸਾਂਝ ਖ਼ਿਲਾਫ਼ ਸ਼ਿਕਾਇਤ ਦਿੱਤੀ ਸੀ।
ਇਸ ਦੀ ਪੁਸ਼ਟੀ ਪ੍ਰੋਫੈਸਰ ਪੰਡਿਤ ਰਾਓ ਧਰੇਨਵਰ ਨੇ ਬੀਬੀਸੀ ਨਾਲ ਗੱਲ ਕਰਦਿਆਂ ਕੀਤੀ ਹੈ ਕਿ ਉਨ੍ਹਾਂ ਨੇ ਇਸ ਸਬੰਧੀ ਸ਼ਿਕਾਇਤ ਕੀਤੀ ਸੀ।
ਇਸ ʼਤੇ ਕਾਰਵਾਈ ਕਰਦਿਆਂ ਜ਼ਿਲ੍ਹਾ ਬਾਲ ਭਲਾਈ ਅਫ਼ਸਰ, ਤੇਲੰਗਾਨਾ ਨੇ ਵੀ ਬੱਚਿਆਂ ਨੂੰ ਸਟੇਜ 'ਤੇ ਨਾ ਸੱਦਣ ਅਤੇ ਸ਼ਰਾਬ, ਨਸ਼ੇ ਤੇ ਹਿੰਸਾ ਨੂੰ ਉਤਸ਼ਾਹਿਤ ਕਰਨ ਵਾਲੇ ਗੀਤ ਨਾ ਗਾਉਣ ਲਈ ਨੋਟਿਸ ਜਾਰੀ ਕੀਤਾ ਸੀ।
ਹਾਲਾਂਕਿ, ਗਾਇਕ ਦਿਲਜੀਤ ਦੋਸਾਂਝ ਨੇ ਨੋਟਿਸ ਦਾ ਪਾਲਣ ਵੀ ਕੀਤਾ ਅਤੇ ਸਟੇਜ 'ਤੇ ਬੱਚਿਆਂ ਦੀ ਵਰਤੋਂ ਨਹੀਂ ਕੀਤੀ ਪਰ ਉਨ੍ਹਾਂ ਸ਼ਬਦਾਂ ਨੂੰ ਤੋੜ ਮਰੋੜ ਕੇ ਪਟਿਆਲਾ ਪੈੱਗ, 5 ਤਾਰਾ ਠੇਕੇ ਅਤੇ ਕੇਸ ਦੇ ਗੀਤ ਗਾਏ।
ਇਸ ਤੋਂ ਇਲਾਵਾ ਪੰਡਿਤਰਾਓ ਨੇ ਕਰਨ ਔਜਲਾ ਖ਼ਿਲਾਫ ਵੀ ਸ਼ਿਕਾਇਤ ਕੀਤੀ ਹੈ। ਉਨ੍ਹਾਂ ਨੇ ਔਜਲਾ ਨੂੰ ਚਿੱਟਾ ਕੁੜਤਾ, ਅਧੀਆ, ਸ਼ਰਾਬ, ਬੰਦੂਕ ਅਤੇ ਥੋੜ੍ਹੇ ਦਿਨ ਗਾਉਣ ਸਬੰਧੀ ਸ਼ਿਕਾਇਤ ਵੀ ਕੀਤੀ ਸੀ। ਕਰਨ ਔਜਲਾ ਨੇ ਵੀ 7 ਦਸੰਬਰ 2024 ਨੂੰ ਹੋਏ ਆਪਣੇ ਸ਼ੋਅ ਵਿੱਚ ਇਹ ਗੀਤ ਨਹੀਂ ਗਾਏ ਸਨ।
ਪੰਡਿਤਰਾਓ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਯਕੀਨ ਹੈ ਕਿ ਗਾਇਕ ਦਿਲਜੀਤ ਦੋਸਾਂਝ ਬੱਚਿਆਂ ਦੇ ਵਡੇਰੇ ਹਿੱਤ ਵਿੱਚ ਸਲਾਹ ਦੀ ਪਾਲਣਾ ਕਰਨਗੇ।
ਬਜਰੰਗ ਦਲ ਵੱਲੋਂ ਸ਼ੋਅ ਦਾ ਵਿਰੋਧ
