ਪਾਕਿਸਤਾਨੀ ਪੰਜਾਬ ਦੀ ਸੀਐਮ ਮਰੀਅਮ ਨਵਾਜ਼ ਨੂੰ ਕਿਹੜੀ ਬੀਮਾਰੀ ਹੈ ? ਕੀ ਇਸ ਦਾ ਇਲਾਜ ਅਮਰੀਕਾ ਤੇ ਸਵਿਟਜ਼ਰਲੈਂਡ ਵਿੱਚ ਹੀ ਸੰਭਵ ਹੈ?

ਤਸਵੀਰ ਸਰੋਤ, Getty Images
- ਲੇਖਕ, ਸਨਾ ਆਸਿਫ਼ ਡਾਰ
- ਰੋਲ, ਬੀਬੀਸੀ ਪੱਤਰਕਾਰ, ਇਸਲਾਮਾਬਾਦ
ਪਾਕਿਸਤਾਨੀ ਸਿਆਸਤਦਾਨਾਂ ਦਾ ਇਲਾਜ ਲਈ ਵਿਦੇਸ਼ ਜਾਣਾ ਕੋਈ ਨਵੀਂ ਗੱਲ ਨਹੀਂ ਹੈ। ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਤੋਂ ਲੈ ਕੇ ਫੌਜੀ ਤਾਨਾਸ਼ਾਹ ਪ੍ਰਵੇਜ਼ ਮੁੱਸ਼ਰਫ਼ ਤੱਕ ਕਈ ਸਿਆਸਤਦਾਨ, ਜੱਜ ਅਤੇ ਨੌਕਰਸ਼ਾਹ ਇਲਾਜ ਲਈ ਵਿਦੇਸ਼ ਜਾਂਦੇ ਰਹੇ ਹਨ।
ਹੁਣ ਇਸ ਸੂਚੀ ਵਿੱਚ ਪੰਜਾਬ ਦੀ ਮੁੱਖ ਮੰਤਰੀ ਮਰੀਅਮ ਨਵਾਜ਼ ਦਾ ਨਾਮ ਵੀ ਸ਼ਾਮਲ ਹੋ ਗਿਆ ਹੈ। ਉਨ੍ਹਾਂ ਦਾ ਦਾਅਵਾ ਹੈ ਕਿ ਉਨ੍ਹਾਂ ਨੂੰ ਪੈਰਾਥਾਇਰਾਇਡ ਦੀ ਸਮੱਸਿਆ ਹੈ ਅਤੇ ਇਸਦਾ ਮੁਕੰਮਲ ਇਲਾਜ ਪਾਕਿਸਤਾਨ ਵਿੱਚ ਸੰਭਵ ਨਹੀਂ ਹੈ।
ਮਰੀਅਮ ਨਵਾਜ਼ ਦਾ ਬਿਆਨ ਆਉਣ ਤੋਂ ਬਾਅਦ ਸੋਸ਼ਲ ਮੀਡੀਆ ਉੱਤੇ ਕਈ ਲੋਕ ਇਹ ਜਾਨਣਾ ਚਾਹੁੰਦੇ ਹਨ ਕਿ ਉਨ੍ਹਾਂ ਨੂੰ ਕਿਹੜੀ ਬੀਮਾਰੀ ਹੈ।
ਕਈ ਲੋਕ ਇਹ ਸਵਾਲ ਵੀ ਕਰ ਰਹੇ ਹਨ ਕਿ ਕੀ ਉਨ੍ਹਾਂ ਦੀ ਮਰਜ਼ ਦਾ ਇਲਾਜ ਸੱਚੀ ਪਾਕਿਸਤਾਨ ਵਿੱਚ ਸੰਭਵ ਨਹੀਂ ਹੈ ?
