ਕੈਨੇਡਾ ਮੰਦਰ ਹਿੰਸਾ: ਬਰੈਂਪਟਨ ਤੇ ਮਿਸੀਸਾਗਾ ਸ਼ਹਿਰਾਂ ਨੇ ਧਾਰਮਿਕ ਸਥਾਨਾਂ ਬਾਹਰ ਮੁ਼ਜ਼ਾਹਰਿਆਂ 'ਤੇ ਲਾਈ ਪਾਬੰਦੀ, ਕੀ ਦਲੀਲਾਂ ਦਿੱਤੀਆਂ

ਤਸਵੀਰ ਸਰੋਤ, Getty Images
ਕੈਨੇਡਾ ਦੇ ਮਿਸੀਸਾਗਾ ਅਤੇ ਬਰੈਂਪਟਨ ਨੇ ਕਿਸੇ ਵੀ ਧਰਮ ਦੇ ਧਾਰਮਿਕ ਸਥਾਨ ਦੇ ਬਾਹਰ ਰੋਸ ਪ੍ਰਦਰਸ਼ਨ ਕਰਨ ਦੀ ਮਨਾਹੀ ਕਰ ਦਿੱਤੀ ਹੈ।
ਇਹ ਕਦਮ ਬਰੈਂਪਟਨ ਦੇ ਹਿੰਦੂ ਸਭਾ ਮੰਦਰ ਦੇ ਬਾਹਰ ਦੋ ਪ੍ਰਦਰਸ਼ਨਕਾਰੀ ਗੁਟਾਂ ਦੇ ਵਿਚਕਾਰ ਫੈਲੀ ਹਿੰਸਾ ਦੇ ਮੱਦੇ ਨਜ਼ਰ ਚੁੱਕਿਆ ਗਿਆ ਹੈ।
3 ਨਵੰਬਰ ਨੂੰ ਐਤਵਾਰ ਵਾਲੇ ਦਿਨ ਬਰੈਂਪਟਨ ਦੇ ਹਿੰਦੂ ਸਭਾ ਮੰਦਰ ਅੱਗੇ ਕੁਝ ਖਾਲਿਸਤਾਨ ਪੱਖੀ ਮੁਜ਼ਾਹਰਾ ਕਰ ਰਹੇ ਸਨ। ਇਸ ਦੌਰਾਨ ਮੰਦਰ ਦੀ ਪਾਰਕਿੰਗ ਲੌਟ ਵਿੱਚ ਹਿੰਦੂ ਭਾਈਚਾਰੇ ਨਾਲ ਸਬੰਧਤ ਲੋਕਾਂ ਨੇ ਵੀ ਨਾਅਰੇਬਾਜੀ ਕੀਤੀ, ਜੋ ਬਾਅਦ ਵਿੱਚ ਹਿੰਸਾ ਵਿੱਚ ਬਦਲ ਗਈ।
ਖਾਲਿਸਤਾਨ ਪੱਖੀ ਕਾਰਕੁਨ ਮੰਦਰ ਵਿੱਚ ਪਹੁੰਚੇ ਬਜ਼ੁਰਗਾਂ ਨੂੰ ਲਾਈਫ਼ ਸਰਟੀਫਿਕੇਟ ਜਾਰੀ ਕਰਨ ਪਹੁੰਚੇ ਭਾਰਤੀ ਕੌਂਸਲੇਟ ਦੇ ਅਧਿਕਾਰੀਆਂ ਦੇ ਖਿਲਾਫ਼ ਮੁਜ਼ਾਹਰਾ ਕਰ ਰਹੇ ਸਨ।
ਧਾਰਮਿਕ ਸਥਾਨਾਂ ਅੱਗੇ ਪ੍ਰਦਰਸ਼ਨ ਉਪਰ ਪਾਬੰਦੀ ਦੀ ਪਹਿਲ ਮਿਸੀਸਾਗਾ ਨੇ ਕੀਤੀ ਸੀ। ਸ਼ਹਿਰ ਦੀ ਕਾਊਂਸਲ ਨੇ ਕਾਊਂਸਲਰ ਦੀਪਿਕਾ ਦਮਰੇਲਾ ਵੱਲੋਂ ਲਿਆਂਦਾ ਗਿਆ ਮਤਾ ਆਮ ਸਹਿਮਤੀ ਨਾਲ ਪਾਸ ਕਰ ਦਿੱਤਾ। ਸਾਰੇ ਦਸ ਮੈਂਬਰਾਂ ਨੇ ਇਸਦੇ ਹੱਕ ਵਿੱਚ ਮਤਦਾਨ ਕੀਤਾ।

