ਦਿਲਜੀਤ ਦੋਸਾਂਝ, ਰਣਦੀਪ ਹੁੱਡਾ ਸਮੇਤ ਕਿਹੜੇ ਕਲਾਕਾਰਾਂ ਦੀਆਂ ਫ਼ਿਲਮਾਂ ਦੀ 2024 'ਚ ਉਡੀਕ ਰਹੇਗੀ

    • ਲੇਖਕ, ਸੁਪ੍ਰੀਆ ਸੋਗਲੇ
    • ਰੋਲ, ਬੀਬੀਸੀ ਲਈ

2023 ਵਿੱਚ ਹਿੰਦੀ ਸਿਨੇਮਾ ਨੇ ਵੱਡੇ ਪਰਦੇ ਉੱਤੇ ਧਮਾਕੇ ਦੇਖੇ।

ਜਿੱਥੇ ਸ਼ਾਹਰੁਖ ਖ਼ਾਨ ਨੇ ਪਠਾਨ ਅਤੇ ਜਵਾਨ ਜਿਹੀਆਂ ਫ਼ਿਲਮਾਂ ਲਿਆ ਕੇ ਪੂਰੇ ਚਾਰ ਸਾਲ ਬਾਅਦ ਆਪਣੀ ਸਰਦਾਰੀ ਫ਼ਿਰ ਕਾਇਮ ਕਰ ਲਈ ਹੈ। ਉੱਥੇ ਹੀ ਸੰਨੀ ਦਿਓਲ ਨੇ ਗ਼ਦਰ 2 ਨਾਲ ਢਾਈ ਕਿੱਲੋ ਦੇ ਹੱਥ ਵਿਖਾ ਬਾਕਸ ਆਫ਼ਿਸ ਦੇ ਕਈ ਰਿਕਾਰਡ ਤੋੜੇ।

ਇਸੇ ਦੌਰਾਨ ਸੰਦੀਪ ਰੈੱਡੀ ਵਾਂਗਾ ਨੇ ਰਣਬੀਰ ਕਪੂਰ ਨਾਲ ਰਲਕੇ ਹਿੰਸਾ ਨਾਲ ਭਰੀ ਫ਼ਿਲਮ ਐਨੀਮਲ ਨਾਲ ਬਾਕਸ ਆਫ਼ਿਸ ‘ਤੇ ਮਨੋਰੰਜਨ ਕਾਇਮ ਰੱਖਿਆ।

ਹੁਣ ਦੁਨੀਆਂ ਨੇ 2023 ਨੂੰ ਅਲਵਿਦਾ ਕਹਿ ਦਿੱਤਾ ਹੈ ਅਤੇ 2024 ਨੂੰ ਬਾਹਵਾਂ ਖੋਲ੍ਹ ਕੇ ਜੀ ਆਇਆਂ ਨੂੰ ਕਹਿ ਰਹੀ ਹੈ।

ਨਵੇਂ ਸਾਲ ’ਚ ਹਿੰਦੀ ਸਿਨੇਮਾ ਦੇ ਭੰਡਾਰ ਵਿੱਚ ਕਈ ਅਜਿਹੀ ਫ਼ਿਲਮਾਂ ਹਨ ਜਿਸ ਨੇ ਹੁਣੇ ਹੀ ਦਰਸ਼ਕਾਂ ਦਾ ਧਿਆਨ ਆਪਣੇ ਵੱਲ ਕੇਂਦਰਤ ਕਰ ਦਿੱਤਾ ਹੈ।

ਉਹ ਕਿਹੜੀਆਂ ਫ਼ਿਲਮਾਂ ਹਨ ਜਿਨ੍ਹਾਂ ਦੀ 2024 ਵਿੱਚ ਉਡੀਕ ਰਹੇਗੀ।

ਮੈਰੀ ਕ੍ਰਿਸਮਸ

ਸਾਲ ਦੀ ਸ਼ੁਰੂਆਤ ਵਿੱਚ ਹੀ ਥ੍ਰਿਲਰ ਦੇ ਲਈ ਮਸ਼ਹੂਰ ਹਦਾਇਤਕਾਰ ਸ਼੍ਰੀ ਰਾਮ ਮੈਰੀ ਕ੍ਰਿਸਮਸ ਫ਼ਿਲਮ ਲੈ ਕੇ ਆ ਰਹੇ ਹਨ।

ਉਨ੍ਹਾਂ ਨੇ ਅੰਧਾਧੁੰਦ, ਏਕ ਹਸੀਨਾ ਥੀ ਅਤੇ ਬਦਲਾਪੁਰ ਜਿਹੀਆਂ ਫ਼ਿਲਮਾਂ ਬਣਾਈਆਂ ਹਨ।

ਮੈਰੀ ਕ੍ਰਿਸਮਸ ਫ਼ਿਲਮ 12 ਜਨਵਰੀ ਨੂੰ ਰਿਲੀਜ਼ ਹੋਵੇਗੀ।

ਇਸ ਵਿੱਚ ਕੈਟਰੀਨਾ ਕੈਫ਼ ਅਤੇ ਦੱਖਣ ਭਾਰਤੀ ਕਲਾਕਾਰ ਵਿਜੈ ਸੁਤੂਪਤੀ ਨਜ਼ਰ ਆਉਣਗੇ। ਵਿਜੈ ਸੇਤੁਪਤੀ ਇਸ ਤੋਂ ਪਹਿਲਾਂ ਸ਼ਾਹਰੁੱਖ਼ ਖ਼ਾਨ ਦੀ ਫ਼ਿਲਮ ਜਵਾਨ ਵਿੱਚ ਵਿਲਨ ਦੇ ਕਿਰਦਾਰ ਵਿੱਚ ਦਿਖੇ ਸਨ।

