ਕ੍ਰਾਈਮ ਸ਼ੋਅ ਦੇਖ ਕੇ ਕਤਲ ਵਿੱਚ ਆਈ ਦਿਲਚਸਪੀ, 100 ਵਾਰ ਚਾਕੂ ਮਾਰ ਕੇ ਕੀਤਾ ਅਧਿਆਪਕਾ ਦਾ ਕਤਲ

ਯੁੰਗ ਜੂ-ਯੁੰਗ

ਤਸਵੀਰ ਸਰੋਤ, BUSAN POLICE

ਤਸਵੀਰ ਕੈਪਸ਼ਨ, ਯੁੰਗ ਜੂ-ਯੁੰਗ ਪੀੜਤ ਦੇ ਘਰ ਸਕੂਲੀ ਵਰਦੀ ਪਾ ਕੇ ਦਾਖ਼ਲ ਹੋਈ ਸੀ
    • ਲੇਖਕ, ਫਰੈਂਸਸ ਮਾਓ
    • ਰੋਲ, ਬੀਬੀਸੀ ਪੱਤਰਕਾਰ

ਸਾਊਥ ਕੋਰੀਆ ਦੀ ਇੱਕ ਅਦਾਲਤ ਨੇ ਅਪਰਾਧ ਬਾਰੇ ਸ਼ੋਅ ਦੇਖਣ ਅਤੇ ਨਾਵਲ ਪੜ੍ਹਨ ਦੀ ਸ਼ੌਕੀਨ ਇੱਕ ਕੁੜੀ ਨੂੰ ਉਮਰਕੈਦ ਦੀ ਸਜ਼ਾ ਸੁਣਾਈ ਹੈ।

ਇਸ ਕੁੜੀ ਨੇ ਇੱਕ ਅਜਨਬੀ ਵਿਅਕਤੀ ਨੂੰ ਬਿਨ੍ਹਾਂ ਕਿਸੇ ਮਤਲਬ ਦੇ 'ਬੱਸ ਕ੍ਰਾਈਮ’ ਪ੍ਰਤੀ ਆਪਣੀ ਦਿਲਚਸਪੀ ਦੇ ਚਲਦਿਆਂ ਮਾਰ ਦਿੱਤਾ।

ਪੁਲਿਸ ਦਾ ਕਹਿਣਾ ਹੈ ਇਸ ਕੁੜੀ ਉੱਤੇ ਅਪਰਾਧ(ਕ੍ਰਾਈਮ)ਸ਼ੋਅ ਅਤੇ ਨਾਵਲਾਂ ਦਾ ਭੂਤ ਸਵਾਰ ਸੀ ਅਤੇ ਉਸ ਦੀ ਮਾਨਸਿਕ ਸਥਿਤੀ ਆਮ ਨਹੀਂ ਸੀ।

23 ਸਾਲਾ ਯੁੰਗ ਯੋ-ਯੁੰਗ ਕਤਲ ਕਰਕੇ ਵੇਖਣਾ ਚਾਹੁੰਦੀ ਸੀ।

ਇਸ ਕੁੜੀ ਨੇ ਪੀੜਤ ਨੂੰ ਲੱਭਣ ਲਈ ਇੱਕ ਐਪ ਦੀ ਵਰਤੋਂ ਕੀਤੀ ਹੈ।

ਐਪ ਰਾਹੀਂ ਉਹ ਇੰਗਲਿਸ਼ ਪੜ੍ਹਾਉਣ ਵਾਲੀ ਇੱਕ ਔਰਤ ਦੇ ਸੰਪਰਕ ਵਿੱਚ ਆਈ।

ਉਸ ਨੇ ਮਈ ਵਿੱਚ ਇਸ ਔਰਤ ਨੂੰ ਚਾਕੂ ਦੇ ਵਾਰ ਕਰਕੇ ਉਸਦੇ ਘਰ ਵਿੱਚ ਹੀ ਮਾਰ ਦਿੱਤਾ।

'ਕਤਲ ਨੇ ਪੂਰੇ ਦੇਸ ਨੂੰ ਹਿਲਾਇਆ'

