ਦੋ ਪਰਿਵਾਰਾਂ ਦੀ ਦੁਸ਼ਮਣੀ ਦੀ ਕਹਾਣੀ ਜਿਸ ਕਾਰਨ ਗਈਆਂਂ ਕਰੀਬ 20 ਜਾਨਾਂ

ਤਸਵੀਰ ਸਰੋਤ, Sat Singh
- ਲੇਖਕ, ਸਤ ਸਿੰਘ
- ਰੋਲ, ਬੀਬੀਸੀ ਸਹਿਯੋਗੀ
ਰੋਹਤਕ ਜ਼ਿਲ੍ਹੇ ਵਿੱਚ ਘੁੱਗ ਵੱਸਦਾ ਪਿੰਡ ਕਾਰੋਰ ਸਾਲ 1998 ਤੱਕ ਇੱਕ ਆਮ ਜਿਹਾ ਪਿੰਡ ਸੀ।
ਇਹ ਪਿੰਡ ਸ਼ਾਂਤੀ ਅਤੇ ਇੱਥੋਂ ਦੇ ਵਸਨੀਕਾਂ ਦੇ ਭਾਈਚਾਰੇ ਲਈ ਜਾਣਿਆ ਜਾਂਦਾ ਸੀ।
ਅੱਜ ਇਸ ਪਿੰਡ ਵਿੱਚ ਉੱਲੂ ਬੋਲਦੇ ਹਨ। ਪਿੰਡ ਦੀ ਅੱਧੇ ਨਾਲੋਂ ਵੱਧ ਆਬਾਦੀ ਇਸਨੂੰ ਛੱਡ ਕੇ ਜਾ ਚੁੱਕੀ ਹੈ।
ਪਿੰਡ ਦੇ ਲੋਕ ਇੱਥੋਂ ਨਿਕਲਕੇ ਛੇਤੀ ਤੋਂ ਛੇਤੀ ਸ਼ਹਿਰ ਜਾਣਾ ਚਾਹੁੰਦੇ ਹਨ ਤਾਂ ਜੋ ਆਪਣੇ ਬੱਚਿਆਂ ਨੂੰ ਸੁਰੱਖਿਅਤ ਰੱਖ ਸਕਣ।
ਪਿੰਡ ਦਾ ਇਹ ਹਾਲ ਹੋਣ ਦਾ ਕਾਰਨ ਹੈ – ਦੋ ਪਰਿਵਾਰਾਂ ਦੀ ਦੁਸ਼ਮਣੀ।
ਤਕਰੀਬਨ 20 ਸਾਲ ਪਹਿਲਾਂ ਸ਼ੁਰੂ ਹੋਈ ਇਸ ਦੁਸ਼ਮਣੀ ਕਾਰਨ ਸ਼ੁਰੂ ਹੋਈ ਕਤਲੋਗਾਰਤ ਵਿੱਚ ਕਈ ਜਾਨਾਂ ਜਾ ਚੁੱਕੀਆਂ ਹਨ।
ਦੋਵਾਂ ਧਿਰਾਂ ਦੇ 20 ਦੇ ਕਰੀਬ ਲੋਕ ਮਾਰੇ ਜਾ ਚੁੱਕੇ ਹਨ।
ਪੁਲਿਸ ਦੇ ਰਿਕਾਰਡ ਦੇ ਮੁਤਾਬਕ ਕਾਰੋਰ ਪਿੰਡ ਵਿੱਚ ਹੁਣ ਤੱਕ ਕਤਲ ਦੇ 16 ਮਾਮਲੇ ਦਰਜ ਹੋਏ ਹਨ।
ਇਹ ਦੁਸ਼ਮਣੀ ਛਾਜੂ ਅਤੇ ਛਿੱਪੀ ਪਰਿਵਾਰ ਵਿਚਾਲੇ ਹੈ।
ਛਾਜੂ ਧਿਰ ਦਾ ਸਬੰਧ ਛਾਜੂ ਰਾਮ ਨਾਲ ਹੈ। ਛਾਜੂ ਰਾਮ ਦੇ ਸੱਤ ਪੁੱਤਰਾਂ ਵਿੱਚੋਂ 6 ਇਸੇ ਲੜਾਈ ਕਾਰਨ ਮਾਰੇ ਜਾ ਚੁੱਕੇ ਹਨ।
ਦੀਵਾਲੀ ਵਾਲੇ ਦਿਨ ਵੀ ਹੋਇਆ ਕਤਲ
