ਜਰਨੈਲ ਸਿੰਘ ਭਿੰਡਰਾਂਵਾਲਾ ਦੇ ਪੋਸਟਰ ਤੇ ਝੰਡਿਆਂ ਦੇ ਮੁੱਦੇ ਉੱਤੇ ਸਿੱਖ ਜਥੇਬੰਦੀਆਂ ਦਾ ਰੋਸ, ਹਿਮਾਚਲ ਪ੍ਰਦੇਸ਼ 'ਚ ਵੀ ਸਿਆਸਤ ਭਖ਼ੀ

ਕੁਝ ਨੌਜਵਾਨਾਂ ਵੱਲੋਂ ਹਿਮਾਚਲ ਵੱਲ ਜਾਂਦੀਆਂ ਬੱਸਾਂ ਉੱਤੇ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਪੋਸਟਰ ਲਗਾਏ ਗਏ ਹਨ

ਤਸਵੀਰ ਸਰੋਤ, Social Media Grab

ਤਸਵੀਰ ਕੈਪਸ਼ਨ, ਕੁਝ ਨੌਜਵਾਨਾਂ ਵੱਲੋਂ ਹਿਮਾਚਲ ਵੱਲ ਜਾਂਦੀਆਂ ਬੱਸਾਂ ਉੱਤੇ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਪੋਸਟਰ ਲਗਾਏ ਗਏ ਹਨ

ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸੁੱਖੂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਫੋਨ 'ਤੇ ਗੱਲ ਕਰ ਕੇ ਪੰਜਾਬ ਵਿੱਚ ਆਉਣ ਵਾਲੀਆਂ ਬੱਸਾਂ ਦੀ ਸੁਰੱਖਿਆ ਯਕੀਨੀ ਬਣਾਉਣ ਦਾ ਭਰੋਸਾ ਲਿਆ ਹੈ।

ਬੁੱਧਵਾਰ ਨੂੰ ਹਿਮਾਚਲ ਪ੍ਰਦੇਸ਼ ਵਿਧਾਨ ਸਭਾ 'ਚ ਬੋਲਦਿਆਂ ਮੁੱਖ ਮੰਤਰੀ ਸੁੱਖੂ ਨੇ ਦੱਸਿਆ, ''ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੇਰੀ ਫੋਨ ਉੱਤੇ ਗੱਲਬਾਤ ਹੋਈ ਹੈ, ਉਨ੍ਹਾਂ ਵੀ ਅੱਗੋਂ ਗੰਭੀਰਤਾ ਨਾਲ ਕਾਰਵਾਈ ਦਾ ਭਰੋਸਾ ਦਿੱਤਾ ਹੈ। ਡੀਜੀਪੀ ਪੱਧਰ 'ਤੇ ਇਸ ਬਾਰੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਜਾ ਰਹੇ ਹਨ। ਜ਼ਰੂਰਤ ਅਨੁਸਾਰ ਹਿਮਾਚਲ ਦੀਆਂ ਬੱਸਾਂ ਨੂੰ ਪੰਜਾਬ ਵਿੱਚ ਸੁਰੱਖਿਆ ਮੁਹੱਈਆ ਕਰਵਾਈ ਜਾਵੇਗੀ।''

ਮੰਗਲਵਾਰ ਨੂੰ ਪੰਜਾਬ ਵਿੱਚ ਹਿਮਾਚਲ ਦੀਆਂ ਸਰਕਾਰੀ ਬੱਸਾਂ ਨੂੰ ਜ਼ਬਰੀ ਰੋਕ ਕੇ ਕੁਝ ਲੋਕਾਂ ਵਲੋਂ ਜਰਨੈਲ ਸਿੰਘ ਭਿੰਡਰਾਵਾਲਿਆਂ ਦੇ ਪੋਸਟਰ ਲਾਏ ਸਨ ਅਤੇ ਹੁਸ਼ਿਆਰਪੁਰ ਤੇ ਖਰੜ ਵਿੱਚ ਬੱਸਾਂ ਉੱਤੇ ਹਮਲੇ ਕੀਤੇ ਗਏ ਸਨ।

ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਦੇ ਪ੍ਰੈਸ ਸੈਕਟਰੀ ਅਰੁਣ ਪਟੇਲ ਨੇ ਬੀਬੀਸੀ ਪੰਜਾਬੀ ਨੂੰ ਦੱਸਿਆ ਕਿ ਹਿਮਾਚਲ ਸਰਕਾਰ ਨੇ ਪੰਜਾਬ ਦੇ ਹੁਸ਼ਿਆਰਪੁਰ ਵਿੱਚ ਗੁਜ਼ਰਨ ਵਾਲੀਆਂ ਕੁਝ ਬੱਸਾਂ ਦੇ ਰੂਟ ਰੱਦ ਕੀਤੇ ਹਨ।

ਦਲ ਖਾਲਸਾ

ਤਸਵੀਰ ਸਰੋਤ, pardeepsharma/BBC

ਤਸਵੀਰ ਕੈਪਸ਼ਨ, ਸਿੱਖ ਜਥੇਬੰਦੀਆਂ ਦਾ ਹੁਸ਼ਿਆਰਪੁਰ ਵਿੱਚ ਮਾਰਚ

"ਪੰਜਾਬ ਵੱਡਾ ਭਰਾ"

ਦਲ ਖਾਲਸਾ ਸਣੇ ਕਈ ਸਿੱਖ ਸੰਗਠਨਾਂ ਨਾਲ ਜੁੜੇ ਕਾਰਕੁਨ ਇਸ ਗੱਲੋਂ ਖਫਾ ਹਨ ਕਿ ਪੰਜਾਬ ਤੋਂ ਮਨੀਕਰਨ ਜਾ ਰਹੇ ਸਿੱਖ ਨੌਜਵਾਨਾਂ ਨੂੰ ਰੋਕ ਕੇ ਉਨ੍ਹਾਂ ਦੇ ਮੋਟਰਸਾਇਕਲ ਤੋਂ ਜਰਨੈਲ ਸਿੰਘ ਭਿੰਡਰਾਵਾਲਿਆਂ ਦੇ ਝੰਡੇ ਖੋਹੇ ਗਏ।

ਇਹ ਘਟਨਾ ਕੁੱਲੂ ਵਿੱਚ ਬੀਤੇ ਹਫ਼ਤੇ ਵਾਪਰੀ ਸੀ, ਜਦੋਂ ਸਥਾਨਕ ਲੋਕਾਂ ਅਤੇ ਸਿੱਖ ਨੌਜਵਾਨਾਂ ਵਿਚਾਲੇ ਝਗੜਾ ਹੋ ਗਿਆ ਅਤੇ ਅਮਨ ਕਾਰੋਬਾਰੀ ਨਾਂ ਦੇ ਵਿਅਕਤੀ ਨੇ ਝੰਡਾ ਖੋਹ ਲਿਆ ਸੀ। ਉਨ੍ਹਾਂ ਮੁਤਾਬਕ ਇਹ ਨੌਜਵਾਨ ਹੁੱਲੜਬਾਜੀ ਕਰ ਰਹੇ ਸਨ।

ਦੋਵਾਂ ਪਾਸਿਆਂ ਦੇ ਦਾਅਵੇ-ਪ੍ਰਤੀ ਦਾਅਵਿਆਂ ਵਿਚਾਲੇ ਮਾਹੌਲ ਤਣਾਅ ਵਾਲਾ ਬਣ ਗਿਆ ਸੀ। ਇਹ ਮਸਲਾ ਹਿਮਾਚਲ ਦੀ ਵਿਧਾਨ ਸਭਾ ਵਿੱਚ ਵੀ ਉੱਠਿਆ ਸੀ।

ਮੁੱਖ ਮੰਤਰੀ ਸੁੱਖੂ ਨੇ ਕਿਹਾ, " ਅਸੀਂ ਪਹਿਲਾਂ ਮਹਾਂ-ਪੰਜਾਬ ਦਾ ਹੀ ਹਿੱਸਾ ਸੀ, ਪੰਜਾਬ ਵਾਲੇ ਸਾਡੇ ਵੱਡੇ ਭਰਾ ਵਾਂਗ ਹਨ। ਉਨ੍ਹਾਂ ਕਹਿੰਦੇ ਹਨ, "ਨੌਜਵਾਨੀ ਕਈ ਵਾਰ ਗੁੰਮਰਾਹ ਹੋ ਜਾਂਦੀ ਹੈ, ਜਿਸ ਕਾਰਨ ਕਈ ਵਾਰ ਅਜਿਹੀਆਂ ਘਟਾਨਾਵਾਂ ਵਾਪਰ ਜਾਂਦੀਆਂ ਹਨ ਪਰ ਸਾਡੇ ਲਈ ਪੰਜਾਬ ਦੇ ਸਭ ਲੋਕ ਸਨਮਾਣਯੋਗ ਹਨ।"

