ਹੜ੍ਹਾਂ ਨਾਲ ਤਬਾਹੀ: ਪੰਜਾਬ 'ਚ ਲੋਕ ਮੁੜ ਘਰੋਂ ਬੇਘਰ, ਹਿਮਾਚਲ 'ਚ ਹੁਣ ਤੱਕ 71 ਮੌਤਾਂ, ਜਾਣੋ ਤਾਜ਼ਾ ਹਾਲਾਤ

ਪੌਂਗ ਡੈਮ

ਤਸਵੀਰ ਸਰੋਤ, Pradeep Sharma/BBC

ਤਸਵੀਰ ਕੈਪਸ਼ਨ, ਪੌਂਗ ਡੈਮ

ਪੰਜਾਬ ਵਿੱਚ ਪਾਣੀ ਤੇ ਹੜ੍ਹਾਂ ਦੇ ਹਾਲਾਤ ਅਜੇ ਵੀ ਜਿਓਂ ਦੇ ਤਿਓਂ ਬਣੇ ਹੋਏ ਹਨ। ਹੜ੍ਹ ਦੇ ਪਾਣੀ ਨੇ ਰੋਪੜ, ਹੁਸ਼ਿਆਰਪੁਰ ਅਤੇ ਗੁਰਦਾਸਪੁਰ ਦੇ ਕਈ ਪਿੰਡਾਂ ਵਿੱਚ ਤਬਾਹੀ ਮਚਾਈ ਹੋਈ ਹੈ।

ਐਨਡੀਆਰਐਫ ਦੀਆਂ ਟੀਮਾਂ ਵੱਖ-ਵੱਖ ਪਿੰਡਾਂ ਅਤੇ ਇਲਾਕਿਆਂ ਵਿੱਚ ਫਸੇ ਲੋਕਾਂ ਨੂੰ ਕੱਢ ਰਹੀਆਂ ਹਨ ਅਤੇ ਜ਼ਰੂਰਤਮੰਦਾਂ ਦੀ ਮਦਦ ਕੀਤੀ ਜਾ ਰਹੀ ਹੈ।

ਪ੍ਰਸ਼ਾਸਨ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਨਿਚਲੇ ਇਲਾਕਿਆਂ ਤੋਂ ਨਿਕਲ ਕੇ ਉੱਚੀਆਂ ਅਤੇ ਸੁਰੱਖਿਅਤ ਥਾਵਾਂ 'ਤੇ ਚਲੇ ਜਾਣ ਅਤੇ ਨਾਲ ਹੀ ਲੋਕਾਂ ਦੀ ਸਹੂਲਤ ਲਈ ਕਈ ਥਾਵਾਂ 'ਤੇ ਸਕੂਲ ਆਦਿ ਵਿੱਚ ਰਾਹਤ ਕੈਂਪ ਵੀ ਬਣਾਏ ਗਏ ਹਨ।

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ 'ਹਾਲਤ ਕਾਬੂ 'ਚ ਹਨ'।

ਦੂਜੇ ਪਾਸੇ, ਭਾਰੀ ਮੀਂਹ ਕਾਰਨ ਮਚੀ ਤਬਾਹੀ ਨਾਲ ਹਿਮਾਚਲ ਪ੍ਰਦੇਸ਼ ਵਿੱਚ ਮੌਤ ਦਾ ਅੰਕੜਾ 71 ਤੱਕ ਪਹੁੰਚ ਗਿਆ ਹੈ। ਜਦਕਿ 13 ਲੋਕਾਂ ਲਾਪਤਾ ਦੱਸੇ ਜਾ ਰਹੇ ਹਨ।

ਸੂਬੇ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਕਿਹਾ ਹੈ ਕਿ ਬੁਨਿਆਦੀ ਢਾਂਚੇ ਨੂੰ ਮੁੜ ਖੜ੍ਹਾ ਕਰਨਾ 'ਪਹਾੜ ਵਰਗੀ ਵੱਡੀ ਚੁਣੌਤੀ' ਹੋਵੇਗਾ।