ਬੀਬੀਸੀ ਉਰਦੂ ਨੇ ਕੁਝ ਮਾਹਰਾਂ ਦੀ ਮਦਦ ਨਾਲ ਇਸ ਬੀਮਾਰੀ ਅਤੇ ਇਨਸਾਨ ਉੱਤੇ ਇਸਦੇ ਅਸਰ ਬਾਰੇ ਜਾਨਣ ਦੀ ਕੋਸ਼ਿਸ਼ ਕੀਤੀ ਹੈ।
ਇਸ ਤੋਂ ਇਲਾਵਾ ਅਸੀਂ ਇਹ ਵੀ ਜਾਣਾਂਗੇ ਕਿ ਕੀ ਵਾਕਈ ਇਸ ਬੀਮਾਰੀ ਦਾ ਇਲਾਜ ਦੁਨੀਆਂ ਦੇ ਸਿਰਫ਼ ਦੋ ਦੇਸਾਂ ਵਿੱਚ ਹੀ ਮੌਜੂਦ ਹੈ?

‘ਮੈਨੂੰ ਪੈਰਾਥਾਇਰਾਇਡ ਦੀ ਸਮੱਸਿਆ ਹੈ, ਕੈਂਸਰ ਨਹੀਂ’
ਪਾਕਿਸਤਾਨ ਦੇ ਪੰਜਾਬ ਸੂਬੇ ਦੀ ਮੁੱਖ ਮੰਤਰੀ ਮਰੀਅਮ ਨਵਾਜ਼ ਨੇ ਆਪਣੀ ਸਿਹਤ ਬਾਰੇ ਚੱਲ ਰਹੀਆਂ ਅਫ਼ਵਾਹਾਂ ਬਾਰੇ ਪ੍ਰਤੀਕਿਰਿਆ ਦਿੱਤੀ ਹੈ।
ਲੰਡਨ ਵਿੱਚ ਆਪਣੇ ਪਾਰਟੀ ਦੇ ਵਰਕਰਾਂ ਨਾਲ ਗੱਲ ਕਰਦੇ ਹੋਏ ਮਰੀਅਮ ਨਵਾਜ਼ ਨੇ ਕਿਹਾ, “ਮੇਰੀ ਸਿਹਤ ਬਾਰੇ ਗਲਤ ਪ੍ਰਚਾਰ ਕੀਤਾ ਜਾ ਰਿਹਾ ਹੈ। ਅਫ਼ਵਾਹ ਫੈਲਾਈ ਜਾ ਰਹੀ ਹੈ ਕਿ ਮੈਨੂੰ ਕੈਂਸਰ ਹੈ।”

ਤਸਵੀਰ ਸਰੋਤ, Getty Images
ਮਰੀਅਮ ਨੇ ਕਿਹਾ, “ਮੈਂ ਅਜਿਹੇ ਲੋਕਾਂ ਨੂੰ ਦੱਸ ਦੇਵਾਂ ਕਿ ਮੇਰਾ ਇਲ਼ਾਜ ਪਾਕਿਸਤਾਨ ਵਿੱਚ ਹੀ ਹੁੰਦਾ ਹੈ। ਲੇਕਿਨ ਪੈਰਾਥਾਇਰਾਇਡ ਇੱਕ ਅਜਿਹੀ ਬੀਮਾਰੀ ਹੈ, ਜਿਸਦਾ ਇਲਾਜ ਦੁਨੀਆਂ ਦੇ ਸਿਰਫ਼ ਦੋ ਹੀ ਦੇਸਾਂ— ਸਵਿਟਜ਼ਰਲੈਂਡ ਅਤੇ ਅਮਰੀਕਾ ਵਿੱਚ ਹੁੰਦਾ ਹੈ। ਇਸਦਾ ਇਲਾਜ ਇੰਗਲੈਂਡ ਵਿੱਚ ਵੀ ਸੰਭਵ ਨਹੀਂ ਹੈ।”
