‘ਅਪਾਹਜ ਹੋਣ ਕਾਰਨ ਮੈਨੂੰ ਸੈਕਸ ਦੀ ਪੇਸ਼ਕਸ਼ ਕਿਸੇ ਅਹਿਸਾਨ ਵਾਂਗ ਕੀਤੀ ਜਾਂਦੀ ਹੈ’

- ਲੇਖਕ, ਗੈਮਾ ਡੰਸਟਨ
- ਰੋਲ, ਬੀਬੀਸੀ ਪੱਤਰਕਾਰ
ਹੋਲੀ ਸਿਰਫ਼ 16 ਸਾਲਾਂ ਦੇ ਸਨ ਜਦੋਂ ਕਿਸੇ ਨੇ ਉਨ੍ਹਾਂ ਨੂੰ ਪੁੱਛਿਆ ਕਿ ਕੀ ਉਹ ਸੈਕਸ ਕਰ ਸਕਦੇ ਹਨ ਕਿਉਂਕਿ ਉਹ ਅਪਾਹਜ ਸਨ।
ਬੀਤੇ ਸਾਲਾਂ ਦੌਰਾਨ ਉਨ੍ਹਾਂ ਨੂੰ ਇਸ ਤਰ੍ਹਾਂ ਦੇ ਕਈ ਸਵਾਲ ਪੁੱਛੇ ਗਏ ਹਨ, ਜਿਵੇਂ ਕੀ ਇਹ ਸਿਰਫ਼ ਵੀਲ੍ਹਚੇਅਰ ਉੱਤੇ ਹੀ ਹੋਣਾ ਚਾਹੀਦਾ ਹੈ।
“ਲੋਕ ਸਮਝਦੇ ਹਨ ਕਿ ਉਹ ਤੁਹਾਡੇ ਉੱਤੇ ਕੋਈ ਅਹਿਸਾਨ ਕਰ ਰਹੇ ਹਨ ,ਕਿਸੇ ਬਲੀਦਾਨ ਦੇਣ ਵਾਂਗ,ਇਸ ਤੋਂ ਵੀ ਬੁਰਾ ਹੈ ਕਿ ਮੈਨੂੰ ਹੁਣ ਬੁਰਾ ਵੀ ਨਹੀਂ ਲੱਗਦਾ।”
ਹੋਲੀ ਹੁਣ 26 ਸਾਲ ਦੇ ਹਨ, ਉਨ੍ਹਾਂ ਨੂੰ ਕਰੋਨਿਕ ਪੇਨ ਅਤੇ ਹਾਈਪਰ-ਮੋਬਲਿਟੀ ਸਿੰਡਰੋਮ ਹੈ। ਉਹ ਉਨ੍ਹਾਂ ਡਿਸੇਬਲਡ ਔਰਤਾਂ ਵਿੱਚੋਂ ਹਨ ਜਿਨ੍ਹਾਂ ਨੇ ਡੇਟਿੰਗ ਅਤੇ ਰਿਸ਼ਤਿਆਂ ਬਾਰੇ ਗਲਤ ਧਾਰਨਾਵਾਂ ਨੂੰ ਚੁਣੌਤੀ ਦੇਣ ਲਈ ਅਵਾਜ਼ ਚੁੱਕੀ ਹੈ।
ਹੋਲੀ ਗਰੀਡਰ ਨੇ ਕਿਹਾ ਕਿ ਇਹ ਅਪਾਹਜ ਲੋਕਾਂ ਦੇ ਖੁਸ਼ਨੁਮਾ ਰਿਸ਼ਤਿਆਂ ਬਾਰੇ ਗੱਲ ਕਰਨਾ ਜ਼ਰੂਰੀ ਸੀ।
ਉਨ੍ਹਾਂ ਨੇ ਆਪਣੇ ਮੌਜੂਦਾ ਪਤੀ ਜੇਮਜ਼ ਨੂੰ ਆਪਣੇ ਅੱਲੜ੍ਹਪੁਣੇ ਵਿੱਚ ਹੀ ਮਿਲਣਾ ਸ਼ੁਰੂ ਕੀਤਾ, ਉਨ੍ਹਾਂ ਨੇ ਨੌਂ ਸਾਲ ਇਕੱਠੇ ਰਹਿਣ ਮਗਰੋਂ ਪਿਛਲੇ ਸਾਲ ਹੀ ਵਿਆਹ ਕਰਵਾਇਆ ਹੈ।

