ਹਰਿਆਣਾ ਵਿਧਾਨ ਸਭਾ ਚੋਣਾਂ ’ਚ ਹਾਰ ਤੋਂ ਬਾਅਦ ਭੁਪੇਂਦਰ ਸਿੰਘ ਹੁੱਡਾ ਦਾ ਸਿਆਸੀ ਭਵਿੱਖ ਕੀ ਹੋਵੇਗਾ?

    • ਲੇਖਕ, ਸਤ ਸਿੰਘ
    • ਰੋਲ, ਬੀਬੀਸੀ ਸਹਿਯੋਗੀ

ਹਰਿਆਣਾ ਦੀ ਰਾਜਨੀਤੀ ਵਿੱਚ 7 ਅਕਤੂਬਰ ਦੀ ਸ਼ਾਮ ਇੱਕ ਵਾਰ ਤਾਂ ਹਾਹਾਕਾਰ ਮਚ ਗਈ ਸੀ। ਨਾ ਸਿਰਫ ਆਮ ਜਨਤਾ ਬਲਕਿ ਸੂਬੇ ਦੇ ਉੱਚ ਅਧਿਕਾਰੀ ਵੀ ਇਹ ਮੰਨਣ ਲੱਗ ਗਏ ਸਨ ਕਿ ਕਾਂਗਰਸ ਦੇ ਸੀਨੀਅਰ ਲੀਡਰ ਅਤੇ ਸਾਬਕਾ ਮੁੱਖ ਮੰਤਰੀ ਭੁਪੇਂਦਰ ਸਿੰਘ ਹੁੱਡਾ ਦੀ ਸੱਤਾ ਵਿੱਚ ਵਾਪਸੀ ਲਗਭਗ ਤੈਅ ਹੈ।

ਰੋਹਤਕ ਵਿੱਚ ਉਨ੍ਹਾਂ ਦੇ ਨਿਵਾਸ ’ਤੇ ਸਮਰਥਕਾਂ ਦਾ ਇਕੱਠ ਹੋਣਾ ਸ਼ੁਰੂ ਹੋ ਗਿਆ ਸੀ, ਜਿਵੇਂ ਉਨ੍ਹਾਂ ਦੇ ਮੁੱਖ ਮੰਤਰੀ ਦੇ ਕਾਰਜਕਾਲ ਦੇ ਦਿਨਾਂ ਦੌਰਾਨ ਹੁੰਦਾ ਸੀ। ਉਥੇ ਹੀ ਦੂਜੇ ਪਾਸੇ ਭਾਜਪਾ ਦੇ ਸੂਬਾਈ ਦਫ਼ਤਰ ਵਿੱਚ ਸਨਾਟਾ ਫੈਲਿਆ ਹੋਇਆ ਸੀ ਅਤੇ ਕਾਂਗਰਸ ਦੀ ਜਿੱਤ ਦੀ ਚਰਚਾ ਹਰ ਪਾਸੇ ਹੋ ਰਹੀ ਸੀ।

8 ਅਕਤੂਬਰ ਦੀ ਸਵੇਰ ਦਾ ਮਾਹੌਲ ਕਾਂਗਰਸ ਦੇ ਪੱਖ ਵਿੱਚ ਨਜ਼ਰ ਆ ਰਿਹਾ ਸੀ। ਹੁੱਡਾ ਦੇ ਰੋਹਤਕ ਸਥਿਤ ਨਿਵਾਸ ’ਤੇ ਨੈਸ਼ਨਲ ਚੈਨਲਾਂ ਦੇ ਪੱਤਰਕਾਰ ਅਤੇ ਸਮਰਥਕ ਵੱਡੀ ਗਿਣਤੀ ਵਿੱਚ ਇਕੱਠੇ ਹੋ ਗਏ ਸਨ।

