You’re viewing a text-only version of this website that uses less data. View the main version of the website including all images and videos.
ਦਿਲਜੀਤ ਦੋਸਾਂਝ: ਨਿੱਕੀ ਉਮਰੇ ਹੀ ਪਰਿਵਾਰ ਨਾਲੋਂ ਵਿਛੋੜੇ ਨੇ ਕਿਵੇਂ ਦਿਲਜੀਤ ਨੂੰ ਬਦਲ ਦਿੱਤਾ
ਦਿਲਜੀਤ ਦੋਸਾਂਝ ਦੀ ਮੁੱਖ ਭੂਮਿਕਾ ਵਾਲੀ ਚਰਚਿਤ ਫ਼ਿਲਮ ‘ਅਮਰ ਸਿੰਘ ਚਮਕੀਲਾ’ ਆਉਂਦੀ 12 ਅਪ੍ਰੈਲ ਨੂੰ ਨੈੱਟਫਲਿਕਸ ਉੱਤੇ ਰਿਲੀਜ਼ ਹੋਣ ਜਾ ਰਹੀ ਹੈ।
ਇਸ ਤੋਂ ਪਹਿਲਾਂ ਦਿਲਜੀਤ ਨੇ ਰਣਵੀਰ ਅਲਾਹਾਬਾਦੀ ਨੂੰ ਦਿੱਤੇ ਆਪਣੇ ਇੰਟਰਵਿਊ ਵਿੱਚ ਪਹਿਲੀ ਵਾਰੀ ਆਪਣੇ ਬਚਪਨ ਦੇ ਤਜਰਬੇ ਸਾਂਝੇ ਕੀਤੇ ਹਨ।
ਦਿਲਜੀਤ ਨੇ ਇਸ ‘ਪੌਡਕਾਸਟ’ ਵਿੱਚ ਦੱਸਿਆ ਕਿ ਉਨ੍ਹਾਂ ਨੂੰ ਆਪਣੇ ਬਚਪਨ ਵਿੱਚ ਹੀ ਆਪਣੇ ਮਾਪਿਆਂ ਅਤੇ ਪਿੰਡ ਤੋਂ ਦੂਰ ਆ ਕੇ ਰਹਿਣਾ ਪਿਆ ਸੀ।
ਦਿਲਜੀਤ ਨੇ ਇਸ ਵੇਲੇ ਇਹ ਵੀ ਦੱਸਿਆ ਕਿ ਇਸ ਸਮੇਂ ਇਕੱਲੇਪਣ ਨੇ ਉਨ੍ਹਾਂ ਸੁਭਾਅ ਉੱਤੇ ਕਾਫੀ ਅਸਰ ਪਾਇਆ।
ਇਸ ਦੇ ਨਾਲ ਹੀ ਦਿਲਜੀਤ ਨੇ ਆਪਣੇ ਇੰਟਰਵਿਊ ਵਿੱਚ ਦੱਸਿਆ ਕਿ ਉਨ੍ਹਾਂ ਨੇ ਇਤਿਹਾਸਕ ਦੌਰ ‘ਤੇ ਅਧਾਰਤ ਫ਼ਿਲਮਾਂ ਵਿੱਚ ਇੱਕ ਖ਼ਾਸ ਕਿਸਮ ਦੀ ਐਨਰਜੀ ਮਹਿਸੂਸ ਕੀਤੀ।
ਇਨ੍ਹਾਂ ਫ਼ਿਲਮਾਂ ਵਿੱਚ ਅਮਰ ਸਿੰਘ ਚਮਕੀਲਾ, ਜਸਵੰਤ ਸਿੰਘ ਖਾਲੜਾ ਫ਼ਿਲਮ ਵੀ ਸ਼ਾਮਲ ਹੈ।
ਪਰਿਵਾਰ ਨਾਲ ਕਿਵੇਂ ਟੁੱਟਿਆ ਕਨੈਕਸ਼ਨ
