ਜ਼ੋਹਰਾਨ ਮਮਦਾਨੀ ਨੇ ਉਮਰ ਖ਼ਾਲਿਦ ਲਈ ਲਿਖਿਆ ਨੋਟ, ਅਮਰੀਕੀ ਸੰਸਦ ਮੈਂਬਰਾਂ ਨੇ ਵੀ ਕੀਤੀ ਇਹ ਅਪੀਲ

ਤਸਵੀਰ ਸਰੋਤ, Getty Images
ਨਿਊਯਾਰਕ ਸਿਟੀ ਦੇ ਮੇਅਰ ਜ਼ੋਹਰਾਨ ਮਮਦਾਨੀ ਨੇ ਗ਼ੈਰ-ਕਾਨੂੰਨੀ ਗਤੀਵਿਧੀਆਂ ਰੋਕੂ ਕਾਨੂੰਨ ਭਾਵ ਯੂਏਪੀਏ ਦੀਆਂ ਧਾਰਾਵਾਂ ਤਹਿਤ 2020 ਤੋਂ ਜੇਲ੍ਹ ਵਿੱਚ ਬੰਦ ਵਿਦਿਆਰਥੀ ਆਗੂ ਉਮਰ ਖ਼ਾਲਿਦ ਨਾਲ ਇਕਜੁੱਟਤਾ ਦਾ ਪ੍ਰਗਟਾਵਾ ਕੀਤਾ ਹੈ।
ਮਮਦਾਨੀ ਨੇ ਉਮਰ ਖ਼ਾਲਿਦ ਨੂੰ ਆਪਣੇ ਹੱਥ ਨਾਲ ਲਿਖਿਆ ਇੱਕ ਨੋਟ ਭੇਜਿਆ ਹੈ। ਇਸ ਵਿੱਚ ਉਨ੍ਹਾਂ ਨੇ ਲਿਖਿਆ ਹੈ, "ਅਸੀਂ ਸਭ ਤੁਹਾਡੇ ਨਾਲ ਹਾਂ।"
ਮਮਦਾਨੀ ਦੇ ਨਿਊਯਾਰਕ ਸਿਟੀ ਦੇ ਮੇਅਰ ਵਜੋਂ ਸਹੁੰ ਚੁੱਕਣ ਤੋਂ ਬਾਅਦ ਵੀਰਵਾਰ ਨੂੰ ਉਮਰ ਖ਼ਾਲਿਦ ਦੀ ਪਾਰਟਨਰ ਬਨਜੋਤਸਨਾ ਲਾਹਿੜੀ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਇਸ ਨੋਟ ਸਾਂਝਾ ਕੀਤਾ ਹੈ।
ਦਿੱਲੀ ਦੰਗਿਆਂ ਨਾਲ ਜੁੜੇ ਇੱਕ ਮਾਮਲੇ ਵਿੱਚ ਜੇਲ੍ਹ ਵਿੱਚ ਬੰਦ ਉਮਰ ਖ਼ਾਲਿਦ ਨੂੰ ਪਿਛਲੇ ਸਾਲ ਸਤੰਬਰ ਵਿੱਚ ਦਿੱਲੀ ਹਾਈ ਕੋਰਟ ਨੇ ਜ਼ਮਾਨਤ ਦੇਣ ਤੋਂ ਮਨ੍ਹਾਂ ਕਰ ਦਿੱਤਾ ਸੀ।
ਹਾਲਾਂਕਿ ਦਸੰਬਰ ਵਿੱਚ ਉਨ੍ਹਾਂ ਨੂੰ ਆਪਣੀ ਭੈਣ ਦੇ ਵਿਆਹ ਵਿੱਚ ਸ਼ਾਮਲ ਹੋਣ ਲਈ ਇਜਾਜ਼ਤ ਮਿਲੀ ਸੀ।
ਜ਼ੋਹਰਾਨ ਮਮਦਾਨੀ ਨੇ ਪੱਤਰ ਵਿੱਚ ਕੀ ਲਿਖਿਆ

ਤਸਵੀਰ ਸਰੋਤ, Getty Images