ਹੋਲੀ ਕਹਿੰਦੇ ਹਨ ਕਿ, ਮੀਡੀਆ ਵਿੱਚ ਅਕਸਰ ਡਿਸੇਬਲਡ ਲੋਕਾਂ ਦੀ ਇੱਕ ਤਰਸਯੋਗ ਕਹਾਣੀ ਹੁੰਦੀ ਹੈ, ਅਸੀਂ ਸਿਰਫ ਇੱਕ ਤ੍ਰਾਸਦੀ ਹਾਂ।
ਉਹ ਕਹਿੰਦੇ ਹਨ ਕਿ ਉਨ੍ਹਾਂ ਨੂੰ ਆਪਣੇ ਪਤੀ ਦਾ ਸਾਥ ਹਮੇਸ਼ਾ ਮਿਲਿਆ ਹੈ ਪਰ ਦੂਜਿਆਂ ਦੀ ਰਾਇ ਰੂੜ੍ਹੀਵਾਦੀ ਹੀ ਰਹੀ ਹੈ।
“ਜਦੋਂ ਮੈਂ ਉਨ੍ਹਾਂ ਨਾਲ ਰਹਿਣ ਲਈ ਆਈ ਤਾਂ ਮੈਨੂੰ ਲੋਕਾਂ ਨੇ ਕਿਹਾ ਕਿ ਜੇ ਮੇਰੀ ਸਿਹਤ ਵਿਗੜੀ ਤਾਂ ਉਹ ਮੈਨੂੰ ਛੱਡ ਜਾਵੇਗਾ ਕਿਉਂਕਿ ਮੈਂ ਇੱਕ ਬੋਝ ਹਾਂ।”
ਉਨ੍ਹਾਂ ਨੇ ਕਿਹਾ ਕਿ ਸਕੂਲ ਵਿੱਚ ਵੀ ਲੋਕ ਉਨ੍ਹਾਂ ਬਾਰੇ ਧਾਰਨਾਵਾਂ ਬਣਾਉਂਦੇ ਸਨ ਅਤੇ ਕੁਝ ਤਾਂ ਮੂੰਹ ਉੱਤੇ ਹੀ ਪੁੱਛ ਲੈਂਦੇ ਸਨ।
“ਜਦੋਂ ਵੀ ਵੀਲ੍ਹਚੇਅਰ ਵਰਤਣ ਵਾਲਿਆਂ ਦੀ ਗੱਲ ਆਉਂਦੀ ਹੈ ਤਾਂ ਬਿਨਾਂ ਸ਼ੱਕ ਪਹਿਲਾ ਸਵਾਲ ਇਹੀ ਹੁੰਦਾ ਹੈ, ਕੀ ਉਹ ਸੈਕਸ ਕਰ ਸਕਦੇ ਹਨ?”
ਉਹ ਕਹਿੰਦੇ ਹਨ ਕਿ ਸਕੂਲ ਵਿੱਚ ਉਨ੍ਹਾਂ ਦੇ ਹਮ ਜਮਾਤੀ ਮੁੰਡੇ ਉਨ੍ਹਾਂ ਨੂੰ ਨਿੱਜੀ ਅਤੇ ਅਯੋਗ ਦਖ਼ਲ ਦੇਣ ਵਾਲੇ ਸਵਾਲ ਕਰਦੇ ਸਨ।
“ਮੈਨੂੰ ਪੁੱਛਿਆ ਗਿਆ ਜਿਵੇਂ- ਕੀ ਤੁਸੀਂ ਸਿਰਫ਼ ਵੀਲ੍ਹਚੇਅਰ ਵਿੱਚ ਹੀ ਸੈਕਸ ਕਰ ਸਕਦੇ ਹੋ? ਕੀ ਤੁਹਾਨੂੰ ਇਸ ਨਾਲ ਕੋਈ ਦਿੱਕਤ ਹੋਵੇਗੀ?”
