ਗੁਜਰਾਤ ਦੇ ਨਿੱਜੀ ਹਸਪਤਾਲ ’ਚ ਆਯੂਸ਼ਮਾਨ ਭਾਰਤ ਸਕੀਮ ਦੇ ਦੋ ਲਾਭਪਾਤਰੀਆਂ ਦੀ ਮੌਤ, ‘ਘਰੋਂ ਸਿਰਫ ਡਾਕਟਰੀ ਜਾਂਚ ਨਿਕਲਿਆ ਤੇ ਮੌਤ ਹੋ ਗਈ’

ਅਹਿਮਦਾਬਾਦ
ਤਸਵੀਰ ਕੈਪਸ਼ਨ, ਅਹਿਮਦਾਬਾਦ ਦੇ ਖਿਆਤੀ ਹਸਪਤਾਲ 'ਚ ਦਿਲ ਦੇ ਆਪ੍ਰੇਸ਼ਨ ਤੋਂ ਬਾਅਦ ਦੋ ਮਰੀਜ਼ਾਂ ਦੀ ਕਥਿਤ ਮੌਤ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ
    • ਲੇਖਕ, ਭਾਰਗਵ ਪਾਰਿਖ਼
    • ਰੋਲ, ਬੀਬੀਸੀ ਪੱਤਰਕਾਰ

12 ਨਵੰਬਰ ਨੂੰ ਅਹਿਮਦਾਬਾਦ ਦੇ ਕਲੋਲ ਨੇੜੇ ਬੋਰੀਸਾਨਾ ਪਿੰਡ ਦੀਆਂ ਗਲੀਆਂ ਸੁੰਨਸਾਨ ਸਨ।

ਇੱਥੇ ਲੋਕ ਗ੍ਰਾਮ ਪੰਚਾਇਤ ਅਤੇ ਬੜੋਤਵਾਸ ਕੋਲ ਬੈਠੇ ਨਜ਼ਰ ਆਏ। ਬੋਰੀਸਾਨਾ ਵਿੱਚ ਫੈਲੀ ਇਸ ਚੁੱਪ ਦੀ ਸ਼ੁਰੂਆਤ ਅਹਿਮਦਾਬਾਦ ਸਥਿਤ ਖਿਆਤੀ ਮਲਟੀ ਸੁਪਰ ਸਪੈਸ਼ਲਿਟੀ ਹਸਪਤਾਲ ਵਿੱਚ ਹੋਈ ਹੈ।

ਬੋਰੀਸਾਨਾ ਵਿੱਚ ਇੱਕ ਮੈਡੀਕਲ ਕੈਂਪ ਦਾ ਆਯੋਜਨ ਕਰਨ ਤੋਂ ਬਾਅਦ, ਪਿੰਡ ਦੇ 19 ਵਿਅਕਤੀਆਂ ਨੂੰ ਇੱਕ ਬੱਸ ਵਿੱਚ ਅਹਿਮਦਾਬਾਦ ਦੇ ਐੱਸਜੀ ਹਾਈਵੇਅ 'ਤੇ ਬੋਦਕਦੇਵ ਇਲਾਕੇ ਵਿੱਚ ਪੈਂਦੇ ਖਿਆਤੀ ਹਸਪਤਾਲ ਲਿਆਂਦਾ ਗਿਆ।

ਹਸਪਤਾਲ ਵਿੱਚ ਦੋ ਵਿਅਕਤੀਆਂ ਦੀ ਆਯੂਸ਼ਮਾਨ ਭਾਰਤ ਜਾਂ ਪ੍ਰਧਾਨ ਮੰਤਰੀ ਜੇਏਵਾਈ ਗਈ। (ਪ੍ਰਧਾਨ ਮੰਤਰੀ ਜਨ ਅਰੋਗਿਆ ਯੋਜਨਾ) ਦੇ ਤਹਿਤ ਦਿਲ ਵਿੱਚ ਸਟੈਂਟ ਲਗਾਉਣ ਲਈ ਐਂਜੀਓਗ੍ਰਾਫੀ ਅਤੇ ਐਂਜੀਓਪਲਾਸਟੀ ਕੀਤੀ ਗਈ।

ਕਥਿਤ ਤੌਰ 'ਤੇ ਮੌਤਾਂ ਸ਼ੱਕੀ ਹਾਲਾਤਾਂ ਵਿੱਚ ਹੋਈਆਂ ਹਨ।

ਇਸ ਸਾਰੀ ਘਟਨਾ ਦਾ ਉਦੋਂ ਪਤਾ ਲੱਗਾ ਜਦੋਂ ਘਟਨਾ ਤੋਂ ਬਾਅਦ ਪਿੰਡ ਵਾਸੀਆਂ ਅਤੇ ਮ੍ਰਿਤਕ ਦੇ ਰਿਸ਼ਤੇਦਾਰਾਂ ਨੇ ਹਸਪਤਾਲ ਵਿੱਚ ਭੰਨਤੋੜ ਕੀਤੀ। ਪੁਲਿਸ ਅਤੇ ਸੂਬੇ ਦੇ ਸਿਹਤ ਵਿਭਾਗ ਨੇ ਮਾਮਲੇ ਦੀ ਸ਼ਿਕਾਇਤ ਅਤੇ ਜਾਂਚ ਦੇ ਆਦੇਸ਼ ਦਿੱਤੇ ਹਨ।

ਉਧਰ, ਬੋਰੀਸਾਨਾ ਪਿੰਡ ਦੇ ਜ਼ਿਆਦਾਤਰ ਲੋਕ ਪੋਸਟਮਾਰਟਮ ਤੋਂ ਬਾਅਦ ਲਾਸ਼ਾਂ ਲੈਣ ਲਈ ਹਸਪਤਾਲ ਪਹੁੰਚੇ।

ਮ੍ਰਿਤਕਾਂ ਵਿੱਚ 42 ਸਾਲਾ ਮਹੇਸ਼ ਬਾਰੋਟ ਅਤੇ 75 ਸਾਲਾ ਨਾਗਜੀ ਸੇਨਮਾਨੀ ਸਨ। ਬੋਰੀਸਾਨਾ ਪਿੰਡ ਦਾ ਬਾਜ਼ਾਰ ਲਗਭਗ ਬੰਦ ਸੀ।

ਬੀਬੀਸੀ ਪੰਜਾਬੀ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਪਿੰਡ ਵਿੱਚ ਸੋਗ ਦਾ ਮਾਹੌਲ

