ਕੈਨੇਡਾ: ਐਡਮੰਟਨ ’ਚ ਪੰਜਾਬੀ ਮੂਲ ਦੇ ਪਿਉ ਤੇ 11 ਸਾਲਾ ਪੁੱਤ ਦਾ ਹੋਇਆ ਕਤਲ, ਪੁਲਿਸ ਨੇ ਕੀ ਦੱਸਿਆ

ਤਸਵੀਰ ਸਰੋਤ, Edmonton Police Service
ਕੈਨੇਡਾ ਦੇ ਐਡਮੰਟਨ ਸ਼ਹਿਰ ਵਿੱਚ ਹਮਲਾਵਰਾਂ ਨੇ ਪੰਜਾਬੀ ਮੂਲ ਦੇ ਇੱਕ ਵਿਅਕਤੀ ਤੇ ਉਸ ਦੇ 11 ਸਾਲ ਦੇ ਬੱਚੇ ਦਾ ਕਤਲ ਦਿੱਤਾ ਹੈ।
ਮ੍ਰਿਤਕ ਪਿਤਾ ਦਾ ਨਾਂ ਹਰਪ੍ਰੀਤ ਉੱਪਲ ਹੈ ਜਿਨ੍ਹਾਂ ਦੀ ਉਮਰ 41 ਸਾਲ ਦੱਸੀ ਜਾ ਰਹੀ ਹੈ।
ਐਡਮੰਟਨ ਪੁਲਿਸ ਮੁਤਾਬਕ ਇਹ ਘਟਨਾ 9 ਨਵੰਬਰ ਨੂੰ ਦਿਨ-ਦਿਹਾੜੇ 12 ਵਜੇ ਇੱਕ ਸੰਘਣੀ ਵਸੋਂ ਵਾਲੇ ਵਪਾਰਕ ਇਲਾਕੇ ਵਿੱਚ ਵਾਪਰੀ ਸੀ। ਪੁਲਿਸ ਇਸ ਘਟਨਾ ਨੂੰ ‘ਟਾਰਗਿਟਿਡ ਕਿਲਿੰਗ’ ਦੱਸ ਰਹੀ ਹੈ।
ਐਡਮੈਂਟਨ ਪੁਲਿਸ ਦੇ ਕਾਰਜਕਾਰੀ ਸੁਪਰੀਟੈਂਡੈਂਟ ਕੋਲਿਨ ਡਰਕਸਨ ਨੇ ਦੱਸਿਆ ਕਿ ਘਟਨਾ ਵਾਲੀ ਥਾਂ ‘ਤੇ ਇੱਕ ਹੋਰ 11 ਸਾਲਾਂ ਦਾ ਬੱਚਾ ਵੀ ਗੱਡੀ ਵਿੱਚੋਂ ਮਿਲਿਆ।
ਪੁਲਿਸ ਮੁਤਾਬਕ ਬੱਚੇ ਦੀ ਸਰੀਰਕ ਹਾਲਤ ਠੀਕ ਹੈ।
ਪੁਲਿਸ ਨੇ ਇਸ ਕਤਲ ਦੇ ਥੋੜ੍ਹੇ ਸਮੇਂ ਬਾਅਦ ਹੀ ਕੁਝ ਦੂਰੀ ਉੱਤੇ ਪੁਲਿਸ ਨੂੰ ਇੱਕ ਗੱਡੀ ਦੇ ਸਾੜੇ ਜਾਣ ਦੀ ਸੂਚਨਾ ਮਿਲੀ।
ਐਡਮੰਟਨ ਸ਼ਹਿਰ ਕੈਨੇਡਾ ਦੇ ਐਲਬਰਟਾ ਸੂਬੇ ਵਿੱਚ ਪੈਂਦਾ ਹੈ। ਪੁਲਿਸ ਦਾ ਕਹਿਣਾ ਹੈ ਕਿ ਮ੍ਰਿਤਕ ਹਰਪ੍ਰੀਤ ਉੱਪਲ ਦਾ ‘ਗੈਂਗ ਡਰੱਗ ਵਰਲਡ’ ਨਾਲ ਸਬੰਧ ਸੀ।
ਪੁਲਿਸ ਮੁਲਾਜ਼ਮਾਂ ਨੇ ਪਹੁੰਚਦਿਆਂ ਕੀ ਦੇਖਿਆ

ਤਸਵੀਰ ਸਰੋਤ, Getty Images