ਹੋਲੀ ਨੇ ਕਿਹਾ ਕਿ ਉਨ੍ਹਾਂ ਨੂੰ ਸੋਸ਼ਲ ਮੀਡੀਆ ਉੱਤੇ ਵੀ ਲੋਕਾਂ ਨੇ ਸੈਕਸ ਬਾਰੇ ਸੁਨੇਹੇ ਭੇਜੇ ਹਨ। ਇੱਕ ਅਜਿਹੀ ਪੇਸ਼ਕਸ਼ ਜਿਸ ਬਾਰੇ ਉਨ੍ਹਾਂ ਨੂੰ “ਖੁਸ਼-ਕਿਸਮਤ” ਹੋਣਾ ਚਾਹੀਦਾ ਹੈ।
ਹੋਲੀ ਡਿਸਬੇਲਡ ਲੋਕਾਂ ਦੀ ਮੀਡੀਆ ਵਿੱਚ ਜ਼ਿਆਦਾ ਹਾਂਮੁਖੀ ਨੁਮਾਇੰਦਗੀ ਚਾਹੁੰਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਸੈਕਸ ਐਜੂਕੇਸ਼ਨ ਲੜੀਵਾਰ ਵਿੱਚ ਇਸਾਕ ਗੁੱਡਵਿਨ ਹੀ ਇਕੱਲਾ ਹਾਂਮੁਖੀ ਕਿਰਦਾਰ ਹੈ ਜੋ, ਉਨ੍ਹਾਂ ਨੇ ਇਸ ਸੰਬੰਧ ਵਿੱਚ ਦੇਖਿਆ ਹੈ।
'ਲੋਕ ਜੋਤਹੀਣਤਾ ਨੂੰ ਇੱਕ ਰੁਕਾਵਟ ਵਜੋਂ ਦੇਖਦੇ ਹਨ'

ਤਸਵੀਰ ਸਰੋਤ, RAM Photography & Film
ਨਿਕੋਲਾ ਥਾਮਸ (38) ਕਿਅਰਫਿਲੀ ਤੋਂ ਹਨ ਅਤੇ ਇੱਕ ਜੋਤਹੀਣ ਹਨ।
ਉਨ੍ਹਾਂ ਨੇ ਕਿਹਾ, “ਆਮ ਪੁੱਛੇ ਜਾਣ ਵਾਲੇ ਸਵਾਲਾਂ ਵਿੱਚੋਂ ਇੱਕ ਇਹ ਹੈ ਕਿ, ਤੁਸੀਂ ਸੈਕਸ ਕਿਵੇਂ ਕਰਦੇ ਹੋ? ਇਹ ਇੱਕ ਬਹੁਤ ਹੀ ਹਮਲਾਵਰ ਅਤੇ ਨਿੱਜੀ ਸਵਾਲ ਹੈ।”
ਨਿਕੋਲਾ ਨੂੰ ਇੱਕ ਆਟੋ-ਇਮਿਊਨ ਬੀਮਾਰੀ ਨਿਊਰੋ-ਮਾਈਲਿਟਿਸ ਓਪਟਿਕਾ ਹੈ। ਉਹ 15 ਸਾਲ ਦੀ ਉਮਰ ਵਿੱਚ ਹੀ ਇੱਕ ਅੱਖ ਦੀ ਨਜ਼ਰ ਤੋਂ ਮਹਿਰੂਮ ਹੋ ਗਏ ਸਨ ਅਤੇ ਪੰਜ ਸਾਲਾਂ ਬਾਅਦ ਦੂਜੀ ਅੱਖ ਦੀ ਰੌਸ਼ਨੀ ਵੀ ਚਲੀ ਗਈ।।
“ਲੋਕ ਜੋਤਹੀਣਤਾ ਨੂੰ ਇੱਕ ਰੁਕਾਵਟ ਵਜੋਂ ਦੇਖਦੇ ਹਨ ਅਤੇ ਮੈਂ ਉਹ ਹਾਂ, ਜੋ ਉਨ੍ਹਾਂ ਰੁਕਾਵਟਾਂ ਨੂੰ ਤੋੜਦੀ ਹਾਂ।”
