ਇੱਥੇ ਬੋਤਲਾਂ ਵਿੱਚ ਚੌਲ ਤੇ ਡਾਲਰ ਪਾ ਕੇ ਉਨ੍ਹਾਂ ਨੂੰ ਸਮੁੰਦਰ ਵਿੱਚ ਕਿਉਂ ਸੁੱਟਿਆ ਜਾ ਰਿਹਾ ਹੈ

ਤਸਵੀਰ ਸਰੋਤ, Jungmin Choi / BBC Korean
- ਲੇਖਕ, ਰੈਚਲ ਲੀ
- ਰੋਲ, ਬੀਬੀਸੀ ਕੋਰੀਅਨ
ਦੱਖਣੀ ਕੋਰੀਆ ਦੇ ਸਿਓਕਮੋਡੋ ਆਈਲੈਂਡ ਵਿੱਚ ਹਾਲਾਂਕਿ ਅਪ੍ਰੈਲ ਮਹੀਨੇ ਵਿੱਚ ਧੁੱਪ ਚੜ੍ਹੀ ਹੋਈ ਸੀ ਪਰ ਹਵਾ ਵਿੱਚ ਹਾਲੇ ਵੀ ਠੰਢਕ ਸੀ।
ਪਾਰਕ ਯੁੰਗ-ਓ ਕਿਨਾਰੇ ਉੱਤੇ ਖੜ੍ਹੇ ਹੋ ਕੇ ਚੌਲਾਂ ਨਾਲ ਭਰੀਆਂ ਹੋਈਆਂ ਬੋਤਲਾਂ ਪਾਣੀ ਵਿੱਚ ਸੁੱਟ ਰਹੇ ਸਨ। ਉਹ ਇਨ੍ਹਾਂ ਬੋਤਲਾਂ ਨੂੰ ਉੱਤਰੀ ਕੋਰੀਆ ਤੱਕ ਪਹੁੰਚਾਉਣਾ ਚਾਹੁੰਦੇ ਸਨ।
ਉਨ੍ਹਾਂ ਦੇ ਚਿਹਰੇ ਉੱਤੇ ਚਿੰਤਾ ਜ਼ਾਹਰ ਸੀ।
ਪਾਰਕ ਇਹ ਬੋਤਲਾਂ ਪਿਛਲੇ ਇੱਕ ਦਹਾਕੇ ਤੋਂ ਭੇਜ ਰਹੇ ਹਨ ਪਰ ਉਹ ਅਜਿਹਾ ਸ਼ਰੇਆਮ ਨਹੀਂ ਕਰ ਸਕਦੇ ਸਨ।
ਇਸ ਦਾ ਕਾਰਨ ਇਹ ਸੀ ਦੱਖਣੀ ਕੋਰੀਆ ਵੱਲੋਂ ਜੂਨ 2020 ਵਿੱਚ ਸਰਹੱਦ ਪਾਰ ਉੱਤਰੀ ਕੋਰੀਆ ਤੱਕ ਸਮਾਨ ਭੇਜਣ ਨੂੰ ਗ਼ੈਰ-ਕਾਨੂੰਨੀ ਕਰਾਰ ਦੇ ਦਿੱਤਾ ਸੀ।
50 ਸਾਲਾ ਪਾਰਕ ਨੇ ਪੁੱਛਿਆ, “ਅਸੀਂ ਬੋਤਲਾਂ ਇਸ ਲਈ ਭੇਜ ਰਹੇ ਹਾਂ ਕਿਉਂਕਿ ਇੱਕੋ ਦੇਸ਼ ਦੇ ਲੋਕ ਭੁੱਖ ਨਾਲ ਮਰ ਰਹੇ ਹਨ, ਕੀ ਇਹ ਗਲਤ ਹੈ?”
