ਪ੍ਰੈਗਨੈਂਸੀ ਸਕੈਮ: ਔਰਤਾਂ ਨੂੰ ਕਿਵੇਂ 'ਚਮਤਕਾਰ' ਦਾ ਝਾਂਸਾ ਦੇ ਕੇ 15 ਮਹੀਨਿਆਂ ਲਈ 'ਗਰਭਵਤੀ ਕੀਤਾ ਜਾਂਦਾ ਹੈ'

    • ਲੇਖਕ, ਯੇਮੀਸੀ ਅਡੇਗੋਕ, ਚਿਆਗੋਜ਼ੀ ਨਵੋਨਵੂ ਅਤੇ ਲੀਨਾ ਸ਼ੇਖੌਨੀ
    • ਰੋਲ, ਬੀਬੀਸੀ ਵਰਲਡ ਸਰਵਿਸ

ਚੀਓਮਾ ਦਾ ਦਾਅਵਾ ਹੈ ਕਿ ਉਨ੍ਹਾਂ ਦੀਆਂ ਬਾਹਾਂ 'ਚ ਫੜਿਆ ਹੋਇਆ 'ਹੋਪ' ਨਾਂ ਦਾ ਬੱਚਾ, ਉਨ੍ਹਾਂ ਦਾ ਪੁੱਤਰ ਹੈ।

ਬੀਤੇ ਅੱਠ ਸਾਲਾਂ ਦੌਰਾਨ ਗਰਭਵਤੀ ਹੋਣ ਦੀਆਂ ਕਈ ਅਸਫ਼ਲ ਕੋਸ਼ਿਸ਼ਾਂ ਤੋਂ ਬਾਅਦ, ਉਹ ਹੋਪ ਨੂੰ ਆਪਣਾ 'ਚਮਤਕਾਰੀ' ਬੱਚਾ ਮੰਨਦੀ ਹੈ।

ਉਹ ਬਿਨਾਂ ਕਿਸੇ ਖੌਫ਼ ਜਾਂ ਡਰ ਤੋਂ ਕਹਿੰਦੀ ਹੈ, “ਮੈਂ ਆਪਣੇ ਬੱਚੇ ਦੀ ਮਾਲਕ ਹਾਂ।"

ਚੀਓਮਾ ਆਪਣੇ ਪਤੀ ਆਈਕ ਦੇ ਨਾਲ ਨਾਈਜੀਰੀਆ ਰਾਜ ਦੇ ਇੱਕ ਅਧਿਕਾਰੀ ਦੇ ਦਫ਼ਤਰ ਵਿੱਚ ਬੈਠੀ ਹੈ। ਇੱਥੇ, ਪਿਛਲੇ ਇੱਕ ਘੰਟੇ ਤੋਂ ਇਸ ਜੋੜੇ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

ਇਫੀ ਓਬਿਨਾਬੋ, ਅਨਾਮਬਰਾ ਰਾਜ ਵਿੱਚ ਮਹਿਲਾ ਮਾਮਲਿਆਂ ਅਤੇ ਸਮਾਜ ਭਲਾਈ ਦੀ ਕਮਿਸ਼ਨਰ ਹੈ। ਇਸ ਦੇ ਨਾਤੇ ਉਨ੍ਹਾਂ ਨੂੰ ਪਰਿਵਾਰਕ ਝਗੜਿਆਂ ਨੂੰ ਸੁਲਝਾਉਣ ਦਾ ਕਾਫ਼ੀ ਤਜਰਬਾ ਹੈ।

ਪਰ ਇਹ ਕੋਈ ਆਮ ਅਸਹਿਮਤੀ ਨਹੀਂ ਹੈ।

ਆਈਕ ਦੇ ਪਰਿਵਾਰ ਦੇ ਪੰਜ ਮੈਂਬਰ ਵੀ ਇਸ ਕਮਰੇ ਵਿੱਚ ਮੌਜੂਦ ਹਨ। ਉਨ੍ਹਾਂ ਨੂੰ ਵਿਸ਼ਵਾਸ ਹੈ ਕਿ ਹੋਪ ਜੋੜੇ ਦਾ ਬਿਓਲੋਜਿਕਲ ਬੱਚਾ ਨਹੀਂ ਹੈ।

ਪਰ ਚੀਓਮਾ ਦਾ ਦਾਅਵਾ ਹੈ ਕਿ ਉਹ ਲਗਭਗ 15 ਮਹੀਨਿਆਂ ਤੱਕ ਇਹੋ ਬੱਚੇ ਨਾਲ ਗਰਭਵਤੀ ਸੀ।

ਹਾਲਾਂਕਿ, ਕਮਿਸ਼ਨਰ ਓਬਿਨਾਬੋ ਅਤੇ ਆਈਕ ਦੇ ਪਰਿਵਾਰਕ ਮੈਂਬਰਾਂ ਨੂੰ ਇਸ ਗੱਲ 'ਤੇ ਵਿਸ਼ਵਾਸ ਨਹੀਂ ਹੋ ਰਿਹਾ।

ਚੀਓਮਾ ਕਹਿੰਦੀ ਹੈ ਕਿ ਆਈਕ ਦੇ ਪਰਿਵਾਰ ਵੱਲੋਂ ਉਸ 'ਤੇ ਗਰਭਵਤੀ ਹੋਣ ਲਈ ਦਬਾਅ ਪਾਇਆ ਜਾਂਦਾ ਸੀ।

ਇਥੋਂ ਤੱਕ ਕਿ ਉਨ੍ਹਾਂ ਨੇ ਆਈਕ ਨੂੰ ਕਿਸੇ ਹੋਰ ਔਰਤ ਨਾਲ ਵਿਆਹ ਕਰਨ ਦੀ ਸਲਾਹ ਵੀ ਦਿੱਤੀ ਸੀ।

ਇਸ ਨਿਰਾਸ਼ਾ ਨੂੰ ਝੱਲਦੇ ਹੋਏ ਇੱਕ ਦਿਨ ਉਹ ਇੱਕ "ਕਲੀਨਿਕ" ਗਏ, ਜੋ ਗਰਭਵਤੀ ਹੋਣ ਲਈ ਗ਼ੈਰ-ਰਵਾਇਤੀ "ਇਲਾਜ" ਦੀ ਪੇਸ਼ਕਸ਼ ਕਰਦਾ ਹੈ।

