ਪਾਕਿਸਤਾਨ: ਮਰੀਅਮ ਨਵਾਜ਼ ਬਣੇ ਪੰਜਾਬ ਦੇ ਮੁੱਖ ਮੰਤਰੀ, ਜਾਣੋ ਘਰੇਲੂ ਔਰਤ ਤੋਂ ਲੈ ਕੇ ਉਨ੍ਹਾਂ ਦਾ ਸਿਆਸਤ ਤੱਕ ਦਾ ਸਫ਼ਰ

ਮਰੀਅਮ ਨਵਾਜ਼

ਤਸਵੀਰ ਸਰੋਤ, Getty Images

    • ਲੇਖਕ, ਸ਼ੁਮਾਇਲਾ ਜਾਫਰੀ
    • ਰੋਲ, ਬੀਬੀਸੀ ਪੱਤਰਕਾਰ, ਇਸਲਾਮਾਬਾਦ

ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਸਮਰਥਕ ਮੈਂਬਰਾਂ ਦੇ ਵਿਰੋਧ ਅਤੇ ਬਾਈਕਾਟ ਵਿਚਾਲੇ, ਨਵਾਜ਼ ਸ਼ਰੀਫ਼ ਦੀ ਧੀ ਮਰੀਅਮ ਨਵਾਜ਼ ਨੂੰ ਪਾਕਿਸਤਾਨ ਦੇ ਸਭ ਤੋਂ ਵੱਡੇ ਸੂਬੇ ਪੰਜਾਬ ਦੀ ਮੁੱਖ ਮੰਤਰੀ ਚੁਣਿਆ ਗਿਆ।

ਹਾਲਾਂਕਿ ਉਹ 2011 ਤੋਂ ਰਾਜਨੀਤੀ ਵਿੱਚ ਸਰਗਰਮੀ ਨਾਲ ਹਿੱਸਾ ਲੈ ਰਹੇ ਹਨ। 8 ਫਰਵਰੀ ਦੀਆਂ ਚੋਣਾਂ ਤੋਂ ਬਾਅਦ ਇਹ ਪਹਿਲੀ ਵਾਰ ਸੀ ਕਿ ਮਰੀਅਮ ਸੰਸਦ ਦੇ ਮੈਂਬਰ ਬਣੇ ਅਤੇ ਹੁਣ ਦੇਸ਼ ਵਿੱਚ ਕਿਸੇ ਵੀ ਸੂਬੇ ਦੇ ਪਹਿਲੇ ਮਹਿਲਾ ਮੁੱਖ ਮੰਤਰੀ ਹਨ।

ਮਰੀਅਮ ਸਭ ਤੋਂ ਪ੍ਰਮੁੱਖ, ਪਰ ਵਿਵਾਦਾਂ ਵਿੱਚ ਘਿਰੇ ਹੋਏ ਮਹਿਲਾ ਸਿਆਸਤਦਾਨ ਹਨ। ਪਾਰਟੀ ਵਿਚਲੇ ਲੋਕ ਉਨ੍ਹਾਂ ਦੇ 'ਕਰਿਸ਼ਮਾ ਅਤੇ ਹਿੰਮਤ' ਕਾਰਨ ਉਨ੍ਹਾਂ ਦਾ ਸਤਿਕਾਰ ਕਰਦੇ ਹਨ ਪਰ ਉਨ੍ਹਾਂ ਦੇ ਵਿਰੋਧੀ, ਇਮਰਾਨ ਖ਼ਾਨ ਦੇ ਸਮਰਥਕ ਉਨ੍ਹਾਂ ਨੂੰ ਨਫ਼ਰਤ ਕਰਦੇ ਹਨ।

ਉਹ ਮਰੀਅਮ ਨੂੰ 'ਵਿਸ਼ੇਸ਼ ਅਧਿਕਾਰ ਅਤੇ ਭ੍ਰਿਸ਼ਟ ਵੰਸ਼ਵਾਦੀ ਰਾਜਨੀਤੀ ਦੀ ਨਿਰੰਤਰਤਾ' ਦੇ ਪ੍ਰਤੀਕ ਵਜੋਂ ਦੇਖਦੇ ਹਨ।

ਮਰੀਅਮ ਨਵਾਜ਼ ਅਤੇ ਨਵਾਜ਼ ਸ਼ਰੀਫ਼

ਤਸਵੀਰ ਸਰੋਤ, EPA

ਮਰੀਅਮ ਨਵਾਜ਼ ਕੌਣ ਹਨ

ਮਰੀਅਮ ਨਵਾਜ਼ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਦੀ ਵੱਡੀ ਧੀ ਹੈ। ਉਨ੍ਹਾਂ ਦਾ ਪਾਲਣ ਪੋਸ਼ਣ ਲਾਹੌਰ ਵਿੱਚ ਹੋਇਆ ਹੈ ਅਤੇ ਉਨ੍ਹਾਂ ਦਾ ਵਿਆਹ ਨੱਬੇ ਦੇ ਦਹਾਕੇ ਦੇ ਸ਼ੁਰੂ ਵਿੱਚ ਇੱਕ ਫੌਜੀ ਅਧਿਕਾਰੀ ਨਾਲ ਹੋਇਆ ਸੀ।

ਸ਼ਰੀਫ ਇੱਕ ਰਵਾਇਤੀ ਅਤੇ ਥੋੜ੍ਹੇ ਰੂੜੀਵਾਦੀ ਪਿਛੋਕੜ ਤੋਂ ਆਉਂਦੇ ਹਨ, ਇਸ ਲਈ ਉਨ੍ਹਾਂ ਦਾ ਕਦੇ ਵੀ ਸਿਆਸਤ ਵਿੱਚ ਹਿੱਸਾ ਲੈਣ ਦਾ ਇਰਾਦਾ ਨਹੀਂ ਸੀ ਅਤੇ ਨਾ ਹੀ ਉਨ੍ਹਾਂ ਨੂੰ ਇਸ ਤਰ੍ਹਾਂ ਤਿਆਰ ਕੀਤਾ ਗਿਆ ਸੀ।

ਉਨ੍ਹਾਂ ਦੇ ਪਿਤਾ ਨੂੰ ਸਾਬਕਾ ਫੌਜੀ ਸ਼ਾਸਕ ਪਰਵੇਜ਼ ਮੁਸ਼ੱਰਫ ਨੇ ਬੇਦਖ਼ਲ ਕਰ ਦਿੱਤਾ ਸੀ ਅਤੇ ਜੇਲ੍ਹ ਭੇਜ ਦਿੱਤਾ ਸੀ।

ਇਸ ਤੋਂ ਇਲਾਵਾ ਪਰਿਵਾਰ ਦੇ ਹੋਰ ਮਰਦ ਮੈਂਬਰਾਂ ਨੂੰ ਘਰ ਵਿੱਚ ਹੀ ਨਜ਼ਰਬੰਦ ਕਰ ਦਿੱਤਾ ਗਿਆ ਸੀ। ਉਸ ਵੇਲੇ ਉਹ ਇੰਨੀ ਚਰਚਾ ਵਿੱਚ ਨਹੀਂ ਆਏ ਸਨ ਅਤੇ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਕਰ ਰਹੇ ਸਨ।

