You’re viewing a text-only version of this website that uses less data. View the main version of the website including all images and videos.
ਕੈਂਸਰ ਦੇ ਇਲਾਜ ਵਿੱਚ ਖਾਣੇ ਦੀ ਭੂਮਿਕਾ ਬਾਰੇ ਡਾਕਟਰਾਂ ਵੱਲੋਂ ਅਲੋਚਨਾ ਤੋਂ ਬਾਅਦ ਸਿੱਧੂ ਜੋੜੇ ਨੇ ਕੀ ਦਲੀਲ ਦਿੱਤੀ
ਸਾਬਕਾ ਕ੍ਰਿਕਟਰ ਅਤੇ ਸਿਆਸਤਦਾਨ ਨਵਜੋਤ ਸਿੰਘ ਸਿੱਧੂ ਨੇ ਆਪਣੀ ਪਤਨੀ ਦੇ ਕੈਂਸਰ ਦੇ ਇਲਾਜ ਵਿੱਚ ਖੁਰਾਕ ਦੀ ਭੂਮਿਕਾ ਬਾਰੇ ‘ਵਿਵਾਦਤ’ ਦਾਅਵੇ ਤੋਂ ਬਾਅਦ ਨਵਜੋਤ ਕੌਰ ਸਿੱਧੂ ਦਾ ‘ਡਾਇਟ ਚਾਰਟ’ ਜਾਰੀ ਕੀਤਾ ਹੈ।
ਨਵਜੋਤ ਸਿੰਘ ਸਿੱਧੂ ਅਤੇ ਡਾ. ਨਵਜੋਤ ਕੌਰ ਸਿੱਧੂ ਨੇ ਸੋਮਵਾਰ ਨੂੰ ਇੱਕ ਸਾਂਝਾ ਵੀਡੀਓ ਜਾਰੀ ਕੀਤਾ ਹੈ।
ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੀਡੀਓ ਵਿੱਚ ਕਹਿ ਰਹੇ ਹਨ ਕਿ ਉਨ੍ਹਾਂ ਨੇ ਜੋ ਕੁਝ ਵੀ ਕੀਤਾ ਹੈ ਉਹ ਡਾਕਟਰਾਂ ਦੀ ਸਲਾਹ ਨਾਲ ਇੱਕ ਸਹਿਯੋਗੀ ਪ੍ਰਕਿਰਿਆ ਵਜੋਂ ਕੀਤਾ ਹੈ।
ਇਸ ਤੋਂ ਪਹਿਲਾਂ 21 ਨਵੰਬਰ ਨੂੰ ਅੰਮ੍ਰਿਤਸਰ ਸਥਿਤ ਆਪਣੀ ਰਿਹਾਇਸ਼ 'ਤੇ ਪ੍ਰੈੱਸ ਕਾਨਫਰੰਸ ਦੌਰਾਨ ਉਨ੍ਹਾਂ ਨੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਦੀ ਪਤਨੀ ਨੇ ਆਪਣੀ ਖੁਰਾਕ ਵਿੱਚ ਕੁਝ ਚੀਜ਼ਾਂ ਸ਼ਾਮਲ ਕਰਕੇ ਚੌਥੇ ਸਟੇਜ ਦੇ ਕੈਂਸਰ ਨੂੰ ਮਾਤ ਦਿੱਤੀ ਹੈ।
ਨਵਜੋਤ ਸਿੰਘ ਸਿੱਧੂ ਨੇ ਦੱਸਿਆ ਸੀ ਕਿ ਉਨ੍ਹਾਂ ਦੇ ਪਤਨੀ ਦੀ ਖੁਰਾਕ ਵਿੱਚ ਨਿੰਬੂ ਪਾਣੀ, ਕੱਚੀ ਹਲਦੀ, ਸੇਬ ਦਾ ਸਿਰਕਾ, ਨਿੰਮ ਦੀਆਂ ਪੱਤੀਆਂ, ਤੁਲਸੀ, ਕੱਦੂ, ਅਨਾਰ, ਆਂਵਲਾ, ਚੁਕੰਦਰ ਅਤੇ ਅਖਰੋਟ ਵਰਗੀਆਂ ਚੀਜ਼ਾਂ ਸ਼ਾਮਲ ਸਨ ਜਿਸ ਨਾਲ ਉਹ ਵਾਪਸ ਤੰਦਰੁਸਤ ਹੋ ਗਏ।
