ਕੰਚਨਜੰਗਾ ਐਕਸਪ੍ਰੈੱਸ ਹਾਦਸੇ 'ਚ 8 ਮੌਤਾਂ, ਰੇਲਵੇ ਨੇ ਦੁਰਘਟਨਾ ਦੇ ਕਾਰਨ ਬਾਰੇ ਕੀ ਦੱਸਿਆ

ਰੇਲਗੱਡੀ ਹਾਦਸਾ

ਤਸਵੀਰ ਸਰੋਤ, ANI

ਤਸਵੀਰ ਕੈਪਸ਼ਨ, ਰੇਲਵੇ ਨੇ 8 ਮੌਤਾਂ ਦੀ ਪੁਸ਼ਟੀ ਕੀਤੀ ਹੈ, 50 ਜਣੇ ਗੰਭੀਰ ਜ਼ਖ਼ਮੀ ਹਨ

ਦਾਰਜੀਲਿੰਗ ਦੇ ਨਿਊ ਜਲਪਾਈਗੁੜੀ ਕੋਲ ਇੱਕ ਮਾਲਗੱਡੀ ਕੰਚਨਜੰਗਾ ਐਕਸਪ੍ਰੈੱਸ ਨਾਲ ਟਕਰਾ ਗਈ ਹੈ।

ਰੇਲਵੇ ਬੋਰਡ ਦੇ ਸੀਆਈਓ ਜਯਾ ਵਰਮਾ ਸਿਨਹਾ ਨੇ ਕਿਹਾ ਹੈ ਕਿ ਬਚਾਅ ਕਾਰਜ ਪੂਰਾ ਹੋ ਗਿਆ ਹੈ ਅਤੇ ਹੁਣ ਤੱਕ ਮਰਨ ਵਾਲਿਆਂ ਦੀ ਗਿਣਤੀ ਅੱਠ ਹੈ।

ਅਗਰਤਲਾ ਤੋਂ ਆ ਰਹੀ 13174 ਕੰਚਨਜੰਗਾ ਐਕਸਪ੍ਰੈੱਸ ਸਿਆਲਦਾ ਜਾ ਰਹੀ ਸੀ ਅਤੇ ਨਿਊ ਜਲਪਾਈਗੁੜੀ ਸਟੇਸ਼ਨ ਦੇ ਕੋਲ ਰੰਗਾਪਾਨੀ 'ਤੇ ਇਕ ਮਾਲ ਗੱਡੀ ਨਾਲ ਟਕਰਾ ਗਈ।

ਦਾਰਜੀਲਿੰਗ ਦੇ ਐਡੀਸ਼ਨਲ ਐੱਸਪੀ ਅਭਿਸ਼ੇਕ ਰਾਏ ਨੇ ਥੋੜ੍ਹੀ ਦੇਰ ਪਹਿਲਾਂ ਮੀਡੀਆ ਨਾਲ ਗੱਲ ਕਰਦਿਆਂ ਹੋਇਆ ਕਿਹਾ, “ਕੰਚਨਜੰਗਾ ਐਕਸਪ੍ਰੈੱਸ ਖੜ੍ਹੀ ਸੀ ਅਤੇ ਮਾਲ ਗੱਡੀ ਨੇ ਪਿੱਛਿਓਂ ਟੱਕਰ ਮਾਰ ਦਿੱਤੀ।”

