ਅਰਵਿੰਦ ਕੇਜਰੀਵਾਲ ਦਾ ‘ਹਰਿਆਣਾ ਕਾ ਬੇਟਾ’ ਵਾਲਾ ਪੈਂਤੜਾ ਸੂਬੇ ਦੀਆਂ ਚੋਣਾਂ ਵਿੱਚ ਕਿਉਂ ਨਹੀਂ ਚੱਲਿਆ

    • ਲੇਖਕ, ਗੁਰਜੋਤ ਸਿੰਘ
    • ਰੋਲ, ਬੀਬੀਸੀ ਪੱਤਰਕਾਰ

“ਇੱਕ ਗੱਲ ਹੈ, ਹਰਿਆਣਾ ਦੇ ਹਿਸਾਰ ਤੋਂ ਨਿਕਲਣ ਤੋਂ ਬਾਅਦ ਤੁਹਾਡੇ ਇਸ ਪੁੱਤ ਨੇ ਹਰਿਆਣੇ ਦਾ ਨਾਮ ਪੂਰੀ ਦੁਨੀਆਂ ਵਿੱਚ ਰੌਸ਼ਨ ਕਰ ਦਿੱਤਾ।”

“ਅੱਜ ਤੁਹਾਡੇ ਪੁੱਤ ਦੀ ਦਿੱਲੀ ’ਚ ਸਰਕਾਰ ਹੈ, ਪੰਜਾਬ ਵਿੱਚ ਸਰਕਾਰ ਹੈ, ਵਿੱਚ ਹਰਿਆਣਾ ਪੈਂਦਾ ਹੈ, ਮੇਰਾ ਆਪਣਾ ਹਰਿਆਣਾ ਮੇਰੀ ਜਨਮਭੂਮੀ, ਇੱਥੇ ਵੀ ਮੈਨੂੰ ਆਪਣੀ ਸੇਵਾ ਕਰਨ ਦਾ ਮੌਕਾ ਦੇ ਦਿਓ।”

ਹਰਿਆਣਾ ਵਿੱਚ ਆਪਣੇ ਚੋਣ ਪ੍ਰਚਾਰ ਦੌਰਾਨ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਅਜਿਹੇ ਕਈ ਭਾਸ਼ਣ ਦਿੱਤੇ।

23 ਸਤੰਬਰ ਨੂੰ ਅਰਵਿੰਦ ਕੇਜਰੀਵਾਲ ਨੇ ਇਹ ਵੀ ਦਾਅਵਾ ਕੀਤਾ ਸੀ ਕਿ ਹਰਿਆਣਾ ਵਿੱਚ ਆਮ ਆਦਮੀ ਪਾਰਟੀ ਦੇ ਸਮਰਥਨ ਤੋਂ ਬਿਨਾਂ ਕੋਈ ਵੀ ਸਰਕਾਰ ਨਹੀਂ ਬਣ ਸਕੇਗੀ।

ਉਨ੍ਹਾਂ ਨੇ ਇਹ ਵੀ ਕਿਹਾ ਸੀ, “ਹਰਿਆਣਾ ਵਿੱਚ ‘ਆਪ’ ਦੇ ਸਮਰਥਨ ਤੋਂ ਬਿਨਾ ਕੋਈ ਵੀ ਸਰਕਾਰ ਨਹੀਂ ਬਣ ਸਕੇਗੀ, ਇਹ ਮੇਰੀ ਜ਼ਿੰਮੇਵਾਰੀ ਹੈ ਕਿ ਸਾਡੇ ਸਮਰਥਨ ਨਾਲ ਜਿਹੜੀ ਵੀ ਸਰਕਾਰ ਬਣੇਗੀ, ਅਸੀਂ ਇਹ ਯਕੀਨੀ ਬਣਾਵਾਂਗੇ ਕਿ ਲੋਕਾਂ ਨੂੰ ਮੁਫ਼ਤ ਬਿਜਲੀ ਮਿਲੇ।”

