'ਜੇਕਰ ਸੈਨੇਟਰੀ ਪੈਡ ਚਾਹੀਦਾ ਹੈ ਤਾਂ ਪੀਰੀਅਡਜ਼ ਦਾ ਸਬੂਤ ਦਿਖਾਓ', ਸਕੂਲ ਵਿਦਿਆਰਥਣਾਂ ਨੇ ਜਦੋਂ ਸੁਣਾਈ ਹੱਡਬੀਤੀ

- ਲੇਖਕ, ਤੁਲਸੀ ਪ੍ਰਸਾਦ ਰੈਡੀ
- ਰੋਲ, ਬੀਬੀਸੀ ਲਈ
ਆਂਧਰਾ ਪ੍ਰਦੇਸ਼ ਵਿੱਚ ਅੰਨਾਮਾਇਆ ਜ਼ਿਲ੍ਹੇ ਦੇ ਕਸਤੂਰਬਾ ਗਾਂਧੀ ਬਾਲਿਕਾ ਵਿਦਿਆਲਿਆ ਦਾ ਨਿਰੀਖਣ ਕਰਨ ਗਏ ਅਧਿਕਾਰੀ ਇਹ ਸੁਣ ਕੇ ਹੈਰਾਨ ਰਹਿ ਗਏ ਕਿ ਵਿਦਿਆਰਥਣਾਂ ਨੇ ਰੌਂਦਿਆਂ ਹੋਇਆਂ ਇਲਜ਼ਾਮ ਲਗਾਇਆ ਕਿ ਉਨ੍ਹਾਂ ਦੇ ਨਾਲ ਛੇੜਛਾੜ ਕੀਤੀ ਜਾ ਰਹੀ ਹੈ।
ਮੋਲਾਕਲਾ ਝੀਲ ਦੇ ਨੇੜੇ ਸਥਿਤ ਕਸਤੂਰਬਾ ਬਾਲਿਕਾ ਵਿਦਿਆਲਿਆ ਦੀਆਂ ਵਿਦਿਆਰਥਣਾਂ ਨੇ ਨਿਰੀਖਣ ਲਈ ਗਈ ਆਂਧਰਾ ਪ੍ਰਦੇਸ਼ ਸੋਸ਼ਲ ਆਡਿਟ ਟੀਮ ਨਾਲ ਆਪਣੀਆਂ ਸਮੱਸਿਆਵਾਂ ਸਾਂਝੀਆਂ ਕੀਤੀਆਂ।
ਵਿਦਿਆਰਥਣਾਂ ਨੇ ਇਲਜ਼ਾਮ ਲਗਾਇਆ ਕਿ ਸੈਨੇਟਰੀ ਪੈਡ ਦੇਣ ਵੇਲੇ ਉਨ੍ਹਾਂ ਤੋਂ ਮਾਹਵਾਰੀ ਦਾ ਸਬੂਤ ਮੰਗਿਆ ਜਾਂਦਾ ਹੈ। ਖਾਣੇ ਦੇ ਨਾਮ ਉੱਤੇ ਉਨ੍ਹਾਂ ਨੂੰ ਕੀੜੇ-ਮਕੌੜੇ ਖੁਆਏ ਜਾ ਰਹੇ ਹਨ।
ਸਮਾਜਿਕ ਨਿਰੀਖਣ ਸਟਾਫ਼ ਨੇ ਤੁਰੰਤ ਕਾਰਵਾਈ ਕਰਦਿਆਂ ਮਾਮਲੇ ਦੀ ਰਿਪੋਰਟ ਉੱਚ ਅਧਿਕਾਰੀਆਂ ਨੂੰ ਸੌਂਪੀ। ਇਸ ਦੇ ਨਾਲ ਹੀ ਮੀਡੀਆ ਨਾਲ ਵੀ ਗੱਲ ਕੀਤੀ।
ਸਿੱਖਿਆ ਵਿਭਾਗ ਨੇ ਅਗਲੇ ਦਿਨ ਇਸ ਲਈ ਜ਼ਿੰਮੇਵਾਰ ਪ੍ਰਿੰਸੀਪਲ ਅਤੇ ਏਐੱਨਐੱਮ ਨੂੰ ਮੁਅੱਤਲ ਕਰ ਦਿੱਤਾ। ਮੁਅੱਤਲ ਪ੍ਰਿੰਸੀਪਲ ਨੇ ਇਲਜ਼ਾਮ ਲਗਾਇਆ ਕਿ ਕੁਝ ਅਧਿਆਪਕਾਂ ਨੇ ਉਨ੍ਹਾਂ ਵਿਰੁੱਧ ਸਾਜ਼ਿਸ਼ ਰਚੀ ਹੈ।
ਉਸ ਸਕੂਲ ਵਿੱਚ ਅਸਲ ਵਿੱਚ ਕੀ ਹੋਇਆ ਸੀ? ਕੁੜੀਆਂ ਨੂੰ ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ? ਬੀਬੀਸੀ ਨੇ ਇਹ ਜਾਣਨ ਦੀ ਕੋਸ਼ਿਸ਼ ਕੀਤੀ।