ਪਰ ਅਸਲ ਵਿੱਚ ਇਹ ਕਲੀਨਿਕ ਦੇ ਵੇਸ 'ਚ ਇੱਕ ਬੇਤੁਕਾ ਅਤੇ ਪਰੇਸ਼ਾਨ ਕਰ ਦੇਣ ਵਾਲਾ ਘੁਟਾਲਾ ਹੈ ਜੋ ਮਾਵਾਂ ਬਣਨ ਲਈ ਬੇਤਾਬ ਔਰਤਾਂ ਨੂੰ ਸ਼ਿਕਾਰ ਬਣਾਉਂਦਾ ਹੈ।

ਇਸ ਸਕੈਮ ਵਿੱਚ ਬੱਚਿਆਂ ਦੀ ਤਸਕਰੀ ਵੀ ਸ਼ਾਮਲ ਹੁੰਦੀ ਹੈ।

ਅਸੀਂ ਇਸ ਲੇਖ ਵਿੱਚ ਚੀਓਮਾ, ਆਈਕ ਅਤੇ ਹੋਰਾਂ ਦੇ ਨਾਮ ਬਦਲ ਦਿੱਤੇ ਹਨ ਤਾਂ ਜੋ ਉਨ੍ਹਾਂ ਨੂੰ ਉਨ੍ਹਾਂ ਦੇ ਭਾਈਚਾਰਿਆਂ ਵਿੱਚ ਮੰਦ ਭਾਵਨਾਵਾਂ ਤੋਂ ਬਚਾਇਆ ਜਾ ਸਕੇ।

'ਚਮਤਕਾਰੀ ਇਲਾਜ'

ਨਾਈਜੀਰੀਆ ਦੀ ਜਨਮ ਦਰ ਦੁਨੀਆ ਵਿੱਚ ਸਭ ਤੋਂ ਉੱਚੀ ਜਨਮ ਦਰਾਂ ਵਿੱਚੋਂ ਇੱਕ ਹੈ।

ਇੱਥੇ ਔਰਤਾਂ ਨੂੰ ਅਕਸਰ ਗਰਭ ਧਾਰਨ ਕਰਨ ਲਈ ਸਮਾਜਿਕ ਦਬਾਅ ਦਾ ਸਾਹਮਣਾ ਕਰਨਾ ਪੈਂਦਾ ਹੈ।

ਇੱਥੋਂ ਤੱਕ ਕਿ ਜੇ ਔਰਤਾਂ ਗਰਭਵਤੀ ਨਾ ਹੋ ਸਕਣ ਤਾਂ ਉਨ੍ਹਾਂ ਨੂੰ ਸਮਾਜ ਨਿਕਾਲੇ ਜਾਂ ਦੁਰਵਿਵਹਾਰ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ।

ਇਸ ਦਬਾਅ ਹੇਠ ਕੁਝ ਔਰਤਾਂ ਮਾਂ ਬਣਨ ਦੇ ਆਪਣੇ ਸੁਪਨੇ ਨੂੰ ਸਾਕਾਰ ਕਰਨ ਲਈ ਹੱਦੋਂ ਵੱਧ ਜਾਂਦੀਆਂ ਹਨ।

ਬੀਬੀਸੀ ਅਫਰੀਕਾ ਆਈ "ਕ੍ਰਿਪਟਿਕ ਗਰਭ ਅਵਸਥਾ" ਘੁਟਾਲੇ ਦੀ ਜਾਂਚ ਪਿੱਛਲੇ ਇੱਕ ਸਾਲ ਤੋਂ ਵੱਧ ਸਮੇਂ ਤੋਂ ਕਰ ਰਹੀ ਹੈ।

ਡਾਕਟਰਾਂ ਜਾਂ ਨਰਸਾਂ ਵਜੋਂ ਪੇਸ਼ ਆਉਂਦੇ ਘੁਟਾਲੇਬਾਜ਼ ਔਰਤਾਂ ਨੂੰ ਯਕੀਨ ਦਿਵਾਉਂਦੇ ਹਨ ਕਿ ਉਨ੍ਹਾਂ ਕੋਲ ਗਰਭਵਤੀ ਹੋਣ ਦੀ ਗਾਰੰਟੀਸ਼ੁਦਾ ʻਚਮਤਕਾਰੀ ਤਰੀਕੇ ਨਾਲ ਉਪਜਾਊ ਬਣਾ ਦੇਣ ਵਾਲੀ ਸ਼ਕਤੀ' ਹੈ।

ਸ਼ੁਰੂਆਤੀ "ਇਲਾਜ" ਵਿੱਚ ਆਮ ਤੌਰ 'ਤੇ ਸੌ ਕੁ ਡਾਲਰ ਦਾ ਖਰਚਾ ਹੁੰਦਾ ਹੈ।

ਇਸ ਵਿੱਚ ਇੱਕ ਟੀਕਾ, ਇੱਕ ਪੀਣ ਵਾਲੀ ਦਵਾਈ ਜਾਂ ਯੋਨੀ ਵਿੱਚ ਪਾਇਆ ਜਾਣ ਵਾਲਾ ਪਦਾਰਥ ਸ਼ਾਮਲ ਹੁੰਦਾ ਹੈ।