ਪਿਛਲੇ ਸਤੰਬਰ ਨੂੰ ਸੰਵਿਧਾਨਕ ਅਦਾਲਤ ਨੇ ਇਸ ਰੋਕ ਨੂੰ ਹਟਾ ਦਿੱਤਾ ਸੀ। ਪਰ ਪਾਰਕ ਨਹੀਂ ਚਾਹੁੰਦੇ ਸਨ ਕਿ ਤੁਰੰਤ ਉਨ੍ਹਾਂ ਵੱਲ ਲੋਕਾਂ ਦਾ ਧਿਆਨ ਆਕਰਸ਼ਿਤ ਹੋਵੇ।

ਤਸਵੀਰ ਸਰੋਤ, Jungmin Choi / BBC Korean
ਉਨ੍ਹਾਂ ਨੇ ਕਈ ਮਹੀਨੇ ਇੰਤਜ਼ਾਰ ਕੀਤਾ ਅਤੇ ਅਖ਼ੀਰ 9 ਤਰੀਕ ਨੂੰ ਦਿਨ ਵੇਲੇ ਇਹ ਬੋਤਲਾਂ ਭੇਜਣ ਲਈ ਚੁਣਿਆ।
ਇਹ ਅੰਦਾਜ਼ਾ ਲਗਾਇਆ ਗਿਆ ਸੀ ਕਿ ਸਮੁੰਦਰ ਦਾ ਵਹਾਅ ਇਸ ਦਿਨ ਤੇਜ਼ ਹੋਵੇਗਾ ਤਾਂ ਜੋ ਬੋਤਲਾਂ ਉੱਤਰੀ ਕੋਰੀਆ ਛੇਤੀ ਪਹੁੰਚ ਜਾਣਗੀਆਂ।
ਉਨ੍ਹਾਂ ਕਿਹਾ, “ਇਹ ਮੇਰੇ ਕੰਮ ਦੀ ਨਵੀਂ ਸ਼ੁਰੂਆਤ ਸੀ।”
ਪਾਰਕ ਨੇ ਉੱਤਰੀ ਕੋਰੀਆ ਨੂੰ 26 ਸਾਲ ਪਹਿਲਾਂ ਛੱਡ ਦਿੱਤਾ ਸੀ। ਉਨ੍ਹਾਂ ਦੇ ਪਿਤਾ ਉੱਤਰੀ ਕੋਰੀਆ ਲਈ ਜਾਸੂਸ ਵਜੋਂ ਕੰਮ ਕਰਦੇ ਸਨ ਪਰ ਉਨ੍ਹਾਂ ਨੇ ਦੱਖਣੀ ਕੋਰੀਆ ਜਾਣ ਦਾ ਫ਼ੈਸਲਾ ਲਿਆ। ਉਹ ਆਪਣੇ ਪਰਿਵਾਰ ਨੂੰ ਵੀ ਆਪਣੇ ਨਾਲ ਧੱਕੇ ਨਾਲ ਲੈ ਆਏ।
ਇਸ ਮਗਰੋਂ ਉੱਤਰੀ ਕੋਰੀਆ ਦੀ ਸਰਕਾਰ ਨੇ ਉਨ੍ਹਾਂ ਖ਼ਿਲਾਫ਼ ਪ੍ਰਚਾਰ ਦੀ ਇੱਕ ਮੁਹਿੰਮ ਚਲਾਈ, ਉਨ੍ਹਾਂ ਨੇ ਪਾਰਕ ਦੇ ਪਰਿਵਾਰ ਦੇ ਹਰੇਕ ਜੀਅ ਨੂੰ ਫੜਨ ਦੀ ਸੌਂਹ ਖਾ ਲਈ।