ਇਸੇ ਸਾਲ 12 ਨਵੰਬਰ ਨੂੰ ਦੀਵਾਲੀ ਵਾਲੇ ਦਿਨ ਵੀ ਇੱਕ ਧਿਰ ਵੱਲੋਂ ਦੂਜੀ ਧਿਰ ਨਾਲ ਸਬੰਧਤ ਵਿਅਕਤੀ ਦਾ ਕਤਲ ਕੀਤਾ ਗਿਆ।
12 ਨਵੰਬਰ ਨੂੰ ਦੀਵਾਲੀ ਵਾਲੇ ਦਿਨ ਛਿੱਪੀ ਧਿਰ ਨਾਲ ਸਬੰਧ ਰੱਖਦੇ ਮੋਹਿਤ ਨਾਂਅ ਦੇ ਸ਼ਖ਼ਸ ਨੂੰ ਗੋਲੀਆਂ ਮਾਰਕੇ ਹਲਾਕ ਕਰ ਦਿੱਤਾ।
ਪਿੰਡ ਵਿੱਚ ਡਰ ਅਤੇ ਸਹਿਮ ਦਾ ਮਾਹੌਲ ਹੈ।
‘ਕਾਤਲ ਮੋਹਿਤ ਨੂੰ ਮਾਰਨ ਤੋਂ ਬਾਅਦ ਦੁਬਾਰਾ ਆਏ’

ਤਸਵੀਰ ਸਰੋਤ, Sat Singh
ਮੋਹਿਤ ਦੇ ਪਿਤਾ ਅਜੀਤ ਕੁਮਾਰ ਦੱਸਦੇ ਹਨ ਕਿ ਉਹ ਦੀਵਾਲੀ ਵਾਲੇ ਦਿਨ ਖ਼ਾਦ ਅਤੇ ਬੀਜ ਲੈ ਕੇ ਸ਼ਹਿਰ ਤੋਂ ਵਾਪਸ ਆਏ ਸਨ।
ਉਨ੍ਹਾਂ ਦੱਸਿਆ ਕਿ ਜਦੋਂ ਉਹ ਟ੍ਰੈਕਟਰ ਤੋਂ ਸਮਾਨ ਉਤਾਰਨ ਲਈ ਮੋਹਿਤ ਨੂੰ ਬੁਲਾਉਣ ਗਏ ਤਾਂ ਕਈ ਲੋਕ ਉਨ੍ਹਾਂ ਦੇ ਪੁੱਤ ਨੂੰ ਘੇਰ ਕੇ ਗੋਲੀਆਂ ਚਲਾ ਰਹੇ ਸਨ।
“ਇੱਕ ਵਾਰੀ ਵਾਰਦਾਤ ਕਰਨ ਤੋਂ ਬਾਅਦ ਉਹ ਦੁਬਾਰਾ ਆਏ ਅਤੇ ਉਦੋਂ ਤੱਕ ਵਾਪਸ ਨਹੀਂ ਗਏ ਜਦੋਂ ਤੱਕ ਉਨ੍ਹਾਂ ਨੂੰ ਯਕੀਨ ਨਹੀਂ ਹੋਇਆ ਕਿ ਮੋਹਿਤ ਦੀ ਮੌਤ ਹੋ ਚੁੱਕੀ ਹੈ।”
“ਇੱਕ ਪਿਤਾ ਦੇ ਲਈ ਅੱਖਾਂ ਦੇ ਸਾਹਮਣੇ ਆਪਣੇ ਪੁੱਤ ਦੇ ਕਤਲ ਨਾਲੋਂ ਮਾੜਾ ਹੋਰ ਕੀ ਹੋ ਸਕਦਾ ਹੈ।”
ਉਨ੍ਹਾਂ ਕਿਹਾ ਕਿ ਉਹ ਪੁਲਿਸ ਅਤੇ ਪ੍ਰਸ਼ਾਸਨ ਨੂੰ ਅਪੀਲ ਕਰਦੇ ਹਨ ਕਿ ਕੋਈ ਹੋਰ ਪਿੰਡ ਵਾਲਾ ਇਸ ਦੁਸ਼ਮਣੀ ਦਾ ਸ਼ਿਕਾਰ ਨਾ ਹੋਵੇ।
2018 ਅਪ੍ਰੈਲ ਨੂੰ ਛਾਜੂ ਦੇ ਪੁੱਤਰ ਆਨੰਦ ਨੂੰ ਛਿੱਪੀ ਧਿਰ ਦੇ ਲੋਕਾਂ ਨੇ ਮਾਰ ਦਿੱਤਾ ਸੀ।