ਜਦੋਂ ਪਿੰਡੇ ਦੇ ਲੋਕ ਦੇਵਦੀਵਾਲੀ ਮਨਾਉਣ ਲਈ ਤਿਆਰੀ ਕਰ ਰਹੇ ਸਨ ਅਤੇ ਇਸੇ ਵਿਚਾਲੇ ਮਹਾਦੇਵ ਮੰਦਰ ਵਿੱਚ ਖਿਆਤੀ ਹਸਪਤਾਲ ਵੱਲੋਂ ਲਗਾਏ ਗਏ ਮੈਡੀਕਲ ਕੈਂਪ ਵਿੱਚ ਆਪਣੀ ਜਾਂਚ ਕਰਵਾਉਣ ਲਈ ਕਈ ਲੋਕ ਪਹੁੰਚੇ।

ਕੈਂਪ ਵਿੱਚ ਆਯੂਸ਼ਮਾਨ ਕਾਰਡ ਰੱਖਣ ਵਾਲੇ 19 ਲੋਕਾਂ ਨੂੰ ਮੁਫ਼ਤ ਇਲਾਜ ਲਈ ਅਹਿਮਦਾਬਾਦ ਦੇ ਖਿਆਤੀ ਹਸਪਤਾਲ ਲਿਆਂਦਾ ਗਿਆ।

ਦੀਵਾਲੀ ਤੋਂ ਬਾਅਦ, ਮੈਡੀਕਲ ਸਟਾਫ ਅਹਿਮਦਾਬਾਦ ਦੇ ਖਿਆਤੀ ਹਸਪਤਾਲ ਤੋਂ ਆਇਆ ਅਤੇ ਐਤਵਾਰ ਨੂੰ ਪਿੰਡ ਦੇ ਬਾਹਰਵਾਰ ਇੱਕ ਮੰਦਰ ਵਿੱਚ ਕੈਂਪ ਲਗਾਉਣਾ ਚਾਹੁੰਦਾ ਸੀ।

ਬੋਰੀਸਾਨਾ ਗ੍ਰਾਮ ਪੰਚਾਇਤ ਦੇ ਮੈਂਬਰ ਅੰਮ੍ਰਿਤ ਠਾਕੋਰ ਨੇ ਬੀਬੀਸੀ ਨੂੰ ਦੱਸਿਆ, "ਇਸ ਮਸ਼ਹੂਰ ਹਸਪਤਾਲ ਨੇ ਇੱਥੇ ਸਿਹਤ ਅਧਿਕਾਰੀ ਦੀ ਇਜਾਜ਼ਤ ਤੋਂ ਬਿਨਾਂ ਮੈਡੀਕਲ ਕੈਂਪ ਲਗਾਇਆ।"

"ਹਸਪਤਾਲ ਦੇ ਸਟਾਫ਼ ਨੇ ਪਿੰਡ ਦੇ ਲੋਕਾਂ ਨੂੰ ਦੱਸਿਆ ਕਿ ਹੱਡੀਆਂ ਅਤੇ ਗਿੱਟਿਆਂ ਦੇ ਦਰਦ ਤੋਂ ਪੀੜਤ ਬਜ਼ੁਰਗਾਂ ਦਾ ਮੁਫ਼ਤ ਮੈਡੀਕਲ ਚੈਕਅੱਪ ਕੀਤਾ ਜਾਵੇਗਾ। ਐਤਵਾਰ ਨੂੰ ਮਹਾਦੇਵ ਮੰਦਰ 'ਚ ਪਿੰਡ ਦੇ 45 ਲੋਕਾਂ ਦੀ ਜਾਂਚ ਕੀਤੀ ਗਈ।"

ਉਨ੍ਹਾਂ ਨੇ ਅੱਗੇ ਕਿਹਾ, “ਹਸਪਤਾਲ ਦੇ ਸਟਾਫ਼ ਨੇ ਉਨ੍ਹਾਂ ਸਾਰਿਆਂ ਦੇ ਕਾਰਡੀਓਗ੍ਰਾਮ ਵੀ ਲਏ ਜੋ ਅੱਖਾਂ ਦੀਆਂ ਸਮੱਸਿਆਵਾਂ ਜਾਂ ਕੜਵੱਲ ਦੇ ਦਰਦ ਤੋਂ ਪੀੜਤ ਸਨ। ਪਰ ਚੈਕਅਪ ਤੋਂ ਬਾਅਦ ਲਿਖੇ ਗਏ ਪਰਚੀ ਵਿੱਚ ਨਾਮੀ ਹਸਪਤਾਲ ਦੇ ਲੈਟਰਹੈੱਡ ਜਾਂ ਹਸਪਤਾਲ ਦੇ ਨਾਂ ਦਾ ਕੋਈ ਜ਼ਿਕਰ ਨਹੀਂ ਹੈ।"

ਘਟਨਾ ਤੋਂ ਬਾਅਦ ਬੋਰੀਸਾਨਾ ਪਿੰਡ 'ਚ ਸੋਗ ਹੈ

ਤਸਵੀਰ ਸਰੋਤ, BHARGAV PARIKH

ਤਸਵੀਰ ਕੈਪਸ਼ਨ, ਘਟਨਾ ਤੋਂ ਬਾਅਦ ਬੋਰੀਸਾਨਾ ਪਿੰਡ 'ਚ ਸੋਗ ਹੈ

ਬੀਬੀਸੀ ਨੇ ਕੈਂਪ ਵਿੱਚ ਚੈਕਅਪ ਕਰਵਾਉਣ ਵਾਲੇ ਸ਼ਕਰਭਾਈ ਨਾਲ ਗੱਲ ਕੀਤੀ, ਜਿਨ੍ਹਾਂ ਅਗਲੇ ਇਲਾਜ ਲਈ ਅਹਿਮਦਾਬਾਦ ਜਾਣ ਤੋਂ ਇਨਕਾਰ ਕਰ ਦਿੱਤਾ ਸੀ।

ਸ਼ਕਰਭਾਈ ਦੀ ਮੰਦਰ ਦੇ ਸਾਹਮਣੇ ਪਾਨ-ਬੀੜੀ ਦੀ ਦੁਕਾਨ ਹੈ। ਜਦੋਂ ਬੀਬੀਸੀ ਨੇ ਉਨ੍ਹਾਂ ਮੈਡੀਕਲ ਚੈਕਅਪ ਦੇ ਕਾਗ਼ਜ਼ ਦੇਖੇ ਤਾਂ ਖਿਆਤੀ ਹਸਪਤਾਲ ਦਾ ਨਾਮ ਇੱਕ ਕੋਨੇ ਵਿੱਚ ਛੋਟੇ ਅੱਖਰਾਂ ਵਿੱਚ ਲਿਖਿਆ ਹੋਇਆ ਸੀ।