ਜਦੋਂ ਉਹ ਉੱਤਰੀ ਕੋਰੀਆ ਵਿੱਚ ਰਹਿ ਰਹੇ ਸਨ ਉਨ੍ਹਾਂ ਨੇ ਕਈ ਵਾਰ ਅਜਿਹੇ ਲੋਕਾਂ ਦੀਆਂ ਲਾਸ਼ਾਂ ਦੇਖੀਆਂ ਜਿਹੜੇ ਭੁੱਖ ਨਾਲ ਗਲੀਆਂ ਵਿੱਚ ਮਰ ਗਏ ਸਨ।

ਤਸਵੀਰ ਸਰੋਤ, Getty Images
ਹਾਲਾਂਕਿ ਉਨ੍ਹਾਂ ਨੂੰ ਬਹੁਤ ਹੈਰਾਨੀ ਹੋਈ ਜਦੋਂ ਕਈ ਵਾਰ ਚੀਨ ਦਾ ਸਫ਼ਰ ਕਰ ਚੁੱਕੇ ਇੱਕ ਧਾਰਮਿਕ ਪ੍ਰਚਾਰਕ ਨੇ ਉਨ੍ਹਾਂ ਨੂੰ ਦੱਸਿਆ ਕਿ ਕਿਵੇਂ ਬੰਦੂਕਧਾਰੀ ਫੌਜੀ ਹਵਾਂਗਹੀ ਸੂਬੇ ਵਿੱਚ ਜਾ ਕੇ ਵਾਢੀ ਦੌਰਾਨ ਸਾਰੇ ਦਾਣੇ ਖੋਹ ਲਿਆਉਂਦੇ ਸਨ। ਉਹ ਕਿਸਾਨਾਂ ਨੂੰ ਪਿੱਛੇ ਭੁੱਖ ਵਿੱਚ ਮਰਨ ਲਈ ਛੱਡ ਦਿੰਦੇ ਸਨ।
ਪਹਿਲਾਂ ਉਨ੍ਹਾਂ ਨੇ ਕਦੇ ਚੌਲ ਉਗਾਉਣ ਵਾਲੇ ਅਮੀਰ ਇਲਾਕੇ ਵਿੱਚ ਕਿਸੇ ਦੇ ਭੁੱਖ ਨਾਲ ਮਰਨ ਬਾਰੇ ਨਹੀਂ ਸੋਚਿਆ ਸੀ।
2015 ਵਿੱਚ ਪਾਰਕ ਨੇ ਆਪਣੀ ਪਤਨੀ ਨਾਲ ਬੋਤਲਾਂ ਵਿੱਚ ਉੱਤਰੀ ਕੋਰੀਆ ਦੇ ਹਵਾਂਗਹੀ ਸੂਬੇ ਵਿੱਚ ਖਾਣਾ ਭੇਜਣ ਲਈ ‘ਕਿਉਨ ਸਾਇਮ’ ਨਾਮ ਦੀ ਸੰਸਥਾ ਸੀ ਸ਼ੁਰੂਆਤ ਕੀਤੀ।
ਉਨ੍ਹਾਂ ਨੇ ਸਥਾਨਕ ਬੇੜੀਆਂ ਵਾਲਿਆਂ ਦੀ ਸਲਾਹ ਲਈ ਅਤੇ ਕੋਰੀਆ ਇੰਸਟੀਟਿਊਟ ਆਫ ਓਸ਼ੀਅਨ ਸਾਇੰਸਸ ਐਂਡ ਟੈਕਨਾਲਜੀ ਕੋਲੋਂ ਸਮੁੰਦਰ ਦੇ ਵਹਾਅ ਦੇ ਤੇਜ਼ ਹੋਣ ਦੇ ਸਮੇਂ ਬਾਰੇ ਜਾਣਕਾਰੀ ਲਈ।
ਜਿਸ ਦਿਨ ਲਹਿਰਾਂ ਦਾ ਵਹਾਅ ਤੇਜ਼ ਹੁੰਦਾ ਹੈ ਬੋਤਲਾਂ ਨੂੰ ਉੱਤਰੀ ਕੋਰੀਆ ਪਹੁੰਚਣ ਵਿੱਚ ਸਿਰਫ਼ ਚਾਰ ਘੰਟੇ ਲੱਗਦੇ ਹਨ।