ਬੀਬੀਸੀ ਪੰਜਾਬੀ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ 'ਤੇ ਕਲਿੱਕ ਕਰੋ

ਸਿੱਖ ਜਥੇਬੰਦੀਆਂ ਦਾ ਮਾਰਚ

ਪੰਜਾਬ ਦੇ ਜਿਲ੍ਹਾ ਹੁਸ਼ਿਆਰਪੁਰ ਵਿੱਖੇ ਸਿੱਖ ਜਥੇਬੰਦੀਆਂ ਵੱਲੋਂ ਹਿਮਾਚਲ ਪ੍ਰਦੇਸ਼ ਦੀ ਸਰਕਾਰ ਖਿਲਾਫ਼ ਰੋਸ ਮੁਜ਼ਾਹਰਾ ਕੀਤਾ ਗਿਆ, ਇਸ ਦੌਰਾਨ ਪ੍ਰਦਰਸ਼ਕਾਰੀਆਂ ਦੀ ਪੁਲਿਸ ਨਾਲ ਬਹਿਸ ਵੀ ਹੋਈ।

ਬੀਬੀਸੀ ਸਹਿਯੋਗੀ ਪਰਦੀਪ ਸ਼ਰਮਾ ਦੀ ਜਾਣਕਾਰੀ ਅਨੁਸਾਰ ਮੁਜ਼ਾਹਰਾਕਾਰੀਆਂ ਵੱਲੋਂ ਪੰਜਾਬ-ਹਿਮਾਚਲ ਪ੍ਰਦੇਸ਼ ਬਾਰਡਰ ਵੱਲ ਕੂਚ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਹਾਲਾਂਕਿ ਪੁਲਿਸ ਵੱਲੋਂ ਉਨ੍ਹਾਂ ਨੂੰ ਮੌਕੇ 'ਤੇ ਹੀ ਰੋਕ ਦਿੱਤਾ ਗਿਆ ਅਤੇ ਅੱਗੇ ਨਹੀਂ ਜਾਣ ਦਿੱਤਾ ਗਿਆ।

ਸਿੱਖ ਜਥੇਬੰਦੀਆਂ ਦੇ ਆਗੂ ਇਲਜ਼ਾਮ ਲਾ ਰਹੇ ਹਨ ਕਿ ਹਿਮਾਚਲ ਸਰਕਾਰ ਸ਼ਰਾਰਤੀ ਅਨਸਰਾਂ 'ਤੇ ਕਾਰਵਾਈ ਕਰਨ ਦੀ ਬਜਾਇ ਸਿੱਖਾਂ ਦਾ ਅਕਸ ਖ਼ਰਾਬ ਕਰਨ ਦੀ ਕੋਝੀ ਕੋਸ਼ਿਸ਼ ਕਰ ਰਹੀ ਹੈ।

ਉਨ੍ਹਾਂ ਦਾ ਕਹਿਣਾ ਸੀ ਕਿ ਸ਼ਾਂਤਮਈ ਤਰੀਕੇ ਨਾਲ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਪਰ ਪੁਲਿਸ ਪ੍ਰਸ਼ਾਸਨ ਵੱਲੋਂ ਮੁਜ਼ਾਹਰਿਆਂ ਤੋਂ ਰੋਕਣਾ ਬੇੱਹਦ ਮੰਦਭਾਗਾ ਹੈ।