ਆਡਿਟ ਵਿੱਚ ਹੋਇਆ ਖੁਲਾਸਾ
ਆਂਧਰਾ ਪ੍ਰਦੇਸ਼ ਸਰਕਾਰ ਦੀ ਸਮਾਜਿਕ ਆਡਿਟ ਟੀਮ ਨੇ 22 ਅਤੇ 27 ਜਨਵਰੀ ਨੂੰ ਅੰਨਾਮਾਇਆ ਜ਼ਿਲ੍ਹੇ ਦੇ ਮੋਲਾਕਲਾ ਝੀਲ ਦੇ ਕੇਜੀਬੀਵੀ ਸਕੂਲ ਦਾ ਨਿਰੀਖਣ ਕੀਤਾ।
ਟੀਮ ਨੇ 27 ਤਰੀਕ ਨੂੰ ਮਾਪਿਆਂ ਅਤੇ ਮੀਡੀਆ ਨੂੰ ਉਨ੍ਹਾਂ ਮੁੱਦਿਆਂ ਬਾਰੇ ਜਾਣਕਾਰੀ ਦਿੱਤੀ ਜੋ ਵਿਦਿਆਰਥਣਾਂ ਨੇ ਉਸ ਸਮੇਂ ਉਨ੍ਹਾਂ ਕੋਲ ਉਠਾਏ ਸਨ।
ਰਾਜ ਸਿੱਖਿਆ ਸਰੋਤ ਅਧਿਕਾਰੀ ਸੁੱਬਾ ਰਾਓ ਨੇ ਕਿਹਾ ਕਿ ਸਕੂਲ ਵਿੱਚ ਦੋ ਦਿਨਾਂ ਲਈ ਸਮਾਜਿਕ ਨਿਰੀਖਣ ਕੀਤਾ ਗਿਆ।
ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ ਕਿ ਉਨ੍ਹਾਂ ਨੇ ਬਾਅਦ ਵਿੱਚ ਵਿਦਿਆਰਥਣਾਂ ਦੇ ਮਾਪਿਆਂ ਨੂੰ ਸਮਾਜਿਕ ਜਾਂਚ ਦੌਰਾਨ ਜੋ ਕੁਝ ਮਿਲਿਆ ਸੀ, ਉਸ ਬਾਰੇ ਦੱਸਿਆ।
ਉਨ੍ਹਾਂ ਨੇ ਕਿਹਾ, "ਅਸੀਂ ਉੱਥੇ ਵਿਦਿਆਰਥਣਾਂ ਅਤੇ ਸਟਾਫ਼ ਨਾਲ ਗੱਲਬਾਤ ਕੀਤੀ। ਅਸੀਂ ਵਿਦਿਆਰਥਣਾਂ ਨੂੰ ਦਰਪੇਸ਼ ਸਮੱਸਿਆਵਾਂ, ਸਿੱਖਿਆ ਦੀ ਗੁਣਵੱਤਾ, ਪਖਾਨੇ, ਭੋਜਨ ਅਤੇ ਸਰਕਾਰ ਵੱਲੋਂ ਬੱਚਿਆਂ ਨੂੰ ਮੁਹੱਈਆ ਕਰਵਾਈਆਂ ਜਾਣ ਵਾਲੀਆਂ ਹੋਰ ਚੀਜ਼ਾਂ ਆਦਿ ਮੁੱਦਿਆਂ 'ਤੇ ਇੱਕ ਵਿਆਪਕ ਨਿਰੀਖਣ ਕੀਤਾ ਹੈ।"
ਉਨ੍ਹਾਂ ਕਿਹਾ ਕਿ ਇਹ ਨਿਰੀਖਣ ਐੱਸਪੀਡੀਓ ਦੇ ਹੁਕਮਾਂ ਅਨੁਸਾਰ ਕੀਤੇ ਜਾ ਰਹੇ ਹਨ ਅਤੇ ਇਸ ਦੀ ਰਿਪੋਰਟ ਬਾਅਦ ਵਿੱਚ ਜ਼ਿਲ੍ਹਾ ਅਧਿਕਾਰੀਆਂ ਨੂੰ ਸੌਂਪੀ ਜਾਵੇਗੀ। ਉਨ੍ਹਾਂ ਕਿਹਾ ਕਿ ਉਹ ਅੰਨਾਮਾਇਆ ਜ਼ਿਲ੍ਹੇ ਦੇ ਕੁੱਲ 68 ਸਕੂਲਾਂ ਦਾ ਆਡਿਟ ਕਰ ਰਹੇ ਹਨ।