ਫਾਈਟਰ

ਗਣਤੰਤਰ ਦਿਵਸ ਮੌਕੇ ਸਿਧਾਰਥ ਆਨੰਦ ਦੀ ਫ਼ਿਲਮ ਫਾਈਟਰ ਰਿਲੀਜ਼ ਹੋਵੇਗੀ, ਜਿਸ ਵਿੱਚ ਰਿਤਿਕ ਰੌਸ਼ਨ ਅਤੇ ਦੀਪਿਕਾ ਪਾਦੂਕੋਣ ਪਹਿਲੀ ਵਾਰੀ ਇਕੱਠੇ ਦਿਖਣਗੇ।

ਸਿਧਾਰਥ ਆਨੰਦ ਨੇ ਪਿਛਲੇ ਸਾਲ ਸ਼ਾਹਰੁਖ਼ ਖਾਨ ਦੇ ਨਾਲ ਸਭ ਤੋਂ ਵੱਡੀ ਹਿੱਟ ਫ਼ਿਲਮ ਪਠਾਨ ਬਣਾਈ ਸੀ। ਇਹ ਵੀ ਦੇਖਣਯੋਗ ਹੋਵੇਗਾ ਕਿ ਇਹ ਫ਼ਿਲਮ ਕਿਹੋ ਜਿਹਾ ਪ੍ਰਦਰਸ਼ਨ ਕਰੇਗੀ।

ਅਕਸ਼ੈ ਕੁਮਾਰ ਦੀਆਂ ਸਾਲ ਵਿੱਚ ਚਾਰ ਫ਼ਿਲਮਾਂ

ਇੱਕ ਸਾਲ ਵਿੱਚ ਚਾਰ ਫ਼ਿਲਮਾਂ ਕਰਨ ਲਈ ਮਸ਼ਹੂਰ ਅਕਸ਼ੈ ਕੁਮਾਰ ਇਸ ਸਾਲ ਵੀ ਚਾਰ ਫ਼ਿਲਮਾਂ ’ਚ ਨਜ਼ਰ ਆਉਣਗੇ।

ਸਾਲ 2023 ਉਨ੍ਹਾਂ ਦੀਆਂ ਫ਼ਿਲਮਾਂ ਦੇ ਲਈ ਚੰਗਾ ਨਹੀਂ ਰਿਹਾ।

ਇਸ ਸਾਲ ਉਹ ਪੰਜ ਫ਼ਿਲਮਾਂ ਦਾ ਹਿੱਸਾ ਬਣਨਗੇ।

ਸੁਰਰਾਈ ਪੋਤਰੂ ਰੀਮੇਕ

ਅਕਸ਼ੈ ਦੀ ਪਹਿਲੀ ਫ਼ਿਲਮ 2020 ਵਿੱਚ ਬਣੀ ਤਮਿਲ ਫ਼ਿਲਮ ਸੁਰਰਾਈ ਪੋਤਰੂ ਦੀ ਰੀਮੇਕ ਹੋਵੇਗੀ।

ਇਸ ਫ਼ਿਲਮ ਨੂੰ ਪੰਜ ਕੌਮੀ ਸਨਮਾਨ ਵੀ ਮਿਲੇ ਹਨ।

ਇਹ ਫ਼ਿਲਮ ਜੀਆਰ ਗੋਪੀਨਾਥ ਨੇ ਬਣਾਈ ਸੀ, ਉਨ੍ਹਾਂ ਨੇ ਘੱਟ ਲਾਗਤ ਵਿੱਚ ਏਅਰਲਾਈ ਮਿੰਪਲੀਫਾਈ ਫ਼ਿਲਮ ਬਣਾਈ ਸੀ।