ਉਮਰ ਖ਼ਾਲਿਦ ਦੀ ਪਾਰਟਨਰ ਬਨਜੋਤਸਨਾ ਲਾਹਿੜੀ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' (ਟਵਿੱਟਰ) 'ਤੇ ਮਮਦਾਨੀ ਦਾ ਲਿਖਿਆ ਨੋਟ ਸਾਂਝਾ ਕੀਤਾ ਹੈ।
ਮਮਦਾਨੀ ਦੇ ਇਸ ਨੋਟ ਵਿੱਚ ਲਿਖਿਆ ਹੈ, "ਪਿਆਰੇ ਉਮਰ, ਮੈਂ ਅਕਸਰ ਕੁੜੱਤਣ ਬਾਰੇ ਕਹੀਆਂ ਤੁਹਾਡੀਆਂ ਗੱਲਾਂ ਅਤੇ ਇਸ ਗੱਲ ਦੀ ਮਹੱਤਤਾ ਬਾਰੇ ਸੋਚਦਾ ਹਾਂ ਕਿ ਉਸ ਨੂੰ ਆਪਣੇ ਅੰਦਰ ਹਾਵੀ ਨਾ ਹੋਣ ਦਿੱਤਾ ਜਾਵੇ। ਤੁਹਾਡੇ ਮਾਤਾ-ਪਿਤਾ ਨੂੰ ਮਿਲ ਕੇ ਮੈਨੂੰ ਖੁਸ਼ੀ ਹੋਈ। ਅਸੀਂ ਸਭ ਤੁਹਾਡੇ ਨਾਲ ਹਾਂ।"
ਬਨਜੋਤਸਨਾ ਲਾਹਿੜੀ ਨੇ 'ਹਿੰਦੁਸਤਾਨ ਟਾਈਮਜ਼' ਨਾਲ ਗੱਲ ਕਰਦਿਆਂ ਕਿਹਾ ਕਿ ਇਸ ਹੱਥ ਲਿਖਤ ਨੋਟ ਨੇ 11,700 ਕਿਲੋਮੀਟਰ ਦੀ ਦੂਰੀ ਦੇ ਬਾਵਜੂਦ ਜੇਲ੍ਹ ਵਿੱਚ ਬੰਦ ਉਮਰ ਖ਼ਾਲਿਦ ਅਤੇ ਨਿਊਯਾਰਕ ਸਿਟੀ ਦੇ ਭਾਰਤੀ ਮੂਲ ਦੇ ਮੇਅਰ ਜ਼ੋਹਰਾਨ ਮਮਦਾਨੀ ਵਿਚਕਾਰ ਇੱਕ ਭਾਵਨਾਤਮਕ ਰਿਸ਼ਤਾ ਜੋੜ ਦਿੱਤਾ ਹੈ।
ਉਨ੍ਹਾਂ ਨੇ ਕਿਹਾ, "ਉਮਰ ਦੇ ਮਾਤਾ-ਪਿਤਾ ਅਮਰੀਕਾ ਵਿੱਚ ਮਮਦਾਨੀ ਅਤੇ ਕੁਝ ਹੋਰ ਲੋਕਾਂ ਨੂੰ ਮਿਲੇ ਸਨ। ਉਨ੍ਹਾਂ ਨਾਲ ਕਾਫ਼ੀ ਸਮਾਂ ਬਿਤਾਇਆ। ਉਸੇ ਦੌਰਾਨ ਮਮਦਾਨੀ ਨੇ ਇਹ ਨੋਟ ਲਿਖਿਆ।"
ਉਮਰ ਖ਼ਾਲਿਦ ਤਿੰਨ ਹਫ਼ਤੇ ਪਹਿਲਾਂ ਭੈਣ ਦੇ ਵਿਆਹ ਵਿੱਚ ਸ਼ਾਮਲ ਹੋਣ ਲਈ ਘਰ ਆਏ ਸਨ।
ਲਾਹਿੜੀ ਨੇ ਦੱਸਿਆ ਕਿ ਜ਼ਮਾਨਤ ਦੀਆਂ ਸ਼ਰਤਾਂ ਕਾਰਨ ਉਮਰ ਘਰ ਤੋਂ ਬਾਹਰ ਨਹੀਂ ਜਾ ਸਕੇ ਅਤੇ ਉਨ੍ਹਾਂ ਨੇ ਪੂਰਾ ਸਮਾਂ ਘਰ ਵਿੱਚ ਹੀ ਬਤੀਤ ਕੀਤਾ।