ਦਿਲਜੀਤ ਦੀ ਜ਼ਿੰਦਗੀ ਵਿੱਚ ਡੂੰਘਾਈ ਬਾਰੇ ਪੁੱਛੇ ਗਏ ਇੱਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਨੇ ਕਿਹਾ, “11 ਸਾਲ ਦੀ ਉਮਰ ਵਿੱਚ ਮੈਂ ਆਪਣੇ ਮਾਮਾ ਜੀ ਨਾਲ ਰਹਿਣ ਲਈ ਲੁਧਿਆਣਾ ਸ਼ਹਿਰ ਆ ਗਿਆ ਸੀ।”
“ਮੇਰੇ ਮਾਮਾ ਜੀ ਨੇ ਕਿਹਾ ਕਿ ਇਸ ਨੂੰ ਮੇਰੇ ਨਾਲ ਭੇਜ ਦਿਓ ਅਤੇ ਮੈਨੂੰ ਭੇਜ ਦਿੱਤਾ ਗਿਆ, ਮੈਨੂੰ ਕਿਸੇ ਨੇ ਨਹੀਂ ਪੁੱਛਿਆ।”
ਦਿਲਜੀਤ ਅੱਗੇ ਦੱਸਦੇ ਹਨ, “ਹਾਲਾਂਕਿ ਮੇਰੇ ਮਾਮਾ ਜੀ ਨੇ ਕਿਹਾ ਇਸ ਨੂੰ ਪੁੱਛ ਲਓ ਇਹ ਜਾਵੇਗਾ। ਉਹ ਕਹਿੰਦੇ ਇਹਨੂੰ ਕੀ ਪੁੱਛਣਾ! ਹਾਲਾਂਕਿ ਉਨ੍ਹਾਂ ਨੇ ਠੀਕ ਹੀ ਸੋਚਿਆ ਸਾਡਾ ਬੱਚਾ ਸ਼ਹਿਰ ਜਾਵੇਗਾ ਪੜ੍ਹੇਗਾ, ਕੰਮ ਕਰੇਗਾ। ਪਰ ਉਹ ਕਾਮਯਾਬੀ ਕਿਸ ਨੂੰ ਸਮਝਦੇ ਹਨ। ਉਨ੍ਹਾਂ ਦਾ ਸੁਪਨਾ ਸੀ ਕਿ ਬੱਚਾ ਕਾਮਯਾਬ ਹੋਵੇ ਕਮਾਏ।”
ਦਿਲਜੀਤ ਨੇ ਦੱਸਿਆ ਕਿ ਉਨ੍ਹਾਂ ਨੂੰ ਹੋਲੀ-ਦੀਵਾਲੀ ਬਹੁਤ ਪਸੰਦ ਸੀ ਅਤੇ ਹੈ ਵੀ ਅਤੇ ਉਹ ਇਨ੍ਹਾਂ ਦਾ ਪਿੰਡ ਵਿੱਚ ਉਹ ਬਹੁਤ ਅਨੰਦ ਲੈਂਦੇ ਸਨ।
ਉਹ ਦੱਸਦੇ ਹਨ, “ਪਰ ਜਦੋਂ ਮੈਂ ਸ਼ਹਿਰ ਗਿਆ ਤਾਂ ਉੱਪਰ ਇੱਕ ਕਮਰਾ ਸੀ ਛੋਟਾ ਜਿਹਾ, ਮੈਂ ਕੱਲਾ ਉੱਥੇ ਰਹਿੰਦਾ ਸੀ। ਨਾ ਟੀਵੀ, ਕੁਝ ਵੀ ਨਹੀਂ। ਸਕੂਲ ਜਾਂਦਾ ਸੀ ਬਸ ਵਾਪਸ ਆ ਜਾਂਦਾ ਸੀ।”
ਉਹ ਆਪਣੇ ਬਚਪਨ ਨੂੰ ਯਾਦ ਕਰਦਿਆਂ ਦੱਸਦੇ ਹਨ, “ਮੋਬਾਈਲ ਨਹੀਂ ਸੀ ਰੋਜ਼ ਫੋਨ ਵੀ ਨਹੀਂ ਹੁੰਦਾ ਸੀ। ਦੂਜਾ ਲਗਦਾ ਸੀ ਕਿ ਪਿੰਡ ਫੋਨ ਕਰਾਂਗੇ ਤਾਂ ਪੈਸੇ ਲੱਗਣਗੇ ਇਸ ਲਈ ਫੋਨ ਵੀ ਜ਼ਿਆਦਾ ਨਹੀਂ ਕਰਦਾ ਸੀ। 10-11 ਸਾਲ ਦੀ ਉਮਰ ਵਿੱਚ ਹੀ ਮੇਰਾ ਘਰ ਨਾਲ ਸੰਪਰਕ ਟੁੱਟ ਗਿਆ।”
