ਪੈਨ 2.0: ਕੀ ਹੁਣ ਨਵਾਂ ਪੈਨ ਕਾਰਡ ਬਣਾਉਣਾ ਪੈਣਾ, ਪੁਰਾਣੇ ਪੈਨ ਕਾਰਡ ਦਾ ਕੀ ਹੋਣਾ, ਸਾਰੇ ਜ਼ਰੂਰੀ ਸਵਾਲਾਂ ਦੇ ਜਵਾਬ ਜਾਣੋ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਵਾਲੀ ਆਰਥਿਕ ਮਾਮਲਿਆਂ ਦੀ ਕੈਬਨਿਟ ਕਮੇਟੀ (ਸੀਸੀਈਏ) ਨੇ ਸੋਮਵਾਰ ਨੂੰ ਪੈਨ 2.0 ਪ੍ਰੋਜੈਕਟ ਨੂੰ ਮਨਜ਼ੂਰੀ ਦੇ ਦਿੱਤੀ ਹੈ।

ਆਮਦਨ ਕਰ ਵਿਭਾਗ ਦੇ ਇਸ ਪ੍ਰੋਜੈਕਟ ਉੱਤੇ 1435 ਕਰੋੜ ਰੁਪਏ ਖਰਚ ਹੋਣ ਦਾ ਅੰਦਾਜ਼ਾ ਹੈ।

ਇਸ ਫੈਸਲੇ ਨੇ ਮੌਜੂਦਾ ਪੈਨ ਕਾਰਡ ਧਾਰਕਾਂ ਲਈ ਸਵਾਲ ਖੜ੍ਹੇ ਕਰ ਦਿੱਤੇ ਹਨ ਜਿਵੇਂ ਕਿ, ਕੀ ਹੁਣ ਉਨ੍ਹਾਂ ਨੂੰ ਨਵੇਂ ਕਾਰਡ ਲਈ ਅਪਲਾਈ ਕਰਨਾ ਪਵੇਗਾ ?

ਇਸ ਦਾ ਜਵਾਬ ਨਹੀਂ ਹੈ।

ਕੇਂਦਰੀ ਮੰਤਰੀ ਅਸ਼ਵਿਨੀ ਵੈਸ਼ਨਵ ਨੇ ਸਪੱਸ਼ਟ ਕੀਤਾ ਹੈ ਕਿ ਮੌਜੂਦਾ ਪੈਨ ਕਾਰਡ ਵੈਧ ਰਹਿਣਗੇ।

ਇਸ ਨਾਲ ਆਉਣ ਵਾਲੀਆਂ ਨਵੀਆਂ ਵਿਸ਼ੇਸ਼ਤਾਵਾਂ ਲਈ ਮੌਜੂਦਾ ਕਾਰਡ ਧਾਰਕਾਂ ਨੂੰ ਨਾ ਤਾਂ ਕੋਈ ਅਰਜ਼ੀ ਦੇਣੀ ਪਵੇਗੀ ਅਤੇ ਨਾ ਹੀ ਕੋਈ ਫੀਸ।

ਉਨ੍ਹਾਂ ਕਿਹਾ, “ਨਾਗਰਿਕਾਂ ਨੂੰ ਨਵੇਂ ਪੈਨ ਨੰਬਰ ਲਈ ਅਰਜ਼ੀ ਦੇਣ ਦੀ ਜ਼ਰੂਰਤ ਨਹੀਂ ਹੋਵੇਗੀ। ਅੱਪਗ੍ਰੇਡ ਦਾ ਉਦੇਸ਼ ਮੌਜੂਦਾ ਕਾਰਡਾਂ ਦੀ ਵੈਧਤਾ ਨੂੰ ਪ੍ਰਭਾਵਿਤ ਕੀਤੇ ਬਿਨਾਂ ਕਾਰਜਕੁਸ਼ਲਤਾ ਨੂੰ ਵਧਾਉਣਾ ਹੈ।”

ਹਾਲਾਂਕਿ, ਟੈਕਸਦਾਤਾਵਾਂ ਕੋਲ ਬਿਨਾਂ ਕਿਸੇ ਵਾਧੂ ਕੀਮਤ ਦੇ ਆਪਣੇ ਕਾਰਡਾਂ ਨੂੰ ਨਵੇਂ QR ਕੋਡ ਵਿਸ਼ੇਸ਼ਤਾਵਾਂ ਨਾਲ ਅਪਗ੍ਰੇਡ ਕਰਨ ਦਾ ਵਿਕਲਪ ਉਪਲੱਬਧ ਹੋਵੇਗਾ।

ਪੈਨ 2.0 ਕੀ ਹੈ?

