ਪੰਜਾਬ ਦੇ ਪਰਵਾਸੀ: 'ਖੇਤਾਂ 'ਚ ਮਜ਼ਦੂਰੀ ਕਰਦਾ ਸੀ, ਕਿਸਾਨ ਦੇ ਬੱਚੇ ਵਿਦੇਸ਼ ਚਲੇ ਗਏ, ਹੁਣ ਮੈਂ ਉਸੇ ਦੀ ਜ਼ਮੀਨ ਠੇਕੇ 'ਤੇ ਵਾਹੁੰਦਾ ਹਾਂ'

    • ਲੇਖਕ, ਹਰਮਨਦੀਪ ਸਿੰਘ
    • ਰੋਲ, ਬੀਬੀਸੀ ਪੱਤਰਕਾਰ

''ਪਹਿਲਾਂ ਮੈਂ ਪਿੰਡ ਵਿੱਚ ਕਿਸੇ ਕਿਸਾਨ ਦੇ ਘਰ ਨੌਕਰੀ ਕਰਦਾ ਸੀ, ਪਰ ਹੁਣ ਮੈਂ 7-8 ਸਾਲ ਤੋਂ ਆਪ ਜ਼ਮੀਨ ਠੇਕੇ ਉੱਤੇ ਲੈ ਕੇ ਖੇਤੀ ਕਰ ਰਿਹਾਂ ਹਾਂ। ਅਸੀਂ ਮੱਕੀ, ਝੋਨਾ, ਗੋਭੀ, ਮੇਥੀ, ਚਕੁੰਦਰ ਅਤੇ ਭਿੰਡੀ ਦੀ ਖੇਤੀ ਕਰਦੇ ਹਾਂ।''

ਲੁਧਿਆਣਾ ਦੇ ਦਿਵਾਲਾ ਪਿੰਡ ਵਿੱਚ ਵਸਦੇ ਰਾਮ ਸਿੱਕਲ ਯਾਦਵ ਦੇ ਇਹ ਸ਼ਬਦ ਪਰਵਾਸੀ ਮਜ਼ਦੂਰ ਤੋਂ ਕਿਸਾਨ ਬਣਨ ਦੀ ਕਹਾਣੀ ਬਿਆਨ ਕਰਦੇ ਹਨ।

ਰਾਮ ਸਿੱਕਲ 2004 ਵਿੱਚ ਰੋਜ਼ੀ-ਰੋਟੀ ਦੇ ਭਾਲ਼ ਵਿੱਚ ਬਤੌਰ ਖੇਤ ਮਜ਼ਦੂਰ ਪੰਜਾਬ ਆਏ ਸੀ, ਫ਼ਿਰ ਉਹ ਇੱਥੋਂ ਦੇ ਹੀ ਹੋ ਕੇ ਰਹਿ ਗਏ।

ਸਿੱਕਲ ਰਾਮ ਦੱਸਦੇ ਹਨ, ''ਜਿਸ ਕਿਸਾਨ ਕੋਲ ਮੈਂ ਕੰਮ ਕਰਦਾ ਸੀ, ਉਸਦੇ ਬੱਚੇ ਵਿਦੇਸ਼ ਵਿੱਚ ਚਲੇ ਗਏ। ਉਹ ਕਿਸਾਨ ਹੁਣ ਪਿੰਡ ਵਿੱਚ ਇਕੱਲਾ ਰਹਿੰਦਾ ਹੈ। ਕਿਸਾਨ ਨੂੰ ਇਕੱਲੇ ਖੇਤੀ ਕਰਨ ਵਿੱਚ ਔਖ ਹੋ ਰਹੀ ਸੀ। ਇਸ ਕਰਕੇ ਮੈਂ ਹੁਣ ਉਸ ਕਿਸਾਨ ਦੀ ਜ਼ਮੀਨ ਠੇਕੇ ਉੱਤੇ ਲੈ ਕੇ ਖੇਤੀ ਕਰਦਾ ਹਾਂ।''

ਰਾਮ ਸਿੱਕਲ ਦੀ ਕਹਾਣੀ ਪੰਜਾਬ ਤੋਂ ਹੋਣ ਵਾਲੇ ਪਰਵਾਸ ਅਤੇ ਪੰਜਾਬ ਨੂੰ ਹੋ ਰਹੇ ਪਰਵਾਸ, ਦੋਵਾਂ ਨੂੰ ਪੇਸ਼ ਕਰਦੀ ਹੈ।