ਰੇਲਵੇ ਬੋਰਡ ਦੇ ਸੀਈਓ ਜਯਾ ਵਰਮਾ ਸਿਨਹਾ

ਤਸਵੀਰ ਸਰੋਤ, ANI

ਤਸਵੀਰ ਕੈਪਸ਼ਨ, ਰੇਲਵੇ ਬੋਰਡ ਦੇ ਸੀਈਓ ਜਯਾ ਵਰਮਾ ਸਿਨਹਾ

ਰੇਲਵੇ ਬੋਰਡ ਦੇ ਸੀਈਓ ਜਯਾ ਵਰਮਾ ਸਿਨਹਾ ਨੇ ਮੀਡੀਆ ਨੂੰ ਦੱਸਿਆ, “ਬਚਾਅ ਮੁਹਿੰਮ ਪੂਰੀ ਤਰ੍ਹਾਂ ਖ਼ਤਮ ਹੋ ਗਈ ਹੈ। ਹੁਣ ਤੱਕ ਇਸ ਹਾਦਸੇ ਵਿੱਚ ਮਰਨ ਵਾਲਿਆਂ ਦੀ ਗਿਣਤੀ ਅੱਠ ਹੈ।“

“ਜ਼ਖ਼ਮੀਆਂ ਦੀ ਗਿਣਤੀ 25 ਦੱਸੀ ਜਾ ਰਹੀ ਹੈ ਪਰ 50 ਦੇ ਕਰੀਬ ਲੋਕ ਹਸਪਤਾਲ ਵਿਚ ਹਨ। ਸੁਰੱਖਿਆ ਸਾਡੇ ਲਈ ਇੱਕ ਤਰਜੀਹ ਹੈ। ਪਹਿਲੀ ਨਜ਼ਰੇ ਇਹ ਮਾਮਲਾ ਮਨੁੱਖੀ ਗ਼ਲਤੀ ਜਾਪਦਾ ਹੈ।”

“ਮਾਲ ਗੱਡੀ ਸਿਗਨਲ ਦੀ ਪਰਵਾਹ ਕੀਤੇ ਬਿਨਾਂ ਅੱਗੇ ਵਧੀ। ਲੋਕੋ ਪਾਇਲਟ ਅਤੇ ਇੱਕ ਗਾਰਡ ਦੀ ਵੀ ਮੌਤ ਹੋ ਗਈ ਹੈ ਤਾਂ ਸਾਨੂੰ ਸਪੱਸ਼ਟ ਤੌਰ 'ਤੇ ਨਹੀਂ ਪਤਾ ਕਿ ਕੀ ਹੋਇਆ, ਜਾਂਚ ਪੂਰੀ ਹੋਣ ਤੋਂ ਬਾਅਦ ਹੀ ਕੁਝ ਕਿਹਾ ਜਾ ਸਕਦਾ ਹੈ।“

“ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਅਜਿਹੀਆਂ ਗ਼ਲਤੀਆਂ ਨਾ ਹੋਣ, ਇਸ ਲਈ ਸਾਨੂੰ ਕਵਚ ਪ੍ਰਣਾਲੀ ਵਿੱਚ ਹੋਰ ਸੁਧਾਰ ਕਰਨ ਦੀ ਲੋੜ ਹੈ। ਇਸ ਸਾਲ ਅਸੀਂ 3000 ਕਿਲੋਮੀਟਰ ਤੱਕ ਕਵਚ ਪ੍ਰਣਾਲੀ ਲਗਾ ਲਵਾਂਗੇ।”

ਰੇਲ ਮੰਤਰੀ ਅਸ਼ਵਨੀ ਵੈਸ਼ਣਵ ਦਾਰਜੀਲਿੰਗ ਲਈ ਰਵਾਨਾ ਹੋ ਗਏ ਹਨ।

ਹਾਦਸੇ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਗ ਜਤਾਇਆ ਹੈ ਅਤੇ ਕਿਹਾ ਹੈ ਕਿ ਉਹ “ਅਧਿਕਾਰੀਆਂ ਦੇ ਸੰਪਰਕ ਵਿੱਚ ਹਨ ਅਤੇ ਸਥਿਤੀ ਦਾ ਜਾਇਜ਼ਾ ਲਿਆ ਹੈ। ਇਸ ਦੇ ਨਾਲ ਹੀ ਰੇਲ ਮੰਤਰੀ ਘਟਨਾ ਵਾਲੀ ਥਾਂ ’ਤੇ ਪਹੁੰਚ ਰਹੇ ਹਨ।”