ਹੜ੍ਹ

ਤਸਵੀਰ ਸਰੋਤ, Getty Images

ਭਾਖੜਾ ਖਤਰੇ ਦੇ ਨਿਸ਼ਾਨ ਤੋਂ ਬਸ 4 ਫੁੱਟ ਹੇਠਾਂ

ਬੀਬੀਸੀ ਸਹਿਯੋਗੀ ਬਿਮਲ ਸੈਣੀ ਮੁਤਾਬਕ, ਲੰਘੇ ਦਿਨੀਂ ਭਾਖੜਾ ਬੰਨ੍ਹ ਦੇ ਫਲੱਡ ਗੇਟਾਂ ਨੂੰ 4 ਫੁੱਟ ਤੋਂ ਵਧਾ ਕੇ 8 ਫੁੱਟ ਤੱਕ ਕਰ ਦਿੱਤਾ ਗਿਆ ਹੈ ਅਤੇ ਬੀਬੀਐਮਬੀ ਪ੍ਰਸ਼ਾਸਨ ਨੇ ਆਉਂਦੇ 5 ਦਿਨਾਂ ਤੱਕ ਗੇਟਾਂ ਨੂੰ ਇਸੇ ਤਰ੍ਹਾਂ ਖੋਲ੍ਹ ਕੇ ਰੱਖਣ ਦੀ ਗੱਲ ਕਹੀ ਹੈ।

ਵੀਰਵਾਰ ਨੂੰ ਭਾਖੜਾ ਬੰਨ੍ਹ 'ਚ ਪਾਣੀ ਦਾ ਪੱਧਰ 1676.45 ਫੁੱਟ 'ਤੇ ਪਹੁੰਚ ਗਿਆ ਹੈ ਅਤੇ ਪਾਣੀ ਦੀ ਆਮਦ 54887 ਕਿਊਸੇਕ ਦਰਜ ਕੀਤੀ ਗਈ ਹੈ।

ਹਾਲਾਂਕਿ ਭਾਖੜਾ ਡੈਮ ਦਾ ਪਾਣੀ ਅਜੇ ਵੀ ਖ਼ਤਰੇ ਦੇ ਨਿਸ਼ਾਨ (1680) ਤੋਂ 4 ਫੁੱਟ ਹੇਠਾਂ ਹੈ।

ਪ੍ਰਸ਼ਾਸਨ ਵੱਲੋਂ, ਸਤਲੁਜ ਦਰਿਆ ਵਿੱਚ ਪਾਣੀ ਵਧ ਜਾਣ ਕਾਰਨ ਇਲਾਕੇ ਵਿੱਚ 17 ਅਤੇ 18 ਅਗਸਤ ਨੂੰ ਸਕੂਲ ਬੰਦ ਰੱਖਣ ਦਾ ਫੈਸਲਾ ਕੀਤਾ ਗਿਆ ਹੈ।

ਭਗਵੰਤ ਮਾਨ ਨੇ ਕੀ ਕਿਹਾ

ਹੜ੍ਹ

ਤਸਵੀਰ ਸਰੋਤ, Bimal Saini/BBC

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਉਹ ਸੂਬੇ ਵਿੱਚ ਹੜ੍ਹਾਂ ਦੇ ਹਾਲਾਤ ਉੱਤੇ ਸਖ਼ਤ ਨਜ਼ਰ ਰੱਖ ਰਹੇ ਹਨ ਅਤੇ ਪ੍ਰਭਾਵਿਤ ਲੋਕਾਂ ਨੂੰ ਰਾਹਤ ਅਤੇ ਮੁਆਵਜ਼ਾ ਦੇਣ ਲਈ ਕੋਈ ਕਸਰ ਬਾਕੀ ਨਹੀਂ ਛੱਡਣਗੇ।