ਪੁਲਿਸ ਨੇ ਕਿਹਾ ਕਿ ਰੋਸ ਪ੍ਰਗਟਾਉਣ ਦਾ ਹੱਕ-ਹਕੂਕ ਹੈ ਪਰ ਕਾਨੂੰਨ ਵਿਵਸਥਾ ਬਣਾਈ ਰੱਖਣ ਦੇ ਮੱਦੇਨਜ਼ਰ ਕਾਰਵਾਈ ਕੀਤੀ ਜਾ ਰਹੀ ਹੈ। ਮੁਜ਼ਾਹਰਾਕਾਰੀਆਂ ਦੀ ਗੱਲ ਨੂੰ ਮੰਗ ਪੱਤਰ ਜਾਂ ਹੋਰਨਾਂ ਤਰੀਕੇ ਨਾਲ ਅੱਗੇ ਸਰਕਾਰ ਤੱਕ ਪਹੁੰਚਾ ਦਿੱਤਾ ਜਾਵੇਗਾ।

ਇਸ ਦੌਰਾਨ ਪ੍ਰਦਰਸ਼ਕਾਰੀਆਂ ਨੇ ਪੰਜਾਬ ਸਰਕਾਰ ਖਿਲਾਫ਼ ਵੀ ਨਾਅਰੇਬਾਜ਼ੀ ਕੀਤੀ ਹੈ।

ਭਿੰਡਰਾਵਾਲਿਆਂ ਦੀ ਤਸਵੀਰ ਉੱਤੇ ਵਿਵਾਦ

ਜਰਨੈਲ ਸਿੰਘ ਭਿੰਡਰਾਵਾਲਿਆਂ ਦੀ ਤਸਵੀਰ ਵਾਲੇ ਝੰਡੇ ਨੂੰ ਹਿਮਾਚਲ ਪ੍ਰਦੇਸ਼ ਵਿੱਚ ਪੰਜਾਬ ਤੋਂ ਮਨੀਕਰਨ ਜਾ ਰਹੇ ਨੌਜਵਾਨਾਂ ਤੋਂ ਕਥਿਤ ਤੌਰ ਉੱਤੇ ਖੋਹੇ ਜਾਣ ਦਾ ਮਾਮਲਾ ਵੱਡਾ ਸਿਆਸੀ ਮੁੱਦਾ ਬਣਿਆ ਹੋਇਆ ਹੈ।

ਮੰਗਲਵਾਰ ਨੂੰ ਇਹ ਮੁੱਦਾ ਹਿਮਾਚਲ ਪ੍ਰਦੇਸ਼ ਦੀ ਵਿਧਾਨ ਸਭਾ ਵਿੱਚ ਵੀ ਉੱਠਿਆ ਸੀ।

ਕੁਝ ਦਿਨ ਪਹਿਲਾਂ ਪੰਜਾਬ ਤੋਂ ਕੁਝ ਪੰਜਾਬੀ ਨੌਜਵਾਨ ਜਦੋਂ ਮਨੀਕਰਨ ਮੋਟਰਸਾਇਕਲਾਂ ਉੱਤੇ ਜਾ ਰਹੇ ਸਨ, ਤਾਂ ਉਨ੍ਹਾਂ ਦਾ ਰਾਹ ਵਿੱਚ ਸਥਾਨਕ ਲੋਕਾਂ ਦਾ ਝਗੜਾ ਹੋ ਗਿਆ ਸੀ।

ਜਿਸ ਦੌਰਾਨ ਕੁਝ ਸਥਾਨਕ ਲੋਕਾਂ ਨੇ ਮੋਟਰ ਸਾਇਕਲ ਅੱਗੇ ਲੱਗੇ ਜਰਨੈਲ ਸਿੰਘ ਭਿੰਡਰਾਵਾਲਿਆਂ ਦੀ ਤਸਵੀਰ ਵਾਲਾ ਝੰਡਾ ਖੋਹ ਲਿਆ। ਇਸ ਦੌਰਾਨ ਦੋਵਾਂ ਧਿਰਾਂ ਵਿਚਾਲੇ ਖਿੱਚਧੂਹ ਵੀ ਹੋਈ ਸੀ।

ਇਹ ਵੀ ਪੜ੍ਹੋ-

ਜਰਨੈਲ ਸਿੰਘ ਭਿੰਡਰਵਾਲੇ ਦਮਦਮੀ ਟਕਸਾਲ ਦੇ ਮੁਖੀ ਸਨ ਅਤੇ ਉਹ ਜੂਨ 1984 ਵਿੱਚ ਭਾਰਤੀ ਫੌਜ ਦੀ ਅਕਾਲ ਤਖ਼ਤ ਉੱਤੇ ਕਾਰਵਾਈ ਦੌਰਾਨ ਆਪਣੇ ਸਾਥੀਆਂ ਸਣੇ ਮਾਰੇ ਗਏ ਸਨ।