ਅਜਿਹੇ ਦਾਅਵਿਆਂ ਦੇ ਨਾਲ ਪੰਜਾਬ ਅਤੇ ਦਿੱਲੀ ਵਿੱਚ ਸੱਤਾਧਾਰੀ ਆਮ ਆਦਮੀ ਪਾਰਟੀ ਨੇ ਹਰਿਆਣਾ ਵਿਧਾਨ ਸਭਾ ਚੋਣਾਂ ਵਿੱਚ ਆਪਣੇ ਆਪ ਨੂੰ ਇੱਕ ਮਜ਼ਬੂਤ ਦਾਅਵੇਦਾਰ ਵਜੋਂ ਪੇਸ਼ ਕੀਤਾ ਸੀ।

ਪਰ ਮੰਗਲਵਾਰ ਨੂੰ ਆਏ ਨਤੀਜਿਆਂ ਵਿੱਚ ਆਮ ਆਦਮੀ ਪਾਰਟੀ ਹਰਿਆਣਾ ਦੀਆਂ 90 ਸੀਟਾਂ ਵਿੱਚੋਂ ਇੱਕ ਵੀ ਸੀਟ ਉੱਤੇ ਜਿੱਤ ਨਹੀਂ ਦਰਜ ਕਰ ਸਕੀ।

ਮੰਗਲਵਾਰ ਨੂੰ ਹੀ ਦਿੱਲੀ ਵਿੱਚ ਮਿਊਂਸਿਪਲ ਕੌਂਸਲਰਾਂ ਨੂੰ ਸੰਬੋਧਨ ਕਰਦੇ ਹੋਏ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਕਿਹਾ, “ਕਿਸੇ ਵੀ ਚੋਣਾਂ ਨੂੰ ਹਲਕੇ ਵਿੱਚ ਨਹੀਂ ਲੈਣਾ ਚਾਹੀਦਾ, ਪਤਾ ਨਹੀਂ ਕਿ ਨਤੀਜੇ ਕੀ ਹਨ ਪਰ ਇਸ ਤੋਂ ਪਤਾ ਲੱਗਦਾ ਹੈ ਕਿ ਕਿਸੇ ਨੂੰ ਵੀ ਓਵਰ ਕੌਂਫਿਡੈਂਟ(ਵੱਧ ਆਤਮ-ਵਿਸ਼ਵਾਸੀ) ਨਹੀਂ ਹੋਣਾ ਚਾਹੀਦਾ।”

ਕੀ ਕਾਂਗਰਸ ਨਾਲ ਗੱਠਜੋੜ ਕਰਨ ਨਾਲ ਨਤੀਜੇ ਬਦਲਦੇ?

2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ 90 ਤੋਂ ਵੱਧ ਸੀਟਾਂ ’ਤੇ ਜਿੱਤ ਹਾਸਲ ਕਰਨ ਵਾਲੀ ਆਮ ਆਦਮੀ ਪਾਰਟੀ ਨੇ ਹਰਿਆਣਾ ਵਿੱਚ ਪੂਰੀ ਵਾਹ ਲਾਉਣ ਦੇ ਬਾਵਜੂਦ ਕੋਈ ਸੀਟ ਨਹੀਂ ਜਿੱਤੀ।

ਆਮ ਆਦਮੀ ਪਾਰਟੀ ਅਤੇ ਕਾਂਗਰਸ ਦਾ ਹਰਿਆਣਾ ਵਿਧਾਨ ਸਭਾ ਲਈ ਗੱਠਜੋੜ ਵੀ ਸੀਟਾਂ ਦੀ ਵੰਡ ਦੇ ਨਾਲ ਜੁੜੀ ਅਸਹਿਮਤੀ ਦੇ ਚੱਲਦਿਆਂ ਸਿਰੇ ਨਹੀਂ ਚੜ੍ਹ ਸਕਿਆ।