ਹੁੱਡਾ ਨੇ ਮੀਡੀਆ ਨਾਲ ਗੱਲਬਾਤ ਵਿੱਚ ਕਿਹਾ, “ਕਾਂਗਰਸ ਬਹੁਮਤ ਦਾ ਅੰਕੜਾ ਪਾਰ ਕਰੇਗੀ। ਚੋਣ ਕਮਿਸ਼ਨ ਦੀ ਵੈੱਬਸਾਈਟ ’ਤੇ ਡਾਟਾ ਅੱਪਲੋਡ ਵਿੱਚ ਹੋ ਰਹੀ ਦੇਰੀ ਕਾਰਨ ਭਾਜਪਾ ਨੂੰ ਲੀਡ ਮਿਲਦੀ ਦਿਖ ਰਹੀ ਹੈ, ਪਰ ਸਥਿਤੀ ਜਲਦ ਸਾਡੇ ਪੱਖ ਵਿੱਚ ਬਦਲ ਜਾਵੇਗੀ।”

ਮੀਡੀਆ ਵਿੱਚ ਕਾਂਗਰਸ ਦੀ ਸੰਭਾਵਿਤ ਜਿੱਤ ਦੀ ਚਰਚਾ ਜ਼ੋਰਾਂ ’ਤੇ ਸੀ। ਸਮਰਥਕਾਂ ਨੂੰ ਵਿਸ਼ਵਾਸ ਸੀ ਕਿ ਕਾਂਗਰਸ ਪਾਰਟੀ ਬਹੁਮਤ ਹਾਸਲ ਕਰ ਸਰਕਾਰ ਬਣਾਵੇਗੀ। ਕਾਂਗਰਸ ਦੇ ਸਥਾਨਕ ਚੋਣ ਦਫ਼ਤਰ ਵਿੱਚ ਵੱਡੀਆਂ-ਵੱਡੀਆਂ ਐੱਲਈਡੀ ਸਕਰੀਨਾਂ ’ਤੇ ਚੋਣ ਨਤੀਜੇ ਵੇਖੇ ਜਾ ਰਹੇ ਸਨ ਅਤੇ ਸਮਰਥਕ ਜਸ਼ਨ ਦੀ ਤਿਆਰੀ ਕਰ ਰਹੇ ਸਨ।

ਹਾਲਾਂਕਿ, ਜਿਵੇਂ-ਜਿਵੇਂ ਦਿਨ ਬੀਤਦਾ ਗਿਆ ਕਾਂਗਰਸ ਦੀਆਂ ਉਮੀਦਾਂ ਟੁੱਟਦੀਆਂ ਗਈਆਂ।

ਭਾਜਪਾ ਦੀ ਲੀਡ ਲਗਾਤਾਰ ਵਧਦੀ ਰਹੀ ਅਤੇ ਸ਼ਾਮ ਤੱਕ ਕਾਂਗਰਸ ਨੂੰ ਹੈਰਾਨੀਜਨਕ ਨਤੀਜਿਆਂ ਦਾ ਸਾਹਮਣਾ ਕਰਨਾ ਪਿਆ।

ਭੁਪੇਂਦਰ ਸਿੰਘ ਹੁੱਡਾ ਨੇ ਸਵੀਕਾਰ ਕਰਦਿਆਂ ਕਿਹਾ, “ਨਤੀਜੇ ਹੈਰਾਨੀਜਨਕ ਹਨ। ਨਾ ਸਿਰਫ਼ ਕਾਂਗਰਸ, ਬਲਕਿ ਭਾਜਪਾ ਵੀ ਇਨ੍ਹਾਂ ਨਤੀਜਿਆ ਤੋਂ ਹੈਰਾਨ ਹੈ ਕਿ ਉਨ੍ਹਾਂ ਨੂੰ ਬਹੁਮਤ ਕਿਵੇਂ ਮਿਲ ਗਿਆ।”

