ਅਮਿਤ ਸ਼ਾਹ ਦੀ ਰੈਲੀ 'ਚ ਸੋਸ਼ਲ ਮੀਡੀਆ ਪੱਤਰਕਾਰ ਦੀ ਕੁੱਟਮਾਰ ਦਾ ਕੀ ਹੈ ਪੂਰਾ ਮਾਮਲਾ

ਤਸਵੀਰ ਸਰੋਤ, SOCIAL MEDIA
ਉੱਤਰ ਪ੍ਰਦੇਸ਼ ਦੇ ਰਾਏਬਰੇਲੀ 'ਚ ਕੇਂਦਰੀ ਗ੍ਰਹਿ ਮੰਤਰੀ ਅਤੇ ਭਾਜਪਾ ਨੇਤਾ ਅਮਿਤ ਸ਼ਾਹ ਦੀ ਰੈਲੀ 'ਚ ਇਕ ਯੂਟਿਊਬ ਨਿਊਜ਼ ਚੈਨਲ ਦੇ ਪੱਤਰਕਾਰ ਦੀ ਕੁੱਟਮਾਰ ਦੇ ਮਾਮਲੇ ਨੇ ਜ਼ੋਰ ਫੜ ਲਿਆ ਹੈ।
ਯੂਟਿਊਬ ਨਿਊਜ਼ ਚੈਨਲ 'ਮੋਲਿਟਿਕਸ' ਦੇ ਪੱਤਰਕਾਰ ਰਾਘਵ ਤ੍ਰਿਵੇਦੀ ਨੇ ਇਲਜ਼ਾਮ ਲਗਾਇਆ ਹੈ ਕਿ ਰੈਲੀ ਦੌਰਾਨ ਸਵਾਲ ਪੁੱਛੇ ਜਾਣ 'ਤੇ ਗੁੱਸੇ 'ਚ ਆਏ ਭਾਜਪਾ ਵਰਕਰਾਂ ਨੇ ਉਸ ਦੀ ਕੁੱਟਮਾਰ ਕੀਤੀ।
ਤ੍ਰਿਵੇਦੀ ਅਨੁਸਾਰ ਉਹ ਦਿੱਲੀ ਤੋਂ ਅਮੇਠੀ ਅਤੇ ਰਾਏਬਰੇਲੀ ਵਿੱਚ ਗਰਾਊਂਡ ਰਿਪੋਰਟਿੰਗ ਲਈ ਗਏ ਸੀ।
ਐਤਵਾਰ ਨੂੰ ਉਹ ਅਮਿਤ ਸ਼ਾਹ ਦੀ ਰੈਲੀ ਨੂੰ ਕਵਰ ਕਰਨ ਲਈ ਰਾਏਬਰੇਲੀ ਪਹੁੰਚੇ ਸਨ।
ਰਾਘਵ ਤ੍ਰਿਵੇਦੀ ਦਾ ਦਾਅਵਾ ਹੈ ਕਿ ਰੈਲੀ ਦੌਰਾਨ ਕੁਝ ਔਰਤਾਂ ਨੇ ਉਨ੍ਹਾਂ ਨੂੰ ਕਿਹਾ ਕਿ ਉਨ੍ਹਾਂ ਨੂੰ 100-100 ਰੁਪਏ ਦੇ ਕੇ ਰੈਲੀ ਵਿੱਚ ਬੁਲਾਇਆ ਗਿਆ ਸੀ, ਪਰ ਜਦੋਂ ਉਨ੍ਹਾਂ ਨੇ ਇਸ ਬਾਰੇ ਭਾਜਪਾ ਵਰਕਰਾਂ ਨੂੰ ਸਵਾਲ ਕੀਤਾ ਤਾਂ ਉਨ੍ਹਾਂ ਦੀ ਕੁੱਟਮਾਰ ਕੀਤੀ ਗਈ।
ਉਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਉਣਾ ਪਿਆ।