ਇਹ ਫ਼ਿਲਮ ਉਨ੍ਹਾਂ ਦੀ ਜ਼ਿੰਦਗੀ ਦੀਆਂ ਘਟਨਾਵਾਂ ਉੱਤੇ ਹੈ।

ਇਹ ਫ਼ਿਲਮ ਫਰਵਰੀ ’ਚ ਰਿਲੀਜ਼ ਹੋਵੇਗੀ।

ਬੜੇ ਮੀਆਂ ਛੋਟੇ ਮੀਆਂ

ਇਸ ਫ਼ਿਲਮ ਵਿੱਚ ਅਕਸ਼ੈ ਕੁਮਾਰ ਦੇ ਨਾਲ ਐਕਸ਼ਨ ਕਰਦੇ ਦਿਖਣਗੇ ਟਾਈਗਰ ਸ਼੍ਰੌਫ।

ਦੱਖਣ ਭਾਰਤੀ ਕਲਾਕਾਰ ਪ੍ਰਿਥਵੀਰਾਜ ਵੀ ਇਸ ਫ਼ਿਲਮ ਵਿੱਚ ਅਹਿਮਾ ਭੂਮਿਕਾ ਨਿਭਾਉਣਗੇ।

ਇਸ ਫ਼ਿਲਮ ਦੇ ਹਦਾਇਤਕਾਰ ਅਲੀ ਅੱਬਾਸ ਜ਼ਫ਼ਰ ਹੋਣਗੇ।

ਸਿੰਘਮ – 3

ਰੋਹਿਤ ਸ਼ੈੱਟੀ ਦੀ ਫ਼ਿਲਮ ਸੂਰਿਆਵੰਸ਼ੀ ਵਿੱਚ ਪੁਲਿਸ ਵਾਲੇ ਦੇ ਕਿਰਦਾਰ ‘ਚ ਨਜ਼ਰ ਆਏ ਅਕਸ਼ੈ ਕੁਮਾਰ ਸਿੰਘਮ – 3 ਵਿੱਚ ਅਜੈ ਦੇਵਗਨ ਦਾ ਸਾਥ ਦੇਣਗੇ।

ਰੋਹਿਤ ਸ਼ੈੱਟੀ ਅਤੇ ਅਜੈ ਦੇਵਗਨ ਦੀ ਸਿੰਘਮ ਸੀਰੀਜ਼ ਦੀ ਤੀਜੀ ਫ਼ਿਲਮ ਵਿੱਚ ਕਈ ਕਲਾਕਾਰ ਹੋਣਗੇ।

ਇਸ ਫ਼ਿਲਮ ਵਿੱਚ ਅਜੈ ਦੇਵਗਨ ਦੇ ਨਾਲ-ਨਾਲ ਅਕਸ਼ੈ ਕੁਮਾਰ, ਕਰੀਨਾ ਕਪੂਰ, ਟਾਈਗਰ ਸ਼੍ਰੌਫ ਅਤੇ ਦੀਪਿਕਾ ਪਾਦੂਕੌਣ ਵੀ ਪੁਲਿਸ ਅਫ਼ਸਰ ਦਾ ਕਿਰਦਾਰ ਨਿਭਾਉਂਦੇ ਦਿਖਣਗੇ।

ਇਸ ਫ਼ਿਲਮ ਦੇ ਪੋਸਟਰ ਵੀ ਆ ਚੁੱਕੇ ਹਨ ਅਤੇ ਦਰਸ਼ਕਾਂ ਨੂੰ ਇਸ ਦੀ ਉਡੀਕ ਹੈ।

ਸਕਾਈ ਫੋਰਸ

ਦੇਸ਼ਭਗਤੀ ਦੀਆਂ ਫ਼ਿਲਮਾਂ ਨਾਲ ਅਕਸਰ ਜੁੜਨ ਵਾਲੇ ਅਕਸ਼ੈ ਕੁਮਾਰ ਦੇਸ਼ ਭਗਤੀ ਫ਼ਿਲਮ ਸਕਾਈ ਫੋਰਸ ਵਿੱਚ ਨਜ਼ਰ ਆਉਣਗੇ। ਫ਼ਿਲਮ ਭਾਰਤੀ ਏਅਰ ਫੋਰਸ ਦੇ ਇਤਿਹਾਸ ਉੱਤੇ ਹੈ।

ਅਕਸ਼ੈ ਕੁਮਾਰ ਇਸ ਵਿੱਚ ਭਾਰਤੀ ਹਵਾਈ ਸੈਨਾ ਦੇ ਕੈਪਟਨ ਦੇ ਰੂਪ ਵਿੱਚ ਦਿਖਣਗੇ।

ਵੈਲਕਮ ਟੂ ਜੰਗਲ

ਸਾਲ ਦੇ ਅੰਤ ਵਿੱਚ ਅਕਸ਼ੈ ਕੁਮਾਰ ਵੈਲਕਮ ਫਿਲਮ ਦੇ ਨਵੇਂ ਸੀਕੁਅਲ ਵੈਲਕਮ ਟੂ ਜੰਗਲ ਵਿੱਚ ਨਜ਼ਰ ਆਉਣਗੇ।

ਇਸ ਫ਼ਿਲਮ ਵਿੱਚ ਅਕਸ਼ੈ ਦੇ ਨਾਲ ਸੰਜੇ ਦੱਤ, ਸੁਨੀਲ ਸ਼ੈੱਟੀ, ਦਿਸ਼ਾ ਪਟਾਨੀ, ਰਵੀਨਾ ਟੰਡਨ, ਲਾਰਾ ਦੱਤਾ, ਜੈਕਲਿਨ ਫਰਨਾਂਡਿਸ, ਪਰੇਸ਼ ਰਾਵਲ, ਅਰਸ਼ਦ ਵਾਰਸੀ, ਜੌਨੀ ਲੀਵਰ, ਰਾਜਪਾਲ ਯਾਦਵ, ਸ਼੍ਰੇਅਸ ਤਲਪੜੇ, ਦਲੇਰ ਮਹਿੰਦੀ ਅਤੇ ਮੀਕਾ ਸਿੰਘ ਵੀ ਨਜ਼ਰ ਆਉਣਗੇ।