ਇਸ ਸਾਰੇ ਘਟਨਾਕ੍ਰਮ ਦੌਰਾਨ ਹੁੱਡਾ ਦੇ ਪੁੱਤਰ ਅਤੇ ਸੰਸਦ ਮੈਂਬਰ ਦੀਪੇਂਦਰ ਸਿੰਘ ਹੁੱਡਾ, ਜੋ ਕਾਂਗਰਸ ਦੀ ਜਿੱਤ ਦਾ ਦਾਅਵਾ ਕਰ ਰਹੇ ਸਨ, ਕਿਤੇ ਨਜ਼ਰ ਨਹੀਂ ਆਏ। ਨਤੀਜੇ ਦੇ ਦਿਨ ਉਨ੍ਹਾਂ ਦੀ ਗੈਰਹਾਜ਼ਰੀ ਨੇ ਕਈ ਸਵਾਲ ਖੜ੍ਹੇ ਕੀਤੇ, ਹਾਲਾਂਕਿ ਚੋਣ ਰਣਨੀਤੀ ਵਿਚ ਉਨ੍ਹਾਂ ਦਾ ਮਹੱਤਵਪੂਰਨ ਯੋਗਦਾਨ ਰਿਹਾ।

ਹੁੱਡਾ ਤੋਂ ਭਵਿੱਖ ਦੀਆਂ ਚੋਣਾਂ ’ਚ ਕੀ ਉਮੀਦ?

ਹੁਣ ਇਹ ਸਵਾਲ ਉੱਠਦਾ ਹੈ ਕਿ ਭੁਪੇਂਦਰ ਸਿੰਘ ਹੁੱਡਾ ਦਾ ਸਿਆਸੀ ਭਵਿੱਖ ਕੀ ਹੋਵੇਗਾ ?

ਕਿਤਾਬ ‘ਪੌਲੀਟਿਕਸ ਆਫ ਚੌਧਰ’ ਦੇ ਲੇਖਕ ਡਾ. ਸਤੀਸ਼ ਤਿਆਗੀ ਕਹਿੰਦੇ ਹਨ ਕਿ 77 ਸਾਲਾ ਭੁਪੇਂਦਰ ਸਿੰਘ ਹੁੱਡਾ ਨੇ ਇਸਨੂੰ ਆਪਣੀ ਆਖਰੀ ਚੋਣ ਦੱਸਿਆ ਸੀ। ਕਾਂਗਰਸ ਕੋਲ ਹੁਣ 37 ਵਿਧਾਇਕ ਹਨ, ਜੋ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਬਣ ਕੇ ਆਵਾਜ਼ ਉਠਾਉਣਗੇ।

ਅਜਿਹਾ ਸੰਭਵ ਹੈ ਕਿ ਹੁੱਡਾ ਵਿਰੋਧੀ ਧਿਰ ਦੇ ਨੇਤਾ ਦੀ ਜ਼ਿੰਮੇਵਾਰੀ ਕਿਸੇ ਹੋਰ ਨੂੰ ਸੌਂਪ ਦੇਣ ਅਤੇ ਖੁਦ ਪਾਰਟੀ ਦੇ ਅੰਦਰ ਇੱਕ ਸ਼ਕਤੀ ਕੇਂਦਰ ਦੇ ਰੂਪ ਵਿੱਚ ਆਪਣੀ ਭੂਮਿਕਾ ਨਿਭਾਉਣ।