ਸਿੱਕਲ ਰਾਮ ਹਿੰਦੀ ਪੱਟੀ ਦੇ ਯੂਪੀ ਤੇ ਬਿਹਾਰ ਵਰਗੇ ਸੂਬਿਆਂ ਤੋਂ ਰੋਜ਼ੀ-ਰੋਟੀ ਲਈ ਪੰਜਾਬ ਆਉਣ ਅਤੇ ਇੱਥੇ ਪੱਕੇ ਵਸਣ ਵਾਲੇ ਲੋਕਾਂ ਦੀ ਦੂਜੀ ਪੀੜ੍ਹੀ ਨਾਲ ਸਬੰਧ ਰੱਖਦੇ ਹਨ।

ਉਹ ਕਿਸਾਨ ਜਿਸ ਦੀ ਉਹ ਜ਼ਮੀਨ ਠੇਕੇ ਉੱਤੇ ਵਾਹੁੰਦੇ ਹਨ, ਦੀ ਦੂਜੀ ਪੀੜ੍ਹੀ ਪੰਜਾਬ ਛੱਡ ਕੇ ਵਿਦੇਸ਼ਾਂ ਵਿੱਚ ਜਾ ਵਸੀ ਹੈ। ਇਹ ਸਾਂਝ ਖੇਤੀ ਦੇ ਕੰਮ-ਧੰਦੇ ਦੀ ਨਿਰਭਰਤਾ ਤੋਂ ਵੀ ਅੱਗੇ ਜਾ ਪਹੁੰਚੀ ਹੈ।

'ਸਾਨੂੰ ਕੰਮ ਕਰਨ ਦਿਓ'

'ਅਸੀਂ ਪੰਜਾਬ ਕੰਮ ਕਰਨ ਆਏ ਹਾਂ, ਸਾਨੂੰ ਕੰਮ ਕਰਨ ਦਿਓ', ਬਿਹਾਰ ਦੇ ਰਹਿਣ ਵਾਲੇ ਕਿਸ਼ੋਰ ਕੁਮਾਰ ਯਾਦਵ ਦੀ ਕਹਾਣੀ ਵੀ ਰਾਮ ਸਿੱਕਲ ਯਾਦਵ ਵਰਗੀ ਹੀ ਹੈ।

ਪਿਛਲੇ 25 ਸਾਲਾਂ ਤੋਂ ਪੰਜਾਬ ਵਿੱਚ ਰਹਿ ਰਹੇ ਕਿਸ਼ੋਰ ਨੂੰ ਇਸ ਗੱਲ ਦਾ ਦੁੱਖ ਹੈ ਕਿ ਬੀਤੇ ਥੋੜ੍ਹੇ ਸਮੇਂ ਦੌਰਾਨ ਸੂਬੇ ਵਿੱਚ ਕੁਝ ਲੋਕ ਪਰਵਾਸੀ ਮਜ਼ਦੂਰਾਂ ਖ਼ਿਲਾਫ਼ ਮੁਹਿੰਮ ਚਲਾਉਣ ਲੱਗੇ ਹੋਏ ਹਨ।

ਪੰਜਾਬ ਵਿੱਚ ਪਰਵਾਸੀ ਮਜ਼ਦੂਰਾਂ ਦੀ ਲਗਾਤਾਰ ਵਧ ਰਹੀ ਵਸੋਂ ਪੰਜਾਬ ਵਿੱਚ ਸਿਆਸੀ ਤੇ ਸਮਾਜਿਕ ਮੁੱਦਾ ਬਣ ਰਹੀ ਹੈ। ਕੁਝ ਲੋਕ ਇਸ ਵਸੋਂ ਵਾਧੇ ਨੂੰ ਕੰਟਰੋਲ ਕਰਨ ਲਈ ਕਾਨੂੰਨ ਬਣਾਉਣ ਦੀ ਮੰਗ ਕਰ ਰਹੇ ਹਨ।

ਢਾਈ ਦਹਾਕੇ ਪਹਿਲਾਂ ਪੰਜਾਬ ਆਏ ਕਿਸ਼ੋਰ ਕੁਮਾਰ ਫੈਕਟਰੀ ਵਿੱਚ ਇਲੈਕਟ੍ਰੀਕਲ ਵਰਕਰ ਵਜੋਂ ਕੰਮ ਕਰਦੇ ਹਨ।