ਮਰੀਅਮ ਨਵਾਜ਼ ਨੇ ਇਹ ਵੀ ਕਿਹਾ ਕਿ ਪਿਛਲੇ ਸਾਲ ਜਨਵਰੀ ਵਿੱਚ ਸਵਿਟਜ਼ਰਲੈਂਡ ਵਿੱਚ ਉਨ੍ਹਾਂ ਦੀ ਸਰਜਰੀ ਹੋਈ ਸੀ। ਉਹ ਹੁਣ ਵੀ ਇਲਾਜ ਕਰਵਾ ਕੇ ਪਾਕਿਸਤਾਨ ਪਹੁੰਚ ਰਹੇ ਹਨ।
ਮਰੀਅਮ ਨਵਾਜ਼ ਨੇ ਅੱਗੇ ਕਿਹਾ ਕਿ ਉਹ ਆਪਣੀ ਬੀਮਾਰੀ ਬਾਰੇ ਗੱਲ ਨਹੀਂ ਕਰਨਾ ਚਾਹੁੰਦੇ ਸਨ। ਉਨ੍ਹਾਂ ਨੇ ਲੋਕਾਂ ਦੀ ਹਮਦਰਦੀ ਹਾਸਲ ਨਹੀਂ ਕਰਨੀ ਹੈ, ਪਰ ਉਨ੍ਹਾਂ ਨੂੰ ਇਸ ਬਾਰੇ ਗੱਲ ਕਰਨੀ ਪਈ।
ਪੈਰਾਥਾਇਰਾਇਡ ਕੀ ਹੈ?
ਪੈਰਾਥਾਇਰਾਇਡਸ ਮਨੁੱਖੀ ਸਰੀਰ ਵਿੱਚ ਗ੍ਰੰਥੀਆਂ ਹਨ ਜੋ ਪੀਟੀਐੱਚ ਜਾਂ ਪੈਰਾਥਾਇਰਾਇਡ ਹਾਰਮੋਨ ਪੈਦਾ ਕਰਦੀਆਂ ਹਨ, ਜੋ ਖੂਨ ਵਿੱਚ ਕੈਲਸ਼ੀਅਮ ਦੀ ਮਾਤਰਾ ਨੂੰ ਕੰਟਰੋਲ ਕਰਦਾ ਹੈ।
ਅਮਰੀਕਾ ਦੇ ਵੈਸਟ ਵਰਜੀਨੀਆ ਸੂਬੇ ਵਿੱਚ ਐਂਡੋਕ੍ਰਿਨੌਲੋਜੀ ਦੇ ਸਹਾਇਕ ਪ੍ਰੋਫੈਸਰ ਮਤੀਨ ਹੋਤੀਆਨਾ ਦੇ ਮੁਤਾਬਕ, ਸਾਡੀ ਧੌਣ ਦੇ ਸਾਹਮਣੇ ਇੱਕ ਗ੍ਰੰਥੀ ਹੁੰਦੀ ਹੈ ਜਿਸ ਨੂੰ ਥਾਇਰਾਇਡ ਗ੍ਰੰਥੀ ਕਿਹਾ ਜਾਂਦਾ ਹੈ। ਇਸਦੇ ਪਿੱਛੇ ਮਟਰ ਦੇ ਵਰਗੀਆਂ ਚਾਰ ਪੈਰਾ-ਥਾਇਰਾਇਡ ਗ੍ਰੰਥੀਆਂ ਹੁੰਦੀਆਂ ਹਨ। ਇਹ ਗ੍ਰੰਥੀਆਂ ਦੋ ਸੱਜੇ ਪਾਸੇ ਅਤੇ ਦੋ ਖੱਬੇ ਪਾਸੇ ਹੁੰਦੀਆਂ ਹਨ।
ਉਨ੍ਹਾਂ ਨੇ ਦੱਸਿਆ ਕਿ ਇਸ ਬੀਮਾਰੀ ਦਾ ਨਾਮ ਪ੍ਰਾਈਮਰੀ ਹਾਈਪਰ-ਥਾਇਰਾਇਡਿਜ਼ਮ ਹੈ।

ਤਸਵੀਰ ਸਰੋਤ, Getty Images
