ਪੰਜਾਬ ਦੇ ਸੰਗਰੂਰ ’ਚ ਕਣਕ ਦੀ ਨਵੀਂ ਬੀਜੀ ਫ਼ਸਲ ਕਿਉਂ ਗੁਲਾਬੀ ਸੁੰਡੀ ਦੀ ਮਾਰ ਹੇਠ ਆ ਰਹੀ ਹੈ

    • ਲੇਖਕ, ਚਰਨਜੀਵ ਕੌਸ਼ਲ
    • ਰੋਲ, ਬੀਬੀਸੀ ਸਹਿਯੋਗੀ

ਝੋਨੇ ਦੀ ਕਟਾਈ ਤੋਂ ਬਾਅਦ ਕਿਸਾਨ ਆਪਣੇ ਖੇਤਾਂ ਦੇ ਵਿੱਚ ਹੁਣ ਕਣਕ ਦੀ ਬਿਜਾਈ ਕਰ ਰਹੇ ਹਨ ਪਰ ਸੰਗਰੂਰ ਜ਼ਿਲ੍ਹੇ ਦੇ ਵਿੱਚ ਕਣਕ ਦੀ ਨਵੀਂ ਬੀਜੀ ਫ਼ਸਲ ਦੇ ਵਿੱਚ ਗੁਲਾਬੀ ਸੁੰਡੀ ਦਾ ਵੱਡੇ ਪੱਧਰ ਦੇ ਉੱਪਰ ਹਮਲਾ ਹੋਇਆ ਹੈ।

ਸੰਗਰੂਰ ਜ਼ਿਲ੍ਹੇ ਦੇ ਪਿੰਡ ਘਾਵਦਾਂ ਦੇ ਤਜਿੰਦਰ ਪਾਲ ਸਿੰਘ ਦੀ 10 ਏਕੜ ਫ਼ਸਲ ਨੂੰ ਗੁਲਾਬੀ ਸੁੰਡੀ ਨੇ ਲਗਭਗ 50 ਫੀਸਦੀ ਤੋਂ ਜ਼ਿਆਦਾ ਬਰਬਾਦ ਕਰ ਦਿੱਤਾ ਹੈ।

ਤਜਿੰਦਰ ਪਾਲ ਸਿੰਘ 25 ਏਕੜ ਫ਼ਸਲ ਦੀ ਖੇਤੀ ਕਰਦੇ ਹਨ। ਉਹ ਆਖਦੇ ਹਨ ਕਿ 15 ਏਕੜ ਫ਼ਸਲ ਵਿੱਚੋਂ ਉਨ੍ਹਾਂ ਨੇ ਕੁਝ ਕੁ ਪਰਾਲੀ ਨੂੰ ਅੱਗ ਲਗਾ ਕੇ ਕਣਕ ਦੀ ਬਿਜਾਈ ਕੀਤੀ ਸੀ ਜਿਸ ਦੇ ਵਿੱਚ ਗੁਲਾਬੀ ਸੁੰਡੀ ਦਾ ਨਾ ਦੇ ਬਰਾਬਰ ਹੀ ਹਮਲਾ ਹੋਇਆ ਹੈ।

ਪਰ 10 ਏਕੜ ਦੀ ਆਪਣੀ ਜ਼ਮੀਨ ਵਿੱਚ ਮਿੱਟੀ ਵਾਹ ਕੇ ਕਣਕ ਬੀਜੀ ਸੀ, ਜਿਹੜੀ ਪੂਰੀ ਫ਼ਸਲ ਗੁਲਾਬੀ ਸੁੰਡੀ ਦੇ ਹਮਲੇ ਨੇ ਲਗਭਗ ਬਰਬਾਦ ਕਰ ਦਿੱਤਾ ਹੈ।

