ਕੈਨੇਡਾ: ਬਰੈਂਪਟਨ ਦੇ ਮੰਦਰ ਅੱਗੇ ਹਿੰਸਕ ਪ੍ਰਦਰਸ਼ਨ ਮਾਮਲੇ ’ਚ 3 ਗ੍ਰਿਫ਼ਤਾਰ, ਜਸਟਿਨ ਟਰੂਡੋ ਤੇ ਬਿੱਟੂ ਨੇ ਕੀ ਕਿਹਾ

ਤਸਵੀਰ ਸਰੋਤ, Hindu Sabha Mandir
ਕੈਨੇਡਾ ਦੇ ਬਰੈਂਪਟਨ ਵਿੱਚ ਹਿੰਦੂ ਸਭਾ ਮੰਦਰ ਦੇ ਬਾਹਰ ਹੋਈ ਹਿੰਸਾ ਦੇ ਮਾਮਲੇ ਵਿੱਚ ਪੀਲ ਰੀਜਨਲ ਪੁਲਿਸ ਨੇ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕਰਨ ਦੀ ਪੁਸ਼ਟੀ ਕੀਤੀ ਹੈ।
ਪੁਲਿਸ ਨੇ ਆਪਣੇ ਐਕਸ ਹੈਂਡਲ (ਪਹਿਲਾਂ ਟਵਿੱਟਰ) ਉੱਤੇ ਇਸ ਬਾਰੇ ਜਾਣਕਾਰੀ ਦਿੱਤੀ ਹੈ। ਗ੍ਰਿਫ਼ਤਾਰ ਕੀਤੇ ਗਏ ਲੋਕਾਂ ਉੱਤੇ ਕਾਰਵਾਈ ਤਹਿਤ ਚਾਰਜ਼ ਵੀ ਲਗਾਏ ਗਏ ਹਨ।
ਐਕਸ ਉੱਤੇ ਸਾਂਝੀ ਕੀਤੀ ਜਾਣਕਾਰੀ ਵਿੱਚ ਲਿਖਿਆ ਹੈ,"ਪ੍ਰਦਰਸ਼ਨਾਂ ਦੇ ਨਤੀਜੇ ਵੱਜੋਂ, ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਉਨ੍ਹਾਂ ਉੱਤੇ ਅਪਰਾਧਿਕ ਤੌਰ 'ਤੇ ਇਲਜ਼ਾਮ ਲਗਾਏ ਗਏ ਹਨ।"
"ਅਜਿਹੀਆਂ ਅਪਰਾਧਿਕ ਗਤੀਵਿਧੀਆਂ ਦੀ ਜਾਂਚ ਸਾਡੇ 21 ਡਿਵੀਜ਼ਨ ਕ੍ਰਿਮੀਨਲ ਇਨਵੈਸਟੀਗੇਸ਼ਨ ਬਿਊਰੋ ਅਤੇ 12 ਡਵੀਜ਼ਨ ਕ੍ਰਿਮੀਨਲ ਇਨਵੈਸਟੀਗੇਸ਼ਨ ਬਿਊਰੋ ਮਿਲ ਕੇ ਕਰ ਰਹੇ ਹਨ।"

ਤਸਵੀਰ ਸਰੋਤ, @PeelPolice/X
ਉਧਰ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਬਰੈਂਪਟਨ ਹਿੰਦੂ ਸਭਾ ਮੰਦਰ ਦੇ ਬਾਹਰ ਹੋਈ ਹਿੰਸਾ ਦੀ ਨਿਖੇਧੀ ਕਰਦਿਆਂ ਇਸ ਨੂੰ ''ਨਾ-ਸਹਿਣਯੋਗ'' ਦੱਸਿਆ ਹੈ।
ਟਰੂਡੋ ਨੇ ਸੋਸ਼ਲ ਮੀਡੀਆ ਸਾਇਟ ਐਕਸ ਉੱਤੇ ਪੋਸਟ ਰਾਹੀ ਲਿਖਿਆ, ‘‘ਬਰੈਂਪਟਨ ਦੇ ਹਿੰਦੂ ਮੰਦਰ ਦੇ ਬਾਹਰ ਹੋਈ ਹਿੰਸਾ ਨਾ ਸਹਿਣਯੋਗ ਹੈ। ਸਾਰੇ ਕੈਨੇਡੀਅਨਾਂ ਨੂੰ ਆਪਣੀ ਆਸਥਾ ਮੁਤਾਬਕ ਆਪਣੇ ਰੀਤੀ ਰਿਵਾਜ਼ ਅਜ਼ਾਦੀ ਅਤੇ ਸੁਰੱਖਿਆ ਨਾਲ ਮਨਾਉਣ ਦੀ ਅਜ਼ਾਦੀ ਹੈ। ਕਮਿਊਨਿਟੀ ਦੀ ਸੁਰੱਖਿਆ ਅਤੇ ਮਾਮਲੇ ਦੀ ਜਾਂਚ ਲਈ ਚੌਕਸੀ ਦਿਖਾਉਣ ਲ਼ਈ ਪੀਲ ਪੁਲਿਸ ਦਾ ਧੰਨਵਾਦ।’’