ਕੋਲਿਨ ਡਰਕਸਨ ਨੇ ਦੱਸਿਆ ਕਿ ਉੱਥੇ ਪਹੁੰਚਦਿਆਂ ਹੀ ਪੁਲਿਸ ਨੂੰ ਦੋ ਲੋਕ ਜ਼ਖ਼ਮੀ ਹਾਲਤ ਵਿੱਚ ਮਿਲੇ।
“ਜ਼ਖ਼ਮੀ ਹਾਲਤ ਵਿੱਚੋਂ ਇੱਕ ਦੀ ਉਮਰ ਸਿਰਫ਼ 11 ਸਾਲ ਸੀ ਜਦਕਿ ਦੂਜੇ ਦੀ ਉਮਰ 41 ਸਾਲ ਦੇ ਕਰੀਬ ਸੀ।”
“ਦੋਵਾਂ ਜਣਿਆਂ ਦੀ ਜ਼ਖ਼ਮਾਂ ਦੀ ਤਾਬ ਨਾ ਝੱਲਦੇ ਹੋਏ ਮੌਕੇ ‘ਤੇ ਹੀ ਮੌਤ ਹੋ ਗਈ।”
ਦੋਵੇਂ ਜਣੇ ਗੱਡੀ ਵਿੱਚ ਸਨ।ਗੱਡੀ ਉੱਤੇ ਗੋਲੀਆਂ ਦੇ ਨਿਸ਼ਾਨ ਵੀ ਸਨ।
ਪੁਲਿਸ ਮੁਤਾਬਕ ਦੋਵੇਂ ਇੱਕ ਗੈਸ ਸਟੇਸ਼ਨ ਵਿੱਚੋਂ ਬਾਹਰ ਆਏ ਸਨ।
ਉਨ੍ਹਾਂ ਦੱਸਿਆ ਕਿ ਇੱਕ ਬੱਚਾ ਹੋਰ ਉੱਥੇ ਮੌਜੂਦ ਸੀ। ਇਸ ਬੱਚੇ ਦੀ ਉਮਰ ਵੀ 11 ਦੇ ਕਰੀਬ ਹੈ ਅਤੇ ਉਹ ਸੁਰੱਖਿਅਤ ਹੈ।
ਪੁਲਿਸ ਦੇ ਮੁਤਾਬਕ ਇਹ ਬੱਚਾ ਮ੍ਰਿਤਕ ਬੱਚੇ ਦਾ ਦੋਸਤ ਸੀ ਅਤੇ ਉਹ ਬੱਚਾ ਗੱਡੀ ਵਿੱਚ ਨਹੀਂ ਸੀ।
ਸੜੀ ਹੋਈ ਗੱਡੀ ਬਾਰੇ ਪੁਲਿਸ ਨੂੰ ਕੀ ਸ਼ੱਕ?

ਤਸਵੀਰ ਸਰੋਤ, Edmonton Police Service
ਪੁਲਿਸ ਅਫ਼ਸਰ ਨੇ ਪ੍ਰੈੱਸ ਕਾਨਫਰੰਸ ਵਿੱਚ ਦੱਸਿਆ ਕਿ ਥੋੜ੍ਹੇ ਸਮੇਂ ਬਾਅਦ ਹੀ ਪੁਲਿਸ ਮੁਲਾਜ਼ਮਾਂ ਨੂੰ ਇਹ ਸੂਚਨਾ ਮਿਲੀ ਕਿ 34 ਸਟ੍ਰੀਟ ਅਤੇ ਟਾਊਨਸ਼ਿੱਪ ਰੋਡ ‘ਤੇ ਇੱਕ ਗੱਡੀ ਨੂੰ ਸਾੜਿਆ ਗਿਆ ਹੈ।
ਉਨ੍ਹਾਂ ਦੱਸਿਆ, “ਇਸ ਵੇਲੇ ਸਾਨੂੰ ਇਹ ਸ਼ੱਕ ਹੈ ਕਿ ਇਹ ਉਹੀ ਗੱਡੀ ਹੈ ਜਿਸ ਨੂੰ ਕਿ ਸ਼ੱਕੀ ਵਿਅਕਤੀਆਂ ਵੱਲੋਂ ਵਰਤਿਆ ਗਿਆ।ਪੁਲਿਸ ਇਸ ਦੀ ਪੁਸ਼ਟੀ ਕਰਨ ਲਈ ਜਾਂਚ ਕਰ ਰਹੀ ਹੈ।”