ਬਨਜੋਤਸਨਾ ਦੇ ਮੁਤਾਬਕ ਉਮਰ ਦੇ ਮਾਤਾ-ਪਿਤਾ ਪਿਛਲੇ ਸਾਲ ਦਸੰਬਰ ਵਿੱਚ ਅਮਰੀਕਾ ਗਏ ਸਨ। ਉੱਥੇ ਉਨ੍ਹਾਂ ਦੀ ਮੁਲਾਕਾਤ ਕਈ ਲੋਕਾਂ ਨਾਲ ਹੋਈ, ਜਿਨ੍ਹਾਂ ਵਿੱਚ ਮਮਦਾਨੀ ਵੀ ਸ਼ਾਮਲ ਸਨ।
ਉਨ੍ਹਾਂ ਅਨੁਸਾਰ ਸਾਹਿਬਾ ਖਾਨਮ ਅਤੇ ਸਈਅਦ ਕਾਸਿਮ ਰਸੂਲ ਇਲੀਆਸ (ਉਮਰ ਖ਼ਾਲਿਦ ਦੇ ਮਾਤਾ-ਪਿਤਾ) ਨੇ ਆਪਣੀ ਸਭ ਤੋਂ ਛੋਟੀ ਬੇਟੀ ਦੇ ਵਿਆਹ ਤੋਂ ਕੁਝ ਸਮਾਂ ਪਹਿਲਾਂ ਅਮਰੀਕਾ ਦਾ ਦੌਰਾ ਕੀਤਾ ਸੀ ਤਾਂ ਜੋ ਉਹ ਆਪਣੀ ਵੱਡੀ ਬੇਟੀ ਨੂੰ ਮਿਲ ਸਕਣ। ਉਹ ਉੱਥੇ ਰਹਿੰਦੀ ਹੈ ਅਤੇ ਵਿਆਹ ਵਿੱਚ ਸ਼ਾਮਲ ਨਹੀਂ ਹੋ ਸਕੀ ਸੀ।
ਉਮਰ ਖ਼ਾਲਿਦ ਕਿਵੇਂ ਸੁਰਖੀਆਂ ਵਿੱਚ ਆਏ?

ਤਸਵੀਰ ਸਰੋਤ, Getty Images
ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਸਾਬਕਾ ਪੀਐੱਚਡੀ ਵਿਦਿਆਰਥੀ ਉਮਰ ਖ਼ਾਲਿਦ ਨੂੰ ਸਤੰਬਰ 2020 ਵਿੱਚ ਦਿੱਲੀ ਵਿੱਚ ਹੋਏ ਦੰਗਿਆਂ ਨਾਲ ਜੁੜੀ ਇੱਕ ਕਥਿਤ ਸਾਜ਼ਿਸ਼ ਦੇ ਇਲਜ਼ਾਮ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ।
ਹਾਲਾਂਕਿ ਦਿੱਲੀ ਹਾਈ ਕੋਰਟ ਨੇ ਇੱਕ ਐੱਫਆਈਆਰ ਵਿੱਚ ਉਨ੍ਹਾਂ ਨੂੰ ਇਲਜ਼ਾਮਾਂ ਤੋਂ ਬਰੀ ਕਰ ਦਿੱਤਾ ਹੈ। ਪਰ ਯੂਏਪੀਏ ਤਹਿਤ ਦਰਜ ਇੱਕ ਹੋਰ ਮਾਮਲੇ ਵਿੱਚ ਉਹ ਅਜੇ ਵੀ ਨਿਆਂਇਕ ਹਿਰਾਸਤ ਵਿੱਚ ਹਨ।
ਪਿਛਲੇ ਪੰਜ ਸਾਲਾਂ ਵਿੱਚ ਉਨ੍ਹਾਂ ਦੀਆਂ ਜ਼ਮਾਨਤ ਅਰਜ਼ੀਆਂ ਕਈ ਵਾਰ ਰੱਦ ਕੀਤੀਆਂ ਜਾ ਚੁੱਕੀਆਂ ਹਨ। ਦਸੰਬਰ 2025 ਵਿੱਚ ਸੁਪਰੀਮ ਕੋਰਟ ਨੇ ਇਸ ਮਾਮਲੇ ਵਿੱਚ ਆਪਣਾ ਫ਼ੈਸਲਾ ਸੁਰੱਖਿਅਤ ਰੱਖ ਲਿਆ ਸੀ।
