ਜੋਤਹੀਣ ਦੌੜਾਂ: 'ਗਾਈਡ ਰਨਰ' ਕੌਣ ਹੁੰਦਾ ਹੈ ਜਿਸ ਉੱਤੇ ਜੋਤਹੀਣ ਦੌੜਾਕ ਖ਼ੁਦ ਤੋਂ ਵੀ ਜ਼ਿਆਦਾ ਭਰੋਸਾ ਕਰਦੇ ਹਨ

- ਲੇਖਕ, ਦਿਵਿਆ ਆਰਿਆ
- ਰੋਲ, ਬੀਬੀਸੀ ਪੱਤਰਕਾਰ
24 ਸਾਲਾ ਰਕਸ਼ਿਤਾ ਰਾਜੂ, ਭਾਰਤ ਦੇ ਦਰਮਿਆਨੀ ਦੂਰੀ ਦੇ ਸਿਰਮੌਰ ਪੈਰਾ-ਅਥਲੀਟਾਂ ਵਿੱਚੋਂ ਇੱਕ ਹਨ। ਉਹ ਦੱਸਦੇ ਹਨ, ਜਦੋਂ ਮੈਂ ਛੋਟੀ ਸੀ ਤਾਂ ਲੋਕ ਕਹਿੰਦੇ ਸਨ, "ਇਹ ਅੰਨ੍ਹੀ ਹੈ, ਇਹ ਕੀ ਕਰੇਗੀ।" ਹੁਣ ਰਕਸ਼ਿਤਾ ਨੂੰ ਆਪਣੇ ਉੱਤੇ ਮਾਣ ਹੈ।
ਰਕਸ਼ਿਤਾ ਦਾ ਜਨਮ ਇੱਕ ਜੋਤਹੀਣ ਬੱਚੀ ਵਜੋਂ ਦੱਖਣੀ ਭਾਰਤ ਦੇ ਇੱਕ ਦੂਰ-ਦੁਰਾਡੇ ਪਿੰਡ ਵਿੱਚ ਹੋਇਆ।
10 ਸਾਲ ਦੀ ਉਮਰ ਤੱਕ ਉਨ੍ਹਾਂ ਦੇ ਦੋਵੇਂ ਮਾਪੇ ਚੱਲ ਵੱਸੇ। ਉਨ੍ਹਾਂ ਦਾ ਪਾਲਣ-ਪੋਸ਼ਣ ਉਨ੍ਹਾਂ ਦੀ ਦਾਦੀ ਨੇ ਕੀਤਾ ਜੋ ਖ਼ੁਦ ਵੀ ਬੋਲ ਅਤੇ ਸੁਣ ਨਹੀਂ ਸਕਦੇ।
ਰਕਸ਼ਿਤਾ ਦੱਸਦੇ ਹਨ, "ਅਸੀਂ ਦੋਵੇਂ ਅਪਾਹਜ ਹਾਂ, ਇਸ ਲਈ ਮੇਰੀ ਦਾਦੀ ਨੇ ਮੈਨੂੰ ਸਮਝਿਆ। ਉਨ੍ਹਾਂ ਨੇ ਮੈਨੂੰ ਕਿਹਾ ਕਿ ਜ਼ਿਆਦਾ ਫਿਕਰ ਨਾ ਕਰਾਂ।"
ਰਕਸ਼ਿਤਾ ਜਦੋਂ 13 ਸਾਲ ਦੇ ਸਨ ਤਾਂ ਇੱਕ ਸਕੂਲ ਅਧਿਆਪਕ ਉਨ੍ਹਾਂ ਨੂੰ ਲਾਂਭੇ ਲੈ ਕੇ ਗਏ ਅਤੇ ਉਨ੍ਹਾਂ ਵਿੱਚ ਇੱਕ ਮਹਾਨ ਖਿਡਾਰਨ ਬਣਨ ਦੀ ਸੰਭਾਵਨਾ ਬਾਰੇ ਦੱਸਿਆ।

ਉਹ ਯਾਦ ਕਰਦੇ ਹਨ, "ਮੈਂ ਹੈਰਾਨ ਹੋਈ, ਕਿਵੇਂ? ਮੈਂ ਜੋਤਹੀਣ ਹਾਂ, ਤਾਂ ਮੈਂ ਟਰੈਕ ਉੱਤੇ ਭੱਜਾਂਗੀ ਕਿਵੇਂ, ਮੈਂ ਤਾਂ ਦੇਖ ਨਹੀਂ ਸਕਦੀ।"