ਹਲਾਂਕਿ, ਟਾਟਾ ਮੈਮੋਰੀਅਲ ਹਸਪਤਾਲ ਦੇ 262 ਮੌਜੂਦਾ ਅਤੇ ਸਾਬਕਾ ਕੈਂਸਰ ਮਾਹਿਰਾਂ ਨੇ ਇਸ ਉਪਰ ਇਤਰਾਜ਼ ਪ੍ਰਗਟ ਕੀਤਾ ਸੀ ਅਤੇ ਉਹਨਾਂ ਨੂੰ ਬਿਮਾਰੀ ਦੀ ਹਾਲਤ ਵਿੱਚ ਡਾਕਟਰੀ ਸਹਾਇਤਾ ਲੈਣ ਦੀ ਸਲਾਹ ਦਿੱਤੀ ਸੀ।
ਪਰ ਹੁਣ ਆਪਣੇ ਤਾਜ਼ਾ ਬਿਆਨ ਵਿੱਚ ਨਵਜੋਤ ਸਿੰਘ ਸਿੱਧੂ ਨੇ ਕਿਹਾ, "ਪ੍ਰਾਥਮਿਕਤਾ ਹਮੇਸ਼ਾ ਹੀ ਡਾਕਟਰ ਦੀ ਹੀ ਰਹੀ ਹੈ, ਮੇਰੇ ਤਾਂ ਘਰ ਵਿੱਚ ਡਾਕਟਰ ਹੈ, ਜੋ ਡਾਕਟਰ ਤੋਂ ਇਲਾਵਾ ਕਿਸੇ ਦੀ ਸੁਣਦੀ ਹੀ ਨਹੀਂ। ਅਸੀਂ ਜੋ ਵੀ ਕੀਤਾ ਡਾਕਟਰਾਂ ਦੀ ਸਲਾਹ ਨਾਲ ਕੀਤਾ।"
ਉਨ੍ਹਾਂ ਡਾਈਟ ਚਾਰਟ ਬਾਰੇ ਕਿਹਾ, "ਇਹ ਡਾਈਟ ਚਾਰਟ ਬਣਾਉਣ ਵਿੱਚ ਮੇਰਾ ਕੋਈ ਯੋਗਦਾਨ ਨਹੀਂ ਹੈ, ਮੈਂ ਤਾਂ ਉੱਘੇ ਡਾਕਟਰਾਂ ਦੇ ਨਿਰੀਖਣ ਨੂੰ ਇਕੱਠਾ ਕੀਤਾ ਹੈ। ਸਭ ਤੋਂ ਵੱਡੀ ਗੱਲ ਹੈ ਕਿ ਇਹ ਮੱਧਕਾਲੀਨ ਪ੍ਰਾਚੀਨ ਵਿਗਿਆਨ ਦੇ ਯੋਸ਼ੀਨੌਰੀ ਜਾਪਾਨ ਦੇ ਵੱਡੇ ਡਾਕਟਰ, ਜਿਨ੍ਹਾਂ ਨੂੰ ਆਟੋਫੈਜੀ ʼਤੇ ਨੌਬੇਲ ਪੁਰਸਕਾਰ ਵੀ ਮਿਲਿਆ ਹੈ, ਉਨ੍ਹਾਂ ਗੱਲ ਕੀਤੀ ਹੈ ਕਿ ਕਿਵੇਂ ਫਾਸਟਿੰਗ ਮਦਦ ਕਰਦੀ ਹੈ। ਇਸ ਤੋਂ ਇਲਾਵਾ ਦੁਨੀਆਂ ਦੇ ਵੱਡੇ-ਵੱਡੇ ਡਾਕਟਰਾਂ ਦੇ ਨਿਰੀਖਣ ਨੂੰ ਇਕੱਠਾ ਕਰ ਕੇ ਨੋਨੀ (ਨਵਜੋਤ ਕੌਰ ਸਿੱਧੂ) ਲਈ ਡਾਈਟ ਚਾਰਟ ਬਣਾਈ ਸੀ।"
"ਇਸ ਨੂੰ ਡਾਕਟਰਾਂ ਦੀ ਸਲਾਹ ਦੇ ਨਾਲ ਹੀ ਅਮਲ ਵਿੱਚ ਲਿਆਂਦਾ। ਇਸ ਡਾਈਟ ਚਾਰਟ ਨੂੰ ਇਲਾਜ ਲਈ ਸੁਵਿਧਾ ਮੰਨੋ। ਅਸੀਂ ਚਾਹੁੰਦੇ ਹਾਂ ਕਿ ਜੋ ਖੁਸ਼ੀ ਤੇ ਲਾਹਾ ਸਾਨੂੰ ਮਿਲਿਆ ਹੈ, ਉਹ ਅਸੀਂ ਸਾਰਿਆਂ ਨਾਲ ਸਾਂਝਾ ਕਰੀਏ।"
ਡਾ. ਨਵਜੋਤ ਕੌਰ ਸਿੱਧੂ ਨੇ ਕੀ ਕਿਹਾ?