ਸਾਡੀ ਜਾਂਚ ਦੌਰਾਨ ਅਸੀਂ ਜਿਨ੍ਹਾਂ ਔਰਤਾਂ ਜਾਂ ਅਧਿਕਾਰੀਆਂ ਨਾਲ ਗੱਲ ਕੀਤੀ ਸੀ, ਉਨ੍ਹਾਂ ਵਿੱਚੋਂ ਕਿਸੇ ਨੂੰ ਵੀ ਪੱਕਾ ਪਤਾ ਨਹੀਂ ਹੈ ਕਿ ਇਨ੍ਹਾਂ ਦਵਾਈਆਂ ਵਿੱਚ ਅਸਲ 'ਚ ਕੀ ਹੈ।

ਪਰ ਕੁਝ ਔਰਤਾਂ ਨੇ ਸਾਨੂੰ ਦੱਸਿਆ ਹੈ ਕਿ ਇਹਨਾਂ ਦਵਾਈਆਂ ਨੇ ਉਨ੍ਹਾਂ ਦੇ ਸਰੀਰ ਵਿੱਚ ਤਬਦੀਲੀਆਂ ਕੀਤੀਆਂ ਹਨ।

ਜਿਵੇਂ ਕਿ ਪੇਟ ਦੀ ਸੋਜਿਸ਼-ਜਿਸ ਨਾਲ ਉਨ੍ਹਾਂ ਨੂੰ ਯਕੀਨ ਹੋ ਗਿਆ ਕਿ ਉਹ ਗਰਭਵਤੀ ਸਨ।

"ਇਲਾਜ" ਲੈਣ ਵਾਲੀਆਂ ਔਰਤਾਂ ਨੂੰ ਚੇਤਾਵਨੀ ਦਿੱਤੀ ਜਾਂਦੀ ਹੈ ਕਿ ਉਹ ਕਿਸੇ ਵੀ ਰਵਾਇਤੀ ਡਾਕਟਰਾਂ ਜਾਂ ਹਸਪਤਾਲਾਂ ਵਿੱਚ ਨਾ ਜਾਣ ਕਿਉਂਕਿ ਘੁਟਾਲਾ ਕਰਨ ਵਾਲੇ ਦਾਅਵਾ ਕਰਦੇ ਹਨ ਕਿ ਕੋਈ ਵੀ ਸਕੈਨ ਜਾਂ ਗਰਭ ਅਵਸਥਾ ਜਾਂਚ ਗਰਭ ʼਚ ਪੱਲ ਰਹੇ "ਬੱਚੇ" ਦਾ ਪਤਾ ਨਹੀਂ ਲੱਗਾ ਸਕਦੀ।

ਜਦੋਂ ਬੱਚੇ ਨੂੰ "ਡਿਲੀਵਰ" ਕਰਨ ਦਾ ਸਮਾਂ ਹੁੰਦਾ ਹੈ, ਤਾਂ ਔਰਤਾਂ ਨੂੰ ਕਿਹਾ ਜਾਂਦਾ ਹੈ ਕਿ ਜਣੇਪਾ ਉਦੋਂ ਹੀ ਸ਼ੁਰੂ ਹੋਵੇਗਾ ਜਦੋਂ ਸਰੀਰ ਨੂੰ "ਦੁਰਲੱਭ ਅਤੇ ਮਹਿੰਗੀ ਦਵਾਈ" ਨਾਲ ਤਿਆਰ ਕੀਤਾ ਜਾਵੇਗਾ, ਜਿਸ ਲਈ ਹੋਰ ਪੈਸਿਆਂ ਸੀ ਮੰਗ ਕੀਤੀ ਜਾਂਦੀ ਹੈ।

"ਡਿਲੀਵਰੀ" ਕਿਵੇਂ ਹੁੰਦੀ ਹੈ ?

ਜਦੋਂ ਇਨ੍ਹਾਂ ਔਰਤਾਂ ਤੋਂ ਪੁੱਛਿਆ ਗਿਆ ਕਿ "ਡਿਲੀਵਰੀ" ਕਿਵੇਂ ਹੋਈ ਸੀ, ਤਾਂ ਸਭ ਨੇ ਵੱਖੋ-ਵੱਖਰੀਆਂ ਗੱਲਾਂ ਦੱਸੀਆਂ ਪਰ ਇਹ ਸਾਰੀਆਂ ਹੀ ਪਰੇਸ਼ਾਨ ਕਰ ਦੇਣ ਵਾਲੀਆਂ ਗੱਲਾਂ ਹਨ।

ਕੁਝ ਔਰਤਾਂ ਨੇ ਦੱਸਿਆ ਕਿ 'ਡਿਲੀਵਰੀ' ਦੌਰਾਨ ਉਹ ਬੇਹੋਸ਼ ਰਹੀਆਂ ਪਰ ਉੱਠਣ 'ਤੇ ਉਨ੍ਹਾਂ ਨੇ ਆਪਣੇ ਪੇਟ 'ਤੇ ਸੀਜੇਰੀਅਨ ਵਰਗੇ ਚੀਰੇ ਦਾ ਨਿਸ਼ਾਨ ਪਾਇਆ।

ਦੂਜੇ ਪਾਸੇ ਕੁਝ ਔਰਤਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਇੱਕ ਇੰਜੈਕਸ਼ਨ ਦਿੱਤਾ ਗਿਆ ਸੀ ਜਿਸ ਨਾਲ ਉਹ ਸੁਸਤੀ, ਭਰਮ ਵਾਲੀ ਸਥਿਤੀ 'ਚ ਚਲੀਆਂ ਗਈਆਂ, ਪਰ ਨਾਲ ਦੇ ਨਾਲ ਉਨ੍ਹਾਂ ਨੂੰ ਵਿਸ਼ਵਾਸ ਦਵਾਇਆ ਗਿਆ ਕਿ ਉਹ ਜਨਮ ਦੇ ਰਹੀਆਂ ਹਨ।