ਅਧਿਆਪਕ ਨੇ ਜੋਤਹੀਣ ਦੌੜਾਕਾਂ ਨੂੰ ਮਿਲਣ ਵਾਲ਼ੇ ਗਾਈਡ ਰਨਰ ਬਾਰੇ ਵੀ ਦੱਸਿਆ, ਜੋ ਉਨ੍ਹਾਂ ਦੇ ਨਾਲ ਭੱਜਦਾ ਹੈ। ਦੋਵੇਂ ਦੋ ਪੱਟੀਆਂ ਵਿੱਚ ਦੌੜਦੇ ਹਨ ਅਤੇ ਆਪੋ ਵਿੱਚ ਚਮੜੇ ਦੀ ਇੱਕ ਛੋਟੀ ਜਿਹੀ ਬੱਦਰੀ ਨਾਲ ਜੁੜੇ ਹੁੰਦੇ ਹਨ। ਰਕਸ਼ਿਤਾ ਨੂੰ ਜਿਵੇਂ ਨਵੀਂ ਰੌਸ਼ਨੀ ਮਿਲ ਗਈ।
ਕੁਝ ਸਮੇਂ ਲਈ ਦੂਜੇ ਵਿਦਿਆਰਥੀ ਰਕਸ਼ਿਤਾ ਲਈ ਗਾਈਡ ਰਨਰ ਬਣੇ। ਫਿਰ 2016 ਵਿੱਚ ਜਦੋਂ ਰਕਸ਼ਿਤਾ 15 ਸਾਲ ਦੇ ਸਨ ਤਾਂ ਉਨ੍ਹਾਂ ਨੇ ਕੌਮੀ ਖੇਡਾਂ ਵਿੱਚ ਹਿੱਸਾ ਲਿਆ, ਜਿੱਥੇ ਉਨ੍ਹਾਂ ਦੀ ਮੁਲਾਕਾਤ ਰਾਹੁਲ ਬਾਲਾਕ੍ਰਿਸ਼ਨਾ ਨਾਲ਼ ਹੋਈ।
ਰਾਹੁਲ ਇੱਕ ਦਰਮਿਆਨੀ ਦੂਰੀ ਦੇ ਦੌੜਾਕ ਹਨ, ਜੋ ਖ਼ੁਦ ਵੀ ਪਹਿਲਾਂ 1500 ਮੀਟਰ ਦੌੜਦੇ ਸੀ। ਇੱਕ ਸੱਟ ਤੋਂ ਉਭਰਨ ਦੌਰਾਨ ਉਨ੍ਹਾਂ ਨੂੰ ਭਾਰਤ ਦੀ ਪੈਰਾਓਲੰਪਿਕ ਕਮੇਟੀ ਦੇ ਇੱਕ ਕੋਚ ਨੇ ਪੈਰਾ-ਖੇਡਾਂ ਬਾਰੇ ਦੱਸਿਆ।
ਇਸ ਪਾਸੇ ਗਾਈਡਾਂ ਅਤੇ ਕੋਚਾਂ ਦੀ ਕਮੀ ਸੀ। ਇਸ ਲਈ ਰਾਹੁਲ ਨੇ ਦੋਵੇਂ ਭੂਮਿਕਾਵਾਂ ਨਿਭਾਉਣ ਦਾ ਜ਼ਿੰਮਾ ਚੁੱਕਿਆ। ਕੋਚ ਦੇ ਕੰਮ ਲਈ ਸਰਕਾਰ ਉਨ੍ਹਾਂ ਨੂੰ ਤਨਖ਼ਾਹ ਦਿੰਦੀ ਹੈ ਪਰ ਗਾਈਡ ਬਣਨ ਲਈ ਉਨ੍ਹਾਂ ਨੂੰ ਕੋਈ ਪੈਸਾ ਨਹੀਂ ਮਿਲਦਾ।
ਨਿਯਮ ਅਨੁਸਾਰ ਹੱਥ ਨਹੀਂ ਫੜ੍ਹ ਸਕਦੇ

ਜੇ ਕੋਈ ਦ੍ਰਿਸ਼ਟੀ ਦੋਸ਼ ਵਾਲ਼ਾ ਦੌੜਾਕ ਕੋਈ ਕੌਮਾਂਤਰੀ ਮੁਕਾਬਲਾ ਜਿੱਤਦਾ ਹੈ, ਤਾਂ ਗਾਈਡ ਨੂੰ ਵੀ ਮੈਡਲ ਮਿਲਦਾ ਹੈ— ਕੁਝ ਅਜਿਹਾ ਜੋ ਰਾਹੁਲ ਨੂੰ ਖ਼ੁਦ ਦੌੜਾਕ ਵਜੋਂ ਹਾਸਲ ਨਹੀਂ ਕਰ ਸਕੇ। ਉਹ ਕਹਿੰਦੇ ਹਨ, "ਮੈਨੂੰ ਫਖ਼ਰ ਹੈ ਕਿ ਮੈਂ ਇਹ ਦੇਸ ਲਈ ਅਤੇ ਆਪਣੇ ਲਈ ਕਰ ਸਕਿਆ।"