ਪਰ ਉਦੋਂ ਮਰੀਅਮ ਪਹਿਲੀ ਵਾਰ ਜਨਰਲ ਮੁਸ਼ੱਰਫ਼ ਨੂੰ ਚੁਣੌਤੀ ਦੇਣ ਅਤੇ ਆਪਣੇ ਪਿਤਾ ਦੇ ਕੇਸ ਦੀ ਪੈਰਵੀ ਕਰਨ ਲਈ ਆਪਣੀ ਮਾਂ ਦੇ ਨਾਲ ਜਨਤਕ ਤੌਰ 'ਤੇ ਸਾਹਮਣੇ ਆਏ ਸਨ।

ਕੁਝ ਮਹੀਨਿਆਂ ਬਾਅਦ ਤਤਕਾਲੀ ਸਾਊਦੀ ਬਾਦਸ਼ਾਹ ਦੀ ਮਦਦ ਨਾਲ ਮਰੀਅਮ ਅਤੇ ਉਨ੍ਹਾਂ ਦੀ ਮਾਂ ਨੇ ਜਨਰਲ ਮੁਸ਼ੱਰਫ ਨਾਲ ਸਮਝੌਤਾ ਕੀਤਾ। ਨਵਾਜ਼ ਸ਼ਰੀਫ਼ ਨੂੰ ਜੇਲ੍ਹ ਤੋਂ ਰਿਹਾਅ ਕਰ ਦਿੱਤਾ ਗਿਆ ਅਤੇ ਪਰਿਵਾਰ ਨੂੰ ਸਾਊਦੀ ਅਰਬ ਭੇਜ ਦਿੱਤਾ ਗਿਆ।

ਸ਼ਰੀਫ ਪਰਿਵਾਰ 2007 ਵਿੱਚ ਦੇਸ਼ ਪਰਤਿਆ ਅਤੇ 2008 ਵਿੱਚ ਸੱਤਾ ਵਿੱਚ ਆਇਆ। ਪਰਿਵਾਰ ਦੇ ਨਜ਼ਦੀਕੀ ਸੂਤਰਾਂ ਦਾ ਕਹਿਣਾ ਹੈ ਕਿ ਜਲਾਵਤਨੀ ਵਿੱਚ ਰਹਿੰਦਿਆਂ ਮਰੀਅਮ ਨੇ ਰਾਜਨੀਤੀ ਵਿੱਚ ਭੂਮਿਕਾ ਨਿਭਾਉਣ ਦੀ ਇੱਛਾ ਰੱਖਣੀ ਸ਼ੁਰੂ ਕਰ ਦਿੱਤੀ ਸੀ ਅਤੇ ਉਨ੍ਹਾਂ ਨੇ ਆਪਣੇ ਆਪ ਨੂੰ ਇਸ ਲਈ ਤਿਆਰ ਕਰਨਾ ਸ਼ੁਰੂ ਕਰ ਦਿੱਤਾ।

ਪਰ ਉਹ 2011 ਤੱਕ ਆਪਣਾ ਸਿਆਸੀ ਕਰੀਅਰ ਨਹੀਂ ਸ਼ੁਰੂ ਕਰ ਸਕੇ ਅਤੇ ਸ਼ੁਰੂ ਵਿੱਚ ਹਾਸ਼ੀਏ 'ਤੇ ਰਹਿ ਕੇ ਆਪਣੇ ਚਾਚਾ ਸ਼ਾਹਬਾਜ਼ ਸ਼ਰੀਫ ਦੀ ਸਰਕਾਰ ਲਈ ਸਮਰਥਨ ਹਾਸਿਲ ਕਰਨ ਲਈ ਔਰਤਾਂ ਦੇ ਵਿਦਿਅਕ ਅਦਾਰਿਆਂ ਦਾ ਦੌਰਾ ਕਰਨ ਲੱਗੇ।

ਸ਼ਾਹਬਾਜ਼ ਸ਼ਰੀਫ ਉਸ ਵੇਲੇ ਪੰਜਾਬ ਸੂਬੇ ਦੇ ਮੁੱਖ ਮੰਤਰੀ ਸਨ।

ਮਰੀਅਮ ਨਵਾਜ਼

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮਰੀਅਮ ਨਵਾਜ਼ ਪਾਕਿਸਤਾਨ ਦੀਆਂ ਉੱਘੀਆਂ ਮਹਿਲਾ ਸਿਆਸਤਦਾਨਾਂ ਵਿੱਚੋਂ ਹਨ

2013 ਵਿੱਚ, ਉਨ੍ਹਾਂ ਨੇ ਸੋਸ਼ਲ ਮੀਡੀਆ ਦੀ ਮਹੱਤਤਾ ਨੂੰ ਪਛਾਣਿਆ ਅਤੇ ਨੌਜਵਾਨ ਵੋਟਰਾਂ ਤੱਕ ਪਹੁੰਚਣ ਲਈ ਪੀਟੀਆਈ ਦੀ ਡਿਜੀਟਲੀ ‘ਸੇਵਾ ਮੁਹਿੰਮ' ਚਲਾ ਕੇ ਪਾਰਟੀ ਦੇ ਸੋਸ਼ਲ ਮੀਡੀਆ ਸੈੱਲ ਦੀ ਸ਼ੁਰੂਆਤ ਕੀਤੀ।

ਮਰੀਅਮ ਦੀ ਪਹਿਲਕਦਮੀ ਕਾਰਨ ਪੀਐੱਮਐੱਲ-ਐੱਨ ਨਤੀਜੇ ਵਜੋਂ ਉਨ੍ਹਾਂ ਦੇ ਪਿਤਾ ਨਵਾਜ਼ ਸ਼ਰੀਫ ਸੱਤਾ ਵਿੱਚ ਵਾਪਸ ਆਏ ਅਤੇ ਉਸੇ ਸਾਲ ਤੀਜੀ ਵਾਰ ਪ੍ਰਧਾਨ ਮੰਤਰੀ ਬਣੇ।

ਉਨ੍ਹਾਂ ਨੇ 2013 ਵਿੱਚ ਕਿਸੇ ਸੀਟ ਤੋਂ ਚੋਣ ਨਹੀਂ ਲੜੀ ਪਰ ਬਾਅਦ ਵਿੱਚ ਉਨ੍ਹਾਂ ਦੇ ਪਿਤਾ ਨੇ ਉਨ੍ਹਾਂ ਨੂੰ ਯੁਵਾ ਵਿਕਾਸ ਪ੍ਰੋਗਰਾਮ ਦੇ ਚੇਅਰਮੈਨ ਵਜੋਂ ਨਿਯੁਕਤ ਕੀਤਾ।

ਹਾਲਾਂਕਿ ਉਨ੍ਹਾਂ ਦੀ ਨਿਯੁਕਤੀ ਨੂੰ ਅਦਾਲਤ ਵਿੱਚ ਚੁਣੌਤੀ ਦਿੱਤੇ ਜਾਣ ਤੋਂ ਬਾਅਦ ਉਨ੍ਹਾਂ ਨੂੰ ਇਹ ਅਹੁਦਾ ਛੱਡਣਾ ਪਿਆ, ਪਰ ਉਹ ਪ੍ਰਧਾਨ ਮੰਤਰੀ ਨਿਵਾਸ 'ਤੇ "ਰਣਨੀਤਕ ਮੀਡੀਆ ਸੰਚਾਰ ਸੈੱਲ" ਨੂੰ ਚਲਾਉਂਦੇ ਰਹੇ।