ਮੁੱਖ ਮੰਤਰੀ ਨੇ ਟਵੀਟ ਵਿੱਚ ਲਿਖਿਆ, ‘‘ਪੰਜਾਬ ਵਿੱਚ ਹੜ੍ਹਾਂ ਦੇ ਹਾਲਾਤ ਪੂਰੀ ਤਰ੍ਹਾਂ ਕੰਟਰੋਲ ਵਿੱਚ ਹਨ, ਮੈਂ ਅਤੇ ਮੇਰੇ ਅਧਿਕਾਰੀ ਹਰ ਸਮੇਂ ਹਿਮਾਚਲ ਅਤੇ ਬੀਬੀਐੱਮਬੀ ਦੇ ਸੰਪਰਕ ਵਿੱਚ ਹਨ।''

''ਪੌਂਗ ਡੈਮ ਅਤੇ ਰਣਜੀਤ ਸਾਗਰ ਡੈਮ ਪੂਰੀ ਤਰ੍ਹਾਂ ਕੰਟਰੋਲ ਵਿੱਚ ਹਨ, ਲੋਕਾਂ ਦੀ ਜਾਨ ਮਾਲ ਦੀ ਰਾਖੀ ਕਰਨਾ ਸਾਡੀ ਡਿਊਟੀ ਹੈ। ਇਹ ਕੁਦਰਤੀ ਆਫਤ ਹੈ, ਆਓ ਇਸ ਸਾਰੇ ਮਿਲਕੇ ਸਾਹਮਣਾ ਕਰੀਏ। ਲੋਕਾਂ ਦੀ ਸਰਕਾਰ ਲੋਕਾਂ ਦੇ ਨਾਲ’’।

ਇਸ ਤੋਂ ਪਹਿਲਾਂ ਮੁੱਖ ਮਤੰਰੀ ਨੇ ਡੇਰਾ ਬਸੀ ਦੇ ਵਫ਼ਦ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਮੁੱਖ ਮੰਤਰੀ ਰਾਹਤ ਕੋਸ਼ ਵਿੱਚੋਂ 2 ਕਰੋੜ ਦੀ ਰਕਮ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕੀਤਾ।

ਪੰਜਾਬ ਵਿੱਚ ਹੜ੍ਹ ਦੇ ਹਾਲਾਤ

ਤਸਵੀਰ ਸਰੋਤ, Pardeep Pandit/BBC

ਪੰਜਾਬ ਤੇ ਹਿਮਾਚਲ 'ਚ ਮੁੜ ਆਫ਼ਤ

ਪੰਜਾਬ ਵਿੱਚ ਇੱਕ ਵਾਰ ਮੁੜ ਹੜ੍ਹਾਂ ਵਾਲੇ ਹਾਲਾਤ ਬਣੇ ਹੋਏ ਹਨ ਅਤੇ ਕਈ ਪਿੰਡ ਪਾਣੀ ਵਿੱਚ ਡੁੱਬੇ ਹੋਏ ਹਨ।

ਲੰਘੇ ਦਿਨੀਂ ਨੰਗਲ ਦੇ ਇੱਕ ਪਿੰਡ ਵਿੱਚ ਪਾਣੀ ਆਉਣ ਕਾਰਨ ਕੁਝ ਲੋਕ ਆਪਣੇ ਘਰਾਂ ਵਿੱਚ ਫਸ ਗਏ ਹਨ ਅਤੇ ਰਾਹਤ ਟੀਮਾਂ ਉਨ੍ਹਾਂ ਨੂੰ ਸੁਰੱਖਿਅਤ ਬਾਹਰ ਕੱਢਣ ਲਈ ਜੁਟੀਆਂ ਹੋਈਆਂ ਹਨ।

ਇਨ੍ਹੀਂ ਦਿਨੀਂ ਹਿਮਾਚਲ ਪ੍ਰਦੇਸ਼ 'ਚ ਪੈ ਰਹੇ ਭਾਰੀ ਮੀਂਹ ਕਾਰਨ ਪਹਾੜੀ ਇਲਾਕਿਆਂ ਵਿੱਚ ਬਹੁਤ ਤਬਾਹੀ ਮਚੀ ਹੈ ਅਤੇ ਪਿਛਲੇ ਕੁਝ ਦਿਨਾਂ ਵਿੱਚ ਹੀ ਜ਼ਮੀਨ ਖਿਸਕਣ, ਘਰਾਂ ਦੇ ਬਰਬਾਦ ਹੋਣ ਵਰਗੀਆਂ ਕਈ ਘਟਨਾਵਾਂ ਸਾਹਮਣੇ ਆਈਆਂ ਹਨ।