ਰਕਸ਼ਿਤਾ ਉੱਤੇ ਰਾਹੁਲ ਨੇ ਆਪਣਾ ਪੈਸਾ ਅਤੇ ਊਰਜਾ ਲਾਈ। ਉਨ੍ਹਾਂ ਨੂੰ 2018 ਵਿੱਚ ਬੈਂਗਲੋਰ ਲੈਕੇ ਆਏ, ਤਾਂ ਜੋ ਉਨ੍ਹਾਂ ਨੂੰ ਬਿਹਤਰ ਸਿਖਲਾਈ ਸਹੂਲਤਾਂ ਮਿਲ ਸਕਣ। ਹੁਣ ਰਕਸ਼ਿਤਾ ਇੱਕ ਸਰਕਾਰੀ ਹੋਸਟਲ ਵਿੱਚ ਰਹਿ ਕੇ ਰਾਹੁਲ ਨਾਲ ਰੋਜ਼ਾਨਾ ਅਭਿਆਸ ਕਰਦੇ ਹਨ।
ਰਾਹੁਲ ਦੱਸਦੇ ਹਨ ਕਿ ਭੱਜਦੇ ਸਮੇਂ ਛੋਟੀਆਂ-ਛੋਟੀਆਂ ਚੀਜ਼ਾਂ ਨਾਲ਼ ਫ਼ਰਕ ਪੈਂਦਾ ਹੈ, "ਜਦੋਂ ਮੋੜ ਆਉਂਦਾ ਹੈਂ ਤਾਂ ਗਾਈਡ ਨੇ ਦੌੜਾਕ ਨੂੰ ਦੱਸਣਾ ਹੁੰਦਾ ਹੈ, ਜਾਂ ਜਦੋਂ ਦੂਜਾ ਦੌੜਾਕ ਅੱਗੇ ਲੰਘਦਾ ਹੈ, ਉਦੋਂ ਵੀ ਦੱਸਣਾ ਹੁੰਦਾ ਹੈ ਤਾਂ ਜੋ, ਉਹ ਥੋੜ੍ਹੀ ਹੋਰ ਜਾਨ ਲਾ ਸਕਣ।"
ਮੁਕਾਬਲੇ ਦੇ ਨਿਯਮਾਂ ਮੁਤਾਬਕ ਉਹ ਇੱਕ-ਦੂਜੇ ਦਾ ਹੱਥ ਨਹੀਂ ਫੜ ਸਕਦੇ। ਉਹ ਸਿਰਫ਼ ਇੱਕ ਬੱਦਰੀ ਨਾਲ ਜੁੜੇ ਹੋ ਸਕਦੇ ਹਨ ਜੋ ਦੌੜ ਪੂਰੀ ਹੋਣ ਤੱਕ ਉਨ੍ਹਾਂ ਨੂੰ ਜੋੜੀ ਰੱਖਦੀ ਹੈ। ਇਸ ਤੋਂ ਇਲਾਵਾ ਗਾਈਡ ਰਨਰ ਨੂੰ ਦੌੜਾਕ ਨੂੰ ਧੱਕਾ ਦੇਣ, ਖਿੱਚਣ ਦੀ ਆਗਿਆ ਨਹੀਂ ਹੈ।

ਸਮੇਂ ਦੇ ਨਾਲ਼ ਜੋੜੀ ਦੀ ਇੱਕ ਮਜ਼ਬੂਤ ਸਾਂਝ ਬਣ ਗਈ ਹੈ। ਰਕਸ਼ਿਤਾ ਦਾ ਕਹਿਣਾ ਹੈ, "ਮੈਂ ਆਪਣੇ ਗਾਈਡ-ਦੌੜਾਕ ਉੱਤੇ ਖ਼ੁਦ ਨਾਲ਼ੋਂ ਜ਼ਿਆਦਾ ਭਰੋਸਾ ਕਰਦੀ ਹਾਂ।"
ਉਨ੍ਹਾਂ ਦੀ ਮਿਹਨਤ ਨੂੰ ਬੂਰ ਪਿਆ ਅਤੇ ਉਨ੍ਹਾਂ ਨੇ ਸਾਲ 2018 ਅਤੇ 2023 ਦੀਆਂ ਏਸ਼ੀਆਈ ਖੇਡਾਂ ਵਿੱਚ ਸੋਨ ਤਮਗ਼ੇ ਜਿੱਤੇ।
ਰਕਸ਼ਿਤਾ ਦੇ ਪਿੰਡ ਵਿੱਚ ਉਨ੍ਹਾਂ ਦਾ ਭਰਵਾਂ ਸਵਾਗਤ ਹੋਇਆ। ਰਕਸ਼ਿਤਾ ਦੱਸਦੇ ਹਨ ਕਿ ਪਿੰਡ ਵਾਸੀਆਂ ਨੇ ਸਵਾਗਤੀ ਜਲੂਸ ਕੱਢਿਆ ਜੋ ਉਨ੍ਹਾਂ ਲਈ ਝੰਡੀਆਂ ਲਹਿਰਾ ਰਹੇ ਸਨ ਤੇ ਨਾਮ ਪੁਕਾਰ ਰਹੇ ਸਨ।