ਉਨ੍ਹਾਂ ਨੇ ਕਿਹਾ ਕਿ ਪੈਰਾਥਾਇਰਾਇਡ ਗ੍ਰੰਥੀ ਦਾ ਕੰਮ ਸਰੀਰ ਵਿੱਚ ਕੈਲਸ਼ੀਅਮ ਦੀ ਮਾਤਰਾ ਨੂੰ ਕੰਟਰੋਲ ਕਰਨਾ ਹੈ।
“ਜਦੋਂ ਇਨ੍ਹਾਂ ਚਾਰ ਗ੍ਰੰਥੀਆਂ ਵਿੱਚੋਂ ਕੋਈ ਇੱਕ ਅਸੰਤੁਲਿਤ ਹੋ ਜਾਂਦੀ ਹੈ, ਤਾਂ ਇਹ ਬਹੁਤ ਜ਼ਿਆਦਾ ਮਾਤਰਾ ਵਿੱਚ ਪੈਰਾ-ਥਾਇਰਾਇਡ ਰਸ ਪੈਦਾ ਕਰਦੀ ਹੈ ਅਤੇ ਇਹ ਹਾਰਮੋਨ ਸਾਡੀਆਂ ਹੱਡੀਆਂ ਵਿੱਚੋਂ ਕੈਲਸ਼ੀਅਮ ਖਿੱਚ ਲੈਂਦਾ ਹੈ। ਇਹ ਖੂਨ ਵਿੱਚ ਕੈਲਸ਼ੀਅਮ ਦੀ ਮਾਤਰਾ ਵਧਾਉਂਦਾ ਹੈ।”
ਮੈਡੀਕਲ ਵਿਗਿਆਨ ਮੁਤਾਬਕ ਕੈਲਸ਼ੀਅਮ ਮਨੁੱਖੀ ਸਰੀਰ ਲਈ ਇੱਕ ਮਹੱਤਵਪੂਰਨ ਤੱਤ ਹੈ। ਇਹ ਜ਼ਿਆਦਾਤਰ ਹੱਡੀਆਂ ਵਿੱਚ ਪਾਇਆ ਜਾਂਦਾ ਹੈ, ਲੇਕਿਨ ਖੂਨ ਵਿੱਚ ਇਸਦੀ ਮਾਤਰਾ ਸਹੀ ਰਹਿਣਾ ਮਹੱਤਵਪੂਰਨ ਹੈ।
ਇਹ ਮਨੁੱਖੀ ਪ੍ਰਣਾਲੀਆਂ ਤੇ ਸੁਚੱਜੇ ਕੰਮ, ਸਰੀਰ ਨੂੰ ਹਿਲਾਉਣ ਦੇ ਲਈ ਮਾਸਪੇਸ਼ੀਆਂ ਦੇ ਸੁੰਗੜਨ, ਖੂਨ ਦੇ ਥੱਕੇ ਜੰਮਣ ਅਤੇ ਸਰੀਰ ਦੇ ਸਮੁੱਚੇ ਕੰਮਕਾਜ ਲਈ ਜ਼ਰੂਰੀ ਹੈ। ਇਹ ਦਿਲ ਦੇ ਕੰਮ ਕਰਨ ਵਿੱਚ ਵੀ ਅਹਿਮ ਭੂਮਿਕਾ ਨਿਭਾਉਂਦਾ ਹੈ।
ਪੈਰਾਥਾਇਰਾਇਡ ਗ੍ਰੰਥੀ ਵਿੱਚ ਖ਼ਰਾਬੀ ਦੇ ਕਾਰਨ ਬਹੁਤ ਥੋੜ੍ਹਾ ਜਾਂ ਬਹੁਤ ਜ਼ਿਆਦਾ ਰਸ ਪੈਦਾ ਹੁੰਦਾ ਹੈ, ਜੋ ਖੂਨ ਵਿੱਚ ਕੈਲਸ਼ੀਅਮ ਦੀ ਮਾਤਰਾ ਨੂੰ ਪ੍ਰਭਾਵਿਤ ਕਰਦਾ ਹੈ।
ਪੈਰਾਥਾਇਰਾਇਡ ਦੇ ਕੀ ਲੱਛਣ ਹਨ?