ਅਜੇ ਦੇਵਗਨ

ਅਜੇ ਦੇਵਗਨ ਦੀਆਂ ਵੀ 2024 ਵਿੱਚ ਕਈ ਫ਼ਿਲਮਾਂ ਆ ਰਹੀਆਂ ਹਨ।

ਔਰੌਂ ਮੇਂ ਕਹਾਂ ਦਮ ਥਾਂ

ਅਜੈ ਦੇਵਗਨ ਹਦਾਇਤਕਾਰ ਨੀਰਜ ਪਾਂਡੇ ਦੀ ਬਣਾਈ ਰੋਮਾਂਟਿਕ ਡਰਾਮਾ “ਔਰੌਂ ਮੇਂ ਕਹਾਂ ਦਮ ਥਾ” ਵਿੱਚ ਦਿਖਣਗੇ।

ਇਸ ਫ਼ਿਲਮ ਵਿੱਚ ਅਜੇ ਦੇਵਗਨ ਅਤੇ ਤੱਬੂ ਦੀ ਜੋੜੀ ਦਾ ਰੋਮਾਂਸ ਡਰਾਮਾ ਦਿਖੇਗਾ।

ਇਹ ਫ਼ਿਲਮ ਦੂਜੀਆਂ ਭਾਰਤੀ ਭਾਸ਼ਾਵਾਂ ਵਿੱਚ ਵੀ ਰਿਲੀਜ਼ ਹੋਵੇਗੀ।

ਇਹ 26 ਅਪ੍ਰੈਲ ਨੂੰ ਰਿਲੀਜ਼ ਹੋਵੇਗੀ।

ਇਸ ਤੋਂ ਇਲਾਵਾ ਉਨ੍ਹਾਂ ਦੀ ਫ਼ਿਲਮ ਆਜ਼ਾਦ ਵੀ ਸਿਨੇਮਾਘਰਾਂ ਵਿੱਚ ਆਵੇਗੀ। ਇਸ ਫ਼ਿਲਮ ਵਿੱਚ ਉਹ ਰਵੀਨਾ ਟੰਡਨ ਦੀ ਧੀ ਰਾਸ਼ਾ ਥਡਾਨੀ ਨੂੰ ਲੌਂਚ ਕਰਨਗੇ।

ਆਮਿਰ ਖਾਨ ਦੀ ਵਾਪਸੀ

2022 ਵਿੱਚ ਆਈ ਲਾਲ ਸਿੰਘ ਚੱਡਾ ਦੇ ਸਫ਼ਲ ਨਾ ਹੋਣ ਦੀ ਉਦਾਸੀ ਕਾਰਨ ਆਮਿਰ ਖਾਨ ਨੇ ਸੋਸ਼ਲ ਮੀਡੀਆ ਛੱਡ ਦਿੱਤਾ ਸੀ ਅਤੇ ਫ਼ਿਲਮਾਂ ਤੋਂ ਬ੍ਰੇਕ ਲੈ ਲਈ ਸੀ। ਪਰ 2024 ਵਿੱਚ ਉਹ ਨਵੇਂ ਜੋਸ਼ ਅਤੇ ਰੰਗ ਨਾਲ ਵਾਪਸੀ ਕਰਦੇ ਹੋਏ ਦੇਖੇ ਜਾ ਸਕਦੇ ਹਨ।

ਲਾਹੌਰ, 1947

2024 ਵਿੱਚ ਆਮਿਰ ਖਾਨ ਪ੍ਰੋਡਕਸ਼ਨ ਨਾਲ ਹਿਦਾਇਤਕਾਰ ਰਾਜਕੁਮਾਰ ਸੰਤੋਸ਼ੀ ਲਾਹੌਰ 1947 ਲੈ ਕੇ ਆ ਰਹੇ ਹਨ। ਇਸ ਫ਼ਿਲਮ ਵਿੱਚ ਸੰਨੀ ਦਿਓਲ ਦਿਖਣਗੇ, ਆਮਿਰ ਖਾਨ ਬੱਸ ਇਸ ਫ਼ਿਲਮ ਦੇ ਨਿਰਮਾਤਾ ਹੋਣਗੇ।

27 ਸਾਲ ਬਾਅਦ ਰਾਜਕੁਮਾਰ ਸੰਤੋਸ਼ੀ ਅਤੇ ਸੰਨੀ ਦਿਓਲ ਦੀ ਹਿੱਟ ਜੋੜੀ ਫਿਰ ਦਿਖੇਗੀ। ਇਸ ਤੋਂ ਪਹਿਲਾਂ ਉਹ ਘਾਇਲ, ਦਾਮਿਨੀ ਅਤੇ ਘਾਤਕ ਜਿਹੀ ਹਿੱਟ ਫ਼ਿਲਮਾਂ ਬਣਾ ਚੁੱਕੇ ਹਨ।

ਸਿਤਾਰੇ ਜ਼ਮੀਨ ਪਰ

2024 ਵਿੱਚ ਆਮਿਰ ਖ਼ਾਨ ਇੱਕ ਹਦਾਇਤਕਾਰ ਵਜੋਂ ਵੀ ਵਾਪਸੀ ਕਰ ਰਹੇ ਹਨ। ਉਹ ਸਿਤਾਰੇ ਜ਼ਮੀਨ ਪਰ ਬਣਾਉਣਗੇ ਜੋ ਕ੍ਰਿਸਮਸ ’ਤੇ ਰਿਲੀਜ਼ ਹੋਵੇਗੀ।