ਮਮਦਾਨੀ ਇਸ ਤੋਂ ਪਹਿਲਾਂ ਵੀ ਜਨਤਕ ਤੌਰ 'ਤੇ ਖ਼ਾਲਿਦ ਦੇ ਪੱਖ ਵਿੱਚ ਬੋਲ ਚੁੱਕੇ ਹਨ।
ਜੂਨ 2023 ਵਿੱਚ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਮਰੀਕਾ ਫੇਰੀ ਤੋਂ ਪਹਿਲਾਂ ਨਿਊਯਾਰਕ ਵਿੱਚ ਰੱਖੇ ਗਏ 'ਹਾਉਡੀ ਡੈਮੋਕ੍ਰੇਸੀ' ਪ੍ਰੋਗਰਾਮ ਵਿੱਚ ਮਮਦਾਨੀ ਨੇ ਖ਼ਾਲਿਦ ਦੀਆਂ ਜੇਲ੍ਹ ਵਿੱਚ ਲਿਖੀਆਂ ਰਚਨਾਵਾਂ ਦੇ ਅੰਸ਼ ਪੜ੍ਹੇ ਸਨ।
ਉਸ ਸਮੇਂ ਮਮਦਾਨੀ (ਉਦੋਂ ਉਹ ਨਿਊਯਾਰਕ ਸਟੇਟ ਅਸੈਂਬਲੀ ਦੇ ਮੈਂਬਰ ਸਨ) ਨੇ ਦਰਸ਼ਕਾਂ ਨੂੰ ਕਿਹਾ ਸੀ, "ਮੈਂ ਉਮਰ ਖ਼ਾਲਿਦ ਦੀ ਇੱਕ ਚਿੱਠੀ ਪੜ੍ਹਨ ਜਾ ਰਿਹਾ ਹਾਂ, ਜੋ ਦਿੱਲੀ ਦੀ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਇੱਕ ਖੋਜ-ਵਿਦਿਆਰਥੀ ਅਤੇ ਵਿਦਿਆਰਥੀ ਕਾਰਕੁੰਨ ਹਨ, ਜਿਨ੍ਹਾਂ ਨੇ ਉਨ੍ਹਾਂ ਨੇ ਹਜੂਮੀ ਕਤਲਾਂ (ਲਿੰਚਿੰਗ) ਅਤੇ ਨਫ਼ਰਤ ਦੇ ਖ਼ਿਲਾਫ਼ ਇੱਕ ਮੁਹਿੰਮ ਚਲਾਈ।"
"ਉਹ ਗ਼ੈਰ-ਕਾਨੂੰਨੀ ਗਤੀਵਿਧੀਆਂ ਰੋਕੂ ਐਕਟ ਤਹਿਤ 1,000 ਤੋਂ ਵੱਧ ਦਿਨਾਂ ਤੋਂ ਜੇਲ੍ਹ ਵਿੱਚ ਹਨ ਅਤੇ ਹੁਣ ਤੱਕ ਉਨ੍ਹਾਂ ਦਾ ਮੁਕੱਦਮਾ ਸ਼ੁਰੂ ਨਹੀਂ ਹੋਇਆ ਹੈ, ਜਦਕਿ ਉਨ੍ਹਾਂ ਦੀ ਜ਼ਮਾਨਤ ਅਰਜ਼ੀ ਵਾਰ-ਵਾਰ ਰੱਦ ਕੀਤੀ ਗਈ ਹੈ।"
ਉਮਰ ਖ਼ਾਲਿਦ ਦਾ ਨਾਮ ਪਹਿਲੀ ਵਾਰ ਜੇਐਨਯੂ ਦੇ ਵਿਦਿਆਰਥੀ ਆਗੂ ਰਹੇ ਕਨ੍ਹਈਆ ਕੁਮਾਰ ਦੇ ਨਾਲ ਫਰਵਰੀ 2016 ਵਿੱਚ ਸੁਰਖੀਆਂ ਵਿੱਚ ਆਇਆ ਸੀ।