“ਸੜੀ ਹੋਈ ਗੱਡੀ ਵਿੱਚ ਕੋਈ ਵਿਅਕਤੀ ਨਹੀਂ ਮਿਲਿਆ ਅਤੇ ਨਾ ਹੀ ਅੱਗ ਕਾਰਨ ਹਾਲੇ ਤੱਕ ਕਿਸੇ ਦੇ ਜ਼ਖ਼ਮੀ ਹੋਣ ਦੀ ਸੂਚਨਾ ਹੈ।”
ਉਨ੍ਹਾਂ ਦੱਸਿਆ ਕਿ ਪੁਲਿਸ ਦਾ ਇਹ ਮੰਨਣਾ ਹੈ ਕਿ ਇਹ ਇੱਕ ‘ਟਾਰਗਿਟਿਡ ਸ਼ੂਟਿੰਗ’ ਸੀ।
ਹਾਲੇ ਪੋਸਟਮੋਰਟਮ ਹੋਣਾ ਬਾਕੀ ਹੈ, ਪੁਲਿਸ ਨੇ ਦੱਸਿਆ ਕਿ ਇਸ ਤੋਂ ਬਾਅਦ ਕਤਲ ਦੇ ਕਾਰਨ ਅਤੇ ਮਾਮਲੇ ਬਾਰੇ ਜਾਣਕਾਰੀ ਸਾਂਝੀ ਕੀਤੀ ਜਾਵੇਗੀ।
11 ਸਾਲਾ ਬੱਚੇ ਦੀ ਮੌਤ ਬਾਰੇ ਪੁਲਿਸ ਕੀ ਕਹਿ ਰਹੀ

ਤਸਵੀਰ ਸਰੋਤ, Edmonton Police Service
ਖੋਲਿਨ ਡਰਕਸਨ ਨੇ ਦੱਸਿਆ ਕਿ ਪੁਲਿਸ ਦਾ ਮੰਨਣਾ ਹੈ ਕਿ ਹਮਲਾਵਰ ਹਰਪ੍ਰੀਤ ਉੱਪਲ ਦਾ ਪਿੱਛਾ ਕਰ ਰਹੇ ਸਨ ਅਤੇ ਉਹ ਹਮਲਾਵਰਾਂ ਦਾ ਨਿਸ਼ਾਨਾ ਸਨ।
“ਅਸੀਂ ਬੱਚੇ ਦੇ ਨਿਸ਼ਾਨਾ ਬਣਾਏ ਜਾਣ ਬਾਰੇ ਕੁਝ ਨਹੀਂ ਕਹਿ ਸਕਦੇ ਪਰ ਅਸੀਂ ਜਾਣਦੇ ਹਾਂ ਕਿ ਜਦੋਂ ਹਮਲਾਵਰਾਂ ਨੂੰ ਇਹ ਪਤਾ ਲੱਗਾ ਕਿ ਬੱਚਾ ਉੱਥੇ ਸੀ ਉਨ੍ਹਾਂ ਨੇ ਇਹ ਜਾਣਦਿਆਂ ਹੋਇਆਂ ਉਸ ਨੂੰ ਗੋਲੀਆਂ ਨਾਲ ਮਾਰ ਦਿੱਤਾ।”
“ਬੱਚੇ ਦੀ ਮੌਤ ਗਲਤੀ ਨਾਲ ਜਾਂ ਦੋਵਾਂ ਪਾਸਿਆਂ ਤੋਂ ਗੋਲੀਬਾਰੀ ਵਿੱਚ ਆ ਜਾਣ ਕਾਰਨ ਨਹੀਂ ਹੋਈ ਹੈ।”

ਤਸਵੀਰ ਸਰੋਤ, X/ Tim Uppal
ਦੋ ਸਾਲ ਪਹਿਲਾਂ ਵੀ ਹੋਇਆ ਸੀ ਹਮਲਾ
ਪੁਲਿਸ ਨੇ ਇਸ ਗੱਲ ਦੀ ਵੀ ਪੁਸ਼ਟੀ ਕੀਤੀ ਹੈ ਕਿ ਮ੍ਰਿਤਕ ਵਿਅਕਤੀ ਨੂੰ ਦੋ ਸਾਲ ਪਹਿਲਾਂ ਰੋਇਲ ਪਿੱਜ਼ਾ ਨਾਂਅ ਦੀ ਜਗ੍ਹਾ ‘ਤੇ ਹੋਈ ਸ਼ੂਟਿੰਗ ਵਿੱਚ ਵੀ ਨਿਸ਼ਾਨਾ ਬਣਾਇਆ ਗਿਆ ਸੀ।