ਕਿਸਾਨ ਭਾਵੇਂ ਗੁਲਾਬੀ ਸੁੰਡੀ ਦੇ ਇਸ ਹਮਲੇ ਨੂੰ ਪਰਾਲੀ ਸਾੜਨ ਨਾਲ ਜੋੜ ਕੇ ਵੇਖ ਰਹੇ ਹਨ ਪਰ ਖੇਤੀਬਾੜੀ ਮਾਹਿਰ ਗੁਲਾਬੀ ਸੁੰਡੀ ਦੇ ਇਸ ਹਮਲੇ ਪਿੱਛੇ ਪਰਾਲੀ ਨੂੰ ਸਾੜਨ ਜਾਂ ਨਾ ਸਾੜਨ ਨੂੰ ਕਾਰਨ ਨਹੀਂ ਮੰਨਦੇ ਹਨ।

ਉਨ੍ਹਾਂ ਨੇ ਦੱਸਿਆ, "ਸਮੇਂ ਅਨੁਸਾਰ ਹੀ ਆਪਣੀ ਫ਼ਸਲ ਦੀ ਬਿਜਾਈ ਕੀਤੀ ਸੀ ਪਰ ਉਨ੍ਹਾਂ ਨੇ ਰੋਜ਼ਾਨਾ ਵਾਂਗ ਖੇਤ ਆ ਕੇ ਆਪਣੀ ਫ਼ਸਲ ਦੇਖੀ ਤਾਂ 10 ਏਕੜ ਅੱਗ ਨਾ ਲਗਾਉਣ ਵਾਲੀ ਜ਼ਮੀਨ ਵਿੱਚ ਗੁਲਾਬੀ ਸੁੰਡੀ ਪੌਦਿਆਂ ਦੇ ਵਿੱਚ ਵੱਡੇ ਪੱਧਰ ʼਤੇ ਪੈਦਾ ਹੋ ਚੁੱਕੀ ਹੈ।"

ਉਨ੍ਹਾਂ ਮੁਤਾਬਕ ਇੱਕ ਪੌਦੇ ਵਿੱਚ ਇੱਕ ਤੋਂ ਦੋ ਸੁੰਡੀਆਂ ਵੱਡੇ ਪੱਧਰ ʼਤੇ ਕਣਕ ਦੀ ਫ਼ਸਲ ਨੂੰ ਬਰਬਾਦ ਕਰ ਰਹੀਆਂ ਹਨ।

ਤਜਿੰਦਰ ਸਿੰਘ ਦੱਸਦੇ ਹਨ, "ਕਣਕ ਦੀ ਬਜਾਈ ਲਈ 8 ਹਜ਼ਾਰ ਰੁਪਏ ਪ੍ਰਤੀ ਏਕੜ ਖਰਚਾ ਆਇਆ ਸੀ ਅਤੇ 10 ਏਕੜ ਦੇ ਲਿਹਾਜ਼ ਨਾਲ ਕਰੀਬ 80 ਹਜ਼ਾਰ ਦਾ ਨੁਕਸਾਨ ਹੋ ਗਿਆ ਹੈ। ਹੁਣ ਉਨ੍ਹਾਂ ਨੂੰ ਦੁਬਾਰਾ ਫ਼ਸਲ ਬੀਜਣੀ ਪੈਣੀ ਹੈ ਅਤੇ ਦੁਬਾਰਾ ਇੰਨੀ ਹੀ ਲਾਗਤ ਆਉਣੀ ਹੈ।"

ਉਨ੍ਹਾਂ ਨੇ ਕਿਹਾ, "ਅਸੀਂ ਸਰਕਾਰ ਦੇ ਕਹਿਣ ਮੁਤਾਬਕ ਜਦੋਂ ਆਪਣੇ ਖੇਤਾਂ ਦੇ ਵਿੱਚ ਅੱਗ ਨਹੀਂ ਲਗਾਈ ਤਾਂ ਸਾਡੀ ਫ਼ਸਲ ਬਰਬਾਦ ਹੋਈ ਹੈ ਤਾਂ ਸਰਕਾਰ ਨੂੰ ਸਾਨੂੰ ਸਾਡੀ ਨੁਕਸਾਨੀ ਗਈ ਫ਼ਸਲ ਦਾ ਬਣਦਾ ਮੁਆਵਜ਼ਾ ਦੇਣਾ ਚਾਹੀਦਾ ਹੈ।"