ਨਿਰੀਖਣ ਟੀਮ ਦੀ ਇੱਕ ਮੈਂਬਰ ਸਰੀਤਾ ਨੇ ਬੀਬੀਸੀ ਨੂੰ ਦੱਸਿਆ ਕਿ ਜੇਕਰ ਵਿਦਿਆਰਥਣਾਂ ਸੈਨੇਟਰੀ ਪੈਡ ਲਈ ਕਹਿੰਦੀਆਂ ਹਨ ਤਾਂ ਸਟਾਫ ਉਨ੍ਹਾਂ ਨੂੰ ਕਹਿੰਦਾ ਹੈ ਕਿ ਸਾਬਤ ਕਰੋ ਕਿ ਤੁਹਾਨੂੰ ਪੀਰੀਅਡ ਆਏ ਹਨ।
ਸਰੀਤਾ ਦਾ ਕਹਿਣਾ ਹੈ, "ਰਜਿਸਟਰ ਮੁਤਾਬਕ ਕੁੜੀਆਂ ਨੂੰ ਮਾਹਵਾਰੀ ਦੌਰਾਨ 5 ਪੈਡ ਦਿੱਤੇ ਜਾਂਦੇ ਹਨ। ਪਰ ਬੱਚੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸਿਰਫ਼ ਦੋ ਹੀ ਦਿੱਤੇ ਗਏ ਹਨ। ਮਾਹਵਾਰੀ ਦੌਰਾਨ ਨਹਾਉਣ ਵੇਲੇ ਹਰੇਕ ਵਿਦਿਆਰਥਣ ਕੋਲੋਂ 100 ਰੁਪਏ ਵਸੂਲ ਕੀਤੇ ਜਾਂਦੇ ਹਨ।"
"ਇਹ ਤਾਂ ਪਤਾ ਹੀ ਹੈ ਕਿ 100 ਰੁਪਏ ਮੰਗ ਰਹੇ ਹਨ। ਭੋਜਨ ਚੰਗੀ ਗੁਣਵੱਤਾ ਵਾਲਾ ਨਹੀਂ ਹੈ। ਉਹ ਉਦੋਂ ਹੀ ਵਧੀਆ ਖਾਣਾ ਪਕਾਉਂਦੇ ਸਨ ਜਦੋਂ ਨਿਰੀਖਣ ਲਈ ਕੋਈ ਆਉਂਦਾ ਹੈ। ਅੱਗੋਂ-ਪਿੱਛੋਂ ਨਹੀਂ ਅਤੇ ਨਾ ਹੀ ਮੈਨੀਊ ਮੁਤਾਬਕ ਵਰਤਾਇਆ ਜਾਂਦਾ ਹੈ।"

ਸਰੀਤਾ ਨੇ ਦੱਸਿਆ ਕਿ ਕੁੜੀਆਂ ਨੂੰ ਸਕੂਲ ਵਿੱਚ ਕਿਹਾ ਗਿਆ ਹੈ ਜੇ ਕੋਈ ਸ਼ਿਕਾਇਤ ਕਰੇਗਾ ਤਾਂ ਉਸ ਨੂੰ ਪਰੇਸ਼ਾਨ ਕੀਤਾ ਜਾਵੇਗਾ।
ਸਰੀਤਾ ਦੱਸਦੇ ਹਨ, "ਜੇਕਰ ਬੱਚਿਆਂ ਦੀ ਸਿਹਤ ਠੀਕ ਨਹੀਂ ਹੁੰਦੀ ਤਾਂ ਉਨ੍ਹਾਂ ਨੂੰ ਇਹ ਜਾਣੇ ਬਿਨਾਂ ਇੱਕ ਗੋਲੀ ਦੇ ਦਿੱਤੀ ਜਾਂਦੀ ਹੈ ਕਿ ਉਨ੍ਹਾਂ ਨੂੰ ਕਿਹੜੀ ਸਿਹਤ ਸਮੱਸਿਆ ਹੈ। ਬੱਚਿਆਂ ਨੇ ਸ਼ਿਕਾਇਤ ਕੀਤੀ ਹੈ ਕਿ ਏਐੱਨਐੱਮ ਕੁੱਟਦੀ ਅਤੇ ਝਿੜਕਦੀ ਸੀ।"
"ਇੱਕ ਵਾਰ ਇੱਕ ਕੁੜੀ ਨੂੰ ਟੀਕਾ ਲਗਾਇਆ ਗਿਆ ਅਤੇ ਸੂਈ ਅੰਦਰ ਅਟਕ ਗਈ, ਜਿਸ ਨਾਲ ਉਸ ਨੂੰ ਇਨਫੈਕਸ਼ਨ ਹੋ ਗਿਆ। ਬਾਅਦ ਵਿੱਚ ਉਹ ਘਰ ਗਈ ਤਾਂ ਉਸ ਦਾ ਇਲਾਜ ਹੋਇਆ। ਵੈਸੇ ਵੀ ਬੱਚਿਆਂ ਨੇ ਸਾਨੂੰ ਦੱਸਿਆ ਕਿ ਉਨ੍ਹਾਂ ਨੂੰ ਪੈਰਾਸਿਟਾਮੋਲ ਦਿੱਤੀ ਜਾਂਦੀ ਹੈ।"
