You’re viewing a text-only version of this website that uses less data. View the main version of the website including all images and videos.
ਡੌਨਲਡ ਟਰੰਪ: ਅਮਰੀਕਾ ਦੇ ਵਿਸ਼ਵ ਸਿਹਤ ਸੰਗਠਨ ਤੋਂ ਬਾਹਰ ਹੋਣ ਦਾ ਕੀ ਅਸਰ ਪਵੇਗਾ,ਕੀ ਆਉਣਗੀਆਂ ਦਿੱਕਤਾਂ
- ਲੇਖਕ, ਐਨਾ ਫੈਗੇ, ਡੋਮਿਨਿਕ ਹਿਊਗਜ਼
- ਰੋਲ, ਬੀਬੀਸੀ ਪੱਤਰਕਾਰ
ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਅਮਰੀਕਾ ਨੂੰ ਵਿਸ਼ਵ ਸਿਹਤ ਸੰਗਠਨ (ਡਬਲਿਊਐੱਚਓ) ਵਿੱਚੋਂ ਬਾਹਰ ਕੱਢਣ ਲਈ ਐਗਜ਼ੈਕੇਟਿਵ ਆਰਡਰਾਂ (ਕਾਰਜਕਾਰੀ ਹੁਕਮ) ਉੱਤੇ ਰਾਸ਼ਟਰਪਤੀ ਦੀ ਸਹੁੰ ਚੁੱਕਦਿਆਂ ਹੀ ਦਸਤਖ਼ਤ ਕਰ ਦਿੱਤੇ ਹਨ।
ਟਰੰਪ ਨੇ ਵ੍ਹਾਈਟ ਹਾਊਸ ਵਿੱਚ ਪਹੁੰਚਦਿਆਂ ਇਸ ਦਸਤਾਵੇਜ਼ ਉੱਤੇ ਦਸਤਖ਼ਤ ਕਰਦਿਆਂ ਕਿਹਾ, "ਓਹ, ਦੈਟ ਇਜ਼ ਬਿੱਗ ਵਨ'।
ਇਹ ਟਰੰਪ ਵੱਲੋਂ ਰਾਸ਼ਟਰਪਤੀ ਬਣਦਿਆਂ ਹੀ ਪ੍ਰਵਾਨ ਕੀਤੇ ਗਏ ਦਰਜਨਾਂ ਹੁਕਮਾਂ ਵਿੱਚੋਂ ਇੱਕ ਹੈ।
ਇਹ ਦੂਜੀ ਵਾਰ ਹੈ, ਜਦੋਂ ਟਰੰਪ ਨੇ ਵਿਸ਼ਵ ਸਿਹਤ ਸੰਗਠਨ ਵਿੱਚੋਂ ਅਮਰੀਕਾ ਦੇ ਬਾਹਰ ਨਿਕਲਣ ਬਾਰੇ ਹੁਕਮ ਦਿੱਤਾ।
ਟਰੰਪ ਇਸ ਕੌਮਾਂਤਰੀ ਸੰਗਠਨ ਵੱਲੋਂ ਕੋਵਿਡ-19 ਦੌਰਾਨ ਚੁੱਕੇ ਗਏ ਕਦਮਾਂ ਦੀ ਨਿਖੇਧੀ ਕਰ ਚੁੱਕੇ ਹਨ।