ਇਹ ਅਖੌਤੀ ਡਿਲੀਵਰੀ ਕਿਸੇ ਵੀ ਤਰ੍ਹਾਂ ਹੋਵੇ, ਅੰਤ 'ਚ ਔਰਤਾਂ ਕੋਲ ਬੱਚਾ ਹੁੰਦਾ ਹੈ ਜਿਨ੍ਹਾਂ ਨੂੰ ਉਨ੍ਹਾਂ ਨੇ 'ਜਨਮ' ਦਿੱਤਾ ਹੁੰਦਾ ਹੈ।

ਚੀਓਮਾ ਕਮਿਸ਼ਨਰ ਇਫੀ ਨੂੰ ਦੱਸਦੀ ਹੈ ਕਿ ਜਦੋਂ ਉਸ ਦਾ "ਡਿਲੀਵਰ" ਕਰਨ ਦਾ ਸਮਾਂ ਆਇਆ, ਤਾਂ ਅਖੌਤੀ ਡਾਕਟਰ ਨੇ ਉਸ ਦੀ ਕਮਰ ਵਿੱਚ ਟੀਕਾ ਲਗਾਇਆ ਅਤੇ ਉਸ ਨੂੰ ਜ਼ੋਰ ਲਗਾਉਣ ਲਈ ਕਿਹਾ।

ਉਹ ਇਹ ਨਹੀਂ ਦੱਸਦੀ ਕਿ ਹੋਪ ਦਾ ਜਨਮ ਕਿਵੇਂ ਹੋਇਆ, ਪਰ ਕਹਿੰਦੀ ਹੈ ਕਿ ਡਿਲੀਵਰੀ "ਦਰਦਨਾਕ" ਸੀ।

ਸਾਡੀ ਟੀਮ ਨੇ ਇਨ੍ਹਾਂ ਗੁਪਤ "ਕਲੀਨਿਕਾਂ" ਵਿੱਚੋਂ ਇੱਕ ਵਿੱਚ ਦਾਖਲ ਹੋਣ ਦੀ ਤਿਆਰੀ ਕੀਤੀ।

ਇਹ ਕਲੀਨਿਕ "ਡਾ ਰੂਥ" ਵਜੋਂ ਜਾਣੀ ਜਾਂਦੀ ਇੱਕ ਔਰਤ ਵੱਲੋਂ ਚਲਾਇਆ ਜਾਂਦਾ ਹੈ।

ਅਸੀਂ ਇਸ ਕਲੀਨਿਕ ਦੇ ਗਾਹਕਾਂ ਨਾਲ ਰਲ ਕੇ 'ਡਾਕਟਰ' ਸਾਹਮਣੇ ਇੱਕ ਅਜਿਹੇ ਜੋੜੇ ਵਜੋਂ ਪੇਸ਼ ਹੋਏ ਜੋ ਪਿੱਛਲੇ ਅੱਠ ਸਾਲਾਂ ਤੋਂ ਗਰਭਵਤੀ ਹੋਣ ਦੀ ਕੋਸ਼ਿਸ਼ ਕਰ ਰਿਹਾ ਹੈ।

ਇਹ ਅਖੌਤੀ "ਡਾਕਟਰ ਰੂਥ" ਅਨਾਮਬਰਾ ਰਾਜ ਦੇ ਇਹਿਆਲਾ ਕਸਬੇ ਦੇ ਇੱਕ ਖਸਤਾ ਹੋਟਲ ਵਿੱਚ ਮਹੀਨੇ ਦੇ ਹਰ ਦੂਜੇ ਸ਼ਨੀਵਾਰ ਆਪਣਾ ਕਲੀਨਿਕ ਚਲਾਉਂਦੀ ਹੈ।

ਉਸ ਦੇ ਕਮਰੇ ਦੇ ਬਾਹਰ, ਹੋਟਲ ਦੀ ਲੌਬੀ ਵਿੱਚ ਦਰਜਨਾਂ ਔਰਤਾਂ ਉਸਦਾ ਇੰਤਜ਼ਾਰ ਕਰ ਰਹੀਆਂ ਹਨ, ਕੁਝ ਔਰਤਾਂ ਦਾ ਪੇਟ ਨਿਕਲਿਆ ਹੋਇਆ ਹੈ।

ਸਾਰਾ ਮਾਹੌਲ ਸਕਾਰਾਤਮਕਤਾ ਨਾਲ ਗੂੰਜ ਰਿਹਾ ਹੈ।

ਇੱਕ ਸਮੇਂ 'ਤੇ ਕਮਰੇ ਅੰਦਰੋਂ ਜਸ਼ਨ ਦੀਆਂ ਆਵਾਜ਼ਾ ਆਉਂਦੀਆਂ ਹਨ ਜਿਵੇਂ ਹੀ ਇੱਕ ਔਰਤ ਨੂੰ ਦੱਸਿਆ ਜਾਂਦਾ ਹੈ ਕਿ ਉਹ ਮਾਂ ਬਣਨ ਵਾਲੀ ਹੈ।

ਜਦੋਂ ਸਾਡੇ ਪੱਤਰਕਾਰ ਮਰੀਜ਼ ਦੇ ਭੇਸ 'ਚ ਡਾਕਟਰ ਰੂਥ ਨੂੰ ਮਿਲਦੇ ਹਨ ਤਾਂ ਉਹ ਦੱਸਦੀ ਹੈ ਕਿ ਇਲਾਜ ਕੰਮ ਕਰੇਗਾ ਇਸ ਗੱਲ ਦੀ ਗਾਰੰਟੀ ਹੈ।