ਇਸ ਕਤਲ ਦੇ ਮਾਮਲੇ ਵਿੱਚ ਮੋਹਿਤ ਦੀ ਗ੍ਰਿਫ਼ਤਾਰੀ ਹੋਈ ਸੀ।
ਮੋਹਿਤ ਉੱਤੇ ਇਹ ਇਲਜ਼ਾਮ ਸਨ ਕਿ ਉਸ ਨੇ ਆਨੰਦ ਦੇ ਥਹੁ-ਟਿਕਾਣੇ ਬਾਰੇ ਜਾਣਕਾਰੀ ਇਕੱਠੀ ਕੀਤੀ ਸੀ।
ਮੋਹਿਤ ਦੇ ਕਤਲ ਦੇ ਮਾਮਲੇ ਵਿੱਚ ਸ਼੍ਰੀਭਗਵਾਨ, ਮਲਕੀਅਤ ਅਤੇ ਹੋਰ ਲੋਕਾਂ ਦੇ ਨਾਂਅ ਸਾਹਮਣੇ ਆਏ ਹਨ।
ਮੋਹਿਤ ਦੇ ਪਿਤਾ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਪੁੱਤਰ ਨਿਰਦੋਸ਼ ਸੀ।
ਪਿੰਡ ਵਾਲੇ ਕੀ ਕਹਿ ਰਹੇ

ਤਸਵੀਰ ਸਰੋਤ, Sat Singh
ਜਦੋਂ ਅਸੀਂ ਪਿੰਡ ਪਹੁੰਚੇ ਤਾਂ ਪਿੰਡ ਦੇ ਲੋਕ ਗੱਲਬਾਤ ਕਰਨ ਤੋਂ ਡਰ ਰਹੇ ਸਨ।
ਉਨ੍ਹਾਂ ਨੂੰ ਇਸ ਗੱਲ ਦਾ ਡਰ ਸੀ ਕਿ ਕਿਤੇ ਉਹ ਵੀ ਨਿਸ਼ਾਨੇ ਉੱਤੇ ਨਾ ਆ ਜਾਣ।
ਨਾਂਅ ਨਾ ਦੱਸਣ ਦੀ ਸ਼ਰਤ ਉੱਤੇ ਇੱਕ ਪਿੰਡ ਦੇ ਬੰਦੇ ਨੇ ਦੱਸਿਆ ਕਿ 20 ਸਾਲ ਪਹਿਲਾਂ ਇੱਕ ਪਰਿਵਾਰ ਨਾਲ ਸਬੰਧਤ ਕਿਸੇ ਸ਼ਖ਼ਸ ਨੇ ਦੂਜੇ ਪਰਿਵਾਰ ਦੇ ਬੱਚੇ ਨੂੰ ਦੋ ਥੱਪੜ ਮਾਰ ਦਿੱਤੇ ਸਨ।
ਇਸ ਤੋਂ ਬਾਅਦ ਦੂਜੇ ਪਰਿਵਾਰ ਨੇ ਰੰਜਿਸ਼ ਦੇ ਚਲਦਿਆਂ ਕਤਲ ਕਰ ਦਿੱਤਾ ਸੀ।
ਉਸ ਵੇਲੇ ਛਿੱਪੀ ਪਰਿਵਾਰ ਦੇ ਲੋਕ ਨਾਬਾਲਗ ਸਨ ਜਦੋਂ ਉਹ ਵੱਡੇ ਹੋਏ ਤਾਂ ਉਨ੍ਹਾਂ ਨੇ ਛੱਜੂਰਾਮ ਧਿਰ ਦੇ ਲੋਕਾਂ ਦੇ ਕਤਲ ਕਰਨੇ ਸ਼ੁਰੂ ਕਰ ਦਿੱਤੇ।
ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਦਿਨ ਵੇਲੇ ਵੀ ਉਨ੍ਹਾਂ ਦੇ ਪਿੰਡ ਦੀਆਂ ਗਲੀਆਂ ਸੁੰਨੀਆਂ ਰਹਿੰਦੀਆਂ ਸਨ ਅਤੇ ਸ਼ਾਮ ਨੂੰ ਹਨੇਰੇ ਤੋਂ ਬਾਅਦ ਕਿਸੇ ਦਾ ਬਾਹਰ ਨਿਕਲਣਾ ਜਿਵੇਂ ਮੌਤ ਨੂੰ ਸੱਦਾ ਦੇਣਾ ਸੀ।
ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਛਾਜੂ ਪਰਿਵਾਰ ਦੇ ਮੈਂਬਰਾਂ ਵੱਲੋਂ ਲੋਕਾਂ ਨੂੰ ਪਰੇਸ਼ਾਨ ਕੀਤਾ ਜਾਂਦਾ ਸੀ।
1998 ਵਿੱਚ ਵੀ ਜੂਨ ਦੇ ਮਹੀਨੇ ਜਦੋਂ ਪਿੰਡ ਵਿੱਚ ਇੱਕ ਵਿਆਹ ਮੌਕੇ ਲਾੜਾ ਘੋੜੇ 'ਤੇ ਸਵਾਰ ਹੋ ਕੇ ਉਨ੍ਹਾਂ ਦੇ ਘਰ ਦੇ ਸਾਹਮਣਿਓਂ ਲੰਘ ਰਿਹਾ ਸੀ ਤਾਂ ਛਾਜੂ ਦੇ ਪਰਿਵਾਰ ਨੇ ਆਪਣਾ ਰੋਹਬ ਵਿਖਾਉਣ ਲਈ ਗੋਲੀਆਂ ਚਲਾ ਦਿੱਤੀਆਂ ਸਨ।
ਲਾੜੇ ਦੀ ਮੌਕੇ ਉੱਤੇ ਹੀ ਮੌਤ ਹੋ ਗਈ ਸੀ।
ਕਦੋਂ ਸ਼ੁਰੂ ਹੋਈ ਦੁਸ਼ਮਣੀ

ਤਸਵੀਰ ਸਰੋਤ, Sat Singh
ਇਨ੍ਹਾਂ ਦੋਵਾਂ ਪਰਿਵਾਰਾਂ ਵਿਚਾਲੇ ਦੁਸ਼ਮਣੀ ਦੀ ਸ਼ੁਰੂਆਤ 2001 ਤੋਂ ਹੋਈ ਸੀ।
ਰੋਹਤਾਸ਼, ਜੋ ਕਿ ਛੱਜੂ ਦਾ ਪੁੱਤਰ ਸੀ ਅਤੇ ਅਨਿਲ (ਛਿੱਪੀ) ਦਾ ਚਾਚਾ ਦੋਵੇਂ ਨਜ਼ਾਇਜ਼ ਸ਼ਰਾਬ ਦਾ ਕਾਰੋਬਾਰ ਕਰਦੇ ਸਨ।
ਦੋਵਾਂ ਜਣਿਆ ਵਿਚਕਾਰ ਲੜਾਈ ਹੋ ਗਈ। ਉਸ ਵੇਲੇ ਪਿੰਡ ਦਾ ਸਰਪੰਜ ਰੋਹਤਾਸ਼ ਦਾ ਭਰਾ ਸ਼੍ਰੀਭਗਵਾਨ ਸੀ।
ਸ਼੍ਰੀਭਗਵਾਨ ਨੇ ਆਪਣੇ ਭਰਾ ਦਾ ਪੱਖ ਲੈਂਦਿਆਂ ਰਮੇਸ਼ ਨੂੰ ਗਾਲ੍ਹਾਂ ਕੱਢੀਆਂ ਅਤੇ ਮਾੜਾ ਵਿਵਹਾਰ ਕੀਤਾ।