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਇਹ ਬਿਆਨ ਐਤਵਾਰ ਬਾਅਦ ਦੁਪਹਿਰ ਹਿੰਦੂ ਸਭਾ ਮੰਦਰ ਦੇ ਬਾਹਰ ਹੋਏ ਹਿੰਸਕ ਮੁਜਾਹਰੇ ਦੀ ਨਿਖੇਧੀ ਕਰਦਿਆਂ ਆਇਆ ਹੈ।
ਟੋਰਾਂਟੋ ਵਿਚਲੇ ਭਾਰਤੀ ਹਾਈ ਕਮਿਸ਼ਨ ਦੇ ਬਿਆਨ ਮੁਤਾਬਕ ਮੰਦਰ ਦੀ ਹਦੂਦ ਵਿੱਚ ਕੌਂਸਲਰ ਕੈਂਪ ਲਗਾਇਆ ਗਿਆ ਸੀ, ਜਿਸ ਦੌਰਾਨ ਭਾਰਤ ਵਿਰੋਧੀ ਤੱਤਾਂ ਨੇ ਵਿਘਨ ਪਾਇਆ।
ਬਿਆਨ ਮੁਤਾਬਕ ਕੌਂਸਲੇਟ ਨੇ ਮੰਦਰ ਵਿੱਚ ਸੁਰੱਖਿਆ ਲਈ ਕਿਹਾ ਸੀ। ਉੱਥੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਨਹੀਂ ਸਨ।
ਇਸੇ ਦੌਰਾਨ ਓਂਟਾਰੀਓ ਸਿੱਖ ਐਂਡ ਗੁਰਦੁਆਰਾ ਕੌਂਸਲ ਨੇ ਬਿਆਨ ਜਾਰੀ ਕਰਕੇ ਹਿੰਸਾ ਦੀ ਨਿੰਦਾ ਕੀਤੀ ਹੈ।

ਘਟਨਾ ʼਤੇ ਭਾਰਤ ਦੀ ਪ੍ਰਤੀਕਿਰਿਆ
ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਬਾਰੇ ਆਪਣੀ ਪ੍ਰਤੀਕਿਰਿਆ ਦਿੰਦਿਆਂ ਇਸ ਦੀ ਨਿੰਦਾ ਕੀਤੀ ਹੈ।
ਉਨ੍ਹਾਂ ਨੇ ਆਪਣੇ ਐਕਸ ਹੈਂਡਲ ʼਤੇ ਲਿਖਿਆ ਹੈ, "ਮੈਂ ਕੈਨੇਡਾ ਵਿੱਚ ਇੱਕ ਹਿੰਦੂ ਮੰਦਰ ਉੱਤੇ ਜਾਣਬੁੱਝ ਕੇ ਕੀਤੇ ਗਏ ਹਮਲੇ ਦੀ ਸਖ਼ਤ ਨਿੰਦਾ ਕਰਦਾ ਹਾਂ।"
"ਸਾਡੇ ਡਿਪਲੋਮੈਟਾਂ ਨੂੰ ਡਰਾਉਣ ਦੀ ਕਾਇਰਤਾ ਭਰੀ ਕੋਸ਼ਿਸ਼ ਵੀ ਓਨੀ ਹੀ ਭਿਆਨਕ ਹੈ। ਹਿੰਸਾ ਦੀਆਂ ਅਜਿਹੀਆਂ ਕਾਰਵਾਈਆਂ ਭਾਰਤ ਦੇ ਸੰਕਲਪ ਨੂੰ ਕਦੇ ਵੀ ਕਮਜ਼ੋਰ ਨਹੀਂ ਕਰ ਸਕਦੀਆਂ। ਅਸੀਂ ਉਮੀਦ ਕਰਦੇ ਹਾਂ ਕਿ ਕੈਨੇਡੀਅਨ ਸਰਕਾਰ ਨਿਆਂ ਯਕੀਨੀ ਬਣਾਏਗੀ ਅਤੇ ਕਾਨੂੰਨ ਦੇ ਰਾਜ ਨੂੰ ਬਰਕਰਾਰ ਰੱਖੇਗੀ।"

ਤਸਵੀਰ ਸਰੋਤ, @narendramodi/X