ਆਮਿਰ ਖ਼ਾਨ ਦੀਆਂ ਕ੍ਰਿਸਮਸ ਮੌਕੇ ਰਿਲੀਜ਼ ਹੋਣ ਵਾਲੀਆਂ ਫ਼ਿਲਮਾਂ ਨੇ ਇਤਿਹਾਸ ਬਣਾਇਆ ਹੈ। ਇਸ ਵਿੱਚ ਗਜਨੀ, 3 ਇਡੀਅਟਸ, ਪੀਕੇ, ਤਾਰੇ ਜ਼ਮੀਨ ਪਰ ਅਤੇ ਧੁਮ 3 ਸ਼ਾਮਲ ਹਨ। ਇਸ ਬਾਰੇ ਹਾਲੇ ਪੁਸ਼ਟੀ ਨਹੀਂ ਹੋਈ ਕਿ ਉਹ ਇਸ ਫ਼ਿਲਮ ਵਿੱਚ ਅਦਾਕਾਰੀ ਕਰਨਗੇ ਜਾਂ ਨਹੀਂ।

ਲ਼ਾਪਤਾ ਲੇਡੀਜ਼

ਆਮਿਰ ਖ਼ਾਨ ਦੀ ਪਤਨੀ ਕਿਰਣ ਰਾਓ ਵੀ ਹਦਾਇਤਕਾਰ ਵਜੋਂ ਵਾਪਸੀ ਕਰ ਰਹੇ ਹਨ। ਉਹ ਕੌਮੇਡੀ ਫਿਲਮ ਲਾਪਤਾ ਲੇਡੀਜ਼ ਬਣਾਉਣਗੇ। ਇਹ ਆਮਿਰ ਖਾਨ ਪ੍ਰੋਡਕਸ਼ਨਜ਼ ਦੀ 11ਵੀਂ ਫ਼ਿਲਮ ਹੋਵੇਗੀ।

ਦੱਖਣ ਭਾਰਤੀ ਫ਼ਿਲਮਾਂ ਦੀ ਗੂੰਜ

ਕਲਿਕ 2898 ਏ ਡੀ-/ ਪ੍ਰੋਜੈਕਟ ਕੇ

ਹਦਾਇਤਕਾਰ ਜਾਗ ਅਸ਼ਵਨੀ ਪੈਨ ਇੰਡੀਆ ਫ਼ਿਲਮ ਕਲਿਕ 2898 ਏਡੀ ਇੱਕ ਮਿੱਥਕ ਸਾਈ-ਫ਼ਾਈ ਫ਼ਿਲਮ ਹੈ।

ਇਸ ਫ਼ਿਲਮ ਵਿੱਚ ਕਈ ਅਦਾਕਾਰ ਹੋਣਗੇ। ਇਸ ਵਿੱਚ ਪ੍ਰਭਾਸ ਮੁੱਖ ਭੂਮਿਕਾ ਵਿੱਚ ਹੋਣਗੇ ਉਨ੍ਹਾਂ ਦੇ ਨਾਲ ਨਾਲ ਅਮਿਤਾਭ ਬੱਚਨ, ਕਮਲ ਹਸਨ, ਦੀਪਿਕਾ ਪਾਦੂਕੋਣ, ਦਿਸ਼ਾ ਪਟਾਨੀ ਅਤੇ ਦਿਲਕਰ ਸਲਮਾਨ ਵੀ ਹੋਣਗੇ।

ਪੁਸ਼ਪਾ 2

ਕੋਵਿਡ ਮਹਾਂਮਾਰੀ ਵਾਲੇ ਸਾਲ ਵਿੱਚ ਦੱਖਣ ਭਾਰਤੀ ਫ਼ਿਲਮ ਪੁਸ਼ਪਾ ਨੇ ਦਰਸ਼ਕਾਂ ਦਾ ਮਨੋਰੰਜਨ ਕਰਕੇ ਪੂਰੇ ਭਾਰਤ ਵਿੱਚ ਬੌਕਸ ਆਫ਼ਿਸ ਦੇ ਨਵੇਂ ਰਿਕਾਰਡ ਬਣਾਏ ਸੀ।

2024 ਵਿੱਚ ਫ਼ਿਲਮ ਦਾ ਅਗਲਾ ਪਾਰਟ ਪੁਸ਼ਪਾ 2: ਦਿ ਰੂਲ ਆਜ਼ਾਦੀ ਦਿਹਾੜੇ ਮੌਕੇ ਰਿਲੀਜ਼ ਹੋਵੇਗਾ। ਲੋਕਾਂ ਵਿੱਚ ਇਸ ਫ਼ਿਲਮ ਪ੍ਰਤੀ ਉਤਸ਼ਾਹ ਹੈ।

ਕੰਤਾਰਾ ਚੈਪਟਰ 1

2022 ਵਿੱਚ, ਕੰਨੜ ਫਿਲਮ ਕੰਤਾਰਾ ਨੇ ਹਲਚਲ ਮਚਾ ਦਿੱਤੀ ਸੀ। ਇਸ ਫਿਲਮ ਦਾ ਇੱਕ ਹਿੱਸਾ 2024 ਵਿੱਚ ਕੰਤਾਰਾ ਚੈਪਟਰ 1 ਦੇ ਨਾਮ ਨਾਲ ਆਵੇਗਾ ਜੋ ਕੰਤਾਰਾ ਫਿਲਮ ਦੀ ਕਹਾਣੀ ਤੋਂ ਵੀ ਪਹਿਲਾਂ ਦੀ ਕਹਾਣੀ ‘ਤੇ ਆਧਾਰਤ ਹੋਵੇਗਾ।