ਪੈਨ 2.0 ਨੂੰ ਮਿਲੀ ਮਨਜ਼ੂਰੀ ਦਾ ਐਲਾਨ ਕਰਦੇ ਹੋਏ ਕੇਂਦਰੀ ਮੰਤਰੀ ਅਸ਼ਵਿਨੀ ਵੈਸ਼ਨਵ ਨੇ ਕਿਹਾ, “ਪੈਨ ਕਾਰਡ ਸਾਡੇ ਜੀਵਨ ਦਾ ਉਹ ਹਿੱਸਾ ਹੈ ਜੋ ਮੱਧ ਵਰਗ ਅਤੇ ਛੋਟੇ ਕਾਰੋਬਾਰਾਂ ਲਈ ਕਾਫੀ ਮਹੱਤਵਪੂਰਨ ਹੈ। ਇਸ ਨੂੰ ਬਹੁਤ ਜ਼ਿਆਦਾ ਅਪਗ੍ਰੇਡ ਕੀਤਾ ਗਿਆ ਹੈ ਅਤੇ ਅੱਜ ਪੈਨ 2.0 ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ।"

"ਮੌਜੂਦਾ ਸਿਸਟਮ ਨੂੰ ਵੀ ਅਪਗ੍ਰੇਡ ਕੀਤਾ ਜਾਵੇਗਾ।"

ਪ੍ਰੈਸ ਇਨਫੋਰਮੇਸ਼ਨ ਬਿਊਰੋ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਕ ਪੈਨ 2.0 ਸਥਾਈ ਖਾਤਾ ਨੰਬਰ (PAN) ਪ੍ਰਣਾਲੀ ਦਾ ਇੱਕ ਵਿਆਪਕ ਅਪਗ੍ਰੇਡ ਹੈ, ਜੋ ਟੈਕਸਦਾਤਾਵਾਂ ਲਈ ਡਿਜੀਟਲ ਅਨੁਭਵ ਨੂੰ ਸਹਿਜ ਬਣਾਉਣ ਲਈ ਲਿਆਂਦਾ ਗਿਆ ਹੈ।

"ਸਰਕਾਰ ਦੇ ਡਿਜੀਟਲ ਇੰਡੀਆ ਪ੍ਰੋਗਰਾਮ ਨੂੰ ਮਜ਼ਬੂਤ ਕਰਦਿਆਂ ਇਹ ਪਹਿਲਕਦਮੀ ਪੈਨ/ਟੈਨ ਸੇਵਾਵਾਂ ਨੂੰ ਕਾਗਜ਼ ਰਹਿਤ ਯਾਨੀ ਡਿਜਿਟਲ ਪਲੇਟਫਾਰਮ 'ਤੇ ਏਕੀਕ੍ਰਿਤ ਕਰੇਗੀ।

ਸਿਸਟਮ ਵਿੱਚ ਸਾਰੀਆਂ ਪੈਨ-ਸਬੰਧਤ ਸੇਵਾਵਾਂ ਲਈ ਇੱਕ ਕੇਂਦਰੀਕ੍ਰਿਤ ਪੋਰਟਲ ਅਤੇ ਉਪਭੋਗਤਾ ਡੇਟਾ ਦੀ ਸੁਰੱਖਿਆ ਲਈ ਵਧੀ ਹੋਈ ਸਾਈਬਰ ਸੁਰੱਖਿਆ ਇਸ ਦੀ ਮੁੱਖ ਵਿਸ਼ੇਸ਼ਤਾ ਹੋਵੇਗੀ।"

'ਕਾਮਨ ਬਿਸਨਜ਼ ਆਈਡੈਂਟੀਫ਼ਾਯਰ' ਕੀ ਹੈ?