ਪੰਜਾਬ ਵਿੱਚ ਹੜ੍ਹ

ਤਸਵੀਰ ਸਰੋਤ, bimal Saini /BBC

ਪਰ ਮੀਂਹ ਤੇ ਪਾਣੀ ਦੀ ਇਹ ਮਾਰ ਸਿਰਫ਼ ਪਹਾੜਾਂ ਤੱਕ ਹੀ ਸੀਮਿਤ ਨਹੀਂ ਹੈ, ਹੇਠਲੇ ਇਲਾਕਿਆਂ ਵਿੱਚ ਵੀ ਇਸ ਦਾ ਬਹੁਤ ਪ੍ਰਭਾਵ ਪੈ ਰਿਹਾ ਹੈ।

ਦਰਅਸਲ, ਹਿਮਾਚਲ ਪ੍ਰਦੇਸ਼ ਵਿੱਚ ਪੈ ਰਹੇ ਮੀਂਹ ਕਾਰਨ ਭਾਖੜਾ ਡੈਮ ਅਤੇ ਪੌਂਗ ਡੈਂਮ ਵਿੱਚ ਪਾਣੀ ਦਾ ਪੱਧਰ ਲਗਾਤਾਰ ਵਧ ਰਿਹਾ ਹੈ।

ਇਸੇ ਕਰਕੇ ਭਾਖੜਾ ਡੈਮ ਤੋਂ ਛੱਡੇ ਜਾ ਰਹੇ ਪਾਣੀ ਕਾਰਨ ਸਤਲੁਜ ਅਤੇ ਬਿਆਸ ਦਰਿਆਵਾਂ ਕੰਢੇ ਵਸੇ ਪਿੰਡਾਂ ਲਈ ਇਹ ਪਾਣੀ ਆਫ਼ਤ ਬਣ ਕੇ ਆਇਆ ਹੈ।

ਪੰਜਾਬ 'ਚ ਹੜ੍ਹ

ਤਸਵੀਰ ਸਰੋਤ, Gurminder Grewal/BBC

ਕਿਹੜੇ-ਕਿਹੜੇ ਇਲਾਕੇ ਪ੍ਰਭਾਵਿਤ

ਹੜ੍ਹ ਦੇ ਪਾਣੀ ਨੇ ਰੋਪੜ, ਹੁਸ਼ਿਆਰਪੁਰ ਅਤੇ ਗੁਰਦਾਸਪੁਰ ਦੇ ਪਿੰਡਾਂ ਵਿੱਚ ਮਾਰ ਕੀਤੀ ਹੈ।

ਬੀਬੀਸੀ ਸਹਿਯੋਗੀ ਗੁਰਪ੍ਰੀਤ ਚਾਵਲਾ ਦੀ ਰਿਪੋਰਟ ਮੁਤਾਬਕ, ਬੀਤੇ ਦਿਨੀਂ ਪੌਂਗ ਡੈਮ ’ਚ 1.40 ਲੱਖ ਕਿਊਸਿਕ ਪਾਣੀ ਛੱਡਣ ਤੋਂ ਬਾਅਦ ਬਿਆਸ ਦਰਿਆ ਵਿੱਚ ਪਾਣੀ ਦਾ ਪੱਧਰ ਵਧ ਗਿਆ।

ਇਸ ਕਾਰਨ ਜ਼ਿਲ੍ਹਾ ਗੁਰਦਾਸਪੁਰ ਦੇ ਇਲਾਕਿਆਂ ਵਿੱਚ ਬਿਆਸ ਦਰਿਆ ਦੇ ਧੁੱਸੀ ਬੰਨ੍ਹ ਵਿੱਚ ਪਾੜ ਪੈ ਗਿਆ ਹੈ ਅਤੇ ਜਗਤਪੁਰਾ ਟਾਂਡਾ, ਭੈਣੀ ਪਸਵਾਲ ਦੇ ਉੱਪਰ ਦੇ ਇਲਾਕਿਆਂ ਵਿੱਚ ਕਈ ਪਿੰਡ ਪਾਣੀਆਂ ਦੀ ਮਾਰ ਹੇਠ ਆ ਗਏ ਹਨ।