ਉੱਥੇ ਹੀ ਮੌਜੂਦ ਇਕ ਹੋਰ ਔਰਤ, ਇਨ੍ਹਾਂ ਪੱਤਰਕਾਰਾਂ ਨੂੰ ਇੱਕ ਟੀਕੇ ਦੀ ਪੇਸ਼ਕਸ਼ ਕਰਦੀ ਹੈ, ਇਹ ਦਾਅਵਾ ਕਰਦੇ ਹੋਏ ਕਿ ਇਸ ਦੇ ਮਦਦ ਨਾਲ ਉਹ ਬੱਚੇ ਦਾ ਲਿੰਗ ਚੁਣਨ ਦੇ ਯੋਗ ਹੋ ਜਾਣਗੇ।

ਇੱਕ ਅਜਿਹਾ ਬਦਲ ਜੋ ਵਿਗਿਆਨਕ ਤੌਰ 'ਤੇ ਅਸੰਭਵ ਹੈ।

ਟੀਕੇ ਨੂੰ ਠੁਕਰਾ ਦੇਣ ਤੋਂ ਬਾਅਦ, "ਡਾ. ਰੂਥ" ਉਨ੍ਹਾਂ ਨੂੰ ਪੀਸੀਆਂ ਹੋਈਆਂ ਗੋਲੀਆਂ ਦੀ ਇੱਕ ਪੂੜੀ ਅਤੇ ਨਾਲ ਹੀ ਕੁਝ ਹੋਰ ਗੋਲੀਆਂ ਉਨ੍ਹਾਂ ਨੂੰ ਘਰ ਲੈ ਕੇ ਜਾਣ ਲਈ ਦਿੰਦੀ ਹੈ।

ਇਸ ਦੇ ਨਾਲ ਹੀ ਡਾਕਟਰ ਵੱਲੋਂ ਉਨ੍ਹਾਂ ਨੂੰ ਸੰਭੋਗ ਕਰਨ ਬਾਰੇ ਹਦਾਇਤਾਂ ਵੀ ਦਿੱਤੀਆਂ ਗਈਆਂ।

ਇਸ ਸ਼ੁਰੂਆਤੀ ਇਲਾਜ ਦੀ ਲਾਗਤ 3,50,000 ਨਾਇਰਾ (ਲੱਗਭਗ 200 ਡਾਲਰ) ਆਈ।

ਸਾਡੇ ਰਿਪੋਰਟਰ ਨੇ ਨਾ ਤਾਂ "ਡਾ. ਰੂਥ" ਦੀ ਦਿੱਤੀ ਦਵਾਈ ਖਾਦੀ ਅਤੇ ਨਾ ਹੀ ਉਸ ਵੱਲੋਂ ਦਿੱਤੀਆਂ ਗਈਆਂ ਹਦਾਇਤਾਂ ਦੀ ਪਾਲਣਾ ਕੀਤੀ।

ਹੁਣ ਚਾਰ ਹਫਤੇ ਬਾਅਦ ਉਹ ਮੁੜ ਡਾਕਟਰ ਨੂੰ ਮਿਲਣ ਜਾਂਦੇ ਹਨ।

"ਡਾ. ਰੂਥ" ਉਨ੍ਹਾਂ ਦੇ ਪੇਟ 'ਤੇ ਇੱਕ ਅਲਟਰਾਸਾਊਂਡ ਸਕੈਨਰ ਵਰਗਾ ਯੰਤਰ ਚਲਾਉਂਦੀ ਹੈ। ਇਸ ਯੰਤਰ 'ਚੋਂ ਦਿਲ ਧੜਕਣ ਵਰਗੀ ਇੱਕ ਆਵਾਜ਼ ਸੁਣਾਈ ਦਿੰਦੀ ਹੈ।

ਇਸ ਦੇ ਬਾਅਦ 'ਡਾਕਟਰ' ਉਨ੍ਹਾਂ ਨੂੰ ਗਰਭਵਤੀ ਹੋਣ 'ਤੇ ਵਧਾਈ ਦਿੰਦੀ ਹੈ।

ਉਹ ਦੋਵੇਂ ਖੁਸ਼ੀ ਦਾ ਪ੍ਰਗਟਾਵਾ ਕਰਦੇ ਹਨ।

ਖੁਸ਼ਖਬਰੀ ਦੇਣ ਤੋਂ ਬਾਅਦ, "ਡਾਕਟਰ ਰੂਥ" ਦੱਸਦੀ ਹੈ ਕਿ ਕਿਵੇਂ ਉਨ੍ਹਾਂ ਨੂੰ ਬੱਚੇ ਦੇ ਜਨਮ ਲਈ ਲੋੜੀਂਦੀ ਮਹਿੰਗੀ ਦਵਾਈ ਅਤੇ ਦੁਰਲੱਭ ਦਵਾਈ ਲਈ ਭੁਗਤਾਨ ਕਰਨ ਦੀ ਲੋੜ ਪਵੇਗੀ, ਜਿਸਦੀ ਕੀਮਤ 1.5 ਤੋਂ 20 ਲੱਖ ਨਾਇਰਾ (ਲੱਗਭਗ 1,000 ਡਾਲਰ) ਦੇ ਵਿਚਕਾਰ ਹੈ।

'ਡਾਕਟਰ' ਦਾ ਕਹਿਣਾ ਸੀ ਕਿ ਇਸ ਦਵਾਈ ਤੋਂ ਬਿਨਾਂ, ਗਰਭ ਅਵਸਥਾ ਨੌਂ ਮਹੀਨਿਆਂ ਤੋਂ ਵੱਧ ਹੋ ਸਕਦੀ ਹੈ।