ਡਾ. ਤਿਆਗੀ ਕਹਿੰਦੇ ਹਨ, “ਪੰਜ ਸਾਲ ਦਾ ਸਮਾਂ ਲੰਬਾ ਹੈ ਅਤੇ ਇਹ ਕਹਿਣਾ ਬਹੁਤ ਮੁਸ਼ਕਲ ਹੈ ਕਿ ਹੁੱਡਾ ਤੋਂ ਫਿਰ ਤੋਂ ਕੋਈ ਜਾਦੂ ਦੀ ਉਮੀਦ ਕੀਤੀ ਜਾ ਸਕਦੀ ਹੈ ਜਾਂ ਨਹੀਂ। ਪਰ ਹੁਣ ਇਹ ਸਪੱਸ਼ਟ ਹੈ ਕਿ ‘ਚੌਧਰ’ ਦੀ ਕਮਾਨ ਉਨ੍ਹਾਂ ਦੇ ਪੁੱਤਰ ਦੀਪੇਂਦਰ ਸਿੰਘ ਹੁੱਡਾ ਨੂੰ ਸੰਭਾਲਣੀ ਹੋਵੇਗੀ। ਦੀਪੇਂਦਰ ਨੂੰ ਪਾਰਟੀ ਦੇ ਸੀਨੀਅਰ ਆਗੂਆਂ ਦਾ ਸਮਰਥਨ ਲੈਣਾ ਜ਼ਰੂਰੀ ਹੋਵੇਗਾ। ਇਹ ਦੇਖਣਾ ਦਿਲਚਸਪ ਹੋਵੇਗਾ ਕਿ ਸੀਨੀਅਰ ਆਗੂ ਉਨ੍ਹਾਂ ਨੂੰ ਕਿੰਨਾ ਮਹੱਤਵ ਦਿੰਦੇ ਹਨ ਅਤੇ ਉਨ੍ਹਾਂ ਦੀ ਸਿਆਸੀ ਭੂਮਿਕਾ ਕਿਸ ਦਿਸ਼ਾ ਵੱਲ ਜਾਂਦੀ ਹੈ।”

ਸਮਾਜਿਕ ਸ਼ਾਸਤਰ ਦੇ ਪ੍ਰੋਫੇਸਰ ਜਤੇਂਦਰ ਪ੍ਰਸਾਦ ਦਾ ਕਹਿਣਾ ਹੈ ਕਿ ਭੁਪੇਂਦਰ ਹੁੱਡਾ ਦਾ ਪਰਿਵਾਰ 100 ਸਾਲਾਂ ਤੋਂ ਰਾਜਨੀਤੀ ਵਿੱਚ ਸਰਗਰਮ ਹੈ। ਉਨ੍ਹਾਂ ਨੇ ਰਾਜਨੀਤੀ ਵਿੱਚ ਕਈ ਉਤਰਾਵ-ਚੜ੍ਹਾਅ ਵੇਖੇ ਹਨ।

ਪ੍ਰਸਾਦ ਕਹਿੰਦੇ ਹਨ, “ਭੁਪੇਂਦਰ ਹੁੱਡਾ ਦੀ ਪਰਪੱਕਤਾ ਅਤੇ ਤਜਰਬਾ ਅੱਜ ਵੀ ਉਨ੍ਹਾਂ ਨੂੰ ਇੱਕ ਮਜ਼ਬੂਤ ਲੀਡਰ ਬਣਾਉਂਦਾ ਹੈ। ਹਾਲਾਂਕਿ, ਇਹ ਸੱਚ ਹੈ ਕਿ ਭਾਜਪਾ ਨੇ ਹਰਿਆਣਾ ਵਿੱਚ ਤੀਜੀ ਵਾਰ ਸਰਕਾਰ ਬਣਾ ਕੇ ਇਤਿਹਾਸ ਰਚ ਦਿੱਤਾ ਹੈ। ਕਾਂਗਰਸ ਨੂੰ ਹੁਣ ਭਾਜਪਾ ਨਾਲ ਮੁਕਾਬਲਾ ਕਰਨ ਲਈ ਨਵੀਂ ਰਣਨੀਤੀ ਦੀ ਲੋੜ ਹੋਵੇਗੀ।”