ਇਸ ਦੇ ਕਾਰਨ ਪ੍ਰਸ਼ਾਸਨ ਨੇ ਲੋਕਾਂ ਨੂੰ ਹਦਾਇਤਾਂ ਦਿੱਤੀਆਂ ਹਨ ਕਿ ਉਹ ਨੀਵੇਂ ਇਲਾਕਿਆਂ ਨੂੰ ਛੱਡ ਕੇ ਸੁਰੱਖਿਅਤ ਉੱਚੀਆਂ ਥਾਵਾਂ 'ਤੇ ਚਲੇ ਜਾਣ।

ਪੰਜਾਬ 'ਚ ਹੜ੍ਹ

ਤਸਵੀਰ ਸਰੋਤ, Bimal Saini/BBC

ਬੀਬੀਸੀ ਸਹਿਯੋਗੀ ਗੁਰਮਿੰਦਰ ਸਿੰਘ ਗਰੇਵਾਲ ਦੀ ਰਿਪੋਰਟ ਮੁਤਾਬਕ, ਰੋਪੜ ਜ਼ਿਲ੍ਹੇ ਦੇ ਕੁਝ ਇਲਾਕਿਆਂ ਵਿੱਚ ਵੀ ਪਾਣੀ ਦਾ ਪੱਧਰ ਵਧ ਰਿਹਾ ਹੈ।

ਇਸ ਦੇ ਕਾਰਨ ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਬਲਾਕ ਸ੍ਰੀ ਅਨੰਦਪੁਰ ਸਾਹਿਬ ਦੇ ਸੰਭਾਵੀ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਰਹਿ ਰਹੇ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਪ੍ਰਸਾਸ਼ਨ ਨੂੰ ਸਹਿਯੋਗ ਦੇਣ ਅਤੇ ਸੁਰੱਖਿਅਤ ਥਾਵਾਂ 'ਤੇ ਬਣਾਏ ਗਏ ਰਿਲੀਫ ਕੈਂਪ ਵਿੱਚ ਚਲੇ ਜਾਣ।

ਉੱਧਰ ਰੋਪੜ ਦੇ ਹੀ ਪਿੰਡ ਹਰਸਾ ਬੇਲਾ ਵਿੱਚ ਆਏ ਪਾਣੀ ਕਾਰਨ ਲੋਕ ਆਪਣੇ ਘਰਾਂ ਦੀਆਂ ਛੱਤਾਂ 'ਤੇ ਰਹਿਣ ਨੂੰ ਮਜ਼ਬੂਰ ਹਨ।

ਪੰਜਾਬ 'ਚ ਹੜ੍ਹ

ਤਸਵੀਰ ਸਰੋਤ, Gurminder Grewal/BBC

ਲਾਈਨ

ਪ੍ਰਸ਼ਾਸਨ ਕੀ ਕਹਿ ਰਿਹਾ ਹੈ

ਪੰਜਾਬ 'ਚ ਹੜ੍ਹ

ਤਸਵੀਰ ਸਰੋਤ, Gurminder Grewal/BBC

ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਡਾਕਟਰ ਹਿਮਾਂਸ਼ੂ ਅਗਰਵਾਲ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਗਤਪੁਰਾ ਟਾਂਡਾ, ਭੈਣੀ ਪਸਵਾਲ ਦੇ ਉੱਪਰ ਦੇ ਇਲਾਕਿਆਂ ਵਿੱਚ ਬਿਆਸ ਦਰਿਆ ਦੇ ਧੁੱਸੀ ਬੰਨ ਵਿੱਚ ਪਾੜ ਪੈਣ ਕਾਰਨ ਪਿੰਡ ਚੀਚੀਆਂ ਚੋਰੀਆਂ, ਪੱਖੋਵਾਲ, ਦਾਊਵਾਲ, ਖੈਹਿਰਾ, ਦਲੇਰਪੁਰ, ਪਦਾਨਾ, ਛੀਨਾ ਬੇਟ, ਨਡਾਲਾ, ਜਗਤਪੁਰ ਕਲਾਂ, ਕੋਹਲੀਆਂ ਤੇ ਖਰੀਆਨ ਪਿੰਡ ਹੜ੍ਹ ਦੀ ਮਾਰ ਹੇਠ ਆਏ ਹਨ।