"ਡਾਕਟਰ ਰੂਥ" ਵਿਗਿਆਨਕ ਤੱਥਾਂ ਨੂੰ ਨਜ਼ਰਅੰਦਾਜ਼ ਕਰਦੇ ਹੋਏ ਦਾਅਵਾ ਕਰਦੀ ਹੈ ਕਿ ਇਹ ਦਵਾਈ ਨਾ ਲੈਣ ਦੀ ਸੂਰਤ 'ਚ "ਬੱਚਾ ਕੁਪੋਸ਼ਣ ਦਾ ਸ਼ਿਕਾਰ ਹੋ ਜਾਵੇਗਾ ਅਤੇ ਇਲਾਜ ਦੁਬਾਰਾ ਸ਼ੁਰੂ ਕਰਨਾ ਪਵੇਗਾ।"

"ਡਾ. ਰੂਥ" ਨੇ ਬੀਬੀਸੀ ਦੁਆਰਾ ਉਸ 'ਤੇ ਲਗਾਏ ਗਏ ਇਲਜ਼ਾਮਾਂ ਦਾ ਜਵਾਬ ਨਹੀਂ ਦਿੱਤਾ ਹੈ।

ਹਾਲਾਂਕਿ, ਇਹ ਅਸਪਸ਼ਟ ਹੈ ਇਸ ਵਿੱਚ ਸ਼ਾਮਲ ਔਰਤਾਂ ਇਨ੍ਹਾਂ ਦਾਅਵਿਆਂ ਨੂੰ ਕਿਸ ਹੱਦ ਤੱਕ ਸੱਚਾ ਮੰਨਦੀਆਂ ਹਨ।

ਪਰ ਔਰਤਾਂ ਅਜਿਹੇ 'ਕੋਰੇ ਝੂਠੇ' ਦਾਅਵਿਆਂ 'ਤੇ ਵਿਸ਼ਵਾਸ ਕਿਵੇਂ ਕਰ ਲੈਂਦੀਆਂ ਹਨ, ਇਸ ਦਾ ਜਵਾਬ ਇੰਟਰਨੇਟ 'ਤੇ ਮੌਜੂਦ ਗਲਤ ਜਾਣਕਾਰੀ 'ਚ ਲੁਕਿਆ ਹੋਇਆ ਹੈ।

ਗਲਤ ਜਾਣਕਾਰੀ ਦਾ ਇੱਕ ਨੈੱਟਵਰਕ

ਕ੍ਰਿਪਟਿਕ ਗਰਭ ਅਵਸਥਾ ਇੱਕ ਮਾਨਤਾ ਪ੍ਰਾਪਤ ਡਾਕਟਰੀ ਵਰਤਾਰਾ ਹੈ, ਜਿਸ ਵਿੱਚ ਇੱਕ ਔਰਤ ਆਪਣੇ ਗਰਭ ਅਵਸਥਾ ਦੇ ਅਖੀਰਲੇ ਪੜਾਅ ਤੱਕ ਗਰਭਵਤੀ ਹੋਣ ਬਾਰੇ ਅਣਜਾਣ ਰਹਿੰਦੀ ਹੈ।

ਪਰ ਜਾਂਚ ਦੌਰਾਨ, ਬੀਬੀਸੀ ਨੂੰ ਇਸ ਕਿਸਮ ਦੀ ਗਰਭ ਅਵਸਥਾ ਬਾਰੇ ਫੇਸਬੁੱਕ ਸਮੂਹਾਂ ਅਤੇ ਪੰਨਿਆਂ ਵਿੱਚ ਵਿਆਪਕ ਗ਼ਲਤ ਜਾਣਕਾਰੀ ਮਿਲੀ।

ਯੂਐੱਸ ਦੀ ਇੱਕ ਔਰਤ, ਜਿਸਨੇ ਫੇਸਬੁੱਕ 'ਤੇ ਆਪਣਾ ਪੇਜ ਆਪਣੀ "ਕ੍ਰਿਪਟਿਕ ਗਰਭ ਅਵਸਥਾ" ਨੂੰ ਸਮਰਪਿਤ ਕੀਤਾ ਹੋਇਆ ਹੈ, ਦਾਅਵਾ ਕਰਦੀ ਹੈ ਕਿ ਉਹ "ਸਾਲਾਂ ਤੋਂ" ਗਰਭਵਤੀ ਹੈ ਅਤੇ ਉਸ ਦੀ ਕਹਾਣੀ ਨੂੰ ਵਿਗਿਆਨ ਦੁਆਰਾ ਸਮਝਿਆ ਨਹੀਂ ਜਾ ਸਕਦਾ।

ਫੇਸਬੁੱਕ 'ਤੇ ਪ੍ਰਾਈਵੇਟ ਸਮੂਹਾਂ ਵਿੱਚ, ਬਹੁਤ ਸਾਰੀਆਂ ਪੋਸਟਾਂ ਜਾਅਲੀ "ਇਲਾਜ" ਦੀ ਸ਼ਲਾਘਾ ਕਰਨ ਲਈ ਧਾਰਮਿਕ ਸ਼ਬਦਾਵਲੀ ਦੀ ਵਰਤੋਂ ਕਰਦੀਆਂ ਹਨ ਅਤੇ ਇਸ ਨੂੰ ਚਮਤਕਾਰ ਵਜੋਂ ਬਿਆਨ ਕੀਤਾ ਜਾਂਦਾ ਹੈ।

ਇਹ ਸਾਰੀ ਗ਼ਲਤ ਜਾਣਕਾਰੀਆਂ ਘੁਟਾਲੇ ਦੀ ਆੜ ਵਿੱਚ ਆਈਆਂ ਔਰਤਾਂ ਦੇ ਵਿਸ਼ਵਾਸ ਨੂੰ ਮਜ਼ਬੂਤ ਕਰਨ ਵਿੱਚ ਮਦਦ ਕਰਦੀਆਂ ਹਨ।