ਰਾਘਵ ਤ੍ਰਿਵੇਦੀ 'ਤੇ ਕੁੱਟਮਾਰ ਦੇ ਇਸ ਮਾਮਲੇ ਨੂੰ ਲੈ ਕੇ ਵਿਆਪਕ ਪ੍ਰਤੀਕਿਰਿਆਵਾਂ ਆਈਆਂ ਹਨ।
ਸਿਆਸੀ ਪਾਰਟੀਆਂ ਤੋਂ ਲੈ ਕੇ ਪੱਤਰਕਾਰਾਂ ਅਤੇ ਉਨ੍ਹਾਂ ਦੀਆਂ ਜਥੇਬੰਦੀਆਂ ਨੇ ਇਸ ਘਟਨਾ ਦੀ ਸਖ਼ਤ ਨਿਖੇਧੀ ਕੀਤੀ ਹੈ। ਸੋਸ਼ਲ ਮੀਡੀਆ 'ਤੇ ਇਸ ਘਟਨਾ ਨੂੰ ਲੈ ਕੇ ਗੁੱਸਾ ਦੇਖਿਆ ਜਾ ਰਿਹਾ ਹੈ।

ਤਸਵੀਰ ਸਰੋਤ, Akhilesh Yadav/X
ਪੱਤਰਕਾਰ ਨੇ ਦੱਸਿਆ ਕੀ ਹੋਇਆ
ਰਾਘਵ ਤ੍ਰਿਵੇਦੀ ਨੇ ਹਸਪਤਾਲ ਦਾ ਵੀਡੀਓ ਐਕਸ 'ਤੇ ਦੁਬਾਰਾ ਪੋਸਟ ਕੀਤਾ ਹੈ। ਇਸ 'ਚ ਉਹ ਸਟਰੈਚਰ 'ਤੇ ਲੇਟੇ ਹੋਏ ਹਨ ਅਤੇ ਦਰਦ ਨਾਲ ਤੜਪ ਰਹੇ ਹਨ।
ਇਸ ਵੀਡੀਓ 'ਚ ਉਹ ਕਹਿੰਦੇ ਹੋਏ ਨਜ਼ਰ ਆ ਰਹੇ ਹਨ, "ਬਹੁਤ ਕੁੱਟਿਆ ਹੈ। ਮੈਂ ਰਿਪੋਰਟ ਕਰ ਰਿਹਾ ਸੀ। ਅਮਿਤ ਸ਼ਾਹ ਦੀ ਰੈਲੀ ਚੱਲ ਰਹੀ ਸੀ ਅਤੇ ਲੋਕ ਉੱਠ-ਉੱਠ ਕੇ ਜਾ ਰਹੇ ਸਨ। ਮੈਂ ਪੁੱਛਣ ਲੱਗਾ ਕਿ ਲੋਕ ਕਿਉਂ ਜਾ ਰਹੇ ਹਨ। ਇਸ 'ਤੇ ਉਨ੍ਹਾਂ ਨੇ ਕਿਹਾ ਕਿ ਕੈਮਰਾ ਬੰਦ ਕਰੋ।1
"ਇਸ ਤੋਂ ਬਾਅਦ 20-25 ਲੋਕਾਂ ਨੇ ਮੈਨੂੰ ਘੇਰ ਲਿਆ ਅਤੇ ਮੇਰੇ ਢਿੱਡ 'ਤੇ ਮੁੱਕੇ ਮਾਰਨ ਲੱਗੇ। ਘੱਟੋ-ਘੱਟ ਡੇਢ ਦੋ ਸੌ ਮੁੱਕੇ ਮਾਰੇ।"
ਉਨ੍ਹਾਂ ਨੇ ਦੱਸਿਆ, “ਇਸ ਤੋਂ ਪਹਿਲਾਂ, ਰੈਲੀ ਦੇ ਬਾਹਰ ਮੇਰੀ ਕੁਝ ਔਰਤਾਂ ਨਾਲ ਗੱਲਬਾਤ ਹੋ ਰਹੀ ਸੀ। ਉਨ੍ਹਾਂ ਕਿਹਾ ਕਿ ਸਾਨੂੰ ਨਹੀਂ ਪਤਾ ਕਿ ਅਸੀਂ ਕਿਉਂ ਆਏ ਹਾਂ। ਸਾਨੂੰ ਪ੍ਰਧਾਨ ਜੀ ਲਿਆਏ ਹਨ, ਸੌ-ਸੌ ਰੁਪਏ ਦੇ ਕੇ।"
