ਕਤਲ ਦਾ ਉਹ ਮਾਮਲਾ ਜਿਸ ਦੇ ਮੁਲਜ਼ਮਾਂ ਨੇ ‘ਮੇਘਾਲਿਆ ਦੇ ਹਨੀਮੂਨ ਕਤਲ ਵਾਂਗ ਫੜ੍ਹੇ ਨਾ ਜਾਣ ਦਾ ਅਹਿਦ ਲਿਆ’

ਗੰਤਾ ਤੇਜੇਸ਼ਵਰ - ਐਸ਼ਵਰਿਆ

ਤਸਵੀਰ ਸਰੋਤ, Gadwal police

ਤਸਵੀਰ ਕੈਪਸ਼ਨ, ਗੰਤਾ ਤੇਜੇਸ਼ਵਰ ਦਾ ਵਿਆਹ 18 ਮਈ ਨੂੰ ਐਸ਼ਵਰਿਆ ਉਰਫ ਸਹਸਰਾ ਨਾਲ ਹੋਇਆ ਸੀ
    • ਲੇਖਕ, ਅਮਰੇਂਦਰ ਯਾਰਲਾਗੱਡਾ
    • ਰੋਲ, ਬੀਬੀਸੀ ਪੱਤਰਕਾਰ

"ਮੇਘਾਲਿਆ ਵਿੱਚ ਹਨੀਮੂਨ ਕਤਲ ਕੇਸ ਦੇ ਮੁਲਜ਼ਮਾਂ ਨੇ ਕੋਈ ਗਲਤੀ ਕੀਤੀ ਅਤੇ ਫਿਰ ਫੜੇ ਗਏ। ਆਪਾਂ ਇਹ ਯਕੀਨੀ ਬਣਾਈਏ ਕਿ ਆਪਾਂ ਜੋ ਕਤਲ ਕਰ ਰਹੇ ਹਾਂ, ਉਸ ਵਿੱਚ ਕੋਈ ਗਲਤੀ ਨਾ ਹੋਵੇ। ਪੁਲਿਸ ਕਿਸੇ ਵੀ ਹਾਲਤ ਵਿੱਚ ਪਤਾ ਨਹੀਂ ਲਗਾ ਸਕੇਗੀ।"

ਉਪਰੋਕਤ ਸ਼ਬਦ ਬੋਲਦੇ ਹੋਏ ਤੇਲੰਗਾਨਾ ਦੇ ਜੋਗੁਲੰਬਾ ਗਡਵਾਲ ਜ਼ਿਲ੍ਹੇ ਦੇ ਐਸਪੀ ਟੀ. ਸ਼੍ਰੀਨਿਵਾਸ ਰਾਓ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਿਵੇਂ ਤੇਜੇਸ਼ਵਰ ਦੀ ਪਤਨੀ ਐਸ਼ਵਰਿਆ ਅਤੇ ਤਿਰੂਮਲਾ ਰਾਓ ਨੇ ਉਨ੍ਹਾਂ ਦੇ ਕਤਲ ਦੀ ਯੋਜਨਾ ਬਣਾਈ ਸੀ।

ਪੁਲਿਸ ਨੇ ਆਪਣੀ ਜਾਂਚ ਤੋਂ ਬਾਅਦ ਇਸ ਨਤੀਜੇ 'ਤੇ ਪਹੁੰਚਣ ਦੀ ਗੱਲ ਕਹੀ ਹੈ ਕਿ ਤੇਲੰਗਾਨਾ ਦੇ ਗਡਵਾਲ ਸ਼ਹਿਰ ਦੇ ਗੰਤਾ ਤੇਜੇਸ਼ਵਰ ਨਾਮਕ ਨੌਜਵਾਨ ਦਾ ਕਤਲ, ਉਨ੍ਹਾਂ ਦੀ ਪਤਨੀ ਦੇ ਵਿਆਹ ਤੋਂ ਬਾਹਰਲੇ ਸਬੰਧਾਂ ਕਾਰਨ ਹੋਇਆ ਸੀ।

ਇਹ ਮਾਮਲਾ ਉਦੋਂ ਸਨਸਨੀਖੇਜ਼ ਬਣ ਗਿਆ ਜਦੋਂ ਪੁਲਿਸ ਨੇ ਤੇਜੇਸ਼ਵਰ ਦੇ ਵਿਆਹ ਤੋਂ ਇੱਕ ਮਹੀਨੇ ਤੋਂ ਵੀ ਘੱਟ ਸਮੇਂ ਬਾਅਦ ਹੀ ਉਨ੍ਹਾਂ ਦੇ ਕਤਲ ਕੇਸ ਵਿੱਚ ਉਨ੍ਹਾਂ ਦੀ ਪਤਨੀ ਐਸ਼ਵਰਿਆ ਦੀ ਸ਼ਮੂਲੀਅਤ ਦੀ ਜਾਂਚ ਸ਼ੁਰੂ ਕੀਤੀ।

ਐਸਪੀ ਟੀ. ਸ਼੍ਰੀਨਿਵਾਸ ਰਾਓ ਨੇ ਕਿਹਾ ਕਿ ਐਸ਼ਵਰਿਆ ਦਾ ਤਿਰੂਮਲਾ ਰਾਓ ਨਾਮਕ ਇੱਕ ਵਿਅਕਤੀ ਨਾਲ ਵਿਆਹ ਤੋਂ ਬਾਹਰਲਾ ਸਬੰਧ ਸੀ ਅਤੇ ਉਹ ਉਸਦੀ ਹੱਤਿਆ ਵਿੱਚ ਸ਼ਾਮਲ ਸਨ।

