ਪਰਾਲੀ, ਗੋਹਾ ਆਦਿ ਰਹਿੰਦ-ਖੂੰਹਦ ਤੋਂ ਬਾਇਓਮਾਸ ਬਣਾ ਕੇ ਕਿਵੇਂ ਹਰਪ੍ਰੀਤ ਕੌਰ ਨੇ ਸ਼ੁਰੂ ਕੀਤਾ ਆਪਣਾ ਸਟਾਰਟ-ਅੱਪ

    • ਲੇਖਕ, ਚਰਨਜੀਵ ਕੌਸ਼ਲ
    • ਰੋਲ, ਬੀਬੀਸੀ ਸਹਿਯੋਗੀ

ਅਜੋਕੇ ਸਮੇਂ ਵਿੱਚ ਝੋਨੇ ਦੀ ਕਟਾਈ ਤੋਂ ਬਾਅਦ ਖੇਤਾਂ ਵਿੱਚ ਬਚੀ ਪਰਾਲੀ ਇੱਕ ਵੱਡੀ ਸਮੱਸਿਆ ਬਣੀ ਹੋਈ ਹੈ।

ਕਿਸਾਨ ਉਸ ਦਾ ਨਿਪਟਾਰਾ ਕਰਨ ਦੇ ਲਈ, ਆਪਣੀ ਮਜਬੂਰੀ ਦੱਸਦੇ ਹੋਏ, ਉਸ ਨੂੰ ਆਪਣੇ ਖੇਤਾਂ ਦੇ ਵਿੱਚ ਹੀ ਅੱਗ ਲਗਾ ਦਿੰਦੇ ਹਨ। ਪ੍ਰਸ਼ਾਸਨ ਤੇ ਸਰਕਾਰ ਲਈ ਇਹ ਇੱਕ ਵੱਡੀ ਸਮੱਸਿਆ ਬਣ ਜਾਂਦੀ ਹੈ ਜਿਸ ਦਾ ਫਿਲਹਾਲ ਕਿਸੇ ਵੀ ਤਰੀਕੇ ਦੇ ਨਾਲ ਹੁਣ ਤੱਕ ਪੱਕਾ ਹੱਲ ਕੋਈ ਨਹੀਂ ਲੱਭਿਆ ਜਾ ਸਕਿਆ।

ਪਰ ਸੰਗਰੂਰ ਜ਼ਿਲ੍ਹੇ ਦੇ ਪਿੰਡ ਮਾਝਾ ਦੀ ਹਰਪ੍ਰੀਤ ਕੌਰ ਨੇ ਹਰਿਆਣਾ ਦੇ ਗੁਹਾਣਾ ਦੇ ਵਿੱਚ ਜਾ ਕੇ ਪਰਾਲੀ ਵਰਗੇ ਰਹਿੰਦ-ਖੂੰਹਦ ਅਤੇ ਗੋਏ ਤੇ ਗੰਨੇ ਦੀ ਮੈਲੀ ਵਰਗੀਆਂ ਚੀਜ਼ਾਂ ਤੋਂ ਬਾਇਓਮਾਸ ਬਣਾਉਣ ਦੀ ਸ਼ੁਰੂਆਤ ਕੀਤੀ ਹੈ।

ਥਰਮਲ ਪਲਾਂਟਾਂ ਅਤੇ ਅਨੇਕਾਂ ਅਜਿਹੀਆਂ ਫੈਕਟਰੀਆਂ ਵਿੱਚ ਇਸ ਬਾਇਓਮਾਸ ਨੂੰ ਬਾਲਣ ਦੇ ਰੂਪ ਵਿੱਚ ਵਰਤਿਆ ਜਾਂਦਾ ਹੈ।

ਤੁਹਾਨੂੰ ਦੱਸ ਦਈਏ ਕਿ ਹਰਪ੍ਰੀਤ ਕੌਰ ਦੇ ਪਤੀ ਮਜ਼ਦੂਰੀ ਕਰਦੇ ਸਨ। ਘਰ ਦਾ ਗੁਜ਼ਾਰਾ ਤੇ ਪਤੀ ਦੀ ਮਦਦ ਕਰਨ ਲਈ ਹਰਪ੍ਰੀਤ ਕੌਰ ਨੇ ਪਹਿਲਾਂ ਸੰਗਰੂਰ ਦੇ ਵਿੱਚ ਇੱਕ ਪੈਟਰੋਲ ਪੰਪ ਦੇ ਉੱਪਰ ਵੀ ਕੰਮ ਕੀਤਾ ਹੈ।