ਆਮ ਆਦਮੀ ਪਾਰਟੀ ਨੇ ਹਰਿਆਣਾ ਦੀਆਂ ਕੁਲ 90 ਸੀਟਾਂ ਉੱਤੇ ਆਪਣੇ ਉਮੀਦਵਾਰ ਖੜ੍ਹੇ ਕੀਤੇ ਸਨ। ਚੋਣ ਕਮਿਸ਼ਨ ਦੀ ਵੈੱਬਸਾਈਟ ਦੇ ਮੁਤਾਬਕ ‘ਆਪ’ ਨੂੰ ਸਿਰਫ਼ 1.79 ਫ਼ੀਸਦ ਵੋਟਾਂ ਪਈਆਂ।

ਆਮ ਆਦਮੀ ਪਾਰਟੀ ਨੇ 2024 ਦੀਆਂ ਲੋਕ ਸਭਾ ਚੋਣਾਂ ਕਾਂਗਰਸ ਦੇ ਨਾਲ ਗੱਠਜੋੜ ਵਿੱਚ ਲੜੀਆਂ ਸਨ। ਕਾਂਗਰਸ ਨੇ 9 ਅਤੇ ਆਮ ਆਦਮੀ ਪਾਰਟੀ ਨੇ ਇੱਕ ਸੀਟ ਤੋਂ ਚੋਣ ਲੜੀ ਸੀ।

‘ਆਪ’ ਉਮੀਦਵਾਰ ਸੁਸ਼ੀਲ ਗੁਪਤਾ ਕੁਰੂਕਸ਼ੇਤਰ ਤੋਂ ਕਰੀਬ 30,000 ਵੋਟਾਂ ਦੇ ਫ਼ਰਕ ਨਾਲ ਹਾਰ ਗਏ ਸਨ।

ਚੋਣ ਕਮਿਸ਼ਨ ਦੀ ਵੈੱਬਸਾਈਟ ਮੁਤਾਬਕ ਇਨ੍ਹਾਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੂੰ 3.94 ਫ਼ੀਸਦੀ ਵੋਟਾਂ ਪਈਆਂ ਸਨ।

ਮੰਗਲਵਾਰ ਨੂੰ ਆਏ ਜੰਮੂ-ਕਸ਼ਮੀਰ ਵਿਧਾਨ ਸਭਾ ਨਤੀਜਿਆਂ ਵਿੱਚ ਆਮ ਆਦਮੀ ਪਾਰਟੀ ਨੇ ਜੰਮੂ-ਕਸ਼ਮੀਰ ਦੇ ਡੋਡਾ ਵਿੱਚ ਜਿੱਤ ਹਾਸਲ ਕੀਤੀ।‘ਆਪ’ ਉਮੀਦਵਾਰ ਮਹਿਰਾਜ ਮਲਿਕ ਨੇ ਭਾਜਪਾ ਉਮੀਦਵਾਰ ਨੂੰ 5000 ਤੋਂ ਵੱਧ ਵੋਟਾਂ ਦੇ ਫ਼ਰਕ ਨਾਲ ਹਰਾਇਆ।

“ਪਾਰਟੀ ਲੋਕਾਂ ਦੇ ਦਿਲਾਂ ਵਿੱਚ ਥਾਂ ਨਹੀਂ ਬਣਾ ਸਕੀ”

ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ, “ਸ਼ੁਰੂਆਤੀ ਸਮੇਂ ਦੌਰਾਨ ਸਾਡੀ ਕਾਂਗਰਸ ਨਾਲ ਗੱਠਜੋੜ ਲਈ ਗੱਲ ਚਲਦੀ ਰਹੀ ਤੇ ਮੌਕੇ ਉੱਤੇ ਉਨ੍ਹਾਂ ਨੇ ਸਾਨੂੰ ਛੱਡ ਦਿੱਤਾ ਇਸ ਦਾ ਖ਼ਮਿਆਜ਼ਾ ਸਾਨੂੰ ਅਤੇ ਕਾਂਗਰਸ ਨੂੰ ਵੱਡੇ ਪੱਧਰ ਉੱਤੇ ਭੁਗਤਣਾ ਪਿਆ।”