ਇੱਕ ਕਿੱਲੋ ਚੌਲਾਂ ਦੇ ਨਾਲ-ਨਾਲ ਦੋ ਲੀਟਰ ਦੀ ਇੱਕ ਪਲਾਸਟਿਕ ਦੀ ਬੋਤਲ ਵਿੱਚ ਗੀਤਾਂ ਦੀ ਪੈਨ ਡਰਾਈਵ ਦੇ ਨਾਲ-ਨਾਲ ਹੋਰ ਚੀਜ਼ਾਂ ਵਿੱਚ ਹੁੰਦੀਆਂ ਹਨ।
ਚੌਲਾਂ ਦੇ ਨਾਲ-ਨਾਲ ਇਸ ਵਿੱਚ ਕ੍ਰੈਸ਼ ਲੈਂਡਿੰਗ ਓਨ ਯੂ ਜਿਹੇ ਕੋਰੀਅਨ ਡਰਾਮਿਆਂ ਵਾਲੇ ਯੂਐੱਸਬੀ ਵੀ ਹੁੰਦੇ ਹਨ।
ਇਨ੍ਹਾਂ ਯੂਐੱਸਬੀਜ਼ ਵਿੱਚ ਦੱਖਣੀ ਅਤੇ ਉੱਤਰੀ ਕੋਰੀਆ ਦਾ ਮੁਕਾਬਲਾ ਕਰਦੀਆਂ ਵੀਡੀਓਜ਼ ਅਤੇ ਬਾਈਬਲ ਦੀ ਡਿਜੀਟਲ ਕਾਪੀ ਵੀ ਹੁੰਦੀ ਹੈ।
ਪਾਰਕ ਕਹਿੰਦੇ ਹਨ ਕਿ ਕਿਉਂਕਿ ਕੰਪਿਊਟਰ ਅਤੇ ਮੋਬਾਈਲ ਫੋਨ ਹੁਣ ਆਮ ਹੋ ਗਏ ਹਨ ਉੱਤਰੀ ਕੋਰੀਆਈ ਲੋਕ ਯੂਐੱਸਬੀਜ਼ ਦੀ ਵਰਤੋਂ ਕਰ ਸਕਦੇ ਹਨ।
ਉਹ ਕਹਿੰਦੇ ਹਨ, “ਬਹੁਤ ਲੋਕ ਇਹ ਸੋਚਦੇ ਹਨ ਨੋਰਥ ਕੋਰੀਆ ਵਿੱਚ ਬਿਜਲੀ ਨਹੀਂ ਹੈ, ਪਰ ਮੈਂ ਸੁਣਿਆਂ ਹੈ ਕਿ ਉੱਥੇ ਚੀਨ ਰਾਹੀਂ ਬਹੁਤ ਸੋਲਰਪੈਨਲ ਆ ਰਹੇ ਹਨ ਜਿਨ੍ਹਾਂ ਦੀ ਵਰਤੋਂ ਗਰਮੀਆਂ ਵਿੱਚ ਬੈਟਰੀਆਂ ਚਾਰਜ ਕਰਨ ਲਈ ਕੀਤੀ ਜਾ ਸਕਦੀ ਹੈ।”
ਕਦੇ ਕਦੇ ਬੋਤਲ ਵਿੱਚ ਇੱਕ ਅਮਰੀਕੀ ਡਾਲਰ ਪਾਇਆ ਜਾਂਦਾ ਹੈ ਤਾਂ ਜੋ ਜਿਨ੍ਹਾਂ ਨੂੰ ਇਹ ਬੋਤਲ ਮਿਲੇ ਉਹ ਇਸ ਨੂੰ ਉੱਤਰੀ ਕੋਰੀਆ ਜਾਂ ਚੀਨੀ ਕਰੰਸੀ ਵਿੱਚ ਵਟਾ ਸਕਣ।