ਇਸ ਤੋਂ ਇਲਾਵਾ ਇੱਕ ਰੈਸਟੋਰੈਂਟ ਵਿੱਚ ਵੀ ਰਿਸੈਪਸ਼ਨ ਦੇ ਉੱਪਰ ਕੰਮ ਕਰਦੇ ਸੀ ਪਰ ਫਿਰ ਉਨ੍ਹਾਂ ਨੇ ਆਪਣੇ ਪਤੀ ਦੇ ਨਾਲ ਸਲਾਹ ਮਸ਼ਵਰਾ ਕੀਤਾ।

ਹਰਪ੍ਰੀਤ ਦੇ ਪਤੀ ਮਸ਼ੀਨਾਂ ਦੀ ਵਧੀਆਂ ਜਾਣਕਾਰੀ ਰੱਖਦੇ ਹਨ ਅਤੇ ਉਸ ਤੋਂ ਬਾਅਦ ਪਤੀ-ਪਤਨੀ ਨੇ ਪਰਾਲੀ ਵਰਗੀ ਰਹਿੰਦ-ਖੂੰਹਦ ਤੋਂ ਬਾਇਓਮਾਸ ਬਣਾਉਣ ਦੀ ਫੈਕਟਰੀ ਲਗਾਉਣ ਦਾ ਮਨ ਬਣਾਇਆ।

ਹਰਪ੍ਰੀਤ ਕੌਰ ਨੇ ਦੱਸਿਆ ਕਿ ਪੰਜਾਬ ਦੇ ਵਿੱਚ ਗੋਹਾ ਅਤੇ ਗੰਨੇ ਦੀ ਮੈਲੀ ਮੁਸ਼ਕਿਲ ਨਾਲ ਮਿਲਦੀ ਸੀ ਜਿਸ ਦੇ ਕਾਰਨ ਉਨ੍ਹਾਂ ਨੇ ਆਪਣੀ ਫੈਕਟਰੀ ਹਰਿਆਣਾ ਦੇ ਵਿੱਚ ਲਗਾਉਣ ਬਾਰੇ ਸੋਚਿਆ।

ਉੱਥੇ ਗੰਨੇ ਦੀ ਮੈਲੀ ਯੂਪੀ, ਐੱਮਪੀ ਅਤੇ ਹਰਿਆਣਾ ਤੋਂ ਆਸਾਨੀ ਨਾਲ ਸਸਤੇ ਭਾਅ ʼਤੇ ਮਿਲ ਜਾਂਦੀ ਹੈ।

ਉਨ੍ਹਾਂ ਦਾ ਕਹਿਣਾ ਹੈ ਕਿ ਪਰਾਲੀ ਵੀ ਹਰਿਆਣੇ ਵਿੱਚ ਆਸਾਨੀ ਨਾਲ ਮਿਲ ਜਾਂਦੀ ਹੈ ਅਤੇ ਹਰਿਆਣੇ ਵਿੱਚ ਪੰਜਾਬ ਨਾਲੋਂ ਜ਼ਿਆਦਾ ਪਸ਼ੂ ਹੋਣ ਦੇ ਕਾਰਨ ਗਊਸ਼ਾਲਾ ਦੇ ਵਿੱਚੋਂ ਗੋਹਾ ਮਿਲਣਾ ਵੀ ਸੌਖਾ ਹੈ।