2013-2017 ਦੇ ਦੌਰਾਨ, ਮਰੀਅਮ ਨਵਾਜ਼ ਨੂੰ ਉਨ੍ਹਾਂ ਦੇ ਪਿਤਾ ਦੀ ਸਰਕਾਰ ਉੱਤੇ ਉਨ੍ਹਾਂ ਦੇ ਪ੍ਰਭਾਵ ਲਈ ਆਲੋਚਨਾ ਦਾ ਸਾਹਮਣਾ ਕਰਨਾ ਪਿਆ। ਇਸ ਦੌਰਾਨ ਉਨ੍ਹਾਂ ਨੂੰ ਅਸਲੀ ਪ੍ਰਧਾਨ ਮੰਤਰੀ ਵੀ ਕਿਹਾ ਜਾਂਦਾ ਸੀ।

2016 ਵਿੱਚ, ਮਰੀਅਮ ਅਤੇ ਉਨ੍ਹਾਂ ਦੇ ਭੈਣ-ਭਰਾ ਦਾ ਨਾਮ ਲੀਕ ਹੋਏ ਪਨਾਮਾ ਪੇਪਰਸ ਵਿੱਚ ਆਇਆ ਸੀ, ਜਿਸ ਵਿੱਚ ਉਨ੍ਹਾਂ ਉੱਤੇ ਬ੍ਰਿਟੇਨ ਵਿੱਚ ਜਾਇਦਾਦਾਂ ਦੀ ਮਲਕੀਅਤ ਵਾਲੀਆਂ ਗੁਪਤ ਆਫਸ਼ੋਰ ਕੰਪਨੀਆਂ ਨਾਲ ਸਬੰਧ ਹੋਣ ਦਾ ਇਲਜ਼ਾਮ ਲਗਾਇਆ ਗਿਆ ਸੀ।

ਸ਼ਰੀਫ ਪਰਿਵਾਰ ਨੇ ਸ਼ੁਰੂ ਵਿੱਚ ਇਸ ਇਲਜ਼ਾਮ ਦਾ ਜ਼ੋਰਦਾਰ ਖੰਡਨ ਕੀਤਾ ਸੀ।

ਮਰੀਅਮ ਨਵਾਜ਼

ਤਸਵੀਰ ਸਰੋਤ, Getty Images

ਇਮਰਾਨ ਖ਼ਾਨ ਇਸ ਮਾਮਲੇ ਨੂੰ ਸੁਪਰੀਮ ਕੋਰਟ 'ਚ ਲੈ ਗਏ ਅਤੇ 2017 'ਚ ਨਵਾਜ਼ ਸ਼ਰੀਫ ਨੂੰ ਸੱਤਾ ਤੋਂ ਹਟਾ ਦਿੱਤਾ ਗਿਆ।

ਅਦਾਲਤਾਂ ਨੇ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਪਿਤਾ ਨੂੰ ਚੋਣ ਲੜਨ ਤੋਂ ਰੋਕ ਦਿੱਤਾ। ਉਨ੍ਹਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ ਪਰ ਬਾਅਦ ਵਿਚ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਗਿਆ ਸੀ।

ਇਹ ਉਹੀ ਸਮਾਂ ਸੀ ਜਦੋਂ ਮਰੀਅਮ ਪਾਕਿਸਤਾਨੀ ਸਿਆਸਤ ਵਿੱਚ ਆਪਣੇ ਆਪ ਨੂੰ ਇੱਕ ਪ੍ਰਮੁੱਖ ਖਿਡਾਰੀ ਦੇ ਰੂਪ ਵਿੱਚ ਸਥਾਪਿਤ ਕਰਨ ਦੇ ਯੋਗ ਹੋਏ ਸਨ।

ਉਨ੍ਹਾਂ ਨੇ ਇੱਕ ਤਿੱਖੀ ਮੁਹਿੰਮ ਚਲਾਈ ਅਤੇ ਖੁੱਲ੍ਹੇਆਮ ਇਮਰਾਨ ਖ਼ਾਨ ਅਤੇ ਫੌਜੀ ਵਧੀਕੀ 'ਤੇ ਉਨ੍ਹਾਂ ਦੇ ਪਰਿਵਾਰ ਦੇ ਖ਼ਿਲਾਫ਼ ਜ਼ਬਰਦਸਤੀ ਤੇ ਮਿਲੀਭੁਗਤ ਦੇ ਇਲਜ਼ਾਮ ਲਗਾਏ।

ਉਨ੍ਹਾਂ ਨੇ ਪੀਐੱਮਐੱਲ-ਐੱਨ ਸਮਰਥਕਾਂ ਨੂੰ ਉਤਸ਼ਾਹਿਤ ਕੀਤਾ ਅਤੇ "ਇੱਜ਼ਤ ਨੂੰ ਵੋਟ ਦਿਓ" ਦੇ ਨਾਅਰੇ ਦੇ ਆਲੇ-ਦੁਆਲੇ ਇੱਕ ਪ੍ਰਸਿੱਧ ਬਿਰਤਾਂਤ ਸਿਰਜਿਆ।

ਹਾਲਾਂਕਿ, ਮਰੀਅਮ ਸੰਸਦ ਸੀਟ ਲਈ ਚੋਣ ਨਹੀਂ ਲੜ ਸਕਦੀ ਸੀ, ਪਰ ਉਨ੍ਹਾਂ ਦੇ ਤਿੱਖੇ ਪ੍ਰਚਾਰ ਨੇ 2018 ਦੀਆਂ ਚੋਣਾਂ ਵਿੱਚ ਪੀਐੱਮਐੱਲ-ਐੱਨ ਨੂੰ ਦੂਜੀ ਸਭ ਤੋਂ ਵੱਡੀ ਪਾਰਟੀ ਵਜੋਂ ਉਭਰਨ ਵਿੱਚ ਮਦਦ ਕੀਤੀ।

ਉਨ੍ਹਾਂ ਨੇ ਆਪਣੇ ਦੋਸ਼ੀ ਪਿਤਾ ਨੂੰ ਮੈਡੀਕਲ ਆਧਾਰ 'ਤੇ ਜੇਲ੍ਹ ਤੋਂ ਰਿਹਾਅ ਕਰਵਾਉਣ ਲਈ ਜਨਤਕ ਦਬਾਅ ਨੂੰ ਮੋਹਰਾ ਬਣਾਇਆ। ਨਵਾਜ਼ ਸ਼ਰੀਫ਼ ਨੂੰ ਅਦਾਲਤਾਂ ਨੇ ਬਰਤਾਨੀਆ ਜਾਣ ਦੀ ਇਜਾਜ਼ਤ ਦਿੱਤੀ ਸੀ, ਜਿੱਥੇ ਉਹ ਅਕਤੂਬਰ 2023 ਤੱਕ ਜਲਾਵਤਨ ਵਿੱਚ ਰਹੇ।

ਮਰੀਅਮ ਇਮਰਾਨ ਖ਼ਾਨ ਦੀ ਬੇਬਾਕ ਆਲੋਚਕ ਵੀ ਹੈ ਅਤੇ ਉਨ੍ਹਾਂ ਦੀ ਪਾਰਟੀ ਦਾ ਨਵਾਂ ਚਿਹਰਾ ਮੰਨਿਆ ਜਾਂਦਾ ਹੈ, ਪਰ ਕੀ ਉਹ ਹੈ?