ਉਨ੍ਹਾਂ ਨੇ ਜਨੇਵਾ ਵਿਚਲੀ ਇਸ ਸੰਸਥਾ ਵਿੱਚੋਂ ਅਮਰੀਕਾ ਨੂੰ ਬਾਹਰ ਕੱਢਣ ਦੀ ਪ੍ਰਕਿਰਿਆ ਕੋਵਿਡ ਮਹਾਮਾਰੀ ਦੌਰਾਨ ਸ਼ੁਰੂ ਕੀਤੀ ਸੀ।
ਪਰ ਉਨ੍ਹਾਂ ਤੋਂ ਬਾਅਦ ਸੱਤਾ ਵਿੱਚ ਆਏ ਰਾਸ਼ਟਰਪਤੀ ਜੋਅ ਬਾਇਡਨ ਨੇ ਇਹ ਫ਼ੈਸਲਾ ਪਲਟ ਦਿੱਤਾ ਸੀ।
ਇਸ ਕਾਰਵਾਈ ਦਾ ਟਰੰਪ ਦੇ ਕਾਰਜਕਾਲ ਦੇ ਪਹਿਲੇ ਹੀ ਦਿਨ ਕੀਤੇ ਜਾਣਾ ਇਸ ਗੱਲ ਦੀ ਸੰਭਾਵਨਾ ਵਧਾਉਂਦਾ ਹੈ ਕਿ ਅਮਰੀਕਾ ਰਸਮੀ ਤੌਰ ਉੱਤੇ ਇਸ ਵਿੱਚੋਂ ਬਾਹਰ ਹੋ ਜਾਵੇਗਾ।
ਟਰੰਪ ਨੇ ਓਵਲ ਆਫਿਸ ਵਿੱਚ ਵਿਸ਼ਵ ਸਿਹਤ ਸੰਗਠਨ ਬਾਰੇ ਗੱਲ ਕਰਦਿਆਂ ਕਿਹਾ, "ਉਹ ਸਾਡੀ ਵਾਪਸੀ ਚਾਹੁੰਦੇ ਸਨ, ਅਸੀਂ ਦੇਖਾਂਗੇ ਕੀ ਹੁੰਦਾ ਹੈ।"
ਟਰੰਪ ਵੱਲੋਂ ਪ੍ਰਵਾਨ ਕੀਤੇ ਗਏ ਹੁਕਮ ਵਿੱਚ ਅਮਰੀਕਾ ਦੇ ਬਾਹਰ ਹੋਣ ਦਾ ਕਾਰਨ ਲਿਖਿਆ ਗਿਆ।
ਇਸ ਵਿੱਚ ਕਿਹਾ ਗਿਆ ਕਿ ਇਸ ਦਾ ਕਾਰਨ ਹੈ, 'ਸੰਸਥਾ ਵੱਲੋ ਕੋਵਿਡ 19 ਮਹਾਂਮਾਰੀ, ਜੋ ਕਿ ਵੁਹਾਨ ਚੀਨ ਤੋਂ ਸ਼ੁਰੂ ਹੋਈ, ਨਾਲ ਸਹੀ ਤਰੀਕੇ ਨਾਲ ਨਾ ਨਜਿੱਠਣਾ ਅਤੇ ਹੋਰ ਕੌਮਾਂਤਰੀ ਸਿਹਤ ਸੰਕਟ, ਇਸ ਦਾ ਸੁਧਾਰ ਨਾ ਕਰ ਸਕਣਾ ਅਤੇ ਇਸ ਵੱਲੋਂ ਡਬਲਿਊਐੱਚਓ ਦੀਆਂ ਮੈਂਬਰ ਸੰਸਥਾਵਾਂ ਤੋਂ ਆਪਣੀ ਸੁਤੰਰਤਾ ਨਾ ਜ਼ਾਹਰ ਕਰ ਸਕਣਾ।'