ਇਸ ਦੌਰਾਨ ਨਵਜੋਤ ਕੌਰ ਸਿੱਧੂ ਨੇ ਵੀ ਆਪਣੀ ਪ੍ਰਤੀਕਿਰਿਆ ਦਿੱਤੀ। ਉਨ੍ਹਾਂ ਕਿਹਾ, "ਇੱਕ ਡਾਕਟਰ ਵਜੋਂ ਮੈਨੂੰ ਵੀ ਲੱਗਦਾ ਸੀ ਕਿ ਜੋ ਇਲਾਜ ਹੁੰਦਾ ਹੈ ਬਸ ਉਹੀ ਕੰਮ ਕਰਦਾ ਹੈ। ਉਸ ਤੋਂ ਇਲਾਵਾ ਆਯੁਰਵੈਦਾ ਵਗੈਰਾਂ ਬਾਅਦ ਵਿੱਚ ਸੋਚਾਂਗੇ।"
ਨਵਜੋਤ ਕੌਰ ਸਿੱਧੂ ਨੇ ਅੱਗੇ ਕਿਹਾ, "ਮੈਨੂੰ ਵੀ ਲੱਗਦਾ ਸੀ ਕਿ ਮੈਂ ਬਿਮਾਰ ਹਾਂ ਤੇ ਤੁਸੀਂ ਮੈਨੂੰ ਕੌੜੀਆਂ-ਕੌੜੀਆਂ ਚੀਜ਼ਾਂ ਦੇ ਰਹੇ ਤੇ ਚੰਗੀ ਤਰ੍ਹਾਂ ਖਾਣ ਵੀ ਨਹੀਂ ਦੇ ਰਹੇ ਹੋ। ਪਰ ਇਹ ਸ਼ੁਰੂ ਵਿੱਚ ਮੁਸ਼ਕਲ ਲੱਗਿਆ, ਹਫ਼ਤੇ ਦਸ ਦਿਨਾਂ ਬਾਅਦ ਮੈਨੂੰ ਉਹ ਚੰਗਾ ਲੱਗਣ ਲੱਗ ਗਿਆ।"
ਉਨ੍ਹਾਂ ਕਿਹਾ, "ਮੇਰਾ ਭਾਰ ਘਟਣ ਲੱਗਾ, ਜਿੱਥੇ ਸੋਜਾਂ ਸਨ, ਉਹ ਘਟਣੀਆਂ ਸ਼ੁਰੂ ਹੋਈਆਂ। ਮੈਨੂੰ ਵੀ ਚੰਗਾ ਲੱਗਣ ਲੱਗਾ, ਹੁਣ ਮੈਂ ਘੱਟੋ-ਘੱਟ 30 ਕਿਲੋਂ ਭਾਰ ਘਟਾ ਲਿਆ ਹੈ। ਕਿਤੇ ਨਾ ਕਿਤੇ ਆਯੁਰਵੈਦਾ ਡਾਈਟ ਨੇ ਮੇਰੀ ਬਹੁਤ ਮਦਦ ਕੀਤੀ ਹੈ। ਸਾਡੀਆਂ ਰਿਪੋਰਟਾਂ ਵਿੱਚ ਵੀ ਉਹੀ ਹੈ ਜੋ ਅਸੀਂ ਦੇਖਣਾ ਚਾਹੁੰਦੇ ਸੀ।"
"ਪਰ ਅਸੀਂ ਇਸ ਦੀ ਵਰਤੋਂ ਕਰਨੀ ਬਾਅਦ ਵਿੱਚ ਵੀ ਜਾਰੀ ਰੱਖਣੀ ਹੈ। ਅਜਿਹਾ ਨਹੀਂ ਕਿ ਇੱਕ ਵਾਰ ਠੀਕ ਹੋ ਗਏ ਤਾਂ ਮੈਂ ਇਸ ਨੂੰ ਛੱਡ ਦਿਆਂ। ਕੈਂਸਰ ਸੈੱਲ ਸਰੀਰ ਦੇ ਅੰਦਰ ਹੀ ਹੁੰਦੇ ਹਨ ਅਤੇ ਉਹ ਮੁੜ ਵੀ ਪਨਪ ਸਕਦੇ ਹਨ।"