ਮਰੀਅਮ ਨਵਾਜ਼

ਵੰਸ਼ਵਾਦ ਅਤੇ ਭਰਮ

ਸਿਆਸੀ ਵਿਸ਼ਲੇਸ਼ਕ ਅਤੇ ਕਾਲਮਨਵੀਸ ਜ਼ਾਹਿਦ ਹੁਸੈਨ ਇਸ ਨਾਲ ਸਹਿਮਤ ਨਹੀਂ ਹਨ।

ਉਨ੍ਹਾਂ ਦਾ ਮੰਨਣਾ ਹੈ ਕਿ ਪੀਐੱਮਐੱਲ-ਐੱਨ ਦੇ ਮਾਪਦੰਡਾਂ ਮੁਤਾਬਕ ਮਰੀਅਮ ਦੀ ਚੋਣਾਂ ਤੋਂ ਪਹਿਲਾਂ ਪਾਰਟੀ ਦੀ ਮੁੱਖ ਪ੍ਰਬੰਧਕ ਵਜੋਂ ਨਿਯੁਕਤੀ “ਸਭ ਤੋਂ ਮਾੜਾ ਭਾਈ-ਭਤੀਜਾਵਾਦ” ਸੀ।

ਉਨ੍ਹਾਂ ਨੇ ਕਿਹਾ, “ਫ਼ੈਸਲੇ ਨਾਲ, ਪੀਐੱਮਐੱਲ-ਐਨ ਨੇ ਫਿਰ ਸਾਬਤ ਕਰ ਦਿੱਤਾ ਹੈ ਕਿ ਉਹ ਜ਼ਮੀਨੀ ਹਕੀਕਤ ਤੋਂ ਪੂਰੀ ਤਰ੍ਹਾਂ ਪਰੇ ਹੈ। ਪਾਕਿਸਤਾਨ ਬਦਲ ਗਿਆ ਹੈ ਅਤੇ ਸਿਆਸਤ ਵੀ ਬਦਲ ਗਈ ਹੈ।"

"ਇਮਰਾਨ ਖ਼ਾਨ ਦੀਆਂ ਕਈ ਗੱਲਾਂ ਨਾਲ ਕੋਈ ਅਸਹਿਮਤ ਹੋ ਸਕਦਾ ਹੈ, ਪਰ ਇੱਕ ਗੱਲ ਸਪੱਸ਼ਟ ਹੈ, ਕਿ ਉਨ੍ਹਾਂ ਨੇ ਭ੍ਰਿਸ਼ਟਾਚਾਰ ਅਤੇ ਵੰਸ਼ਵਾਦੀ ਸਿਆਸਤ ਖ਼ਿਲਾਫ਼ ਪ੍ਰਭਾਵਸ਼ਾਲੀ ਬਿਰਤਾਂਤ ਸਿਰਜਿਆ ਹੈ।"

"ਇਹ ਬਿਰਤਾਂਤ ਨੌਜਵਾਨਾਂ ਵਿੱਚ ਬਹੁਤ ਮਸ਼ਹੂਰ ਹੈ। ਪਰ ਅਜਿਹਾ ਲੱਗਦਾ ਹੈ ਕਿ ਪਾਕਿਸਤਾਨ ਮੁਸਲਿਮ ਲੀਗ-ਐੱਨ ਅਜੇ ਵੀ ਸਥਿਤੀ ਨੂੰ ਸਮਝਣ ਵਿੱਚ ਅਸਮਰੱਥ ਹੈ।"

ਮਰੀਅਮ ਦੇ ਪਿਤਾ ਨਵਾਜ਼ ਨੂੰ ਕਾਨੂੰਨੀ ਤੌਰ 'ਤੇ ਚੋਣ ਲੜਨ ਤੋਂ ਰੋਕ ਲਿਆ ਗਿਆ ਸੀ, ਪਰ ਉਨ੍ਹਾਂ ਨੇ ਜਲਾਵਤਨੀ ਵਿੱਚ ਰਹਿੰਦਿਆਂ ਹੋਇਆ ਲੰਡਨ ਤੋਂ ਇੱਕ ਅਸਲ ਮੁਖੀ ਵਜੋਂ ਪਾਰਟੀ ਨੂੰ ਚਲਾਇਆ।

ਮਰੀਅਮ ਦੇ ਚਾਚਾ, ਸ਼ਾਹਬਾਜ਼ ਸ਼ਰੀਫ ਪਾਰਟੀ ਦੇ ਪ੍ਰਧਾਨ ਅਤੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਹਨ। ਇਮਰਾਨ ਖ਼ਾਨ ਦੇ ਗਠਜੋੜ ਵੱਲੋਂ ਹਟਾਏ ਜਾਣ ਤੋਂ ਪਹਿਲਾਂ ਉਨ੍ਹਾਂ ਦੇ ਚਾਚੇ ਦਾ ਮੁੰਡਾ ਹਮਜ਼ਾ ਪੰਜਾਬ ਦਾ ਮੁੱਖ ਮੰਤਰੀ ਸੀ।

ਉਨ੍ਹਾਂ ਦੇ ਪਤੀ ਕੈਪਟਨ ਸੇਵਾਮੁਕਤ ਸਫ਼ਦਰ, ਆਪਣੀ ਉਮਰ ਦੇ ਪੰਜਾਹਵਿਆਂ ਦੇ ਅਖ਼ੀਰ ਵਿੱਚ, ਯੂਥ ਵਿੰਗ ਦੇ ਪ੍ਰਧਾਨ ਸਨ।

ਉਨ੍ਹਾਂ ਦੇ ਇੱਕ ਹੋਰ ਕਰੀਬੀ ਰਿਸ਼ਤੇਦਾਰ ਵਿੱਤ ਮੰਤਰੀ ਸਨ ਅਤੇ ਹੁਣ ਉਨ੍ਹਾਂ ਨੂੰ ਨਵਾਂ ਅਹੁਦਾ ਸੌਂਪਿਆ ਗਿਆ ਹੈ। ਜ਼ਾਹਿਦ ਕਹਿੰਦੇ ਹਨ ਕਿ ਹਮੇਸ਼ਾ ਵਾਂਗ ਪੀਐੱਮਐੱਲ-ਐੱਨ ਪਾਰਟੀ ਦੇ ਉੱਚ ਅਤੇ ਸਿਆਸੀ ਅਹੁਦਿਆਂ ਨੂੰ ਆਪਣੇ ਸ਼ਰੀਫ ਪਰਿਵਾਰ ਅੰਦਰ ਰੱਖਣਾ ਚਾਹੁੰਦੇ ਹਨ।

ਮਰੀਅਮ ਨਵਾਜ਼

ਤਸਵੀਰ ਸਰੋਤ, Getty Images

ਜ਼ਾਹਿਦ ਆਖਦੇ ਹਨ, “ਜੇਕਰ ਇਹ ਇਮਰਾਨ ਖ਼ਾਨ ਦਾ ਮੁਕਾਬਲਾ ਕਰਨ ਲਈ ਆਪਣੇ ਆਪ ਨੂੰ ਬਦਲਣ ਦਾ ਪੀਐੱਮਐੱਲ-ਐੱਨ ਦਾ ਵਿਚਾਰ ਹੈ, ਤਾਂ ਉਹ ਅਸਲ ਹੋ ਜਾਵੇਗਾ। ਪੀਐੱਮਐੱਲ-ਐੱਨ ਇਹ ਨਹੀਂ ਸਮਝ ਰਿਹਾ ਕਿ ਇਹ ਹੁਣ ਚਿਹਰਿਆਂ ਦੇ ਆਲੇ-ਦੁਆਲੇ ਨਹੀਂ ਰਹਿ ਗਿਆ।"