ਹਰਪ੍ਰੀਤ ਕੌਰ ਦੇ ਪਤੀ ਰਾਮ ਸਿੰਘ ਆਪਣੇ ਇਸ ਸਫਲ ਕਾਰੋਬਾਰ ਦਾ ਸਿਹਰਾ ਆਪਣੀ ਪਤਨੀ ਨੂੰ ਦਿੰਦੇ ਹਨ।

ਰਾਮ ਸਿੰਘ ਦੱਸਦੇ ਹਨ, "ਜਦੋਂ ਮੇਰਾ ਵਿਆਹ ਹੋਇਆ ਸੀ ਤਾਂ ਮੈਂ ਮਜ਼ਦੂਰੀ ਕਰਦਾ ਸੀ ਜਾਂ ਮਾੜੀ-ਮੋਟੀ ਖੇਤੀ ਕਰਦਾ ਸੀ। ਮੇਰੀ ਪਤਨੀ ਨੇ ਮੈਨੂੰ ਉੱਪਰ ਉੱਠਣ ਵਿੱਚ ਬਹੁਤ ਮਦਦ ਕੀਤੀ ਹੈ। ਫਿਰ ਅਸੀਂ ਇੱਕ ਦਿਨ ਮਨ ਬਣਾਇਆ ਕਿ ਜੇਕਰ ਮੈਨੂੰ ਸਾਰੇ ਕੰਮ ਬਾਰੇ ਜਾਣਕਾਰੀ ਹੈ ਤਾਂ ਕਿਉਂ ਨਾ ਆਪਣਾ ਕੰਮ ਕੀਤਾ ਜਾਵੇ।"

"ਅਸੀਂ ਕੁਝ ਸਮਾਂ ਕੰਮ ਕੀਤਾ, ਪੈਸੇ ਜੋੜੇ ਅਤੇ ਸਾਨੂੰ ਗੁਹਾਣੇ ਥਾਂ ਮਿਲ ਗਈ, ਇੱਥੇ ਆ ਕੇ ਅਸੀਂ ਫੈਕਟਰੀ ਲਗਾਈ।"

ਉਹ ਆਖਦੇ ਹਨ ਕਿ ਘਰੋਂ ਦੂਰ ਤਾਂ ਹਨ ਪਰ ਅਗਲੇ ਸਾਲ ਉਹ ਪੰਜਾਬ ਵਿੱਚ ਵੀ ਪ੍ਰੋਜੈਕਟ ਲਗਾਉਣ ਬਾਰੇ ਸੋਚ ਰਹੇ ਹਨ। ਉਹ ਕਹਿੰਦੇ ਹਨ ਕਿ ਉਹ ਗਰੀਬੀ ਤੋਂ ਉੱਠੇ ਹਨ ਅਤੇ ਅੱਜ ਉਨ੍ਹਾਂ ਦਾ ਬਹੁਤ ਵਧੀਆ ਗੁਜ਼ਾਰਾ ਹੋ ਰਿਹਾ ਹੈ।

ਹੋਰਨਾਂ ਨੂੰ ਵੀ ਦਿੱਤਾ ਰੁਜ਼ਗਾਰ

ਹਰਪ੍ਰੀਤ ਕੌਰ ਦੱਸਦੇ ਹਨ, "ਇਹ ਸਾਰੇ ਉਹ ਵੇਸਟ ਪਦਾਰਥ ਹਨ ਜਿਨ੍ਹਾਂ ਦਾ ਨਿਪਟਾਰਾ ਕਰਨਾ ਵੀ ਪਰੇਸ਼ਾਨੀ ਦਾ ਸਬੱਬ ਹੈ, ਪਰ ਮੈਂ ਆਪਣੀ ਫੈਕਟਰੀ ਦੇ ਵਿੱਚ ਇਨ੍ਹਾਂ ਸਭ ਦਾ ਬਾਇਓਮਾਸ ਬਣਾਉਂਦੀ ਹਾਂ ਜਿਹੜਾ ਕਿ ਅੰਦਾਜਨ 3 ਰੁਪਏ 50 ਪੈਸੇ ਪ੍ਰਤੀ ਕਿਲੋ ਦੇ ਹਿਸਾਬ ਦੇ ਨਾਲ ਵਿਕਦਾ ਹੈ ਅਤੇ ਇੱਕ ਮਹੀਨੇ ਦੇ ਵਿੱਚ ਤਕਰੀਬਨ 10 ਗੱਡੀਆਂ ਮੇਰੇ ਕੋਲੋਂ ਇਸ ਬਾਇਓਮਾਸ ਦੀਆਂ ਵਿਕ ਜਾਂਦੀਆਂ ਹਨ। ਇਸ ਤੋਂ ਮੈਨੂੰ ਮਹੀਨੇ ਦੀ ਤਕਰੀਬਨ 4 ਲੱਖ ਰੁਪਏ ਦੀ ਬਚਤ ਹੋ ਜਾਂਦੀ ਹੈ।"