ਉਸ ਤੋਂ ਮਗਰੋਂ ਕਈ ਮਾਮਲਿਆਂ ਵਿੱਚ ਅਤੇ ਆਪਣੇ ਕੁਝ ਬਿਆਨਾਂ ਕਾਰਨ ਖ਼ਾਲਿਦ ਲਗਾਤਾਰ ਸੁਰਖੀਆਂ ਵਿੱਚ ਰਹੇ ਹਨ।

ਉਮਰ ਖ਼ਾਲਿਦ ਵਾਰ-ਵਾਰ ਕਹਿੰਦੇ ਰਹੇ ਹਨ ਕਿ ਮੀਡੀਆ ਨੇ ਉਨ੍ਹਾਂ ਦਾ ਅਜਿਹਾ ਅਕਸ ਘੜਿਆ ਹੈ, ਜਿਸ ਕਾਰਨ ਉਹ ਕੁਝ ਲੋਕਾਂ ਦੀ ਨਫ਼ਰਤ ਦਾ ਸ਼ਿਕਾਰ ਬਣ ਰਹੇ ਹਨ।
ਜਨਵਰੀ 2020 ਵਿੱਚ ਉਮਰ ਖ਼ਾਲਿਦ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਚੁਣੌਤੀ ਦਿੱਤੀ ਸੀ ਕਿ "ਜੇ ਉਹ 'ਟੁਕੜੇ-ਟੁਕੜੇ' ਗੈਂਗ ਨੂੰ ਸਜ਼ਾ ਦਿਵਾਉਣਾ ਚਾਹੁੰਦੇ ਹਨ ਅਤੇ ਜੇ ਉਹ ਆਪਣੀ ਗੱਲ ਦੇ ਪੱਕੇ ਹਨ, ਤਾਂ 'ਟੁਕੜੇ-ਟੁਕੜੇ' ਭਾਸ਼ਣ ਲਈ ਮੇਰੇ ਖ਼ਿਲਾਫ਼ ਅਦਾਲਤ ਵਿੱਚ ਕੇਸ ਕਰਨ। ਉਸ ਤੋਂ ਬਾਅਦ ਸਾਫ਼ ਹੋ ਜਾਵੇਗਾ ਕਿ ਕਿਸ ਨੇ ਹੇਟ ਸਪੀਚ ਦਿੱਤੀ ਅਤੇ ਕੌਣ ਦੇਸ਼ ਧ੍ਰੋਹੀ ਹੈ।"
ਜੁਲਾਈ 2016 ਵਿੱਚ ਹਿਜ਼ਬੁਲ ਕਮਾਂਡਰ ਬੁਰਹਾਨ ਵਾਨੀ ਦੀ ਮੌਤ ਤੋਂ ਬਾਅਦ ਕਸ਼ਮੀਰ ਘਾਟੀ ਵਿੱਚ ਵੱਡੇ ਪੱਧਰ 'ਤੇ ਹਿੰਸਾ ਹੋਈ ਸੀ ਅਤੇ ਇਸ ਘਟਨਾ ਨੇ ਵਿਰੋਧ ਪ੍ਰਦਰਸ਼ਨਾਂ ਨੂੰ ਜਨਮ ਦਿੱਤਾ ਸੀ, ਜਿਨ੍ਹਾਂ ਵਿੱਚ ਕਈ ਲੋਕਾਂ ਦੀ ਜਾਨ ਚਲੀ ਗਈ ਸੀ।
ਬੁਰਹਾਨ ਦੀ ਅੰਤਿਮ ਯਾਤਰਾ ਵਿੱਚ ਵੀ ਭਾਰੀ ਭੀੜ ਦੇਖਣ ਨੂੰ ਮਿਲੀ ਸੀ, ਜਿਸ ਤੋਂ ਬਾਅਦ ਉਮਰ ਖ਼ਾਲਿਦ ਨੇ ਫੇਸਬੁੱਕ 'ਤੇ ਬੁਰਹਾਨ ਵਾਨੀ ਦੀ 'ਤਾਰੀਫ਼' ਵਿੱਚ ਪੋਸਟ ਲਿਖੀ ਸੀ, ਜਿਸ ਦੀ ਕਾਫ਼ੀ ਆਲੋਚਨਾ ਹੋਈ ਸੀ।