"ਉਨ੍ਹਾਂ ਨੂੰ ਇੱਕ ਠੋਸ ਬਿਰਤਾਂਤ ਦੀ ਲੋੜ ਹੈ ਜੇਕਰ ਉਹ ਇਮਰਾਨ ਖ਼ਾਨ ਦਾ ਮੁਕਾਬਲਾ ਕਰਨਾ ਚਾਹੁੰਦੇ ਹਨ, ਤਾਂ ਪਰਿਵਾਰਕ ਉੱਦਮ ਨਜ਼ਰੀਆ ਹੋਰ ਢਾਹ ਲਗਾ ਸਕਦਾ ਹੈ।"

ਜ਼ਾਹਿਦ ਹੁਸੈਨ ਦਾ ਮੰਨਣਾ ਹੈ ਕਿ ਮਰੀਅਮ ਇੱਕ ਬੇਬਾਕ ਭਾਸ਼ਣਕਾਰ ਹਨ, ਉਹ ਭੀੜ ਇਕੱਠਾ ਕਰਨਾ ਜਾਣਦੇ ਹਨ, ਪਰ ਮੌਜੂਦਾ ਸਥਿਤੀ ਵਿੱਚ ਜਦੋਂ ਜਨਤਾ ਇੱਕ ਸਾਰਥਕ ਤਬਦੀਲੀ ਦੇਖਣਾ ਚਾਹੁੰਦੀ ਹੈ, ਤਾਂ ਸਿਰਫ਼ ਭਾਸ਼ਣਬਾਜ਼ੀ ਅਤੇ ਨਿੱਜੀ ਸੁਹਜ ਕਾਫ਼ੀ ਨਹੀਂ ਹੋਵੇਗਾ।

ਜ਼ਾਹਿਦ ਅੱਗੇ ਕਹਿੰਦੇ ਹਨ, “ਪਾਰਟੀ ਵਿਚਲੇ ਲੋਕ ਸਮਝਦੇ ਹਨ ਕਿ ਬਿਹਤਰ ਸਮਰੱਥਾ ਵਾਲੇ ਕਈ ਆਗੂਆਂ ਨੂੰ ਕਦੇ ਵੀ ਆਪਣੇ-ਆਪ ਨੂੰ ਪੀਐੱਮਐੱਲ-ਐੱਨ ਦੇ ਭਵਿੱਖ ਦੇ ਚਿਹਰੇ ਅਤੇ ਆਗੂ ਵਜੋਂ ਵਿਕਸਤ ਹੋਣ ਦਾ ਮੌਕਾ ਨਹੀਂ ਦਿੱਤਾ ਗਿਆ।"

"ਉਨ੍ਹਾਂ ਨੂੰ ਆਪਣੇ ਪਿਤਾ ਦੀ ਰਾਜਕੁਮਾਰੀ ਵਜੋਂ ਦੇਖਿਆ ਜਾਂਦਾ ਹੈ, ਪਾਰਟੀ ਵਿੱਚ ਕਈ ਅਜਿਹੇ ਸੀਨੀਅਰ ਹਨ ਜਿਨ੍ਹਾਂ ਦੇ ਸੰਘਰਸ਼ ਕਿਤੇ ਜ਼ਿਆਦਾ ਉਥਲ-ਪੁਛਲ ਵਾਲੇ ਰਹੇ ਹਨ, ਪਰ ਉਨ੍ਹਾਂ 'ਤੇ ਭਰੋਸਾ ਨਹੀਂ ਕੀਤਾ ਜਾਂਦਾ ਹੈ। ਇਸ ਦਹਾਕਿਆਂ ਪੁਰਾਣੀ ਰਵਾਇਤੀ ਸ਼ੈਲੀ ਦੀ ਸਿਆਸਤ ਦੀ ਅੱਜ ਦੇ ਪਾਕਿਸਤਾਨ ਵਿੱਚ ਕੋਈ ਥਾਂ ਨਹੀਂ ਹੈ।"

ਨਵਾਜ਼ ਸ਼ਰੀਫ਼ ਅਤੇ ਮਰੀਅਮ ਨਵਾਜ਼

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮਰੀਅਮ ਨੂੰ ਅਕਸਰ ਪਾਕਿਸਤਾਨ ਵਿੱਚ ਆਪਣੇ ਪਿਤਾ ਦੀ ਸਿਆਸੀ ਵਾਰਸ ਵਜੋਂ ਦੇਖਿਆ ਜਾਂਦਾ ਰਿਹਾ ਹੈ
ਇਹ ਵੀ ਪੜ੍ਹੋ-

ਪੀਐੱਮਐੱਲ-ਐੱਨ ਨੂੰ ਸੁਰਜੀਤ ਕਰਨਾ

ਚੋਣਾਂ ਤੋਂ ਬਾਅਦ ਪੀਐੱਮਐੱਲ-ਐੱਨ ਵਿੱਚ ਕਾਫੀ ਆਤਮ-ਮੰਥਨ ਕੀਤਾ ਗਿਆ ਹੈ।

ਸੀਨੀਅਰ ਆਗੂ ਅਤੇ ਨਵਾਜ਼ ਸ਼ਰੀਫ ਦੇ ਕਰੀਬੀ ਖ਼ਵਾਜਾ ਆਸਿਫ ਨੇ ਕਿਹਾ ਕਿ ਹੁਣ ਪਾਰਟੀ ਦਾ ਮੰਨਣਾ ਹੈ ਕਿ ਪਾਰਟੀ ਦਾ ਭਵਿੱਖ ਮੁੱਖ ਮੰਤਰੀ ਵਜੋਂ ਮਰੀਅਮ ਦੇ ਪ੍ਰਦਰਸ਼ਨ 'ਤੇ ਨਿਰਭਰ ਕਰਦਾ ਹੈ ਨਾ ਕਿ ਪ੍ਰਧਾਨ ਮੰਤਰੀ ਵਜੋਂ ਸ਼ਾਹਬਾਜ਼ ਸ਼ਰੀਫ ਦੀ ਕਾਰਗੁਜ਼ਾਰੀ 'ਤੇ।

ਖ਼ਵਾਜ਼ਾ ਨੇ ਅਜਿਹਾ ਜੀਓ ਪ੍ਰੋਗਰਾਮ 'ਆਜ ਸ਼ਾਹਜ਼ੇਬ ਖ਼ਾਨਜ਼ਾਦਾ ਕੇ ਸਾਥ' ਵਿੱਚ ਇਹ ਗੱਲ ਕਹੀ।

ਪੀਐੱਮਐੱਲ-ਐੱਨ ਦੀ ਸਿਆਸਤ ਲਈ ਇਹ ਸੂਬਾ ਕਿੰਨਾ ਮਹੱਤਵਪੂਰਨ ਹੈ ਅਤੇ ਜੇਕਰ ਅਸੀਂ ਪੀਐੱਮਐੱਲ-ਐੱਨ ਦੇ ਪਾਵਰ ਬੇਸ ਪੰਜਾਬ ਵਿੱਚ ਆਪਣੀ ਪਾਰਟੀ ਨੂੰ ਬਚਾਉਣਾ ਚਾਹੁੰਦੇ ਹਾਂ ਤਾਂ "ਸਾਨੂੰ ਕੁਝ ਕਰਨਾ ਪਵੇਗਾ।"