ਦੂਜੇ ਪਾਸੇ, ਤੇਜੇਸ਼ਵਰ ਦੀ ਮੌਤ ਤੋਂ ਬਾਅਦ, ਉਨ੍ਹਾਂ ਦੇ ਮੌਤ ਤੋਂ ਪਹਿਲਾਂ ਦੇ ਉਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੇ ਹਨ ਜਿਨ੍ਹਾਂ 'ਚ ਉਹ ਨੱਚਦੇ ਹੋਏ ਨਜ਼ਰ ਆ ਰਹੇ ਹਨ।

ਆਓ ਜਾਣਦੇ ਹਾਂ ਕਿ ਇਸ ਪੂਰੇ ਮਾਮਲੇ ਵਿੱਚ ਕਦੋਂ-ਕਦੋਂ ਕੀ-ਕੀ ਹੋਇਆ

ਤਿਰੂਮਾਲਾ ਦੇ ਸੁਜਾਤਾ ਅਤੇ ਉਸਦੀ ਧੀ ਐਸ਼ਵਰਿਆ ਦੋਵਾਂ ਨਾਲ ਸਬੰਧ

ਗਡਵਾਲ ਪੁਲਿਸ

ਤਸਵੀਰ ਸਰੋਤ, Gadwal police

ਤਸਵੀਰ ਕੈਪਸ਼ਨ, ਪੁਲਿਸ ਮੁਤਾਬਕ, ਗੰਤਾ ਤੇਜੇਸ਼ਵਰ ਨਾਮਕ ਨੌਜਵਾਨ ਦਾ ਕਤਲ, ਉਨ੍ਹਾਂ ਦੀ ਪਤਨੀ ਦੇ ਵਿਆਹ ਤੋਂ ਬਾਹਰਲੇ ਸਬੰਧਾਂ ਕਾਰਨ ਹੋਇਆ ਸੀ

18 ਮਈ:

ਗਡਵਾਲ ਕਸਬੇ ਦੇ ਰਹਿਣ ਵਾਲੇ ਗੰਤਾ ਤੇਜੇਸ਼ਵਰ ਦਾ ਵਿਆਹ 18 ਮਈ ਨੂੰ ਕੁਰਨੂਲ ਜ਼ਿਲ੍ਹੇ ਦੇ ਕਲੂਰ ਦੀ ਰਹਿਣ ਵਾਲੀ ਐਸ਼ਵਰਿਆ ਉਰਫ ਸਹਸਰਾ ਨਾਲ ਗਡਵਾਲ ਜ਼ਿਲ੍ਹੇ ਦੇ ਹੀ ਬੀਚੁਪੱਲੀ ਦੇ ਅੰਜਨੇਯਸਵਾਮੀ ਮੰਦਿਰ ਵਿੱਚ ਹੋਇਆ ਸੀ।

ਤੇਜੇਸ਼ਵਰ ਇੱਕ ਪ੍ਰਾਈਵੇਟ ਸਰਵੇਅਰ (ਨਿੱਜੀ ਕੰਪਨੀ ਨਾਲ ਸਰਵੇ ਕਰਨ ਵਾਲਾ) ਵਜੋਂ ਕੰਮ ਕਰਦੇ ਸਨ।

15 ਜੂਨ:

ਗਡਵਾਲ ਦੇ ਐਸਪੀ ਟੀ. ਸ੍ਰੀਨਿਵਾਸ ਰਾਓ ਨੇ ਕਿਹਾ ਕਿ ਐਸ਼ਵਰਿਆ ਦਾ ਵਿਆਹ ਤੋਂ ਪਹਿਲਾਂ ਹੀ ਕੁਰਨੂਲ ਸ਼ਹਿਰ ਵਿੱਚ ਕੈਨਫਿਨ ਹਾਊਸਿੰਗ ਕੰਪਨੀ ਦੇ ਮੈਨੇਜਰ ਤਿਰੂਮਲਾ ਰਾਓ ਨਾਲ ਪ੍ਰੇਮ ਸਬੰਧ ਸੀ।

ਐਸ਼ਵਰਿਆ ਦੀ ਮਾਂ ਸੁਜਾਤਾ ਕੁਰਨੂਲ ਵਿੱਚ ਕੈਨਫਿਨ ਹਾਊਸਿੰਗ ਸੋਸਾਇਟੀ ਵਿੱਚ ਸਫਾਈ ਸੇਵਕ ਵਜੋਂ ਕੰਮ ਕਰਦੀ ਹੈ। ਉਸਦੇ ਪਤੀ ਦੀ ਪਹਿਲਾਂ ਹੀ ਮੌਤ ਹੋ ਗਈ ਸੀ।