ਮਤੇ ਵਿੱਚ ਕਿਹਾ ਗਿਆ ਕਿ ਪ੍ਰਸ਼ਾਸਨ ਜਿੰਨੀ ਜਲਦੀ ਹੋ ਸਕੇ ਇੱਕ ਉਪ-ਕਨੂੰਨ ਨੂੰ ਅਮਲ ਵਿੱਚ ਲਿਆਉਣ ਦੀ ਨਿਭਣਯੋਗਤਾ ਦੀ ਜਾਂਚ ਕਰੇਗਾ, ਜਿਸ ਵਿੱਚ ਕਿਸੇ ਪੂਜਾ ਸਥਾਨ ਤੋਂ 100 ਮੀਟਰ ਜਾਂ ਕਿਸੇ ਹੋਰ ਤਰਕਸੰਗਤ ਹਦੂਦ ਦੇ ਅੰਦਰ ਵਿਖਾਵਿਆਂ ਦੀ ਪਾਬੰਦੀ ਲਾਈ ਗਈ ਹੈ।
ਬਰੈਂਪਟਨ ਦੀ ਸਿਟੀ ਕਾਊਂਸਲ ਨੇ ਵੀ ਉਸੇ ਦਿਨ ਅਜਿਹੇ ਕਦਮ ਨੂੰ ਮਨਜ਼ੂਰੀ ਦੇ ਦਿੱਤੀ।
ਬਰੈਂਪਟਨ ਦੀ ਸਿਟੀ ਕਾਊਂਸਲ ਵੱਲੋਂ ਸ਼ਹਿਰ ਦੇ ਮੇਅਰ ਪੈਟਰਿਕ ਬਰਾਉਨ ਵੱਲੋਂ ਲਿਆਂਦੇ ਗਏ ਮਤੇ ਨੂੰ ਆਮ ਸਹਿਮਤੀ ਨਾਲ ਸਵੀਕਾਰ ਕਰ ਲਿਆ ਗਿਆ।
ਮਤਾ ਪੇਸ਼ ਕਰਦਿਆਂ ਮੇਅਰ ਨੇ ਕੀ ਕਿਹਾ?
ਬਰੈਂਪਟਨ ਦੀ ਸਿਟੀ ਕਾਊਂਸਲ ਵੱਲੋਂ ਸ਼ਹਿਰ ਦੇ ਮੇਅਰ ਪੈਟਰਿਕ ਬਰਾਉਨ ਪਹਿਲਾਂ ਵੀ ਇਸ ਬਾਰੇ ਆਪਣੀ ਚਿੰਤਾ ਜ਼ਾਹਰ ਕਰ ਚੁੱਕੇ ਹਨ।
ਮਤਾ ਪੇਸ਼ ਕਰਦੋ ਹੋਏ ਉਨ੍ਹਾਂ ਨੇ ਕਿਹਾ ਮੈਨੂੰ ਲਗਦਾ ਹੈ ਕਿ ਇਸ ਬਾਰੇ ਅਸੀਂ ਸਾਰੇ ਇੱਕ ਰਾਇ ਹਾਂ ਕਿ ਬਰੈਂਪਟਨ ਵਿੱਚ ਅਸੀਂ ਧਾਰਮਿਕ ਅਜ਼ਾਦੀ ਨੂੰ ਅਪਣਾਉਂਦੇ ਹਾਂ।
ਉਨ੍ਹਾਂ ਕਿਹਾ ਕਿ ਬਰੈਂਪਟਨ ਅਤੇ ਕੈਨੇਡਾ ਉਦੋਂ ਹੀ ਸਭ ਤੋਂ ਵਧੀਆ ਰਹਿੰਦੇ ਹਨ ਜਦੋਂ ਅਸੀਂ ਸਾਰੇ ਇਕੱਠੇ ਹਾਂ।
ਉਨ੍ਹਾਂ ਨੇ ਕਿਹਾ ਕਿ ਤੁਹਾਨੂੰ ਹਰ ਸੜਕ ਉੱਤੇ ਅਕੀਦਿਆਂ ਦੀ ਵਿਭਿੰਨਤਾ ਮਿਲ ਜਾਵੇਗੀ, ਗੁਆਂਢੀਆਂ ਵਰਗੇ ਗੁਆਂਢੀ, ਸਹਿਕਰਮੀਆਂ ਵਰਗੇ ਸਹਿ ਕਰਮੀ ਮਿਲ ਜਾਣਗੇ।
ਕਈ ਵਾਰ ਅਜਿਹੀਆਂ ਘਟਨਾਵਾਂ ਹੋ ਜਾਂਦੀਆਂ ਹਨ ਜੋ ਫੁੱਟ ਪਾਉਂਦੀਆਂ ਹਨ, ਜੋ ਗੈਰ-ਜ਼ਰੂਰੀ ਹੈ।