ਤਸਵੀਰ ਸਰੋਤ, Getty Images
ਇਸਦੇ ਕੁਝ ਲੱਛਣ ਹਨ:
ਢਿੱਡ ਵਿੱਚ ਤੇਜ਼ ਦਰਦ
ਬਹੁਤ ਜ਼ਿਆਦਾ ਕਬਜ਼
ਗੁਰਦੇ ਦੀਆਂ ਸਮੱਸਿਆਵਾਂ, ਖ਼ਾਸ ਕਰ ਕੇ ਪੱਥਰੀ ਹੋਣਾ
ਹੱਡੀਆਂ ਦਾ ਅਚਾਨਕ ਕਮਜ਼ੋਰ ਹੋ ਜਾਣਾ
ਇਲਾਜ ਕਿਵੇਂ ਹੁੰਦਾ ਹੈ?
ਡਾ਼ ਮਤੀਨ ਹੋਤਿਆਨਾ ਦੇ ਮੁਤਾਬਕ ਕਿਉਂਕਿ ਇਸ ਨਾਲ ਖੂਨ ਵਿੱਚ ਕੈਲਸ਼ੀਅਮ ਦੀ ਮਾਤਰਾ ਵਧ ਜਾਂਦੀ ਹੈ, ਇਸ ਲਈ ਸਰੀਰ ਉੱਤੇ ਇਸ ਬੀਮਾਰੀ ਦਾ ਅਸਰ ਇਹ ਪੈਂਦਾ ਹੈ ਕਿ ਪਿਸ਼ਾਬ ਵਿੱਚ ਕੈਲਸ਼ੀਅਮ ਦੀ ਮਾਤਰਾ ਵੀ ਵੱਧ ਜਾਂਦੀ ਹੈ।
ਇਸ ਨਾਲ ਗੁਰਦਿਆਂ ਵਿੱਚ ਪੱਥਰੀ ਦੀ ਸਮੱਸਿਆ ਹੋ ਜਾਂਦੀ ਹੈ ਅਤੇ ਹੱਡੀਆਂ ਲਗਾਤਾਰ ਕੈਲਸ਼ੀਅਮ ਨਿਕਲਣ ਕਾਰਨ ਕਮਜ਼ੋਰ ਹੋ ਜਾਂਦੀਆਂ ਹਨ।
“ਹੱਡੀਆਂ ਦੀ ਬੀਮਾਰੀ ਆਸਟਿਓ-ਪੋਰੋਸਿਸ ਦੇ ਖ਼ਤਰੇ ਨੂੰ ਵੀ ਵਧਾ ਦਿੰਦੀ ਹੈ। ਜੇ ਕੈਲਸ਼ੀਅਮ ਦੀ ਮਾਤਰਾ ਬਹੁਤ ਜ਼ਿਆਦਾ ਵੱਧ ਜਾਵੇ ਤਾਂ ਇਸਦਾ ਅਸਰ ਦਿਮਾਗੀ ਸਿਹਤ ਅਤੇ ਸੋਚਣ-ਸਮਝਣ ਦੀ ਸਮਰਥਾ ਉੱਤੇ ਵੀ ਪੈ ਸਕਦਾ ਹੈ।”
ਡਾ਼ ਮਤੀਨ ਹੋਤੀਆਨਾ ਨੇ ਅੱਗੇ ਕਿਹਾ ਕਿ ਪੈਰਾਥਾਇਰਾਇਡ ਬੀਮਾਰੀ ਦਾ ਮੁੱਖ ਇਲਾਜ ਸਰਜਰੀ ਹੈ। ਇਸਦਾ ਇਲਾਜ ਕਰਨ ਲਈ ਸਭ ਤੋਂ ਪਹਿਲਾਂ ਖੂਨ ਦੀ ਜਾਂਚ ਕੀਤੀ ਜਾਂਦੀ ਹੈ।