8 ਦਸੰਬਰ ਨੂੰ ਮੱਧ ਪ੍ਰਦੇਸ਼ ਦੇ ਇੰਦੌਰ ਵਿੱਚ ਹੋਏ ਦਿਲਜੀਤ ਦੇ ਕੌਂਸਰਟ ਨੂੰ ਲੈ ਕੇ ਬਜਰੰਗ ਦਲ ਨੇ ਵੀ ਮੋਰਚਾ ਖੋਲ੍ਹਿਆ।
ਖ਼ਬਰ ਏਜੰਸੀ ਏਐੱਨਆਈ ਦੀ ਖ਼ਬਰ ਮੁਤਾਬਕ ਵਿਸ਼ਵ ਹਿੰਦੂ ਪਰੀਸ਼ਦ ਦੇ ਮੈਂਬਰ ਬਜਰੰਗ ਦਲ ਦੇ ਯਸ਼ ਬਚਾਨੀ ਨੇ ਕਿਹਾ ਸੀ ਕਿ ਸ਼ੋਅ ਦੌਰਾਨ ਮੀਟ ਅਤੇ ਸ਼ਰਾਬ ਨੂੰ ਪਰੋਸੇ ਜਾਣ ਤੋਂ ਰੋਕਿਆ ਜਾਵੇ ਅਤੇ ਔਰਤਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ।
ਹਾਲਾਂਕਿ, ਪੁਲਿਸ ਨੇ ਕਿਹਾ ਸੀ ਕਿ ਉਨ੍ਹਾਂ ਨੇ ਸ਼ੋਅ ਦੌਰਾਨ ਸ਼ਰਾਬ ਦੀ ਖੁੱਲ੍ਹੇਆਮ ਵਰਤੋਂ ਨੂੰ ਮਨਜ਼ੂਰੀ ਨਹੀਂ ਦਿੱਤੀ ਹੈ।
ਇੰਦੌਰ ਵਿੱਚ ਹੋਏ ਸ਼ੌਅ ਦੌਰਾਨ ਦਿਲਜੀਤ ਦੋਸਾਂਝ ਨੇ ਰਾਹਤ ਇੰਦੌਰੀ ਦਾ ਇੱਕ ਸ਼ੇਅਰ ਬੋਲਿਆ, ਜੋ ਇਸ ਤਰ੍ਹਾਂ ਹੈ
ਅਗਰ ਖ਼ਿਲਾਫ਼ ਹੈਂ ਤੋਂ ਹੋਨੇ ਦੋ, ਜਾਨ ਥੋੜ੍ਹੀ ਹੈ
ਇਹ ਸਭ ਧੂੰਆਂ ਹੈ, ਕੋਈ ਆਸਮਾਨ ਥੋੜ੍ਹੀ ਹੈ
ਸਭੀ ਕਾ ਖ਼ੂਨ ਸ਼ਾਮਲ ਹੈ ਜਹਾਂ ਕੀ ਮਿੱਟੀ ਮੇਂ
ਕਿਸੇ ਕੇ ਬਾਪ ਦਾ ਹਿੰਦੁਸਤਾਨ ਥੋੜ੍ਹੀ ਹੈ
ਇਸ ਤੋਂ ਬਹੁਤ ਸਾਰੇ ਲੋਕਾਂ ਨੇ ਇਸ ਨੂੰ ਬਜਰੰਗ ਦਲ ਨੂੰ ਦਿੱਤੀ ਪ੍ਰਤੀਕਿਰਿਆ ਵਜੋਂ ਲਿਆ।
ਇਸ ਤੋਂ ਪਹਿਲਾਂ ਦਿਲਜੀਤ ਦੇ ਸ਼ੋਅ ਦੀਆਂ ਟਿਕਟਾਂ ਨੂੰ ਲੈ ਕੇ ਵੀ ਵਿਵਾਦ ਉੱਠਦਾ ਰਿਹਾ ਕਿ ਟਿਕਟਾਂ ਦੀ ਕਾਲਾ ਬਾਜ਼ਾਰੀ ਹੁੰਦੀ ਹੈ।