ਕਿਸ਼ੋਰ ਕੁਮਾਰ ਕਹਿੰਦੇ ਹਨ, "ਕੁਝ ਲੋਕ ਕਹਿੰਦੇ ਹਨ ਕਿ ਤੁਸੀਂ ਇੱਧਰ ਆ ਕੇ ਕੰਮ ਕਰ ਰਹੇ ਹੋ, ਸਾਨੂੰ ਤਕਲੀਫ਼ ਹੁੰਦੀ ਹੈ। ਉਹ ਕੰਮ ਕਰਦੇ ਤਾਂ ਅਸੀਂ ਇੱਧਰ ਕਿਉਂ ਆਉਂਦੇ। ਇਹ ਤਾਂ ਚੱਲਦਾ ਹੀ ਰਹਿੰਦਾ ਹੈ।"

"ਕੋਈ ਕੁਝ ਬੋਲਦਾ ਤੇ ਕੋਈ ਕੁਝ ਬੋਲਦਾ ਹੈ। ਪਰ ਅਸੀਂ ਤਾਂ ਇੱਥੇ ਆਪਣਾ ਕੰਮ ਕਰਨ ਆਏ ਹਾਂ। ਸਾਨੂੰ ਕੰਮ ਕਰਨ ਦਿੱਤਾ ਜਾਵੇ।"

ਕਿਸ਼ੋਰ ਕੁਮਾਰ ਨੇ ਦੱਸਿਆ ਕਿ ਦੂਜੇ ਸੂਬਿਆਂ ਤੋਂ ਲੋਕ ਪੰਜਾਬ ਵਿੱਚ ਰੁਜ਼ਗਾਰ ਦੀ ਤਲਾਸ਼ ਵਿੱਚ ਆਉਂਦੇ ਹਨ, ਕਿਉਂਕਿ ਉਹਨਾਂ ਨੂੰ ਆਪਣੇ ਸੂਬੇ ਵਿੱਚ ਰੁਜ਼ਗਾਰ ਨਹੀਂ ਮਿਲਦਾ।

ਪਰਵਾਸੀ ਮਜ਼ਦੂਰਾਂ ਦੇ ਘੱਟ ਮਜ਼ਦੂਰੀ ਉੱਤੇ ਕੰਮ ਕਰਨ ਦੇ ਇਲਜ਼ਾਮਾਂ ਨੂੰ ਵੀ ਉਹ ਮਜਬੂਰੀ ਦੱਸਦੇ ਹਨ।

ਪੰਜਾਬ ਨੂੰ ਪਰਵਾਸੀ ਮਜ਼ਦੂਰਾਂ ਦੀ ਲੋੜ ਕਿਉਂ

ਉਦਯੋਗ ਅਤੇ ਖੇਤੀਬਾੜੀ, ਭਾਰਤ ਦੇ 'ਅਨਾਜ ਭੜੌਲੇ' ਅਤੇ 'ਖੜਗ ਭੁਜਾ' ਵਜੋਂ ਜਾਣੇ ਜਾਂਦੇ ਪੰਜਾਬ ਦੀ ਆਰਥਿਕਤਾ ਦੇ ਦੋ ਮੁੱਖ ਥੰਮ ਹਨ। ਇਹ ਦੋਵੇਂ ਖੇਤਰ ਪਰਵਾਸੀ ਮਜ਼ਦੂਰਾਂ ਉੱਤੇ ਨਿਰਭਰ ਹਨ।

ਭਾਵੇਂ ਕਿ ਕੁਝ ਲੋਕ ਪੰਜਾਬ ਵਿੱਚ ਪਰਵਾਸੀ ਮਜ਼ਦੂਰਾਂ ਨੂੰ ਪੰਜਾਬੀਆਂ ਦੀਆਂ ਨੌਕਰੀਆਂ ਖਾਣ, ਘੱਟ ਮਜ਼ਦੂਰੀ ਉੱਤੇ ਕੰਮ ਕਰਨ ਅਤੇ ਅਪਰਾਧਿਕ ਮਾਮਲਿਆਂ ਵਿੱਚ ਸ਼ਾਮਲ ਹੋਣ ਦੇ ਇਲਜ਼ਾਮ ਲਾਉਂਦੇ ਹਨ।