ਇਸ ਕੇਸ ਵਿੱਚ ਇੱਕ ਵਿਅਕਤੀ ਉੱਤੇ ਇਲਜ਼ਾਮ ਆਇਦ ਹੋਏ ਸਨ ਪਰ ਫੇਰ ਇਹ ਇਲਜ਼ਾਮ ਵਾਪਸ ਲੈ ਲਏ ਗਏ ਸਨ।
ਪੁਲਿਸ ਨੇ ਦੱਸਿਆ ਕਿ ਉਹ ਮ੍ਰਿਤਕ ਬੱਚੇ ਦਾ ਨਾਂਅ ਨਹੀਂ ਦੱਸ ਸਕਦੇ।
41 ਸਾਲਾ ਮ੍ਰਿਤਕ ਦਾ ‘ਡਰੱਗ ਵਰਲਡ’ ਨਾਲ ਕੀ ਸਬੰਧ

ਤਸਵੀਰ ਸਰੋਤ, Getty Images
ਕੋਲਿਨ ਡਰਕਸਨ ਨੇ ਦੱਸਿਆ ਕਿ ਹਰਪ੍ਰੀਤ ਉੱਪਲ ‘ਗੈਂਗ ਡ੍ਰਗ ਵਰਲਡ’ ਵਿੱਚ ਇੱਕ ਵੱਡਾ ਨਾਂਅ ਸੀ ਅਤੇ ਪੁਲਿਸ ਉਨ੍ਹਾਂ ਬਾਰੇ ਜਾਣਦੀ ਸੀ।
“ਉਨ੍ਹਾਂ ਉੱਤੇ ਦੋ ਸਾਲ ਪਹਿਲਾਂ ਹੋਏ ਹਮਲੇ ਤੋਂ ਬਾਅਦ ਵੀ ਪੁਲਿਸ ਨੇ ਉਨ੍ਹਾਂ ਨੂੰ ਇਸ ਵਿੱਚੋਂ ਬਾਹਰ ਨਿਕਲਣ ਲਈ ਕਿਹਾ ਸੀ ਤਾਂ ਜੋ ਉਹ ਅਤੇ ਉਨ੍ਹਾਂ ਦਾ ਪਰਿਵਾਰ ਸੁਰੱਖਿਅਤ ਰਹੇ।”
11 ਸਾਲਾ ਬੱਚੇ ਦੀ ਮੌਤ ਨਾਲ ਸ਼ਹਿਰ ਵਿੱਚ ਸੋਗ
ਭਾਵੁਕ ਹੁੰਦਿਆ ਪੁਲਿਸ ਅਫ਼ਸਰ ਨੇ ਦੱਸਿਆ ਕਿ ਉਨ੍ਹਾਂ ਲਈ ਇੱਕ 11 ਸਾਲਾ ਬੱਚੇ ਦੀ ਸ਼ੂਟਿੰਗ ਵਿੱਚ ਮੌਤ ਹੋਣੀ ਬਹੁਤ ਦੁਖਦਾਈ ਹੈ।
ਉਨ੍ਹਾਂ ਕਿਹਾ ਕਿ ਐਡਮੈਂਟਨ ਦੇ ਲੋਕ ਸੋਗ ਵਿੱਚ ਹਨ ਖ਼ਾਸ ਕਰਕੇ ਘਟਨਾ ਵਾਲੀ ਥਾਂ ਦੇ ਨੇੜੇ ਰਹਿਣ ਵਾਲੇ ਲੋਕ ਇਸ ਬਾਰੇ ਉਦਾਸ ਹਨ।
“ਬਹਤੁ ਲੋਕਾਂ ਨੇ ਇਸ ਨੂੰ ਪ੍ਰਤੱਖ ਦੇਖਿਆ ਅਤੇ ਇਹ ਕਹਿਣ ਦੀ ਲੋੜ ਨਹੀਂ ਹੈ ਕਿ ਦਿਨ-ਦਿਹਾੜੇ ਇੰਨੇ ਵਿਅਸਤ ਰਹਿਣ ਵਾਲੇ ਇਲਾਕੇ ਵਿੱਚ ਕਤਲ ਹੋਣਾ ਬਹੁਤ ਖ਼ਤਰਨਾਕ ਹੈ।”
“ਇਸੇ ਇਲਾਕੇ ਦੇ ਨੇੜੇ ਇੱਕ ਡੇ-ਕੇਅਰ ਵੀ ਸੀ।”
ਉਨ੍ਹਾਂ ਦੱਸਿਆ ਕਿ ਇਲਾਕੇ ਦੇ ਲੋਕਾਂ ਲਈ ਵੀ ਬਹੁਤ ਖ਼ਤਰਨਾਕ ਸੀ, ਅਤੇ ਇਸ ਬਾਰੇ ਸੋਚਣਾ ਬਹੁਤ ਡਰਾਉਣਾ ਹੈ।