ਕੇਂਦਰੀ ਮੰਤਰੀ ਅਸ਼ਵਿਨੀ ਵੈਸ਼ਨਵ ਨੇ ਦੱਸਿਆ ਕਿ ਉਦਯੋਗ ਅਤੇ ਵਪਾਰਕ ਜਗਤ ਤੋਂ ਮੰਗ ਉੱਠ ਰਹੀ ਸੀ ਕਿ ਇੱਕ 'ਕਾਮਨ ਬਿਸਨਜ਼ ਆਈਡੈਂਟੀਫ਼ਾਯਰ' ਲਿਆ ਜਾਵੇ ਤਾਂ ਜੋ ਵਪਾਰੀਆਂ ਨੂੰ ਕਾਰੋਬਾਰ ਨਾਲ ਜੁੜੇ ਕੰਮਾਂ ਲਈ ਵੱਖ-ਵੱਖ ਨੰਬਰ ਜਾਂ ਕਾਰਡ ਨਾ ਰੱਖਣੇ ਪੈਣ।

ਇਸ ਬਾਰੇ ਕੇਂਦਰੀ ਮੰਤਰੀ ਅਸ਼ਵਿਨੀ ਕਹਿੰਦੇ ਹਨ, "ਇਸ ਲਈ, ਇਹ ਵੀ ਦੇਖਣ ਦੀ ਕੋਸ਼ਿਸ਼ ਕੀਤੀ ਜਾਵੇਗੀ ਕਿ, ਕੀ ਅਸੀਂ ਇਸ ਨੂੰ ਇੱਕ ਸਾਂਝੇ ਪਛਾਣਕਰਤਾ ਕਾਰਡ ਵਜੋਂ ਵਰਤ ਸਕਦੇ ਹਾਂ। ਇਸ ਦੇ ਲਈ ਇੱਕ ਯੂਨੀਫਾਈਡ ਪੋਰਟਲ ਬਣਾਇਆ ਜਾਵੇਗਾ ਕਿਉਂਕਿ ਮੌਜੂਦਾ ਸਾਫਟਵੇਅਰ 10-15 ਸਾਲ ਪੁਰਾਣਾ ਹੈ ਅਤੇ ਇਸ ਵਿੱਚ ਤਕਨਾਲੋਜੀ ਲਿਆਉਣ ਦੀ ਲੋੜ ਹੈ।"

ਕੀ ਹਨ ਪੈਨ 2.0 ਦੀਆਂ ਨਵੀਆਂ ਵਿਸ਼ੇਸ਼ਤਾਵਾਂ ?

ਇਹ ਪਹਿਲਕਦਮੀ ਸੰਚਾਲਨ ਕੁਸ਼ਲਤਾ ਨੂੰ ਬਿਹਤਰ ਬਣਾਉਣ ਲਈ ਆਧੁਨਿਕ ਤਕਨਾਲੋਜੀ ਦੇ ਨਾਲ ਮੌਜੂਦਾ ਢਾਂਚੇ ਨੂੰ ਅਪਡੇਟ ਕਰੇਗੀ।

ਕਿਊਆਰ ਕੋਡ ਏਕੀਕਰਣ

ਪੈਨ ਕਾਰਡਾਂ ਵਿੱਚ ਹੁਣ ਕਿਊਆਰ ਕੋਡ ਸ਼ਾਮਲ ਹੋਣਗੇ, ਜਿਸ ਨਾਲ ਟੈਕਸਦਾਤਾ ਦੇ ਵੇਰਵਿਆਂ ਤੱਕ ਤੁਰੰਤ ਪਹੁੰਚ ਅਤੇ ਉਨ੍ਹਾਂ ਦੀ ਪੁਸ਼ਟੀ ਕੀਤੀ ਜਾ ਸਕੇਗੀ।