ਸ਼੍ਰੋਮਣੀ ਕਮੇਟੀ ਸਣੇ ਬਹੁਤ ਸਾਰੇ ਸਿੱਖ ਸੰਗਠਨ ਉਨ੍ਹਾਂ ਨੂੰ ''ਸੰਤ'' ਮੰਨਦੇ ਹਨ, ਜਦਕਿ ਕਈ ਅਜਿਹੇ ਸਿਆਸੀ ਸੰਗਠਨ ਵੀ ਹਨ, ਜੋ ਉਨ੍ਹਾਂ ਨੂੰ ''ਅੱਤਵਾਦੀ'' ਕਹਿੰਦੇ ਹਨ।

ਹਿਮਾਚਲ ਦੀ ਘਟਨਾ ਸੋਸ਼ਲ ਮੀਡੀਆ ਉੱਤੇ ਵਾਇਰਲ ਹੋਣ ਤੋਂ ਬਾਅਦ ਪੰਜਾਬ ਦੇ ਹੁਸ਼ਿਆਰਪੁਰ ਦੇ ਤਲਵਾੜਾ ਸਟੇਸ਼ਨ ਉੱਤੇ ਹਿਮਾਚਲ ਨਾਲ ਸਬੰਧਤ ਸਰਕਾਰੀ ਤੇ ਨਿੱਜੀ ਬੱਸਾਂ ਨੂੰ ਰੋਕ ਕੇ ਕੁਝ ਲੋਕਾਂ ਨੇ ਉਨ੍ਹਾਂ ਉੱਤੇ ਜਰਨੈਲ ਸਿੰਘ ਭਿੰਡਰਾਵਾਲਿਆਂ ਦੇ ਪੋਸਟਰ ਲਾਏ ਸਨ। ਇਸ ਦਾ ਹਿਮਾਚਲ ਵਿੱਚ ਸਿਆਸੀ ਪ੍ਰਤੀਕਰਮ ਸਾਹਮਣੇ ਆਇਆ ਸੀ।

ਜੈਰਾਮ ਠਾਕੁਰ

ਤਸਵੀਰ ਸਰੋਤ, PTI

ਤਸਵੀਰ ਕੈਪਸ਼ਨ, ਜੈਰਾਮ ਠਾਕੁਰ ਨੇ ਇਸ ਸਬੰਧੀ ਮੁੱਦਾ ਹਿਮਾਚਲ ਪ੍ਰਦੇਸ਼ ਦੀ ਵਿਧਾਨ ਸਭਾ ਵਿੱਚ ਚੁੱਕਿਆ

'ਹਿਮਾਚਲ ਦਾ ਮਾਹੌਲ ਵਿਗਾੜਿਆ ਜਾ ਰਿਹਾ'

ਹਿਮਾਚਲ ਪ੍ਰਦੇਸ਼ ਦੀ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਜੈਰਾਮ ਠਾਕੁਰ ਨੇ ਕਿਹਾ ਸੀ ਕਿ ਸੂਬੇ ਦੇ ਵਾਤਾਵਰਨ ਨੂੰ ਖ਼ਰਾਬ ਕਰਨ ਲਈ ਪਿਛਲੇ ਕੁਝ ਦਿਨਾਂ ਤੋਂ ਕੁਝ ਘਟਨਾਵਾਂ ਵਾਪਰ ਰਹੀਆਂ ਹਨ।