ਇਸ ਐਗਜ਼ੈਕਟਿਵ ਆਰਡਰ ਵਿੱਚ ਕਿਹਾ ਗਿਆ ਕਿ ਅਮਰੀਕਾ ਦੇ ਬਾਹਰ ਜਾਣ ਦਾ ਫ਼ੈਸਲਾ ਅਮਰੀਕਾ ਵੱਲੋਂ ਵਿਸ਼ਵ ਸਿਹਤ ਸੰਸਥਾ ਨੂੰ ਕੀਤੀ ਗਈ ਵੱਡੀ ਰਕਮ ਅਦਾਇਗੀ ਦਾ ਵੀ ਨਤੀਜਾ ਹੈ, ਜੋ ਕਿ ਜੋ ਬਾਕੀ ਦੇਸ਼ਾਂ ਦੇ ਮੁਕਾਬਲੇ ਕਿਤੇ ਵੱਧ ਹੈ।
ਟਰੰਪ ਨੇ ਆਪਣੇ ਪਿਛਲੇ ਕਾਰਜਕਾਲ ਦੌਰਾਨ ਇਸ ਸੰਸਥਾ ਦੇ ਕੋਵਿਡ ਮਹਾਮਾਰੀ ਦੌਰਾਨ 'ਚੀਨ ਕੇਂਦਰਤ' ਹੋਣ ਦੇ ਇਲਜ਼ਾਮ ਲਾਏ ਸਨ।
ਟਰੰਪ ਨੇ ਇਲਜ਼ਾਮ ਲਾਏ ਸਨ ਕਿ ਮਹਾਂਮਾਰੀ ਦੌਰਾਨ ਆਪਣੀਆਂ ਹਦਾਇਤਾਂ ਜਾਰੀ ਕਰਨ ਵਿੱਚ ਸੰਸਥਾ ਚੀਨ ਦੇ ਪੱਖ ਵਿੱਚ ਸੀ।
ਬਾਇਡਨ ਦੇ ਕਾਰਜਕਾਲ ਦੌਰਾਨ ਅਮਰੀਕਾ ਵਿਸ਼ਵ ਸਿਹਤ ਸੰਗਠਨ ਨੂੰ ਸਭ ਤੋਂ ਵੱਧ ਫੰਡ ਦੇਣ ਵਾਲਾ ਮੁਲਕ ਬਣਿਆ ਰਿਹਾ। ਸਾਲ 2023 ਵਿੱਚ ਸੰਸਥਾ ਦੇ ਬਜਟ ਦਾ ਪੰਜਵਾਂ ਹਿੱਸਾ ਅਮਰੀਕਾ ਵੱਲੋ ਦਿੱਤਾ ਗਿਆ ਸੀ।
ਇਸ ਸੰਸਥਾ ਦਾ ਸਲਾਨਾ ਬਜਟ 6.8 ਬਿਲੀਅਨ ਡਾਲਰ ਹੈ।
ਸਿਹਤ ਮਾਹਰਾਂ ਵੱਲੋਂ ਟਰੰਪ ਦੇ ਇਸ ਫ਼ੈਸਲੇ ਦੀ ਨਿਖੇਧੀ ਕੀਤੀ ਗਈ ਹੈ।
ਉਨ੍ਹਾਂ ਨੇ ਇਹ ਵੀ ਚੇਤਾਵਨੀ ਦਿੱਤੀ ਕਿ ਇਸ ਦਾ ਅਮਰੀਕੀ ਲੋਕਾਂ ਦੀ ਸਿਹਤ ਉੱਤੇ ਅਸਰ ਪੈ ਸਕਦਾ ਹੈ।
ਕਈਆਂ ਨੇ ਇਹ ਵੀ ਸੁਝਾਅ ਦਿੱਤਾ ਹੈ ਕਿ ਇਹ ਅਮਰੀਕਾ ਵੱਲੋਂ ਲਾਗ ਵਾਲੀਆਂ ਬਿਮਾਰੀਆਂ ਜਿਵੇਂ ਮਲੇਰੀਆ, ਟਿਊਬਰਕਲੋਸਿਸ, ਅਤੇ ਏਡਜ਼ ਨੂੰ ਕਾਬੂ ਕਰਨ ਵਿੱਚ ਕੀਤੇ ਯਤਨਾਂ ਉੱਤੇ ਵੀ ਅਸਰ ਕਰ ਸਕਦਾ ਹੈ।
ਮਾਹਰ ਕੀ ਕਹਿ ਰਹੇ?