ਉਨ੍ਹਾਂ ਕਿਹਾ ਕਿ ਇਹ ਘਟਨਾ ਆਮ ਲੋਕਾਂ ਲਈ ਹੋਣ ਵਾਲੇ ਖ਼ਤਰੇ ਦੀ ਯਾਦ ਦਵਾਉਂਦੀ ਹੈ ਜੋ ਜਨਤਕ ਥਾਵਾਂ ‘ਤੇ ਅਜਿਹੀ ਹਿੰਸਾ ਨਾਲ ਲੋਕਾਂ ਨੂੰ ਹੁੰਦਾ ਹੈ।
ਉਨ੍ਹਾਂ ਕਿਹਾ ਕਿ ਅਜਿਹੀਆਂ ਘਟਨਾਵਾਂ ਵਿੱਚ ਵਾਧਾ ਹੋ ਰਿਹਾ ਹੈ।
ਇਲਾਕੇ ਵਿੱਚ ਘਟਨਾਵਾਂ ਵਿੱਚ ਵਾਧਾ
ਪੁਲਿਸ ਮੁਲਾਜ਼ਮ ਨੇ ਪਿਛਲੇ ਸਮੇਂ ਵਿੱਚ ਵਾਪਰੀਆਂ ਅਜਿਹੀਆਂ ਵਾਰਦਾਤਾਂ/ਘਟਨਾਵਾਂ ਬਾਰੇ ਵੀ ਦੱਸਿਆ ਅਤੇ ਕਿਹਾ ਕਿ ਇਸ ਵਿੱਚ ਵੀ ਪੀੜ੍ਹਤਾਂ ਵਿੱਚ ਬੱਚੇ ਸ਼ਾਮਲ ਸਨ।
ਉਨ੍ਹਾਂ ਦੱਸਿਆ ਕਿ ਹਾਲੇ ਤੱਕ 196 ਅਜਿਹੇ ਕੇਸ ਸਾਹਮਣੇ ਆਏ ਹਨ, ਜੋ ਕਿ ਪਿਛਲੇ ਸਾਲ ਨਾਲੋਂ 40 ਫ਼ੀਸਦ ਵੱਧ ਹੈ।ਉਨ੍ਹਾਂ ਦੱਸਿਆ ਕਿ ਅਕਤੂਬਰ ਵਿੱਚ ਹੀ ਸ਼ੂਟਿੰਗ ਦੀਆਂ 13 ਘਟਨਾਵਾਂ ਵਾਪਰੀਆਂ ਹਨ।
ਉਨ੍ਹਾਂ ਦੱਸਿਆ ਕਿ ਹਾਲਾਤ ਬਹੁਤ ਬਦਲ ਗਏ ਹਨ ਅਤੇ ਅਪਰਾਧਕ ਗਿਰੋਹ ਬੱਚਿਆਂ ਨੂੰ ਵੀ ਨਿਸ਼ਾਨਾ ਬਣਾ ਰਹੇ ਹਨ, ਇਹ ਹੋਣ ਨਹੀਂ ਦਿੱਤਾ ਜਾ ਸਕਦਾ।
ਉਨ੍ਹਾਂ ਕਿਹਾ ਕਿ ਸ਼ੱਕੀਆਂ ਦੀ ਗੱਡੀ ਦੀਆਂ ਫੋਟੋਆਂ ਜਾਰੀ ਕੀਤੀਆਂ ਜਾਣਗੀਆਂ ਤਾਂ ਜੋ ਲੋਕ ਇਸ ਦੀ ਪਛਾਣ ਕਰ ਸਕਣ।
ਉਨ੍ਹਾਂ ਦੱਸਿਆ ਕਿ ਮੌਕੇ ‘ਤੇ ਗਏ ਪੁਲਿਸ ਅਫ਼ਸਰਾਂ ਨੇ ਦੱਸਿਆ ਸ਼ੂਟਿੰਗ ਵਾਲੀ ਥਾਂ ਉੱਤੇ ਸਭ ਤੋਂ ਪਹਿਲਾਂ ਪਹੁੰਚਣ ਵਾਲੇ ਪੁਲਿਸ ਮੁਲਾਜ਼ਮ ਦਾ ਧੰਨਵਾਦ ਕਰਨਾ ਚਾਹੁੰਦੇ ਹਨ, ਸ਼ੂਟਿੰਗ ਵਾਲੀ ਥਾਂ ‘ਤੇ ਹੋਣਾ ਬਹੁਤ ਔਖਿਆਈ ਭਰਿਆ ਸੀ।