ਯੂਨੀਫਾਈਡ ਪੋਰਟਲ

ਇੱਕ ਸਿੰਗਲ ਡਿਜੀਟਲ ਪਲੇਟਫਾਰਮ ਸਾਰੀਆਂ ਪੈਨ-ਸਬੰਧਤ ਸੇਵਾਵਾਂ ਨੂੰ ਇਕਸਾਰ ਕਰੇਗਾ, ਜਿਸ ਨਾਲ ਉਪਭੋਗਤਾਵਾਂ ਲਈ ਆਪਣੇ ਖਾਤਿਆਂ ਤੱਕ ਪਹੁੰਚ ਅਤੇ ਪ੍ਰਬੰਧਨ ਕਰਨਾ ਆਸਾਨ ਹੋ ਜਾਵੇਗਾ।

ਸਾਈਬਰ ਸੁਰੱਖਿਆ

ਅਣਅਧਿਕਾਰਤ ਪਹੁੰਚ ਤੋਂ ਕਰ ਦਾਤਾ ਦੇ ਡੇਟਾ ਨੂੰ ਸੁਰੱਖਿਅਤ ਰੱਖਣ ਲਈ ਮੌਜੂਦਾ ਸਾਈਬਰ ਸੁਰੱਖਿਆ ਦੀਆਂ ਪ੍ਰਣਾਲੀਆਂ ਨੂੰ ਮਜ਼ਬੂਤ ਕੀਤਾ ਜਾਵੇਗਾ।

ਈਕੋ-ਫ੍ਰੈਂਡਲੀ ਓਪਰੇਸ਼ਨ

ਪੈਨ ਕਾਰਡ ਨੂੰ ਕਾਗਜ਼ ਰਹਿਤ ਪ੍ਰਣਾਲੀ ਦਾ ਹਿੱਸਾ ਬਣਾਇਆ ਜਾਵੇਗਾ ਤਾਂ ਜੋ ਵਾਤਾਵਰਣ ਦੇ ਪੈਂਦੇ ਮਾੜੇ ਅਸਰ ਨੂੰ ਘਟਾਇਆ ਜਾ ਸਕੇ।

ਟੈਕਸ ਦਾਤਾ ਦੀ ਜਾਣਕਾਰੀ ’ਚ ਗਲਤੀਆਂ ਘੱਟ ਹੋਣਗੀਆਂ

ਪ੍ਰੈਸ ਰੀਲੀਜ਼ ਦੇ ਅਨੁਸਾਰ, ਪੈਨ 2.0 ਟੈਕਸਦਾਤਾਵਾਂ ਨੂੰ ਕਈ ਫਾਇਦੇ ਪ੍ਰਦਾਨ ਕਰੇਗਾ।

ਇਸ ਦੇ ਲਾਗੂ ਹੋਣ ਨਾਲ ਪੈਨ-ਸਬੰਧਤ ਸੇਵਾਵਾਂ ਲਈ ਪ੍ਰੋਸੈਸਿੰਗ ਸਮਾਂ ਘੱਟ ਜਾਵੇਗਾ ਜਿਸ ਦੇ ਨਾਲ ਸਬੰਧਤ ਸੇਵਾਵਾਂ ਤੇਜ਼ੀ ਨਾਲ ਮਿਲ ਜਾਣਗੀਆਂ।

ਡਿਜਿਟਲ ਹੋਣ ਨਾਲ ਡੇਟਾ ਇਕਸਾਰਤਾ ਹੋਵੇਗੀ ਜਿਸ ਨਾਲ ਟੈਕਸਦਾਤਾ ਦੀ ਜਾਣਕਾਰੀ ਵਿੱਚ ਤਰੁੱਟੀਆਂ ਘੱਟ ਹੋਣਗੀਆਂ।

ਨਾਲ ਹੀ ਇਹ ਸਿਸਟਮ ਸ਼ਿਕਾਇਤ ਨਿਵਾਰਣ 'ਤੇ ਵੀ ਧਿਆਨ ਕੇਂਦਰਿਤ ਕਰੇਗਾ ਅਤੇ ਟੈਕਸਦਾਤਾਵਾਂ ਦੀਆਂ ਸ਼ਿਕਾਇਤਾਂ ਨੂੰ ਵਧੇਰੇ ਕੁਸ਼ਲਤਾ ਨਾਲ ਹੱਲ ਕਰੇਗਾ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)