ਉਨ੍ਹਾਂ ਨੇ ਵਿਧਾਨ ਸਭਾ ਵਿੱਚ ਬੋਲਦਿਆਂ ਕਿਹਾ, "ਸਾਡੇ ਗੁਆਂਢੀ ਸੂਬੇ (ਪੰਜਾਬ) ਦੇ ਲੋਕ ਸੂਬੇ ਵਿੱਚ ਆਉਂਦੇ ਹਨ ਅਤੇ ਉਨ੍ਹਾਂ ਦਾ ਸੁਆਗਤ ਵੀ ਹੈ ਪਰ ਉਹ ਇੱਥੇ ਹੁੜਦੰਗ ਮਚਾ ਰਹੇ ਹਨ, ਆਪਣੀਆਂ ਗੱਡੀਆਂ ਅਤੇ ਵਾਹਨਾਂ ਉੱਤੇ ਭਿੰਡਰਾਵਾਲੇ ਦੀ ਤਸਵੀਰ ਤੇ ਝੰਡੇ ਲਗਾ ਕੇ ਉਨ੍ਹਾਂ ਦੇ ਸਨਮਾਨ ਵਿੱਚ ਗੱਲਾਂ ਕਰ ਰਹੇ ਹਨ।"

"ਜਦੋਂ ਉਨ੍ਹਾਂ ਨੂੰ ਰੋਕਿਆ ਜਾਂਦਾ ਹੈ ਤਾਂ ਉਹ ਕਾਨੂੰਨ ਵਿਵਸਥਾ ਦੀਆਂ ਧੱਜੀਆਂ ਉਡਾ ਰਹੇ ਹਨ।"

ਜੈ ਰਾਮ ਠਾਕੁਰ ਨੇ ਅੱਗੇ ਕਿਹਾ, "ਇਹ ਬਹੁਤ ਗੰਭੀਰ ਮਾਮਲਾ ਹੈ, ਅਸੀਂ ਹਿਮਾਚਲ ਪ੍ਰਦੇਸ਼ ਵਿੱਚ ਸਦਭਾਵਨਾ ਨਾਲ ਰਹਿੰਦੇ ਹਾਂ ਅਤੇ ਕੰਮ ਕਰਦੇ ਹਾਂ।''

''ਭਾਵੇਂ ਉਹ ਧਾਰਮਿਕ ਭਾਵਨਾ ਨਾਲ ਆਏ ਹਨ ਜਾਂ ਹੋਰ ਮਕਸਦ ਨਾਲ ਬਾਹਰੋਂ ਆਏ ਸੈਲਾਨੀਆਂ ਦੁਆਰਾ ਝੰਡੇ ਲਗਾ ਕੇ ਅਤੇ ਗੁੰਡਾਗਰਦੀ ਕਰਨਾ, ਕਾਨੂੰਨ ਮੁਤਾਬਕ ਇਸਦੀ ਇਜਾਜ਼ਤ ਨਹੀਂ ਦਿੱਤੀ ਜਾਣੀ ਚਾਹੀਦੀ।"

"ਅਸੀਂ ਦੇਖ ਰਹੇ ਹਾਂ ਕਿ ਬਦਲੇ ਵਿੱਚ, ਪੰਜਾਬ ਵਿੱਚ, ਐੱਚਆਰਟੀਸੀ ਦੀ ਇੱਕ ਬੱਸ ਨੂੰ ਰੋਕਿਆ ਗਿਆ ਅਤੇ ਭਿੰਡਰਾਂਵਾਲੇ ਦੀ ਤਸਵੀਰ ਲਗਾਈ ਗਈ। ਇਹ ਵੀ ਉਚਿਤ ਨਹੀਂ ਹੈ। ਮੈਂ ਮੁੱਖ ਮੰਤਰੀ ਨੂੰ ਬੇਨਤੀ ਕੀਤੀ ਕਿ ਉਹ ਇਸ ਨੂੰ ਰੋਕਣ ਲਈ ਪੰਜਾਬ ਦੇ ਮੁੱਖ ਮੰਤਰੀ ਨਾਲ ਗੱਲ ਕਰਨ। ਇਹ ਹਿਮਾਚਲ ਅਤੇ ਪੰਜਾਬ ਦੋਵਾਂ ਲਈ ਚੰਗਾ ਨਹੀਂ ਹੋਵੇਗਾ। ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ।"

ਉਨ੍ਹਾਂ ਨੇ ਕਿਹਾ ਮੁੱਖ ਮੰਤਰੀ ਨੇ ਭਰੋਸਾ ਦਿੱਤਾ ਹੈ ਕਿ ਉਹ ਇਸ ਬਾਰੇ ਗੱਲ ਕਰਨਗੇ ਅਤੇ ਸੁਣਨ ਵਿੱਚ ਆਇਆ ਹੈ ਕਿ ਜਿਸ ਤਰ੍ਹਾਂ ਬੱਸ ਨੂੰ ਰੋਕਿਆ ਗਿਆ ਉਸ ਸਬੰਧੀ ਐੱਫਆਈਆਰ ਵੀ ਦਰਜ ਕੀਤੀ ਗਈ ਹੈ।