ਅਜਿਹਾ ਹੀ ਕੁਝ ਹਾਲ ਸੰਗਰੂਰ ਦੇ ਪਿੰਡ ਭੱਟੀਵਾਲ ਖੁਰਦ ਦੇ ਕਿਸਾਨ ਗਗਨਦੀਪ ਸਿੰਘ ਦੇ ਖੇਤਾਂ ਦਾ ਸੀ।

ਗਗਨਦੀਪ ਦੱਸਦੇ ਹਨ ਕਿ ਉਹ ਅੱਠ ਏਕੜ ਜ਼ਮੀਨ ਦੇ ਮਾਲਕ ਹਨ ਅਤੇ ਤਿੰਨ ਏਕੜ ਜ਼ਮੀਨ ਉਨ੍ਹਾਂ ਨੇ 75 ਹਜ਼ਾਰ ਰੁਪਏ ਪ੍ਰਤੀ ਏਕੜ ʼਤੇ ਠੇਕੇ ʼਤੇ ਲਈ ਹੈ।

ਗਗਨਦੀਪ ਦੱਸਦੇ ਹਨ, "ਆਪਣੀ ਮਲਕੀਅਤ ਵਾਲੀ ਅੱਠ ਏਕੜ ਜ਼ਮੀਨ ਵਿੱਚ ਬਿਨਾਂ ਅੱਗ ਲਗਾ ਕੇ ਕਣਕ ਦੀ ਬਿਜਾਈ ਕੀਤੀ ਸੀ ਜਿਸ ਵਿੱਚ ਗੁਲਾਬੀ ਸੁੰਡੀ ਦਾ ਹਮਲਾ ਨਹੀਂ ਹੋਇਆ ਪਰ ਜੋ ਤਿੰਨ ਏਕੜ ਠੇਕੇ ਵਾਲੀ ਜ਼ਮੀਨ ਨੂੰ ਅੱਗ ਨਹੀਂ ਲਗਾਈ ਸੀ ਅਤੇ ਸਿੱਧੀ ਬਿਜਾਈ ਕਰ ਦਿੱਤੀ ਸੀ।"

"ਸਾਡੀ ਸਰਕਾਰ ਨੂੰ ਅਪੀਲ ਹੈ ਕਿ ਜਾਂ ਤਾਂ ਇਸ ਦਾ ਹੱਲ ਕੱਢਿਆ ਜਾਵੇ ਜਾਂ ਫਿਰ ਅੱਗ ਲਗਾਉਣ ਦਿੱਤੀ ਜਾਵੇ ਅਤੇ ਇਸ ਦਾ ਮੁਆਵਜ਼ਾ ਦਿੱਤਾ ਜਾਵੇ ਕਿਉਂਕਿ ਸਾਨੂੰ ਸਾਰਾ ਖੇਤ ਵਾਹ ਕੇ ਮੁੜ ਬਿਜਾਈ ਕਰਨੀ ਪੈਣੀ ਹੈ।"

ਪਰਾਲੀ ਸਾੜ੍ਹਨ ʼਤੇ ਸਰਕਾਰ ਦੀ ਸਖ਼ਤੀ

ਪਰਾਲੀ ਸਾੜ੍ਹਨ ਦੀਆਂ ਘਟਨਾਵਾਂ ਨੂੰ ਠੱਲ੍ਹ ਪਾਉਣ ਲਈ ਸਰਕਾਰ ਨੇ ਕਾਫੀ ਸਖ਼ਤੀ ਕੀਤੀ ਹੋਈ ਸੀ। ਕੇਂਦਰ ਨੇ ਪਰਾਲੀ ਨੂੰ ਅੱਗ ਲਾਉਣ ਦੀਆਂ ਘਟਨਾਵਾਂ ਵਧਣ ਕਾਰਨ 2500 ਰੁਪਏ ਪ੍ਰਤੀ ਏਕੜ ਦੇ ਜੁਰਮਾਨੇ ਨੂੰ ਵਧਾ ਕੇ ਦੋ ਗੁਣਾ ਵੀ ਕਰ ਦਿੱਤਾ ਸੀ।