ਡਾ. ਸਿੱਧੂ ਦੱਸਦੇ ਹਨ ਕਿ ਇਹ ਜੀਵਨ ਸ਼ੈਲੀ ਵਿੱਚ ਬਦਲਾਅ ਹੈ ਜੋ ਹਰੇਕ ਇਨਸਾਨ ਲਈ ਹੈ।
"ਮੈਂ ਰੋਜ਼ ਯੋਗਾ ਕਰਦੀ ਹਾਂ। ਕੋਈ ਨਾ ਕੋਈ ਕਸਰਤ ਰੋਜ਼ ਕਰਨੀ ਚਾਹੀਦੀ ਹੈ।"
ਡਾਕਟਰਾਂ ਨੂੰ ਕੀ ਇਤਰਾਜ਼?
ਸਿੱਧੂ ਦੇ ਬਿਆਨ ਦੀ ਵੀਡੀਓ ਜਾਰੀ ਹੋਣ ਤੋਂ ਬਾਅਦ ਟਾਟਾ ਮੈਮੋਰੀਅਲ ਹਸਪਤਾਲ ਦੇ 262 ਮੌਜੂਦਾ ਅਤੇ ਸਾਬਕਾ ਕੈਂਸਰ ਮਾਹਿਰ ਡਾਕਟਰਾਂ ਵਲੋਂ ਇੱਕ ਬਿਆਨ ਰਿਲੀਜ਼ ਕੀਤਾ ਗਿਆ ਸੀ।
ਉਨ੍ਹਾਂ ਨੇ ਲਿਖਿਆ ਸੀ, "ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿਚ ਇੱਕ ਸਾਬਕਾ ਕ੍ਰਿਕਟਰ ਆਪਣੀ ਪਤਨੀ ਦੇ ਕੈਂਸਰ ਦੇ ਇਲਾਜ ਬਾਰੇ ਦੱਸ ਰਹੇ ਹਨ।"
"ਵੀਡੀਓ ਦੇ ਕੁਝ ਹਿੱਸਿਆਂ ਮੁਤਾਬਕ ਹਲਦੀ ਅਤੇ ਨਿੰਮ ਦੀ ਵਰਤੋਂ ਨਾਲ ਉਨ੍ਹਾਂ ਨੂੰ ਉਨ੍ਹਾਂ ਦੇ "ਲਾਇਲਾਜ" ਕੈਂਸਰ ਨੂੰ ਠੀਕ ਕਰਨ ਵਿੱਚ ਮਦਦ ਮਿਲੀ। ਇਹਨਾਂ ਬਿਆਨਾਂ ਦਾ ਸਮਰਥਨ ਕਰਨ ਲਈ ਕੋਈ ਵਿਗਿਆਨਕ ਸਬੂਤ ਨਹੀਂ ਹੈ।"
"ਅਸੀਂ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਗੈਰ-ਪ੍ਰਮਾਣਿਤ ਉਪਚਾਰਾਂ ਦੀ ਪਾਲਣਾ ਨਾ ਕਰਕੇ ਆਪਣੇ ਇਲਾਜ ਵਿੱਚ ਦੇਰੀ ਨਾ ਕਰਨ। ਸਗੋਂ ਜੇ ਕਿਸੀ ਨੂੰ ਆਪਣੇ ਸਰੀਰ 'ਚ ਕੈਂਸਰ ਦਾ ਕੋਈ ਲੱਛਣ ਲੱਗਦਾ ਹੈ ਤਾਂ ਉਹ ਕਿਸੇ ਡਾਕਟਰ, ਤਰਜੀਹੀ ਤੌਰ 'ਤੇ ਕੈਂਸਰ ਦੇ ਮਾਹਿਰ ਦੀ ਸਲਾਹ ਲੈਣ।"