ਐਸਪੀ ਟੀ. ਸ਼੍ਰੀਨਿਵਾਸ ਰਾਓ ਨੇ ਦੱਸਿਆ ਕਿ ਤਿਰੂਮਾਲਾ ਰਾਓ ਦੇ ਵਿਆਹ ਤੋਂ ਬਾਹਰ ਸੁਜਾਤਾ ਅਤੇ ਉਸਦੀ ਧੀ ਐਸ਼ਵਰਿਆ ਦੋਵਾਂ ਨਾਲ ਸਬੰਧ ਸਨ ਤਾਂ ਜੋ ਉਨ੍ਹਾਂ ਦੀਆਂ ਵਿੱਤੀ ਜ਼ਰੂਰਤਾਂ ਪੂਰੀਆਂ ਹੋ ਸਕਣ।

ਉਨ੍ਹਾਂ ਦੱਸਿਆ, "ਉਨ੍ਹਾਂ ਨੇ ਤੇਜੇਸ਼ਵਰ ਨੂੰ ਮਾਰ ਦਿੱਤਾ ਕਿਉਂਕਿ ਉਨ੍ਹਾਂ ਨੂੰ ਲੱਗਦਾ ਸੀ ਕਿ ਐਸ਼ਵਰਿਆ ਦੇ ਵਿਆਹ ਤੋਂ ਬਾਅਦ ਉਸ ਲਈ ਵਿਆਹ ਤੋਂ ਬਾਹਰਲਾ ਸਬੰਧ ਬਣਾਈ ਰੱਖਣਾ ਮੁਸ਼ਕਲ ਹੋਵੇਗਾ।''

ਤੇਜੇਸ਼ਵਰ ਕਤਲ ਕੇਸ

ਐਸਪੀ ਰਾਓ ਨੇ ਦੱਸਿਆ ਕਿ ਤਿਰੂਮਾਲਾ ਰਾਓ ਨੇ ਤੇਜੇਸ਼ਵਰ ਨੂੰ ਮਾਰਨ ਲਈ ਕੁਮਾਰੀ ਨਾਗੇਸ਼ ਨਾਮ ਦੇ ਇੱਕ ਵਿਅਕਤੀ ਨਾਲ ਸਮਝੌਤਾ ਕੀਤਾ ਸੀ, ਜੋ ਕਿ ਲੋਨ ਏਜੰਟ ਵਜੋਂ ਕੰਮ ਕਰ ਰਿਹਾ ਸੀ।

ਪੁਲਿਸ ਨੇ ਪਾਇਆ ਕਿ ਨਾਗੇਸ਼, ਪਰਸ਼ੂਰਾਮ ਅਤੇ ਚਕਲੀ ਰਾਜੂ ਤੇਜੇਸ਼ਵਰ ਦੀ ਜਾਸੂਸੀ ਕਰਨ ਲਈ ਗਡਵਾਲ ਆਏ ਸਨ।

ਐਸਪੀ ਰਾਓ ਨੇ ਕਿਹਾ ਕਿ ਤਿਰੂਮਾਲਾ ਰਾਓ ਨੇ ਕੁਮਾਰੀ ਨਾਗੇਸ਼ ਨੂੰ ਕਿਹਾ, "ਜੇ ਤੁਸੀਂ ਉਸਨੂੰ ਮਾਰ ਦਿੰਦੇ ਹੋ, ਤਾਂ ਮੈਂ ਤੁਹਾਨੂੰ ਜਿੰਨੇ ਪੈਸੇ ਚਾਹੋਗੇ ਦੇਵਾਂਗਾ। ਮੈਂ ਤੁਹਾਡਾ ਕਰਜ਼ਾ ਚੁਕਾ ਦਿਆਂਗਾ। ਮੈਂ ਤੁਹਾਡੀ ਜ਼ਿੰਦਗੀ ਬਣਾ ਦਿਆਂਗਾ।" ਅਤੇ ਇਸੇ ਲਈ ਉਹ ਕਤਲ ਲਈ ਸਹਿਮਤ ਹੋ ਗਿਆ।

'ਉਨ੍ਹਾਂ ਨੇ ਕਾਰ ਵਿੱਚ ਉਸਦਾ ਗਲਾ ਵੱਢ ਦਿੱਤਾ'

ਜਿਸ ਕਾਰ ਵਿੱਚ ਕਤਲ ਕੀਤਾ ਗਿਆ

ਤਸਵੀਰ ਸਰੋਤ, Gadwal police

ਤਸਵੀਰ ਕੈਪਸ਼ਨ, ਜਿਸ ਕਾਰ ਵਿੱਚ ਕਤਲ ਕੀਤਾ ਗਿਆ, ਪੁਲਿਸ ਨੇ ਉਹ ਕਰ ਵੀ ਬਰਾਮਦ ਕਰ ਲਈ ਹੈ

19 ਮਈ - 15 ਜੂਨ:

ਐਸ਼ਵਰਿਆ ਅਤੇ ਤੇਜੇਸ਼ਵਰ ਦੀ ਮੰਗਣੀ ਪਿਛਲੇ ਸਾਲ ਦਸੰਬਰ ਵਿੱਚ ਹੋਈ ਸੀ।

ਇਸ ਸਾਲ 13 ਫਰਵਰੀ ਨੂੰ ਐਸ਼ਵਰਿਆ ਅਤੇ ਤੇਜੇਸ਼ਵਰ ਦਾ ਵਿਆਹ ਹੋਣਾ ਸੀ। ਹਾਲਾਂਕਿ, ਐਸ਼ਵਰਿਆ ਦੇ ਘਰੋਂ ਚਲੇ ਜਾਣ ਕਾਰਨ ਵਿਆਹ ਰੱਦ ਕਰ ਦਿੱਤਾ ਗਿਆ।