ਹਰਪ੍ਰੀਤ ਕੌਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਦੀ ਫੈਕਟਰੀ ਦੇ ਵਿੱਚ ਤਕਰੀਬਨ ਅੱਠ ਮਜ਼ਦੂਰ ਕੰਮ ਕਰਦੇ ਹਨ ਜੋ ਦਿਨ ਅਤੇ ਰਾਤ ਦੀਆਂ ਅਲੱਗ-ਅਲੱਗ ਸ਼ਿਫਟਾਂ ਕਰਦੇ ਹਨ।

ਉਹ ਦੱਸਦੇ ਹਨ, "ਮੈਂ ਉਨ੍ਹਾਂ ਨੂੰ ਰਹਿਣਾ, ਖਾਣਾ ਅਤੇ 12 ਹਜ਼ਾਰ ਰੁਪਏ ਪ੍ਰਤੀ ਮਜ਼ਦੂਰ, ਮਜ਼ਦੂਰੀ ਦਿੰਦੀ ਹਾਂ ਜਿਸ ਨਾਲ ਉਨ੍ਹਾਂ ਦਾ ਵੀ ਘਰ ਦਾ ਗੁਜ਼ਾਰਾ ਚਲਦਾ ਹੈ।"

ਹਰਪ੍ਰੀਤ ਕੌਰ ਮੁਤਾਬਕ ਜੇਕਰ ਇਸ ਤਰੀਕੇ ਦੇ ਪ੍ਰੋਜੈਕਟ ਪੰਜਾਬ ਦੇ ਵਿੱਚ ਵੱਡੇ ਪੱਧਰ ਉੱਤੇ ਲੱਗ ਜਾਣ ਤਾਂ ਪਰਾਲੀ ਦੀ ਸਮੱਸਿਆ ਦਾ ਵੱਡੇ ਪੱਧਰ ʼਤੇ ਹੱਲ ਹੋ ਸਕਦਾ ਹੈ ਕਿਉਂਕਿ ਪਰਾਲੀ ਨੂੰ ਕਿਸਾਨ ਆਪਣੇ ਖੇਤਾਂ ਦੇ ਵਿੱਚ ਅੱਗ ਲਗਾ ਕੇ ਖ਼ਰਾਬ ਕਰ ਦਿੰਦੇ ਹਨ।

ਪਰ ਉਹੀ ਕੀਮਤੀ ਪਰਾਲੀ ਤੋਂ ਕਈ ਅਜਿਹੀਆਂ ਚੀਜ਼ਾਂ ਬਣਾ ਕੇ ਮਹਿੰਗੇ ਭਾਅ ਦੇ ਉੱਪਰ ਵੇਚ ਕੇ ਵਧੀਆ ਕਮਾਈ ਕੀਤੀ ਜਾ ਸਕਦੀ ਹੈ।

ਕੀ ਕਹਿੰਦੇ ਹਨ ਮਾਹਰ

ਅਸੀਂ ਇਸ ਬਾਇਓਮਾਸ ਬਾਲਣ ਬਾਰੇ ਵਧੇਰੇ ਜਾਣਕਾਰੀ ਲਈ ਜ਼ਿਲ੍ਹਾ ਸੰਗਰੂਰ ਦੇ ਪ੍ਰਦੂਸ਼ਣ ਵਿਭਾਗ ਦੇ ਅਫਸਰ ਇੰਜੀਨੀਅਰ ਗੁਨੀਤ ਸੇਠੀ ਕੋਲ ਪਹੁੰਚੇ।

ਉਨ੍ਹਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਾ-ਵਰਤੋਂ ਯੋਗ ਪਦਾਰਥ ਜਿਵੇਂ ਕਿ ਝੋਨੇ ਦੀ ਪਰਾਲੀ, ਗੰਨੇ ਦੀ ਮੈਲੀ, ਗੰਨੇ ਦੀਆਂ ਪੱਤੀਆਂ ਅਤੇ ਪਸ਼ੂਆਂ ਦਾ ਗੋਹਾ ਆਦਿ ਵਿੱਚੋਂ ਬਾਇਓ ਪੈਲੇਟ ਬਣਾਏ ਜਾਂਦੇ ਹਨ।