ਰਕਸ਼ਿਤਾ 1500 ਮੀਟਰ ਵਿੱਚ ਪੈਰਾਓਲੰਪਿਕ ਲਈ ਯੋਗ ਕਰਾਰ ਦਿੱਤੇ ਜਾਣ ਵਾਲ਼ੇ ਪਹਿਲੇ ਮਹਿਲਾ ਜੋਤ-ਹੀਣ ਦੌੜਾਕ ਹਨ। ਉਨ੍ਹਾਂ ਨੇ 2024 ਦੀਆਂ ਪੈਰਿਸ ਪੈਰਾਓਲੰਪਿਕ ਖੇਡਾਂ ਰਾਹੁਲ ਦੇ ਨਾਲ ਦੌੜੀਆਂ।
ਫਰਾਂਸ ਵਿੱਚ ਤਾਂ ਭਾਵੇਂ ਉਹ ਮੈਡਲ ਤੋਂ ਖੁੰਝ ਗਏ ਪਰ ਉਨ੍ਹਾਂ ਦੇ ਨਾਲ਼ ਹੀ ਦੌੜ ਰਹੀ ਦੂਜੀ ਦ੍ਰਿਸ਼ਟੀ ਦੋਸ਼ ਵਾਲ਼ੀ ਭਾਰਤੀ ਦੌੜਾਕ ਸਿਮਰਨ ਸ਼ਰਮਾ, ਕਾਂਸੇ ਦਾ ਪਦਕ ਲੈ ਆਏ।
ਸਿਮਰਨ ਦੀ ਨਜ਼ਰ ਬਹੁਤ ਕਮਜ਼ੋਰ ਹੈ, ਸ਼ੁਰੂ ਵਿੱਚ ਉਨ੍ਹਾਂ ਨੇ ਇਕੱਲਿਆਂ ਦੌੜਨਾ ਸ਼ੁਰੂ ਕੀਤਾ।
ਪਰ ਜਦੋਂ ਸਾਲ 2021 ਵਿੱਚ ਸਿਮਰਨ ਨੇ ਟੋਕੀਓ ਪੈਰਾਓਲੰਪਿਕ ਵਿੱਚ ਹਿੱਸਾ ਲਿਆ ਤਾਂ ਉਹ ਆਪਣੀ ਪੱਟੀ ਤੋਂ ਬਾਹਰ ਚਲੇ ਗਏ। ਨਜ਼ਰ ਕਮਜ਼ੋਰ ਹੋਣ ਕਾਰਨ ਉਨ੍ਹਾਂ ਨੂੰ ਟਰੈਕ ਦੀਆਂ ਰੇਖਾਵਾਂ ਨਜ਼ਰ ਨਹੀਂ ਆਈਆਂ। ਸਿਮਰਨ ਸਮਝ ਗਏ ਜੇ ਉਨ੍ਹਾਂ ਨੇ ਦੌੜ ਜਾਰੀ ਰੱਖਣੀ ਹੈ ਤਾਂ ਉਨ੍ਹਾਂ ਨੂੰ ਗਾਈਡ ਦੀ ਲੋੜ ਪਵੇਗੀ।
ਹਰ ਛੋਟੀ ਚੀਜ਼ ਵਿੱਚ ਤਾਲਮੇਲ

ਭਾਵੇਂ ਉਹ ਦੇਸ ਦੀ ਰਾਜਧਾਨੀ ਦਿੱਲੀ ਵਿੱਚ ਰਹਿੰਦੇ ਸਨ ਪਰ ਉਨ੍ਹਾਂ ਦੀ ਖੋਜ ਚੁਣੌਤੀਪੂਰਨ ਸਾਬਤ ਹੋਈ। ਸਿਮਰਨ ਦੱਸਦੇ ਹਨ, "ਇਹ ਕੋਈ ਵੀ ਦੌੜਾਕ ਨਹੀਂ ਹੋ ਸਕਦਾ, ਤੁਹਾਨੂੰ ਕੋਈ ਅਜਿਹਾ ਚਾਹੀਦਾ ਹੈ ਜਿਸਦੀ ਤਕਨੀਕ ਤੁਹਾਡੇ ਨਾਲ ਮੇਲ ਖਾਂਦੀ ਹੋਵੇ ਅਤੇ ਤੁਹਾਡੇ ਜਿੰਨਾ ਹੀ ਤੇਜ਼ ਭੱਜ ਸਕੇ।"