ਕੋਰੀਆ 'ਚ ਕਤਲ

ਤਸਵੀਰ ਸਰੋਤ, Getty Images/ coldsnowtorm

ਤਸਵੀਰ ਕੈਪਸ਼ਨ, ਸੰਕੇਤਕ ਤਸਵੀਰ

ਇਸ ਭਿਆਨਕ ਕਤਲ ਨੇ ਪੂਰੇ ਸਾਊਥ ਕੋਰੀਆ ਨੂੰ ਹੈਰਾਨ ਕਰ ਦਿੱਤਾ ਹੈ।

ਪੀੜਤ ਪੱਖ ਦੇ ਸਰਕਾਰੀ ਵਕੀਲਾਂ ਨੇ ਮੌਤ ਦੀ ਸਜ਼ਾ ਦੀ ਮੰਗ ਕੀਤੀ ਸੀ।

ਉਨ੍ਹਾਂ ਨੇ ਅਦਾਲਤ ਨੂੰ ਦੱਸਿਆ ਕਿ ਯੁੰਗ ਬੇਰੁਜ਼ਗਾਰ ਸੀ ਅਤੇ ਆਪਣੇ ਦਾਦਾ ਨਾਲ ਰਹਿੰਦੀ ਸੀ।

ਉਸਨੇ ਮਹੀਨਿਆਂ ਤੱਕ ਆਨਲਾਈਨ ਪੜ੍ਹਾਈ ਵਾਲੇ ਇੱਕ ਐਪ ਦੀ ਵਰਤੋਂ ਕਰਕੇ ਪੀੜਤ ਨੂੰ ਲੱਭਿਆ ਅਤੇ ਉਸ ਨੂੰ ਨਿਸ਼ਾਨਾ ਬਣਾਇਆ।

ਉਸਨੇ 50 ਦੇ ਕਰੀਬ ਲੋਕਾਂ ਨਾਲ ਸੰਪਰਕ ਕੀਤਾ ਅਤੇ ਉਨ੍ਹਾਂ ਨੂੰ ਪੁੱਛਿਆ ਕਿ ਕੀ ਉਹ ਆਪਣੇ ਘਰ ਵਿੱਚ ਟਿਊਸ਼ਨ ਪੜ੍ਹਾਉਂਦੇ ਹਨ।

ਉਨ੍ਹਾਂ ਦੱਸਿਆ ਕਿ ਯੁੰਗ ਕਿਸੇ ਔਰਤ ਨੂੰ ਸ਼ਿਕਾਰ ਬਣਾਉਣਾ ਚਾਹੁੰਦੀ ਸੀ।

ਪੁਲਿਸ ਨੇ ਪੀੜਤ ਦੀ ਪਛਾਣ ਜਨਤਕ ਨਹੀਂ ਕੀਤੀ।

'ਚਾਕੂ ਨਾਲ 100 ਤੋਂ ਵੱਧ ਵਾਰ ਕੀਤੇ'

ਕੋਰੀਆ 'ਚ ਕਤਲ

ਤਸਵੀਰ ਸਰੋਤ, David Wall/ Getty Images

ਤਸਵੀਰ ਕੈਪਸ਼ਨ, ਸੰਕੇਤਕ ਤਸਵੀਰ

ਮਈ ਵਿੱਚ ਉਸਨੇ ਆਪਣੇ ਆਪ ਨੂੰ ਇਸ ਤਰ੍ਹਾਂ ਪੇਸ਼ ਕੀਤਾ ਕਿ ਉਹ ਇੱਕ ਹਾਈ ਸਕੂਲ ਵਿੱਚ ਪੜ੍ਹਦੇ ਵਿਦਿਆਰਥੀ ਦੀ ਮਾਂ ਹੈ।

ਉਸਨੇ ਇੱਕ 26 ਸਾਲਾ ਅਧਿਆਪਕਾ ਨਾਲ ਸੰਪਰਕ ਕੀਤਾ।

ਇਹ ਅਧਿਆਪਕਾ ਸਾਊਥ ਕੋਰੀਆ ਦੱਖਣ-ਪੂਰਬ ਇਲਾਕੇ ਵਿੱਚ ਪੈਂਦੇ ਸ਼ਹਿਰ ਬੁਸਨ ਵਿੱਚ ਰਹਿੰਦੀ ਸੀ।

ਯੁੰਗ ਫਿਰ ਅਧਿਆਪਕਾ ਦੇ ਘਰ ਸਕੂਲੀ ਵਰਦੀ ਪਾ ਕੇ ਗਈ। ਸਰਕਾਰੀ ਵਕੀਲਾਂ ਨੇ ਦੱਸਿਆ ਕਿ ਉਸਨੇ ਇਹ ਵਰਦੀ ਆਨਲਾਈਨ ਖਰੀਦੀ ਸੀ।

ਜਦੋਂ ਅਧਿਆਪਕਾ ਨੇ ਉਸ ਨੂੰ ਆਪਣੇ ਘਰ ਦਾਖ਼ਲ ਹੋਣ ਦਿੱਤਾ ਤਾਂ ਉਸ ਨੇ ਪੀੜਤ ਉੱਤੇ ਹਮਲਾ ਕਰ ਦਿੱਤਾ।