ਆਸ਼ੀਸ਼ ਝਾਅ ਜੋ ਬਾਇਡਨ ਦੇ ਅਧੀਨ ਕੋਵਿਰ 19 ਰਿਸਪਾਂਸ ਕੋਆਰਡੀਨੇਟਰ ਵਜੋਂ ਕੰਮ ਕਰ ਚੁੱਕੇ ਹਨ।
ਉਨ੍ਹਾਂ ਨੇ ਪਹਿਲਾਂ ਹੀ ਚੇਤਾਵਨੀ ਦਿੱਤੀ ਸੀ ਕਿ, "ਇਹ ਨਾ ਸਿਰਫ਼ ਪੂਰੀ ਦੁਨੀਆਂ ਵਿੱਚ ਰਹਿੰਦੇ ਲੋਕਾਂ ਨੂੰ ਨੁਕਸਾਨ ਪਹੁੰਚਾਏਗਾ ਬਲਕਿ ਅਮਰੀਕਾ ਦੀ ਅਗਵਾਈ ਅਤੇ ਇਸ ਦੀ ਵਿਗਿਆਨਕ ਸਮਰੱਥਾ ਉੱਤੇ ਵੀ ਅਸਰ ਕਰੇਗਾ।"
ਜੌਰਜਟਾਊਨ ਯੂਨੀਵਰਸਿਟੀ ਵਿੱਚ ਪ੍ਰੋਫ਼ੈਸਰ, ਲਾਰੈਂਸ ਗੋਸਟਿਨ ਨੇ ਕਿਹਾ, "ਇਹ ਇੱਕ ਵੱਡੇ ਪੱਧਰ ਦਾ ਫ਼ੈਸਲਾ ਹੈ, ਅਮਰੀਕਾ ਦਾ ਬਾਹਰ ਜਾਣਾ ਵਿਸ਼ਵ ਦੇ ਨਾਲ-ਨਾਲ ਅਮਰੀਕਾ ਲਈ ਵੀ ਗੰਭੀਰ ਜ਼ਖ਼ਮ ਵਾਂਗ ਹੋਵੇਗਾ।"
ਵਿਸ਼ਵ ਸਿਹਤ ਸੰਸਥਾ ਨੇ ਕੀ ਕਿਹਾ
ਰਾਇਟਰਜ਼ ਦੀ ਖ਼ਬਰ ਮੁਤਾਬਕ ਵਿਸ਼ਵ ਸਿਹਤ ਸੰਸਥਾ ਵੱਲੋਂ ਇਨ੍ਹਾਂ ਇਲਜ਼ਾਮਾਂ ਨੂੰ ਰੱਦ ਕੀਤਾ ਜਾ ਚੁੱਕਾ ਹੈ।
ਇਸ ਦਾ ਕਹਿਣਾ ਹੈ ਕਿ ਉਸ ਵੱਲੋਂ ਬੀਜਿੰਗ ਉੱਤੇ ਡੇਟਾ ਸਾਂਝਾ ਕਰਨ ਲਈ ਲਗਾਤਾਰ ਦਬਾਅ ਬਣਾਇਆ ਜਾ ਰਿਹਾ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਕੋਵਿਡ ਇਸੇ ਇਨਸਾਨ ਦੇ ਲਾਗ ਵਾਲੇ ਜਾਨਵਰ ਦੇ ਸੰਪਰਕ ਵਿੱਚ ਆਉਣ ਤੋਂ ਬਾਅਦ ਜਾਂ ਕਿਸੇ ਲੈਬ ਵਿੱਚ ਅਜਿਹੇ ਵਾਇਰਸ ਵਿੱਚ ਅਧਿਐਨ ਦੌਰਾਨ।
ਵਿਸ਼ਵ ਸਿਹਤ ਸੰਗਠਨ ਨੂੰ ਫੰਡ ਕੌਣ ਦਿੰਦਾ ਹੈ?