ਇਸ ਮਗਰੋਂ ਵੀ ਪੰਜਾਬ ਦੇ ਕਈ ਹਿੱਸਿਆਂ ਵਿੱਚ ਪਰਾਲੀ ਸਾੜਨ ਦੀਆਂ ਘਟਨਾਵਾਂ ਨੂੰ ਰਿਪੋਰਟ ਕੀਤਾ ਗਿਆ ਹੈ।

ਹਾਲਾਂਕਿ, ਇਸ ਵਿਚਾਲੇ ਪਰਾਲੀ ਦੀ ਅੱਗ ਬੁਝਾਉਣ ਗਏ ਅਧਿਕਾਰੀਆਂ ਨੂੰ ਪਿੰਡਾਂ ਦੇ ਵਿੱਚ ਕਿਸਾਨਾਂ ਦੇ ਘੇਰਾਓ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ।

ਗੱਲ ਜੇਕਰ ਸੰਗਰੂਰ ਦੀ ਕੀਤੀ ਜਾਵੇ ਤਾਂ ਨਵੰਬਰ ਦੀ ਰਿਪੋਰਟ ਮੁਤਾਬਕ ਪਰਾਲੀ ਸਾੜ੍ਹਨ ਦੇ ਮਾਮਲੇ ਵਿੱਚ ਸੰਗਰੂਰ ਪੰਜਾਬ ਦਾ ਪਹਿਲਾ ਜ਼ਿਲ੍ਹਾ ਬਣ ਗਿਆ ਸੀ ਜਿੱਥੇ ਪਰਾਲੀ ਨੂੰ ਅੱਗ ਲੱਗਣ ਦੇ ਸਭ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ।

ਪਰ ਇਸ ਵਿਚਾਲੇ ਪੈਦਾ ਹੋਈ ਸੁੰਡੀ ਦੀ ਸਮੱਸਿਆ ਨੇ ਕਿਸਾਨਾਂ ਨੂੰ ਨਵੀਂ ਮੁਸੀਬਤ ਵਿੱਚ ਪਾ ਦਿੱਤਾ ਹੈ।

ਪਿੰਡ ਘਾਬਦਾਂ ਦੇ ਵਿੱਚ ਕਿਸਾਨ ਤਜਿੰਦਰ ਪਾਲ ਸਿੰਘ ਦੇ ਖੇਤਾਂ ਦੇ ਵਿੱਚ ਸੰਗਰੂਰ ਬਲਾਕ ਦੇ ਖੇਤੀਬਾੜੀ ਅਫ਼ਸਰ ਡਾਕਟਰ ਅਮਰਜੀਤ ਸਿੰਘ ਆਪਣੇ ਟੀਮ ਦੇ ਨਾਲ ਕਿਸਾਨ ਦੀ ਨੁਕਸਾਨੀ ਹੋਈ ਫ਼ਸਲ ਦਾ ਮੁਆਇਨਾ ਕਰਨ ਦੇ ਲਈ ਪਹੁੰਚੇ ਸਨ।

ਪ੍ਰਸ਼ਾਸਨ ਵੱਲੋਂ ਕੀ ਕਾਰਨ ਦੱਸੇ ਗਏ

ਡਾ. ਅਮਰਜੀਤ ਸਿੰਘ ਦਾ ਕਹਿਣਾ ਹੈ ਕਿ ਕਿਸਾਨ ਦੀ ਇਹ ਫ਼ਸਲ ਲਗਭਗ ਬੁਰੇ ਤਰੀਕੇ ਦੇ ਨਾਲ ਨੁਕਸਾਨੀ ਜਾ ਚੁੱਕੀ ਹੈ ਅਤੇ ਵੱਡੇ ਪੱਧਰ ʼਤੇ ਗੁਲਾਬੀ ਸੁੰਡੀ ਦਾ ਹਮਲਾ ਹੋਇਆ ਹੈ। ਕਿਸਾਨ ਨੂੰ ਆਪਣੀ ਫ਼ਸਲ ਦੁਬਾਰਾ ਵਾਹ ਕੇ ਬੀਜਣੀ ਪਏਗੀ।