ਉਨ੍ਹਾਂ ਨੇ ਕਿਹਾ ਕਿ ਉਹ ਆਪਣੀ ਮਾਂ ਨੂੰ ਪਰਿਵਾਰ ਵਿੱਚ ਸਭ ਤੋਂ ਮਜ਼ਬੂਤ ਮੰਨਦੇ ਹਨ ਅਤੇ ਪਿਤਾ ਇੱਕ ਸੰਤ ਆਤਮਾ ਹਨ, ਪਰ ਮੇਰਾ ਸਾਰਿਆਂ ਨਾਲ ਕਨੈਕਸ਼ਨ ਟੁੱਟ ਗਿਆ।
ਫਿਲਮ ਦੇ ਸੈੱਟ ਉੱਤੇ ਚਮਕੀਲੇ ਦੀ ਐਨਰਜੀ ਬਾਰੇ ਕੀ ਕਿਹਾ
ਸੈੱਟ ਉੱਤੇ ਐਨਰਜੀ ਬਾਰੇ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ 100 ਫ਼ੀਸਦ ਸੈੱਟ ਉੱਤੇ ਚਮਕੀਲਾ ਦੀ ਐਨਰਜੀ ਮਹਿਸੂਸ ਕੀਤੀ।
ਉਨ੍ਹਾਂ ਨੇ ਕਿਹਾ ਕਿ ਪਤਾ ਨਹੀਂ ਲੋਕਾਂ ਲਈ ਠੀਕ ਹੋਵੇਗਾ ਜਾਂ ਨਹੀਂ।
ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਅਜਿਹੇ ਰੋਲ ਕਰਦਿਆਂ ਹੀ ਇਸ ਤਰੀਕੇ ਦੀ ਐਨਰਜੀ ਮਹਿਸੂਸ ਹੋਈ ਹੈ।
ਉਹ ਅੱਗੇ ਦੱਸਦੇ ਹਨ, “ਜਿਵੇਂ ਮੈਂ ਇੱਕ ਫ਼ਿਲਮ ਕੀਤੀ ਹੈ ਜਸਵੰਤ ਸਿੰਘ ਖਾਲੜਾ, ਮੈਂ ਪਹਿਲੇ ਦਿਨ ਸੈੱਟ ਉੱਤੇ ਗਿਆ ਤਾਂ ਮੈਨੂੰ ਫੀਲ ਨਹੀਂ ਆਇਆ ਅਤੇ ਮੈਨੂੰ ਸ਼ਾਮ ਤੱਕ ਇਸ ਗੱਲ ਦਾ ਗਿਲਟ ਰਿਹਾ।"
ਉਹ ਦੱਸਦੇ ਹਨ, "ਮੈਨੂੰ ਲੱਗਾ ਕਿ ਮੈਂ ਉਸ ਸਤਿਕਾਰ ਨਾਲ ਗਿਆ ਹੀ ਨਹੀਂ ਮੈਂ ਜੋ ਕਿਰਦਾਰ ਨਿਭਾਅ ਰਿਹਾ ਸੀ, ਉਹ ਅਗਲੇ ਦਿਨ ਜਦੋਂ ਮੈਂ ਤਿਆਰ ਹੋ ਰਿਹਾ ਸੀ ਤਾਂ ਮੈਂ ਕਿਹਾ (ਅਰਦਾਸ ਕਰਦਿਆਂ ਕਿਹਾ) ਤੁਸੀਂ ਹੀ ਕਰਵਾ ਲਓ ਮੈਂ ਨਹੀਂ ਕਰ ਸਕਦਾ।"