ਉਨ੍ਹਾਂ ਦੱਸਿਆ ਕਿ ਪਾਣੀ ਕਾਰਨ ਬਣੇ ਐਮਰਜੈਂਸੀ ਹਲਾਤਾਂ ਨਾਲ ਨਜਿੱਠਣ ਲਈ ਜ਼ਿਲ੍ਹਾ ਪ੍ਰਸ਼ਾਸਨ ਦੀ ਟੀਮ ਪੂਰੀ ਤਰਾਂ ਤਿਆਰ ਹੈ।

ਉਨ੍ਹਾਂ ਦੱਸਿਆ ਕਿ ਪੌਂਗ ਡੈਮ ਤੋਂ ਪਾਣੀ ਛੱਡਣ ਦੀ ਮਿਕਦਾਰ ਘਟਾਈ ਗਈ ਹੈ ਜਿਸ ਨਾਲ ਦਰਿਆ ਬਿਆਸ ਵਿੱਚ ਪਾਣੀ ਦਾ ਪੱਧਰ ਘੱਟ ਜਾਵੇਗਾ।

ਉਨ੍ਹਾਂ ਦੱਸਿਆ ਕਿ ਪੁਰਾਣਾ ਸ਼ਾਲਾ ਦੇ ਸਕੂਲ ਵਿੱਚ ਰਾਹਤ ਕੈਂਪ ਸਥਾਪਤ ਕਰ ਦਿੱਤਾ ਗਿਆ ਹੈ ਅਤੇ ਮੈਡੀਕਲ, ਵੈਟਨਰੀ ਵਿਭਾਗਾਂ ਸਮੇਤ ਸਾਰੀਆਂ ਟੀਮਾਂ ਬਿਲਕੁਲ ਤਿਆਰ ਹਨ ਅਤੇ ਬਚਾਅ ਕਾਰਜਾਂ ਵਿੱਚ ਲੱਗੀਆਂ ਹੋਈਆਂ ਹਨ।

ਪੰਜਾਬ 'ਚ ਹੜ੍ਹ

ਤਸਵੀਰ ਸਰੋਤ, Gurminder Grewal/BBC

ਇਸੇ ਦੌਰਾਨ ਬੀਤੀ ਰਾਤ ਐੱਨਡੀਆਰਐੱਫ ਦੀਆਂ ਟੀਮਾਂ ਵੀ ਪਹੁੰਚ ਚੁੱਕੀਆਂ ਹਨ ਅਤੇ ਇਲਾਕੇ ਵਿੱਚ ਬੁੱਧਵਾਰ ਸਵੇਰ ਤੋਂ ਹੀ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਗਏ ਹਨ।

ਇਸ ਤੋਂ ਇਲਾਵਾ ਭਾਰਤੀ ਫੌਜ ਅਤੇ ਬੀਐੱਸਐੱਫ ਦੀਆਂ ਟੀਮਾਂ ਵੀ ਬਚਾਅ ਕਾਰਜਾਂ ਵਿੱਚ ਲੱਗੀਆਂ ਹੋਈਆਂ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਬਚਾਅ ਕਾਰਜਾਂ ਵਿੱਚ ਲੱਗੀਆਂ ਟੀਮਾਂ ਦਾ ਸਹਿਯੋਗ ਕਰਨ।