ਸ਼ੁਰੂ ਵਿੱਚ ਲੋਕ ਨਾਲ਼ ਸਿਮਰਨ ਦੀ ਤਕਨੀਕ ਅਤੇ ਗਤੀ ਪੂਰੀ ਤਰ੍ਹਾਂ ਮੇਲ ਨਹੀਂ ਖਾ ਰਹੀ ਸੀ। ਆਖਰ ਸਿਮਰਨ ਦੀ ਮੁਲਾਕਾਤ ਇੱਕ ਗੱਭਰੂ ਦੌੜਾਕ ਅਭੈ ਕੁਮਾਰ ਨਾਲ਼ ਹੋਈ, ਜੋ ਕਿ ਉੱਥੇ ਹੀ ਅਭਿਆਸ ਕਰਦੇ ਸਨ।
18 ਸਾਲਾ ਅਭੈ ਖ਼ੁਦ ਵੀ ਮੁਕਾਬਲਿਆਂ ਵਿੱਚ ਹਿੱਸਾ ਲੈ ਰਹੇ ਸਨ ਅਤੇ ਸਿਮਰਨ ਨੂੰ ਗਾਈਡ ਕਰਨਾ ਉਨ੍ਹਾਂ ਦੇ ਆਪਣੇ ਲਈ ਵੀ ਕੌਮਾਂਤਰੀ ਮੁਕਾਬਲਿਆਂ ਦਾ ਤਜ਼ਰਬਾ ਲੈਣ ਇੱਕ ਸ਼ਾਨਦਾਰ ਮੌਕਾ ਸੀ।
ਅਭੈ ਨੇ ਕਿਹਾ, "ਉਨ੍ਹਾਂ ਨੇ ਮੈਨੂੰ ਵੀਡੀਓ ਭੇਜੇ ਅਤੇ ਜਿਨ੍ਹਾਂ ਨੂੰ ਦੇਖਕੇ ਮੈਂ ਸੋਚਿਆ ਮੈਂ ਇਹ ਛੇਤੀ ਸਿੱਖ ਸਕਦਾ ਹਾਂ ਅਤੇ ਇਹ ਸੌਖਾ ਹੋਵੇਗਾ। ਪਹਿਲੀ ਵਾਰ ਦੌੜੇ ਤਾਂ ਇਹ ਬਹੁਤ ਮੁਸ਼ਕਿਲ ਸੀ।"
"ਮੈਂ ਦੇਖਿਆ ਕਿ ਜਦੋਂ ਮੈਂ ਮੋੜ ਉੱਤੇ ਭੱਜਦਾ ਹਾਂ ਤਾਂ ਅੰਦਰਲਾ ਹੱਥ ਥੋੜ੍ਹੀ ਹਰਕਤ ਕਰਦਾ ਹੈ ਜਦਕਿ ਬਾਹਰਲੀ ਬਾਂਹ ਜ਼ਿਆਦਾ। ਲੇਕਿਨ ਸਿਮਰਨ ਨਾਲ਼ ਭੱਜਦੇ ਸਮੇਂ, ਮੈਂ ਉਨ੍ਹਾਂ ਦੇ ਬਾਹਰਲੇ ਪਾਸੇ ਹਾਂ।"
ਇਸ ਲਈ ਉਨ੍ਹਾਂ ਨੂੰ ਆਪਣੀ ਅੰਦਰਲੀ ਬਾਂਹ ਵੀ ਬਾਹਰਲੀ ਵਾਂਗ ਹੀ ਸਾਧਣੀ ਪਈ ਕਿ ਉਨ੍ਹਾਂ ਦੀ ਬਾਂਹ ਸਿਰਮਨ ਨੂੰ ਨਾ ਤਾਂ ਪਿੱਛਾਂਹ ਖਿੱਚੇ ਅਤੇ ਨਾ ਹੀ ਉਨ੍ਹਾਂ ਦੀ ਗਤੀ ਵਿੱਚ ਕਿਸੇ ਤਰ੍ਹਾਂ ਦੀ ਕੋਈ ਰੁਕਾਵਟ ਖੜ੍ਹੀ ਕਰੇ।

ਤਸਵੀਰ ਸਰੋਤ, Getty Images
ਹਰ ਛੋਟੀ ਚੀਜ਼ ਵਿੱਚ ਤਾਲਮੇਲ ਹੋਣਾ ਜ਼ਰੂਰੀ ਹੈ। ਇੱਥੋਂ ਤੱਕ ਕਿ ਉਹ ਕਿਵੇਂ ਲਾਈਨ ਪਾਰ ਕਰਦੇ ਹਨ। ਜੋਤ-ਹੀਣ ਜਾਂ ਦ੍ਰਿਸ਼ਟੀ ਦੋਸ਼ ਵਾਲ਼ੇ ਦੌੜਾਕ ਲਈ ਗਾਈਡ ਤੋਂ ਪਹਿਲਾਂ ਲਾਈਨ ਪਾਰ ਕਰਨਾ ਜ਼ਰੂਰੀ ਹੈ।