ਇਸ ਫ਼ਿਲਮ ਦੇ ਹਦਾਇਤਕਾਰ ਰਿਸ਼ਭ ਸ਼ੈੱਟੀ ਹੋਣਗੇ ਉਹ ਇਸ ਵਿੱਚ ਅਦਾਕਾਰੀ ਕਰਦੇ ਵੀ ਦਿਖਣਗੇ।

ਇੰਡੀਅਨ ਟੂ

ਐੱਸ ਸ਼ੰਕਰ ਵੱਲੋਂ 1996 ਵਿੱਚ ਬਣਾਈ ਫ਼ਿਲਮ ਇੰਡੀਅਨ ਦਾ ਅਗਲਾ ਭਾਗ ਇੰਡੀਅਨ 2 27 ਸਾਲ ਬਾਅਦ ਆਵੇਗਾ। ਕਮਲ ਹਸਨ ਇੱਕ ਵਾਰੀ ਫਿਰਲ ਸੈਨਾਪਤੀ ਦੇ ਰੂਪ ਵਿੱਚ ਦਿਖਣਗੇ।

ਫ਼ਿਲਮਾਂ ਦੇ ਅਗਲੇ ਭਾਗਾਂ ਦਾ ਇੰਤਜ਼ਾਰ

ਸਤ੍ਰੀ 2

2018 ਵਿੱਚ ਆਈ ਕੌਮੇਡੀ ਹੌਰਰ ਫ਼ਿਲਮ ਸਤ੍ਰੀ ਦਾ ਦੂਜਾ ਭਾਗ 2024 ਵਿੱਚ ਅਗਸਤ ਦੇ ਮਹੀਨੇ ਅਵੇਗਾ।

ਇਸ ਫ਼ਿਲਮ ਦੇ ਹਦਾਇਤਕਾਰ ਅਮਰ ਕੌਸ਼ਿਕ ਹੋਣਗੇ। ਇਸ ਫ਼ਿਲਮ ਵਿੱਚ ਸ਼ਰਧਾ ਕਪੂਰ, ਰਾਜਕੁਮਾਰ ਰਾਓ, ਪੰਕਜ ਤ੍ਰਿਪਾਠੀ, ਅਭਿਸ਼ੇਕ ਬੈਨਰਜੀ ਅਤੇ ਅਪਾਰਸ਼ਕਤੀ ਖ਼ੁਰਾਨਾ ਹੋਣਗੇ।

ਮੈਟ੍ਰੋ ਇਨ ਦਿਨੋਂ

2007 ਵਿੱਚ ਆਈ ਅਨੁਰਾਗ ਬਾਸੂ ਦੀ ਫ਼ਿਲਮ ਲਾਈਫ਼ ਇਨ ਮੈਟ੍ਰੋ ਦਾ ਦੂਜਾ ਭਾਗ ਮੈਟ੍ਰੋ ਇਨ ਦਿਨੋਂ 2024 'ਚ ਆਵੇਗਾ।

ਇਸ ਫ਼ਿਲਮ ਵਿੱਚ ਆਦਿੱਤਿਆ ਰਾਏ ਕਪੂਰ, ਸਾਰਾ ਅਲੀ ਖ਼ਾਨ, ਅਨੁਪਮ ਖੇਰ, ਨੀਨਾ ਗੁਪਤਾ, ਪੰਕਜ ਤ੍ਰਿਪਾਠੀ, ਕੌਂਕਣਾ ਸੇਨ ਸ਼ਰਮਾ, ਅਲੀ ਫ਼ਜ਼ਲ ਅਤੇ ਫ਼ਾਤਿਮਾ ਸਨਾ ਸ਼ੇਖ਼ ਨਜ਼ਰ ਆਉਣਗੇ।

ਐੱਲਐਸਡੀ 2

ਦਿਬਾਕਰ ਬੈਨਰਜੀ ਦੀ 2010 ਵਿੱਚ ਆਈ ਫ਼ਿਲਮ ਲਵ ਸੈਕਸ ਐਂਡ ਧੋਖਾ ਨੇ ਹਿੰਦੀ ਸਿਨਮਾ ਦੀ ਰਾਜਕੁਮਾਰ ਰਾਓ ਨਾਲ ਜਾਣ ਪਛਾਣ ਕਰਵਾਈ ਸੀ।

ਹੁਣ ਹਦਾਇਤਕਾਰ ਦਿਬਾਕਰ ਬੈਨਰਜੀ ਨਿਰਮਾਤਾ ਏਕਤਾ ਕਪੂਰ ਨਾਲ ਰਲਕੇ ਐੱਲਐੱਸਡੀ 2 ਲਿਆ ਰਹੇ ਹਨ।

ਰਾਜਨੀਤਕ ਗਰਮੀ ਵਾਲੀਆਂ ਫ਼ਿਲਮਾਂ

2024 ਵਿੱਚ ਲੋਕ ਸਭਾ ਚੋਣਾ ਹੋਣਗੀਆਂ ਇਸੇ ਸਾਲ ਸਿਆਸੀ ਵਿਸ਼ਿਆਂ ’ਤੇ ਆ ਰਹੀਆਂ ਇਹ ਫ਼ਿਲਮਾਂ ਵੀ ਇਸ ਮਾਹੌਲ ਨੂੰ ਹੋਰ ਗਰਮ ਕਰ ਸਕਦੀਆਂ ਹਨ।