ਵਿਸ਼ਵ ਸਿਹਤ ਸੰਸਥਾ ਨੂੰ ਬਿਲ ਐਂਡ ਮਲਿੰਡਾ ਫਾਊਂਡੇਸ਼ਨ ਤੇ ਗਲੋਬਲ ਵੈਕਸੀਨ ਗਰੁੱਪ, ਯੂਰਪੀ ਕਮਿਸ਼ਨ ਅਤੇ ਵਰਲਡ ਬੈਂਕ ਵੱਲੋਂ ਵੀ ਫੰਡ ਮਿਲਦੇ ਹਨ।ਜਰਮਨੀ ਵੱਲੋਂ ਇਸ ਵਿੱਚ 3 ਫ਼ੀਸਦੀ ਹਿੱਸਾ ਪਾਇਆ ਜਾਂਦਾ ਹੈ।
ਚੀਨ ਨੇ ਕੀ ਪ੍ਰਤੀਕਿਰਿਆ ਦਿੱਤੀ?
ਰਾਇਟਰਜ਼ ਦੀ ਖ਼ਬਰ ਮੁਤਾਬਕ, ਇਸ ਉੱਤੇ ਪੁੱਛੇ ਗਏ ਇੱਕ ਸਵਾਲ ਬਾਰੇ ਚੀਨ ਦੇ ਵਿਦੇਸ਼ ਮੰਤਰਾਲੇ ਨੇ ਇੱਕ ਪ੍ਰੈੱਸ ਵਾਰਤਾ ਦੌਰਾਨ ਕਿਹਾ ਕਿ ਵਿਸ਼ਵ ਸਿਹਤ ਸੰਗਠਨ ਦੀ ਭੂਮਿਕਾ ਨੂੰ ਹੋਰ ਤਾਕਤਵਰ ਬਣਾਉਣ ਦੀ ਲੋੜ ਹੈ ਨਾ ਕਿ ਕਮਜ਼ੋਰ।
ਮੰਤਰਾਲੇ ਦੇ ਬੁਲਾਰੇ ਨੇ ਕਿਹਾ, "ਚੀਨ ਵਿਸ਼ਵ ਸਿਹਤ ਸੰਗਠਨ ਨੂੰ ਸਹਿਯੋਗ ਦਿੰਦਾ ਰਹੇਗਾ ਤਾਂ ਜੋ ਇਹ ਆਪਣੀਆਂ ਜ਼ਿੰਮੇਵਾਰੀਆਂ ਨਿਭਾਅ ਸਕੇ।
ਐਗਜ਼ੈਕੇਟਿਵ ਆਰਡਰ ਯਾਨਿ ਕਾਰਜਕਾਰੀ ਹੁਕਮ ਕੀ ਹੁੰਦੇ ਹਨ?
ਅਮਰੀਕਾ ਕੋਈ ਵੀ ਰਾਸ਼ਟਰਪਤੀ ਜੋ ਸਰਕਾਰੀ ਨੀਤੀ ਉੱਤੇ ਆਪਣੀ ਛਾਪ ਛੱਡਣੀ ਚਾਹੁੰਦਾ ਹੈ। ਉਸ ਦੇ ਲਈ ਐਗਜ਼ੈਕੇਟਿਵ ਆਰਡਰ ਯਾਨਿ ਕਾਰਜਕਾਰੀ ਹੁਕਮ ਇੱਕ ਮਹੱਤਵਪੂਰਨ ਜ਼ਰੀਆ ਹੈ।
ਇਹ ਰਾਸ਼ਟਰਪਤੀ ਦੇ ਵੱਲੋਂ ਸੰਘ ਸਰਕਾਰ ਨੂੰ ਜਾਰੀ ਕੀਤਾ ਗਿਆ ਇੱਕ ਲਿਖਤ ਹੁਕਮ ਹੈ ਜਿਸਦੇ ਲਈ ਕਾਂਗਰਸ ਦੀ ਮਨਜ਼ੂਰੀ ਦੀ ਲੋੜ ਨਹੀਂ ਹੁੰਦੀ।