ਬੀਬੀਸੀ ਨਾਲ ਗੱਲ ਕਰਦਿਆਂ ਹੋਇਆ ਸ਼ਕਰਭਾਈ ਨੇ ਦੱਸਿਆ, "ਮੈਂ ਕਈ ਸਾਲਾਂ ਤੋਂ ਅੱਖਾਂ ਦੀ ਜਲਣ ਤੋਂ ਪੀੜਤ ਹਾਂ, 79 ਸਾਲ ਦੀ ਉਮਰ ਵਿੱਚ ਵੀ ਮੇਰੇ ਕੋਲ ਪੜ੍ਹਨ ਜਾਂ ਦੂਰੀ ਦੀਆਂ ਐਨਕਾਂ ਨਹੀਂ ਹਨ।"

"ਪਰ ਉੱਥੇ ਮੈਡੀਕਲ ਕੈਂਪ ਲੱਗਾ ਸੀ ਇਸ ਲਈ ਮੈਂ ਅੱਖਾਂ ਦੀ ਜਾਂਚ ਲਈ ਉੱਥੇ ਚਲਾ ਗਿਆ। ਉੱਥੇ ਉਨ੍ਹਾਂ ਨੇ ਮੇਰੀਆਂ ਅੱਖਾਂ ਦੀ ਜਾਂਚ ਕੀਤੀ ਅਤੇ ਅੱਖਾਂ ਵਿੱਚ ਪਾਉਣ ਵਾਲੀਆਂ ਦੋ ਦਵਾਈਆਂ ਦਿੱਤੀਆਂ। ਡਾਕਟਰ ਭੈਣ ਨੇ ਮੈਨੂੰ ਪੁੱਛਿਆ ਕਿ ਕੀ ਆਯੂਸ਼ਮਾਨ ਕਾਰਡ ਹੈ? ਜਦੋਂ ਮੈਂ ਹਾਂ ਕਿਹਾ, ਤਾਂ ਮੈਨੂੰ ਇੱਕ ਕਮਰੇ ਵਿੱਚ ਜਾ ਕੇ ਕਾਰਡੀਓਗਰਾਮ ਕਰਵਾਉਣ ਲਈ ਕਿਹਾ ਗਿਆ।”

ਉਨ੍ਹਾਂ ਨੇ ਅੱਗੇ ਦੱਸਿਆ, "ਮੈਂ ਉਨ੍ਹਾਂ ਨੂੰ ਕਿਹਾ ਕਿ ਮੈਨੂੰ ਅੱਖਾਂ ਦੀ ਜਲਣ ਤੋਂ ਇਲਾਵਾ ਕੋਈ ਸਮੱਸਿਆ ਨਹੀਂ ਹੈ, ਪਰ ਉਸਨੇ ਮੇਰਾ ਕਾਰਡੀਓਗਰਾਮ ਲੈ ਲਿਆ ਅਤੇ ਕਿਹਾ ਕਿ ਕੱਲ੍ਹ ਹਸਪਤਾਲ ਲਈ ਬੱਸ ਆਵੇਗੀ, ਤੁਸੀਂ ਆਪਣਾ ਆਯੂਸ਼ਮਾਨ ਕਾਰਡ ਲਿਆਓ ਅਤੇ ਵੱਡਾ ਡਾਕਟਰ ਮੁਫ਼ਤ ਵਿੱਚ ਤੁਹਾਡਾ ਇਲਾਜ ਕਰੇਗਾ।"

"ਪਰ ਜੇ ਮੈਨੂੰ ਲੱਗਦਾ ਹੈ ਕਿ ਮੇਰੀਆਂ ਅੱਖਾਂ ਜਲ ਰਹੀਆਂ ਹਨ, ਤਾਂ ਮੈਂ ਛਾਤੀ ਦਾ ਇਲਾਜ ਕਰਵਾ ਕੇ ਕੀ ਕਰਨਾ ਹੈ, ਇਸ ਲਈ ਮੈਂ ਅਹਿਮਦਾਬਾਦ ਨਹੀਂ ਗਿਆ।"

ਪਿੰਡ ਵਿੱਚ ਸਿਹਤ ਕੈਂਪ ਬਾਰੇ ਜਾਣਕਾਰੀ ਦਿੰਦੇ ਬੈਨਰ

ਤਸਵੀਰ ਸਰੋਤ, BHARGAV PARIKH

ਤਸਵੀਰ ਕੈਪਸ਼ਨ, ਪਿੰਡ ਵਿੱਚ ਸਿਹਤ ਕੈਂਪ ਬਾਰੇ ਜਾਣਕਾਰੀ ਦਿੰਦੇ ਬੈਨਰ

ਹਾਲਾਂਕਿ, ਬੋਰੀਸਾਨਾ ਵਿੱਚ ਰਹਿਣ ਵਾਲੀ ਸ਼ੂਗਰ ਦੀ ਮਰੀਜ਼ ਕੋਕਿਲਾਬੇਨ ਮੈਡੀਕਲ ਕੈਂਪ ਵਿੱਚ ਜਾਂਚ ਕਰਵਾਉਣ ਤੋਂ ਬਾਅਦ ਅਗਲੇ ਇਲਾਜ ਲਈ ਅਹਿਮਦਾਬਾਦ ਗਈ ਸੀ।

ਉਨ੍ਹਾਂ ਨੇ ਬੀਬੀਸੀ ਨਾਲ ਗੱਲਬਾਤ ਕਰਦਿਆਂ ਕਿਹਾ, "ਮੈਂ ਸ਼ੂਗਰ ਦੀ ਮਰੀਜ਼ ਹਾਂ, ਮੈਂ ਕੈਂਪ ਵਿੱਚ ਚਲੀ ਗਈ, ਮੈਨੂੰ ਕਿਹਾ ਗਿਆ ਸੀ ਕਿ ਉੱਥੇ ਹਸਪਤਾਲ ਵਿੱਚ ਵਧੀਆ ਡਾਕਟਰ ਹਨ। ਇਸ ਲਈ ਤੁਹਾਨੂੰ ਸਰਕਾਰੀ ਹਸਪਤਾਲ ਨਾਲੋਂ ਵਧੀਆ ਇਲਾਜ ਮਿਲੇਗਾ।"

"ਪਾਣੀ ਅਤੇ ਆਉਣ-ਜਾਣ ਦੀ ਸਹੂਲਤ ਦਿੱਤੀ ਜਾਵੇਗੀ। ਦੋ ਦਿਨਾਂ ਵਿੱਚ ਹਸਪਤਾਲ ਵਿੱਚ ਇਲਾਜ ਤੋਂ ਬਾਅਦ ਘਰ ਭੇਜ ਦੇਵਾਂਗੇ।”