ਪ੍ਰਧਾਨ ਮੰਤਰੀ ਮੋਦੀ

ਤਸਵੀਰ ਸਰੋਤ, @narendramodi/X

ਇਸ ਤੋਂ ਪਹਿਲਾਂ ਰੇਲ ਮੰਤਰੀ ਅਸ਼ਵਨੀ ਵੈਸ਼ਣਵ ਨੇ ਕਿਹਾ ਹੈ ਕਿ ਜੰਗੀ ਪੱਧਰ ’ਤੇ ਰਾਹਤ ਕਾਰਜ ਕੀਤਾ ਜਾ ਰਿਹਾ ਹੈ।

ਉਨ੍ਹਾਂ ਨੇ ਕਿਹਾ, “ਐੱਨਐੱਫਆਰ ਜ਼ੋਨ ਵਿੱਚ ਮੰਦਭਾਗਾ ਹਾਦਸਾ ਹੋਇਆ ਹੈ। ਰਾਹਤ ਕਾਰਜ ਜੰਗੀ ਪੱਧਰ ’ਤੇ ਜਾਰੀ ਹੈ। ਰੇਲਵੇ, ਐੱਨਡੀਆਰਐੱਫ ਅਤੇ ਐੱਸਡੀਆਰਐੱਫ ਮਿਲ ਕੇ ਕੰਮ ਕਰ ਰਹੇ ਹਨ।”

“ਜਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ ਜਾ ਰਿਹਾ ਹੈ। ਸੀਨੀਅਰ ਅਧਿਕਾਰੀ ਘਟਨਾ ਵਾਲੀ ਥਾਂ ’ਤੇ ਪਹੁੰਚ ਰਹੇ ਹਨ।”

ਪੱਛਮੀ ਬੰਗਾਲ ਦੇ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਵੀ ਐਕਸ ’ਤੇ ਲਿਖਿਆ ਹੈ, ‘ਦਾਰਜੀਲਿੰਗ ਦੇ ਫਾਂਸੀਦੇਵਾ ਇਲਾਕੇ ਵਿੱਚ ਕੰਚਨਜੰਗਾ ਐਕਸਪ੍ਰੈੱਸ ਨੂੰ ਇੱਕ ਮਾਲ ਗੱਡੀ ਨੇ ਟੱਕਰ ਮਾਰ ਦਿੱਤੀ ਹੈ।”

“ਰਾਹਤ ਕਾਰਜ ਅਤੇ ਲੋਕਾਂ ਨੂੰ ਹਸਪਤਾਲ ਲੈ ਕੇ ਜਾਣ ਲਈ ਡੀਐੱਮ, ਐੱਸਪੀ, ਡਾਕਟਰ, ਐਂਬੂਲੈਂਸ ਅਤੇ ਐਮਰਜੈਂਸੀ ਦਲ ਘਟਨਾ ਵਾਲੀ ਥਾਂ ’ਪਹੁੰਚ ਗਏ ਹਨ। ਜੰਗੀ ਪੱਧਰ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।”

ਬੀਬੀਸੀ ਪੰਜਾਬੀ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

‘ਟੱਕਰ ਤੋਂ ਬਚਣ ਵਾਲੀ ਕਵਚ ਪ੍ਰਣਾਲੀ’ ਕੀ ਹੈ?

'ਕਵਚ' ਸਵਦੇਸ਼ੀ ਤਕਨੀਕ ਹੈ ਅਤੇ ਦਾਅਵਾ ਕੀਤਾ ਗਿਆ ਸੀ ਕਿ ਇਹ ਤਕਨੀਕ ਭਾਰਤੀ ਰੇਲਵੇ ਦੇ ਸਾਰੇ ਮਸਰੂਫ਼ ਰੂਟਾਂ 'ਤੇ ਲਗਾਇਆ ਜਾਵੇਗਾ, ਤਾਂ ਜੋ ਰੇਲ ਹਾਦਸਿਆਂ ਨੂੰ ਰੋਕਿਆ ਜਾ ਸਕੇ।