ਪਿਛਲੇ ਸਾਲ ਤੱਕ ਇੱਕ ਡਾਲਰ ਦੇ ਬਦਲੇ 160 ਉੱਤਰੀ ਕੋਰੀਆਈ ਡਾਲਰ ਮਿਲ ਸਕਦੇ ਸਨ।
ਮਹਾਮਾਰੀ ਦੇ ਦੌਰਾਨ ਪਾਰਕ ਅਤੇ ਉਨ੍ਹਾਂ ਦੀ ਪਤਨੀ ਨੇ ਇਨ੍ਹਾਂ ਬੋਤਲਾਂ ਵਿੱਚ ਦਰਦ ਨਿਵਾਰਕ ਦਵਾਈਆਂ ਅਤੇ ਮਾਸਕ ਵੀ ਪਾਏ ਸਨ। ਇਨ੍ਹਾਂ ਦੀ ਪੂਰੀ ਦੁਨੀਆਂ ਤੋਂ ਅਲੱਗ ਕੀਤੇ ਗਏ ਨੋਰਥ ਕੋਰੀਆ ਵਿੱਚ ਬਹੁਤ ਲੋੜ ਸੀ।
ਪਰ ਉਨ੍ਹਾਂ ਦੋਵਾਂ ਨੂੰ ਕਾਨੂੰਨੀ ਰੋਕ ਕਾਰਨ ਇਹ ਬੋਤਲਾਂ ਲੁਕ-ਲੁਕ ਕੇ ਭੇਜਣੀਆਂ ਪੈਂਦੀਆਂ ਸਨ। ਇਹ ਰੋਕ ਦਸੰਬਰ 2020 ਤੋਂ ਲਗੀ ਸੀ।
ਇਸ ਤੋਂ ਕਈ ਮਹੀਨੇ ਪਹਿਲਾਂ ਕਿਮ ਜੌਂਗ-ਉਨ ਦੀ ਭੈਣ ਕਿਮ ਯੋ-ਜੋਂਗ ਨੇ ਉੱਤਰੀ ਕੋਰੀਆ ਦੇ ਵਿਰੋਧ ਵਾਲੇ ਪਰਚੇ ਭੇਜਣ ਵਾਲੇ ਕਾਰਕੁਨਾਂ ਨੂੰ ਚੇੇਤਾਵਨੀ ਦਿੱਤੀ ਸੀ।
ਉਨ੍ਹਾਂ ਨੇ ਇਹ ਇਲਜ਼ਾਮ ਲਗਾਏ ਸਨ ਕਿ ਇਹ ਕਾਰਕੁਨ ਦੋਵੇਂ ਕੋਰੀਆਈ ਦੇਸ਼ਾਂ ਵਿਚਲੇ ਸਮਝੌਤਿਆਂ ਦੀ ਉਲੰਘਣਾ ਕਰ ਰਹੇ ਸਨ।
ਇਸ ਤੋਂ ਕੁਝ ਦਿਨਾਂ ਉੱਤਰੀ ਕੋਰੀਆਂ ਨੇ ਵੱਡੀ ਸੰਕੇਤਕ ਮਹੱਤਤਾ ਰੱਖਣ ਵਾਲੇ ‘ਜੋਇੰਟ ਲਾਇਜ਼ੋਨ’ ਦਫ਼ਤਰ ਤਬਾਹ ਕਰ ਦਿੱਤਾ। ਇਹ ਦਫ਼ਤਰ ਦਫ਼ਤਰ ਕੈਸੋਂਗ ਵਿੱਚ ਸੀ ਜੋ ਕਿ ਦੋਵਾਂ ਦੇਸ਼ਾਂ ਵਿਚਕਾਰ ਪੈਂਦੇ ‘ਡਿਮਿਲਟ੍ਰਾਈਜ਼ਡ ਜ਼ੋਨ’ ਦੇ ਨੇੜੇ ਸੀ।

ਤਸਵੀਰ ਸਰੋਤ, Getty Images
ਰੋਕ ਲਾਉਣ ’ਤੇ ਦੱਖਣੀ ਕੋਰੀਆਈ ਸਰਕਾਰ ਦਾ ਵਿਰੋਧ