ਮੈਂ ਅਟਲ ਹੂੰ

ਸਾਲ ਦੀ ਸ਼ੁਰੂਆਤ ਵਿੱਚ ਕੌਮੀ ਸਨਮਾਨ ਜੇਤੂ ਹਦਾਇਤਕਾਰ ਰਵੀ ਜਾਧਵ ਦੀ ਫ਼ਿਲਮ ਮੈਂ ਅਟਲ ਹੂੰ ਆ ਰਹੀ ਹੈ।

ਇਹ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪੇਈ ਦੀ ਜੀਵਨੀ ਉੱਤੇ ਅਧਾਰਤ ਹੈ।

ਇਸ ਫ਼ਿਲਮ ਵਿੱਚ ਪੰਕਜ ਤ੍ਰਿਪਾਠੀ ਮੁੱਖ ਭੂਮਿਕਾ ਵਿੱਚ ਹੋਣਗੇ। ਇਹ ਫ਼ਿਲਮ 19 ਜਨਵਰੀ ਨੂੰ ਰਿਲੀਜ਼ ਹੋਵੇਗੀ।

ਸਵੰਤਤਰ ਵੀਰ ਸਾਵਰਕਾਰ

ਰਣਦੀਪ ਹੁੱਡਾ ਦੀ ਹਦਾਇਤਕਾਰੀ ਹੇਠ ਬਣ ਰਹੀ ਇਹ ਫ਼ਿਲਮ ਆਜਾਦੀ ਘੁਲਾਟੀਏ ਵੀਰ ਸਾਵਰਕਰ ਦੀ ਕਹਾਣੀ ਹੈ।

ਰਣਦੀਪ ਹੁੱਡਾ ਇਸ ਫ਼ਿਲਮ ਵਿੱਚ ਵੀਰ ਸਾਵਰਕਰ ਦਾ ਕਿਰਦਾਰ ਨਿਭਾਉਣਗੇ। ਇਸ ਵਿੱਚ ਅੰਕਿਤਾ ਲੋਖੰਡੇ ਅਤੇ ਅਮਿਤ ਸਿਆਲ ਵੀ ਮੁੱਖ ਭੂਮਿਕਾ ਵਿੱਚ ਹੋਣਗੇ।

ਦਿ ਦਿੱਲੀ ਫਾਈਲਸ

ਦ ਕਸ਼ਮੀਰ ਫਾਈਲਸ ਦੇ ਸਫ਼ਲ ਹੋਣ ਤੋਂ ਬਾਅਦ ਇਸੇ ਸੀਰੀਜ਼ ਵਿੱਚ ਹਦਾਇਤਕਾਰ ਅਤੇ ਨਿਰਮਾਤਾ ਵਿਵੇਕ ਅਗਨੀਹੋਤਰੀ ਦਿ ਦਿੱਲੀ ਫਾਈਲਸ ਲਿਆ ਰਹੇ ਹਨ।

ਇਸ ਵਿੱਚ 2020 ਵਿੱਚ ਸੀਏਏ ਅਤੇ ਐਨਆਰਸੀ ਦੇ ਵਿਰੋਧ ਵਿੱਚ ਦਿੱਲੀ ਵਿੱਚ ਹੋਈ ਹਿੰਸਾ ਦੀ ਕਹਾਣੀ ਦੱਸੀ ਜਾਵੇਗੀ। ਇਹ ਫ਼ਿਲਮ 2024 ਵਿੱਚ ਰਿਲੀਜ਼ ਹੋਵੇਗੀ।

ਬਸਤਰ: ਦ ਨਕਸਲ ਸਟੋਰੀ

ਦ ਕੇਰਲਾ ਸਟੋਰੀ ਦੇ ਸਫ਼ਲ ਹੋਣ ਤੋਂ ਬਾਅਦ ਨਿਰਮਾਤਾ ਵਿਪੁਰ ਅਮ੍ਰਿਤਲਾਲ ਸ਼ਾਹ ਹਦਾਇਤਕਾਰ ਸੁਦੀਪਤੋ ਸੇਨ ਦੇ ਨਾਲ ਨਕਸਲ ਦੀ ਸੰਵੇਦਨਸ਼ੂਲ ਕਹਾਣੀ ਵੱਡੇ ਪਰਦੇ ’ਤੇ ਲਿਆਉਣਗੇ। ਫ਼ਿਲਮ ਵਿੱਚ ਇੱਕ ਵਾਰੀ ਫਿਰਲ ਅਦਾ ਸ਼ਰਮਾ ਅਹਿਮ ਭੂਮਿਕਾ ਵਿੱਚ ਹੋਣਗੇ।