ਅਜਿਹੇ ਲੋਕ ਮੰਗ ਕਰਦੇ ਹਨ ਕਿ ਪਰਵਾਸੀਆਂ ਦੇ ਪੰਜਾਬ ਵਿੱਚ ਜ਼ਮੀਨਾਂ ਖਰੀਦਣ ਅਤੇ ਪੱਕੇ ਵਸਣ ਉੱਤੇ ਰੋਕ ਲੱਗਣੀ ਚਾਹੀਦੀ ਹੈ।

ਪਰ ਪੰਜਾਬ ਦੀ ਸਨਅਤ ਸਬੰਧੀ ਜਾਣਕਾਰੀ ਰੱਖਣ ਵਾਲੇ ਲੋਕਾਂ ਦਾ ਮੰਨਣਾ ਹੈ ਕਿ ਇੱਥੇ ਪਰਵਾਸੀ ਮਜ਼ਦੂਰਾਂ ਦੀ ਗਿਣਤੀ ਪੰਜਾਬੀ ਮਜ਼ਦੂਰਾਂ ਨਾਲੋਂ ਕਈ ਗੁਣਾ ਵੱਧ ਹੈ।

ਜਾਣਕਾਰ ਦੱਸਦੇ ਹਨ ਕਿ ਫੈਕਟਰੀਆਂ ਵਿੱਚ ਪੰਜਾਬੀ ਬੰਦੇ ਆਮ ਕਰਕੇ ਦਫ਼ਤਰੀ ਕੰਮਕਾਜ ਅਤੇ ਸੁਪਰਵਾਈਜ਼ਰਾਂ ਦੀਆਂ ਨੌਕਰੀਆਂ ਉੱਤੇ ਹੀ ਕੰਮ ਕਰ ਰਹੇ ਹਨ, ਮਜ਼ਦੂਰਾਂ ਵਿੱਚ ਉਨ੍ਹਾਂ ਦੀ ਗਿਣਤੀ ਨਿਗੂਣੀ ਹੀ ਹੈ।

ਪੰਜਾਬ ਵਿੱਚ ਨੌਜਵਾਨ ਕੈਨੇਡਾ, ਅਮਰੀਕਾ, ਆਸਟ੍ਰੇਲੀਆ ਵਰਗੇ ਮੁਲਕਾਂ ਵਿੱਚ ਪਰਵਾਸ ਕਰ ਰਹੇ ਹਨ। ਉਹ ਘਰ-ਖੇਤ ਪਰਵਾਸੀ ਵਸੋਂ ਦੇ ਸਹਾਰੇ ਛੱਡ ਜਾਂਦੇ ਹਨ। ਇਸ ਲਈ ਨਾ ਪੰਜਾਬ ਦੀਆਂ ਸਨਅਤਾਂ ਨੂੰ ਸਥਾਨਕ ਮਜ਼ਦੂਰ ਮਿਲਦੇ ਹਨ ਅਤੇ ਨਾ ਹੀ ਖੇਤੀ ਕਾਮੇ।

ਇਹੀ ਕਾਰਨ ਹੈ ਕਿ ਦੋਵੇਂ ਖੇਤਰ ਪਰਵਾਸੀ ਮਜ਼ਦੂਰਾਂ ਉੱਤੇ ਨਿਰਭਰ ਹੋ ਗਏ ਹਨ।

ਪਰਵਾਸੀ ਕਾਮਿਆਂ ਸਬੰਧੀ ਖੋਜ ਕਰ ਚੁੱਕੇ ਪੰਜਾਬ ਯੂਨੀਵਰਸਿਟੀ ਦੇ ਸਮਾਜ ਸ਼ਾਸਤਰ ਵਿਭਾਗ ਦੇ ਸਾਬਕਾ ਪ੍ਰੋਫੈਸਰ ਮਨਜੀਤ ਸਿੰਘ ਦਾ ਕਹਿਣਾ ਹੈ ਕਿ ਹਰੀ ਕ੍ਰਾਂਤੀ ਤੋਂ ਬਾਅਦ ਪੰਜਾਬ ਵਿੱਚ ਜਦੋਂ ਕਾਮਿਆਂ ਦੀ ਲੋੜ ਹੋਈ ਤਾਂ ਇਸ ਦੀ ਪੂਰਤੀ ਬਿਹਾਰ ਅਤੇ ਯੂਪੀ ਤੋਂ ਆਏ ਲੋਕਾਂ ਨੇ ਪੂਰੀ ਕੀਤੀ।