ਬਰੈਂਮਟਨ ਵਿੱਚ ਹੋਈ ਘਟਨਾ ਬਾਰੇ ਭਾਰਤੀ ਵਿਦੇਸ਼ ਮੰਤਰਾਲੇ ਨੇ ਵੀ ਆਪਣੀ ਪ੍ਰਤੀਕਿਰਿਆ ਦਿੱਤੀ ਹੈ।
ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜਾਇਸਵਾਲ ਇਸ ਬਾਰੇ ਬੋਲਦਿਆਂ ਕਿਹਾ ਕਿ ਉਹ ਘਟਨਾ ਦੀ ਨਿੰਦਾ ਕਰਦੇ ਹਨ।
ਉਨ੍ਹਾਂ ਨੇ ਕਿਹਾ, "ਅਸੀਂ ਕੱਲ੍ਹ ਓਨਟਾਰੀਓ ਦੇ ਬਰੈਂਪਟਨ ਵਿੱਚ ਹਿੰਦੂ ਸਭਾ ਮੰਦਿਰ ਵਿੱਚ ਕੱਟੜਪੰਥੀਆਂ ਅਤੇ ਵੱਖਵਾਦੀਆਂ ਵੱਲੋਂ ਕੀਤੀਆਂ ਗਈਆਂ ਹਿੰਸਕ ਕਾਰਵਾਈਆਂ ਦੀ ਨਿੰਦਾ ਕਰਦੇ ਹਾਂ।"
"ਅਸੀਂ ਕੈਨੇਡਾ ਸਰਕਾਰ ਨੂੰ ਇਹ ਯਕੀਨੀ ਬਣਾਉਣ ਲਈ ਕਹਿੰਦੇ ਹਾਂ ਕਿ ਸਾਰੇ ਧਾਰਮਿਕ ਸਥਾਨਾਂ ਨੂੰ ਅਜਿਹੇ ਹਮਲਿਆਂ ਤੋਂ ਸੁਰੱਖਿਅਤ ਰੱਖਿਆ ਜਾਵੇ। ਅਸੀਂ ਇਹ ਵੀ ਆਸ ਕਰਦੇ ਹਾਂ ਕਿ ਹਿੰਸਾ ਵਿੱਚ ਸ਼ਾਮਲ ਲੋਕਾਂ 'ਤੇ ਮੁਕੱਦਮਾ ਚਲਾਇਆ ਜਾਵੇਗਾ। ਅਸੀਂ ਕੈਨੇਡਾ ਵਿੱਚ ਭਾਰਤੀ ਨਾਗਰਿਕਾਂ ਦੀ ਸੁਰੱਖਿਆ ਨੂੰ ਲੈ ਕੇ ਡੂੰਘੀ ਚਿੰਤਾ ਵਿੱਚ ਰਹਿੰਦੇ ਹਾਂ।"

ਤਸਵੀਰ ਸਰੋਤ, WWW.MEA.GOV.IN
ਰਵਨੀਤ ਬਿੱਟੂ ਦਾ ਟਰੂਡੋ ਉੱਤੇ ਨਿਸ਼ਾਨਾ
ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਵੀ ਕੈਨੇਡਾ ਦੇ ਮੰਦਰ ਵਿੱਚ ਹੋਈ ਹਿੰਸਾ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ।
ਰਵਨੀਤ ਬਿੱਟੂ ਨੇ ਕਿਹਾ, "ਕੈਨੇਡਾ 'ਚ ਜੋ ਹਾਲਾਤ ਬਣੇ ਹੋਏ ਹਨ, ਇਹ ਕਿਸੇ ਇੱਕ ਮਜ਼ਹਬ ਦੀ ਗੱਲ ਨਹੀਂ ਹੈ। ਭਾਵੇਂ ਸਿੱਖ ਹੋਣ, ਹਿੰਦੂ ਹੋਣ ਸਭ ਨੂੰ ਟਰੂਡੋ ਸਾਬ੍ਹ ਨੇ ਇਸ ਤਰ੍ਹਾਂ ਵੰਡ ਦਿੱਤਾ ਹੈ ਕਿ ਸਾਡੇ ਤਿਉਹਾਰਾਂ ਵੇਲੇ ਇਕੱਠੇ ਹੋਏ ਲੋਕਾਂ ਉੱਤੇ ਹਮਲੇ ਹੋ ਰਹੇ ਹਨ।"
ਉਨ੍ਹਾਂ ਨੇ ਅੱਗੇ ਕਿਹਾ, "ਜਸਟਿਨ ਟਰੂਡੋ ਨੇ ਅਜਿਹੇ ਹਾਲਾਤ ਬਣਾ ਦਿੱਤੇ ਹਨ ਕਿ ਹਿੰਦੁਸਤਾਨ ਅਤੇ ਪੰਜਾਬ ਦੇ ਲੋਕ ਕੈਨੇਡਾ ਵਿੱਚ ਰਹਿ ਨਾ ਸਕਣ।"