ਇਸਦੇ ਲਈ ਮਰੀਜ਼ ਦੇ ਪਿਸ਼ਾਬ ਨੂੰ ਜਾਂਚ ਲਈ 24 ਘੰਟੇ ਤੱਕ ਰੱਖਿਆ ਜਾਂਦਾ ਹੈ। ਇਸਦਾ ਇਲਾਜ ਕਰਨ ਲਈ ਸਭ ਤੋਂ ਪਹਿਲਾਂ ਖੂਨ ਦੀ ਜਾਂਚ ਕੀਤੀ ਜਾਂਦੀ ਹੈ।
ਫਿਰ ਸਾਰੀਆਂ ਚਾਰ ਪੈਰਾਥਾਇਰਾਇਡ ਗ੍ਰੰਥੀਆਂ ਦੀ ਜਾਂਚ ਲਈ ਧੌਣ ਦਾ ਅਲਟਰਾਸਾਊਂਡ ਅਤੇ ਸਕੈਨ ਕੀਤਾ ਜਾਂਦਾ ਹੈ। ਇਨ੍ਹਾਂ ਚਾਰਾਂ ਵਿੱਚੋਂ ਜੋ ਵੀ ਠੀਕ ਨਹੀਂ ਹੁੰਦੀ ਉਸ ਨੂੰ ਹਟਾ ਦਿੱਤਾ ਜਾਂਦਾ ਹੈ।
ਕੀ ਇਲਾਜ ਸਿਰਫ਼ ਅਮਰੀਕਾ ਅਤੇ ਸਵਿਟਜ਼ਰਲੈਂਡ ਵਿੱਚ ਹੀ ਸੰਭਵ ਹੈ?

ਤਸਵੀਰ ਸਰੋਤ, Getty Images
ਜਦੋਂ ਬੀਬੀਸੀ ਉਰਦੂ ਨੇ ਪਾਕਿਸਤਾਨ ਦੇ ਦੋ ਡਾਕਟਰਾਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਇਸ ਬੀਮਾਰੀ ਦੀ ਸਰਜਰੀ ਪਾਕਿਸਤਾਨ ਵਿੱਚ ਸੰਭਵ ਹੈ।
ਹਾਲਾਂਕਿ ਡਾ਼ ਮਤੀਨ ਹੋਤੀਆਨਾ ਇਸ ਗੱਲ ਨਾਲ ਸਹਿਮਤ ਹਨ ਕਿ ਇਸ ਬੀਮਾਰੀ ਦੇ ਲਈ ਬੁਨਿਆਦੀ ਸਰਜਰੀ ਹੀ ਪਾਕਿਸਤਾਨ ਵਿੱਚ ਸੰਭਵ ਹੈ।
ਉਨ੍ਹਾਂ ਦੇ ਮੁਤਾਬਕ, “ਦੁਨੀਆਂ ਦੇ ਪ੍ਰਮੁੱਖ ਦੇਸਾਂ ਵਿੱਚ ਮਿਨੀਮਲੀ ਇਨਵੇਸਿਵ ਸਰਜਰੀ (ਐੱਮਆਈਐੱਸ) ਨਾਮ ਦੀ ਇੱਕ ਨਵੀਂ ਸਰਜਰੀ ਸ਼ੁਰੂ ਕੀਤੀ ਗਈ ਹੈ, ਇਹ ਫਿਲਹਾਲ ਪਾਕਿਸਤਾਨ ਵਿੱਚ ਉਪਲਬਧ ਨਹੀਂ ਹੈ।”