ਇਹ ਹੁਕਮ ਕਿਸੇ ਨੀਤੀ ਵਿੱਚ ਉਲਟਫੇਰ ਤੋਂ ਲੈ ਕੇ ਸਧਾਰਣ ਸਰਕਾਰੀ ਕੰਮ ਤੱਕ ਦੇ ਬਾਰੇ ਹੋ ਸਕਦਾ ਹੈ। ਮਸਲਨ 2017 ਵਿੱਚ ਦੋ ਵਿਵਾਦਿਤ ਤੇਲ ਪਾਈਪਲਾਈਨਾਂ ਦੇ ਨਿਰਮਾਣ ਦੇ ਲਈ ਟਰੰਪ ਦੀ ਮਨਜ਼ੂਰੀ ਅਤੇ ਉਸ ਤੋਂ ਪਹਿਲਾਂ 2015 ਵਿੱਚ ਕ੍ਰਿਸਮਸ ਤੋਂ ਇੱਕ ਦਿਨ ਪਹਿਲਾਂ ਦੀ ਸ਼ਾਮ ਨੂੰ ਸਰਕਾਰੀ ਮਹਿਕਮਿਆਂ ਦੇ ਲਈ ਅੱਧੇ ਦਿਨ ਦੀ ਛੁੱਟੀ ਦੇ ਲਈ ਬਰਾਕ ਓਬਾਮਾ ਦੇ ਹੁਕਮ।
ਕਾਰਜਕਾਰੀ ਹੁਕਮ ਜਾਰੀ ਕਰਨ ਦਾ ਹੱਕ ਅਮਰੀਕੀ ਸੰਵਿਧਾਨ ਦੀ ਦੂਜੀ ਧਾਰਾ ਵਿੱਚ ਦਿੱਤਾ ਗਿਆ ਹੈ।
ਇਸ ਵਿੱਚ ਕਿਹਾ ਗਿਆ ਹੈ, "ਕਾਰਜਕਾਰੀ ਸ਼ਕਤੀ ਰਾਸ਼ਟਰਪਤੀ ਦੇ ਕੋਲ ਹੋਵੇਗੀ।"
ਕਦੇ-ਕਦੇ ਇਨ੍ਹਾਂ ਹੁਕਮਾਂ ਦੀ ਵਰਤੋਂ ਜੰਗ ਦੇ ਦੌਰਾਨ ਜਾਂ ਘਰੇਲੂ ਪੱਧਰ ਉੱਤੇ ਕਿਸੇ ਸੰਕਟ ਨੂੰ ਟਾਲਣ ਲਈ ਹੁੰਦੀ ਹੈ।
ਵਿਸ਼ਵ ਸਿਹਤ ਸੰਗਠਨ ਕੀ ਹੈ?
ਵਿਸ਼ਵ ਸਿਹਤ ਸੰਗਠਨ ਵਿੱਚ 194 ਮੈਂਬਰ(ਅਮਰੀਕਾ ਸਮੇਤ) ਮੁਲਕ ਹਨ। ਇਹ ਸੰਸਾਰ ਭਰ ਵਿੱਚ ਚਲਦੇ ਕਈ ਪ੍ਰੋਜੈਕਟਾਂ ਵਿੱਚ ਸ਼ਾਮਲ ਹੈ ਜਿਸ ਵਿੱਚ ਵੈਕਸੀਨੇਸ਼ਨ ਵੀ ਸ਼ਾਮਲ ਹੈ।
ਸਾਲ 2017 ਤੋਂ ਈਥੋਪੀਆ ਦੇ ਸਾਬਕਾ ਡਿਪਲੋਮੈਟ ਅਤੇ ਸਿਹਤ ਮੰਤਰੀ ਟੈਡਰੋਜ਼ ਐਧਾਨੋਮ ਘੇਬਰੇਯੇਸ ਇਸ ਦੇ ਮੁਖੀ ਦੀ ਭੂਮਿਕਾ ਨਿਭਾਅ ਰਹੇ ਹਨ।
ਇਹ ਸੰਸਥਾ ਯੁਨਾਈਟੇਡ ਨੇਸ਼ਨਜ਼ ਦਾ ਹੀ ਇੱਕ ਅੰਗ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