"ਖ਼ਾਸ ਕਰ ਕੇ ਪੰਜਾਬੀ ਲੋਕ ਸ਼ਾਂਤਮਈ ਕੈਨੇਡਾ ਵਿੱਚ ਰਹਿ ਨਾ ਸਕਣ, ਉਨ੍ਹਾਂ ਦੇ ਪਰਿਵਾਰ ਉੱਥੇ ਨਾ ਜਾ ਸਕਣ, ਇਸ ਨੂੰ ਰੋਕਣ ਲਈ ਕੁਝ ਖ਼ਾਲਿਸਤਾਨੀਆਂ ਨੂੰ ਵਰਤਿਆ ਗਿਆ ਹੈ ਜੋ ਨਾ ਤਾਂ ਸਿੱਖਾਂ ਦੇ ਹਨ ਤੇ ਨਾ ਹੀ ਹਿੰਦੂਆਂ ਦੇ।"
ਜਸਟਿਨ ਟਰੂਡੋ ਬਾਰੇ ਬੋਲਦਿਆਂ ਰਵਨੀਤ ਬਿੱਟੂ ਨੇ ਕਿਹਾ, "ਟਰੂਡੋ ਸਾਬ੍ਹ ਦੀ ਪੁਲਿਸ ਖ਼ਾਲਿਸਤਾਨੀਆਂ ਦੇ ਪੱਖ ਵਿੱਚ ਖੜ੍ਹੀ ਨਜ਼ਰ ਆ ਰਹੀ ਹੈ। ਮੰਦਰ ਦੇ ਅੰਦਰ ਜਾ ਕੇ ਹਮਲੇ ਕੀਤੇ ਜਾ ਰਹੇ ਹਨ। ਉਨ੍ਹਾਂ ਨੂੰ ਰੋਕਣ ਲਈ ਕੋਈ ਤਿਆਰ ਨਹੀਂ ਹੈ।"
ਉਹਨਾ ਕਿਹਾ, "ਖ਼ਾਲਿਸਤਾਨ ਦੇ ਨਾਅਰੇ ਲਾਏ ਜਾ ਰਹੇ ਹਨ, ਖ਼ਾਲਿਸਤਾਨ ਦੀ ਖੁੱਲ੍ਹੇਆਮ ਗੱਲ ਕੀਤੀ ਹੈ ਰਹੀ ਹੈ। ਇਹ ਬਰਦਾਸ਼ਤ ਨਹੀਂ ਕੀਤਾ ਜਾਵੇਗਾ।"
ਬਿੱਟੂ ਨੇ ਅੱਗੇ ਕਿਹਾ, "ਬੜੀ ਸਖ਼ਤੀ ਨਾਲ ਅਸੀਂ ਕੈਨੇਡਾ ਦੀ ਸਰਕਾਰ ਦੇ ਵਿਰੁੱਧ ਜਾਵਾਂਗੇ। ਇਹ ਖਰੀਦੇ ਹੋਏ ਲੋਕ ਹਨ ਜਿਹਨਾਂ ਨੂੰ ਖ਼ਾਲਿਸਤਾਨ ਦੇ ਝੰਡੇ ਦੇ ਕੇ ਖੜ੍ਹਾ ਕਰ ਦਿੱਤਾ ਜਾਂਦਾ ਹੈ। ਇਸ ਘਟਨਾ ਤੋਂ ਬਾਅਦ ਕੈਨੇਡਾ ਦੀ ਸਰਕਾਰ ਅਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਅੰਤਰਰਾਸ਼ਟਰੀ ਮੰਚ ਉੱਤੇ ਬੋਲਣ ਲਾਇਕ ਨਹੀਂ ਰਹੇ।"
ਬਰੈਂਪਟਨ ਹਿੰਸਾ ਦਾ ਕੀ ਹੈ ਮਾਮਲਾ
ਸੋਸ਼ਲ ਮੀਡੀਆ ਉੱਤੇ ਇੱਕ ਵੀਡੀਓ ਸ਼ੇਅਰ ਕੀਤੀ ਜਾ ਰਹੀ ਹੈ, ਜਿਸ ਵਿੱਚ ਕੁਝ ਲੋਕ ਝੰਡਿਆਂ ਅਤੇ ਬੈਨਰਾਂ ਨਾਲ ਦਿਖਾਈ ਦੇ ਰਹੇ ਹਨ। ਉਹ ਕੁਝ ਲੋਕਾਂ ਨਾਲ ਮਾਰ-ਕੁੱਟ ਕਰ ਰਹੇ ਹਨ।
ਭਾਵੇਂ ਕਿ ਬੀਬੀਸੀ ਇਸ ਵੀਡੀਓ ਦੀ ਆਪਣੇ ਤੌਰ ਉੱਤੇ ਪੁਸ਼ਟੀ ਨਹੀਂ ਕਰਦਾ ਕਿ ਆਖ਼ਰ ਹੋਇਆ ਕੀ ਹੈ। ਪਰ ਕੈਨੇਡਾ ਦੇ ਸੰਸਦ ਮੈਂਬਰ ਚੰਦਰ ਆਰਿਆ ਨੇ ਇਸ ਨੂੰ ‘‘ਖਾਲਿਸਤਾਨੀ ਸਮਰਥਕਾਂ ਵਲੋਂ ਮੰਦਰ ਦੀ ਹਦੂਦ ਅੰਦਰ ਆ ਕੇ ਹਿੰਦੂਆਂ ਉੱਤੇ ਹਮਲਾ’’ ਕਰਾਰ ਦਿੱਤਾ ਹੈ।