ਐਸਪੀ ਰਾਓ ਨੇ ਦੱਸਿਆ ਕਿ ਬਾਅਦ ਵਿੱਚ ਐਸ਼ਵਰਿਆ ਵਾਪਸ ਆਈ ਅਤੇ ਉਸਨੇ ਤੇਜੇਸ਼ਵਰ ਨੂੰ ਫ਼ੋਨ ਕਰਕੇ ਕਿਹਾ, "ਮੈਨੂੰ ਤੁਸੀਂ ਪਸੰਦ ਹੋ, ਪਰ ਮੈਂ ਘਰੋਂ ਚਲੀ ਗਈ ਸੀ ਕਿ ਕਿਉਂਕਿ ਤੁਸੀਂ ਜ਼ਿਆਦਾ ਦਾਜ ਮੰਗਿਆ ਸੀ।"

ਉਨ੍ਹਾਂ ਦੱਸਿਆ, "ਤੇਜੇਸ਼ਵਰ ਨੇ ਐਸ਼ਵਰਿਆ ਦੀਆਂ ਗੱਲਾਂ 'ਤੇ ਵਿਸ਼ਵਾਸ ਕਰ ਲਿਆ ਅਤੇ ਉਸ ਨਾਲ ਵਿਆਹ ਕਰਨ ਲਈ ਰਾਜ਼ੀ ਹੋ ਗਏ।''

ਪੁਲਿਸ ਨੇ ਕਿਹਾ ਕਿ 18 ਮਈ ਨੂੰ ਉਨ੍ਹਾਂ ਦੇ ਵਿਆਹ ਤੋਂ ਬਾਅਦ, ਐਸ਼ਵਰਿਆ ਨੇ ਵਾਰ-ਵਾਰ ਤੇਜੇਸ਼ਵਰ ਨੂੰ ਕਿਹਾ ਕਿ ਉਹ ਉਸਨੂੰ ਕੁਰਨੂਲ ਛੱਡ ਆਉਣ।

ਐਸਪੀ ਰਾਓ ਮੁਤਾਬਕ, ਯੋਜਨਾ ਸੀ ਕਿ ਵਾਪਸੀ ਵੇਲੇ ਜਦੋਂ ਤੇਜੇਸ਼ਵਰ ਇਕੱਲੇ ਹੋਣਗੇ, ਉਸ ਵੇਲੇ ਉਨ੍ਹਾਂ ਨੂੰ ਜਾਨੋਂ ਮਾਰ ਦਿੱਤਾ ਜਾਵੇ ਪਰ ਤਿਰੂਮਲਾ ਰਾਓ ਅਜਿਹਾ ਕਰਨ ਵਿੱਚ ਅਸਮਰੱਥ ਸੀ।

ਐਸਪੀ ਸ਼੍ਰੀਨਿਵਾਸ ਰਾਓ ਨੇ ਕਿਹਾ ਕਿ ਇਸੇ ਕਰਕੇ ਇੱਕ ਸਮੂਹ ਬਣਾਇਆ ਗਿਆ ਸੀ ਅਤੇ ਸੁਪਾਰੀ ਗੈਂਗ ਦੇ ਅੰਦਾਜ਼ ਵਿੱਚ ਕਤਲ ਕੀਤਾ ਗਿਆ।

ਇਹ ਵੀ ਪੜ੍ਹੋ-

'ਉਨ੍ਹਾਂ ਨੇ ਉਸਦਾ ਕਤਲ ਕਰ ਦਿੱਤਾ ਅਤੇ ਲਾਸ਼ ਨਹਿਰ ਵਿੱਚ ਸੁੱਟ ਦਿੱਤੀ'

17 ਜੂਨ:

ਪੁਲਿਸ ਨੂੰ ਪਤਾ ਲੱਗਿਆ ਕਿ ਨਾਗੇਸ਼, ਪਰਸ਼ੂਰਾਮ ਅਤੇ ਰਾਜੂ ਨੇ ਜ਼ਮੀਨ ਦੀ ਖਰੀਦ ਨੂੰ ਲੈ ਕੇ ਤੇਜੇਸ਼ਵਰ ਨਾਲ ਦੋਸਤੀ ਕੀਤੀ ਸੀ। ਇੱਕ ਸੀਸੀਟੀਵੀ ਕੈਮਰੇ ਵਿੱਚ ਰਿਕਾਰਡ ਹੋਇਆ ਹੈ ਕਿ 17 ਜੂਨ ਨੂੰ, ਨਾਗੇਸ਼, ਪਰਸ਼ੂਰਾਮ ਅਤੇ ਰਾਜੇਸ਼ ਤੇਜੇਸ਼ਵਰ ਨੂੰ ਇੱਕ ਕਾਰ ਵਿੱਚ ਲੈ ਕੇ ਜਾ ਰਹੇ ਹਨ।