ਪ੍ਰੋਫ਼ੈਸਰ ਮਨਜੀਤ ਸਿੰਘ ਮੁਤਾਬਕ, "ਪੰਜਾਬ ਦੀ ਖੇਤੀਬਾੜੀ ਪਰਵਾਸੀ ਕਾਮਿਆਂ ਉੱਤੇ ਕਿੰਨੀ ਨਿਰਭਰ ਹੈ ਇਸ ਦੀ ਉਦਾਹਰਨ ਕੋਵਿਡ ਵੇਲੇ ਦੇਖਣ ਨੂੰ ਮਿਲੀ ਸੀ।"

"ਉਸ ਵੇਲੇ ਮਜ਼ਦੂਰਾਂ ਦੀ ਇੰਨੀ ਜ਼ਿਆਦਾ ਕਮੀ ਹੋ ਗਈ ਸੀ ਕਿ ਪੰਜਾਬੀ ਕਿਸਾਨ ਆਪ ਯੂਪੀ ਅਤੇ ਬਿਹਾਰ ਦੇ ਪਿੰਡਾਂ ਵਿੱਚ ਜਾ ਕੇ ਮਜ਼ਦੂਰਾਂ ਨੂੰ ਲੈ ਕੇ ਆਏ ਸਨ।"

ਉਨ੍ਹਾਂ ਆਖਿਆ ਕਿ ਪੰਜਾਬ ਦੇ ਸਥਾਨਕ ਮਜ਼ਦੂਰਾਂ ਨੇ ਝੋਨੇ ਦੀ ਲੁਆਈ ਇੰਨੀ ਮਹਿੰਗੀ ਕਰ ਦਿੱਤੀ ਸੀ, ਜੋ ਕਿਸਾਨਾਂ ਦੇ ਵਿੱਤ ਵਿੱਚ ਨਹੀਂ ਸੀ। ਇਸ ਕਰ ਕੇ ਪੰਜਾਬ ਦੀ ਖੇਤੀਬਾੜੀ ਪਰਵਾਸੀਆਂ ਤੋਂ ਬਗ਼ੈਰ ਚੱਲ ਨਹੀਂ ਸਕਦੀ।

ਪਰਵਾਸੀਆਂ ਬਾਰੇ ਕੀ ਕਹਿੰਦੇ ਹਨ ਸਨਅਤਕਾਰ

ਭਰਤ ਭੂਸ਼ਨ, ਲੁਧਿਆਣਾ ਵਿੱਚ ਇੱਕ ਸਟੀਲ ਫੈਕਟਰੀ ਦੇ ਮਾਲਕ ਹਨ।

ਉਹ ਦੱਸਦੇ ਹਨ ਕਿ ਉਨ੍ਹਾਂ ਦੀ ਫੈਕਟਰੀ ਵਿੱਚ 90 ਫ਼ੀਸਦ ਤੋਂ ਵੱਧ ਪਰਵਾਸੀ ਮਜ਼ਦੂਰ ਕੰਮ ਕਰਦੇ ਹਨ। ਉਨ੍ਹਾਂ ਦੀ ਫੈਕਟਰੀ ਵਿੱਚ ਜਿੰਨੇ ਵੀ ਪੰਜਾਬੀ ਕੰਮ ਕਰਦੇ ਹਨ ਜਾਂ ਤਾਂ ਉਹ ਦਫ਼ਤਰ ਦੇ ਸਟਾਫ਼ ਵਿੱਚ ਪੁਰਾਣੇ ਹਨ ਤੇ ਦਹਾਕਿਆਂ ਤੋਂ ਕੰਮ ਕਰ ਰਹੇ ਹਨ ਅਤੇ ਹੁਣ ਸੁਪਰਵਾਈਜ਼ਰਾਂ ਦੇ ਅਹੁਦਿਆਂ ਉੱਤੇ ਹੀ ਹਨ।

ਭਰਤ ਭੂਸ਼ਨ ਕਹਿੰਦੇ ਹਨ, "ਪੰਜਾਬੀਆਂ ਦਾ ਜ਼ਿਆਦਾ ਧਿਆਨ ਵਿਦੇਸ਼ਾਂ ਵਿੱਚ ਵਸਣ ਵਿੱਚ ਹੈ। ਉਹ ਫੈਕਟਰੀਆਂ ਵਿੱਚ ਕੰਮ ਕਰਨ ਤੋਂ ਝਿਜਕਦੇ ਹਨ। ਉਹ ਇੱਥੇ (ਪੰਜਾਬ ਵਿੱਚ) ਸਿਰਫ਼ 'ਵ੍ਹਾਈਟ ਕਾਲਰ' ਨੌਕਰੀ ਲੱਭਦੇ ਹਨ। ਜਦਕਿ ਪਰਵਾਸੀ ਮਜ਼ਦੂਰ ਉਦਯੋਗਿਕ ਖੇਤਰ ਵਿੱਚ ਹਰ ਕੰਮ ਕਰਨ ਨੂੰ ਤਿਆਰ ਹਨ।"

ਭਰਤ ਭੂਸ਼ਨ ਕਹਿੰਦੇ ਹਨ, "ਪਰਵਾਸੀ ਮਜ਼ਦੂਰਾਂ ਤੋਂ ਬਗੈਰ ਸਾਡੇ ਉਦਯੋਗ ਨਹੀਂ ਚੱਲ ਸਕਦੇ। ਅਸੀਂ ਪੂਰੀ ਤਰ੍ਹਾਂ ਉਨ੍ਹਾਂ ਉੱਤੇ ਨਿਰਭਰ ਹਾਂ।"

"ਪਰਵਾਸੀ ਮਜ਼ਦੂਰਾਂ ਦੀ ਕੁਸ਼ਲਤਾ ਵੀ ਵਧੇਰੇ ਹੈ। ਪੰਜਾਬੀ ਤਾਂ ਫੈਕਟਰੀਆਂ ਵਿੱਚ ਕੰਮ ਕਰਨਾ ਪਸੰਦ ਹੀ ਨਹੀਂ ਕਰਦੇ। ਉਹ ਹੱਥੀਂ ਕੰਮ ਕਰਨ ਦੀ ਬਜਾਇ ਸਿਰਫ਼ ਦਫ਼ਤਰੀ ਕੰਮ ਕਰਨ ਦੇ ਇੱਛੁਕ ਹੁੰਦੇ ਹਨ।"

ਪੰਕਜ ਸ਼ਰਮਾ, ਐਸੋਸੀਏਸ਼ਨ ਆਫ਼ ਟਰੇਡ ਐਂਡ ਇੰਡਸਟਰੀਅਲ ਅੰਡਰਟੇਕਿੰਗ ਦੇ ਪ੍ਰਧਾਨ ਹਨ।

ਉਨ੍ਹਾਂ ਦਾ ਦਾਅਵਾ ਹੈ ਕਿ ਪੰਜਾਬ ਦੇ ਉਦਯੋਗਿਕ ਖੇਤਰ ਵਿੱਚ ਪਰਵਾਸੀ ਮਜ਼ਦੂਰਾਂ ਦਾ ਬਹੁਤ ਵੱਡਾ ਯੋਗਦਾਨ ਹੈ। ਇਹ ਖੇਤਰ ਪਰਵਾਸੀ ਮਜ਼ਦੂਰਾਂ ਦੇ ਸਹਾਰੇ ਹੀ ਖੜ੍ਹਾ ਹੈ।

ਪੰਕਜ਼ ਕਹਿੰਦੇ ਹਨ, "ਉਦਯੋਗਿਕ ਖੇਤਰ ਵਿੱਚ ਵਧੇਰੇ ਗਿਣਤੀ ਪਰਵਾਸੀ ਮਜ਼ਦੂਰਾਂ ਦੀ ਹੈ ਪਰ ਫਿਰ ਵੀ ਵਰਕਰਾਂ ਦੀ ਅਕਸਰ ਕਮੀ ਰਹਿੰਦੀ ਹੈ ਕਿਉਂਕਿ ਪੰਜਾਬੀ ਨੌਜਵਾਨ ਫ਼ੈਕਟਰੀਆਂ ਵਿੱਚ ਹੱਥੀਂ ਕੰਮ ਕਰਨ ਨੂੰ ਘੱਟ ਤਰਜੀਹ ਦਿੰਦੇ ਹਨ।"

"ਸਾਈਕਲ, ਕੱਪੜਾ, ਆਟੋ ਪਾਰਟਸ, ਲੋਹਾ ਜਾਂ ਪੰਜਾਬ ਦਾ ਕੋਈ ਵੀ ਉਦਯੋਗ ਹੋਵੇ, ਹਰ ਕਿਸੇ ਵਿੱਚ ਪਰਵਾਸੀ ਮਜ਼ਦੂਰਾਂ ਦੀ ਗਿਣਤੀ ਵਧੇਰੇ ਹੈ। ਅਜਿਹੀਆਂ ਫੈਕਟਰੀਆਂ ਨਾ ਮਾਤਰ ਹਨ, ਜਿੱਥੇ ਪੰਜਾਬੀ ਵਰਕਰ ਵੱਧ ਹੋਣ।"