ਇਹ ਸੁਣ ਕੇ ਕੋਕਿਲਾਬੇਨ ਨੇ ਅਹਿਮਦਾਬਾਦ ਜਾਣ ਦਾ ਫ਼ੈਸਲਾ ਕੀਤਾ।

ਉਨ੍ਹਾਂ ਨੇ ਕਿਹਾ, "ਉਨ੍ਹਾਂ ਦੀ ਬੱਸ ਵਿੱਚ ਸਾਡੇ 17 ਲੋਕ ਇੱਥੇ ਲਿਆਂਦੇ ਗਏ, ਮੈਂ ਬੁੱਢੀ ਹਾਂ, ਘਰ ਦਾ ਕੰਮ ਨਹੀਂ ਹੁੰਦਾ। ਸੋਚਿਆ ਜੇ ਇਲਾਜ ਕਰਵਾ ਲਵਾਂਗੇ ਤਾਂ ਠੀਕ ਹੋ ਜਾਵਾਂਗੇ ਅਤੇ ਦੇਵਦਿਵਾਲੀ ʼਤੇ ਘਰ ਮੁੜ ਆਵਾਂਗੇ।"

ਅਹਿਮਦਾਬਾਦ ਪਹੁੰਚਣ ʼਤੇ ਉਨ੍ਹਾਂ ਨਾਲ ਕੀ ਹੋਇਆ ਇਸ ਬਾਰੇ ਦੱਸਦੇ ਹੋਏ ਕੋਕਿਲਬੇਨ ਨੇ ਕਿਹਾ, "ਹਸਪਤਾਲ ਪਹੁੰਚੇ, ਖ਼ੂਨ ਦੇ ਨਮੂਨੇ ਲਏ ਹਏ, ਛਾਤੀ ਦੇ ਤਾਰ ਲਗਾਏ ਅਤੇ ਰਿਪੋਰਟ ਤਿਆਰ ਕੀਤੀ।"

ਇੱਕ ਵਿਸਤ੍ਰਿਤ ਰਿਪੋਰਟ (ਕਾਰਡੀਓਗ੍ਰਾਮ) ਦਿਖਾਈ ਅਤੇ ਕਿਹਾ ਕਿ ਤੁਹਾਡੇ ਦਿਲ ਦੀ ਧੜਕਣ ਤੇਜ਼ ਹੈ, ਇਸ ਲਈ ਤੁਹਾਡਾ ਇਲਾਜ ਕਰਨਾ ਹੋਵੇਗਾ। ਹੱਥਾਂ ʼਤੇ ਵੱਡੀਆਂ ਸੂਈਆਂ ਲਗਾ ਦਿੱਤੀਆਂ ਗਈਆਂ ਅਤੇ ਦਵਾਈਆਂ ਦੇ ਦਿੱਤੀਆਂ ਗਈਆਂ।"

"ਮੈਨੂੰ ਚੱਕਰ ਆਉਣ ਲੱਗੇ, ਪਰ ਡਾਕਟਰ ਨੇ ਕੋਈ ਦਵਾਈ ਨਹੀਂ ਦਿੱਤੀ, ਫਿਰ ਰਾਤੀਂ ਪਤਾ ਲੱਗਾ ਕਿ ਸਾਡੇ ਪਿੰਡ ਦੇ ਨਾਗਜੀ ਸੇਨ ਅਤੇ ਬਾਰੋਟ ਭਾਈ ਦਾ ਦੇਹਾਂਤ ਹੋ ਗਿਆ ਹੈ।"

ਕੇਤਨ ਪਟੇਲ

ਤਸਵੀਰ ਸਰੋਤ, KETAN PATEL

ਤਸਵੀਰ ਕੈਪਸ਼ਨ, ਹਸਪਤਾਲ ਵਿੱਚ ਇਲਾਜ ਕਰਵਾਉਣ ਵਾਲੇ ਹਰੇਕ ਮਰੀਜ਼ ਦੀ ਫਾਈਲ ਨੂੰ ਜ਼ਬਤ ਕਰ ਲਿਆ ਗਿਆ

ਕੋਕਿਲਾਬੇਨ ਦੇ ਨਾਲ ਹੀ ਖਿਆਤੀ ਹਸਪਤਾਲ ਆਈ ਬੋਰਿਸਾਨਾ ਦੀ ਆਨੰਦੀਬੇਨ ਪਟੇਲ ਨੂੰ ਪਿੱਠ, ਗੋਡੇ ਅਤੇ ਲੱਕ ਦੇ ਦਰਦ ਦੀ ਸ਼ਿਕਾਇਤ ਸੀ। ਪਰ ਉਨ੍ਹਾਂ ਨੂੰ ਕਿਹਾ ਗਿਆ ਦਿਲ ਸਬੰਧੀ ਕੁਝ ਸਮੱਸਿਆਵਾਂ ਕਾਰਨ ਉਨ੍ਹਾਂ ਨੂੰ ਲੋੜੀਂਦਾ ਖ਼ੂਨ ਨਹੀਂ ਮਿਲ ਰਿਹਾ।

ਆਨੰਦੀਬੇਨ ਨੇ ਕਿਹਾ, "ਹੱਡੀਆਂ ਵਿੱਚ ਤੇਜ਼ ਦਰਦ ਕਾਰਨ ਮੈਂ ਵੀ ਸਾਰਿਆਂ ਨਾਲ ਹਸਪਤਾਲ ਆਈ ਸੀ। ਦਰਦ ਹੱਡੀ ਦਾ ਸੀ ਪਰ ਵੱਖ-ਵੱਖ ਰਿਪੋਰਟ ਲੈਣ ਤੋਂ ਬਾਅਦ ਦੱਸਿਆ ਗਿਆ ਕਿ ਦਿਲ ਦੀ ਸਮੱਸਿਆ ਕਾਰਨ ਦਰਦ ਹੋ ਰਿਹਾ ਹੈ, ਖ਼ੂਨ ਨਹੀਂ ਮਿਲ ਰਿਹਾ।"

"ਇੰਨਾ ਕਹਿ ਕੇ ਉਨ੍ਹਾਂ ਟੀਕਾ ਲਗਾ ਦਿੱਤਾ। ਮੈਨੂੰ ਘੁਟਣ ਮਹਿਸੂਸ ਹੋਈ ਅਤੇ ਜੀਅ ਕੱਚਾ ਹੋਣ ਲੱਗਾ ਪਰ ਕੋਈ ਦਵਾਈ ਨਹੀਂ ਦਿੱਤੀ ਗਈ। ਸਾਨੂੰ ਬਾਅਦ ਵਿੱਚ ਪਤ ਲੱਗਾ ਕਿ ਸਾਡੇ ਪਿੰਡ ਦੇ ਦੋ ਲੋਕਾਂ ਦੀ ਮੌਤ ਹੋ ਗਈ ਹੈ। ਉਦੋਂ ਤੋਂ ਡਾਕਟਰ ਗਾਇਬ ਹੈ।"