ਇਸ ਦੇ ਨਾਲ ਹੀ, ਗੁਰਦਾਸਪੁਰ-ਮੁਕੇਰੀਆਂ ਰੋਡ ਉੱਪਰ ਵੀ ਪਾਣੀ ਆਉਣ ਕਾਰਨ ਅਹਿਤਿਆਤ ਵਜੋਂ ਮੁਕੇਰੀਆਂ ਪੁੱਲ ਨੂੰ ਬੰਦ ਕਰਕੇ ਗੁਰਦਾਸਪੁਰ-ਮੁਕੇਰੀਆਂ ਟਰੈਫਿਕ ਨੂੰ ਦੀਨਾਨਗਰ ਹਾਈਵੇ ਵੱਲ ਦੀ ਡਾਈਵਰਟ ਕਰ ਦਿੱਤਾ ਹੈ।

ਪ੍ਰਸ਼ਾਸਨ ਵੱਲੋਂ ਕਿਹਾ ਗਿਆ ਹੈ ਕਿ ਜ਼ਰੂਰਤਮੰਦ ਲੋਕ ਹੈਲਪ ਲਾਈਨ ਨੰਬਰ 1800-180-1852 ਜਾਂ 112 ਨੰਬਰ ’ਤੇ ਕਾਲ ਕਰ ਸਕਦੇ ਹਨ।

ਪੰਜਾਬ 'ਚ ਹੜ੍ਹ

ਤਸਵੀਰ ਸਰੋਤ, Bimal Saini/BBC

ਇਸ ਦੌਰਾਨ ਕੈਬਨਿਟ ਮੰਤਰੀ ਹਰਜੋਤ ਬੈਂਸ, ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਡਾਕਟਰ ਪ੍ਰੀਤੀ ਯਾਦਵ ਸ੍ਰੀ ਅਨੰਦਪੁਰ ਸਾਹਿਬ/ਨੰਗਲ ਦੇ ਭਾਵਿਤ ਪਿੰਡਾਂ ਦਾ ਦੌਰਾ ਕਰਕੇ ਰਾਹਤ ਤੇ ਬਚਾਅ ਕਾਰਜਾਂ ਦੀ ਨਿਗਰਾਨੀ ਕਰ ਰਹੇ ਹਨ।

ਐਂਨਡੀਆਰਐਫ ਦੀਆਂ ਟੀਮਾਂ ਮੌਕੇ 'ਤੇ ਮੌਜੂਦ ਹਨ ਅਤੇ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਜਾ ਰਿਹਾ ਹੈ।

ਛੱਤਾਂ ਉੱਤੇ ਚੜ੍ਹਨ ਨੂੰ ਮਜਬੂਰ ਲੋਕ

ਪੰਜਾਬ 'ਚ ਹੜ੍ਹ

ਤਸਵੀਰ ਸਰੋਤ, Bimal Saini/BBC

ਇਨ੍ਹਾਂ ਇਲਾਕਿਆਂ ਦੇ ਲੋਕ ਘਰਾਂ ਦੀਆਂ ਛੱਤਾਂ ਉੱਤੇ ਚੜ੍ਹਨ ਨੂੰ ਮਜਬੂਰ ਹੋ ਗਏ ਹਨ। ਫ਼ਿਕਰਮੰਦ ਪਿੰਡ ਵਾਸੀ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਤੋਂ ਲੰਘ ਰਹੇ ਹਨ।

ਪਿੰਡ ਵਾਸੀਆਂ ਮੁਤਾਬਕ ਬਿਨਾਂ ਜਾਣਕਾਰੀ ਦਿੱਤਿਆਂ ਪਾਣੀ ਛੱਡਿਆ ਜਾ ਰਿਹਾ ਹੈ। ਪਿੰਡਾਂ ਦੇ ਲੋਕ ਮਜਬੂਰਨ ਆਪਣੇ ਘਰਾਂ ਨੂੰ ਛੱਡ ਕੇ ਸੁਰੱਖਿਅਤ ਥਾਂਵਾਂ ਉੱਤੇ ਜਾ ਰਹੇ ਹਨ।

ਪਿੰਡ ਬਸੀ ਦੇ ਖੁਸ਼ਹਾਲ ਸਿੰਘ ਦਾ ਕਹਿਣਾ ਹੈ ਕਿ ਭਾਖੜਾ ਵਾਲਿਆਂ ਨੇ ਕੋਈ ਜਾਣਕਾਰੀ ਨਹੀਂ ਦਿੱਤੀ ਸੀ।