ਇਨ੍ਹਾਂ ਦੀ ਵਰਤੋਂ ਫੈਕਟਰੀਆਂ ਦੀਆਂ ਭੱਠੀਆਂ, ਇੱਟਾਂ ਦੇ ਭੱਠੇ ਆਦਿ ਥਾਵਾਂ ʼਤੇ ਬਾਲਣ ਵਜੋਂ ਹੁੰਦੀ ਹੈ।

ਉਹ ਦੱਸਦੇ ਹਨ, "ਅਜਿਹੇ ਪ੍ਰੋਜੈਕਟ ਨਾਲ ਕਿਸਾਨਾਂ ਦੇ ਖੇਤਾਂ ਦੇ ਵਿੱਚੋਂ ਪਰਾਲੀ ਦੀ ਸਮੱਸਿਆ ਦਾ ਹੱਲ ਹੁੰਦਾ ਹੈ ਅਤੇ ਜੋ ਬਾਇਓਮਾਸ ਬਾਲਣ ਤਿਆਰ ਹੁੰਦਾ ਹੈ, ਇਹ ਗਰੀਨ ਫਿਊਲ ਕੈਟਾਗਰੀ ਦੇ ਵਿੱਚ ਆਉਂਦਾ ਹੈ ਜਿਸ ਨਾਲ ਪ੍ਰਦੂਸ਼ਣ ਵੀ ਘੱਟ ਹੁੰਦਾ ਹੈ।"

"ਅਜਿਹੇ ਪ੍ਰੋਜੈਕਟ ਲਗਾਉਣ ʼਤੇ ਸੀਪੀਸੀਬੀ ਦੇ ਵੱਲੋਂ 40 ਫੀਸਦੀ ਪਲਾਂਟ ਅਤੇ ਮਸ਼ੀਨਰੀ ਲਗਾਉਣ ਲਈ ਸਬਸਿਡੀ ਵੀ ਦਿੱਤੀ ਜਾਂਦੀ ਹੈ, ਜੋ ਕਿ 28 ਲੱਖ ਰੁਪਏ ਪ੍ਰਤੀ ਟਨ ਦੇ ਹਿਸਾਬ ਦੇ ਨਾਲ ਗਰਾਂਟ ਆਉਂਦੀ ਹੈ।"

ਉਹ ਦੱਸਦੇ ਹਨ ਕਿ ਸੀਪੀਸੀਬੀ ਅਤੇ ਪੰਜਾਬ ਪ੍ਰਦੂਸ਼ਣ ਬੋਰਡ ਇਸ ਤਰੀਕੇ ਦੇ ਪ੍ਰੋਜੈਕਟ ਲਗਾਉਣ ਦੇ ਲਈ ਅਤੇ ਇਨ੍ਹਾਂ ਨੂੰ ਵਧਾਉਣ ਲਈ ਇੱਕ ਵਾਰ ਦੇ ਲਈ ਮਦਦ ਦਿੰਦੀ ਹੈ।

ਉਨ੍ਹਾਂ ਮੁਤਾਬਕ ਫੈਕਟਰੀਆਂ ਵਿੱਚ ਬਾਲਣ ਦੇ ਤੌਰ ʼਤੇ ਲੱਕੜੀ ਜਾਂ ਕੋਲਾ ਜਾਂ ਹੋਰ ਚੀਜ਼ਾਂ ਦੀ ਬਜਾਏ ਇਹ ਬਾਇਓ ਪੈਲੇਟ ਬਾਲਣ ਦੀ ਵਰਤੋਂ ਕਰਨੀ ਵਧੇਰੇ ਵਧੀਆ ਹੈ।

ਇਸ ਦੀ ਸੀਵੀ (ਕਲੋਰੋਫਿਕ ਵੈਲਿਊ) 3200-3300 ਦੇ ਆਸ-ਪਾਸ ਹੈ ਅਤੇ ਅਤੇ ਇੰਡਸਟਰੀ ਅਤੇ ਫੈਕਟਰੀਆਂ ਦੇ ਲਈ ਇਹ ਇਸ ਲਈ ਜ਼ਿਆਦਾ ਫਾਇਦੇਮੰਦ ਹੈ। ਇਸ ਦੇ ਨਾਲ ਹੀ ਇਹ ਗਰੀਨ ਫਿਊਲ ਵੀ ਹੈ ਜਿਸ ਕਾਰਨ ਬਾਲਣ ਵਜੋਂ ਹੁਣ ਵੱਡੇ ਪੱਧਰ ʼਤੇ ਫੈਕਟਰੀਆਂ ਇਸ ਨੂੰ ਵਰਤਦੀਆਂ ਹਨ।