ਪ੍ਰਸਾਦ ਅੱਗੇ ਕਹਿੰਦੇ ਹਨ, “ਭੁਪੇਂਦਰ ਹੁੱਡਾ ਦੀ ਉਮਰ ਅਤੇ ਉਨ੍ਹਾਂ ਦੇ ਬੇਟੇ ਦੀਪੇਂਦਰ ਸਿੰਘ ਹੁੱਡਾ ਦੀ ਹਰਮਨਪਿਆਰਤਾ ਨੂੰ ਵੇਖਦੇ ਹੋਏ ਹੁਣ ਚਰਚਾ ਦੀਪੇਂਦਰ ਦੇ ਸਿਆਸੀ ਭਵਿੱਖ ’ਤੇ ਹੀ ਕੇਂਦਰਿਤ ਹੋਵੇਗੀ। ਸਮਰਥਕ ਵੀ ਚਾਹੁੰਦੇ ਹਨ ਕਿ ਉਨ੍ਹਾਂ ਨੂੰ ਅੱਗੇ ਵਧਾਇਆ ਜਾਵੇ। ਭੁਪੇਂਦਰ ਹੁੱਡਾ ਪਹਿਲਾਂ ਹੀ ਮੁੱਖ ਮੰਤਰੀ, ਐੱਮ.ਪੀ. ਅਤੇ ਵਿਰੋਧੀ ਧਿਰ ਦੇ ਨੇਤਾ ਰਹਿ ਚੁੱਕੇ ਹਨ ਪਰ ਹੁਣ ਦੀਪੇਂਦਰ ਨੂੰ ਅੱਗੇ ਲਿਆਉਣ ਦੀ ਉਮੀਦ ਉਨ੍ਹਾਂ ਦੇ ਸਮਰਥਕਾਂ ਵਿੱਚ ਹੈ।”

ਹਰਿਆਣਾ ਦੀ ਰਾਜਨੀਤੀ ਦਾ ਬਦਲਦਾ ਸਰੂਪ

ਪ੍ਰਸਾਦ ਅੱਗੇ ਇਹ ਵੀ ਕਹਿੰਦੇ ਹਨ ਕਿ ਅੱਜ ਦੀ ਰਾਜਨੀਤੀ ਵਿੱਚ ਕਮਾਂਡ ਪੌਲੀਟਿਕਸ ਦੀ ਥਾਂ ਡਿਮਾਂਡ ਪੌਲੀਟਿਕਸ ਦੀ ਲੋੜ ਹੈ। ਲੀਡਰ ਪਹਿਲਾਂ ਇੱਕ ਵਾਰ ਡਰਾਇੰਗ ਰੂਮ ਵਿੱਚ ਬੈਠ ਕੇ ਫੈਸਲਾ ਲੈਂਦੇ ਸੀ ਅਤੇ ਉਸਨੂੰ ਲਾਗੂ ਕਰ ਦਿੱਤਾ ਜਾਂਦਾ ਸੀ। ਪਰ ਹੁਣ ਸਮਾਂ ਬਦਲ ਗਿਆ ਹੈ।

“ਹੁਣ ਜਨਤਾ ਦੀਆਂ ਕਈ ਮੰਗਾਂ ਹਨ ਅਤੇ ਜੋ ਉਨ੍ਹਾਂ ਨੂੰ ਪੂਰਾ ਕਰੇਗਾ, ਉਹੀ ਰਾਜਨੀਤੀ ਵਿੱਚ ਅੱਗੇ ਵਧੇਗਾ। ਹੁੱਡਾ ਅਤੇ ਉਨ੍ਹਾਂ ਦੇ ਪੁੱਤਰ ਦੀਪੇਂਦਰ ਨੂੰ ਇਸ ਨਵੇਂ ਦੌਰ ਦੀ ਰਾਜਨੀਤੀ ਵਿੱਚ ਆਪਣੇ ਕੰਮ ਕਰਨ ਦੇ ਤਰੀਕਿਆਂ ਵਿੱਚ ਬਦਲਾਅ ਲਿਆਉਣਾ ਪਵੇਗਾ।”