ਇਸ ਸਕੂਲ ਵਿੱਚ ਪੜ੍ਹਨ ਵਾਲੇ ਬੱਚਿਆਂ ਦੇ ਮਾਪਿਆਂ ਨੇ ਵੀ ਇਹੀ ਇਲਜ਼ਾਮ ਲਗਾਏ। ਇੱਕ ਵਿਦਿਆਰਥਣ ਦੀ ਦਾਦੀ ਸੁਬੰਮਾ ਨੇ ਕਿਹਾ ਕਿ ਜੇਕਰ ਬੱਚੇ ਬੀਮਾਰ ਹੁੰਦੇ ਹਨ ਤਾਂ ਸਕੂਲ ਦਾ ਸਟਾਫ ਉਨ੍ਹਾਂ ਨੂੰ ਆਪਣੇ ਮਾਪਿਆਂ ਨੂੰ ਦੱਸਣ ਨਹੀਂ ਦਿੰਦਾ ਅਤੇ ਜਦੋਂ ਕੋਈ ਸਮੱਸਿਆ ਗੰਭੀਰ ਹੋ ਜਾਂਦੀ ਹੈ ਤਾਂ ਹੀ ਉਨ੍ਹਾਂ ਨੂੰ ਪਤਾ ਲੱਗਦੀ ਹੈ।
ਉਨ੍ਹਾਂ ਦਾ ਕਹਿਣਾ ਹੈ, "ਬੱਚੇ ਬਿਮਾਰ ਹੁੰਦੇ ਹਨ ਤਾਂ ਉਨ੍ਹਾਂ ਨੂੰ ਕੋਈ ਫਰਕ ਨਹੀਂ ਪੈਂਦਾ। ਉਹ ਉਨ੍ਹਾਂ ਨੂੰ ਗੋਲੀ ਦੇ ਦਿੰਦੇ ਹਨ। ਉਹ ਸਾਨੂੰ ਨਹੀਂ ਦੱਸਦੇ। ਅਸੀਂ ਜਦੋਂ ਫੋਨ ਕਰਦੇ ਹਾਂ ਤਾਂ ਸਾਰੇ ਕਹਿੰਦੇ ਹਨ ਸਭ ਠੀਕ ਹੈ।"
"ਜਦੋਂ ਅਸੀਂ ਬੱਚੇ ਨੂੰ ਮਿਲਣ ਗਏ ਤਾਂ ਬੱਚਾ ਬਿਮਾਰ ਸੀ। ਅਸੀਂ ਉਸ ਨੂੰ ਘਰ ਲਿਆਂਦਾ ਅਤੇ ਹਸਪਤਾਲ ਲੈ ਕੇ ਗਏ ਜਿੱਥੇ ਸਾਡੇ 3000 ਹਜ਼ਾਰ ਰੁਪਏ ਲੱਗ ਗਏ। ਉਹ ਉਨ੍ਹਾਂ ਨੂੰ ਚੰਗੀ ਤਰ੍ਹਾਂ ਖਾਣਾ ਵੀ ਨਹੀਂ ਦਿੰਦੇ ਹਨ।"
"ਅਸੀਂ ਉਨ੍ਹਾਂ ਨੂੰ ਕੁਝ ਖਾਣ-ਪੀਣ ਦਾ ਸਮਾਨ ਦੇ ਆਉਂਦੇ ਹਾਂ। ਇਹ ਫਿਰ ਹੌਸਟਲ ਕਿਉਂ ਹੈ, ਜੇ ਇੱਥੇ ਕੋਈ ਸਹੂਲਤ ਨਹੀਂ ਹੈ ਤਾਂ। ਕ੍ਰਿਪਾ ਕਰ ਕੇ ਇਨ੍ਹਾਂ ਕੁੜੀਆਂ ਦਾ ਬਚਪਨ ਬਚਾ ਲਓ।"

ਮਾਪਿਆਂ ਦੀਆਂ ਸ਼ਿਕਾਇਤਾਂ
ਸੁਬੰਮਾ ਨੇ ਚਿੰਤਾ ਜ਼ਾਹਿਰ ਕੀਤੀ ਹੈ ਕਿ ਉਨ੍ਹਾਂ ਦੀ ਪੋਤਰੀ ਨੇ ਕਿਹਾ ਸੀ ਕਿ ਜੇਕਰ ਉਹ ਉਸ ਨੂੰ ਕਹੇਗੀ ਖਾਣਾ ਚੰਗਾ ਨਹੀਂ ਹੈ, ਤਾਂ ਬੱਚਿਆਂ ਨਾਲ ਉਹ ਗੁੱਸਾ ਹੋ ਜਾਂਦੇ ਹਨ ਅਤੇ ਉਨ੍ਹਾਂ ਨੂੰ ਮਾਰਨ ਆਉਂਦੇ ਹਨ। ਉਹ ਪੁੱਛਦੇ ਹਨ ਕਿ ਕੀ ਉਹ ਘਰੇ ਇਸ ਨੂੰ ਬਿਹਤਰ ਢੰਗ ਨਾਲ ਬਣਾ ਸਕਦੇ ਹਨ।