ਸੁਖਵਿੰਦਰ ਸੁੱਖੂ

ਹਿਮਾਚਲ ਦੇ ਮੁੱਖ ਮੰਤਰੀ ਨੇ ਕੀ ਕਿਹਾ

ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਵਿਰੋਧੀ ਧਿਰ ਦੇ ਆਗੂ ਦਾ ਜਵਾਬ ਦਿੰਦਿਆਂ ਕਿਹਾ, "ਅਸੀਂ ਸੂਬੇ ਵਿੱਚ ਪੋਸਟਰ ਅਤੇ ਝੰਡੇ ਲਗਾਉਣ ਵਾਲਿਆਂ ਵਿਰੁੱਧ ਐੱਫਆਈਆਰ ਦਰਜ ਕੀਤੀ ਹੈ। ਕਈ ਵਾਰ ਕੁਝ ਸ਼ਰਾਰਤੀ ਲੋਕ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦਿੰਦੇ ਹਨ। ਮੈਂ ਮਨਾਲੀ ਵਾਲੀ ਬੱਸ ਵਾਲੇ ਮੁੱਦੇ ਬਾਰੇ ਪੰਜਾਬ ਦੇ ਮੁੱਖ ਮੰਤਰੀ ਨਾਲ ਗੱਲ ਕਰਾਂਗਾ।"

'ਭਿੰਡਰਾਵਾਲੇ ਪੰਥ ਦੇ ਮਹਾਨ ਨਾਇਕ'

ਕੁਲਦੀਪ ਸਿੰਘ ਗੜਗੱਜ

ਉਧਰ ਬੀਤੇ ਦਿਨੀਂ ਦੂਜੇ ਪਾਸੇ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਇਸ ਦਾ ਨੋਟਿਸ ਲੈਂਦਿਆਂ ਆਪਣੀ ਪ੍ਰਤੀਕਿਰਿਆ ਦਿੱਤੀ।

ਉਨ੍ਹਾਂ ਨੇ ਬਿਆਨ ਵਿੱਚ ਕਿਹਾ, "ਇਸ ਨੂੰ ਹਰਗਿਜ਼ ਪ੍ਰਵਾਨ ਨਹੀਂ ਕੀਤਾ ਜਾਵੇਗਾ। ਜਦੋਂ ਪੁਲਿਸ ਕਿਸੇ ਨੌਜਵਾਨ ਨੂੰ ਉਨ੍ਹਾਂ ਦੇ ਵਾਹਨ ਦੇ ਕਾਗਜ਼ਾਂ ਦੀ ਜਾਂਚ ਕਰਨ ਲਈ ਰੋਕਦੀ ਹੈ ਤਾਂ ਉਸ ਮੌਕੇ ਕਿਸੇ ਵੀ ਸਥਾਨਕ ਸ਼ਰਾਰਤੀ ਅਨਸਰਾਂ ਦਾ ਕੋਈ ਹੱਕ ਨਹੀਂ ਬਣਦਾ ਕਿ ਉਹ ਸਿੱਖ ਨੌਜਵਾਨਾਂ ਨਾਲ ਜ਼ੋਰ ਜ਼ਬਰਦਸਤੀ ਕਰਨ ਅਤੇ ਉਨ੍ਹਾਂ ਦੇ ਵਾਹਨਾਂ ਉੱਤੇ ਲੱਗੇ ਸਿੱਖਾਂ ਨਾਲ ਸਬੰਧਤ ਝੰਡਿਆਂ ਨੂੰ ਪਾੜਣ।''

ਉਨ੍ਹਾਂ ਨੇ ਸਿੱਖ ਨੌਜਵਾਨਾਂ ਨੂੰ ਵੀ ਅਪੀਲ ਕੀਤੀ ਕਿ ਜਦੋਂ ਉਹ ਹਿਮਾਚਲ ਪ੍ਰਦੇਸ਼ ਜਾਣ ਤਾਂ ਆਪਣੇ ਵਾਹਨਾਂ ਦੇ ਕਾਗਜ਼ ਪੂਰੇ ਕਾਇਮ ਰੱਖਣ ਅਤੇ ਇਕੱਲੇ ਸਫ਼ਰ ਕਰਨ ਤੋਂ ਗੁਰੇਜ਼ ਕਰਨ।