ਪਰਿਵਾਰਵਾਦ ਦੀ ਸਿਆਸਤ

ਪ੍ਰਸਾਦ ਦਾ ਕਹਿਣਾ ਹੈ ਕਿ ਪਰਿਵਾਰਵਾਦ ਦੀ ਸਿਆਸਤ ਕਰਨ ਵਾਲੇ ਕਈ ਘਰਾਣਿਆਂ ਦਾ ਭਵਿੱਖ ਅੱਜ ਖਤਰੇ ਵਿੱਚ ਨਜ਼ਰ ਆ ਰਿਹਾ ਹੈ। ਹਰਿਆਣਾ ਵਿੱਚ ਦੇਵੀ ਲਾਲ ਪਰਿਵਾਰ ਦੇ ਕਈ ਵੱਡੇ ਲੀਡਰ ਚੋਣ ਹਾਰ ਚੁੱਕੇ ਹਨ।

ਭਜਨ ਲਾਲ ਦੇ ਪੋਤੇ ਨੂੰ ਵੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਸੇ ਵਿੱਚ ਭੁਪੇਂਦਰ ਹੁੱਡਾ ਲਈ ਵੀ ਚੁਣੌਤੀ ਹੋਵੇਗੀ ਕਿ ਕੀ ਉਹ ਕਿਸ ਤਰ੍ਹਾਂ ਆਪਣੇ ਦਬਦਬੇ ਨੂੰ ਕਾਂਗਰਸ ਹਾਈਕਮਾਨ ਅਤੇ ਕਿਸਾਨਾਂ ਦੇ ਵਿਚਕਾਰ ਬਰਕਰਾਰ ਰੱਖ ਪਾਉਣਗੇ।

‘ਇੰਡੀਆ’ ਗੱਠਜੋੜ ਰਾਹੀਂ ਚੋਣਾਂ ਨਾ ਲੜਨ ਦਾ ਖਾਮਿਆਜ਼ਾ

ਰੋਹਤਕ ਤੋਂ ਸੀਪੀਐੱਮ ਦੇ ਆਗੂ ਕਾਮਰੇਡ ਇੰਦਰਜੀਤ ਸਿੰਘ ਮੰਨਦੇ ਹਨ ਕਿ ਜੇ ਵਿਧਾਨ ਸਭਾ ਚੋਣਾਂ ਵਿੱਚ ਵੀ ਲੋਕ ਸਭਾ ਚੋਣਾਂ ਵਾਂਗ ‘ਇੰਡੀਆ’ ਗੱਠਜੋੜ ਬਣਿਆ ਰਹਿੰਦਾ ਅਤੇ ਆਮ ਆਦਮੀ ਪਾਰਟੀ ਅਤੇ ਸਮਾਜਵਾਦੀ ਪਾਰਟੀ ਵੀ ਨਾਲ ਹੁੰਦੀ ਤਾਂ ਕਾਂਗਰਸ ਕਈ ਹੋਰ ਸੀਟਾਂ ਜਿੱਤ ਸਕਦੀ ਸੀ।

ਇੰਦਰਜੀਤ ਸਿੰਘ ਕਹਿੰਦੇ ਹਨ, “ਹੁੱਡਾ ਵਰਗੇ ਸੀਨੀਅਰ ਆਗੂ ਵੀ ਇਸ ਗੱਠਜੋੜ ਦੀ ਲੋੜ ਨੂੰ ਚੰਗੀ ਤਰ੍ਹਾਂ ਸਮਝ ਨਹੀਂ ਪਾਏ। ਕਾਂਗਰਸ ਪਾਰਟੀ ਦਾ ਪੱਖ ਮਜ਼ਬੂਤ ਹੋਣ ਦੇ ਬਾਅਦ ਵੀ ਇਹ ਮੌਕਾ ਹੱਥੋਂ ਨਿਕਲ ਗਿਆ। ਭਾਜਪਾ ਨੂੰ ਰੋਕਣ ਲਈ ਗੱਠਜੋੜ ਜ਼ਰੂਰੀ ਸੀ।”