ਖ਼ੁਰਾਕ ਬਾਰੇ ਡਾਕਟਰ ਕੀ ਕਹਿੰਦੇ ਹਨ
ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਬੇਸ਼ਕ ਸਿਰਫ਼ ਖੁਰਾਕ ਅਤੇ ਜੀਵਨਸ਼ੈਲੀ ਨੂੰ ਬਦਲ ਕੇ ਕੈਂਸਰ ਦੇ ਰੋਗ ਨੂੰ ਠੀਕ ਨਹੀਂ ਕੀਤਾ ਜਾ ਸਕਦਾ ਪਰ ਡਾਇਟ ਨੂੰ ਸਹੀ ਰੱਖਣਾ ਕੈਂਸਰ ਦੇ ਇਲਾਜ ਦਾ ਇੱਕ ਅਹਿਮ ਹਿੱਸਾ ਹੈ।
ਡਾ. ਜਸਬੀਰ ਔਲਖ,ਡਿਪਟੀ ਡਾਇਰੈਕਟਰ, ਪੰਜਾਬ ਸਿਹਤ ਵਿਭਾਗ, ਦੱਸਦੇ ਹਨ, "ਸਾਡੀਆਂ ਖਾਣ-ਪੀਣ ਦੀਆਂ ਆਦਤਾਂ ਬਹੁਤ ਵਿਗੜ ਚੁੱਕੀਆਂ ਹਨ। ਵੀਡੀਓ 'ਚ ਦੱਸਿਆਂ ਗਈਆਂ ਚੀਜ਼ਾਂ ਗ਼ਲਤ ਨਹੀਂ, ਸਗੋਂ ਕੁਝ ਸਾਲਾਂ ਪਿੱਛੇ ਜਾ ਕੇ ਵੇਖਿਆ ਤਾਂ ਅਸੀਂ ਆਮ ਹੀ ਇਹ ਚੀਜ਼ਾਂ ਖਾਂਦੇ ਸੀ।"
ਡਾ. ਜਸਬੀਰ ਔਲਖ ਕਹਿੰਦੇ ਹਨ, "ਪਹਿਲੇ ਸਮਿਆਂ 'ਚ ਸੂਰਜ ਢਲ ਜਾਣ ਤੋਂ ਬਾਅਦ ਖਾਂਦੇ ਨਹੀਂ ਸੀ ਅਤੇ ਫਿਰ ਸਵੇਰ ਦਾ ਪਹਿਲਾ ਭੋਜਨ 10 ਕੁ ਵਜੇ ਹੁੰਦਾ ਸੀ, ਜਿਸਨੂੰ ਅੱਜ-ਕੱਲ੍ਹ ਇੰਟਰਮਿਟਟੇਂਟ ਫਾਸਟਿੰਗ ਦਾ ਨਾਮ ਦੇ ਦਿੱਤਾ ਗਿਆ ਹੈ। ਇਹ ਸਭ ਚੀਜ਼ਾਂ ਸਿਹਤ ਲਈ ਚੰਗੀਆਂ ਹਨ, ਪਰ ਇਹ ਕਹਿਣਾ ਕਿ ਇਹ ਕੈਂਸਰ ਨੂੰ ਠੀਕ ਕਰ ਸਕਦੀਆਂ ਹਨ, ਇਹ ਗ਼ਲਤ ਹੋਵੇਗਾ।"
ਖਾਣਾ-ਪੀਣਾ ਕੈਂਸਰ ਦੇ ਇਲਾਜ 'ਚ ਕਿੰਨਾ ਜ਼ਿਮੇਵਾਰ ?