ਉਸੇ ਸਕੂਲ ਵਿੱਚ ਦਸਵੀਂ ਜਮਾਤ ਵਿੱਚ ਪੜ੍ਹਨ ਵਾਲੀ ਵਿਦਿਆਰਥਣ ਦੇ ਪਿਤਾ ਨੂੰ ਅਜਿਹੀ ਸਥਿਤੀ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਨੇ ਕਿਹਾ ਕਿ ਭਾਵੇਂ ਉਨ੍ਹਾ ਨੇ ਕਿੰਨੀ ਵੀ ਵਾਰ ਸ਼ਿਕਾਇਤ ਕੀਤੀ ਹੈ, ਪਰ ਕਿਸੇ ਨੇ ਪਰਵਾਹ ਨਹੀਂ ਕੀਤੀ।
"ਪਹਿਲਾਂ ਵੀ, ਚੌਲਾਂ ਵਿੱਚ ਕੀੜਿਆਂ ਬਾਰੇ ਕਈ ਸ਼ਿਕਾਇਤਾਂ ਆਈਆਂ ਸਨ। ਏਐੱਨਐੱਮ ਵਿਰੁੱਧ ਵੀ ਸ਼ਿਕਾਇਤ ਮਿਲੀ ਸੀ। ਜੇਕਰ ਤੁਸੀਂ ਉਨ੍ਹਾਂ ਤੋਂ ਪੈਡ ਮੰਗੋਗੇ ਤਾਂ ਉਹ ਤੁਹਾਨੂੰ ਇਸ ਦਾ ਸਬੂਤ ਦਿਖਾਉਣ ਲਈ ਕਹਿਣਗੇ। ਇਹ ਗੱਲ ਕਿਸੇ ਕੁੜੀ ਤੋਂ ਪੁੱਛਣਾ ਬਹੁਤ ਗ਼ਲਤ ਹੈ। ਅਸੀਂ ਇਸ ਬਾਰੇ ਸ਼ਿਕਾਇਤ ਵੀ ਕੀਤੀ ਹੈ। ਫਿਰ ਵੀ, ਇਹ ਦੁਬਾਰਾ ਹੋ ਰਿਹਾ ਹੈ।"
ਉਨ੍ਹਾਂ ਨੇ ਸ਼ਿਕਾਇਤ ਕੀਤੀ, "ਬੱਚਿਆਂ ਦਾ ਕਹਿਣਾ ਹੈ ਕਿ ਹੋਸਟਲ ਦਾ ਸਟਾਫ਼ ਗ਼ਲਤ ਢੰਗ ਨਾਲ ਗੱਲ ਕਰਦਾ ਹੈ। ਉਹ ਬੱਚਿਆਂ ਕੋਲੋਂ ਕੂੜਾ ਚੁੱਕਣ ਅਤੇ ਭਾਂਡੇ ਧੋਣ ਵਰਗੇ ਕੰਮਾਂ ਵਿੱਚ ਮਦਦ ਲੈਂਦੇ ਹਨ। ਜੇਕਰ ਉਨ੍ਹਾਂ ਦੀ ਗੱਲ ਨਹੀਂ ਸੁਣੀ ਜਾਂਦੀ, ਤਾਂ ਉਹ ਉਨ੍ਹਾਂ ਦੇ ਮਾਪਿਆਂ ਨੂੰ ਸ਼ਿਕਾਇਤ ਕਰਦੇ ਹਨ ਕਿ ਉਹ ਠੀਕ ਤਰ੍ਹਾਂ ਪੜ੍ਹਾਈ ਨਹੀਂ ਕਰ ਰਹੇ ਹਨ।"
ਉਨ੍ਹਾਂ ਨੇ ਮੰਗ ਕੀਤੀ ਕਿ ਹੋਸਟਲ ਦੇ ਸਟਾਫ ਨੂੰ ਬਦਲ ਦੇਣਾ ਚਾਹੀਦਾ ਹੈ।