ਰੇਲਾਂ ਦੇ ਆਪਸੀ ਟਕਰਾਅ ਤੋਂ ਬਚਾਅ ਪ੍ਰਣਾਲੀ (ਟੀਸੀਏਐੱਸ) ਨੂੰ ਹੁਣ ਕਵਚ ਕਿਹਾ ਜਾਂਦਾ ਹੈ। ਇਹ ਤਕਨੀਕ 2011-12 ਵਿੱਚ ਸ਼ੁਰੂ ਕੀਤੀ ਗਈ ਸੀ।

ਇਸ ਤਕਨੀਕ ਦੇ ਹਿੱਸੇ ਦੇ ਰੂਪ ਵਿੱਚ ਰੇਡੀਓ ਫ੍ਰੀਕੁਐਂਸੀ ਆਈਡੈਂਟੀਫਿਕੇਸ਼ਨ ਯੰਤਰ ਨੂੰ ਰੇਲਗੱਡੀਆਂ, ਰੇਲ ਸਿਗਨਲ ਪ੍ਰਣਾਲੀਆਂ ਅਤੇ ਟਰੈਕਾਂ ਨਾਲ ਜੋੜਿਆ ਜਾਂਦਾ ਹੈ।

ਉਹ ਅਲਟਰਾ ਹਾਈ ਰੇਡੀਓ ਫ੍ਰੀਕੁਐਂਸੀ ਰਾਹੀਂ ਇੱਕ ਦੂਜੇ ਨਾਲ ਜੁੜੇ ਹੋਏ ਹਨ ਅਤੇ ਉਹ ਰੇਲਗੱਡੀ ਦੀਆਂ ਬਰੇਕਾਂ ਨੂੰ ਕੰਟਰੋਲ ਕਰਦੇ ਹਨ। ਉਹ ਇੰਜਣਾਂ ਪਾਇਲਟਾਂ ਨੂੰ ਵੀ ਅਲਰਟ ਕਰਦੇ ਹਨ।

ਇਸ ਤਕਨੀਕ ਵਿੱਚ ਰੇਲਗੱਡੀ ਦੀ ਆਵਾਜਾਈ ਦੇ ਅਸਲ ਸਮੇਂ ਦੀ ਜਾਣਕਾਰੀ ਲਗਾਤਾਰ ਰਿਫਰੈੱਸ਼ ਹੁੰਦੀ ਰਹਿੰਦੀ ਹੈ। ਜੇਕਰ ਲੋਕੋ ਪਾਇਲਟ ਸਿਗਨਲ ਜੰਪ ਕਰਦਾ ਹੈ, ਤਾਂ ਇਹ ਲੋਕੋ ਪਾਇਲਟ ਨੂੰ ਤੁਰੰਤ ਅਲਰਟ ਕਰ ਦਿੰਦੀ ਹੈ।

ਜ਼ਿਆਦਾਤਰ ਰੇਲ ਹਾਦਸੇ ਅਜਿਹੀ ਸਿਗਨਲ ਜੰਪਿੰਗ ਦੇ ਕਾਰਨ ਹੁੰਦੇ ਹਨ।

ਨੌਰਥਨ ਰੇਲਵੇ ਨੇ ਹੈਲਪਲਾਈਨ ਨੰਬਰ ਜਾਰੀ ਕੀਤੇ ਹਨ।

ਹੈਲਪਲਾਈਨ ਨੰਬਰ- ਲੁਮਡਿੰਗ ਸਟੇਸ਼ਨ

03674263958

03674263831

03674263120

03674263126

03674263858

ਹੈਲਪਲਾਈਨ ਨੰਬਰ- ਗੁਹਾਟੀ ਸਟੇਸ਼ਨ

03612731621

03612731622

03612731623

ਹੈਲਪਲਾਈਨ ਨੰਬਰ-ਕਟਿਹਾਰ

09002041952

9771441956

ਇਹ ਵੀ ਪੜ੍ਹੋ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)