ਸਿਮਰਨ ਅਤੇ ਅਭੈ ਲਈ ਇਕੱਠੇ ਅਭਿਆਸ ਕਰਨ ਲਈ ਜ਼ਿਆਦਾ ਸਮਾਂ ਨਹੀਂ ਸੀ। ਉਨ੍ਹਾਂ ਦੀ ਪਹਿਲੀ ਮੁਲਾਕਾਤ ਤੋਂ ਕੁਝ ਹਫ਼ਤੇ ਬਾਅਦ ਹੀ ਉਨ੍ਹਾਂ ਦਾ ਪਹਿਲਾ ਕੌਮਾਂਤਰੀ ਮੁਕਾਬਲਾ, ਵਿਸ਼ਵ ਪੈਰਾ ਅਥਲੈਟਿਕਸ ਚੈਂਪੀਅਨਸ਼ਿਪ 2024, ਜਪਾਨ ਵਿੱਚ ਆਇਆ।
ਉਨ੍ਹਾਂ ਦੀ ਪਹਿਲੀ ਦੌੜ ਜੋ 100 ਮੀਟਰ ਦੀ ਸੀ, ਬਹੁਤ ਬੁਰੀ ਗਈ।
"ਸਾਡੇ ਵਿੱਚੋਂ ਕਿਸੇ ਨੂੰ ਵੀ ਨਿਯਮਾਂ ਦੀ ਪੂਰੀ ਜਾਣਕਾਰੀ ਨਹੀਂ ਸੀ।" ਅਭੈ ਨੂੰ "ਲੱਗਿਆ ਕਿ ਉਸ ਨੇ ਲਾਈਨ ਟੱਪਣ ਤੋਂ ਪਹਿਲਾਂ ਰੁਕ ਜਾਣਾ ਹੈ ਤਾਂ ਜੋ ਮੈਂ ਲਾਈਨ ਟੱਪ ਸਕਾਂ, ਇਸ ਲਈ ਉਹ ਪੂਰੀ ਤਰ੍ਹਾਂ ਰੁਕ ਗਿਆ।"
ਦੋਵਾਂ ਨੂੰ ਅਯੋਗ ਕਰਾਰ ਦੇ ਦਿੱਤਾ ਗਿਆ। ਇੱਥੇ ਅਭੈ ਨੇ ਭੱਜਦੇ ਰਹਿਣਾ ਸੀ ਅਤੇ ਸਿਮਰਨ ਦੇ ਨਾਲ਼ ਹੀ ਉਨ੍ਹਾਂ ਦੇ ਪਿੱਛੇ-ਪਿੱਛੇ ਲਾਈਨ ਪਾਰ ਕਰਨੀ ਸੀ।
ਲੇਕਿਨ ਜਦੋਂ ਤੱਕ ਉਹ 200 ਮੀਟਰ ਦੀ ਦੌੜ ਤੱਕ ਪਹੁੰਚੇ ਕਿ ਉਨ੍ਹਾਂ ਨੇ ਠੀਕ ਕੀਤਾ ਤੇ ਸੋਨਾ ਜਿੱਤ ਲਿਆ। ਸਿਮਰਨ ਟੀ12 ਵਰਗ ਵਿੱਚ ਵਿਸ਼ਵ ਚੈਂਪੀਅਨ ਬਣ ਗਏ।
ਉਸੇ ਵੇਗ ਵਿੱਚ ਉਹ ਪੈਰਿਸ ਪੈਰਾਲੰਪਿਕ ਵਿੱਚ ਪਹੁੰਚੇ। ਉੱਥੇ ਉਹ 100 ਮੀਟਰ ਦੌੜ ਵਿੱਚ ਚੌਥੇ ਸਥਾਨ ਉੱਤੇ ਆਏ ਪਰ 200 ਮੀਟਰ ਵਿੱਚ ਕਾਂਸੇ ਦਾ ਪਦਕ ਜਿੱਤ ਲਿਆਏ। ਇਸ ਤਰ੍ਹਾਂ ਸਿਮਰਨ ਦ੍ਰਿਸ਼ਟੀ ਦੋਸ਼ ਦੇ ਨਾਲ ਪੈਰਾਲੰਪਿਕ ਮੈਡਲ ਜੇਤਣ ਵਾਲੀ ਪਹਿਲੀ ਭਾਰਤੀ ਮਹਿਲਾ ਦੌੜਾਕ ਬਣ ਗਏ।