ਤਸਵੀਰ ਸਰੋਤ, Getty Images
ਸੰਸਦ ਮੈਂਬਰ ਚੰਦਰ ਆਰੀਆ ਨੇ ਹਿੰਦੂ ਮੰਦਰ 'ਤੇ ਹਮਲੇ ਦੀ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ, ''ਕੈਨੇਡਾ 'ਚ ਖਾਲਿਸਤਾਨੀ ਕੱਟੜਪੰਥੀ ਹੱਦ ਪਾਰ ਕਰ ਗਏ ਹਨ। ਬਰੈਂਪਟਨ ਦੇ ਹਿੰਦੂ ਸਭਾ ਮੰਦਰ ਕੰਪਲੈਕਸ ਵਿਖੇ ਹਿੰਦੂ-ਕੈਨੇਡੀਅਨ ਸ਼ਰਧਾਲੂਆਂ 'ਤੇ ਖਾਲਿਸਤਾਨੀਆਂ ਦਾ ਹਮਲਾ ਦਰਸਾਉਂਦਾ ਹੈ ਕਿ ਕੈਨੇਡਾ ਵਿਚ ਖਾਲਿਸਤਾਨੀ ਕੱਟੜਪੰਥੀ ਕਿੰਨੇ ਬੇਸ਼ਰਮ ਹੋ ਗਏ ਹਨ।’’
ਚੰਦਰ ਨੇ ਲਿਖਿਆ, "ਮੈਂ ਇਹ ਮੰਨਣ ਲੱਗਾ ਹਾਂ ਕਿ ਇਹਨਾਂ ਰਿਪੋਰਟਾਂ ਵਿੱਚ ਕੁਝ ਸੱਚਾਈ ਹੈ ਕਿ ਕੈਨੇਡਾ ਦੀ ਸਿਆਸੀ ਪ੍ਰਣਾਲੀ ਤੋਂ ਇਲਾਵਾ, ਖਾਲਿਸਤਾਨੀਆਂ ਨੇ ਸਾਡੀਆਂ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਵਿੱਚ ਵੀ ਪ੍ਰਭਾਵਸ਼ਾਲੀ ਢੰਗ ਨਾਲ ਘੁਸਪੈਠ ਕੀਤੀ ਹੈ।"
ਕੈਨੇਡੀਅਨ ਸੰਸਦ ਮੈਂਬਰ ਅਨੁਸਾਰ, “ਇਹ ਕੋਈ ਹੈਰਾਨੀ ਦੀ ਗੱਲ ਨਹੀਂ ਹੈ ਕਿ ਖਾਲਿਸਤਾਨੀ ਕੱਟੜਪੰਥੀਆਂ ਨੂੰ ‘ਪ੍ਰਗਟਾਵੇ ਦੀ ਆਜ਼ਾਦੀ’ ਤਹਿਤ ਕੈਨੇਡਾ ਵਿੱਚ ਖੁੱਲ੍ਹਾ ਹੱਥ ਮਿਲ ਰਿਹਾ ਹੈ।''
ਪੁਲਿਸ ਨੇ ਘਟਨਾ ਬਾਰੇ ਕੀ ਕਿਹਾ
ਪੀਲ ਰਿਜਨਲ ਪੁਲਿਸ ਨੇ ਐਕਸ ਉੱਤੇ ਇੱਕ ਪੋਸਟ ਕਰਕੇ ਇਸ ਘਟਨਾ ਬਾਰੇ ਲਿਖਿਆ ਹੈ ਕਿ ਉਨ੍ਹਾਂ ਨੂੰ ਹਿੰਦੂ ਸਭਾ ਮੰਦਰ ਦੇ ਬਾਹਰ ਹੋਣ ਵਾਲੇ ਮੁਜ਼ਾਹਰੇ ਦੀ ਜਾਣਕਾਰੀ ਸੀ। ਇਸ ਲਈ ਮੰਦਰ ਅੱਗੇ ਸ਼ਾਤੀ ਅਤੇ ਕਾਨੂੰਨ ਦੀ ਬਹਾਲੀ ਲਈ ਪੁਲਿਸ ਨਫ਼ਰੀ ਵਧਾਈ ਗਈ ਸੀ।