ਡਾ਼ ਮਤੀਨ ਹੋਤੀਆਨਾ ਨੇ ਕਿਹਾ ਕਿ ਇਲਾਜ ਦਾ ਪ੍ਰਮੁੱਖ ਢੰਗ ਸਰਜਰੀ ਹੈ। ਸਰਜਰੀ ਦੋ ਤਰ੍ਹਾਂ ਦੀ ਹੁੰਦੀ ਹੈ। ਇੱਕ ਵਿੱਚ ਗਰਦਨ ਦੇ ਸਾਹਮਣੇ ਚਾਰ ਗ੍ਰੰਥੀਆਂ ਨੂੰ ਦੇਖਣ ਲਈ ਚੀਰਾ ਲਾਇਆ ਜਾਂਦਾ ਹੈ, ਇਸ ਵਿੱਚ ਜ਼ਿਆਦਾ ਖੂਨ ਨਿਕਲਦਾ ਹੈ ਅਤੇ ਬਹੁਤ ਜ਼ਿਆਦਾ ਦਰਦਨਾਕ ਹੁੰਦਾ ਹੈ।
“ਦੁਨੀਆਂ ਦੇ ਪ੍ਰਮੁੱਖ ਦੇਸਾਂ ਵਿੱਚ ਉਪਲਬਧ ਮਿਨੀਮਲੀ ਇਨਵੇਸਿਵ ਸਰਜਰੀ ਵਿੱਚ ਮਰੀਜ਼ ਖੂਨ ਵੀ ਘੱਟ ਨਿਕਲਦਾ ਹੈ ਅਤੇ ਦਰਦ ਵੀ ਥੋੜ੍ਹਾ ਹੁੰਦਾ ਹੈ ਅਤੇ ਮਰੀਜ਼ ਕੁਝ ਘੰਟਿਆਂ ਬਾਅਦ ਹੀ ਘਰ ਵੀ ਜਾ ਸਕਦਾ ਹੈ।”
ਉਨ੍ਹਾਂ ਦਾ ਕਹਿਣਾ ਹੈ ਕਿ ਕੁਝ ਮਾਮਲਿਆਂ ਵਿੱਚ ਜਦੋਂ ਮਰੀਜ਼ ਸਰਜਰੀ ਨਹੀਂ ਕਰਵਾ ਸਕਦਾ ਤਾਂ ਮਰੀਜ਼ ਨੂੰ ਸੇਂਸਿਬਾਰ ਨਾਮ ਦੀ ਦਵਾਈ ਦਿੱਤੀ ਜਾਂਦੀ ਹੈ, ਜੋ ਦੁਨੀਆਂ ਭਰ ਵਿੱਚ ਮਿਲਦੀ ਹੈ।
ਜਿੱਥੋਂ ਤੱਕ ਪਾਕਿਸਤਾਨ ਵਿੱਚ ਇਸ ਬੀਮਾਰੀ ਦੇ ਇਲਾਜ ਦੀ ਗੱਲ ਹੈ ਤਾਂ ਉੱਥੇ ਓਪਨ ਸਰਜਰੀ ਵਰਗੇ ਰਵਾਇਤੀ ਤਰੀਕੇ ਨਾਲ ਇਸਦਾ ਇਲਾਜ ਸੰਭਵ ਹੈ।
“ਸਾਡੇ ਮਰੀਜ਼ ਇਸ ਸਰਜਰੀ ਵਿੱਚੋਂ ਲੰਘਦੇ ਹਨ ਲੇਕਿਨ ਆਧੁਨਿਕ ਸਰਜਰੀ ਦੀ ਸਹੂਲਤ ਪਾਕਿਸਤਾਨ ਵਿੱਚ ਨਹੀਂ ਹੈ। ਇਹ ਸਿਰਫ਼ ਅਮਰੀਕਾ ਅਤੇ ਕੁਝ ਹੋਰ ਵੱਡੇ ਮੁਲਕਾਂ ਵਿੱਚ ਹੀ ਉਪਲਬਧ ਹੈ।”
(ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ)