ਨਵੀਂ ਪੀੜ੍ਹੀ ਲਈ ਫ਼ਿਲਮਾਂ

ਚੰਦੂ ਚੈਂਪੀਅਨ

ਭੂਲ ਭੂਲੱਈਆਂ 2 ਨਾਲ ਚਰਚਾ ਵਿੱਚ ਆਏ ਕਾਰਤਿਕ ਆਰਿਅਨ ਚੰਦੂ ਚੈਂਪਿਅਨ ਵਿੱਚ ਅਸਧਾਰਣ ਅਸਲ ਜ਼ਿੰਦਗੀ ਤੋਂ ਪ੍ਰੇਰਿਤ ਫ਼ਿਲਮ ਵਿੱਚ ਦੇਖੇ ਜਾ ਸਕਣਗੇ। ਫ਼ਿਲਮ ਦੇ ਹਦਾਇਤਕਾਰ ਕਬੀਰ ਖ਼ਾਨ ਹਨ ।

ਇਹ ਫ਼ਿਲਮ 14 ਜੂਨ ਨੂੰ ਰਿਲੀਜ਼ ਹੋਵੇਗੀ।

ਯੋਧਾ

ਸ਼ੇਰਸ਼ਾਹ ਵਿੱਚ ਕਾਰਗਿਲ ਦੇ ਹੀਰੋ ਵਿਕਰਮ ਬਤਰਾ ਦਾ ਕਿਰਦਾਰ ਨਿਭਾਅ ਕੇ ਕਲਾਕਾਰ ਸਿਧਾਰਥ ਮਲਹੋਤਰਾ ਨੂੰ ਦਰਸ਼ਕਾਂ ਤੋਂ ਪਿਆ ਮਿਲਿਆ ਹੈ। ਉਨ੍ਹਾਂ ਦੀ ਐਕਸ਼ਨ ਫਿਲਮ ਯੋਧਾ 15 ਮਾਰਚ ਨੂੰ ਰਿਲੀਜ਼ ਹੋਵੇਗੀ।

ਵੀ ਡੀ 18

ਜਵਾਨ ਵਿੱਚ ਸ਼ਾਹਰੁਖ਼ ਖਾਨ ਨੂੰ ਅਲੱਗ ਰੂਪ ਵਿੱਚ ਪੇਸ਼ ਕਰਨ ਵਾਲੇ ਹਦਾਇਤਕਾਰ ਐਟਲੀ ਆਪਣੀ ਅਗਲੀ ਫਿਲਮ ਵੀ ਡੀ 18 ਵਿੱਚ ਵਰੁਣ ਧਵਨ ਨੂੰ ਨਵਾਂ ਰੂਪ ਦੇਣਗੇ। ਫ਼ਿਲਮ ਵਿੱਚ ਵਾਮਿਕਾ ਗੱਬੀ ਅਤੇ ਕੀਰਤੀ ਸੁਦੇਸ਼ ਵੀ ਹੋਣਗੇ।

ਔਰਤਾਂ ਦੀ ਮੁੱਖ ਭੂਮਿਕਾ ਵਾਲੀਆਂ ਫ਼ਿਲਮਾਂ

ਦ ਕ੍ਰੂ

ਹਦਾਇਤਕਾਰ ਰਾਜੇਸ਼ ਕ੍ਰਿਸ਼ਣਨ ਦੀ ਹਦਾਇਤਕਾਰੀ ਹੇਠ ਕਰੀਨਾ ਕਪੂਰ, ਤੱਬੂ ਅਤੇ ਕ੍ਰਿਤੀ ਸੇਨਨ ਫ਼ਿਲਮ “ਦ ਕ੍ਰੂ” ਦੇ ਨਾਲ ਆਉਣਗੇ। ਪਹਿਲੀ ਵਾਰੀ ਤਿੰਨ ਅਦਾਕਾਰਾਵਾਂ ਰਲ ਕੇ ਇੱਕ ਫ਼ਿਲਮ ਵਿੱਚ ਮੁੱਖ ਭੂਮਿਕਾ ਨਿਭਾਅ ਰਹੀਆਂ ਹਨ।

ਫ਼ਿਲਮ ਵਿੱਚ ਕਪਿਲ ਸ਼ਰਮਾ ਅਤੇ ਦਿਲਜੀਤ ਦੋਸਾਂਝ ਵੀ ਹੋਣਗੇ।

ਫ਼ਿਲਮ 2024 ਵਿੱਚ ਰਿਲੀਜ਼ ਹੋਵੇਗੀ।

ਦ ਬਕਿੰਘਮ ਮਰਡਰਸ

ਕਰੀਨਾ ਕਪੂਰ ਇਕ ਸਹਿ ਨਿਰਮਾਤਾ ਵਜੋਂ ਫ਼ਿਲਮ ਬਕਿੰਘਮ ਮਰਡਰਸ ਨਾਲ ਆਪਣਾ ਸਫ਼ਰ ਸ਼ੁਰੂ ਕਰ ਰਹੇ ਹਨ। ਇਸ ਥ੍ਰਿਲਰ ਫ਼ਿਲਮ ਦੀ ਹਦਾਇਤਕਾਰੀ ਹੰਸਲ ਮਹਿਤਾ ਕਰ ਰਹੇ ਹਨ।

ਫ਼ਿਲਮ ਦਾ ਪਹਿਲਾ ਪੋਸਟਰ ਆ ਚੁੱਕਾ ਹੈ। ਫ਼ਿਲਮ 2024 ਵਿੱਚ ਰਿਲੀਜ਼ ਹੋਵੇਗੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)