ਖ਼ਬਰ ਏਜੰਸੀ ਦੀ ਖ਼ਬਰ ਮੁਤਾਬਕ, ਦਿਲਜੀਤ ʼਤੇ ਸ਼ੋਅ ਦੀਆਂ ਟਿਕਟਾਂ ਦੀ ਕਾਲਾਬਜ਼ਾਰੀ ਨੂੰ ਲੈ ਕੇ ਦਿੱਲੀ, ਮੁੰਬਈ, ਜੈਪੁਰ, ਚੰਡੀਗੜ੍ਹ ਅਤੇ ਬੰਗਲੁਰੂ ਵਿੱਚ ਛਾਪੇਮਾਰੀ ਵੀ ਕੀਤੀ ਸੀ।
ਇਸ ਕਾਰਵਾਈ ਤੋਂ ਬਾਅਦ ਕਈ ਐੱਫਆਈਆਰਜ਼ ਵੀ ਦਰਜ ਹੋਈਆਂ ਸਨ।
ਦਿਲਜੀਤ ਦੋਸਾਂਝ ਦਾ ਸਟਾਰਡਮ
40 ਸਾਲਾ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਫਿਲਹਾਲ ਪੰਜਾਬੀ ਮਨੋਰੰਜਨ ਜਗਤ ਦੇ ਮਾਊਂਟ ਐਵਰੈਸਟ ਉੱਤੇ ਚੌਂਕੜੀ ਮਾਰ ਕੇ ਬੈਠੇ ਹਨ।
ਉਹ ਇੱਕ ਅਜਿਹੀ ਪੀੜ੍ਹੀ ਦੀ ਨੁਮਾਇੰਦਗੀ ਕਰ ਰਹੇ ਹਰ ਜੋ ਪੰਜਾਬੀ ਸੰਗੀਤ ਅਤੇ ਗਾਇਕੀ ਨੂੰ ਰੈਪ ਅਤੇ ਹਿਪ-ਹੌਪ ਨਾਲ ਮਿਲਾ ਕੇ ਗਾ ਰਹੀ ਹੈ।
ਇਸੇ ਸਾਲ ਦਿਲਜੀਤ ਅਮਰੀਕਾ ਦੇ ਮਸ਼ਹੂਰ ਦਿ ਟੂਨਾਈਟ ਸ਼ੋਅ ਵਿੱਚ ਪੇਸ਼ਕਾਰੀ ਕਰਕੇ ਆਏ ਹਨ। ਅਜਿਹਾ ਕਰਨ ਵਾਲੇ ਉਹ ਪਹਿਲੇ ਪੰਜਾਬੀ ਕਲਾਕਾਰ ਹਨ।
ਸੋਲਾਂ ਸਾਲ ਦੀ ਉਮਰ ਵਿੱਚ ਦਿਲਜੀਤ ਨੇ ਪਹਿਲੀ ਐਲਬਮ ਜਾਰੀ ਕੀਤੀ ਸੀ। ਗੀਤ ਨਾਈਟ ਕਲੱਬਾਂ ਦੀ ਥਾਂ ਵਿਆਹਾਂ ਦੀ ਸ਼ੋਭਾ ਜ਼ਿਆਦਾ ਬਣੇ, ਜਿੱਥੇ ਉਨ੍ਹਾਂ ਦੇ ਭੋਲੇਪਨ ਅਤੇ ਰੂਹ ਤੋਂ ਨਿਕਲੀ ਅਵਾਜ਼ ਨੇ ਉਨ੍ਹਾਂ ਨੂੰ ਝੱਟ ਹੀ ਮਸ਼ਹੂਰ ਕਰ ਦਿੱਤਾ। ਜਲਦੀ ਹੀ ਉਨ੍ਹਾਂ ਨੂੰ ਲਗਭਗ ਹਰ ਰੋਜ਼ ਹੀ ਸ਼ੋਅ ਮਿਲਣ ਲੱਗ ਪਏ।
ਕੁਝ ਸਾਲਾਂ ਬਾਅਦ ਉਨ੍ਹਾਂ ਦੇ ਪਿਤਾ ਨੇ ਮਾਮੇ ਨਾਲ ਲੁਧਿਆਣੇ ਸ਼ਹਿਰ ਵਿੱਚ ਸਿੱਖਣ ਅਤੇ ਰਹਿਣ ਲਈ ਭੇਜ ਦਿੱਤਾ। ਉਹ ਇੱਕ ਸਥਾਨਕ ਸੰਗੀਤਕਾਰ ਸਨ।