ਪੁਲਿਸ ਮੁਤਾਬਕ, "ਪਹਿਲਾਂ ਉਹ ਇਟਿਕਿਆਲਾ ਵਿੱਚ ਜ਼ਮੀਨਾਂ ਦੇਖਣ ਗਏ। ਬਾਅਦ ਵਿੱਚ, ਉਹ ਵਾਪਸ ਆਏ ਅਤੇ ਏਰਾਵੇਲੀ ਅਤੇ ਗਡਵਾਲ ਦੇ ਵਿਚਕਾਰ ਤੇਜੇਸ਼ਵਰ ਦਾ ਕਤਲ ਕਰ ਦਿੱਤਾ।"

ਐਸਪੀ ਟੀ. ਸ਼੍ਰੀਨਿਵਾਸ ਰਾਓ ਨੇ ਕਿਹਾ, "ਤੇਜੇਸ਼ਵਰ, ਜੋ ਕਿ ਡਰਾਈਵਰ ਸੀਟ 'ਤੇ ਬੈਠੇ ਸਨ, ਨੂੰ ਪਰਸ਼ੂਰਾਮ, ਉਸਦੇ ਪਿੱਛੇ ਬੈਠੇ ਰਾਜੂ ਅਤੇ ਉਸਦੇ ਨਾਲ ਬੈਠੇ ਨਾਗੇਸ਼ ਨੇ ਪਹਿਲਾਂ ਤੋਂ ਨਾਲ ਲੈ ਕੇ ਆਂਦੇ ਚਾਕੂਆਂ ਨਾਲ ਹਮਲਾ ਕਰਕੇ ਮਾਰ ਦਿੱਤਾ।"

ਪੁਲਿਸ ਜਾਂਚ ਤੋਂ ਪਤਾ ਲੱਗਾ ਹੈ ਕਿ ਤਿਰੂਮਲਾ ਰਾਓ ਨੇ ਸਮੇਂ-ਸਮੇਂ 'ਤੇ ਵਟਸਐਪ ਕਾਲਾਂ ਰਾਹੀਂ ਕਤਲ ਦੀ ਯੋਜਨਾ ਦੀ ਨਿਗਰਾਨੀ ਕੀਤੀ।

ਸ਼੍ਰੀਨਿਵਾਸ ਰਾਓ ਨੇ ਕਿਹਾ, "ਪਹਿਲਾਂ, ਉਹ ਤੇਜੇਸ਼ਵਰ ਦੀ ਲਾਸ਼ ਨੂੰ ਪੰਚਲਿੰਗਲਾ ਦੇ ਨੇੜੇ ਤਿਰੂਮਲਾ ਰਾਓ ਦੀ ਜ਼ਮੀਨ ਵਿੱਚ ਦਫ਼ਨਾਉਣਾ ਚਾਹੁੰਦੇ ਸਨ। ਫਿਰ, ਤਿਰੂਮਲਾ ਰਾਓ ਦੇ ਨਿਰਦੇਸ਼ਾਂ ਅਨੁਸਾਰ, ਉਨ੍ਹਾਂ ਨੇ ਲਾਸ਼ ਨੂੰ ਕੁਰਨੂਲ-ਨੰਦਿਆਲਾ ਸੜਕ ਦੇ ਨਾਲ ਪਨਿਆਮ ਮੰਡਲ ਦੇ ਗਲੇਰੂ ਨਾਗਰੀ ਨਹਿਰ ਵਿੱਚ ਸੁੱਟ ਦਿੱਤਾ। ਕਿਉਂਕਿ ਨਾਗੇਸ਼ ਅਤੇ ਹੋਰਾਂ ਦੇ ਕੱਪੜੇ ਖੂਨ ਨਾਲ ਲੱਥੇ ਹੋਏ ਸਨ, ਤਿਰੂਮਲਾ ਰਾਓ ਨੇ ਉਨ੍ਹਾਂ ਨੂੰ ਨਵੇਂ ਕੱਪੜੇ ਖਰੀਦ ਕੇ ਦਿੱਤੇ।"

ਪੁਲਿਸ ਦੁਆਰਾ ਬਰਾਮਦ ਹਥਿਆਰ ਅਤੇ ਹੋਰ ਸਮਾਨ

ਤਸਵੀਰ ਸਰੋਤ, Gadwal police

ਤਸਵੀਰ ਕੈਪਸ਼ਨ, ਪੁਲਿਸ ਦੁਆਰਾ ਬਰਾਮਦ ਹਥਿਆਰ ਅਤੇ ਹੋਰ ਸਮਾਨ

18 ਜੂਨ:

ਜਦੋਂ ਤੇਜੇਸ਼ਵਰ ਘਰ ਵਾਪਸ ਨਹੀਂ ਆਏ, ਤਾਂ ਉਨ੍ਹਾਂ ਦੇ ਭਰਾ ਤੇਜ ਵਰਧਨ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ।

ਪੁਲਿਸ ਨੇ ਕਿਹਾ ਕਿ ਤੇਜੇਸ਼ਵਰ ਦੀ ਪਛਾਣ ਗਡਵਾਲ ਆਈਟੀਆਈ ਕਾਲਜ ਵਿੱਚ ਹੋਈ। ਉੱਥੇ ਮੌਜੂਦ ਸੀਸੀਟੀਵੀ ਕੈਮਰੇ 'ਤੇ ਰਿਕਾਰਡ ਕੀਤੇ ਗਏ ਵਿਜ਼ੂਅਲ ਦੇ ਆਧਾਰ 'ਤੇ ਜਾਂਚ ਸ਼ੁਰੂ ਕੀਤੀ ਗਈ।