ਇਹਨਾਂ ਸਮੂਹਾਂ ਦੇ ਮੈਂਬਰ ਨਾ ਸਿਰਫ਼ ਨਾਈਜੀਰੀਆ ਤੋਂ ਹਨ, ਸਗੋਂ ਦੱਖਣੀ ਅਫ਼ਰੀਕਾ, ਕੈਰੇਬੀਅਨ ਅਤੇ ਇੱਥੋਂ ਤੱਕ ਕਿ ਅਮਰੀਕਾ ਤੋਂ ਵੀ ਹਨ।

ਇਹ ਫੇਸਬੁੱਕ ਸਮੂਹ ਦੀ ਵਰਤੋਂ ਘੁਟਾਲੇਬਾਜ਼ਾ ਰਾਹੀਂ ਆਪਣਾ ਸੰਭਾਵਤ ਸ਼ਿਕਾਰ ਲੱਭਣ ਲਈ ਵੀ ਕੀਤਾ ਜਾਂਦਾ ਹੈ।

ਇੱਕ ਵਾਰ ਜਦੋਂ ਕੋਈ ਵਿਅਕਤੀ ਘੁਟਾਲੇ ਦੀ ਪ੍ਰਕਿਰਿਆ ਸ਼ੁਰੂ ਕਰਦਾ ਹੈ, ਤਾਂ ਉਹ ਸ਼ਿਕਾਰ ਨੂੰ ਵਧੇਰੇ ਸੁਰੱਖਿਅਤ ਵਟਸਐੱਪ ਸਮੂਹਾਂ ਵਿੱਚ ਸ਼ਾਮਲ ਕਰ ਲੈਂਦਾ ਹੈ।

ਉੱਥੇ ਉਹ ਇਨ੍ਹਾਂ "ਕ੍ਰਿਪਟਿਕ ਕਲੀਨਿਕਾਂ" ਅਤੇ ਇਸ ਦੀ ਪ੍ਰਕਿਰਿਆ ਵਿੱਚ ਕੀ ਸ਼ਾਮਲ ਤੱਥਾਂ ਬਾਰੇ ਜਾਣਕਾਰੀ ਸਾਂਝੀ ਕਰਦੇ ਹਨ।

'ਮੈਂ ਅਜੇ ਵੀ ਉਲਝਣ ਵਿੱਚ ਹਾਂ'

ਅਧਿਕਾਰੀ ਸਾਨੂੰ ਦੱਸਦੇ ਹਨ ਕਿ "ਇਲਾਜ" ਨੂੰ ਪੂਰਾ ਕਰਨ ਲਈ ਘੁਟਾਲੇਬਾਜ਼ਾਂ ਨੂੰ ਨਵਜੰਮੇ ਬੱਚਿਆਂ ਦੀ ਲੋੜ ਹੁੰਦੀ ਹੈ ਅਤੇ ਅਜਿਹਾ ਕਰਨ ਲਈ ਉਹ ਔਰਤਾਂ ਦੀ ਭਾਲ ਕਰਦੇ ਹਨ ਜੋ ਹਤਾਸ਼ ਅਤੇ ਕਮਜ਼ੋਰ ਹਨ, ਜਿਨ੍ਹਾਂ ਵਿੱਚੋਂ ਬਹੁਤ ਸਾਰੀਆਂ ਜਵਾਨ ਗਰਭਵਤੀ ਔਰਤਾਂ ਹੁੰਦੀਆਂ ਹਨ।

ਖ਼ਾਸਕਰ ਅਜਿਹੇ ਦੇਸ਼ਾਂ 'ਚੋ ਜਿੱਥੇ ਗਰਭਪਾਤ ਗ਼ੈਰ-ਕਾਨੂੰਨੀ ਹੁੰਦਾ ਹੈ।

ਫਰਵਰੀ 2024 ਵਿੱਚ, ਅਨਾਮਬਰਾ ਰਾਜ ਦੇ ਸਿਹਤ ਮੰਤਰਾਲੇ ਨੇ ਉਸ ਕਲੀਨਿਕ ਉੱਤੇ ਛਾਪਾ ਮਾਰਿਆ ਜਿੱਥੇ ਚੀਓਮਾ ਨੇ ਹੋਪ ਨੂੰ “ਡਿਲੀਵਰ” ਕੀਤਾ ਸੀ।

ਬੀਬੀਸੀ ਨੇ ਛਾਪੇਮਾਰੀ ਦੀ ਫੁਟੇਜ ਹਾਸਲ ਕੀਤੀ, ਜਿਸ ਵਿੱਚ ਦੋ ਇਮਾਰਤਾਂ ਨਾਲ ਬਣਿਆ ਇੱਕ ਵਿਸ਼ਾਲ ਕੰਪਲੈਕਸ ਦਿਖਾਈ ਦਿੰਦਾ ਹੈ ।

ਇੱਕ ਕਮਰੇ ਵਿੱਚ ਮੈਡੀਕਲ ਉਪਕਰਣ ਸਨ, ਜ਼ਾਹਰ ਤੌਰ 'ਤੇ ਗਾਹਕਾਂ ਲਈ, ਜਦੋਂ ਕਿ ਦੂਜੇ ਵਿੱਚ ਕਈ ਗਰਭਵਤੀ ਔਰਤਾਂ ਨੂੰ ਉਨ੍ਹਾਂ ਦੀ ਇੱਛਾ ਦੇ ਵਿਰੁੱਧ ਰੱਖਿਆ ਗਿਆ ਸੀ।