ਲੜਾਈ ਇੰਨੀ ਵੱਧ ਗਈ ਕਿ ਛਿੱਪੀ ਧੜੇ ਨੇ ਜਨਵਰੀ 2002 ਵਿੱਚ ਖਰਾਵੜ ਰੇਲਵੇ ਸਟੇਸ਼ਨ ਉੱਤੇ ਰੋਹਤਾਸ਼ ਦੇ ਭਰਾ ਸ਼ੀਲਕ ਨੂੰ ਗੋਲੀ ਮਾਰਕੇ ਹਲਾਕ ਕਰ ਦਿੱਤਾ।
ਉਸ ਵੇਲੇ ਰਮੇਸ਼ ਅਤੇ ਈਸ਼ਵਰ ਦੀ ਗ੍ਰਿਫ਼ਤਾਰੀ ਹੋਈ ਸੀ।
ਪਿੰਡ ਤੋਂ ਬਾਹਰ ਰੋਹਤਕ ਰਹਿੰਦੇ ਜਸਵੀਰ ਸਿੰਘ ਦੱਸਦੇ ਹਨ ਕਿ ਬਾਹਰ ਰਹਿੰਦੇ ਲੋਕਾਂ ਲਈ ਇਹ ਪਰਿਵਾਰ ਛਾਜੂ ਅਤੇ ਛਿੱਪੀ ਹਨ ਪਰ ਇਹ ਉਨ੍ਹਾਂ ਦੇ ਨਾਲ ਜੁੜੇ ਲੋਕਾਂ ਦੀ ਕਹਾਣੀ ਹੈ।
ਉਹ ਦੱਸਦੇ ਹਨ, “ਪਿੰਡ ਵਿੱਚ ਇੱਕ ਦੂਜੇ ਬਗੈਰ ਕੰਮ ਨਹੀਂ ਚਲਦਾ, ਪੂਰਾ ਪਿੰਡ ਇੱਕ ਵੱਡਾ ਪਰਿਵਾਰ ਮੰਨਿਆ ਜਾਂਦਾ ਹੈ, ਲੋਕ ਧਿਰਾਂ ਵਿੱਚ ਸ਼ਾਮਲ ਹੁੰਦੇ ਰਹੇ ੳਤੇ ਮਰਦੇ ਰਹੇ।”
ਇੱਕ ਤੋਂ ਬਾਅਦ ਇੱਕ ਕਤਲ

ਤਸਵੀਰ ਸਰੋਤ, Sat Singh
ਫਰਵਰੀ 2002 ਵਿੱਚ ਸ਼ੀਲਕ ਦੀ ਮੌਤ ਦਾ ਬਦਲਾ ਲੈਂਦਿਆਂ ਛਾਜੂ ਧਿਰ ਦੇ ਬੰਦਿਆਂ ਨੇ ਪਿੰਡ ਵਿੱਚ ਹੀ ਰਹਿਣ ਵਾਲੇ ਤਿੰਨ ਬੰਦਿਆਂ ਦਾ ਕਤਲ ਕਰ ਦਿੱਤਾ।
ਇਹ ਤਿੰਨ ਬੰਦੇ ਸਨ ਜੈ ਨਰਾਇਣ, ਰਾਮਚੰਦਰ ਅਤੇ ਰਮੇਸ਼।
ਇਸੇ ਰੰਜਿਸ਼ ਦੇ ਚਲਦਿਆਂ ਸੋਨੀਪਤ ਜ਼ਿਲ੍ਹੇ ਦੇ ਪਿੰਡ ਨਾਹਰੀ ਦੇ ਰਹਿਣ ਵਾਲੇ ਈਸ਼ਵਰ (ਛਿੱਪੀ ਧੜ੍ਹੇ ਨਾਲ ਸਬੰਧਤ) ਦਾ ਕਤਲ ਕਰ ਦਿੱਤਾ ਗਿਆ।
ਜੂਨ 2022 ਵਿੱਚ ਅਨਿਲ ਛਿੱਪੀ ਦੇ ਪਿਤਾ ਰਾਮਨਿਵਾਸ ਨੂੰ ਛਾਜੂ ਧਿਰ ਦੇ ਲੋਕਾਂ ਵੱਲੋਂ ਮਾਰ ਦਿੱਤਾ ਗਿਆ।
ਉਹ ਆਪਣੇ ਭਰਾ ਰਮੇਸ਼ ਨਾਲ ਮੁਲਾਕਾਤ ਕਰਨ ਲਈ ਰੋਹਤਕ ਜੇਲ੍ਹ ਆਏ ਹੋਏ ਸਨ ਜਦੋਂ ਉਨ੍ਹਾਂ ਨੂੰ ਗੋਲੀਆਂ ਮਾਰ ਕੇ ਹਲਾਕ ਕਰ ਦਿੱਤਾ ਗਿਆ।