ਹਸਪਤਾਲ ਵਿੱਚ ਇਲਾਜ ਕਰਵਾਉਣ ਵਾਲੇ ਹਰੇਕ ਮਰੀਜ਼ ਦੀ ਫਾਈਲ ਨੂੰ ਜ਼ਬਤ ਕਰ ਲਿਆ ਗਿਆ ਹੈ, ਜਿਸ ਵਿੱਚ ਦਰਸਾਇਆ ਗਿਆ ਹੈ, ਉਸ ਨੂੰ ਕੀ ਇਲਾਜ ਦਿੱਤਾ ਗਿਆ ਅਤੇ ਕਿਹੜੀ ਦਵਾਈ ਦਿੱਤੀ ਗਈ।

ਪਰ ਦੋਵਾਂ ਮਰੀਜ਼ਾਂ ਵੱਲੋਂ ਦਿਖਾਏ ਗਏ ਦੋ ਕਾਰਡਾਂ ਵਿੱਚੋਂ ਇੱਕ ਕਾਰਡ ਦੇ ਤਰੀਕ 11 ਨਵੰਬਰ 12.16 ਵਜੇ ਅਤੇ ਦੂਜੇ ਕਾਰਡ ʼਤੇ ਤਰੀਕ 12.53 ਵਜੇ ਸਮਾਂ ਦਰਜ ਸੀ, ਇਨ੍ਹਾਂ ਦੋਵਾਂ ਵਿੱਚ ਲਾਭਪਾਤਰੀਆਂ ਦੇ ਰੂਪ ਵਿੱਚ ਪੀਐੱਮਜੇਏਵਾਈ ਯੋਜਨਾ ਤਹਿਤ ਇਲਾਜ ਕੀਤੇ ਜਾਣ ਦਾ ਜ਼ਿਕਰ ਕੀਤਾ ਗਿਆ ਸੀ।

 ਅਮ੍ਰਿਤ ਠਾਕੋਰ

ਤਸਵੀਰ ਸਰੋਤ, BHARGAV PARIKH

ਤਸਵੀਰ ਕੈਪਸ਼ਨ, ਪਿੰਡ ਵਾਸੀ ਅਮ੍ਰਿਤ ਠਾਕੋਰ ਅਨੁਸਾਰ ਖਿਆਤੀ ਹਸਪਤਾਲ ਦਾ ਸਟਾਫ਼ ਦੀਵਾਲੀ ਤੋਂ ਪਹਿਲਾਂ ਹੀ ਮੈਡੀਕਲ ਕੈਂਪਾਂ ਲਈ ਨੇੜਲੇ ਪਿੰਡਾਂ ਵਿੱਚ ਜਾਂਦਾ ਸੀ
ਇਹ ਵੀ ਪੜ੍ਹੋ-

ਪਿੰਡ ਦਾ ਮਾਹੌਲ

ਪਿੰਡ ਦੇ ਸਾਬਕਾ ਸਰਪੰਚ ਨਾਨੂਜੀ ਠਾਕੋਰ ਅਤੇ ਪੰਚਾਇਤ ਮੈਂਬਰ ਅਮ੍ਰਿਤ ਠਾਕੋਰ ਮ੍ਰਿਤਰਾਂ ਦੇ ਦਾਹ ਸੰਸਕਾਰ ਦੀਆਂ ਤਿਆਰੀਆਂ ਲਈ ਅਹਿਮਾਬਾਦ ਤੋਂ ਵਾਪਸ ਪਿੰਡ ਪਰਤੇ ਸਨ।

ਅਮ੍ਰਿਤ ਠਾਕੋਰ ਦਾ ਕਹਿਣਾ ਹੈ, "ਇਸ ਮਸ਼ਹੂਰ ਹਸਪਤਾਲ ਦੇ ਲੋਕ ਨੇੜਲੇ ਪਿੰਡਾਂ ਵਿੱਚ ਕੈਂਪ ਲਗਾਉਣ ਲਈ ਜਾ ਰਹੇ ਸਨ ਪਰ ਉਨ੍ਹਾਂ ਨੂੰ ਭਰੋਸਾ ਨਹੀਂ ਦਿੱਤਾ ਗਿਆ। ਇਸ ਦਿਵਾਲੀ ਮੌਕੇ ਜਦੋਂ ਸਾਡੇ ਪਿੰਡ ਦੇ ਮੰਦਰ ਵਿੱਚ ਬੈਠੇ ਬਜ਼ੁਰਗਾਂ ਨੂੰ ਕੈਂਪ ਲਈ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਇਜਾਜ਼ਤ ਦੇ ਦਿੱਤੀ।"

"ਕਰੀਬ 3100 ਲੋਕਾਂ ਦੀ ਆਬਾਦੀ ਵਾਲੇ ਇਸ ਪਿੰਡ ਦੇ ਲੋਕ ਜ਼ਿਆਦਾਤਰ ਖੇਤੀ ਨਾਲ ਜੁੜੇ ਹੋਏ ਹਨ। ਇਸ ਤੋਂ ਇਲਾਵਾ ਕੁਝ ਨੇੜਲੀਆਂ ਫੈਕਟਰੀਆਂ ਵਿੱਚ ਕੰਮ ਕਰਦੇ ਹਨ। ਇਸ ਲਈ ਪਿੰਡ ਆਰਥਿਕ ਤੌਰ ʼਤੇ ਇਨ੍ਹਾਂ ਮਜ਼ਬੂਤ ਨਹੀਂ ਹੈ।"

ਉਹ ਅੱਗੇ ਦੱਸਦੇ ਹਨ, "ਉਸ ਲਈ ਹਸਪਤਾਲ ਨੇ ਮੁਫ਼ਤ ਇਲਾਜ ਦੇ ਨਾਮ ʼਤੇ ਬਜ਼ੁਗਰਾਂ ਨੂੰ ਝਾਂਸੇ ਵਿੱਚ ਲੈ ਲਿਆ ਅਤੇ ਪਰਿਵਾਰ ਵਾਲਿਆਂ ਦੀ ਜਾਣਕਾਰੀ ਦੇ ਬਿਨਾਂ ਉਨ੍ਹਾਂ ਐਨਜਿਓਪਲਾਸਟੀ ਕਰ ਦਿੱਤੀ, ਜਿਸ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ।"

ਇਸ ਪਿੰਡ ਦੇ ਸਾਬਕਾ ਸਰਪੰਚ ਨਾਨੂਜੀ ਠਾਕੋਰ ਦਾ ਕਹਿਣਾ ਹੈ ਦੋ ਲੋਕਾਂ ਦੀ ਮੌਤ ਦੀ ਘਟਨਾ ਤੋਂ ਬਾਅਦ ਪਿੰਡ ਗੁੱਸੇ ਵਿੱਚ ਹੈ।