ਅੰਨਾਮਾਇਆ ਜ਼ਿਲ੍ਹੇ ਦੇ ਡੀਈਓ ਸੁਬਰਾਮਨੀਅਮ ਨੇ ਬੀਬੀਸੀ ਨੂੰ ਦੱਸਿਆ ਕਿ ਉਨ੍ਹਾਂ ਦੀ ਜਾਂਚ ਵਿੱਚ ਕੇਜੀਬੀਵੀ ਵਿੱਚ ਵੀ ਬੇਨਿਯਮੀਆਂ ਦਾ ਖੁਲਾਸਾ ਹੋਇਆ ਹੈ, ਜਿਸ ਕਾਰਨ ਏਐੱਨਐੱਮ ਅਸ਼ਵਨੀ ਅਤੇ ਪ੍ਰਿੰਸੀਪਲ ਸ਼ਿਲਪਾ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।
"ਰਾਜ ਸਰਕਾਰ ਦੀਆਂ ਸਮਾਜਿਕ ਆਡਿਟ ਟੀਮਾਂ ਕੁਝ ਸਕੂਲਾਂ ਦਾ ਦੌਰਾ ਕਰਦੀਆਂ ਹਨ, ਉਨ੍ਹਾਂ ਦਾ ਨਿਰੀਖਣ ਕਰਦੀਆਂ ਹਨ ਅਤੇ ਉੱਚ ਅਧਿਕਾਰੀਆਂ ਨੂੰ ਰਿਪੋਰਟਾਂ ਸੌਂਪਦੀਆਂ ਹਨ।"

ਮੋਲਾਕਲਾ ਝੀਲ ਸਕੂਲ ਦਾ ਦੌਰਾ ਕਰਨ ਵਾਲੀ ਟੀਮ ਨੇ ਮਾਪਿਆਂ ਨੂੰ ਉੱਥੇ ਮਾਪਿਆਂ ਦੀ ਮੀਟਿੰਗ ਦੌਰਾਨ ਵਿਦਿਆਰਥਣਾਂ ਦੀਆਂ ਕਹੀਆਂ ਗੱਲਾਂ ਬਾਰੇ ਦੱਸਿਆ।
ਇਹ ਸਾਰੇ 28 ਜਨਵਰੀ ਨੂੰ ਮੀਡੀਆ ਵਿੱਚ ਲੇਖਾਂ ਦੇ ਰੂਪ ਵਿੱਚ ਪ੍ਰਕਾਸ਼ਿਤ ਹੋਏ ਸਨ।
ਡੀਈਓ ਦਾ ਕਹਿਣਾ ਹੈ, "ਅਸੀਂ ਤੁਰੰਤ ਇਸ ਬਾਰੇ ਪੁੱਛਗਿੱਛ ਕੀਤੀ। ਅਸੀਂ ਕੁਲੈਕਟਰ ਦੇ ਹੁਕਮ ਅਨੁਸਾਰ ਦੋ ਜ਼ਿੰਮੇਵਾਰ ਵਿਅਕਤੀਆਂ ਨੂੰ ਮੁਅੱਤਲ ਕਰ ਦਿੱਤਾ ਹੈ।"
ਉਨ੍ਹਾਂ ਨੇ ਕਿਹਾ ਕਿ ਸੋਸ਼ਲ ਆਡਿਟ ਸਟਾਫ ਨੇ ਉਨ੍ਹਾਂ ਨੂੰ ਕੋਈ ਰਿਪੋਰਟ ਨਹੀਂ ਦਿੱਤੀ ਅਤੇ ਉਨ੍ਹਾਂ ਨੇ ਆਪਣੀ ਜਾਂਚ ਮੀਡੀਆ ਦੁਆਰਾ ਦੱਸੀਆਂ ਗਈਆਂ ਗੱਲਾਂ ਦੇ ਆਧਾਰ 'ਤੇ ਕੀਤੀ।
ਉਨ੍ਹਾਂ ਨੇ ਕਿਹਾ, "ਸੋਸ਼ਲ ਆਡਿਟ ਵਾਲਿਆਂ ਨੇ ਸਾਨੂੰ ਕੋਈ ਰਿਪੋਰਟ ਨਹੀਂ ਦਿੱਤੀ। ਇਹ ਸਰਕਾਰ ਨੂੰ ਜਾਂਦਾ ਹੈ। ਉਨ੍ਹਾਂ ਨੇ ਮੀਡੀਆ ਨਾਲ ਗੱਲਬਾਤ ਕੀਤੀ। ਅਸੀਂ ਤੁਰੰਤ 28 ਜਨਵਰੀ ਨੂੰ ਦੋ ਐੱਮਆਓਸ ਨਾਲ ਸੰਪਰਕ ਕੀਤਾ।"