ਉਸਨੇ ਅਧਿਆਪਕਾ ਉੱਤੇ ਚਾਕੂ ਨਾਲ 100 ਤੋਂ ਵੱਧ ਵਾਰ ਕੀਤੇ।

ਔਰਤ ਦੇ ਮਰ ਜਾਣ ਤੋਂ ਬਾਅਦ ਵੀ ਉਸਨੇ ਆਪਣਾ ਇਹ ਪਾਗਲਪਨ ਜਾਰੀ ਰੱਖਿਆ।

'ਕਿਵੇਂ ਹੋਈ ਗਿਰਫ਼ਤਾਰੀ'

ਕੋਰੀਆ 'ਚ ਕਤਲ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸੰਕੇਤਕ ਤਸਵੀਰ

ਇਸ ਮਗਰੋਂ ਉਸਨੇ ਉਸ ਔਰਤ ਦੀ ਲਾਸ਼ ਦੇ ਟੁੱਕੜੇ ਕਰ ਦਿੱਤੇ। ਫਿਰ ਉਸਨੇ ਇਨ੍ਹਾਂ ਕੁਝ ਟੋਟਿਆਂ ਨੂੰ ਦੂਰ ਕਿਸੇ ਥਾਂ ਸੁੱਟਣ ਲਈ ਟੈਕਸੀ ਬੁਲਾਈ।

ਉਸਨੇ ਇਹ ਟੈਕਸੀ ਬੁਸਨ ਸ਼ਹਿਰ ਦੇ ਉੱਤਰੀ ਇਲਾਕੇ ਵਿੱਚ ਦਰਿਆ ਦੇ ਨੇੜੇ ਇੱਕ ਜੰਗਲ ਤੱਕ ਜਾਣ ਲਈ ਬੁਲਾਈ ਸੀ।

ਟੈਕਸੀ ਦੇ ਚਾਲਕ ਨੇ ਇਸ ਗੱਲ ਦੀ ਇਤਲਾਹ ਪੁਲਿਸ ਨੂੰ ਦੇ ਦਿੱਤੀ।

ਉਸਨੇ ਪੁਲਿਸ ਨੂੰ ਦੱਸਿਆ ਕਿ ਉਸਦੇ ਇੱਕ ਗਾਹਕ ਨੇ ਖ਼ੂਨ ਨਾਲ ਲਿੱਬੜਿਆ ਇੱਕ ਸੂਟਕੇਸ ਜੰਗਲ ਵਿੱਚ ਸੁੱਟਿਆ ਹੈ।

ਪੁਲਿਸ ਨੇ ਦੱਸਿਆ ਕਿ ਯੁੰਗ ਦੀ ਇੰਟਰਨੈੱਟ ਹਿਸਟਰੀ ਵਿੱਚ ਇਹ ਸਾਹਮਣੇ ਆਇਆ ਕਿ ਉਸਨੇ ਕਤਲ ਦੇ ਤਰੀਕਿਆਂ ਅਤੇ ਕਤਲ ਤੋਂ ਬਾਅਦ ਦੇਹ ਨੂੰ ਟਿਕਾਣੇ ਦੇ ਲਾਉਣ ਲਈ ਕਈ ਮਹੀਨੇ ਖੋਜ ਕੀਤੀ ਸੀ।

'ਕੁੜੀ ਨੇ ਕਿਹੜੀਆਂ ਗਲਤੀਆਂ ਕੀਤੀਆਂ'

ਕੋਰੀਆ 'ਚ ਕਤਲ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸੰਕੇਤਕ ਤਸਵੀਰ

ਪੁਲਿਸ ਨੇ ਦੱਸਿਆ ਸੀ ਕੁੜੀ ਬਹੁਤ ਲਾਪਰਵਾਹ ਸੀ।

ਉਸਨੇ ਅਧਿਆਪਕ ਦੇ ਘਰ ਦੇ ਬਾਹਰ ਲੱਗੇ ਸੀਸੀਟੀਵੀ ਕੈਮਰਿਆਂ ਤੋਂ ਬਚਣ ਦੀ ਕੋਈ ਕੋਸ਼ਿਸ਼ ਨਹੀਂ ਕੀਤੀ।

ਸਜ਼ਾ ਸੁਣਾਉਣ ਵੇਲੇ ਜੱਜ ਨੇ ਕਿਹਾ ਕਿ ਇਸ ਕਤਲ ਨੇ ਸਮਾਜ ਵਿੱਚ ਇਸ ਬਾਰੇ ਡਰ ਫੈਲਾਇਆ ਹੈ ਕਿ ਕੋਈ ਵੀ ਬਿਨ੍ਹਾਂ ਕਿਸੇ ਵਜ੍ਹਾ ਦੇ ਸ਼ਿਕਾਰ ਹੋ ਸਕਦਾ ਹੈ।