ਹਿੰਸਾ ਦੀ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋਣ ਤੋਂ ਬਾਅਦ ਪੁਲਿਸ ਮੁਖੀ ਨਿਸ਼ਾਨ ਦੁਰਾਇਪਾਹ ਨੇ ਐਕਸ ਉੱਤੇ ਲਿਖਿਆ, ‘‘ਅਸੀਂ ਸ਼ਾਂਤਮਈ ਅਤੇ ਸੁਰੱਖਿਅਤ ਤਰੀਕੇ ਨਾਲ ਰੋਸ ਪ੍ਰਗਟਾਵਾ ਕਰਨ ਦੇ ਹਰ ਕਿਸੇ ਦੇ ਅਧਿਕਾਰ ਦਾ ਸਨਮਾਨ ਕਰਦੇ ਹਾਂ, ਪਰ ਅਸੀਂ ਹਿੰਸਾ ਅਤੇ ਅਪਰਾਧਕ ਕਾਰਵਾਈ ਨੂੰ ਸਹਿਣ ਨਹੀਂ ਕਰ ਸਕਦੇ, ਜਿਹੜੇ ਇਸ ਗਤੀਵਿਧੀ ਵਿੱਚ ਸ਼ਾਮਲ ਹਨ, ਉਨ੍ਹਾਂ ਦਾ ਪਿੱਛਾ ਕਰਾਂਗੇ, ਗ੍ਰਿਫ਼ਤਾਰ ਕਰਕੇ, ਚਾਰਜ ਕਰਾਂਗੇ।’’
ਪੁਲਿਸ ਨੇ ਸੋਸ਼ਲ ਮੀਡੀਆ ਉੱਤੇ ਵਾਇਰਲ ਹੋਈ ਹਿੰਸਾ ਦੀ ਵੀਡੀਓ ਬਾਰੇ ਵੀ ਹੋਰ ਕੋਈ ਵਿਸਥਾਰਤ ਜਾਣਕਾਰੀ ਨਹੀਂ ਦਿੱਤੀ ਹੈ।
ਪੁਲਿਸ ਨੇ ਇਹ ਵੀ ਅਜੇ ਨਹੀਂ ਦੱਸਿਆ ਹੈ ਕਿ ਆਖ਼ਰ ਹੋਇਆ ਕੀ ਹੈ ਅਤੇ ਕੀ ਇਸ ਬਾਰੇ ਕੋਈ ਰਸਮੀ ਸ਼ਿਕਾਇਤ ਕੀਤੀ ਗਈ ਹੈ।
ਭਾਰਤੀ ਹਾਈ ਕਮਿਸ਼ਨ ਨੇ ਕੀਤੀ ਨਿਖੇਧੀ
ਭਾਰਤ ਨੇ ਅੱਜ ਕੈਨੇਡਾ ਦੇ ਬਰੈਂਪਟਨ ਵਿੱਚ ਹਿੰਦੂ ਸਭਾ ਮੰਦਰ ਦੇ ਬਾਹਰ ਭੀੜ ਵੱਲੋਂ ਕੀਤੇ ਹਮਲੇ ਦੀ ਨਿੰਦਾ ਕੀਤੀ ਹੈ। ਕੈਨੇਡਾ ਵਿੱਚ ਭਾਰਤੀ ਹਾਈ ਕਮਿਸ਼ਨ ਨੇ ਇੱਕ ਬਿਆਨ ਜਾਰੀ ਕੀਤਾ ਹੈ।
ਉਹਨਾਂ ਕਿਹਾ, 'ਅਸੀਂ ਅੱਜ (3 ਨਵੰਬਰ) ਟੋਰਾਂਟੋ ਨੇੜੇ ਹਿੰਦੂ ਸਭਾ ਮੰਦਰ, ਬਰੈਂਪਟਨ ਦੁਆਰਾ ਆਯੋਜਿਤ ਕੌਂਸਲਰ ਕੈਂਪ ਦੇ ਬਾਹਰ ਭਾਰਤ ਵਿਰੋਧੀ ਤੱਤਾਂ ਦੁਆਰਾ ਹਿੰਸਕ ਵਿਘਨ ਦੇਖਿਆ।'
ਕੈਨੇਡਾ ਵਿੱਚ ਮੌਜੂਦਾ ਸੁਰੱਖਿਆ ਸਥਿਤੀ ਦੇ ਮੱਦੇਨਜ਼ਰ, ਕੈਨੇਡੀਅਨ ਅਧਿਕਾਰੀਆਂ ਨੂੰ ਇਹਨਾਂ ਸਮਾਗਮਾਂ ਲਈ ਸਖ਼ਤ ਸੁਰੱਖਿਆ ਉਪਾਅ ਪ੍ਰਦਾਨ ਕਰਨ ਲਈ ਪਹਿਲਾਂ ਹੀ ਬੇਨਤੀ ਕੀਤੀ ਗਈ ਸੀ, ਜੋ ਕਿ ਰੁਟੀਨ ਕੌਂਸਲਰ ਕੰਮ ਹਨ," ।