ਡੈਮਾਂ ਦਾ ਕੀ ਹਾਲ

ਪੰਜਾਬ 'ਚ ਹੜ੍ਹ

ਤਸਵੀਰ ਸਰੋਤ, Biaml Saini/BBC

ਮੰਗਲਵਾਰ ਨੂੰ ਭਾਖੜਾ ਡੈਮ ਦੇ ਪਾਣੀ ਦਾ ਪੱਧਰ ਕਰੀਬ 1678 ਫੁੱਟ ਤੱਕ ਪਹੁੰਚ ਗਿਆ ਸੀ, ਜੋ ਕਿ ਖ਼ਤਰੇ ਦੇ ਨਿਸ਼ਾਨ ਤੋਂ ਮਹਿਜ਼ 2 ਫੁੱਟ ਘੱਟ ਹੈ।

ਭਾਖੜਾ ਡੈਮ ਵਿੱਚ ਪਾਣੀ ਦੀ ਆਮਦ 1,24,005 ਕਿਊਸਿਕ ਰਿਕਾਰਡ ਕੀਤੀ ਗਈ, ਜਦਕਿ ਭਾਖੜਾ ਡੈਮ ਤੋਂ ਟਰਬਾਈਨ ਰਾਹੀਂ 55,167 ਕਿਊਸਿਕ ਪਾਣੀ ਛੱਡਿਆ ਗਿਆ ਅਤੇ ਭਾਖੜਾ ਡੈਮ ਦੇ ਫਲੱਡ ਗੇਟ ਰਾਹੀਂ 14,729 ਕਿਊਸਿਕ ਪਾਣੀ ਛੱਡਿਆ ਗਿਆ।

ਨੰਗਲ ਡੈਮ ਤੋਂ ਨੰਗਲ ਹਾਈਡਲ ਨਹਿਰ ਵਿੱਚ 12,350 ਕਿਊਸਿਕ, ਆਨੰਦਪੁਰ ਸਾਹਿਬ ਹਾਈਡਲ ਨਹਿਰ ਵਿੱਚ 10,150 ਕਿਊਸਿਕ, ਸਤਲੁਜ ਦਰਿਆ ਵਿੱਚ 45,500 ਕਿਊਸਿਕ, ਭਾਖੜਾ ਡੈਮ ਤੋਂ 63,000 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ ।

ਬੀਬੀਸੀ ਸਹਿਯੋਗੀ ਬਿਮਲ ਸੈਣੀ ਦੀ ਰਿਪੋਰਟ ਮੁਤਾਬਕ, ਚੀਫ਼ ਇੰਜੀਨੀਅਰ ਬੀਬੀਐਮਬੀ ਨੰਗਲ ਸੀਪੀ ਸਿੰਘ ਦੱਸਿਆ ਕਿ ਡੈਮ ਵਿੱਚ ਇਨਫਲੋ ਘਟ ਗਿਆ ਹੈ ਅਤੇ ਜਿਸ ਤਰੀਕੇ ਨਾਲ ਝੀਲ ਵਿੱਚ ਪਾਣੀ ਦੀ ਆਮਦ ਹੋ ਰਹੀ ਸੀ, ਪਾਣੀ ਨੂੰ ਕੰਟਰੋਲ ਕਰਨ ਲਈ ਬੀਬੀਐਮਬੀ ਨੇ ਅਹਿਮ ਭੂਮਿਕਾ ਅਦਾ ਕੀਤੀ ਹੈ।

ਉਨ੍ਹਾਂ ਕਿਹਾ ਕਿ ਭਾਖੜ੍ਹਾ ਡੈਮ ਦੇ ਮੁਕਾਬਲੇ ਪੋਂਗ ਡੈਮ ਦੇ ਵਿੱਚ ਪਾਣੀ ਦੀ ਆਮਦ ਜ਼ਿਆਦਾ ਹੈ।

ਲਾਈਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)