ਨਿਕੋਲਾ ਦੇ ਸ਼ੌਂਕਾਂ ਵਿੱਚ, ਜਹਾਜ਼ਰਾਨੀ, ਪੈਡਲਬੋਰਡਿੰਗ ਅਤੇ ਸਫ਼ਰ ਕਰਨਾ ਸ਼ਾਮਲ ਹਨ, ਆਪਣੇ ਅਗਲੀ ਯਾਤਰਾ ਉੱਤੇ ਉਹ ਹਾਂਗ ਕਾਂਗ ਜਾ ਰਹੇ ਹਨ।
ਨਜ਼ਰ ਜਾਣ ਤੋਂ ਪਹਿਲਾਂ ਉਨ੍ਹਾਂ ਦਾ ਇੱਕ ਦੋਸਤ ਸੀ, ਪਰ ਬਾਅਦ ਵਿੱਚ ਰਿਸ਼ਤਾ ਟੁੱਟ ਗਿਆ।
“ਮੈਨੂੰ ਬੋਝ ਸਮਝਿਆ ਗਿਆ। ਲੋਕ ਕਹਿੰਦੇ ਸਨ, ਤੂੰ ਉਸਦਾ ਧਿਆਨ ਨਹੀਂ ਰੱਖ ਸਕਦੀ।”
ਹੁਣ ਜੋ ਉਨ੍ਹਾਂ ਦਾ ਦੋਸਤ ਹੈ ਉਹ ਖ਼ੁਦ ਵੀ ਜੋਤਹੀਣ ਹੈ।
'ਲੋਕ ਸੋਸ਼ਲ ਮੀਡੀਆ ਉੱਤੇ ਡੇਟ ਲਈ ਪੁੱਛਦੇ ਹਨ...'

ਤਸਵੀਰ ਸਰੋਤ, Nicola Thomas
“ਭਾਵੇਂ ਅਸੀਂ ਦੋਵੇਂ ਜੋਤਹੀਣ ਹਾਂ ਫਿਰ ਵੀ ਅਸੀਂ ਸ਼ਹਿਰ ਦੀ ਗੇੜੀ ਲਾ ਲਵਾਂਗੇ, ਆਪਣੇ-ਆਪ ਡੇਟ ਉੱਤੇ ਚਲੇ ਜਾਵਾਂਗੇ। ਸਾਨੂੰ ਕੁਝ ਨਹੀਂ ਰੋਕਦਾ।”
“ਲੋਕ ਸੋਸ਼ਲ ਮੀਡੀਆ ਉੱਤੇ ਮੈਸਜ ਕਰਕੇ ਡੇਟਸ ਲਈ ਪੁੱਛਦੇ ਹਨ, ਜਦੋਂ ਮੈਂ ਉਨ੍ਹਾਂ ਨੂੰ ਆਪਣੇ ਜੋਤਹੀਣ ਹੋਣ ਬਾਰੇ ਦੱਸਦੀ ਹਾਂ ਤਾਂ ਉਨ੍ਹਾਂ ਦਾ ਖਿਆਲ ਬਦਲ ਜਾਂਦਾ ਜਾਂ ਉਹ ਵੱਖਰੀ ਤਰ੍ਹਾਂ ਵਿਹਾਰ ਕਰਨ ਲੱਗਦੇ ਹਨ।”
“ਲੋਕ ਇਸ ਤਰ੍ਹਾਂ ਮਹਿਸੂਸ ਕਰਾਉਂਦੇ ਹਨ ਜਿਵੇਂ ਉਹ ਤੁਹਾਡੇ ਉੱਤੇ ਕੋਈ ਅਹਿਸਾਨ ਕਰ ਰਹੇ ਹੋਣ। ਇਹ ਤੁਹਾਨੂੰ ਇਕਦਮ ਨਿਰਾਸ਼ ਕਰ ਦਿੰਦਾ ਹੈ।”