"ਅਸੀਂ ਉੱਥੇ ਭਾਜਪਾ ਵਾਲਿਆਂ ਨੂੰ ਪੁੱਛਿਆ ਕਿ ਕੀ ਇਹ ਸੱਚ ਹੈ। ਇਸ 'ਤੇ ਉਨ੍ਹਾਂ ਨੇ ਕਿਹਾ ਕਿ ਤੂੰ ਰੁਕ ਜ਼ਰਾ, ਮੈਂ ਆਉਂਦਾ ਹਾਂ ਅਤੇ ਫਿਰ ਮੈਨੂੰ ਮਾਰਨਾ ਸ਼ੁਰੂ ਕਰ ਦਿੱਤਾ। ਮੇਰੇ ਪੇਟ ਵਿੱਚ ਮਾਰਿਆ। ਉਹ ਕਹਿ ਰਹੇ ਸਨ ਕਿ ਅਜਿਹੇ ਮਾਰੋ ਕਿ ਨਿਸ਼ਾਨ ਨਾ ਦਿਖੇ।"

ਤਸਵੀਰ ਸਰੋਤ, ANI
ਪੱਤਰਕਾਰ ਸੰਗਠਨਾਂ ਅਤੇ ਆਗੂਆਂ ਨੇ ਕਾਰਵਾਈ ਦੀ ਮੰਗ ਕੀਤੀ
ਪ੍ਰੈੱਸ ਕਲੱਬ ਆਫ਼ ਇੰਡੀਆ ਨੇ ਚੋਣ ਕਮਿਸ਼ਨ ਅਤੇ ਸਥਾਨਕ ਅਧਿਕਾਰੀਆਂ ਨੂੰ ਇਸ ਮਾਮਲੇ ਵਿੱਚ ਸਖ਼ਤ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ।
ਕਾਂਗਰਸ ਨੇ ਇਸ ਘਟਨਾ 'ਤੇ ਟਵੀਟ ਕੀਤਾ ਅਤੇ ਲਿਖਿਆ, "ਇਹ ਘਟਨਾਵਾਂ ਦਰਸਾਉਂਦੀਆਂ ਰਹੀਆਂ ਹਨ ਕਿ ਭਾਜਪਾ ਦੇ ਲੋਕ ਸਾਹਮਣੇ ਨਜ਼ਰ ਆ ਰਹੀ ਹਾਰ ਤੋਂ ਬੌਖ਼ਲਾ ਗਏ ਹਨ। ਹੁਣ ਬੇਇਨਸਾਫ਼ੀ ਦਾ ਅੰਤ ਹੋਣ ਵਾਲਾ ਹੈ।"
ਕਾਂਗਰਸ ਨੇਤਾ ਪ੍ਰਿਯੰਕਾ ਗਾਂਧੀ ਨੇ ਟਵੀਟ ਕੀਤਾ, "ਪੱਤਰਕਾਰ ਨੂੰ ਸਿਰਫ਼ ਇਸ ਲਈ ਕੁੱਟਿਆ ਗਿਆ ਕਿਉਂਕਿ ਉਨ੍ਹਾਂ ਨੇ ਕੁਝ ਔਰਤਾਂ ਨਾਲ ਗੱਲ ਕੀਤੀ ਸੀ, ਜੋ ਕਹਿ ਰਹੀ ਸੀ ਕਿ ਸਭਾ ਵਿੱਚ ਆਉਣ ਲਈ ਉਨ੍ਹਾਂ ਨੂੰ ਪੈਸੇ ਦਿੱਤੇ ਗਏ।"
"ਪੂਰੇ ਦੇਸ਼ ਦੇ ਮੀਡੀਆ ਦਾ ਮੂੰਹ ਬੰਦ ਕਰ ਦੇਣ ਵਾਲੀ ਭਾਜਪਾ ਨੂੰ ਇਹ ਬਰਦਾਸ਼ਤ ਨਹੀਂ ਹੈ ਕਿ ਉਨ੍ਹਾਂ ਦੇ ਖ਼ਿਲਾਫ਼ ਕੋਈ ਆਵਾਜ਼ ਚੁੱਕੇ।"