ਉਨ੍ਹਾਂ ਨੇ ਦੱਸਿਆ, "ਇਨ੍ਹਾਂ ਦੋ ਮੌਤਾਂ ਕਾਰਨ ਪਿੰਡ ਵਿੱਚ ਭਾਰੀ ਰੋਸ ਹੈ। ਮ੍ਰਿਤਕਾਂ ਦੇ ਪਰਿਵਾਰ ਵਾਲਿਆਂ ਨੂੰ ਮਰੀਜ਼ਾਂ ਦੀ ਹਾਲਤ ਖ਼ਰਾਬ ਹੋਣ ਦੀ ਸੂਚਨਾ ਮਿਲੀ। ਇਸ ਲਈ ਉਹ ਉਥੇ ਗਏ ਪਰ ਜਦੋਂ ਪਿੰਡ ਨੂੰ ਪਤਾ ਲੱਗਾ ਕਿ 19 ਲੋਕ ਅਹਿਮਦਾਬਾਦ 'ਚ ਭਰਤੀ ਹਨ ਤਾਂ ਉਨ੍ਹਾਂ ਦੇ ਰਿਸ਼ਤੇਦਾਰ ਅਤੇ ਪਿੰਡ ਦੇ ਹੋਰ ਲੋਕ ਵੀ ਹਸਪਤਾਲ ਪਹੁੰਚ ਗਏ।"

ਉਨ੍ਹਾਂ ਨੇ ਅੱਗੇ ਕਿਹਾ, “ਉਨ੍ਹਾਂ ਦੇ ਰਿਸ਼ਤੇਦਾਰ ਇਹ ਜਾਣ ਕੇ ਪਰੇਸ਼ਾਨ ਹੋ ਗਏ ਕਿ ਆਈਸੀਯੂ ਵਿੱਚ ਪੰਜ ਹੋਰ ਲੋਕ ਹਨ। ਡਾਕਟਰ ਦੇ ਅਣਉੱਚਿਤ ਜਵਾਬ ਕਾਰਨ ਝਗੜਾ ਹੋ ਗਿਆ। ਇਹ ਖ਼ਬਰ ਮਿਲਦੇ ਹੀ ਅਸੀਂ ਅਹਿਮਦਾਬਾਦ ਗਏ ਅਤੇ ਹਾਲਾਤ ਨੂੰ ਕਾਬੂ ਕੀਤਾ। ਇਸ ਤੋਂ ਬਾਅਦ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜਿਆ ਗਿਆ। ਇਸ ਸਾਲ ਪਿੰਡ ਵਿੱਚ ਦੇਵਦੀਵਾਲੀ ਨਹੀਂ ਮਨਾਈ ਜਾਵੇਗੀ।"

ਦੋ ਵਿਅਕਤੀਆਂ ਦੀ ਮੌਤ ਕਾਰਨ ਪਿੰਡ ਵਿੱਚ ਰੋਸ ਹੈ

ਤਸਵੀਰ ਸਰੋਤ, BHARGAV PARIKH

ਤਸਵੀਰ ਕੈਪਸ਼ਨ, ਦੋ ਵਿਅਕਤੀਆਂ ਦੀ ਮੌਤ ਕਾਰਨ ਪਿੰਡ ਵਿੱਚ ਰੋਸ ਹੈ

ਮ੍ਰਿਤਕਾਂ ਦੇ ਪਰਿਵਾਰ ਵਾਲਿਆਂ ਨੇ ਕੀ ਕਿਹਾ

ਇਸ ਘਟਨਾ ਵਿੱਚ ਬੋਰੀਸਾਨਾ ਪਿੰਡ ਦੇ 42 ਸਾਲਾ ਮਹੇਸ਼ ਬਾਰੋਟ ਦੀ ਮੌਤ ਹੋ ਗਈ ਹੈ। ਉਨ੍ਹਾਂ ਦੇ ਚਾਚਾ ਬਲਦੇਵਭਾਈ ਪਿੰਡ ਬਰੋਟਵਾਸ ਵਿੱਚ ਮੁਕੇਸ਼ਭਾਈ ਦੇ ਘਰ ਦੇ ਬਾਹਰ ਬੈਠੇ ਸਨ।

ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ, “ਮਹੇਸ਼ਭਾਈ ਪਲਾਸਟਿਕ ਫੈਕਟਰੀ ਵਿੱਚ ਕੰਮ ਕਰਨ ਲਈ ਚਾਰ ਕਿਲੋਮੀਟਰ ਸਾਈਕਲ ਚਲਾਉਂਦੇ ਸਨ। ਉਹ ਛੋਟੀ ਉਮਰ ਦੇ ਹੀ ਸਨ ਜਦੋਂ ਉਨ੍ਹਾਂ ਮਾਤਾ-ਪਿਤਾ ਦਾ ਦੇਹਾਂਤ ਹੋ ਗਿਆ ਸੀ।"

"ਅਸੀਂ ਉਸ ਨੂੰ ਗਰੀਬੀ ਵਿੱਚ ਪਾਲਿਆ, ਉਹ ਘਰੋਂ ਸਿਰਫ ਡਾਕਟਰੀ ਜਾਂਚ ਨਿਕਲਿਆ ਅਤੇ ਉਸਦੀ ਮੌਤ ਹੋ ਗਈ। ਉਹ ਸਾਡੇ ਪੂਰੇ ਬੜੋਤਵਾਸ ਵਿੱਚ ਲੋਕਾਂ ਦਾ ਚਹੇਤਾ ਸੀ ਜਿਸ ਕਰਕੇ ਪਿੰਡ ਦੇ ਲੋਕਾਂ ਨੇ ਸੋਗ ਮਨਾਉਣ ਦੀ ਬਜਾਏ ਦੇਵਦੀਵਾਲੀ ਮਨਾਉਣ ਦਾ ਫੈਸਲਾ ਕੀਤਾ ਹੈ।"

ਇੱਕ ਹੋਰ ਮ੍ਰਿਤਕ ਨਾਗਜੀਭਾਈ ਸੇਨਮਾ ਦੇ ਪੁੱਤਰ ਭਰਤ ਸੇਨਮਾ ਆਪਣੇ ਪਿਤਾ ਦੀ ਮ੍ਰਿਤਕ ਦੇਹ ਲੈਣ ਲਈ ਅਹਿਮਦਾਬਾਦ ਵਿੱਚ ਸਨ, ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ, "ਮੇਰੇ ਪਿਤਾ ਖੇਤੀ ਮਜ਼ਦੂਰ ਸਨ, ਉਨ੍ਹਾਂ ਨੂੰ ਕੋਈ ਬਿਮਾਰੀ ਨਹੀਂ ਸੀ।"