ਕੁਲਦੀਪ ਸਿੰਘ ਗੜਗੱਜ

ਤਸਵੀਰ ਸਰੋਤ, SGPC

ਤਸਵੀਰ ਕੈਪਸ਼ਨ, ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਇਸ ਨੂੰ ਹਰਗਿਜ਼ ਪ੍ਰਵਾਨ ਨਹੀਂ ਕੀਤਾ ਜਾਵੇਗਾ

ਜਥੇਦਾਰ ਗੜਗੱਜ ਨੇ ਹਿਮਾਚਲ ਪ੍ਰਦੇਸ਼ ਦੀ ਕਾਂਗਰਸ ਸਰਕਾਰ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੂੰ ਕਿਹਾ ਕਿ ਉਹ ਇਨ੍ਹਾਂ ਘਟਨਾਵਾਂ ਦਾ ਨੋਟਿਸ ਲੈਂਦਿਆਂ ਸੂਬੇ ਦੀ ਪੁਲਿਸ ਨੂੰ ਕਾਨੂੰਨ ਅਨੁਸਾਰ ਜ਼ਾਬਤਾ ਕਾਇਮ ਰੱਖਣ ਲਈ ਆਦੇਸ਼ ਕਰਨ।

"ਕੁਝ ਸ਼ਰਾਰਤੀ ਲੋਕ ਹਿਮਾਚਲ ਪ੍ਰਦੇਸ਼ ਅਤੇ ਪੰਜਾਬ ਦੀ ਭਾਈਚਾਰਕ ਸਾਂਝ ਨੂੰ ਸੱਟ ਮਾਰਨਾਂ ਚਾਹੁੰਦੇ ਹਨ ਅਤੇ ਤਣਾਅ ਵਾਲੀ ਸਥਿਤੀ ਬਣਾਉਣਾ ਚਾਹੁੰਦੇ ਹਨ, ਜਿਸ ਪ੍ਰਤੀ ਸੂਬਾ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਅਜਿਹੇ ਅਨਸਰਾਂ ਨੂੰ ਨੱਥ ਪਾ ਕੇ ਰੱਖਣ।"

"ਸੂਬਾ ਸਰਕਾਰ ਦੀ ਜ਼ਿੰਮੇਵਾਰੀ ਹਰ ਧਰਮ ਤੇ ਫਿਰਕੇ ਦੇ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਹੁੰਦੀ ਹੈ ਨਾ ਕਿ ਕਿਸੇ ਇੱਕ ਧਰਮ ਦੇ ਲੋਕਾਂ ਵਿਰੁੱਧ ਜ਼ਾਹਰ ਕੀਤੀ ਜਾ ਰਹੀ ਨਫ਼ਰਤ ਨੂੰ ਸ਼ਰੇਆਮ ਹੋਣ ਦੇਣ ਦੀ।"

ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਦੇਸ਼ ਦਾ ਸੰਵਿਧਾਨ ਹਰ ਇੱਕ ਨੂੰ ਧਾਰਮਿਕ ਅਜ਼ਾਦੀ ਅਤੇ ਵਿਚਾਰਾਂ ਦੇ ਪ੍ਰਗਟਾਵੇ ਦਾ ਅਧਿਕਾਰ ਦਿੰਦਾ ਹੈ, ਪਰੰਤੂ ਹਿਮਾਚਲ ਵਿੱਚ ਸਿੱਖ ਆਗੂ ਪ੍ਰਤੀ ਨਫ਼ਰਤ ਪੈਦਾ ਕਰਨੀ ਆਪਸੀ ਭਾਈਚਾਰਕ ਸਾਂਝ ਲਈ ਠੀਕ ਨਹੀਂ ਅਤੇ ਅਜਿਹੇ ਟਕਰਾਅ ਤੋਂ ਬਚਣਾ ਚਾਹੀਦਾ ਹੈ।

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)