ਇਸਨੇ ਲੋਕਾਂ ਵਿੱਚ ਅਵਿਸ਼ਵਾਸ ਦੀ ਭਾਵਨਾ ਪੈਦਾ ਕੀਤੀ ਹੈ।

ਯੁੰਗ ਨੇ ਜੂਨ ਵਿੱਚ ਆਪਣਾ ਜੁਰਮ ਸਵੀਕਾਰ ਕਰ ਲਿਆ ਸੀ।

ਉਸ ਨੇ ਆਪਣੀ ਮਾਨਸਿਕ ਪਰੇਸ਼ਾਨੀ ਅਤੇ ਦੌਰਿਆਂ ਬਾਰੇ ਦੱਸਦਿਆਂ ਇਹ ਗੁਹਾਰ ਲਾਈ ਕਿ ਉਸਦੀ ਸਜ਼ਾ ਘਟਾ ਦਿੱਤੀ ਜਾਵੇ।

ਅਦਾਲਤ ਨੇ ਉਸਦੀ ਦਲੀਲ ਨੂੰ ਪ੍ਰਵਾਨ ਨਹੀਂ ਕੀਤਾ।

ਅਦਾਲਤ ਨੇ ਕਿਹਾ ਕਿ ਇਸ ਅਪਰਾਧ ਨੂੰ ਯੋਜਨਾਬੱਧ ਤਰੀਕੇ ਨਾਲ ਸਿਰੇ ਲਾਇਆ ਗਿਆ ਅਤੇ ਯੁੰਗ ਦੇ ਮਾਨਸਿਕ ਅਤੇ ਸਰੀਰਕ ਬਿਮਾਰੀ ਦੇ ਦਾਅਵੇ ਨੂੰ ਪ੍ਰਵਾਨ ਕਰਨਾ ਮੁਸ਼ਕਲ ਹੈ।

'ਕੁੜੀ ਨੇ ਕਈ ਵਾਰੀ ਬਦਲੇ ਬਿਆਨ'

ਕੋਰੀਆ 'ਚ ਕਤਲ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸੰਕੇਤਕ ਤਸਵੀਰ

ਅਦਾਲਤ ਨੇ ਇਹ ਵੀ ਨੋਟ ਕੀਤਾ ਕਿ ਯੁੰਗ ਦੇ ਬਿਆਨ ਕਈ ਵਾਰੀ ਬਦਲਦੇ ਰਹੇ।

ਸ਼ੁਰੂ-ਸ਼ੁਰੂ ਵਿੱਚ ਯੁੰਗ ਨੇ ਕਿਹਾ ਕਿ ਉਸਨੇ ਸਿਰਫ਼ ਲਾਸ਼ ਨੂੰ ਟਿਕਾਣੇ ਲਾਉਣ ਦਾ ਕੰਮ ਕੀਤਾ ਅਤੇ ਕਤਲ ਕਿਸੇ ਹੋਰ ਨੇ ਕੀਤਾ ਹੈ।

ਪਰ ਉਸਦੇ ਬਿਆਨ ਫਿਰ ਬਦਲ ਗਏ ਅਤੇ ਉਸਨੇ ਇਹ ਦਾਅਵਾ ਕੀਤਾ ਕਿ ਕਤਲ ਇੱਕ ਬਹਿਸ ਤੋਂ ਬਾਅਦ ਹੋਇਆ।

ਅਖ਼ੀਰ ਵਿੱਚ ਉਸਨੇ ਇਹ ਗੱਲ ਵੀ ਮੰਨੀ ਕਿ ਇਹ ਕਤਲ ਉਸਨੇ ਕ੍ਰਾਈਮ ਸ਼ੋਅ ਅਤੇ ਟੀਵੀ ਪ੍ਰੋਗਰਾਮਾਂ ਤੋਂ ਪ੍ਰਭਾਵਿਤ ਹੋ ਕੇ ਕੀਤਾ ਅਤੇ ਇਸਨੇ ਉਸਦੀ ਕਤਲ ਕਰਨ ਵਿੱਚ ਦਿਲਚਸਪੀ ਵਧਾਈ।

ਸਾਊਥ ਕੋਰੀਆ ਵਿੱਚ ਮੌਤ ਦੀ ਸਜ਼ਾ ਦੀ ਵਿਵਸਥਾ ਹੈ ਪਰ 1997 ਤੋਂ ਕਿਸੇ ਨੂੰ ਵੀ ਮਾਰਿਆ ਨਹੀਂ ਗਿਆ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)