ਉਦਯੋਗਪਤੀਆਂ ਦਾ ਖ਼ਦਸ਼ਾ

ਪੰਜਾਬ ਦੇ ਉਦਯੋਗਪਤੀਆਂ ਨੂੰ ਖ਼ਦਸ਼ਾ ਹੈ ਕਿ ਜੇਕਰ ਪਰਵਾਸੀ ਮਜ਼ਦੂਰਾਂ ਨੇ ਪੰਜਾਬ ਵਿੱਚ ਆਉਣਾ ਬੰਦ ਕਰ ਦਿੱਤਾ ਤਾਂ ਉਨ੍ਹਾਂ ਲਈ ਵੱਡਾ ਸੰਕਟ ਖੜ੍ਹਾ ਹੋ ਸਕਦਾ ਹੈ।

ਉਹ ਕਹਿੰਦੇ ਹਨ ਕਿ ਇੰਡਸਟਰੀ ਵਿੱਚ ਹਮੇਸ਼ਾ ਹੀ ਮਜ਼ਦੂਰਾਂ ਦੀ ਘਾਟ ਰਹਿੰਦੀ ਹੈ, ਇਸ ਕਰਕੇ ਅਜਿਹੀ ਹਰ ਕੋਸ਼ਿਸ਼ ਨੂੰ ਰੋਕਿਆ ਜਾਣਾ ਚਾਹੀਦਾ ਹੈ, ਜਿਹੜੀ ਪਰਵਾਸੀ ਮਜ਼ਦੂਰਾਂ ਖ਼ਿਲਾਫ਼ ਮਾਹੌਲ ਸਿਰਜੇ।

"ਪਰਵਾਸੀ ਮਜ਼ਦੂਰ ਸਾਡੀ ਆਰਥਿਕਤਾ ਦਾ ਅਹਿਮ ਹਿੱਸਾ ਹਨ। ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਅਜਿਹੀ ਹਰ ਕੋਸ਼ਿਸ਼ ਨੂੰ ਰੋਕੇ ਜਿਸਦਾ ਉਦੇਸ਼ ਪਰਵਾਸੀ ਮਜ਼ਦੂਰਾਂ ਨੂੰ ਪੰਜਾਬ ਵਿੱਚ ਆਉਣ ਤੋਂ ਰੋਕਣਾ ਹੈ। ਪਰਵਾਸੀ ਮਜ਼ਦੂਰਾਂ ਬਿਨਾਂ ਸਾਡਾ ਗੁਜ਼ਾਰਾ ਨਹੀਂ ਹੈ।"

ਪੰਕਜ ਸ਼ਰਮਾ ਨੇ ਕਿਹਾ "ਪਰਵਾਸੀ ਮਜ਼ਦੂਰਾਂ ਨੂੰ ਹੁਣ ਪਰਵਾਸੀ ਕਹਿਣਾ ਵੀ ਜਾਇਜ਼ ਨਹੀਂ ਹੈ। ਇਹ ਪੂਰੀ ਤਰ੍ਹਾਂ ਪੰਜਾਬ ਵਿੱਚ ਵਸ ਚੁੱਕੇ ਹਨ। ਇਹਨਾਂ ਨੇ ਇੱਥੇ ਪ੍ਰਾਪਰਟੀਆਂ ਖ਼ਰੀਦੀਆਂ ਹਨ। ਇਹ ਇੱਥੇ ਕੌਂਸਲਰ ਅਤੇ ਸਰਪੰਚ ਵੀ ਚੁਣੇ ਜਾਂਦੇ ਹਨ ।"

"ਇਹ ਪੰਜਾਬ ਦਾ ਬਹੁਤ ਜ਼ਰੂਰੀ ਹਿੱਸਾ ਹਨ। ਇਹ ਗੱਲ ਪੰਜਾਬੀਆਂ ਨੂੰ ਸਮਝਣ ਦੀ ਲੋੜ ਹੈ। ਪੰਜਾਬੀ ਨੌਜਵਾਨਾਂ ਨੂੰ ਪਰਵਾਸੀ ਮਜ਼ਦੂਰਾਂ ਤੋਂ ਸਿੱਖ਼ਣ ਦੀ ਲੋੜ ਹੈ ਕਿ ਇਹ ਕਿੰਨੀ ਮਿਹਨਤ ਕਰਦੇ ਹਨ ਅਤੇ ਇਹ ਉੱਦਮੀ ਵੀ ਬਣੇ ਹਨ।"