ਦਸੰਬਰ 2020 ਵਿੱਚ ਲਾਈ ਗਈ ਰੋਕ ਉੱਤੇ ਕਾਫ਼ੀ ਵਿਵਾਦ ਹੋਇਆ ਸੀ। ਵਿਰੋਧੀਆਂ ਨੇ ਇਸ ਨੂੰ ‘ਕਿਮ ਯੋ-ਜੋਂਗ ਦਾ ਫ਼ੁਰਮਾਨ’ ਕਿਹਾ ਸੀ।
ਉਨ੍ਹਾਂ ਨੇ ਇਹ ਇਲਜ਼ਾਮ ਲਗਾਏ ਸਨ ਕਿ ਰਾਸ਼ਟਰਪਤੀ ਮੂਨ ਜੇ-ਇਨ ਦੀ ਅਗਵਾਈ ਵਾਲੀ ਸਰਕਾਰ ਉੱਤਰੀ ਕੋਰੀਆ ਨੂੰ ਖੁਸ਼ ਕਰਨਾ ਚਾਹੁੰਦੀ ਹੈ।
ਪ੍ਰਸ਼ਾਸਨ ਨੇ ਬਚਾਅ ਕਰਦਿਆਂ ਕਿਹਾ ਕਿ ਇਹ ਰੋਕ ਸਰਹੱਦੀ ਇਲਾਕਿਆਂ ਦੀ ਰੱਖਿਆ ਕਰਨ ਅਤੇ ਦੋਵੇਂ ਕੋਰੀਆ ਦੇਸ਼ਾਂ ਦੇ ਸਬੰਧਾਂ ਵਿੱਚ ਸਥਿਰਤਾ ਲਿਆਉਣ ਲਈ ਜ਼ਰੂਰੀ ਸੀ।
ਪਾਰਕ ਯਾਦ ਕਰਦੇ ਹਨ, “ਸਾਡੇ ਨਾਲ ਅਪਰਾਧੀਆਂ ਵਾਲਾ ਵਿਵਹਾਰ ਕੀਤਾ ਜਾਂਦਾ ਹੈ।”
“ਮੈਂ ਤਿੰਨ ਸਾਲਾਂ ਵਿੱਚ ਕਈ ਵਾਰੀ ਥਾਣੇ ਗਿਆ ਸੀ, ਮੈਂ ਬਹੁਤ ਥੱਕ ਗਿਆ ਸੀ, ਮੈਂ ਬਹੁਤ ਤਸੀਹੇ ਝੱਲੇ।”
ਕਾਨੂੰਨੀ ਰੋਕ ਹਟਣ ਤੋਂ ਬਾਅਦ ਪਾਰਕ ਲਈ ਬੋਤਲਾਂ ਭੇਜਣਾ ਬਹੁਤ ਔਖਾ ਹੋ ਗਿਆ ਸੀ।
ਚਰਚ ਅਤੇ ਮਨੁੱਖੀ ਅਧਿਕਾਰ ਸੰਗਠਨ ਇਸ ਵਿੱਚ ਦਾਨ ਦਿਆ ਕਰਦੇ ਸਨ ਜੋ ਹੁਣ ਨਹੀਂ ਮਿਲਦਾ।
ਉੱਤਰੀ ਕੋਰੀਆ ਤੋਂ ਆਏ ਕੁਝ ਹੋਰ ਲੋਕ ਵੀ ਇਨ੍ਹਾਂ ਬੋਤਲਾਂ ਨੂੰ ਆਪਣੇ ਘਰ ਪਹੁੰਚਾਉਣਾ ਚਾਹੁੰਦੇ ਹਨ। ਉਨ੍ਹਾਂ ਵਿੱਚੋਂ ਹਰੇਕ ਹਰ ਵਾਰੀ 147 ਡਾਲਰ ਦਿੰਦਾ ਹੈ।