ਭਾਰਤੀ ਹਾਈ ਕਮਿਸ਼ਨ ਨੇ ਕਿਹਾ ਕਿ ਇਹ "ਬਹੁਤ ਨਿਰਾਸ਼ਾਜਨਕ" ਹੈ ਕਿ ਨਿਯਮਤ ਕੌਂਸਲਰ ਕੰਮ ਵਿੱਚ ਇਸ ਤਰ੍ਹਾਂ ਦੀਆਂ ਰੁਕਾਵਟਾਂ ਨੂੰ "ਇਜਾਜ਼ਤ" ਦਿੱਤੀ ਜਾ ਰਹੀ ਹੈ। ਸਾਡੇ ਕੌਂਸਲੇਟ ਦੁਆਰਾ ਸਥਾਨਕ ਪ੍ਰਬੰਧਕਾਂ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਨਿਯਮਤ ਕੌਂਸਲਰ ਦੇ ਕੰਮ ਵਿੱਚ ਇਸ ਤਰ੍ਹਾਂ ਦੀਆਂ ਰੁਕਾਵਟਾਂ ਨੂੰ ਦੇਖਣਾ ਬਹੁਤ ਨਿਰਾਸ਼ਾਜਨਕ ਹੈ। ਅਸੀਂ ਭਾਰਤੀ ਨਾਗਰਿਕਾਂ ਦੀ ਸੁਰੱਖਿਆ ਨੂੰ ਲੈ ਕੇ ਵੀ ਬਹੁਤ ਚਿੰਤਤ ਹਾਂ, ਜਿਨ੍ਹਾਂ ਦੀ ਮੰਗ 'ਤੇ ਅਜਿਹੇ ਸਮਾਗਮ ਆਯੋਜਿਤ ਕੀਤੇ ਜਾ ਰਹੇ ਹਨ।"
ਹਾਈ ਕਮਿਸ਼ਨ ਨੇ ਕਿਹਾ ਕਿ ਕੌਂਸਲੇਟ ਨੇ ਮੰਦਰ ਵਿੱਚ ਸੁਰੱਖਿਆ ਲਈ ਕਿਹਾ ਸੀ। ਉੱਥੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਨਹੀਂ ਸਨ। ਅਜਿਹੇ 'ਚ ਸੁਰੱਖਿਆ ਨੂੰ ਧਿਆਨ 'ਚ ਰੱਖਦੇ ਹੋਏ ਹੀ ਕੌਂਸਲਰ ਕੈਂਪ ਲਗਾਇਆ ਜਾਵੇਗਾ।
ਬਰੈਂਪਟਨ ਹਿੰਸਾ ਦੀ ਚੁਫੇਰਿਓ ਨਿੰਦਾ

ਤਸਵੀਰ ਸਰੋਤ, Jagmeet Singh/X
ਕੈਨੇਡਾ ਦੀ ਫੈਡਰਲ ਸਰਕਾਰ ਦੀ ਭਾਈਵਾਲ ਪਾਰਟੀ ਐੱਨਡੀਪੀ ਦੇ ਆਗੂ ਤੇ ਸੰਸਦ ਮੈਂਬਰ ਜਗਮੀਤ ਸਿੰਘ ਨੇ ਹਿੰਦੂ ਸਭਾ ਮੰਦਰ ਅੱਗੇ ਹੋਈ ਹਿੰਸਾ ਦੀ ਨਿਖੇਧੀ ਕੀਤੀ ਹੈ।
ਐਕਸ ਉੱਤੇ ਲਿਖੀ ਪੋਸਟ ਵਿੱਚ ਜਗਮੀਤ ਸਿੰਘ ਨੇ ਲਿਖਿਆ ਹੈ, ‘‘ਹਰ ਕੈਨੇਡੀਅਨ ਨੂੰ ਆਪਣੇ ਧਾਰਮਿਕ ਸਥਾਨ ਉੱਤੇ ਜਾਣ ਦੀ ਅਜਾਦੀ ਹੈ। ਮੈਂ ਹਿੰਦੂ ਸਭਾ ਮੰਦਰ ਵਿਖੇ ਹਿੰਸਾ ਦੀਆਂ ਕਾਰਵਾਈਆਂ ਦੀ ਨਿਖੇਧੀ ਕਰਦਾ ਹਾਂ। ਕਿਤੇ ਵੀ ਹਿੰਸਾ ਗਲਤ ਹੈ। ਮੈਂ ਸ਼ਾਂਤੀ ਲਈ ਅਪੀਲ ਕਰ ਰਹੇ ਭਾਈਚਾਰੇ ਦੇ ਨੇਤਾਵਾਂ ਦੇ ਨਾਲ ਖੜਾ ਹਾਂ।’’
ਕੈਨੇਡੀਅਨ ਸੰਸਦ ਵਿੱਚ ਵਿਰੋਧੀ ਧਿਰ ਦੇ ਆਗੂ ਅਤੇ ਕੰਜ਼ਰਵੇਟਿਵ ਸੰਸਦ ਮੈਂਬਰ ਪੀਅਰ ਪੋਲੀਵਰ, ਓਟਰਾਰੀਓ ਦੇ ਪ੍ਰੀਮੀਅਰ (ਮੁੱਖ ਮੰਤਰੀ) ਤੇ ਪੀਸੀ ਪਾਰਟੀ ਦੇ ਆਗੂ ਡੱਗ ਫੋਰਡ ਅਤੇ ਬਰੈਂਪਟਨ ਦੇ ਮੇਅਰ ਪੈਟ੍ਰਿਕ ਬਰਾਉਂਨ ਨੇ ਸੋਸ਼ਲ ਮੀਡੀਆ ਉੱਤੇ ਪੋਸਟ ਪਾ ਕੇ ਘਟਨਾ ਦੀ ਸਖ਼ਤ ਨਿੰਦਾ ਕੀਤੀ ਹੈ।