ਉਹ ਕਹਿੰਦੇ ਹਨ ਕਿ ਅਜਿਹਾ ਹੀ ਚਮਕੀਲੇ ਦੇ ਸੈੱਟ ਉੱਤੇ ਵੀ ਹੋਇਆ।
ਉਹ ਦੱਸਦੇ ਹਨ ਕਿ ਉਨ੍ਹਾਂ ਨੇ ਉਸੇ ਥਾਂ ਉੱਤੇ ਫ਼ਿਲਮ ਸ਼ੂਟ ਕੀਤੀ ਜਿੱਥੇ ਚਮਕੀਲੇ ਨੂੰ ਮਾਰਿਆ ਗਿਆ ਸੀ
ਉਹ ਦੱਸਦੇ ਹਨ ਕਿ ਜਦੋਂ ਉਹ ਡਿੱਗੇ ਤਾਂ ਤੂੰਬੀ ਦੀ ਤਾਰ ਉਨ੍ਹਾਂ ਦੀ ਉਂਗਲ ਉੱਤੇ ਲੱਗੀ ਅਤੇ ਉਨ੍ਹਾਂ ਦਾ ਖੂਨ ਟਪਕਿਆ ਤਾਂ ਉਸੇ ਵੇਲੇ ਉਨ੍ਹਾਂ ਨੂੰ ਚਮਕੀਲਾ ਯਾਦ ਆਇਆ।
ਦਿਲਜੀਤ ਨੇ ਦੱਸਿਆ ਕਿ ਆਰ ਨਾਨਕ ਪਾਰ ਨਾਨਕ ਉਨ੍ਹਾਂ ਦਾ ਪਸੰਦੀਦਾ ਗਾਣਾ ਹੈ।
ਦਿਲਜੀਤ ਲਈ ਸਾਲ 2020 ਵਿੱਚ ਕੀ ਬਦਲਿਆ
ਇਸ ਇੰਟਰਵਿਊ ਵਿੱਚ ਉਨ੍ਹਾਂ ਨੇ ਆਪਣੇ ਜੀਵਨ ਦੇ ਉਤਰਾਅ-ਚੜ੍ਹਾਅ ਦਾ ਵੀ ਦਿਲਚਸਪ ਵਰਨਣ ਕੀਤਾ ਹੈ।
ਉਨ੍ਹਾਂ ਨੇ ਕਿਹਾ ਕਿ ਜੇ 2020 ਨਾ ਆਉਂਦਾ ਤਾਂ ਸ਼ਾਇਦ ਉਹ ਉਸ ਮੁਕਾਮ ਉੱਤੇ ਨਾ ਪਹੁੰਚਦੇ ਜਿੱਥੇ ਉਹ ਹੁਣ ਬੈਠੇ ਹਨ ਇਸ ਸਾਲ ਦੇ ਨਾਲ ਉਨ੍ਹਾਂ ਦੀ ਤਤਕਾਲੀ ਜੀਵਨ ਦੀ ਦੌੜ-ਭੱਜ ਇੱਕ ਦਮ ਥੰਮ ਗਈ ਅਤੇ ਇੱਕ ਖਲਾਅ ਆਇਆ।
ਉਨ੍ਹਾਂ ਨੇ ਕਿਹਾ ਕਿ ਇਨਸਾਨ ਦਾ ਕਿਰਦਾਰ ਬਦਲਣਾ ਵੀ ਉਸਦੇ ਹੱਥ ਵਿੱਚ ਨਹੀਂ ਹੈ।
ਉਹ ਕਹਿੰਦੇ ਹਨ, “ਮੈਂ ਬਹੁਤ ਪਹੁੰਚੇ-ਪਹੁੰਚੇ ਲੋਕਾਂ ਨੂੰ ਬਹੁਤ ਛੋਟੀਆਂ ਗਲਤੀਆਂ ਕਰਦੇ ਦੇਖਿਆ ਹੈ ਜੋ ਸ਼ਾਇਦ ਕੋਈ ਆਮ ਇਨਸਾਨ ਵੀ ਨਾ ਕਰੇ, ਪਰ ਤੁਸੀਂ ਕਿਤੇ ਵੀ ਪਹੁੰਚ ਜਾਓ ਜਦੋਂ ਤੱਕ ਤੁਸੀਂ ਇਸ ਸਰੀਰ ਵਿੱਚ ਹੋ ਤਾਂ ਤੁਸੀਂ ਕਿਤੇ ਵੀ ਤੁੱਛ ਜਿਹੀ ਗਲਤੀ ਵੀ ਕਰ ਸਕਦੇ ਹੋ।”
ਕੀ ਦਿਲਜੀਤ ਇਲੂਮਿਨਾਟੀ ਦੇ ਮੈਂਬਰ ਹਨ?