"ਉਨ੍ਹਾਂ ਦੀ ਰਿਪੋਰਟ ਦੇ ਅਨੁਸਾਰ, ਅਸੀਂ ਦੋਵਾਂ ਨੂੰ ਉਸੇ ਦਿਨ ਮੁਅੱਤਲ ਕਰ ਦਿੱਤਾ। ਮਾਹਵਾਰੀ ਦੌਰਾਨ ਸੈਨੇਟਰੀ ਪੈਡ ਸਹੀ ਢੰਗ ਨਾਲ ਨਹੀਂ ਦਿੱਤੇ ਜਾਂਦੇ ਸਨ। ਏਐੱਨਐੱਮ ਨੇ ਮਿਆਦ ਪੁੱਗ ਚੁੱਕੀਆਂ ਦਵਾਈਆਂ ਦਿੱਤੀਆਂ। ਇਸੇ ਕਰਕੇ ਅਸੀਂ ਏਐੱਨਐੱਮ ਨੂੰ ਵੀ ਮੁਅੱਤਲ ਕਰ ਦਿੱਤਾ ਹੈ।"
ਮੁਅੱਤਲ ਪ੍ਰਿੰਸੀਪਲ ਸ਼ਿਲਪਾ ਨੇ ਬੀਬੀਸੀ ਨੂੰ ਦੱਸਿਆ ਕਿ ਉਹ ਉਸੇ ਸਕੂਲ ਦੀ ਪ੍ਰਿੰਸੀਪਲ ਬਣਨਾ ਸਵੀਕਾਰ ਨਹੀਂ ਕਰ ਸਕਦੀ ਜਿੱਥੇ ਉਹ ਪਹਿਲਾਂ ਅਧਿਆਪਿਕਾ ਵਜੋਂ ਕੰਮ ਕਰਦੇ ਸੀ ਅਤੇ ਉਨ੍ਹਾਂ ਦੇ ਸਕੂਲ ਦੇ ਕੁਝ ਅਧਿਆਪਕਾਂ ਨੇ ਉਨ੍ਹਾਂ ਦੇ ਅਤੇ ਉਨ੍ਹਾਂ ਦੇ ਬੱਚਿਆਂ ਵਿਰੁੱਧ ਝੂਠੀਆਂ ਸ਼ਿਕਾਇਤਾਂ ਕੀਤੀਆਂ ਸਨ।

ਪ੍ਰਿੰਸੀਪਲ ਨੇ ਕੀ ਕਿਹਾ
ਪ੍ਰਿੰਸੀਪਲ ਸ਼ਿਲਪਾ ਨੇ ਕਿਹਾ ਕਿ ਕੁਝ ਅਧਿਆਪਕ ਧੜਿਆਂ ਵਿੱਚ ਵੰਡੇ ਹੋਏ ਹਨ ਅਤੇ ਇੱਕ ਦੂਜੇ 'ਤੇ ਇਲਜ਼ਾਮਬਾਜ਼ੀ ਕਰ ਰਹੇ ਹਨ, ਜਿਸ ਕਾਰਨ ਕਾਲਜ ਦੀ ਸਾਖ਼ ਖ਼ਰਾਬ ਹੋ ਰਹੀ ਹੈ।
ਉਨ੍ਹਾਂ ਦਾ ਕਹਿਣਾ, "ਕੁਝ ਅਧਿਆਪਕਾਂ ਨੇ ਮੇਰੇ ਪਤੀ ਦੀ ਮੌਤ ਨੂੰ ਹਲਕੇ ਵਿੱਚ ਲਿਆ। ਕਿਸੇ ਵੀ ਥਾਂ 'ਤੇ ਸਮਾਜਿਕ ਆਡਿਟ ਕਿਵੇਂ ਕੀਤਾ ਜਾਂਦਾ ਹੈ? ਕੀ ਤੁਸੀਂ ਪ੍ਰੈੱਸ ਕਾਨਫਰੰਸ ਕਰਕੇ ਮੀਡੀਆ ਨੂੰ ਦੱਸੋਗੇ? ਜਾਂ ਕੀ ਤੁਸੀਂ ਉੱਚ ਅਧਿਕਾਰੀਆਂ ਨੂੰ ਰਿਪੋਰਟਾਂ ਭੇਜਦੇ ਹੋ? ਉਨ੍ਹਾਂ ਨੇ ਸਾਡੇ ਕੋਲ ਮੌਜੂਦ 28 ਰਿਕਾਰਡਾਂ ਦੀ ਜਾਂਚ ਕਰਨ ਦੀ ਬਜਾਏ ਸਿਰਫ਼ ਇੱਕ ਰਜਿਸਟਰ ਦੇਖਿਆ।"
ਉਨ੍ਹਾਂ ਨੇ ਅੱਗੇ ਦੱਸਿਆ, "ਉਨ੍ਹਾਂ ਨੇ ਬੱਚਿਆਂ ਨੂੰ ਇੱਕ ਕਮਰੇ ਵਿੱਚ ਬਿਠਾਇਆ ਅਤੇ ਉਨ੍ਹਾਂ ਨਾਲ ਗੱਲਾਂ ਕੀਤੀਆਂ। ਉੱਥੇ ਸਾਰੇ ਆਦਮੀ ਹਨ। ਤੁਸੀਂ ਔਰਤ ਤੋਂ ਬਿਨਾਂ ਕੁੜੀਆਂ ਬਾਰੇ ਕਿਵੇਂ ਪੁੱਛ ਸਕਦੇ ਹੋ?"