ਤਸਵੀਰ ਸਰੋਤ, Priyanka Gandhi Vadra/x
ਗੁਜਰਾਤ ਦੇ ਸੰਸਦ ਮੈਂਬਰ ਜਿਗਨੇਸ਼ ਮੇਵਾਨੀ ਨੇ ਲਿਖਿਆ, "ਰਾਘਵ ਤ੍ਰਿਵੇਦੀ ਅਮਿਤ ਸ਼ਾਹ ਦੀ ਰੈਲੀ 'ਚ ਆਈਆਂ ਔਰਤਾਂ ਨਾਲ ਸਵਾਲ ਅਤੇ ਜਵਾਬ ਦੇ ਰਹੇ ਸਨ। ਔਰਤਾਂ ਨੇ ਗੱਲਬਾਤ ਵਿੱਚ ਦੱਸਿਆ ਕਿ ਉਨ੍ਹਾਂ ਨੂੰ ਰੈਲੀ ਵਿੱਚ ਆਉਣ ਲਈ ਪੈਸੇ ਦਿੱਤੇ ਗਏ ਸਨ।"
"ਜਿਨ੍ਹਾਂ ਦੀ ਹੋਂਦ ਝੂਠ ਦੀ ਨੀਂਹ 'ਤੇ ਟਿਕੀ ਹੋਈ ਹੈ ਤਾਂ ਉਨ੍ਹਾਂ ਦਾ ਇਹ ਸੱਚ ਕਿਵੇਂ ਸਵੀਕਾਰ ਕਰ ਹੁੰਦਾ। ਇਸ ਲਈ ਭਾਜਪਾ ਦੇ ਗੁੰਡਿਆਂ ਨੇ ਉਨ੍ਹਾਂ ਨੂੰ ਕੁੱਟਿਆ ਤਾਂ ਜੋ ਸੱਚ ਨੂੰ ਛੁਪਾਇਆ ਜਾ ਸਕੇ।"
ਕਾਂਗਰਸ ਨੇਤਾ ਪੱਪੂ ਯਾਦਵ ਨੇ ਟਵੀਟ ਕਰ ਕੇ ਲਿਖਿਆ, "ਰਾਇਬਰੇਲੀ 'ਚ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਰੈਲੀ 'ਚ ਨਿਡਰ ਪੱਤਰਕਾਰ ਰਾਘਵ ਤ੍ਰਿਵੇਦੀ 'ਤੇ ਭਾਜਪਾ ਵਾਲਿਆਂ ਨੇ ਬੁਰੀ ਤਰ੍ਹਾਂ ਜਖ਼ਮੀ ਕਰ ਦਿੱਤਾ।"
"ਹਸਪਤਾਲ ਵਿੱਚ ਜ਼ੇਰੇ ਇਲਾਜ ਹੈ, ਮੈਂ ਉਸਨੂੰ ਮਿਲਣ ਜਾ ਰਿਹਾ ਹਾਂ। ਭਾਜਪਾ 'ਚ ਹਾਰ ਦੀ ਬੌਖਲਾਹਟ ਹੈ। ਜ਼ਬਰਦਸਤ ਹੈ। ਡਰੀ ਹੋਈ ਭਾਜਪਾ ਪੱਤਰਕਾਰਾਂ ਦੀ ਕੁੱਟਮਾਰ ਕਰਕੇ ਆਪਣੀ ਨਿਰਾਸ਼ਾ ਜ਼ਾਹਰ ਕਰ ਰਹੀ ਹੈ।"

ਤਸਵੀਰ ਸਰੋਤ, SOCIAL MEDIA
ਕੀ ਹੈ ਮਾਮਲਾ?