ਐਸਪੀ ਰਾਓ ਨੇ ਕਿਹਾ, "ਤੇਜੇਸ਼ਵਰ ਦੀ ਕਾਰ ਦੇ ਵਿਜ਼ੂਅਲ ਸੀਸੀਟੀਵੀ ਕੈਮਰੇ 'ਤੇ ਰਿਕਾਰਡ ਕੀਤੇ ਗਏ ਸਨ।"

ਪੁਲਿਸ ਨੇ ਇਹ ਵੀ ਕਿਹਾ ਕਿ ਜਦੋਂ ਤੇਜੇਸ਼ਵਰ ਦੀ ਪਤਨੀ ਐਸ਼ਵਰਿਆ ਦਾ ਫ਼ੋਨ ਚੈੱਕ ਕੀਤਾ ਗਿਆ, ਤਾਂ ਉਸਦੀ ਤਿਰੂਮਲਾ ਰਾਓ ਨਾਲ 2,000 ਤੋਂ ਵੱਧ ਵਾਰ ਗੱਲ ਕਰਨ ਦੇ ਰਿਕਾਰਡ ਮਿਲੇ।

19 ਜੂਨ:

ਪੁਲਿਸ ਨੇ ਪਾਇਆ ਕਿ ਤਿਰੂਮਲਾ ਰਾਓ ਨੇ ਨਾਗੇਸ਼ ਨੂੰ 50,000 ਰੁਪਏ ਦਿੱਤੇ ਸਨ।

20 ਜੂਨ:

ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਕਿ ਤਿਰੂਮਲਾ ਰਾਓ ਨੇ ਆਪਣੇ ਕਿਸੇ ਜਾਣਕਾਰ ਦੀ ਮਦਦ ਨਾਲ ਨਾਗੇਸ਼ ਦੇ ਘਰ 2 ਲੱਖ ਰੁਪਏ ਭੇਜੇ ਸਨ।

ਜ਼ਬਤ ਕੀਤੇ ਰੁਪਏ

ਤਸਵੀਰ ਸਰੋਤ, Gadwal police

ਤਸਵੀਰ ਕੈਪਸ਼ਨ, ਪੁਲਿਸ ਨੇ ਮੁਲਜ਼ਮਾਂ ਕੋਲੋਂ 1 ਲੱਖ 20 ਹਜ਼ਾਰ ਰੁਪਏ ਨਕਦ ਵੀ ਜ਼ਬਤ ਕੀਤੇ ਹਨ

21 ਜੂਨ:

ਪੁਲਿਸ ਨੂੰ ਕੁਰਨੂਲ ਜ਼ਿਲ੍ਹੇ ਵਿੱਚ ਗਲੇਰੂ-ਨਾਗਰੀ ਨਹਿਰ ਵਿੱਚ ਇੱਕ ਅਣਪਛਾਤੀ ਲਾਸ਼ ਬਾਰੇ ਜਾਣਕਾਰੀ ਮਿਲੀ।

ਜਦੋਂ ਉਹ ਮੌਕੇ 'ਤੇ ਪਹੁੰਚੇ ਅਤੇ ਤੇਜੇਸ਼ਵਰ ਦੇ ਪਰਿਵਾਰਕ ਮੈਂਬਰਾਂ ਤੋਂ ਲਾਸ਼ ਦੀ ਸ਼ਿਨਾਖਤ ਕਰਵਾਈ, ਤਾਂ ਸਰੀਰ ਦੇ ਨਿਸ਼ਾਨਾਂ ਦੇ ਆਧਾਰ 'ਤੇ ਇਹ ਪੁਸ਼ਟੀ ਹੋਈ ਕਿ ਇਹ ਤੇਜੇਸ਼ਵਰ ਦੀ ਹੈ।

26 ਜੂਨ:

ਪੁਲਿਸ ਨੇ ਇਸ ਮਾਮਲੇ ਵਿੱਚ ਕੁੱਲ ਅੱਠ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਅਤੇ ਮੀਡੀਆ ਨੂੰ ਇਸ ਦੀ ਜਾਣਕਾਰੀ ਦਿੱਤੀ। ਐਸਪੀ ਰਾਓ ਨੇ ਕਿਹਾ ਕਿ ਏ1 ਮੁਲਜ਼ਮ ਤਿਰੂਮਲਾ ਰਾਓ, ਏ3 ਮੁਲਜ਼ਮ ਕੁਮਾਰੀ ਨਾਗੇਸ਼, ਏ4 ਮੁਲਜ਼ਮ ਚਕਲੀ ਪਰਸੂਰਾਮ ਅਤੇ ਏ5 ਚਕਲੀ ਰਾਜੂ ਨੂੰ ਪੁਲੂਰ ਚੈੱਕ ਪੋਸਟ ਦੇ ਨੇੜੇ ਗ੍ਰਿਫ਼ਤਾਰ ਕੀਤਾ ਗਿਆ ਸੀ।

ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਨਾਲ, ਦੋਸ਼ੀ ਏ2 ਐਸ਼ਵਰਿਆ, ਏ6 ਮੋਹਨ, ਏ7 ਤਿਰੂਮਲਾ ਰਾਓ ਦੇ ਪਿਤਾ, ਅਤੇ ਏ8 ਐਸ਼ਵਰਿਆ ਦੀ ਮਾਂ ਸੁਜਾਤਾ, ਜਿਸਨੇ ਕਤਲ ਵਿੱਚ ਸਹਾਇਤਾ ਕੀਤੀ ਸੀ, ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਸੀ।