ਉਨ੍ਹਾਂ ਨੇ ਅੱਗੇ ਕਿਹਾ, "ਸਾਡੇ ਵੱਲੋਂ ਪੂਰੇ ਜ਼ਿਲ੍ਹੇ ਵਿੱਚ ਜਾਂਚ ਕੀਤੀ ਜਾਵੇਗੀ ਕਿ ਜਿਹੜੇ ਕਿਸਾਨਾਂ ਦੇ ਵੱਲੋਂ ਪਰਾਲੀ ਨੂੰ ਅੱਗ ਨਹੀਂ ਲਗਾਈ ਗਈ ਉਨ੍ਹਾਂ ਦੇ ਖੇਤਾਂ ਕਿੰਨੇ ਕੁ ਨੁਕਸਾਨੇ ਗਏ ਹਨ।"

"ਇਸ ਤੋਂ ਇਲਾਵਾ ਜਿਹੜੇ ਕਿਸਾਨਾਂ ਦੇ ਵੱਲੋਂ ਪਰਾਲੀ ਨੂੰ ਅੱਗ ਲਗਾਈ ਗਈ ਹੈ ਕੀ ਉਨ੍ਹਾਂ ਦੇ ਖੇਤਾਂ ਵਿੱਚ ਵੀ ਸੁੰਡੀ ਦਾ ਹਮਲਾ ਹੋਇਆ, ਇਸ ਸਭ ਦੀ ਜਾਂਚ ਤੋਂ ਬਾਅਦ ਰਿਪੋਰਟ ਬਣਾਈ ਜਾਵਗੀ ਤਾਂ ਜੋ ਅਸਲ ਕਾਰਨਾਂ ਦਾ ਪਤਾ ਲੱਗ ਸਕੇ।"

ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਸਰਕਾਰ ਨਾਲ ਕਿਸਾਨਾਂ ਦੇ ਨੁਕਸਾਨ ਲਈ ਬਣਦਾ ਮੁਆਵਜ਼ੇ ਦੀ ਗੱਲ ਕੀਤੀ ਜਾਵੇਗੀ।

ਡਾ. ਅਮਰਜੀਤ ਸਿੰਘ ਦੱਸਦੇ ਹਨ ਕਿ ਗੁਲਾਬੀ ਸੁੰਡੀ ਨਾਮ ਦਾ ਕੀੜਾ ਅਪ੍ਰੈਲ ਮਹੀਨੇ ਦੇ ਵਿੱਚ ਕਿਸਾਨਾਂ ਦੀ ਫ਼ਸਲ ਦੇ ਵਿੱਚ ਐਕਟਿਵ ਹੋ ਜਾਂਦਾ ਹੈ ਅਤੇ ਇਹ ਲਗਭਗ ਸਾਰਾ ਨਵੰਬਰ ਮਹੀਨਾ ਜਦੋਂ ਤੱਕ ਦਿਨ ਦਾ ਤਾਪਮਾਨ ਗਰਮ ਰਹਿੰਦਾ ਹੈ ਉਦੋਂ ਤੱਕ ਐਕਟਿਵ ਰਹਿੰਦਾ ਹੈ।"

"ਝੋਨੇ ਦੀ ਕਟਾਈ ਦਾ ਸੀਜ਼ਨ ਇਸ ਵਾਰ ਥੋੜ੍ਹਾ ਲੇਟ ਹੋ ਗਿਆ ਜਿਸ ਦੇ ਕਾਰਨ ਇੱਕ ਪਾਸੇ ਝੋਨੇ ਦੀ ਕਟਾਈ ਹੋਈ ਅਤੇ ਦੂਜੇ ਪਾਸੇ ਕਿਸਾਨ ਕਣਕ ਦੀ ਬਿਜਾਈ ਵੀ ਉਸੇ ਸਮੇਂ ਦੌਰਾਨ ਕਰਦੇ ਰਹੇ। ਜਿੱਥੇ ਝੋਨੇ ਦੀ ਕਟਾਈ ਨਹੀਂ ਹੋਈ ਉੱਥੋਂ ਗੁਲਾਬੀ ਸੁੰਡੀ ਦਾ ਕੀੜਾ ਉੱਡ ਕੇ ਕਣਕ ਦੀ ਨਵੀਂ ਬੀਜੀ ਫ਼ਸਲ ਵਿੱਚ ਆਪਣੇ ਅੰਡੇ ਦੇ ਸਕਦਾ ਹੈ। ਜਿਸ ਦੇ ਕਾਰਨ ਵੱਡੇ ਪੱਧਰ ʼਤੇ ਨਵੀਂ ਬੀਜੀ ਕਣਕ ਦੇ ਵਿੱਚ ਗੁਲਾਬੀ ਸੁੰਡੀ ਦਾ ਹਮਲਾ ਹੋ ਰਿਹਾ ਹੈ।"