ਜੁਲਾਈ 2003 ਵਿੱਚ ਅਨਿਲ ਛਿੱਪੀ ਦੇ ਚਾਚਾ ਰਮੇਸ਼ ਨੂੰ ਛਾਜੂ ਧਿਰ ਦੇ ਲੋਕਾਂ ਨੇ ਗੋਹਾਨਾ ਵਿੱਚ ਮਾਰ ਦਿੱਤਾ।
ਛਾਜੂ ਧਿਰ ਦੀ ਸਾਲ 1998 ਤੋਂ ਲੈ ਕੇ 2023 ਤੱਕ 14 ਲੋਕਾਂ ਦੇ ਕਤਲ ਵਿੱਚ ਸ਼ਮੂਲੀਅਤ ਰਹੀ ਹੈ, ਜਿਨ੍ਹਾਂ ਵਿੱਚੋਂ 10 ਜਣਿਆਂ ਦਾ ਰਿਕਾਰਡ ਪੁਲਿਸ ਕੋਲ ਹੈ।
ਪੁਲਿਸ ਮੁਤਾਬਕ ਛਾਜੂ ਧਿਰ ਉੱਤੇ ਕਤਲ ਦੇ 10 ਮਾਮਲੇ ਦਰਜ ਹੋਏ ਹਨ ਅਤੇ ਇਨ੍ਹਾਂ ਵਿੱਚੋਂ ਸੱਤ ਕੇਸਾਂ ਵਿੱਚੋਂ ਉਹ ਬਰੀ ਹੋਏ ਹਨ ਜਦਕਿ ਦੋ ਵਿੱਚ ਸਜ਼ਾ ਸੁਣਾਈ ਗਈ ਹੈ।
ਦੀਵਾਲੀ ਵਾਲੇ ਦਿਨ ਹੋਏ ਮੋਹਿਤ ਦੇ ਕਤਲ ਦੇ ਮਾਮਲੇ ਵਿੱਚ ਵੀ ਕੇਸ ਦਰਜ ਕੀਤਾ ਗਿਆ ਹੈ ।
ਪੁਲਿਸ ਮੁਤਾਬਕ ਛਾਜੂ ਧਿਰ ਉੱਤੇ ਕੁਲ 23 ਮਾਮਲੇ ਦਰਜ ਹਨ, ਜਿਸ ਵਿੱਚ ਕਤਲ, ਕਤਲ ਦੀ ਕੋਸ਼ਿਸ਼ ਅਤੇ ਆਰਮਜ਼ ਐਕਟ ਦੇ ਤਹਿਤ ਮਾਮਲੇ ਦਰਜ ਹਨ।
ਅਨਿਲ ਛਿੱਪੀ ਧਿਰ ਦੀ ਸਾਲ 2002 ਤੋਂ ਲੈ ਕੇ ਹੁਣ ਤੱਕ 9 ਲੋਕਾਂ ਦੇ ਕਤਲ ਵਿੱਚ ਸ਼ਮੂਲੀਅਤ ਰਹੀ ਹੈ।
ਅਨਿਲ ਛਿੱਪੀ ਧਿਰ ਦੇ ਲੋਕਾਂ ਉੱਤੇ ਕਤਲ ਦੇ 6 ਮਾਮਲੇ ਅਤੇ ਹੋਰ ਧਾਰਾਵਾਂ ਤਹਿਤ ਚਾਰ ਮਾਮਲੇ ਦਰਜ ਹਨ।
‘ਜਿਹੜੇ ਸਮਝਦਾਰ ਹਨ ਪਿੰਡ ਛੱਡ ਰਹੇ ਹਨ’

ਤਸਵੀਰ ਸਰੋਤ, Sat Singh
ਪਿੰਡ ਦੇ ਲੋਕਾਂ ਨੇ ਸਾਨੂੰ ਦੱਸਿਆ ਕਿ ਆਪਣੇ ਬੱਚਿਆਂ ਦੀ ਸੁਰੱਖਿਆ ਦਾ ਖਿਆਲ ਕਰਦਿਆਂ ਉਹ ਪਿੰਡ ਤੋਂ ਦੂਰ ਜਾ ਕੇ ਵਸਣ ਵਿੱਚ ਹੀ ਆਪਣੀ ਭਲਾਈ ਸਮਝਦੇ ਹਨ।