ਪੰਜਾਬ ਵਿੱਚ ਕਿੰਨੀ ਹੈ ਪਰਵਾਸੀ ਮਜ਼ਦੂਰਾਂ ਦੀ ਗਿਣਤੀ

ਪੰਜਾਬ ਵਿੱਚ ਪ੍ਰਵਾਸੀ ਮਜ਼ਦੂਰਾਂ ਦੀ ਗਿਣਤੀ ਦੇ ਦਰੁਸਤ ਅੰਕੜੇ ਮੌਜੂਦ ਨਹੀਂ ਹਨ। ਪਰ ਕੇਂਦਰੀ ਕਿਰਤ ਅਤੇ ਰੁਜ਼ਗਾਰ ਵਿਭਾਗ ਮੁਤਾਬਕ ਸਾਲ 2011 ਵਿੱਚ ਹੋਏ ਸਰਵੇਖਣ ਵਿੱਚ ਪੰਜਾਬ ਵਿੱਚ ਪਰਵਾਸੀ ਮਜ਼ਦੂਰਾਂ ਦੀ ਗਿਣਤੀ 12,44,056 ਹੈ। ਇਸ ਸਰਵੇਖਣ ਨੂੰ ਹੋਇਆਂ ਵੀ ਤਕਰੀਬਨ 13 ਸਾਲਾਂ ਤੋਂ ਵੱਧ ਦਾ ਸਮਾਂ ਹੋ ਚੁੱਕਾ ਹੈ।

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਅਧਿਐਨ ਮੁਤਾਬਕ ਅਸਲ ਵਿੱਚ ਪਰਵਾਸੀ ਮਜ਼ਦੂਰਾਂ ਦੀ ਪੰਜਾਬ ਵਿੱਚ ਆਮਦ ਸਾਲ 1977-78 ਵਿੱਚ ਸ਼ੁਰੂ ਹੋਈ ਸੀ।

ਸਾਲ 1978 ਵਿੱਚ ਪੰਜਾਬ ਵਿੱਚ ਪਰਵਾਸੀ ਮਜ਼ਦੂਰਾਂ ਦੀ ਗਿਣਤੀ 2.18 ਲੱਖ ਦੇ ਕਰੀਬ ਦੱਸੀ ਗਈ ਸੀ। ਪੰਜਾਬ ਸਰਕਾਰ ਦੇ ਇੱਕ ਸਰਵੇਖਣ ਮੁਤਾਬਕ 50 ਹਜ਼ਾਰ ਦੇ ਕਰੀਬ ਪਰਵਾਸੀ ਮਜ਼ਦੂਰ ਲੁਧਿਆਣਾ ਨੇੜਲੇ ਪਿੰਡ ਸਾਹਨੇਵਾਲ ਵਿੱਚ ਰਹਿੰਦੇ ਹਨ।

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕਰਵਾਏ ਗਏ ਇੱਕ ਸਰਵੇਖਣ ਮੁਤਾਬਕ ਸਾਲ 2015 ਤੱਕ ਪੰਜਾਬੀਆਂ ਦੀ 3 ਕਰੋੜ ਦੀ ਆਬਾਦੀ ਪਿੱਛੇ 37 ਲੱਖ ਪਰਵਾਸੀ ਮਜ਼ਦੂਰ ਦੂਜੇ ਸੂਬਿਆਂ ਤੋਂ ਪੰਜਾਬ ਆ ਕੇ ਪੰਜਾਬ ਇੱਥੇ ਵਸ ਚੁੱਕੇ ਹਨ।

ਅੰਕੜਿਆਂ ਮੁਤਾਬਕ ਪੰਜਾਬ ਆ ਕੇ ਵਸਣ ਵਾਲੇ ਪਰਵਾਸੀ ਮਜ਼ਦੂਰਾਂ ਦੀ ਗਿਣਤੀ ਵਿੱਚ ਸਾਲ 2022 ਦੇ ਅੰਤ ਤੱਕ ਵਧੇਰੇ ਵਾਧਾ ਦੇਖਿਆ ਗਿਆ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)