ਨਿਕੋਲਾ ਨੇ ਅੱਗੇ ਕਿਹਾ, “ਲੋਕ ਸਾਨੂੰ ਸੀਮਤ ਕਰਦੇ ਹਨ। ਮੈਂ ਇਸ ਰੂੜ੍ਹੀਵਾਦੀ ਸੋਚ ਨੂੰ ਤੋੜਨਾ ਚਾਹੁੰਦੀ ਹਾਂ। ਮੇਰੀ ਇੱਕ ਭਰਪੂਰ ਅਤੇ ਖੁਸ਼ਹਾਲ ਜ਼ਿੰਦਗੀ ਹੈ।”
'ਆਪਣੇ ਨਾਲ ਸਹਿਜ ਹੋਣ ਅਤੇ ਸਰੀਰ ਨੂੰ ਸਮਝਣ ਦੀ ਲੋੜ'

ਕੇਟ ਵਾਟਕਿੰਨਸ ਨੇ ਕਿਹਾ ਕਿ ਡਿਸੇਬਲਡ ਲੋਕਾਂ ਨੂੰ ਆਪਣੀ ਜਿਣਸੀ ਪਛਾਣ ਨੂੰ ਸਮਝਣ ਅਤੇ ਕਿਸੇ ਵੀ ਹੋਰ ਇਨਸਾਨ ਵਾਂਗ ਰਿਸ਼ਤੇ ਬਣਾਉਣ ਦਾ ਹੱਕ ਹੈ।
ਉਹ ਕਹਿੰਦੇ ਹਨ, “ਸੈਕਸ ਅਤੇ ਰਿਸ਼ਤੇ ਡਿਸੇਬਲਡ ਲੋਕਾਂ ਲਈ ਟੈਬੂ ਕਿਉਂ ਹਨ? ਸਾਡੇ ਬਾਰੇ ਰੋਟੀ ਖਾਣ ਦੇ ਯੋਗ ਹੋਣ ਅਤੇ ਸਿਰ ਉੱਤੇ ਛੱਤ ਹੋਣ ਤੋਂ ਸਿਵਾ ਵੀ ਹੋਰ ਬਹੁਤ ਕੁਝ ਹੈ।”
“ਆਪਣੀ ਜ਼ਿੰਦਗੀ ਜਿਉਣਾ ਅਤੇ ਅਨੰਦ ਲੈਣਾ ਜ਼ਿੰਦਗੀ ਦਾ ਹਿੱਸਾ ਹਨ ਅਤੇ ਡਿਸੇਬਲਿਟੀ ਵਾਲੇ ਲੋਕਾਂ ਲਈ ਇਸ ਨੂੰ ਪੂਰਾ ਮਹੱਤਵ ਨਹੀਂ ਮਿਲਦਾ।”
ਕੇਟ ਨੇ ਕਿਹਾ ਲੋਕ ਡਿਸੇਬਲਡ ਲੋਕਾਂ ਨੂੰ ਸੈਕਸ ਬਾਰੇ ਕਿਸ ਤਰ੍ਹਾਂ ਦੇ ਸੁਨੇਹੇ ਦਿੰਦੇ ਹਨ, ਇਸ ਬਾਰੇ ਸੁਣਨਾ ਦੁਖੀ ਕਰਨ ਵਾਲਾ ਪਰ ਆਮ ਸੀ।
“ਤੁਹਾਨੂੰ ਆਪਣੇ ਨਾਲ ਸਹਿਜ ਹੋਣ ਦੀ ਅਤੇ ਆਪਣੇ ਸਰੀਰ ਨੂੰ ਸਮਝਣ ਦੀ ਲੋੜ ਹੈ, ਤਾਂ ਜੋ ਤੁਸੀਂ ਹੋਰਾਂ ਨੂੰ ਦੱਸ ਸਕੋਂ ਕਿ ਇਹ ਕਿਵੇਂ ਕੰਮ ਕਰਦੀ ਹੈ। ਆਪਣੇ-ਆਪ ਨੂੰ ਪਿਆਰ ਕਰਨਾ ਵੀ ਸੱਚੀਂ ਮਹੱਤਵਪੂਰਨ ਹੈ।”
(ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ)