"ਅਗਲੇ ਦਿਨ, ਆਦਮੀ ਬੱਚਿਆਂ ਦੇ ਖਾਲ੍ਹੀ ਸਮੇਂ ਦੌਰਾਨ ਆਏ। ਇਸ ਸਮੇਂ ਦੌਰਾਨ ਕੋਈ ਹੋਰ ਵਿਅਕਤੀ ਹੋਸਟਲ ਵਿੱਚ ਦਾਖ਼ਲ ਨਹੀਂ ਹੋਣਾ ਚਾਹੀਦਾ। ਉਨ੍ਹਾਂ ਨੇ ਮੈਨੂੰ ਬਾਅਦ ਵਿੱਚ ਮਾਪਿਆਂ ਦੀ ਮੀਟਿੰਗ ਦਾ ਪ੍ਰਬੰਧ ਕਰਨ ਲਈ ਕਿਹਾ। ਉਸ ਮੀਟਿੰਗ ਵਿੱਚ, ਮਾਪਿਆਂ ਨੂੰ ਦੱਸਿਆ ਗਿਆ ਸੀ ਕਿ ਇਹ ਸਕੂਲ ਵਿੱਚ ਹੋਵੇਗਾ। ਮੈਂ ਸੋਚਿਆ ਕਿ ਕੀ ਇੱਥੇ ਵੀ ਅਜਿਹਾ ਹੋਵੇਗਾ? ਫਿਰ ਮੈਂ ਇਹ ਮੀਡੀਆ ਨੂੰ ਵੀ ਦੱਸਿਆ।"
ਉਨ੍ਹਾਂ ਇਲਜ਼ਾਮ ਲਾਇਆ ਕਿ ਕੁਝ ਅਧਿਆਪਕਾਂ ਨੇ ਬੱਚਿਆਂ ਨੂੰ ਵਿਗਾੜਿਆ ਹੈ, ਆਪਣੇ ਫਾਇਦੇ ਲਈ ਉਨ੍ਹਾਂ ਨੂੰ ਗੁੰਮਰਾਹ ਕੀਤਾ ਹੈ ਅਤੇ ਉਨ੍ਹਾਂ ਤੋਂ ਸ਼ਿਕਾਇਤਾਂ ਕਰਵਾਈਆਂ ਹਨ।
ਉਨ੍ਹਾਂ ਨੇ ਅੱਗੇ ਦੱਸਿਆ, "ਸੋਸ਼ਲ ਆਡੀਟਰਾਂ ਨੂੰ ਮੀਡੀਆ ਨੂੰ ਬੁਲਾਉਣ ਦੀ ਲੋੜ ਕਿਉਂ ਹੈ? ਅਗਲੇ ਦਿਨ ਜਦੋਂ ਇਹ ਮਾਮਲਾ ਮੀਡੀਆ ਵਿੱਚ ਆਇਆ, ਤਾਂ ਉਨ੍ਹਾਂ ਨੇ ਬਿਨਾਂ ਕੋਈ ਸਪੱਸ਼ਟੀਕਰਨ ਪੁੱਛੇ ਮੈਨੂੰ ਤੁਰੰਤ ਮੁਅੱਤਲ ਕਰ ਦਿੱਤਾ। ਇਹ ਸਭ ਦੇਖ ਕੇ, ਕੋਈ ਵੀ ਸਮਝ ਸਕਦਾ ਹੈ ਕਿ ਕੀ ਹੋਇਆ ਹੋਵੇਗਾ।"
24 ਅਧਿਆਪਕਾਂ ਵਾਲੇ ਸਕੂਲ ਵਿੱਚ, ਪ੍ਰਿੰਸੀਪਲ ਨੂੰ ਕਿਵੇਂ ਪਤਾ ਲੱਗਦਾ ਹੈ ਕਿ ਕੌਣ ਕੀ ਕਰ ਰਿਹਾ ਹੈ? ਨਾ ਤਾਂ ਅਖ਼ਬਾਰਾਂ ਵਿੱਚ ਪ੍ਰਕਾਸ਼ਿਤ ਲੇਖ ਅਤੇ ਨਾ ਹੀ ਸੋਸ਼ਲ ਆਡੀਟਰਾਂ ਦੇ ਕਹਿਣ ਦੇ ਤਰੀਕੇ ਸੱਚ ਹਨ।
ਸ਼ਿਲਪਾ ਨੇ ਕਿਹਾ, "ਮੈਨੂੰ ਲੱਗਦਾ ਹੈ ਕਿ ਇਹ ਸਭ ਕਿਸੇ ਤਰ੍ਹਾਂ ਦੀ ਸਾਜ਼ਿਸ਼ ਹੈ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