ਸਿਮਰਨ ਮੁਸਕਰਾਉਂਦੇ ਹੋਏ ਦੱਸਦੇ ਹਨ, "ਮੈਨੂੰ ਤਾਂ ਪਤਾ ਵੀ ਨਹੀਂ ਸੀ ਕਿ ਅਸੀਂ ਮੈਡਲ ਜਿੱਤ ਲਿਆ ਹੈ। ਫਿਰ ਮੇਰੇ ਗਾਈਡ ਨੇ ਮੈਨੂੰ ਦੱਸਿਆ ਕਿ ਨਾ ਸਿਰਫ਼ ਅਸੀਂ ਜੇਤੂ ਰਹੇ ਸੀ ਸਗੋਂ ਮੈਂ ਆਪਣੀ ਸਭ ਤੋਂ ਵਧੀਆ ਪੇਸ਼ਕਾਰੀ ਦਿੱਤੀ ਸੀ।"
ਪੈਰਾਲੰਪਿਕ ਖੇਡਾਂ ਵਿੱਚ ਭਾਰਤ ਦੀ ਹੁਣ ਤੱਕ ਦੀ ਸਭ ਤੋਂ ਬਿਹਤਰੀਨ ਕਾਰਗੁਜ਼ਾਰੀ ਬਦਲੇ ਉਨ੍ਹਾਂ ਨੂੰ ਅਰਜੁਨ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।
ਲੇਕਿਨ 100 ਮੀਟਰ ਦੀ ਹਾਰ ਇੱਕ ਗੁਖਦੀ ਰਗ ਹੈ ਅਤੇ ਸਿਰਮਨ ਨੂੰ ਚਿੰਤਾ ਹੈ ਕਿ ਅਭੈ ਕਦੋਂ ਕੁ ਤੱਕ ਉਨ੍ਹਾਂ ਦੇ ਨਾਲ਼ ਰਹਿਣਗੇ। ਅਭੈ ਦਾ ਆਪਣਾ ਖੇਡ ਜੀਵਨ ਵੀ ਹੈ, ਜਿਸ ਵੱਲ ਉਨ੍ਹਾਂ ਨੇ ਧਿਆਨ ਦੇਣਾ ਹੈ।
ਹਾਲਾਂਕਿ ਜਦੋਂ ਜੋੜੀ ਜਿੱਤਦੀ ਹੈ ਤਾਂ ਗਾਈਡ ਨੂੰ ਵੀ ਤਮਗ਼ਾ ਮਿਲਦਾ ਹੈ। ਲੇਕਿਨ ਭਾਰਤ ਦੀ ਪੈਰਾਲੰਪਿਕ ਕਮੇਟੀ ਦਾ ਕਹਿਣਾ ਹੈ ਕਿ ਉਹ ਗਾਈਡਾਂ ਨੂੰ ਤਨਖ਼ਾਹਾਂ, ਨਗ਼ਦ ਇਨਾਮ ਅਤੇ ਲੰਬੀ ਅਵਧੀ ਦੇ ਖੇਡ ਜੀਵਨ ਵਿੱਚ ਮਦਦ ਨਹੀਂ ਕਰ ਸਕਦੇ।
ਕਮੇਟੀ ਦੇ ਕੌਮੀ ਅਥਲੈਟਿਕਸ ਕੋਚ ਸੱਤਿਆ ਨਾਰਾਇਣ ਦਾ ਕਹਿਣਾ ਹੈ, "ਅਸੀਂ ਸਿਰਫ਼ ਉਨ੍ਹਾਂ ਦੀਆਂ ਥੋੜ੍ਹ ਚਿਰੀਆਂ ਲੋੜਾਂ ਜਿਵੇਂ, ਖ਼ੁਰਾਕ, ਰਿਹਾਇਸ਼, ਆਉਣ-ਜਾਣ ਅਤੇ ਸਿਖਲਾਈ ਦੀਆਂ ਸਹੂਲਤਾਂ ਨਾਲ਼ ਮਦਦ ਕਰ ਸਕਦੇ ਹਾਂ।"

ਤਸਵੀਰ ਸਰੋਤ, Getty Images