60 ਸਾਲਾ ਕਰਨ ਸਿੰਘ ਕਹਿੰਦੇ ਹਨ ਕਿ ਉਹ ਕਈ ਸਾਲ ਪਹਿਲਾਂ ਪਿੰਡ ਛੱਡ ਕੇ ਚਲੇ ਗਏ ਸਨ ਅਤੇ ਥੋੜ੍ਹੇ ਸਮੇਂ ਪਹਿਲਾਂ ਹੀ ਵਾਪਸ ਆਏ ਹਨ।
ਉਨ੍ਹਾਂ ਦੱਸਿਆ ਕਿ ਛਾਜੂਰਾਮ ਦੇ ਮੁੰਡਿਆਂ ਨੇ ਉਨ੍ਹਾਂ ਉੱਤੇ ਵੀ 20 ਸਾਲ ਪਹਿਲਾਂ ਗੋਲੀ ਚਲਾਈ ਸੀ ਜਿਸ ਮਗਰੋਂ ਉਹ ਚਲੇ ਗਏ ਸਨ।
“20 ਸਾਲਾਂ ਬਾਅਦ ਵੀ ਪਿੰਡ ਵਿੱਚ ਕੁਝ ਨਹੀਂ ਬਦਲਿਆ।”
ਪੁਲਿਸ ਕੀ ਕਹਿ ਰਹੀ ਹੈ

ਤਸਵੀਰ ਸਰੋਤ, Sat Singh
ਬੀਬੀਸੀ ਨਾਲ ਗੱਲ ਕਰਦਿਆਂ, ਪੁਲਿਸ ਕਪਤਾਨ ਹਿਮਾਂਸ਼ੂ ਗਰਗ ਨੇ ਦੱਸਿਆ ਕਿ ਦੋਵਾਂ ਪਰਿਵਾਰਾਂ ਨਾਲ ਸਬੰਧਤ ਲੋਕ ਪਿੰਡ ਛੱਡ ਕੇ ਚਲੇ ਗਏ ਹਨ।
“ਅਨਿਲ ਛਿੱਪੀ ਤਿਹਾੜ ਜੇਲ੍ਹ ਵਿੱਚ ਬੰਦ ਹਨ ਅਤੇ ਉਨ੍ਹਾਂ ਦੇ ਖ਼ਿਲਾਫ਼ ਹਰਿਆਣੇ ਦੇ ਕਈ ਥਾਣਿਆਂ ਵਿੱਚ ਕੇਸ ਦਰਜ ਹਨ, ਰੋਹਤਕ ਪੁਲਿਸ ਵੱਲੋਂ ਪਿੰਡ ਕਾਰੋਰ ਵਿੱਚ ਸ਼ਾਂਤੀ ਲਿਆੳਣ ਲਈ ਲਗਾਤਾਰ ਕੋਸ਼ਿਸ਼ਾਂ ਜਾਰੀ ਹਨ।”
ਉਨ੍ਹਾਂ ਦੱਸਿਆ ਕਿ ਪਿੰਡ ਦੇ ਮੋਹਤਬਰ ਬੰਦਿਆਂ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਅਤੇ ਆਲੇ-ਦੁਆਲੇ ਦੇ ਪਿੰਡਾਂ ਦੇ ਸਰਪੰਚਾਂ ਨੂੰ ਵੀ ਇਸ ਵਿੱਚ ਸ਼ਾਮਲ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਪਿੰਡ ਵਿੱਚ 24 ਘੰਟੇ ਪੁਲਿਸ ਤੈਨਾਤ ਰਹਿੰਦੀ ਹੈ ਅਤੇ ਸ਼ੱਕੀ ਬੰਦਿਆਂ ਉੱਤੇ ਨਜ਼ਰ ਰੱਖੀ ਜਾਂਦੀ ਹੈ।
