ਖ਼ਵਾਜ਼ਾ ਆਸਿਫ਼ ਮੰਨਦੇ ਹਨ ਕਿ ਜਨਤਾ ਦੀ ਹਮਾਇਤ ਮੁੜ ਹਾਸਲ ਕਰਨ ਦਾ ਇਹੀ ਇੱਕੋ ਇੱਕ ਰਸਤਾ ਹੈ, ਨਹੀਂ ਤਾਂ ਪੀਐੱਮਐੱਲ-ਐੱਨ ਦੀ ਸਿਆਸਤ ਗੰਭੀਰ ਖ਼ਤਰੇ ਵਿੱਚ ਪੈ ਜਾਵੇਗੀ।

ਆਸਿਫ਼ ਦਾ ਕਹਿਣਾ ਹੈ ਕਿ ਨਵਾਜ਼ ਸ਼ਰੀਫ਼ ਅੱਗੇ ਨਹੀਂ ਆਉਣਗੇ ਪਰ ਉਹ ਦੂਰੋਂ ਹੀ ਆਪਣੀ ਧੀ ਦਾ ਮਾਰਗਦਰਸ਼ਨ ਕਰਦੇ ਰਹਿਣਗੇ।

ਹਾਲਾਂਕਿ, ਮਰੀਅਮ ਨੂੰ ਉਨ੍ਹਾਂ ਦੀ ਸਮਝ ਦੇ ਆਧਾਰ 'ਤੇ ਫ਼ੈਸਲੇ ਲੈਣ ਲਈ ਖੁੱਲ੍ਹ ਦਿੱਤੀ ਜਾਵੇਗੀ, ਪਰ ਉਹ ਸੰਭਾਵਤ ਤੌਰ 'ਤੇ ਕੈਬਨਿਟ ਵਿੱਚ ਨੌਜਵਾਨ ਚਿਹਰਿਆਂ ਨੂੰ ਤਰਜੀਹ ਦੇਣਗੇ।

ਮਰੀਅਮ ਨਵਾਜ਼

ਤਸਵੀਰ ਸਰੋਤ, Reuters

ਮਰੀਅਮ ਦੀ ਚੁਣੌਤੀ ਇਹ ਹੈ ਕਿ ਉਨ੍ਹਾਂ ਕੋਲ ਕੋਈ ਪ੍ਰਸ਼ਾਸਨਿਕ ਤਜ਼ਰਬਾ ਨਹੀਂ ਹੈ, ਅਜਿਹੇ ਵਿੱਚ ਨਵੀਂ ਭੂਮਿਕਾ ਵਿੱਚ ਸਹੂਲਤ ਦੇਣ ਲਈ ਸਭ ਤੋਂ ਵਧੀਆ ਲੋਕ ਅਤੇ ਵਧੀਆ ਸਰੋਤ ਦਿੱਤੇ ਜਾਣਗੇ।

ਮਰੀਅਮ ਨਵਾਜ਼ ਨੇ ਪਹਿਲਾਂ ਹੀ ਆਪਣੀ ਸਰਕਾਰ ਦਾ ਦ੍ਰਿਸ਼ਟੀਕੋਣ ਸਾਹਮਣੇ ਰੱਖ ਦਿੱਤਾ ਹੈ।

ਉਨ੍ਹਾਂ ਨੇ ਕਿਹਾ ਹੈ ਕਿ ਉਹ ਵਿਕਾਸ 'ਤੇ ਧਿਆਨ ਕੇਂਦਰਤ ਕਰਨਗੇ ਅਤੇ ਆਪਣੇ ਪਿਤਾ ਤੇ ਚਾਚੇ ਦੀ ਵਿਰਾਸਤ ਨੂੰ ਅੱਗੇ ਵਧਾਉਣਗੇ।

ਵਿਸ਼ਲੇਸ਼ਕ ਮੁਨੇਜ਼ੇਹ ਜਹਾਂਗੀਰ ਦਾ ਕਹਿਣਾ ਹੈ ਕਿ ਪੀਐੱਮਐੱਲ-ਐੱਨ ਜਿਸ ਤਰ੍ਹਾਂ ਦੇ ਸਿਆਸੀ ਬਦਲ ਅਪਨਾ ਰਹੀ ਹੈ, ਉਹੀ ਉਨ੍ਹਾਂ ਨੂੰ ਮੁਸ਼ਕਲਾਂ ਵਿੱਚ ਸੁੱਟ ਰਿਹਾ ਹੈ ਅਤੇ ਇਹੀ ਮੁਸ਼ਕਲਾਂ ਹੋਰ ਗੰਭੀਰ ਹੁੰਦੀਆਂ ਜਾ ਰਹੀਆਂ ਹਨ।

ਉਹ ਜਿਸ ਸੱਤਾ-ਵਿਰੋਧੀ ਬਿਰਤਾਂਤ ਲਈ ਜਾਣੇ ਜਾਂਦੇ ਸਨ, ਹੁਣ ਪੀਟੀਆਈ ਉਸ ਲਈ ਜਾਣਿਆ ਜਾਂਦਾ ਹੈ। ਭੂਮਿਕਾਵਾਂ ਹੁਣ ਉਲਟ ਗਈਆਂ ਹਨ।

ਉਹ ਕਹਿੰਦੇ ਹਨ, "ਮਰੀਅਮ ਨਵਾਜ਼ ਬਹਾਦਰ ਹੈ, ਜਿਸ ਤਰ੍ਹਾਂ ਉਨ੍ਹਾਂ ਨੇ ਦੋ ਵਾਰ ਜੇਲ੍ਹ ਜਾਣ ਦੌਰਾਨ ਆਪਣੇ ਆਪ ਨੂੰ ਸੰਭਾਲਿਆ ਉਹ ਕਾਫ਼ੀ ਪ੍ਰਭਾਵਸ਼ਾਲੀ ਹੈ।"

"ਪਰ ਮੈਨੂੰ ਪਤਾ ਨਹੀਂ ਹੈ ਕਿ ਇਮਰਾਨ ਖ਼ਾਨ ਦੀ ਵਧਦੀ ਲੋਕਪ੍ਰਿਅਤਾ ਦਾ ਮੁਕਾਬਲਾ ਕਰਨ ਲਈ ਮਰੀਅਮ ਨਵਾਜ਼ ਕਿਹੜੀ ਨਵੀਂ ਦਿਸ਼ਾ ਲੈਣ ਜਾ ਰਹੇ ਹਨ।"

ਬੇਨਜ਼ੀਰ ਭੁੱਟੋ

ਤਸਵੀਰ ਸਰੋਤ, Getty Images

ਬੇਨਜ਼ੀਰ ਭੁੱਟੋ ਨਾਲ ਤੁਲਨਾ

ਕੁਝ ਪੀਐੱਮਐੱਲ-ਐੱਨ ਪੱਖੀ ਵਿਸ਼ਲੇਸ਼ਕ ਮਰੀਅਮ ਨਵਾਜ਼ ਸ਼ਰੀਫ਼ ਦੀ ਤੁਲਨਾ ਕਤਲ ਹੋਈ ਸਾਬਕਾ ਪ੍ਰਧਾਨ ਮੰਤਰੀ ਬੇਨਜ਼ੀਰ ਭੁੱਟੋ ਨਾਲ ਕਰਦੇ ਹਨ। ਬੇਨਜ਼ੀਰ ਨੂੰ ਨਾ ਸਿਰਫ਼ ਪਾਕਿਸਤਾਨ ਵਿੱਚ ਸਗੋਂ ਦੁਨੀਆ ਭਰ ਵਿੱਚ ਹਿੰਮਤ ਦੇ ਪ੍ਰਤੀਕ ਵਜੋਂ ਦੇਖਿਆ ਜਾਂਦਾ ਹੈ।