ਰਕਸ਼ਿਤਾ ਅਤੇ ਸਿਮਰਨ ਕੋਲ ਹੁਣ ਆਪਣੀ ਸਿਖਲਾਈ ਨੂੰ ਫੰਡ ਕਰਨ ਲਈ ਸਪਾਂਸਰਸ਼ਿਪ ਸਮਝੌਤੇ ਹਨ। ਉਹ ਆਪਣੇ ਗਾਈਡਾਂ ਨੂੰ ਆਪਣੇ ਪੱਲੇ ਤੋਂ ਪੈਸੇ ਦਿੰਦੀਆਂ ਹਨ। ਇਨਾਮੀ ਰਾਸ਼ੀ ਵਿੱਚੋਂ ਹਿੱਸਾ ਦਿੰਦੀਆਂ ਹਨ। ਲੇਕਿਨ ਰਾਹੁਲ ਅਤੇ ਅਭੈ ਸਰਕਾਰ ਤੋਂ ਮਦਦ ਦੀ ਉਮੀਦ ਕਰਦੇ ਹਨ। ਉਹ ਖਿਡਾਰੀਆਂ ਅਤੇ ਖਿਡਾਰਨਾਂ ਲਈ ਰਾਖਵੀਆਂ ਰੱਖੀਆਂ ਨੌਕਰੀਆਂ ਲਈ ਅਰਜ਼ੀ ਦੇਣਾ ਚਾਹੁਣਗੇ।
ਅਭੈ ਦੇ ਨਾਲ਼ ਧੁੰਦਲੇ ਭਵਿੱਖ ਦੇ ਬਾਵਜੂਦ ਸਿਮਰਨ ਲਾਸ ਏਂਜਲਸ ਵਿੱਚ ਹੋਣ ਵਾਲੀਆਂ ਅਗਲੀਆਂ ਪੈਰਾਲੰਪਿਕ ਖੇਡਾਂ ਉੱਤੇ ਆਪਣੀ ਨਜ਼ਰ ਟਿਕਾਈ ਬੈਠੇ ਹਨ। ਉਨ੍ਹਾਂ ਨੂੰ ਉਮੀਦ ਹੈ ਕਿ ਅਗਲੀ ਵਾਰ ਉਹ ਸੋਨਾ ਜਿੱਤ ਲੈਣਗੇ। ਸਿਮਰਨ ਕਹਿੰਦੇ ਹਨ, "ਜਦੋਂ ਤੱਕ ਮੈਂ ਇਸ ਮੈਡਲ ਦਾ ਰੰਗ ਨਹੀਂ ਬਦਲ ਦਿੰਦੀ ਮੈਂ ਚੈਨ ਨਾਲ ਨਹੀਂ ਬੈਠਾਂਗੀ।"
ਰਾਹੁਲ ਦੇ ਸਾਥ ਨਾਲ਼ ਰਕਸ਼ਿਤਾ ਨੂੰ ਵੀ ਅਗਲੀ ਵਾਰ ਮੈਡਲ ਦੀ ਉਮੀਦ ਹੈ। ਰਾਹੁਲ ਦਾ ਕਹਿਣਾ ਹੈ, "ਉਨ੍ਹਾਂ ਨੂੰ ਮੈਡਲ ਜ਼ਰੂਰ ਜਿੱਤਣਾ ਚਾਹੀਦਾ ਹੈ। ਪਿੰਡਾਂ ਵਿੱਚ ਉਨ੍ਹਾਂ ਵਰਗੀਆਂ ਬਹੁਤ ਹਨ। ਉਹ ਨੂੰ ਖੇਡਾਂ ਬਾਰੇ ਅਤੇ ਸੰਭਾਵਨਾਵਾਂ ਤੋਂ ਅਨਜਾਣ ਹਨ। ਰਕਸ਼ਿਤਾ ਉਨ੍ਹਾਂ ਨੂੰ ਆਦਰਸ਼ ਹੋਣੀ ਚਾਹੀਦੀ ਹੈ।"
ਭਾਰਤੀ ਖਿਡਾਰਨਾਂ ਦੀਆਂ ਵਰਣਨਯੋਗ ਪ੍ਰਪਤੀਆਂ ਦਾ ਜਸ਼ਨ ਮਨਾਉਣ ਬੀਬੀਸੀ ਇੰਡੀਅਨ ਸਪੋਰਟਸ ਵੂਮੈਨ ਆਫ਼ ਦਿ ਯੀਅਰ (ISWOTY) ਆਪਣੇ ਪੰਜਵੇਂ ਸੰਸਕਰਰਣ ਵਿੱਚ ਵਾਪਸ ਆ ਗਿਆ ਹੈ। ਨਾਮਿਨੀ ਖਿਡਾਰਨਾਂ ਬਾਰੇ ਜਾਨਣ ਲਈ ਕਲਿੱਕ ਕਰੋ- ਜੇਤੂ ਦਾ ਐਲਾਨ 17 ਫ਼ਰਵਰੀ ਨੂੰ ਕੀਤਾ ਜਾਵੇਗਾ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