ਮੀਡੀਆ ਰਿਪੋਰਟਾਂ ਮੁਤਾਬਕ ਤ੍ਰਿਵੇਦੀ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਵਿੱਚ ਕਿਹਾ ਗਿਆ ਹੈ ਕਿ ਉਨ੍ਹਾਂ ਨੇ ਰੈਲੀ ਵਿੱਚ ਹਿੱਸਾ ਲੈ ਰਹੀਆਂ ਕੁਝ ਔਰਤਾਂ ਦੇ ਬਿਆਨਾਂ ਬਾਰੇ ਭਾਜਪਾ ਵਰਕਰਾਂ ਤੋਂ ਸਵਾਲ ਪੁੱਛੇ ਸਨ। ਇਸ ਤੋਂ ਨਾਰਾਜ਼ ਕਥਿਤ ਭਾਜਪਾ ਵਰਕਰਾਂ ਨੇ ਉਨ੍ਹਾਂ ਦੀ ਕੁੱਟਮਾਰ ਕੀਤੀ।
ਤ੍ਰਿਵੇਦੀ ਵੱਲੋਂ ਜੋ ਸ਼ਿਕਾਇਤ ਦਰਜ ਕਰਵਾਈ ਉਸ ਵਿੱਚ ਕਿਹਾ ਗਿਆ ਹੈ ਕਿ ਉਹ ਆਪਣੇ ਸਾਥੀ ਨਾਲ ਦਿੱਲੀ ਤੋਂ ਅਮੇਠੀ ਅਤੇ ਰਾਏਬਰੇਲੀ ਸੀਟਾਂ ਦੀ ਗਰਾਊਂਡ ਰਿਪੋਰਟਿੰਗ ਕਰਨ ਲਈ ਆਏ ਸਨ।
ਐਤਵਾਰ ਨੂੰ ਉਹ ਰਾਏਬਰੇਲੀ 'ਚ ਕੇਂਦਰੀ ਗ੍ਰਹਿ ਮੰਤਰੀ ਅਤੇ ਭਾਜਪਾ ਨੇਤਾ ਅਮਿਤ ਸ਼ਾਹ ਦੀ ਰੈਲੀ ਕਵਰ ਕਰ ਰਹੇ ਸਨ। ਇਸ ਦੌਰਾਨ ਉਸ ਨੇ ਕੁਝ ਔਰਤਾਂ ਨਾਲ ਗੱਲਬਾਤ ਕੀਤੀ।
ਰਾਘਵ ਤ੍ਰਿਵੇਦੀ ਦਾ ਦਾਅਵਾ ਹੈ ਕਿ ਇਨ੍ਹਾਂ ਔਰਤਾਂ ਨੇ ਉਨ੍ਹਾਂ ਨੂੰ ਦੱਸਿਆ ਕਿ ਉਨ੍ਹਾਂ ਨੂੰ 100-100 ਰੁਪਏ ਦੇ ਕੇ ਇੱਥੇ ਲਿਆਂਦਾ ਗਿਆ ਸੀ।
ਤ੍ਰਿਵੇਦੀ ਨੇ ਕਿਹਾ ਕਿ ਉਨ੍ਹਾਂ ਨੇ ਕੁਝ ਅਜਿਹੇ ਲੋਕਾਂ ਨਾਲ ਵੀ ਗੱਲ ਕੀਤੀ ਜੋ ਅਮਿਤ ਸ਼ਾਹ ਦਾ ਭਾਸ਼ਣ ਖ਼ਤਮ ਹੋਣ ਤੋਂ ਪਹਿਲਾਂ ਹੀ ਉੱਠ ਕੇ ਜਾ ਰਹੇ ਸਨ।