ਉਹਨਾ ਕਿਹਾ, ‘‘ਮੈਂ ਮੀਡੀਆ ਵਿੱਚ ਵੀ ਕਿਹਾ ਹੈ ਕਿ ਹਿੰਦੂ ਅਤੇ ਸਿੱਖ ਸਮੁਦਾਇ ਦੇ 99% ਲੋਕ ਪਿਆਰ ਵਾਲੇ ਹਨ ਅਤੇ ਸਦਭਾਵਨਾ ਵਿੱਚ ਯਕੀਨ ਰੱਖਦੇ ਹਨ। ਉਹ ਸਿਰਫ਼ ਚਾਹੁੰਦੇ ਹਨ ਕਿ ਉਨ੍ਹਾਂ ਦੇ ਬੱਚੇ ਇੱਕ ਸੁਰੱਖਿਅਤ ਸ਼ਹਿਰ ਵਿੱਚ ਵੱਡੇ ਹੋਣ।’’
ਉਨ੍ਹਾਂ ਨੇ ਹਿੰਦੂ ਸਭਾ ਅਤੇ ਗੁਰਦੁਆਰਾ ਕਮੇਟੀਆਂ ਦੇ ਹਵਾਲੇ ਨਾਲ ਕਿਹਾ ਕਿ ਉਹ ਵੀ ਕਹਿੰਦੇ ਹਨ ਕਿ ਹਿੰਸਾ ਕਰਨ ਵਾਲੇ ਉਨ੍ਹਾਂ ਦੇ ਅਕੀਦੇ ਦੀ ਨੁਮਾਇੰਦਗੀ ਨਹੀਂ ਕਰਦੇ ਹਨ।
“ਬਦਕਿਸਮਤ ਨਾਲ ਤੁਸੀਂ ਕਿਤੇ ਵੀ ਚਲੇ ਜਾਓ ਤੁਹਾਨੂੰ ਕਿਸੇ ਵੀ ਇਕੱਠ ਵਿੱਚ ਮੂਰਖ ਮਿਲ ਜਾਣਗੇ। ਸਾਨੂੰ ਯਕੀਨੀ ਬਣਾਉਣ ਦੀ ਲੋੜ ਹੈ ਕਿ ਅਜਿਹੇ ਲੋਕ ਕੈਨੇਡਾ ਦੀ ਖ਼ੂਬਸੂਰਤ ਸਦਭਾਵਨਾ ਦਾ ਨਾਸ ਨਾ ਕਰ ਸਕਣ।”
ਬਰਾਉਨ ਨੇ ਕਿਹਾ ਕੈਨੇਡਾ ਦੁਨੀਆਂ ਭਰ ਦੇ ਲੋਕਾਂ ਦੀ ਚਹੇਤੀ ਥਾਂ ਹੈ ਕਿਉਂਕਿ ਇੱਥੇ ਉਹ ਹੱਕਾਂ ਦੀ ਰਾਖੀ ਕਰਦੇ ਹਨ।
ਉਨ੍ਹਾਂ ਨੇ ਕਿਹਾ ਕਿ ਵਿਖਾਵੇ ਦਾ ਹੱਕ ਸੰਵਿਧਾਨਕ ਹੱਕ ਹੈ ਅਤੇ ਧਾਰਮਿਕ ਅਜ਼ਾਦੀ ਦਾ ਹੱਕ ਵੀ ਸੰਵਿਧਾਨਕ ਹੱਕ ਹੈ।‘
‘ਬਦਕਿਸਮਤੀ ਨਾਲ ਪਿਛਲੇ ਹਫ਼ਤੇ ਅਸੀਂ ਦੇਖਿਆ ਕਿ ਜੋ ਲੋਕ ਫੁੱਟ ਪਾਉਣੀ ਚਾਹੁੰਦੇ ਸਨ, ਭੜਕਾਉਣਾ ਚਾਹੁੰਦੇ ਸਨ ਉਨ੍ਹਾਂ ਉਤੇ ਕਾਰਵਾਈ ਹੋਈ। ਇਸੇ ਤਰ੍ਹਾਂ ਹੋਣਾ ਚਾਹੀਦਾ ਹੈ।’
‘‘ਕਈ ਵਾਰ ਅਜਿਹਾ ਮਹੌਲ ਬਣ ਜਾਂਦਾ ਹੈ ਜਦੋਂ ਰਗੜ ਪੈਦਾ ਹੋਣਾ ਸੌਖਾ ਹੋ ਜਾਂਦਾ ਹੈ, ...ਲੇਕਿਨ ਸਿਟੀ ਕਾਉਂਸਲ ਵਜੋਂ ਅਸੀਂ ਇੱਕ ਕੰਮ ਕਰ ਸਕਦੇ ਹਾਂ ਕਿ ਇੱਕ ਮਾਹੌਲ ਬਣਾਈਏ, ਵਿਖਾਵਾ ਕਰਨ ਲਈ ਸਹੀ ਅਤੇ ਗਲਤ ਥਾਵਾਂ ਹਨ।’’
ਉਸ ਦਿਨ ਕੀ ਹੋਇਆ ਸੀ?