"ਉਮਰ ਕਾਰਨ ਹੌਲੀ ਕੰਮ ਕਰਦੇ ਸਨ, ਪਰ ਇਸ ਮੈਡੀਕਲ ਕੈਂਪ ਵਿੱਚ ਉਨ੍ਹਾਂ ਨੂੰ ਕਿਹਾ ਗਿਆ ਉਹ 60 ਸਾਲ ਦੇ ਹੋ ਗਏ ਹਨ ਇਸ ਲਈ ਬੌਡੀ ਚੈਕਅਪ ਲਈ ਆਉਣ। ਪਿੰਡ ਦੇ ਲੋਕਾਂ ਨੂੰ ਕਹੋ ਕਿ ਮੁਫ਼ਤ ਇਲਾਜ ਹੋਵੇਗਾ, ਉਹ ਆਉਣਗੇ, ਪਰ ਡਾਕਟਰ ਪ੍ਰਧਾਨ ਮੰਤਰੀ ਦੀ ਇਸ ਯੋਜਨਾ ਵਿੱਚ ਪੰਜ ਲੱਖ ਰੁਪਏ ਤੱਕ ਦੇ ਇਲਾਜ ਦੀ ਗੱਲ ਕਹਿ ਕੇ ਵਿਚਾਲੇ ਹੀ ਪੈਸੇ ਲੈ ਲੈਂਦੇ ਹੈ।"

ਮੈਡੀਕਲ ਕੈਂਪ ਦੌਰਾਨ ਮਰੀਜ਼ ਕੇਸ ਪੇਪਰ ਦਿੰਦੇ ਹੋਏ

ਤਸਵੀਰ ਸਰੋਤ, BHARGAV PARIKH

ਤਸਵੀਰ ਕੈਪਸ਼ਨ, ਮੈਡੀਕਲ ਕੈਂਪ ਦੌਰਾਨ ਮਰੀਜ਼ ਕੇਸ ਪੇਪਰ ਦਿੰਦੇ ਹੋਏ

ਸਰਕਾਰ ਅਤੇ ਮੈਡੀਕੋ-ਲੀਗਲ ਮਾਹਰ ਕੀ ਕਹਿੰਦੇ ਹਨ

ਅਹਿਮਦਾਬਾਦ ਨਗਰ ਨਿਗਮ ਦੇ ਸਿਹਤ ਅਧਿਕਾਰੀ ਭਾਵਿਨ ਸੋਲੰਕੀ ਨੇ ਬੀਬੀਸੀ ਨੂੰ ਦੱਸਿਆ, "ਸਾਨੂੰ ਪਿੰਡ ਦੇ ਲੋਕਾਂ ਤੋਂ ਸ਼ਿਕਾਇਤ ਮਿਲੀ ਹੈ ਅਤੇ ਅਸੀਂ ਹਸਪਤਾਲ ਪ੍ਰਬੰਧਨ ਨੂੰ ਫ਼ੋਨ ਕਰ ਕੇ ਸਾਰੀ ਜਾਣਕਾਰੀ ਲੈ ਰਹੇ ਹਾਂ।"

"ਕੀ ਮਰੀਜ਼ ਦੇ ਪਰਿਵਾਰ ਦੀ ਸਹਿਮਤੀ ਸੀ? ਕਿੰਨੀਆਂ ਸਰਜਰੀਆਂ ਦੀ ਲੋੜ ਸੀ? ਕਿਸ ਡਾਕਟਰ ਨੇ ਕਿਹੜੀ ਪ੍ਰਕਿਰਿਆ ਕੀਤੀ ਹੈ, ਉਸ ਦੀ ਪਰਚੀ ਅਤੇ ਰਿਪੋਰਟ ਦੀ ਤਸਦੀਕ ਕੀਤੀ ਜਾਵੇਗੀ। ਇਸ ਦੀ ਪੜਤਾਲ ਉਪਰੰਤ ਤੁਰੰਤ ਰਿਪੋਰਟ ਤਿਆਰ ਕਰਕੇ ਅਗਲੀ ਕਾਰਵਾਈ ਕੀਤੀ ਜਾਵੇਗੀ।"

ਗੁਜਰਾਤ ਦੇ ਸਿਹਤ ਮੰਤਰੀ ਰਿਸ਼ੀਕੇਸ਼ ਪਟੇਲ ਨੇ ਬੀਬੀਸੀ ਨੂੰ ਦੱਸਿਆ, "ਇਹ ਹਸਪਤਾਲ 2021 ਤੋਂ ਆਯੁਸ਼ਮਾਨ ਕਾਰਡ ਅਤੇ ਮੁੱਖ ਮੰਤਰੀ ਅਮ੍ਰਿਤਮ (ਮਾ) ਕਾਰਡ ਦੇ ਤਹਿਤ ਕਵਰ ਕੀਤਾ ਗਿਆ ਸੀ। ਸਾਰੇ ਪਹਿਲੂਆਂ ਦੀ ਜਾਂਚ ਦੇ ਹੁਕਮ ਦਿੱਤੇ ਗਏ ਹਨ ਕਿ ਕਿੰਨੇ ਆਪ੍ਰੇਸ਼ਨ ਸਰਕਾਰੀ ਨਿਯਮਾਂ ਅਨੁਸਾਰ ਕੀਤੇ ਗਏ ਹਨ ਅਤੇ ਕਿੰਨੇ ਮਾਪਦੰਡਾਂ ਅਨੁਸਾਰ ਕੀਤੇ ਗਏ ਹਨ।"

ਇਸ ਮਾਮਲੇ ਵਿੱਚ, ਅਜੇ ਤੱਕ ਆਪ੍ਰੇਸ਼ਨ ਦਾ ਦਾਅਵਾ ਪੇਸ਼ ਨਹੀਂ ਕੀਤਾ ਗਿਆ ਹੈ। ਸਾਰੇ ਮਾਮਲਿਆਂ ਦੀ ਜਾਂਚ ਦੇ ਆਦੇਸ਼ ਦਿੱਤੇ ਗਏ ਹਨ, ਹੋਰ ਕਿੰਨੇ ਦਾਅਵੇ ਬਾਕੀ ਹਨ ਅਤੇ ਪਿਛਲੇ ਸਾਰੇ ਆਪ੍ਰੇਸ਼ਨ ਦਾਅਵਿਆਂ ਦੀ ਜਾਂਚ ਕੀਤੀ ਜਾ ਰਹੀ ਹੈ।