ਪੁਲਿਸ ਨੇ ਉਨ੍ਹਾਂ ਕੋਲੋਂ ਇੱਕ ਕਾਰ, ਸ਼ਿਕਾਰੀ ਚਾਕੂ, ਇੱਕ ਚਾਕੂ, ਦਸ ਫੋਨ ਅਤੇ 1 ਲੱਖ 20 ਹਜ਼ਾਰ ਰੁਪਏ ਨਕਦ ਜ਼ਬਤ ਕੀਤੇ ਹਨ।

ਟਰੈਕਰ ਨਾਲ ਤੇਜੇਸ਼ਵਰ 'ਤੇ ਰੱਖੀ ਗਈ ਨਜ਼ਰ

ਅਪਰਾਧ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਪੁਲਿਸ ਮੁਤਾਬਕ, ਮੁਲਜ਼ਮ ਤਿਰੂਮਲਾ ਰਾਓ ਨੇ ਪਹਿਲਾਂ ਕਈ ਵਾਰ ਆਪਣੀ ਪਤਨੀ ਨੂੰ ਵੀ ਮਾਰਨ ਦੀ ਕੋਸ਼ਿਸ਼ ਕੀਤੀ ਸੀ (ਸੰਕੇਤਕ ਤਸਵੀਰ)

ਪੁਲਿਸ ਨੇ ਕਿਹਾ ਕਿ ਨਾਗੇਸ਼ ਨੇ ਤੇਜੇਸ਼ਵਰ ਨੂੰ ਮਾਰਨ ਦਾ ਫੈਸਲਾ ਕਰਨ ਤੋਂ ਬਾਅਦ ਉਸ ਦੀਆਂ ਹਰਕਤਾਂ ਨੂੰ ਟਰੈਕ ਕਰਨ ਦੀ ਕੋਸ਼ਿਸ਼ ਕੀਤੀ।

ਗਡਵਾਲਾ ਦੇ ਡੀਐਸਪੀ ਮੋਗਿਲੱਈਆ ਨੇ ਬੀਬੀਸੀ ਨੂੰ ਦੱਸਿਆ ਕਿ ਜਾਂਚ ਤੋਂ ਪਤਾ ਲੱਗਿਆ ਹੈ ਕਿ ਤਿਰੂਮਲਾ ਰਾਓ ਨੇ ਇੱਕ ਜੀਪੀਐਸ ਟਰੈਕਰ ਔਨਲਾਈਨ ਖਰੀਦਿਆ ਸੀ ਕਿਉਂਕਿ ਇੱਕ ਪੜਾਅ 'ਤੇ ਤੇਜੇਸ਼ਵਰ ਨੂੰ ਟਰੈਕ ਕਰਨਾ ਮੁਸ਼ਕਲ ਹੋ ਗਿਆ ਸੀ।

ਡੀਐਸਪੀ ਮੋਗਿਲੱਈਆ ਨੇ ਦੱਸਿਆ, "ਐਸ਼ਵਰਿਆ ਦੀ ਮਦਦ ਨਾਲ, ਉਨ੍ਹਾਂ ਨੇ ਤੇਜੇਸ਼ਵਰ ਦੀ ਸਾਈਕਲ 'ਤੇ ਇੱਕ ਜੀਪੀਐਸ ਟਰੈਕਰ ਲਗਾਇਆ। ਉਨ੍ਹਾਂ ਨੇ ਉਸਦੇ ਫੋਨ 'ਤੇ ਇੱਕ ਐਪ ਡਾਊਨਲੋਡ ਕਰ ਦਿੱਤੀ, ਜਿਸ ਨਾਲ ਉਨ੍ਹਾਂ ਨੂੰ ਤੇਜੇਵਰ ਦੇ ਕਿਤੇ ਵੀ ਆਉਣ-ਜਾਂ ਦਾ ਪਤਾ ਲੱਗ ਜਾਂਦਾ ਸੀ। ਉਸ ਸਮੇਂ, ਉਨ੍ਹਾਂ ਨੇ ਉਸਨੂੰ ਕਈ ਵਾਰ ਮਾਰਨ ਦੀ ਕੋਸ਼ਿਸ਼ ਕੀਤੀ, ਪਰ ਇਹ ਸੰਭਵ ਨਹੀਂ ਸੀ।''

'ਕਤਲ ਤੋਂ ਬਾਅਦ ਲੱਦਾਖ ਅਤੇ ਅੰਡੇਮਾਨ ਦੀ ਯਾਤਰਾ ਦੀ ਯੋਜਨਾ'

ਅਪਰਾਧ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਪੁਲਿਸ ਨੇ ਇਸ ਮਾਮਲੇ ਵਿੱਚ ਕੁੱਲ ਅੱਠ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ (ਸੰਕੇਤਕ ਤਸਵੀਰ)