ਤਿੰਨ ਨਵੰਬਰ ਦੀ ਘਟਨਾ ਦੀ ਸੋਸ਼ਲ ਮੀਡੀਆ ਉੱਤੇ ਵੀਡੀਓ ਵਾਇਰਲ ਹੋਈ।
ਸੋਸ਼ਲ ਮੀਡੀਆ ਵਿੱਚ ਵਾਇਰਲ ਹੋ ਰਹੇ ਵੀਡੀਓਜ਼ ਵਿੱਚ ਵੀ ਦੇਖਿਆ ਜਾ ਸਕਦਾ ਸੀ ਕਿ ਖਾਲਿਸਤਾਨੀ ਝੰਡਿਆਂ ਵਾਲੇ ਡੰਡਿਆਂ ਨਾਲ ਕੁਝ ਲੋਕਾਂ ਨੂੰ ਕੁੱਟ ਰਹੇ ਹਨ, ਤਾਂ ਅੱਗੋਂ ਭਾਰਤੀ ਤਿਰੰਗੇ ਝੰਡੇ ਵਾਲੇ ਕੁਝ ਲੋਕ ਵੀ ਡੰਡੇ ਚਲਾ ਰਹੇ ਹਨ।
ਇਸ ਘਟਨਾ ਤੋਂ ਬਾਅਦ ਹਿੰਦੂ ਭਾਈਚਾਰੇ ਦੇ ਲੋਕਾਂ ਨੇ ਕਈ ਥਾਈਂ ਰੋਸ ਮੁਜਾਹਰੇ ਕੀਤੀ। ਕੁਝ ਲੋਕਾਂ ਨੇ ਮਿਸੀਸਾਗਾ ਦੇ ਮਾਲਟਨ ਗੁਰਦੁਆਰੇ ਅੱਗੇ ਨਾਅਰੇਬਾਜ਼ੀ ਕੀਤੀ ਸੀ।
ਇਸ ਘਟਨਾ ਤੋਂ ਬਾਅਦ ਸੁਰੱਖਿਆ ਕਰਨਾ ਕਰਕੇ ਗਰੇਟਰ ਟੋਰਾਂਟੋ ਏਰੀਏ ਦੇ ਦੋ ਮੰਦਰਾਂ- ਤ੍ਰਿਵੇਣੀ ਮੰਦਿਰ ਅਤੇ ਮਿਸੀਸਾਗਾ ਵਿੱਚ ਕਾਲੀਬਾਰੀ ਨੇ ਭਾਰਤੀ ਕੌਂਸਲੇਟ ਦੇ ਅਜਿਹੇ ਹੀ ਦੂਜੇ ਪ੍ਰਗੋਰਾਮ ਰੱਦ ਕਰ ਦਿੱਤੇ ਸਨ।

ਤਸਵੀਰ ਸਰੋਤ, Hindu Sabha Mandir
ਘਟਨਾ ਦੀ ਹਿੰਦੂ ਸਭਾ ਮੰਦਰ ਅਤੇ ਬਰੈਂਪਟਨ ਸਿਖਸ ਅਤੇ ਗੁਰਦੁਆਰਾ ਕਾਊਂਸਲ ਵੱਲੋਂ ਵੀ ਬਿਆਨ ਜਾਰੀ ਕਰਕੇ ਨਿਖੇਧੀ ਕੀਤੀ ਗਈ ਸੀ
ਹਿੰਦੂ ਸਭਾ ਮੰਦਰ ਦੇ ਜਿਸ ਪੁਜਾਰੀ ਨੇ ਬਾਹਰ ਆਕੇ ਭੜਕਾਊ ਭਾਸ਼ਣ ਦਿੱਤਾ ਸੀ ਉਸ ਨੂੰ ਤੁਰੰਤ ਮੁੱਅਤਲ ਕਰ ਦਿੱਤਾ ਸੀ।
ਘਟਨਾ ਤੋਂ ਬਾਅਦ ਦੋਵਾਂ ਦੇਸਾਂ ਦੇ ਪ੍ਰਧਾਨ ਮੰਤਰੀਆਂ ਨੇ ਇਸਦੀ ਨਿੰਦਾ ਕੀਤੀ ਸੀ।