ਉਹ ਮੁਸਲਿਮ ਸੰਸਾਰ ਦੇ ਪਹਿਲੇ ਮਹਿਲਾ ਪ੍ਰਧਾਨ ਮੰਤਰੀ ਸਨ। ਬੇਨਜ਼ੀਰ ਦੇ ਤਿੱਖੇ ਆਲੋਚਕ ਵੀ ਉਨ੍ਹਾਂ ਦੇ ਨਿੱਜੀ ਅਤੇ ਸਿਆਸੀ ਸੰਘਰਸ਼ ਦਾ ਆਦਰ ਕਰਦੇ ਹਨ।

ਮਰੀਅਮ ਨਵਾਜ਼ ਨੇ ਖ਼ੁਦ ਕਈ ਮੌਕਿਆਂ 'ਤੇ ਸਾਬਕਾ ਪ੍ਰਧਾਨ ਮੰਤਰੀ ਨੂੰ ਸ਼ਰਧਾਂਜਲੀ ਦਿੱਤੀ ਹੈ।

2021 ਵਿੱਚ ਬੀਬੀ ਦੀ ਬਰਸੀ ਮੌਕੇ ਉਨ੍ਹਾਂ ਦੇ ਜੱਦੀ ਸ਼ਹਿਰ ਲਰਕਾਨਾ ਵਿੱਚ ਇੱਕ ਇਕੱਠ ਨੂੰ ਸੰਬੋਧਨ ਕਰਦਿਆਂ ਮਰੀਅਮ ਨੇ ਕਿਹਾ ਕਿ ਉਨ੍ਹਾਂ ਦਾ ਸਫ਼ਰ ਬੇਨਜ਼ੀਰ ਨਾਲ ਮਿਲਦਾ ਹੈ।

ਉਨ੍ਹਾਂ ਨੇ ਕਿਹਾ, "ਕੁਝ ਮਾਅਨਿਆਂ ਵਿੱਚ ਮੈਨੂੰ ਲੱਗਦਾ ਹੈ ਕਿ ਮੇਰੀ ਬੇਨਜ਼ੀਰ ਭੁੱਟੋ ਨਾਲ ਸਿਆਸੀ ਸਾਂਝ ਹੈ, ਨਾ ਸਿਰਫ ਉਹ ਦੇਸ਼ ਦੀ ਹਰ ਔਰਤ ਦਾ ਮਾਣ ਸਨ, ਸਗੋਂ ਉਨ੍ਹਾਂ ਦੀ ਕਹਾਣੀ ਪਿਤਾ ਅਤੇ ਧੀ ਦੇ ਡੂੰਘੇ ਸਬੰਧ ਤੇ ਪਿਆਰ ਦੀ ਇੱਕ ਅਭੁੱਲ ਕਹਾਣੀ ਸੀ।"

"ਉਹ ਆਪਣੀ ਮੌਤ ਤੱਕ ਆਪਣੇ ਪਿਤਾ ਦਾ ਕੇਸ ਲੜਦੇ ਰਹੇ। ਜੇਕਰ ਲੋੜ ਪਈ ਤਾਂ ਮੈਂ ਆਪਣੇ ਪਿਤਾ ਦੇ ਪਾਕਿਸਤਾਨ ਨੂੰ ਇਕਜੁੱਟ ਕਰਨ ਅਤੇ ਵਿਕਾਸ ਕਰਨ ਦੇ ਸੰਕਲਪ ਲਈ ਆਪਣੀ ਜਾਨ ਦੇਣ ਤੋਂ ਪਿੱਛੇ ਨਹੀਂ ਹਟਾਂਗੀ।"

ਪਰ ਉਹ ਇਹ ਵੀ ਮੰਨਦੇ ਹਨ ਕਿ ਪ੍ਰੇਰਨਾ ਅਤੇ ਸਾਂਝ ਦੇ ਬਾਵਜੂਦ, ਉਨ੍ਹਾਂ ਦਾ ਰਾਹ ਬੇਨਜ਼ੀਰ ਨਾਲੋਂ ਵੱਖਰਾ ਹੈ ਅਤੇ ਵਿਸ਼ਲੇਸ਼ਕ ਮੁਨੇਜ਼ੇਹ ਜਹਾਂਗੀਰ ਇਸ ਨਾਲ ਸਹਿਮਤ ਹਨ।

ਮੁਨੇਜ਼ੇਹ ਦਾ ਮੰਨਣਾ ਹੈ ਕਿ ਮਰੀਅਮ ਨੂੰ ਕੁਝ ਉਸੇ ਤਰ੍ਹਾਂ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਜਿਨ੍ਹਾਂ ਦਾ ਸਾਹਮਣਾ ਬੇਨਜ਼ੀਰ ਨੇ ਕੀਤਾ।

ਇਨ੍ਹਾਂ ਵਿੱਚ ਸਿਸਟਮ ਵਿੱਚ ਇੱਕ ਔਰਤ ਨੂੰ ਆਗੂ ਵਜੋਂ ਸਵੀਕਾਰ ਕਰਨਾ ਵੀ ਸ਼ਾਮਲ ਹੈ। ਪਰ ਮਰੀਅਮ ਨੂੰ ਬਹੁਤ ਸਮਰਥਨ ਹੈ। ਉਨ੍ਹਾਂ ਦੇ ਪਿਤਾ ਉਨ੍ਹਾਂ ਦੇ ਸਮਰਥਨ ਲਈ ਮੌਜੂਦ ਹਨ ਅਤੇ ਉਨ੍ਹਾਂ ਦੇ ਭਰਾ ਅਤੇ ਪਰਿਵਾਰ ਉਨ੍ਹਾਂ ਦੇ ਪਿੱਛੇ ਖੜ੍ਹਾ ਹੈ, ਜਦ ਕਿ ਬੇਨਜ਼ੀਰ ਦੇ ਨਾਲ ਅਜਿਹਾ ਨਹੀਂ ਸੀ।

ਦੂਜੇ ਪਾਸੇ, ਸਿਆਸੀ ਟਿੱਪਣੀਕਾਰ ਜ਼ਾਹਿਦ ਹੁਸੈਨ ਬੇਨਜ਼ੀਰ ਭੁੱਟੋ ਨੂੰ ਬਹੁਤ ਉੱਚਾ ਸਮਝਦੇ ਹਨ ਅਤੇ ਦਲੀਲ ਦਿੰਦੇ ਹਨ ਕਿ ਬੇਨਜ਼ੀਰ ਭੁੱਟੋ ਅਤੇ ਮਰੀਅਮ ਨਵਾਜ਼ ਵਿਚਕਾਰ ਕੋਈ ਤੁਲਨਾ ਨਹੀਂ ਹੈ ਅਤੇ ਨਹੀਂ ਹੋ ਸਕਦੀ।

ਦੇਸ਼ ਵਿੱਚ ਜਮਹੂਰੀਅਤ ਦੀ ਬਹਾਲੀ ਲਈ ਬੇਨਜ਼ੀਰ ਦਾ ਸੰਘਰਸ਼, ਜ਼ਿਆ ਦੇ ਸ਼ਾਸਨ ਦੌਰਾਨ ਉਨ੍ਹਾਂ ਨੇ ਜਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕੀਤਾ, ਇੱਕ ਸਿਆਸਤਦਾਨ ਵਜੋਂ ਉਨ੍ਹਾਂ ਦੀ ਯੋਗਤਾ ਅਤੇ ਲੋਕਤੰਤਰਵਾਦੀ ਵਜੋਂ ਉਨ੍ਹਾਂ ਦੀ ਮਾਨਸਿਕਤਾ ਦਾ ਮਰੀਅਮ ਨਾਲ ਕੋਈ ਮੇਲ ਨਹੀਂ ਹੈ।