ਆਲੋਚਨਾ ਦੇ ਮੱਦੇਨਜ਼ਰ ਉਮਰ ਖ਼ਾਲਿਦ ਨੇ ਇਹ ਪੋਸਟ ਕੁਝ ਸਮੇਂ ਬਾਅਦ ਹਟਾ ਲਈ ਸੀ। ਪਰ ਉਦੋਂ ਤੱਕ ਸੋਸ਼ਲ ਮੀਡੀਆ 'ਤੇ ਉਨ੍ਹਾਂ ਦਾ ਵਿਰੋਧ ਸ਼ੁਰੂ ਹੋ ਗਿਆ ਸੀ। ਹਾਲਾਂਕਿ, ਕਈ ਲੋਕ ਉਨ੍ਹਾਂ ਦੇ ਪੱਖ ਵਿੱਚ ਵੀ ਸਨ।
ਅਗਸਤ 2018 ਵਿੱਚ ਦਿੱਲੀ ਦੇ ਕਾਂਸਟੀਚਿਊਸ਼ਨ ਕਲੱਬ ਦੇ ਬਾਹਰ ਕੁਝ ਅਣਪਛਾਤੇ ਹਮਲਾਵਰਾਂ ਨੇ ਉਮਰ ਖ਼ਾਲਿਦ 'ਤੇ ਕਥਿਤ ਤੌਰ 'ਤੇ ਗੋਲੀ ਚਲਾਈ ਸੀ।
ਖ਼ਾਲਿਦ ਉੱਥੇ 'ਟੂਵਰਡਸ ਏ ਫ੍ਰੀਡਮ ਵਿਦਾਊਟ ਫੀਅਰ' (ਡਰ ਤੋਂ ਬਿਨ੍ਹਾਂ ਆਜ਼ਾਦੀ ਵੱਲ) ਨਾਮਕ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਗਏ ਸਨ।
ਉਦੋਂ ਚਸ਼ਮਦੀਦਾਂ ਨੇ ਦੱਸਿਆ ਸੀ ਕਿ ਚਿੱਟੀ ਕਮੀਜ਼ ਵਾਲੇ ਇੱਕ ਵਿਅਕਤੀ ਨੇ ਆ ਕੇ ਉਮਰ ਖ਼ਾਲਿਦ ਨੂੰ ਧੱਕਾ ਦਿੱਤਾ ਅਤੇ ਗੋਲੀ ਚਲਾਈ। ਹਾਲਾਂਕਿ, ਖ਼ਾਲਿਦ ਦੇ ਡਿੱਗ ਜਾਣ ਕਾਰਨ ਗੋਲੀ ਉਨ੍ਹਾਂ ਨੂੰ ਨਹੀਂ ਲੱਗੀ।
ਇਸ ਘਟਨਾ ਤੋਂ ਬਾਅਦ ਉਮਰ ਖ਼ਾਲਿਦ ਨੇ ਕਿਹਾ, "ਜਦੋਂ ਉਸ ਨੇ ਮੇਰੇ ਵੱਲ਼ ਪਿਸਤੌਲ ਤਾਣੀ, ਤਾਂ ਮੈਂ ਡਰ ਗਿਆ ਸੀ, ਪਰ ਮੈਨੂੰ ਗੌਰੀ ਲੰਕੇਸ਼ ਨਾਲ ਜੋ ਹੋਇਆ ਸੀ, ਉਸ ਦੀ ਯਾਦ ਆ ਗਈ।"
ਡੈਮੋਕ੍ਰੇਟਿਕ ਸੰਸਦ ਮੈਂਬਰਾਂ ਨੇ ਵੀ ਖ਼ਾਲਿਦ ਦੇ ਪੱਖ ਵਿੱਚ ਚਿੱਠੀ ਲਿਖੀ

ਤਸਵੀਰ ਸਰੋਤ, @RepMcGovern