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸੋਸ਼ਲ ਮੀਡੀਆ ਸਾਇਟ ਐਕਸ ਉੱਤੇ ਪੋਸਟ ਰਾਹੀ ਲਿਖਿਆ, ‘‘ਬਰੈਂਪਟਨ ਦੇ ਹਿੰਦੂ ਮੰਦਰ ਦੇ ਬਾਹਰ ਹੋਈ ਹਿੰਸਾ ਨਾ ਸਹਿਣਯੋਗ ਹੈ। ਸਾਰੇ ਕੈਨੇਡੀਅਨਾਂ ਨੂੰ ਆਪਣੀ ਆਸਥਾ ਮੁਤਾਬਕ ਆਪਣੇ ਰੀਤੀ ਰਿਵਾਜ਼ ਅਜ਼ਾਦੀ ਅਤੇ ਸੁਰੱਖਿਆ ਨਾਲ ਮਨਾਉਣ ਦੀ ਅਜ਼ਾਦੀ ਹੈ। ਕਮਿਊਨਿਟੀ ਦੀ ਸੁਰੱਖਿਆ ਅਤੇ ਮਾਮਲੇ ਦੀ ਜਾਂਚ ਲਈ ਚੌਕਸੀ ਦਿਖਾਉਣ ਲ਼ਈ ਪੀਲ ਪੁਲਿਸ ਦਾ ਧੰਨਵਾਦ।’’
ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਬਾਰੇ ਆਪਣੀ ਪ੍ਰਤੀਕਿਰਿਆ ਦਿੰਦਿਆਂ ਇਸ ਦੀ ਨਿੰਦਾ ਕੀਤੀ ਹੈ।
ਉਨ੍ਹਾਂ ਨੇ ਆਪਣੇ ਐਕਸ ਹੈਂਡਲ ʼਤੇ ਲਿਖਿਆ ਹੈ, "ਮੈਂ ਕੈਨੇਡਾ ਵਿੱਚ ਇੱਕ ਹਿੰਦੂ ਮੰਦਰ ਉੱਤੇ ਜਾਣਬੁੱਝ ਕੇ ਕੀਤੇ ਗਏ ਹਮਲੇ ਦੀ ਸਖ਼ਤ ਨਿੰਦਾ ਕਰਦਾ ਹਾਂ।"
"ਸਾਡੇ ਡਿਪਲੋਮੈਟਾਂ ਨੂੰ ਡਰਾਉਣ ਦੀ ਕਾਇਰਤਾ ਭਰੀ ਕੋਸ਼ਿਸ਼ ਵੀ ਓਨੀ ਹੀ ਭਿਆਨਕ ਹੈ। ਹਿੰਸਾ ਦੀਆਂ ਅਜਿਹੀਆਂ ਕਾਰਵਾਈਆਂ ਭਾਰਤ ਦੇ ਸੰਕਲਪ ਨੂੰ ਕਦੇ ਵੀ ਕਮਜ਼ੋਰ ਨਹੀਂ ਕਰ ਸਕਦੀਆਂ। ਅਸੀਂ ਉਮੀਦ ਕਰਦੇ ਹਾਂ ਕਿ ਕੈਨੇਡੀਅਨ ਸਰਕਾਰ ਨਿਆਂ ਯਕੀਨੀ ਬਣਾਏਗੀ ਅਤੇ ਕਾਨੂੰਨ ਦੇ ਰਾਜ ਨੂੰ ਬਰਕਰਾਰ ਰੱਖੇਗੀ।"
ਕਾਬਲੇ ਜ਼ਿਕਰ ਹੈ ਕਿ ਭਾਰਤ ਅਤੇ ਕੈਨੇਡਾ ਦੇ ਦੁਵੱਲੇ ਰਿਸ਼ਤੇ ਪਹਿਲਾਂ ਹੀ ਆਪਣੇ ਹੁਣ ਤੱਕ ਦੇ ਸਭ ਤੋਂ ਤਣਾਅਪੂਰਨ ਦੌਰ ਵਿੱਚੋਂ ਲੰਘ ਰਹੇ ਹਨ।
(ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ)