ਉਸ ਸਮੇਂ ਪੰਜਾਬੀ ਗਾਇਕੀ ਵਿੱਚ ਖੇਤਰੀ ਕਲਾਕਾਰ ਪੌਪ ਸੰਗੀਤ ਨਾਲ ਪ੍ਰਯੋਗ ਕਰ ਰਹੇ ਸਨ ਅਤੇ ਦਲੇਰ ਮਹਿੰਦੀ ਦਾ ਸਮਾਂ ਸੀ।
ਸਾਲ 2006 ਵਿੱਚ ਦਿਲਜੀਤ ਨੇ ਆਪਣਾ ਪਹਿਲਾ ਵਿਦੇਸ਼ੀ ਦੌਰਾ ਕੀਤਾ ਅਤੇ ਇੱਕ ਸਾਲ ਬਾਅਦ ਆਪਣੀ ਦੂਜੀ ਐਲਬਮ ਜਾਰੀ ਕੀਤੀ। ਇਹ ਉਨ੍ਹਾਂ ਨੇ ਆਪਣਾ ਨਵੇਂ ਨਾਮ ਹੇਠਾਂ ਕੀਤੀ: ਦਿਲਜੀਤ ਦੋਸਾਂਝ।
ਇੱਕ ਤੋਂ ਬਾਅਦ ਇੱਕ ਚੀਜ਼ਾਂ ਹੁੰਦੀਆਂ ਗਈਆਂ ਅਤੇ 2010 ਤੱਕ ਦਿਲਜੀਤ ਨੇ ਆਪਣੇ ਆਪ ਨੂੰ ਪੰਜਾਬੀ ਫਿਲਮ ਇੰਡਸਟਰੀ ਵਿੱਚ ਇੱਕ ਅਦਾਕਾਰ ਵਜੋਂ ਵੀ ਸਥਾਪਤ ਕਰ ਲਿਆ। ਛੇ ਸਾਲ ਬਾਅਦ ਉਨ੍ਹਾਂ ਨੇ ਬਾਲੀਵੁੱਡ ਵਿੱਚ ਪੈਰ ਰੱਖਿਆ ਅਤੇ ਹੁਣ ਉਹ ਇੱਕ ਗਲੋਬਲ ਸਟਾਰ ਹਨ।
ਪਿਛਲੇ ਸਾਲ ਉਹ ਕੋਚੈਲਾ ਫੈਸਟੀਵਲ ਵਿੱਚ ਪਰਫਾਰਮ ਕਰਨ ਵਾਲੇ ਪਹਿਲੇ ਪੰਜਾਬੀ ਗਾਇਕ ਬਣੇ। ਉਨ੍ਹਾਂ ਨੇ ਗਾਇਕਾ ਸੀਆ ਨਾਲ ਵੀ ਕਲੈਬੋਰੇਟ ਕੀਤਾ ਅਤੇ ਸ਼ੀਰਨ ਦੀ ਭਾਰਤ ਫੇਰੀ ਦੌਰਾਨ ਉਨ੍ਹਾਂ ਦੇ ਨਾਲ ਗਾਇਆ।
ਆਪਣੀਆਂ ਇੰਟਰਵਿਊਜ਼ ਵਿੱਚ ਦਿਲਜੀਤ ਦੋਸਾਂਝ ਨੇ ਕਈ ਵਾਰ ਕਿਹਾ ਹੈ ਕਿ ਉਨ੍ਹਾਂ ਦੀ ਸਫ਼ਲਤਾ ਕੋਈ ਸੰਜੋਗ ਮਾਤਰ ਨਹੀਂ ਹੈ ਸਗੋਂ ਉਨ੍ਹਾਂ ਨੇ ਇਸ ਲਈ ਦਿਨ-ਰਾਤ ਮਿਹਨਤ ਕੀਤੀ ਹੈ। ਜਦੋਂ ਕੋਈ ਮੌਕਾ ਨਹੀਂ ਮਿਲ ਰਿਹਾ ਸੀ ਉਹ ਉਦੋਂ ਵੀ ਗਾਇਕੀ ਦਾ ਅਭਿਆਸ ਕਰਦੇ ਸਨ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