ਮਮਦਾਨੀ ਤੋਂ ਇਲਾਵਾ ਅਮਰੀਕਾ ਵਿੱਚ ਡੈਮੋਕ੍ਰੇਟਿਕ ਪਾਰਟੀ ਦੇ ਕਈ ਹੋਰ ਸੰਸਦ ਮੈਂਬਰਾਂ ਨੇ ਵੀ ਉਮਰ ਖ਼ਾਲਿਦ ਨਾਲ ਇਕਜੁੱਟਤਾ ਦਾ ਪ੍ਰਗਟਾਵਾ ਕੀਤਾ ਹੈ।
ਅਮਰੀਕੀ ਸੰਸਦ ਮੈਂਬਰ ਜਿਮ ਮੈਕਗਵਰਨ ਅਤੇ ਜੇਮੀ ਰਸਕਿਨ ਦੀ ਅਗਵਾਈ ਵਿੱਚ ਵੀ ਉਮਰ ਖ਼ਾਲਿਦ ਦੇ ਪੱਖ ਵਿੱਚ ਅਪੀਲ ਕੀਤੀ ਗਈ ਹੈ।
ਅਮਰੀਕਾ ਵਿੱਚ ਭਾਰਤੀ ਰਾਜਦੂਤ ਵਿਨੈ ਮੋਹਨ ਕਵਾਤਰਾ ਨੂੰ ਲਿਖੇ ਪੱਤਰ ਵਿੱਚ ਇਨ੍ਹਾਂ ਸੰਸਦ ਮੈਂਬਰਾਂ ਨੇ ਭਾਰਤੀ ਅਧਿਕਾਰੀਆਂ ਨੂੰ ਖ਼ਾਲਿਦ ਨੂੰ ਜ਼ਮਾਨਤ ਦੇਣ ਦੀ ਅਪੀਲ ਕੀਤੀ ਹੈ।
ਉੱਥੇ ਹੀ ਖ਼ਾਲਿਦ ਦੀ ਸੁਣਵਾਈ ਸ਼ੁਰੂ ਕੀਤੇ ਜਾਣ ਦੀ ਵੀ ਮੰਗ ਕੀਤੀ ਗਈ ਹੈ।
ਮੈਕਗਵਰਨ ਅਤੇ ਰਸਕਿਨ ਤੋਂ ਇਲਾਵਾ, ਪੱਤਰ 'ਤੇ ਡੈਮੋਕ੍ਰੇਟਿਕ ਸੰਸਦ ਮੈਂਬਰ ਕ੍ਰਿਸ ਵੈਨ ਹੋਲੇਨ, ਪੀਟਰ ਵੇਲਚ, ਪ੍ਰਮਿਲਾ ਜੈਪਾਲ, ਜੈਨ ਸ਼ਾਕੋਵਸਕੀ, ਰਸ਼ੀਦਾ ਤਲੈਬ ਅਤੇ ਲੋਇਡ ਡਾਗੇਟ ਦੇ ਦਸਤਖਤ ਹਨ।
ਸੰਸਦ ਮੈਂਬਰਾਂ ਨੇ ਕਿਹਾ ਹੈ ਕਿ ਸੁਣਵਾਈ ਸ਼ੁਰੂ ਹੋਏ ਬਿਨਾਂ ਖ਼ਾਲਿਦ ਦੀ ਲਗਾਤਾਰ ਹਿਰਾਸਤ ਕੌਮਾਂਤਰੀ ਕਾਨੂੰਨ ਦੇ ਮਾਪਦੰਡਾਂ ਦੀ ਉਲੰਘਣਾ ਹੈ।
ਮੈਕਗਵਰਨ ਨੇ ਇਸ ਚਿੱਠੀ ਨੂੰ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਸਾਂਝਾ ਕੀਤਾ ਹੈ।
ਅਮਰੀਕੀ ਸੰਸਦ ਮੈਂਬਰ ਨੇ ਇਹ ਵੀ ਦੱਸਿਆ ਕਿ ਉਹ ਇਸ ਮਹੀਨੇ ਦੀ ਸ਼ੁਰੂਆਤ ਵਿੱਚ ਅਮਰੀਕਾ ਵਿੱਚ ਖ਼ਾਲਿਦ ਦੇ ਮਾਤਾ-ਪਿਤਾ ਨੂੰ ਮਿਲੇ ਸਨ।