ਇਸ 'ਤੇ ਜਦੋਂ ਉਨ੍ਹਾਂ ਨੇ ਸਥਾਨਕ ਭਾਜਪਾ ਨੇਤਾਵਾਂ ਨੂੰ ਸਵਾਲ ਕੀਤੇ ਤਾਂ ਉਹ ਨਾਰਾਜ਼ 'ਚ ਹੋ ਗਏ। ਉਨ੍ਹਾਂ ਭਾਸ਼ਣ ਦੌਰਾਨ ਔਰਤਾਂ ਅਤੇ ਲੋਕਾਂ ਦੇ ਉੱਠ ਕੇ ਜਾਣ ਦੀ ਰਿਕਾਰਡਿੰਗ ਨੂੰ ਡਿਲੀਟ ਕਰਨ ਦੀ ਮੰਗ ਕੀਤੀ।
ਪਰ ਜਦੋਂ ਤ੍ਰਿਵੇਦੀ ਨੇ ਇਸ ਤੋਂ ਇਨਕਾਰ ਕਰ ਦਿੱਤਾ ਤਾਂ ਭਾਜਪਾ ਵਰਕਰਾਂ ਨੇ ਉਨ੍ਹਾਂ ਨਾਲ ਕੁੱਟਮਾਰ ਕੀਤੀ।
ਕੁੱਟਮਾਰ 'ਚ ਜ਼ਖਮੀ ਤ੍ਰਿਵੇਦੀ ਨੂੰ ਜ਼ਿਲ੍ਹਾ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਭੁਪੇਸ਼ ਬਘੇਲ ਉਨ੍ਹਾਂ ਦਾ ਹਾਲ-ਚਾਲ ਪੁੱਛਣ ਲਈ ਉੱਥੇ ਪੁੱਜੇ। ਬਘੇਲ ਨੇ ਕਿਹਾ ਕਿ ਇਹ ਲੋਕਤੰਤਰ 'ਤੇ ਸਿੱਧਾ ਹਮਲਾ ਹੈ।
ਰਾਏਬਰੇਲੀ ਦੇ ਸਰਕਲ ਅਧਿਕਾਰੀ ਅਮਿਤ ਸਿੰਘ ਨੇ ਕਿਹਾ ਹੈ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ, ਅਜੇ ਤੱਕ ਕਿਸੇ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਹੈ।

ਤਸਵੀਰ ਸਰੋਤ, ANI
ਕੀ ਹੈ ਰਾਏਬਰੇਲੀ 'ਚ ਚੋਣ ਮਾਹੌਲ?
ਰਾਹੁਲ ਗਾਂਧੀ ਰਾਏਬਰੇਲੀ ਸੀਟ ਤੋਂ ਕਾਂਗਰਸ ਦੇ ਉਮੀਦਵਾਰ ਹਨ। ਜਦਕਿ ਭਾਜਪਾ ਨੇ ਯੋਗੀ ਸਰਕਾਰ 'ਚ ਮੰਤਰੀ ਦਿਨੇਸ਼ ਪ੍ਰਤਾਪ ਸਿੰਘ ਨੂੰ ਮੈਦਾਨ 'ਚ ਉਤਾਰਿਆ ਹੈ।
ਸੋਨੀਆ ਗਾਂਧੀ ਨੇ 2019 ਵਿੱਚ ਇਹ ਸੀਟ ਜਿੱਤੀ ਸੀ। ਦਿਨੇਸ਼ ਪ੍ਰਤਾਪ ਸਿੰਘ ਉਸ ਚੋਣ ਵਿੱਚ ਉਨ੍ਹਾਂ ਤੋਂ 1,65,000 ਵੋਟਾਂ ਨਾਲ ਹਾਰ ਗਏ ਸਨ।