ਡਾ. ਕਨੁਪ੍ਰਿਯਾ ਭਾਟੀਆ ਦੱਸਦੇ ਹਨ ਸਿਰਫ਼ ਪੰਜ ਫ਼ੀਸਦੀ ਤੋਂ ਵੀ ਘੱਟ ਕੇਸਾਂ 'ਚ ਹੀ ਕੈਂਸਰ ਦਾ ਕਾਰਨ ਪਤਾ ਲੱਗਦਾ ਹੈ।
ਕੈਂਸਰ ਰੋਗ ਦੇ ਮਾਹਿਰ ਡਾ.ਕਨੁਪ੍ਰਿਯਾ ਭਾਟੀਆ ਜੋ ਮੋਹਨ ਦਾਈ ਓਸਵਾਲ ਹਸਪਤਾਲ 'ਚ ਮੈਡੀਕਲ ਓਨਕੋਲੋਜਿਸਟ ਵਜੋਂ ਨਿਯੁਕਤ ਹਨ।
ਉਹ ਕਹਿੰਦੇ ਹਨ, "ਆਮ ਤੌਰ 'ਤੇ ਕੈਂਸਰ ਦੇ ਕਾਰਨ ਦਾ ਪਤਾ ਨਹੀਂ ਲੱਗਦਾ। ਪਰ ਹਾਲ ਹੀ ਵਿੱਚ ਚੱਲ ਰਹੇ ਬਹੁਤ ਸਾਰੇ ਅਧਿਐਨ ਦੱਸਦੇ ਹਨ ਕਿ ਕੈਂਸਰ ਦਾ ਰੋਗ ਸਾਡੀ 'ਗਟ ਹੈੱਲਥ' ਤੋਂ ਜਨਮ ਲੈਂਦਾ ਹੈ। ਇਸ ਦਾ ਮਤਲਬ ਹੈ ਕਿ ਸਾਡੀ ਖਾਣ-ਪੀਣ ਦੀਆਂ ਖ਼ਰਾਬ ਆਦਤਾਂ ਕੈਂਸਰ ਹੋਣ ਦਾ ਇੱਕ ਪ੍ਰਮੁੱਖ ਕਾਰਨ ਹੋ ਸਕਦੀਆਂ ਹਨ।"
ਡਾ. ਕਨੁਪ੍ਰਿਯਾ ਭਾਟੀਆ ਮੁਤਾਬਕ, "ਜੇਕਰ ਗੱਲ ਸਿਰਫ਼ ਕੈਂਸਰ ਦੇ ਇਲਾਜ ਦੀ ਕੀਤੀ ਜਾਵੇ ਤਾਂ ਇਹ ਚਾਰ ਹਿੱਸਿਆਂ 'ਚ ਵੰਡਿਆ ਹੁੰਦਾ ਹੈ। ਪਹਿਲਾ ਸਰਜਰੀ, ਦੂਜਾ ਕੀਮੋਥੈਰੇਪੀ, ਤੀਜਾ ਰੇਡੀਏਸ਼ਨ ਅਤੇ ਚੌਥਾ ਇਮਮੁਨੋਥੈਰੇਪੀ। ਇਹਨਾਂ ਚਾਰਾਂ ਹੱਸਿਆਂ ਦੀ ਰੀੜ ਹੁੰਦੀ ਹੈ ਚੰਗੀ ਖ਼ੁਰਾਕ।"
ਉਹ ਦੱਸਦੇ ਹਨ, "ਪਰ ਜ਼ਰੂਰੀ ਹੈ ਕਿ ਇਹ ਖੁਰਾਕ ਕੋਈ ਡਾਕਟਰ ਜਾਂ ਕੈਂਸਰ ਮਾਹਿਰ ਹੀ ਲਿੱਖ ਕੇ ਦੇਵੇ। ਓਨਕੋਲੋਜੀ ਪੜ੍ਹਦੇ ਸਮੇਂ ਸਾਨੂੰ ਇਲਾਜ 'ਚ ਲੋੜੀਂਦੀ ਚੰਗੀ ਖ਼ੁਰਾਕ ਬਾਰੇ ਪੜਾਇਆ ਜਾਂਦਾ ਹੈ। ਇਸ ਲਈ ਅਪੀਲ ਹੈ ਕਿ ਮਰੀਜ਼ ਸੋਸ਼ਲ ਮੀਡਿਆ ਤੋਂ ਪ੍ਰਭਾਵਿਤ ਹੋ ਕੇ ਜਾਂ ਆਪਣੇ ਆਪ ਕੁਝ ਖਾਣਾ-ਪੀਣਾ ਸ਼ੁਰੂ ਨਾ ਕਰਨ ਕਿਉਕਿ ਅਜਿਹਾ ਕਰਨਾ ਹਾਨੀਕਾਰਕ ਹੋ ਸਕਦਾ ਹੈ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