ਜ਼ਾਹਿਦ ਦੱਸਦੇ ਹਨ ਕਿ ਮਰੀਅਮ ਵਿਸ਼ੇਸ਼ ਅਧਿਕਾਰ ਅਤੇ ਰਾਜਵੰਸ਼ ਦੀ ਪ੍ਰਤੀਨਿਧਤਾ ਕਰਦੀ ਹੈ। ਜ਼ਾਹਿਦ ਨੇ ਕਿਹਾ ਕਿ ਬੇਨਜ਼ੀਰ ਦੀ ਕਦੇ ਵੀ ਸਿਆਸਤ ਵਿੱਚ ਆਉਣ ਦੀ ਕੋਈ ਯੋਜਨਾ ਨਹੀਂ ਸੀ।

ਅਜੇ ਉਨ੍ਹਾਂ ਨੇ ਮੁਸ਼ਕਲ ਨਾਲ ਆਪਣੀ ਸਿੱਖਿਆ ਪੂਰੀ ਕੀਤੀ ਸੀ, ਜਦੋਂ ਉਨ੍ਹਾਂ ਦੇ ਪਿਤਾ ਨੂੰ ਤ੍ਰਾਸਦਿਕ ਫਾਂਸੀ ਤੋਂ ਸਿਆਸਤ ਵਿੱਚ ਧੱਕਿਆ ਗਿਆ।

ਉਸ ਵੇਲੇ ਉਨ੍ਹਾਂ ਦੇ ਭਰਾ ਵੀ ਜ਼ੁਲਮ ਦੇ ਡਰੋਂ ਦੇਸ਼ ਛੱਡਣ ਲਈ ਮਜਬੂਰ ਹੋ ਗਏ ਸਨ।

ਮਰੀਅਮ ਨਵਾਜ਼

ਤਸਵੀਰ ਸਰੋਤ, Getty Images

ਮੁੱਖ ਮੰਤਰੀ ਵਜੋਂ ਚੁਣੌਤੀਆਂ

ਮਰੀਅਮ ਦੇ ਆਲੋਚਕਾਂ ਦਾ ਮੰਨਣਾ ਹੈ ਕਿ ਕਿਸੇ ਵੀ ਜਨਤਕ ਅਹੁਦੇ 'ਤੇ ਬੈਠਣ ਤੋਂ ਪਹਿਲਾਂ ਹੀ ਪਨਾਮਾ ਪੇਪਰਜ਼ ਵਿੱਚ ਉਨ੍ਹਾਂ ਦੀ ਸ਼ਮੂਲੀਅਤ ਕਾਰਨ ਉਨ੍ਹਾਂ ਦਾ ਅਕਸ ਪਹਿਲਾਂ ਹੀ ਖ਼ਰਾਬ ਹੋ ਗਿਆ ਹੈ।

ਉਨ੍ਹਾਂ ਨੇ ਅਤੀਤ ਵਿੱਚ ਪਾਕਿਸਤਾਨ ਦੇ ਅੰਦਰ ਜਾਂ ਬਾਹਰ ਕਿਸੇ ਵੀ ਜਾਇਦਾਦ ਦੀ ਮਲਕੀਅਤ ਹੋਣ ਤੋਂ ਇਨਕਾਰ ਕੀਤਾ ਹੈ। ਪਨਾਮਾ ਪੇਪਰਜ਼ ਵਿੱਚ ਇਹ ਦਾਅਵਾ ਝੂਠਾ ਸਾਬਤ ਹੋਇਆ ਸੀ।

ਇਮਰਾਨ ਖ਼ਾਨ ਨੇ ਸ਼ਰੀਫਾਂ ਦੀ ਤਿੱਖੀ ਆਲੋਚਨਾ ਨੂੰ ਮਜ਼ਬੂਤ ਕਰਨ ਲਈ ਪਨਾਮਾ ਪੇਪਰਸ ਦੀ ਵਰਤੋਂ ਕੀਤੀ ਹੈ ਅਤੇ ਇਸ ਦੇ ਆਧਾਰ 'ਤੇ ਭ੍ਰਿਸ਼ਟਾਚਾਰ ਵਿਰੋਧੀ ਬਿਰਤਾਂਤ ਨੂੰ ਫੈਲਾਇਆ।

ਮੁਨੇਜ਼ੇਹ ਜਹਾਂਗੀਰ ਦੇ ਵਿਸ਼ਲੇਸ਼ਣ ਮੁਤਾਬਕ, ਮਰੀਅਮ ਨਵਾਜ਼ ਸਭ ਤੋਂ ਵਧੀਆ ਚਿਹਰਾ ਹੈ ਜੋ ਪੀਐੱਮਐੱਲ-ਐੱਨ ਇਸ ਸਮੇਂ ਪੇਸ਼ ਕਰ ਸਕਦੀ ਹੈ ਅਤੇ ਜੇਕਰ ਉਹ ਆਪਣੇ ਪੱਤੇ ਸਹੀ ਢੰਗ ਨਾਲ ਖੇਡਦੇ ਹਨ, ਤਾਂ ਉਹ ਸਥਿਤੀ ਨੂੰ ਬਦਲ ਸਕਦੇ ਹਨ।

ਸਾਰੇ ਵਰਗ ਦੇ ਟਿੱਪਣੀਕਾਰਾਂ ਨੇ ਪਹਿਲੀ ਮਹਿਲਾ ਮੁੱਖ ਮੰਤਰੀ ਵਜੋਂ ਉਨ੍ਹਾਂ ਦੀ ਨਿਯੁਕਤੀ ਦਾ ਸੁਆਗਤ ਕੀਤਾ ਹੈ, ਪਰ ਕੁਝ ਮੰਨਦੇ ਹਨ ਕਿ ਉਨ੍ਹਾਂ ਨੂੰ ਤਜ਼ਰਬੇ ਦੀ ਸਮੱਸਿਆ ਆ ਸਕਦੀ ਹੈ।

ਵਿਸ਼ਲੇਸ਼ਕ ਬੇਨਜ਼ੀਰ ਸ਼ਾਹ ਦਾ ਕਹਿਣਾ ਹੈ, "ਹੁਣ ਤੱਕ ਅਸੀਂ ਨਹੀਂ ਜਾਣਦੇ ਕਿ ਉਹ ਕੌਣ ਹੈ, ਉਨ੍ਹਾਂ ਦੀਆਂ ਤਰਜ਼ੀਹਾਂ ਕੀ ਹਨ ਅਤੇ ਉਨ੍ਹਾਂ ਦਾ ਵਿਜ਼ਨ ਕੀ ਹੈ, ਨਿਯੁਕਤੀ ਉਨ੍ਹਾਂ ਨੂੰ ਇੱਕ ਵਿਅਕਤੀ ਅਤੇ ਇੱਕ ਸਿਆਸਤਦਾਨ ਵਜੋਂ ਉਜਾਗਰ ਕਰੇਗੀ, ਇਹ ਉਨ੍ਹਾਂ ਲਈ ਚਮਕਣ ਦਾ ਮੌਕਾ ਹੈ।"

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)