ਉਹ ਕਹਿੰਦੇ ਹਨ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੱਡੇ ਪੱਧਰ ਉੱਤੇ ਇਸ ਨੂੰ ਬਣਾਉਣ ਲਈ ਫੈਕਟਰੀਆਂ ਅਤੇ ਪਲਾਂਟ ਲੱਗ ਰਹੇ ਹਨ ਜਿਸ ਨਾਲ ਆਉਣ ਵਾਲੇ ਸਮੇਂ ਵਿੱਚ ਪਰਾਲੀ ਦੀ ਸਮੱਸਿਆ ਨਾਲ ਵੱਡੇ ਪੱਧਰ ʼਤੇ ਨਜਿੱਠਿਆ ਜਾ ਸਕਦਾ ਹੈ।

ਹਰਪ੍ਰੀਤ ਕੌਰ ਆਪਣੀ ਫੈਕਟਰੀ ਵਿੱਚ ਬਣਾਏ ਬਾਇਓਮਾਸ ਬਾਲਣ ਨੂੰ ਪੰਜਾਬ ਅਤੇ ਹਰਿਆਣਾ ਵਿੱਚ ਕਈ ਫੈਕਟਰੀਆਂ ਨੂੰ ਸਿੱਧੇ ਤੌਰ ʼਤੇ ਅਤੇ ਕੁਝ ਡੀਲਰਾਂ ਨੂੰ ਵੇਚਦੇ ਹਨ।

ਅਜਿਹੇ ਹੀ ਇੱਕ ਡੀਲਰ ਜਤਿਨ ਹਨ, ਜੋ ਹਰਿਆਣਾ ਦੇ ਝੱਜਰ ਵਿੱਚ ਫਿਊਲ ਇਡੰਸਟ੍ਰੀ ਚਲਾ ਰਹੇ ਹਨ।

ਜਤਿਨ ਦੱਸਦੇ ਹਨ ਕਿ ਲੱਕੜ ਅਤੇ ਕੋਲੇ ਤੋਂ ਇਹ ਬਾਇਓਮਾਸ ਬਾਲਣ ਸਸਤਾ ਮਿਲਦਾ ਹੈ ਅਤੇ ਕੀਮਤ ਦੇ ਹਿਸਾਬ ਨਾਲ ਇਸ ਬਾਲਣ ਦੀ ਜਲਨਸ਼ੀਲਤਾ ਵਧੀਆ ਹੁੰਦੀ ਹੈ।

ਉਹ ਅੱਗੇ ਕਹਿੰਦੇ ਹਨ, "ਇਸਦੇ ਵਿੱਚ ਸਿਰਫ਼ 12 ਫ਼ੀਸਦੀ ਸਵਾਹ ਹੀ ਬਚਦੀ ਹੈ ਅਤੇ ਪ੍ਰਦੂਸ਼ਣ ਵੀ ਆਮ ਜਲਨਸ਼ੀਲ ਬਾਲਣਾਂ ਨਾਲੋਂ ਘੱਟ ਹੁੰਦਾ ਹੈ ਜਿਸ ਕਾਰਨ ਇਸ ਬਾਇਓਮਾਸ ਬਾਲਣ ਨੂੰ ਗਰੀਨ ਬਾਲਣ ਦੇ ਦਰਜ਼ੇ ਵਿੱਚ ਸ਼ਾਮਿਲ ਕੀਤਾ ਗਿਆ ਹੈ।"

"ਮੈਂ 4 ਸਾਲ ਤੋਂ ਇਸ ਬਾਇਓਮਾਸ ਬਾਲਣ ਦੀ ਖਰੀਦ ਕਰ ਰਿਹਾ ਹਾਂ ਅਤੇ ਹਰਪ੍ਰੀਤ ਕੌਰ ਦੀ ਫੈਕਟਰੀ ਵਿੱਚੋਂ ਲਗਭਗ ਪਿਛਲੇ ਇੱਕ ਸਾਲ ਤੋਂ ਅਸੀਂ ਇਹ ਬਾਲਣ ਖਰੀਦ ਰਹੇ ਹਾਂ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)