ਮੰਨਿਆ ਜਾ ਰਿਹਾ ਹੈ ਕਿ ਰਾਏਬਰੇਲੀ 'ਚ ਇਸ ਵਾਰ ਭਾਜਪਾ ਦੀ ਚੋਟੀ ਦੀ ਲੀਡਰਸ਼ਿਪ ਉਥੇ ਪੂਰਾ ਜ਼ੋਰ ਲਗਾ ਰਹੀ ਹੈ।
ਅਮਿਤ ਸ਼ਾਹ ਦੀ ਰੈਲੀ ਵੀ ਇਸੇ ਰਣਨੀਤੀ ਦਾ ਹਿੱਸਾ ਸੀ। ਦੂਜੇ ਪਾਸੇ ਕਿਉਂਕਿ ਰਾਹੁਲ ਗਾਂਧੀ ਇੱਥੋਂ ਚੋਣ ਲੜ ਰਹੇ ਹਨ, ਇਸ ਲਈ ਕਾਂਗਰਸ ਨੇ ਆਪਣੇ ਸੀਨੀਅਰ ਆਗੂਆਂ ਨੂੰ ਇੱਥੇ ਪ੍ਰਚਾਰ ਲਈ ਮੈਦਾਨ ਵਿੱਚ ਉਤਾਰਿਆ ਹੈ।
ਪੱਤਰਕਾਰਾਂ ਵਿਰੁੱਧ ਹਿੰਸਾ ਦੇ ਮਾਮਲੇ ਵਧ ਰਹੇ ਹਨ
ਭਾਰਤ 'ਚ ਹਾਲ ਹੀ ਦੇ ਦਿਨਾਂ 'ਚ ਪੱਤਰਕਾਰਾਂ ਨਾਲ ਹਮਲੇ ਜਾਂ ਕੁੱਟਮਾਰ ਦੀਆਂ ਕਈ ਘਟਨਾਵਾਂ ਸਾਹਮਣੇ ਆਈਆਂ ਹਨ।
ਨਿਊਯਾਰਕ ਪੁਲਿਸ ਪ੍ਰੋਜੈਕਟ ਦੇ ਅਨੁਸਾਰ, ਭਾਰਤ ਵਿੱਚ 2019 ਤੋਂ ਲੈ ਕੇ ਅਗਸਤ 2021 ਤੱਕ 228 ਪੱਤਰਕਾਰਾਂ ਨਾਲ ਹਿੰਸਾ ਹੋਈ ਸੀ।
ਕਈ ਪੱਤਰਕਾਰਾਂ ਨੂੰ ਉਨ੍ਹਾਂ ਦੇ ਰੁਟੀਨ ਕੰਮ ਦੌਰਾਨ ਕੁੱਟਿਆ ਗਿਆ। ਕਈਆਂ ਨੂੰ ਆਪਣੀਆਂ ਰਿਪੋਰਟਾਂ ਅਤੇ ਸਵਾਲਾਂ ਕਾਰਨ ਹਿੰਸਾ ਦਾ ਸਾਹਮਣਾ ਕਰਨਾ ਪਿਆ। ਕੁਝ ਪੱਤਰਕਾਰਾਂ 'ਤੇ ਮੁਕੱਦਮਾ ਚਲਾਇਆ ਗਿਆ ਅਤੇ ਕੁਝ ਨੂੰ ਜੇਲ੍ਹ ਵੀ ਭੇਜ ਦਿੱਤਾ ਗਿਆ।
ਵਰਲਡ ਪ੍ਰੈੱਸ ਫਰੀਡਮ ਇੰਡੈਕਸ ਦੀ 2024 ਦੀ ਰਿਪੋਰਟ ਦੇ ਅਨੁਸਾਰ, ਭਾਰਤ ਦੀ ਰੈਂਕਿੰਗ 180 ਦੇਸ਼ਾਂ ਵਿੱਚੋਂ 159ਵੇਂ ਨੰਬਰ 'ਤੇ ਹੈ।