ਅਮਰੀਕੀ ਸੰਸਦ ਮੈਂਬਰਾਂ ਦੀ ਚਿੱਠੀ 'ਤੇ ਭਾਰਤ ਦੇ ਸਾਬਕਾ ਵਿਦੇਸ਼ ਸਕੱਤਰ ਕੰਵਲ ਸਿੱਬਲ ਨੇ ਲਿਖਿਆ ਹੈ ਕਿ ਇਹ ਭਾਰਤ ਦੇ ਅੰਦਰੂਨੀ ਮਾਮਲਿਆਂ ਵਿੱਚ ਦਖ਼ਲਅੰਦਾਜ਼ੀ ਹੈ।
ਕੰਵਲ ਸਿੱਬਲ ਨੇ 'ਐਕਸ' 'ਤੇ ਲਿਖਿਆ ਹੈ, "ਅਮਰੀਕੀ ਸਿਆਸਤਦਾਨਾਂ ਵੱਲੋਂ ਭਾਰਤ ਦੇ ਅੰਦਰੂਨੀ ਮਾਮਲਿਆਂ ਵਿੱਚ ਇਸ ਤਰ੍ਹਾਂ ਦੀ ਦਖ਼ਲਅੰਦਾਜ਼ੀ, ਟਰੰਪ ਦੀਆਂ ਨੀਤੀਆਂ ਕਾਰਨ ਪਹਿਲਾਂ ਹੀ ਗੰਭੀਰ ਦਬਾਅ ਵਿੱਚ ਚੱਲ ਰਹੇ ਭਾਰਤ-ਅਮਰੀਕਾ ਸਬੰਧਾਂ ਦੇ ਮਾਹੌਲ ਨੂੰ ਹੋਰ ਵਿਗਾੜਦੀ ਹੈ।"
"ਇਸ ਤੋਂ ਵੀ ਮਾੜੀ ਗੱਲ ਇਹ ਹੈ ਕਿ ਇਸ ਦਾ ਅਮਰੀਕਾ ਦੇ ਅੰਦਰ ਸਿਆਸੀ, ਕਾਨੂੰਨੀ, ਕਾਨੂੰਨ-ਵਿਵਸਥਾ, ਧਾਰਮਿਕ, ਭਾਈਚਾਰਕ ਅਤੇ ਨਸਲੀ ਮੋਰਚਿਆਂ 'ਤੇ ਜੋ ਕੁਝ ਹੋ ਰਿਹਾ ਹੈ, ਉਸ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।"
"ਇਨ੍ਹਾਂ ਸੰਸਦ ਮੈਂਬਰਾਂ ਅਤੇ ਕਾਂਗਰਸ ਮੈਂਬਰਾਂ ਨੂੰ ਭਾਰਤ ਵਿੱਚ ਕੱਟੜਪੰਥੀਆਂ ਅਤੇ ਅੱਤਵਾਦੀਆਂ ਦੇ ਬੁਲਾਰੇ ਬਣਨ ਦੀ ਬਜਾਏ ਅਮਰੀਕਾ ਦੀਆਂ ਆਪਣੀਆਂ ਸਮੱਸਿਆਵਾਂ ਵੱਲ ਧਿਆਨ ਦੇਣਾ ਚਾਹੀਦਾ ਹੈ। ਇਸ ਤਰ੍ਹਾਂ ਦੀ ਵਿਦੇਸ਼ੀ ਦਖ਼ਲਅੰਦਾਜ਼ੀ ਭਾਰਤ ਵਿੱਚ ਇਨ੍ਹਾਂ ਰਾਸ਼ਟਰ ਵਿਰੋਧੀ ਤੱਤਾਂ ਦੇ ਵੀ ਖ਼ਿਲਾਫ਼ ਜਾਂਦੀ ਹੈ, ਕਿਉਂਕਿ ਉਨ੍ਹਾਂ ਨੂੰ ਭਾਰਤ ਦੀ ਸੁਰੱਖਿਆ ਨੂੰ ਨਿਸ਼ਾਨਾ ਬਣਾਉਣ ਵਾਲੇ ਇੱਕ ਵੱਡੇ ਈਕੋ-ਸਿਸਟਮ ਦਾ ਹਿੱਸਾ ਮੰਨਿਆ ਜਾਂਦਾ ਹੈ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