ਇੰਦਰਜੀਤ ਸਿੰਘ ਅੱਗੇ ਕਹਿੰਦੇ ਹਨ, “ਭਾਵੇਂ ਹੁੱਡਾ ਸੱਤਾ ਵਿੱਚ ਨਹੀਂ ਹਨ ਪਰ ਉਨ੍ਹਾਂ ਦਾ ਸਿਆਸੀ ਪ੍ਰਭਾਵ ਹੁਣ ਵੀ ਬਰਕਰਾਰ ਹੈ। ਕਾਂਗਰਸ ਨੂੰ ਮਿਲੀਆਂ 37 ਸੀਟਾਂ ਹੁੱਡਾ ਦੀ ਸਿਆਸੀ ਪਕੜ ਅਤੇ ਅਗਵਾਈ ਦਾ ਹੀ ਨਤੀਜਾ ਹਨ। ਹਰਿਆਣਾ ਦੀ ਰਾਜਨੀਤੀ ਵਿੱਚ ਉਨ੍ਹਾਂ ਦਾ ਯੋਗਦਾਨ ਅਤੇ ਪ੍ਰਭਾਵ ਆਉਣ ਵਾਲੇ ਸਮੇਂ ਵਿੱਚ ਵੀ ਮਹੱਤਵਪੂਰਨ ਰਹੇਗਾ।”

ਜਾਟ ਸਮਾਜ ਤੇ ਸਿਆਸਤ

ਭੀਮ ਸੁਹਾਗ ਦੀ ‘ਪਾਵਰ ਪੌਲੀਟਿਕਸ ਇਨ ਹਰਿਆਣਾ’ ਪੁਸਤਕ ਦੇ ਮੁਤਾਬਕ ਜਾਟ ਜ਼ਿਆਦਾ ਸਮੇਂ ਤੱਕ ਪਾਵਰ ਤੋਂ ਦੂਰ ਨਹੀਂ ਰਹਿ ਸਕਦੇ। ਜੇਕਰ ਉਨ੍ਹਾਂ ਨੂੰ ਰਾਜਨੀਤਿਕ ਸੱਤਾ ਤੋਂ ਦੂਰ ਰੱਖਿਆ ਜਾਵੇਗਾ ਤਾਂ ਉਹ ਲੜਣਗੇ-ਝਗਣਗੇ ਪਰ ਸੱਤਾ ਦੇ ਨੇੜੇ ਬਣੇ ਰਹਿਣ ਲਈ ਹਰ ਸੰਭਵ ਕੋਸ਼ਿਸ਼ ਕਰਨਗੇ।

ਹੁਣ ਇਹ ਦੇਖਣਾ ਹੋਵੇਗਾ ਕਿ ਜਾਟ ਭਾਈਚਾਰਾ, ਜਿਸ ਨੇ ਇਸ ਵਾਰ ਕਾਂਗਰਸ ਨੂੰ ਸਮਰਥਨ ਦਿੱਤਾ, ਅਗਲੇ ਪੰਜ ਸਾਲਾਂ ਵਿੱਚ ਭਾਜਪਾ ਵੱਲ ਰੁਖ ਕਰੇਗਾ ਜਾਂ ਫਿਰ ਭੁਪੇਂਦਰ ਹੁੱਡਾ ਦੇ ਨਾਲ ਬਣਿਆ ਰਹੇਗਾ।

ਆਖ਼ਿਰਕਾਰ, ਭੁਪੇਂਦਰ ਸਿੰਘ ਹੁੱਡਾ ਦਾ ਭਵਿੱਖ ਇਸ ਗੱਲ ’ਤੇ ਨਿਰਭਰ ਕਰੇਗਾ ਕਿ ਉਹ ਹਰਿਆਣਾ ਦੀ ਰਾਜਨੀਤੀ ਵਿੱਚ ਕਿੰਨੀ ਸਰਗਰਮ ਭੂਮਿਕਾ ਨਿਭਾਉਂਦੇ ਹਨ ਅਤੇ ਪੁੱਤਰ ਦੀਪੇਂਦਰ ਨੂੰ ਕਿਸ ਤਰ੍ਹਾਂ ਅੱਗੇ ਵਧਾਉਂਦੇ ਹਨ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)