ਉਨ੍ਹਾਂ ਨੇ ਕਿਹਾ ਕਿ ਹਾਲਾਂਕਿ ਉਹ ਇਲੂਮੀਨਾਟੀ ਦੇ ਮੈਂਬਰ ਨਹੀਂ ਹਨ ਪਰ ਜੇ ਕੋਈ ਅਜਿਹਾ ਸੋਚਣਾ ਚਾਹੁੰਦਾ ਹੈ ਤਾਂ ਇਹ ਬਹੁਤ ਵਧੀਆ ਅਹਿਸਾਸ ਹੈ ਕਿ "ਮੈਂ ਵੀ ਕਿਸੇ ਗੁਪਤ ਸੰਸਥਾ ਦਾ ਮੈਂਬਰ ਹੋ ਸਕਦਾ ਹਾਂ।"
ਉਨ੍ਹਾਂ ਨੇ ਆਪਣੇ ਵੱਲੋਂ ਕੀਤੇ ਇਸ਼ਾਰੇ ਬਾਰੇ ਕਿਹਾ ਕਿ ਉਹ ਕਰਾਊਨ ਚੱਕਰ ਅਤੇ ਤੀਜੀ ਅੱਖ ਦੀ ਗੱਲ ਸੀ।
ਉਨ੍ਹਾਂ ਨੇ ਮਜ਼ਾਕੀਆ ਲਹਿਜ਼ੇ ਵਿੱਚ ਕਿਹਾ ਕਿ ਜੇ ਕਿਸੇ ਗੁਪਤ ਸਮੂਹ ਬਾਰੇ ਇੰਨਾ ਸੌਖਾ ਹੀ ਪਤਾ ਲੱਗ ਜਾਵੇ ਤਾਂ ਉਹ ਕਾਹਦਾ ਗੁਪਤ ਸਮੂਹ ਹੋਇਆ।
ਦਿਲਜੀਤ ਦਾ ਪਸੰਦੀਦਾ ਵਿਸ਼ਾ ਕਿਹੜਾ ਸੀ
ਆਪਣੀ ਪੜ੍ਹਾਈ ਬਾਰੇ ਦਿਲਜੀਤ ਨੇ ਦੱਸਿਆ ਕਿ ਉਹ ਠੀਕ ਸਨ। ਪਰ ਗਣਿਤ ਅਤੇ ਅੰਗਰੇਜ਼ੀ ਵਿੱਚ ਕਮਜ਼ੋਰ ਸਨ ਪਰ “ਪੰਜਾਬੀ ਵਿੱਚ ਘੈਂਟ ਸੀ”।
ਉਨ੍ਹਾਂ ਨੇ ਕਿਹਾ, “ਮੇਰਾ ਪਸੰਦੀਦਾ ਵਿਸ਼ਾ ਪੰਜਾਬੀ ਸੀ।”
ਭਵਿੱਖ ਬਾਰੇ ਦਿਲਜੀਤ ਕੀ ਸੋਚਦੇ ਹਨ
ਆਪਣੇ ਕਰੀਅਰ ਬਾਰੇ ਬੋਲਦਿਆਂ ਉਹ ਕਹਿੰਦੇ ਹਨ, ਅਸਫ਼ਲਤਾ ਹਰ ਕਲਾਕਾਰ ਦੇਖਦਾ ਹੈ। ਹਰ ਐਲਬਮ ਉੱਤੇ ਤੁਹਾਨੂੰ ਜੱਜ ਕੀਤਾ ਜਾਂਦਾ ਹੈ।