ਇਨ੍ਹਾਂ ਵਿੱਚੋ ਕੁਝ ਔਰਤਾਂ ਦੀ ਉਮਰ 17 ਸਾਲ ਦੇ ਕਰੀਬ ਸੀ।

ਉਨ੍ਹਾਂ ਔਰਤਾਂ 'ਚੋ ਕੁਝ ਪੀੜਤਾਂ ਨੇ ਸਾਨੂੰ ਦੱਸਿਆ ਕਿ ਉਨ੍ਹਾਂ ਨੂੰ ਉੱਥੇ ਧੋਖੇ ਨਾਲ ਲੈ ਜਾਇਆ ਗਿਆ ਸੀ। ਉਹ ਇਸ ਗੱਲ ਤੋਂ ਅਣਜਾਣ ਸਨ ਕਿ ਉਨ੍ਹਾਂ ਦੇ ਬੱਚੇ ਘੁਟਾਲੇ ਕਰਨ ਵਾਲੇ ਦੇ ਗਾਹਕਾਂ ਨੂੰ ਵੇਚ ਦਿੱਤੇ ਜਾਣਗੇ।

ਦੂਸਰੇ, ਜਿਵੇਂ ਉਜੂ, ਜੋ ਕਿ ਉਸ ਦਾ ਅਸਲੀ ਨਾਮ ਨਹੀਂ ਹੈ, ਨੇ ਆਪਣੇ ਪਰਿਵਾਰ ਨੂੰ ਇਹ ਦੱਸਣ ਤੋਂ ਬਹੁਤ ਡਰਿਆ ਮਹਿਸੂਸ ਕੀਤਾ ਕਿ ਉਹ ਗਰਭਵਤੀ ਹੈ ਅਤੇ ਉਸ ਨੇ ਇੱਕ ਰਸਤਾ ਲੱਭਿਆ।

ਉਨ੍ਹਾਂ ਨੇ ਕਿਹਾ ਕਿ ਉਸ ਨੂੰ ਬੱਚੇ ਲਈ 8,00,000 ਨਾਇਰਾ (ਲਗਭਗ 500 ਡਾਲਰ) ਦੀ ਪੇਸ਼ਕਸ਼ ਕੀਤੀ ਗਈ ਸੀ।

ਇਹ ਪੁੱਛੇ ਜਾਣ 'ਤੇ ਕਿ ਕੀ ਉਸ ਨੂੰ ਆਪਣੇ ਬੱਚੇ ਨੂੰ ਵੇਚਣ ਦੇ ਆਪਣੇ ਫ਼ੈਸਲੇ 'ਤੇ ਪਛਤਾਵਾ ਹੈ, ਉਹ ਕਹਿੰਦੀ ਹੈ, "ਮੈਂ ਅਜੇ ਵੀ ਉਲਝਣ ਵਿਚ ਹਾਂ।"

ਕਮਿਸ਼ਨਰ ਓਬਿਨਾਬੋ, ਜੋ ਘੁਟਾਲੇ 'ਤੇ ਨਕੇਲ ਕੱਸਣ ਲਈ ਆਪਣੇ ਰਾਜ ਵਿੱਚ ਯਤਨਾਂ ਦਾ ਹਿੱਸਾ ਰਹੇ ਹਨ, ਦਾ ਕਹਿਣਾ ਹੈ ਕਿ ਘੁਟਾਲੇਬਾਜ਼ ਬੱਚਿਆਂ ਨੂੰ ਹਾਸਲ ਕਰਨ ਲਈ ਉਜੂ ਵਰਗੀਆਂ ਕਮਜ਼ੋਰ ਔਰਤਾਂ ਦਾ ਸ਼ਿਕਾਰ ਕਰਦੇ ਹਨ।

ਇੱਕ ਤਣਾਅਪੂਰਨ ਪੁੱਛਗਿੱਛ ਦੇ ਅੰਤ ਵਿੱਚ, ਕਮਿਸ਼ਨਰ ਓਬਿਨਾਬੋ ਨੇ ਚਿਓਮਾ ਤੋਂ ਬੇਬੀ ਹੋਪ ਨੂੰ ਖੋਹਣ ਦੀ ਧਮਕੀ ਦਿੱਤੀ।

ਪਰ ਚੀਓਮਾ ਆਪਣੇ ਕੇਸ ਦੀ ਪੈਰਵੀ ਕਰਦੀ ਹੈ, ਇਸ ਗੱਲ 'ਤੇ ਜ਼ੋਰ ਦਿੰਦੀ ਹੋਈ ਕਿ ਉਹ ਖੁਦ ਪੀੜਤ ਹੈ ਅਤੇ ਉਸ ਨੂੰ ਪਤਾ ਨਹੀਂ ਸੀ ਕਿ ਕੀ ਹੋ ਰਿਹਾ ਹੈ।

ਆਖ਼ਰਕਾਰ ਕਮਿਸ਼ਨਰ ਨੇ ਉਸ ਦਾ ਸਪੱਸ਼ਟੀਕਰਨ ਸਵੀਕਾਰ ਕਰ ਲਿਆ।

ਫਿਲਹਾਲ, ਚੀਓਮਾ ਅਤੇ ਆਈਕ ਹੋਪ ਨੂੰ ਰੱਖਣਗੇ, ਜਦੋਂ ਤੱਕ ਉਸ ਦੇ ਬਿਓਲੋਜਿਕਲ ਮਾਪੇ ਉਸ 'ਤੇ ਦਾਅਵਾ ਕਰਨ ਲਈ ਅੱਗੇ ਨਹੀਂ ਆਉਂਦੇ।

ਪਰ ਮਾਹਰ ਚੇਤਾਵਨੀ ਦਿੰਦੇ ਹਨ ਜਦੋਂ ਤੱਕ ਔਰਤਾਂ ਪ੍ਰਤੀ ਰਵੱਈਆ, ਬਾਂਝਪਨ, ਪ੍ਰਜਨਨ ਅਧਿਕਾਰ ਅਤੇ ਗੋਦ ਲੈਣ ਵਿੱਚ ਤਬਦੀਲੀ ਨਹੀਂ ਆਉਂਦੀ, ਇਸ ਤਰ੍ਹਾਂ ਦੇ ਘੁਟਾਲੇ ਵਧਦੇ ਰਹਿਣਗੇ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)