ਤਜਿੰਦਰ ਸਿੰਘ ਖੇਤਾਂ ਬਾਰੇ ਗੱਲ ਕਰਦਿਆਂ ਉਨ੍ਹਾਂ ਨੇ ਜਾਣਕਾਰੀ ਦਿੱਤੀ ਕਿ ਕਿਸਾਨ ਦੇ ਖੇਤ ਦੇ ਵਿੱਚ ਵੱਡੇ ਪੱਧਰ ʼਤੇ ਗੁਲਾਬੀ ਸੁੰਡੀ ਦਾ ਹਮਲਾ ਹੋਇਆ ਹੈ ਜਿਸ ਕਾਰਨ 50 ਫੀਸਦੀ ਦੇ ਲਗਭਗ ਫ਼ਸਲ ਦਾ ਨੁਕਸਾਨ ਹੋ ਗਿਆ ਹੈ।

ਹੁਣ ਇਸ ਫ਼ਸਲ ʼਤੇ ਦਵਾਈ ਵਗ਼ੈਰਾ ਦਾ ਪ੍ਰਯੋਗ ਕਰਨ ਤੋਂ ਬਾਅਦ ਵੀ ਨੁਕਸਾਨ ਹੀ ਹੋਵੇਗਾ ਕਿਉਂਕਿ ਅਗਰ ਕਿਸਾਨ ਦਵਾਈ ਦੇ ਖਰਚਾ ਕਰਨ ਤੋਂ ਬਾਅਦ ਆਪਣੀ 50 ਫੀਸਦੀ ਫਸਲ ਬਚਾ ਵੀ ਲੈਂਦਾ ਹੈ ਤਾਂ ਵੀ ਉਸ ਨੂੰ 50 ਫੀਸਦੀ ਹੀ ਝਾੜ ਮਿਲੇਗਾ।

ਇਸ ਲਈ ਕਿਸਾਨ ਨੂੰ ਫ਼ਸਲ ਦੀ ਮੁੜ ਤੋਂ ਬਿਜਾਈ ਕਰਨੀ ਪੈਣੀ ਹੈ।

ਮਾਹਰਾਂ ਦੇ ਸੁਝਾਅ

ਉਨ੍ਹਾਂ ਨੇ ਦੱਸਿਆ ਕਿ ਇਸ ਕੀੜੇ ਦੇ ਪੱਕੇ ਹੱਲ ਦੇ ਲਈ ਜੇਕਰ ਅਕਤੂਬਰ ਮਹੀਨੇ ਦੇ ਵਿੱਚ ਹੀ ਕਿਸਾਨਾਂ ਦੇ ਵੱਲੋਂ ਝੋਨੇ ਦੀ ਕਟਾਈ ਕਰ ਲਈ ਜਾਵੇ ਤਾਂ ਜੋ ਜਦੋਂ ਕਣਕ ਦੀ ਫ਼ਸਲ ਦੀ ਬਜਾਈ ਕੀਤੀ ਜਾਵੇ ਉਦੋਂ ਖੇਤਾਂ ਦੇ ਵਿੱਚ ਝੋਨੇ ਦੀ ਪਰਾਲੀ ਨਾ ਹੋਵੇ। ਇਸ ਤਰ੍ਹਾਂ ਗੁਲਾਬੀ ਸੁੰਡੀ ਦੇ ਹਮਲੇ ਤੋਂ ਪੱਕੇ ਤੌਰ ʼਤੇ ਬਚਿਆ ਜਾ ਸਕਦਾ ਹੈ।