ਸਿੱਖਸ ਤੇ ਗੁਰਦੁਆਰਾ ਕੌਂਸਲ ਨੇ ਕੀਤੀ ਨਿੰਦਾ
ਓਂਟਾਰੀਓ ਸਿੱਖਜ਼ ਅਤੇ ਗੁਰਦੁਆਰਾ ਕੌਂਸਲ ਨੇ ਵੀ ਮੰਦਰ ਬਾਹਰ ਹੋਏ ਹਮਲੇ ਦੀ ਨਿੰਦਾ ਕੀਤੀ ਹੈ।
ਕੌਂਸਲ ਨੇ ਬਿਆਨ ਵਿੱਚ ਕਿਹਾ ,"ਹਿੰਸਾ ਅਤੇ ਧਮਕਾਉਣਾ ਸਾਡੇ ਭਾਈਚਾਰੇ ਵਿੱਚ ਨਹੀਂ ਹੈ। ਜਿੱਥੇ ਇੱਕ ਦੂਜੇ ਲਈ ਸ਼ਾਂਤੀ, ਏਕਤਾ ਅਤੇ ਆਪਸੀ ਸਨਮਾਨ ਹੈ।"
ਧਾਰਮਿਕ ਅਸਥਾਨ ਅਧਿਆਤਮਿਕਤਾ ਅਤੇ ਭਾਈਚਾਰਕ ਏਕਤਾ ਲਈ ਹੁੰਦੇ ਹਨ, ਇੱਥੇ ਹਿੰਸਾ ਅਤੇ ਗੜਬੜੀਆਂ ਨਹੀਂ ਹੋਣੀਆਂ ਚਾਹੀਦੀਆਂ। ਅਸੀਂ ਸਾਰਿਆਂ ਨੂੰ ਸਹਿਜ ਵਰਤਣ, ਗੱਲਬਾਤ ਨੂੰ ਅੱਗੇ ਵਧਾਉਣ ਅਤੇ ਮਿਲ ਕੇ ਕੰਮ ਕਰਨ ਦੀ ਅਪੀਲ ਕਰਦੇ ਹਾਂ।
ਮੰਦਰ ਦੇ ਬਾਹਰ ਵਾਪਰੀ ਘਟਨਾ ਵਿੱਚ ਸਮਝਦਾਰੀ ਅਤੇ ਆਪਸੀ ਸਤਿਕਾਰ ਦੀ ਘਾਟ ਦੀ ਇੱਕ ਯਾਦ ਦਿਵਾਉਂਦੀ ਹੈ।
ਗੁਰਦੁਆਰਾ ਕੌਂਸਲ ਸਾਰੇ ਕਮਿਊਨਿਟੀ ਮੈਂਬਰਾਂ ਦੀ ਸੁਰੱਖਿਆ ਅਤੇ ਤੰਦਰੁਸਤੀ ਨੂੰ ਯਕੀਨੀ ਬਣਾਉਣ ਲਈ ਵਚਨਬੱਧ ਹੈ।
ਅਸੀਂ ਸਥਾਨਕ ਅਧਿਕਾਰੀਆਂ ਨੂੰ ਇਸ ਘਟਨਾ ਦੀ ਡੂੰਘਾਈ ਨਾਲ ਜਾਂਚ ਕਰਨ ਦੀ ਅਪੀਲ ਕਰਦੇ ਹਾਂ। ਇਸ ਗੱਲ ਦੀ ਪੁਸ਼ਟੀ ਵੀ ਕਰਦੇ ਹਾਂ ਕਿ ਸਾਡੇ ਸਮਾਜ ਵਿੱਚ ਹਿੰਸਾ ਲਈ ਕੋਈ ਥਾਂ ਨਹੀਂ ਹੈ।
ਅਸੀਂ ਭਾਈਚਾਰੇ ਦੇ ਨੇਤਾਵਾਂ ਅਤੇ ਮੈਂਬਰਾਂ ਨੂੰ ਇਕੱਠੇ ਹੋਣ, ਇੱਕ ਦੂਜੇ ਦਾ ਸਮਰਥਨ ਕਰਨ ਲਈ ਵੀ ਉਤਸ਼ਾਹਿਤ ਕਰਦੇ ਹਾਂ।
ਆਓ ਅਸੀਂ ਹਰ ਤਰ੍ਹਾਂ ਦੀ ਹਿੰਸਾ ਦੇ ਵਿਰੁੱਧ ਇੱਕਜੁੱਟ ਹੋਈਏ, ਕਿਉਂਕਿ ਅਸੀਂ ਇੱਕ ਸ਼ਾਂਤੀਪੂਰਨ ਅਤੇ ਸਦਭਾਵਨਾ ਵਾਲੇ ਭਾਈਚਾਰੇ ਲਈ ਕੰਮ ਕਰਦੇ ਹਾਂ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