ਉਹ ਕਹਿੰਦੇ ਹਨ ਅਜਿਹਾ ਨਹੀਂ ਹੈ ਕਿ ਨੌਕਰੀ ਲੱਗ ਗਈ ਤਾਂ ਲੱਗ ਗਈ ਇੱਥੋਂ ਤੁਸੀਂ ਕਿਤੇ ਨਹੀਂ ਜਾਣਾ।
ਉਨ੍ਹਾਂ ਨੇ ਕਿਹਾ ਕਿ ਉਹ ਕੁਝ ਸੋਚ ਕੇ ਫਿਲਮਾਂ ਨਹੀਂ ਕਰਦੇ ਸਗੋਂ ਜੋ ਫਿਲਮਾਂ ਆ ਜਾਂਦੀਆਂ ਹਨ ਸਾਲ ਵਿੱਚ ਉਨ੍ਹਾਂ ਵਿੱਚੋਂ ਇੱਕ ਕਰ ਲੈਂਦੇ ਹਨ ਬਾਕੀ ਸੰਗੀਤ ਉੱਤੇ ਧਿਆਨ ਦਿੰਦੇ ਹਨ।
“ਅਠਾਰਾਂ ਸਾਲ ਦੀ ਉਮਰ ਵਿੱਚ ਤਾਂ ਐਲਬਮ ਆ ਗਈ ਸੀ। ਉਦੋਂ ਤਾਂ ਮੈਂ ਵਿਆਹਾਂ ਦੇ ਪ੍ਰੋਗਰਾਮ ਕਰ ਰਿਹਾ ਸੀ। ਮੈਂ ਸੱਚ ਦੱਸਾਂ ਮੈਂ ਇੰਨਾ ਵਧੀਆ ਕਲਾਕਾਰ ਹਾਂ ਨਹੀਂ। ਮੇਰਾ ਅਲ੍ਹੱੜਪੁਣਾ ਪਤਾ ਨਹੀਂ ਆਇਆ ਹੀ ਨਹੀਂ ਜਾਂ ਵਿੱਚੇ ਨਿਕਲ-ਨੁਕਲ ਗਿਆ।"
ਉਹ ਅੱਗੇ ਕਹਿੰਦੇ ਹਨ, "ਮੈਨੂੰ ਉਨਾਂ ਵਧੀਆ ਸੰਗੀਤ ਨਹੀਂ ਆਉਂਦਾ ਫਿਰ ਵੀ ਮੈਨੂੰ ਮੌਕੇ ਮਿਲ ਜਾਂਦੇ ਹਨ। ਮੈਂ ਕਦੇ ਐਕਟਿੰਗ ਨਹੀਂ ਸਿੱਖੀ ਫਿਰ ਵੀ ਮੈਂ ਇਮਤਿਆਜ਼ ਅਲੀ ਨਾਲ ਫਿਲਮ ਕਰ ਰਿਹਾ ਹਾਂ। ਮੈਂ ਕਦੇ ਸੋਚਿਆ ਵੀ ਨਹੀਂ ਸੀ ਕਿ ਮੈਂ ਉਨ੍ਹਾਂ ਨਾਲ ਫਿਲਮ ਕਰਾਂਗਾ। ਇਹ ਮੌਕਾ ਸ਼ਾਇਦ ਚਮਕੀਲਾ ਨੇ ਦਿੱਤਾ।"