ਐਸਪੀ ਨੇ ਦੱਸਿਆ ਕਿ ਤਿਰੂਮਲਾ ਰਾਓ ਦਾ ਵਿਆਹ 2019 ਵਿੱਚ ਹੋਇਆ ਸੀ, ਪਰ ਉਸਦੇ ਬੱਚੇ ਨਹੀਂ ਹਨ ਅਤੇ ਤੇਜੇਸ਼ਵਰ ਨੂੰ ਮਾਰਨ ਤੋਂ ਬਾਅਦ, ਉਸਨੇ ਐਸ਼ਵਰਿਆ ਨਾਲ ਲੱਦਾਖ ਅਤੇ ਅੰਡੇਮਾਨ ਜਾਣ ਦੀ ਯੋਜਨਾ ਬਣਾਈ ਸੀ।

ਉਨ੍ਹਾਂ ਦੱਸਿਆ, "ਤਿਰੂਮਲਾ ਰਾਓ ਨੇ ਪਹਿਲਾਂ ਕਈ ਵਾਰ ਆਪਣੀ ਪਤਨੀ ਨੂੰ ਵੀ ਮਾਰਨ ਦੀ ਕੋਸ਼ਿਸ਼ ਕੀਤੀ ਸੀ। ਪਰ ਉਹ ਕਈ ਕਾਰਨਾਂ ਕਰਕੇ ਪਿੱਛੇ ਹਟ ਗਿਆ।''

ਐਸਪੀ ਸ਼੍ਰੀਨਿਵਾਸ ਰਾਓ ਨੇ ਦੱਸਿਆ ਕਿ ਇਹ ਪਾਇਆ ਗਿਆ ਕਿ ਐਸ਼ਵਰਿਆ ਵਿਆਹ ਤੋਂ ਪਹਿਲਾਂ ਅਤੇ ਬਾਅਦ ਵਿੱਚ, ਦਿਨ ਵਿੱਚ ਕਈ ਵਾਰ ਤਿਰੂਮਲਾ ਰਾਓ ਨਾਲ ਵੀਡੀਓ ਕਾਲ ਕਰਦੀ ਸੀ।

"ਉਨ੍ਹਾਂ ਨੇ ਮੰਗਣੀ ਤੋਂ ਬਾਅਦ ਤੇਜੇਸ਼ਵਰ ਨੂੰ ਮਾਰਨ ਦੀ ਯੋਜਨਾ ਬਣਾਈ। ਜਦੋਂ ਰਿਸ਼ਤੇਦਾਰਾਂ ਨੇ ਉਨ੍ਹਾਂ ਨੂੰ ਵਿਆਹ ਕਰਨ ਲਈ ਕਿਹਾ, ਤਾਂ ਐਸ਼ਵਰਿਆ ਨੇ ਤੇਜੇਸ਼ਵਰ ਨਾਲ ਚੰਗੇ ਸਬੰਧ ਬਣਾਏ ਰੱਖੇ ਅਤੇ ਉਸਨੂੰ ਮਨਾ ਲਿਆ ਅਤੇ ਫਿਰ ਤਿਰੂਮਲਾ ਰਾਓ ਨਾਲ ਆਪਣੇ ਸਬੰਧ ਜਾਰੀ ਰੱਖੇ।''

ਐਸਪੀ ਟੀ. ਸ਼੍ਰੀਨਿਵਾਸ ਰਾਓ ਨੇ ਕਿਹਾ ਕਿ ਐਸ਼ਵਰਿਆ ਦੀ ਮਾਂ ਸੁਜਾਤਾ ਨੂੰ ਪਹਿਲਾਂ ਹੀ ਪਤਾ ਸੀ ਕਿ ਤੇਜੇਸ਼ਵਰ ਦਾ ਕਤਲ ਕੀਤਾ ਜਾਵੇਗਾ।

ਇਹ ਦੱਸਿਆ ਗਿਆ ਕਿ ਮੋਹਨ ਨਾਮ ਦਾ ਇੱਕ ਵਿਅਕਤੀ ਸਮੇਂ-ਸਮੇਂ 'ਤੇ ਤਿਰੂਮਲਾ ਰਾਓ ਨੂੰ ਤੇਜੇਸ਼ਵਰ ਦੀਆਂ ਹਰਕਤਾਂ ਬਾਰੇ ਸੂਚਿਤ ਕਰਦਾ ਸੀ।

ਤਿਰੂਮਲਾ ਰਾਓ ਦੇ ਪਿਤਾ, ਤਿਰੂਪਥੈਆ, ਏਪੀਐਸਪੀ (ਆਂਧਰਾ ਪ੍ਰਦੇਸ਼ ਸਪੈਸ਼ਲ ਪੁਲਿਸ) ਦੇ ਸੇਵਾਮੁਕਤ ਹੈੱਡ ਕਾਂਸਟੇਬਲ ਹਨ।

ਗਡਵਾਲ ਦੇ ਐਸਪੀ ਟੀ. ਸ਼੍ਰੀਨਿਵਾਸ ਰਾਓ ਨੇ ਦੱਸਿਆ ਕਿ ਉਨ੍ਹਾਂ ਨੇ ਕਤਲ ਤੋਂ ਬਾਅਦ ਤਿਰੂਮਲਾ ਰਾਓ ਤੋਂ ਛੁਟਕਾਰਾ ਪਾਉਣ ਦੀ ਕੋਸ਼ਿਸ਼ ਕੀਤੀ, ਜਿਸ ਕਾਰਨ ਉਨ੍ਹਾਂ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ।

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)