ਇਸ ਤੋਂ ਇਲਾਵਾ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਕੀਟ ਵਿਗਿਆਨ ਵਿਭਾਗ ਦੇ ਮਾਹਰ ਕੁਝ ਸੁਝਾਅ ਦਿੰਦੇ ਹਨ।

ਉਨ੍ਹਾਂ ਅਨੁਸਾਰ ਕਣਕ ਉੱਤੇ ‘ਪਿੰਕ ਸਟੈਂਮ ਬੋਰਰ’ ਜਿਸ ਨੂੰ ਗੁਲਾਬੀ ਸੁੰਡੀ ਵੀ ਆਖਿਆ ਜਾਂਦਾ ਹੈ ਇੱਕ ਦੋ ਥਾਵੇਂ ਉੱਤੇ ਹੀ ਰਿਪੋਰਟ ਹੋਏ ਹਨ।

ਇੱਕ ਕੀਟ ਵਿਗਿਆਨੀ ਨੇ ਦੱਸਿਆ, “ਜਿੱਥੇ ਕਣਕ ਦੀ ਅਗੇਤਰੀ ਬਿਜਾਈ ਹੋਈ ਹੈ ਉੱਥੇ ਹੀ ਇਸ ਸੁੰਡੀ ਦਾ ਹਮਲਾ ਹੋਇਆ ਹੈ। ਇਸਦਾ ਹੱਲ ਆਸਾਨੀ ਨਾਲ ਕੀਤਾ ਜਾ ਸਕਦਾ ਹੈ। ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵੱਲੋਂ ਦਵਾਈਆਂ ਦੀ ਸਿਫਾਰਿਸ਼ ਕੀਤੀ ਹੋਈ ਹੈ, ਜਿਸ ਦਾ ਛਿੜਕਾਅ ਫ਼ਸਲ ʼਤੇ ਕੀਤਾ ਜਾ ਸਕਦਾ ਹੈ। ਅਜਿਹਾ ਕਰਨ ਨਾਲ ਗੁਲਾਬੀ ਸੁੰਡੀ ਖ਼ਤਮ ਹੋ ਜਾਵੇਗੀ।”

ਮਾਹਰਾਂ ਨੇ ਦੱਸਿਆ ਕਿ ਅਸਲ ਵਿੱਚ ਇਹ ਸੁੰਡੀ ਝੋਨੇ ਤੋਂ ਹੀ ਕਣਕ ਨੂੰ ਪੈਂਦੀ ਹੈ। ਜੇਕਰ ਪਰਾਲੀ ਨੂੰ ਖੇਤਾਂ ਵਿੱਚ ਵਾਹੁਣ ਮਗਰੋਂ ਸਿਫਾਰਸ਼ ਕੀਤੇ ਗਏ ਸਮੇਂ ਉੱਤੇ ਕਣਕ ਦੀ ਬਿਜਾਈ ਕੀਤੀ ਜਾਵੇ ਤਾਂ ਇਸ ਗੁਲਾਬੀ ਸੁੰਡੀ ਦਾ ਹਮਲਾ ਨਹੀਂ ਹੁੰਦਾ।

“ਇਸ ਸਾਲ ਕਣਕ ਦੀ ਬਿਜਾਈ ਵਾਸਤੇ 25 ਅਕਤੂਬਰ ਤੋਂ 25 ਨਵੰਬਰ ਤੱਕ ਢੁਕਵਾਂ ਸਮਾਂ ਸੀ। ਕਈ ਕਿਸਾਨਾਂ ਵੱਲੋਂ ਇਸਦੀ ਬਿਜਾਈ ਇਸ ਸਮੇਂ ਤੋਂ ਪਹਿਲਾਂ ਕੀਤੀ ਗਈ ਅਤੇ ਉਸ ਵੇਲੇ ਗਰਮੀਂ ਦਾ ਮੌਸਮ ਸੀ।”

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)