ਮੈਡੀਕਲ ਟੀਮ ਦੋਵਾਂ ਮ੍ਰਿਤਕਾਂ ਦੀ ਪੋਸਟਮਾਰਟਮ ਰਿਪੋਰਟ ਅਤੇ ਇਲਾਜ ਦੀ ਜਾਂਚ ਕਰ ਰਹੀ ਹੈ। ਰਿਪੋਰਟ ਜਲਦੀ ਹੀ ਆ ਜਾਵੇਗੀ ਅਤੇ ਇਸ ਦੇ ਆਉਣ 'ਤੇ ਲੋੜੀਂਦੀ ਕਾਰਵਾਈ ਕੀਤੀ ਜਾਵੇਗੀ।

ਸਿਹਤ ਮੰਤਰੀ ਨੇ ਬੁੱਧਵਾਰ ਨੂੰ ਕਿਹਾ ਕਿ ਸਰਕਾਰੀ ਸੁਪਰ ਸਪੈਸ਼ਲਿਟੀ ਹਸਪਤਾਲਾਂ ਲਈ ਸਟੈਂਡਰਡ ਓਪਰੇਟਿੰਗ ਪ੍ਰੋਸੀਜਰ (ਐੱਸਓਪੀ) ਤਿਆਰ ਕੀਤਾ ਜਾਵੇਗਾ।

ਮਾਮਲੇ ਦੀ ਜਾਂਚ ਕਰ ਰਹੀ ਸੈਕਟਰ ਇੱਕ ਦੀ ਇੰਚਾਰਜ ਡੀਸੀਪੀ ਨੀਟਾ ਚੌਧਰੀ ਨੇ ਬੀਬੀਸੀ ਨੂੰ ਦੱਸਿਆ, "ਅਸੀਂ ਅਜੇ ਦੁਰਘਟਨਾ ਮੌਤ ਦਾ ਮਾਮਲਾ ਦਰਜ ਕਰ ਲਿਆ ਹੈ, ਮੈਡੀਕਲ ਮਾਹਰਾਂ ਦੀ ਟੀਮ ਦੀ ਮਦਦ ਲਈ ਜਾ ਰਹੀ ਹੈ। ਪੋਸਟਮਾਰਟਮ ਰਿਪੋਰਟ ਅਤੇ ਮੈਡੀਕਲ ਮਾਹਰਾਂ ਦੀ ਰਿਪੋਰਟ ਤੋਂ ਬਾਅਦ ਮੈਡੀਕਲ ਲਾਪਰਵਾਹੀ ਦਾ ਮਾਮਲਾ ਵੀ ਦਰਜ ਕੀਤਾ ਜਾਵੇਗਾ।"

ਮੁਕੇਸ਼ ਜੋਸ਼ੀ, ਜਿਨ੍ਹਾਂ ਨੇ ਇੱਕ ਡਾਕਟਰੀ-ਵਿਗਿਆਨੀ ਮਾਹਰ ਜਿਸ ਨੇ ਡਾਕਟਰਾਂ ਦੁਆਰਾ ਡਾਕਟਰੀ ਲਾਪਰਵਾਹੀ ਅਤੇ ਡਾਕਟਰੀ ਦੁਰਵਿਹਾਰ ਨਾਲ ਸਬੰਧਤ ਕਾਨੂੰਨੀ ਕੇਸ ਲੜਨ ਲਈ ਇੱਕ ਵਕੀਲ ਵਜੋਂ ਆਪਣੀ ਵਿਸ਼ੇਸ਼ ਮੈਡੀਕਲ ਪ੍ਰੈਕਟਿਸ ਛੱਡ ਦਿੱਤੀ।

ਮੁਕੇਸ਼ ਜੋਸ਼ੀ ਨੇ ਬੀਬੀਸੀ ਨੂੰ ਦੱਸਿਆ, “ਸੁਪਰੀਮ ਕੋਰਟ ਦੇ ਫ਼ੈਸਲੇ ਦੇ ਕਾਰਨ, ਮੈਡੀਕਲ ਲਾਪਰਵਾਹੀ ਦਾ ਕੇਸ ਦਰਜ ਕਰਨ ਤੋਂ ਪਹਿਲਾਂ ਇੱਕ ਮੈਡੀਕਲ ਕਮੇਟੀ ਦੀ ਰਿਪੋਰਟ ਦੀ ਲੋੜ ਹੁੰਦੀ ਹੈ।"

"ਉਸ ਰਿਪੋਰਟ ਦੇ ਆਧਾਰ 'ਤੇ ਮੈਡੀਕਲ ਲਾਪਰਵਾਹੀ ਦਾ ਅਪਰਾਧਿਕ ਮਾਮਲਾ ਦਰਜ ਕੀਤਾ ਜਾਂਦਾ ਹੈ ਅਤੇ ਉਸ ਤੋਂ ਬਾਅਦ ਹੀ ਚਾਰਜਸ਼ੀਟ ਦਾਇਰ ਕੀਤੀ ਜਾਂਦੀ ਹੈ। ਕਿਉਂਕਿ ਅਜਿਹੇ ਮਾਮਲਿਆਂ ਵਿੱਚ ਕਾਨੂੰਨੀ ਪ੍ਰਕਿਰਿਆ ਲੰਬੀ ਹੁੰਦੀ ਹੈ, ਇਸ ਲਈ ਮਰੀਜ਼ਾਂ ਨੂੰ ਜਲਦੀ ਨਿਆਂ ਮਿਲਣਾ ਮੁਸ਼ਕਲ ਹੋ ਜਾਂਦਾ ਹੈ।"

ਉਨ੍ਹਾਂ ਅੱਗੇ ਕਿਹਾ, "ਹਾਲਾਂਕਿ ਸੁਪਰੀਮ ਕੋਰਟ ਨੇ ਸਰਕਾਰ ਨੂੰ ਡਾਕਟਰੀ ਲਾਪਰਵਾਹੀ ਨੂੰ ਅਪਰਾਧਿਕ ਅਪਰਾਧ ਬਣਾਉਣ ਲਈ ਤੁਰੰਤ ਕਾਨੂੰਨ ਬਣਾਉਣ ਦੇ ਨਿਰਦੇਸ਼ ਦਿੱਤੇ ਹਨ, ਪਰ ਇਸ ਨੂੰ ਅਜੇ ਤੱਕ ਲਾਗੂ ਨਹੀਂ ਕੀਤਾ ਗਿਆ ਹੈ, ਜਿਸ ਨਾਲ ਡਾਕਟਰਾਂ ਨੂੰ ਅਜਿਹੇ ਮਾਮਲਿਆਂ ਵਿੱਚ ਮੌਜੂਦਾ ਪ੍ਰਕਿਰਿਆ ਵਿੱਚ ਕਮੀਆਂ ਦਾ ਲਾਹਾ ਲੈਣਾ ਸੌਖਾ ਹੈ।"

ਇਹ ਵੀ ਪੜ੍ਹੋ-

(ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)