2020 ਤੋਂ ਬਾਅਦ ਸਥਾਨਕ ਲੋਕਾਂ ਨਾਲ ਉਨ੍ਹਾਂ ਦੇ ਸਬੰਧਾਂ ਵਿੱਚ ਵੀ ਫਿੱਕ ਪਈ ਹੈ ਕਿਉਂਕਿ ਕਈ ਲੋਕ ਇਹ ਮੰਨਦੇ ਹਨ ਕਿ ਪਾਰਕ ਜੋ ਕਰਦੇ ਉਸ ਨਾਲ ਉਨ੍ਹਾਂ ਦੀ ਸੁਰੱਖਿਆ ਖ਼ਤਰੇ ਵਿੱਚ ਪੈਂਦੀ ਹੈ।
ਇੱਥੇ ਰਹਿੰਦੇ ਬਹੁਤੇ ਲੋਕਾਂ ਨੇ ਪਹਿਲਾਂ ਇਸ ਵਿੱਚ ਕੋਈ ਦਿਲਚਸਪੀ ਨਹੀਂ ਦਿਖਾਈ ਕਿ ਉਹ ਪਹਿਲਾਂ ਕੀ ਕਰ ਰਹੇ ਸਨ।
ਇੱਥੋਂ ਤੱਕ ਕਿ ਇੱਕ ਨੇੜਲੇ ਪਿੰਡ ਦਾ ਮੁਖੀ ਵੀ ਉਨ੍ਹਾਂ ਨੂੰ ਬੋਤਲਾਂ ਸੁੱਟਣ ਲਈ ਸਭ ਤੋਂ ਵਧੀਆ ਸਥਾਨਾਂ ਦੀ ਸਲਾਹ ਦਿੰਦਾ ਸੀ ਅਤੇ ਕਈ ਵਾਰ ਉਨ੍ਹਾਂ ਵਿੱਚ ਸ਼ਾਮਲ ਵੀ ਹੋ ਜਾਂਦਾ ਸੀ।
ਇਸ ਵਾਰ ਪਾਰਕ ਨੂੰ ਇੱਕ ਦਰਜਨ ਪੁਲਿਸ, ਸਮੁੰਦਰੀ ਮੈਰੀਨ ਅਤੇ ਸਿਪਾਹੀਆਂ ਦੀਆਂ ਨਜ਼ਰਾਂ ਹੇਠ ਬੋਤਲਾਂ ਸੁੱਟਣੀਆਂ ਪਈਆਂ। ਅਧਿਕਾਰੀ ਵਿਚੋਲੇ ਵਜੋਂ ਕੰਮ ਕਰਨ ਲਈ ਤਿਆਰ ਸਨ, ਪਰ ਪਾਰਕ ਨੂੰ ਇਹ ਵੀ ਪੁੱਛਦੇ ਰਹੇ ਕਿ ਕੀ ਅੰਦਰ ਕੁਝ ਗੁਪਤ ਜਾਂ ਸੰਵੇਦਨਸ਼ੀਲ ਹੈ।

ਤਸਵੀਰ ਸਰੋਤ, Getty Images
ਹਾਲਾਂਕਿ, ਉਸ ਨੇ ਕਦੇ ਹਾਰ ਮੰਨਣ ਬਾਰੇ ਨਹੀਂ ਸੋਚਿਆ।
ਪਾਰਕ ਨੇ ਕਿਹਾ, "ਮੈਂ ਇੱਕ ਵਾਰ ਸੁਣਿਆ ਕਿ ਇੱਕ ਉੱਤਰੀ ਕੋਰੀਆਈ ਨੂੰ ਬੋਤਲ ਦੇ ਅੰਦਰ ਚੌਲਾਂ ਬਾਰੇ ਸ਼ੱਕ ਹੋਇਆ, ਇਸ ਲਈ ਉਸ ਨੇ ਭੁੰਨੇ ਚਾਵਲ ਬਣਾ ਕੇ ਇੱਕ ਕੁੱਤੇ ਨੂੰ ਦਿੱਤੇ, ਕਿਉਂਕਿ ਕੁੱਤਾ ਠੀਕ ਰਿਹਾ ਸੀ, ਉਸ ਨੇ ਚੌਲ ਖਾ ਲਏ ਅਤੇ ਉਸ ਨੇ ਸੋਚਿਆ ਕਿ ਚੌਲ ਗੁਣਵੱਤਾ ਪੱਖੋਂ ਚੰਗੇ ਸਨ ਇਸ ਲਈ ਉਸ ਨੇ ਇਹ ਚੰਗੇ ਭਾਅ ਉੱਤੇ ਵੇਚ ਦਿੱਤੇ ਅਤੇ ਮੱਕੀ ਵਰਗੀਆਂ ਸਸਤੀ ਫਸਲਾਂ ਦੀ ਵੱਡੀ ਮਾਤਰਾ ਖਰੀਦੀ।"
2023 ਦੇ ਸ਼ੁਰੂ ਵਿੱਚ ਉੱਤਰੀ ਕੋਰੀਆ ਨੂੰ ਛੱਡਣ ਵਾਲੇ ਨੌਂ ਲੋਕਾਂ ਦੇ ਇੱਕ ਪਰਿਵਾਰ ਨੇ ਕਿਹਾ ਕਿ ਉਨ੍ਹਾਂ ਨੂੰ ਬੋਤਲਾਂ ਮਿਲੀਆਂ ਹਨ ਅਤੇ ਇੱਕ ਹੋਰ ਦਲ-ਬਦਲੀ ਕਰਨ ਵਾਲੇ ਰਾਹੀਂ ਪਾਰਕ ਨੂੰ ਧੰਨਵਾਦ ਸੁਨੇਹਾ ਭੇਜਿਆ।
ਚਾਰ ਸਾਲ ਪਹਿਲਾਂ ਇਕ ਹੋਰ ਔਰਤ ਨੇ ਵੀ ਬੋਤਲਾਂ ਭੇਜ ਕੇ ਆਪਣੀ ਜਾਨ ਬਚਾਉਣ ਲਈ ਧੰਨਵਾਦ ਕੀਤਾ ਸੀ।
ਪਾਰਕ ਕਦੇ ਵੀ ਕਿਸੇ ਵੀ ਇਨ੍ਹਾਂ ਬੋਤਲਾਂ ਨੂੰ ਹਾਸਲ ਕਰਨ ਵਾਲੇ ਨੂੰ ਆਪ ਨਹੀਂ ਮਿਲਿਆ, ਕਿਉਂਕਿ ਉਹ ਸਿਰਫ ਲੋਕਾਂ ਦੀ ਮਦਦ ਕਰਨਾ ਚਾਹੁੰਦਾ ਸੀ ਅਤੇ ਤਾਰੀਫ਼ ਨਹੀਂ ਹਾਸਲ ਕਰਨਾ ਚਾਹੁੰਦਾ ਸੀ।
ਉਨ੍ਹਾਂ ਨੇ ਕਿਹਾ, "ਉੱਤਰੀ ਕੋਰੀਆ ਦੇ ਲੋਕ ਬਾਹਰੀ ਦੁਨੀਆਂ ਤੋਂ ਟੁੱਟੇ ਹੋਏ ਹਨ। ਉਹ ਅਸਹਿਮਤੀ ਦੇ ਨਤੀਜਿਆਂ ਤੋਂ ਡਰਦੇ ਹੋਏ ਬਿਨਾਂ ਸ਼ੱਕ ਰਾਜ ਦੀ ਪਾਲਣਾ ਕਰਦੇ ਹਨ।"
"ਇਹ ਸਭ ਤੋਂ ਘੱਟ ਹੈ ਜੋ ਮੈਂ ਉਨ੍ਹਾਂ ਦੀ ਮਦਦ ਕਰਨ ਲਈ ਕਰ ਸਕਦਾ ਹਾਂ।"