ਉਹ ਦੱਸਦੇ ਹਨ ਕਿ ਲੋਕ ਸਭਾ ਚੋਣਾਂ ਵਿੱਚ ਗੱਠਜੋੜ ਦੌਰਾਨ ‘ਆਪ’ ਨੂੰ 1 ਸੀਟ ਮਿਲੀ ਸੀ, ਉਸ ਵਿੱਚ ਇਸ ਨੇ ਚੰਗਾ ਪ੍ਰਦਰਸ਼ਨ ਕੀਤਾ।

ਮੰਗਲਵਾਰ ਨੂੰ ਆਏ ਨਤੀਜਿਆਂ ਬਾਰੇ ਉਨ੍ਹਾਂ ਨੇ ਕਿਹਾ, “ਇਨ੍ਹਾਂ ਨਤੀਜਿਆਂ ਨੇ ਸਾਰਿਆਂ ਨੂੰ ਹੈਰਾਨ ਕੀਤਾ ਹੈ।”

ਪਿਛਲੇ 40 ਸਾਲਾਂ ਤੋਂ ਹਰਿਆਣਾ ਵਿੱਚ ਪੱਤਰਕਾਰੀ ਕਰਦੇ ਆ ਰਹੇ ਸੁਮਨ ਭਟਨਾਗਰ ਅਰਵਿੰਦ ਕੇਜਰੀਵਾਲ ਦੇ ‘ਹਰਿਆਣੇ ਕਾ ਬੇਟਾ’ ਪੈਂਤੜੇ ਦੇ ਨਾ ਚੱਲਣ ਦੇ ਕਾਰਨਾਂ ਬਾਰੇ ਦੱਸਦੇ ਹਨ।

ਉਹ ਕਹਿੰਦੇ ਹਨ ਕਿ ਆਮ ਆਦਮੀ ਪਾਰਟੀ ਕਹਿ ਰਹੀ ਸੀ ਕਿ ਉਨ੍ਹਾਂ ਤੋਂ ਬਗੈਰ ਸਰਕਾਰ ਨਹੀਂ ਬਣੇਗੀ।

ਉਹ ਕਹਿੰਦੇ ਹਨ, “ਆਮ ਆਦਮੀ ਪਾਰਟੀ ਲੋਕਾਂ ਦੇ ਦਿਲਾਂ ਵਿੱਚ ਥਾਂ ਨਹੀਂ ਬਣਾ ਸਕੀ, ਬੱਸ ਕਾਗਜ਼ਾਂ ਵਿੱਚ ਰਹੀ।”

ਉਨ੍ਹਾਂ ਦਾ ਕਹਿਣਾ ਹੈ, “ਹਰਿਆਣਾ ਵਿੱਚ ਆਮ ਆਦਮੀ ਪਾਰਟੀ ਦਾ ਕੋਈ ਸੰਗਠਨ ਨਹੀਂ ਹੈ, ਕੋਈ ਜ਼ਿਲ੍ਹਾ ਪੱਧਰ ਜਾਂ ਬਲਾਕ ਪੱਧਰ ਦਾ ਸੰਗਠਨ ਨਹੀਂ ਹੈ।”

ਕੀ ਕਾਂਗਰਸ ਦਾ ਆਮ ਆਦਮੀ ਪਾਰਟੀ ਨਾਲ ਗੱਠਜੋੜ ਕਰਨ ਦਾ ਕਿਸੇ ਨੂੰ ਕੋਈ ਫਾਇਦਾ ਹੋਣਾ ਸੀ?

ਸੁਮਨ ਭਟਨਾਗਰ ਕਹਿੰਦੇ ਹਨ ਕਿ ਇਹ ਸੰਭਾਵਨਾ ਸੀ ਕਿ ਜੇਕਰ ‘ਆਪ’ ਕਾਂਗਰਸ ਨਾਲ ਰਲਕੇ ਚੋਣ ਲੜਦੀ ਤਾਂ ਇਸ ਨੂੰ ਮਿਲਣ ਵਾਲੀਆਂ ਸੰਭਾਵਿਤ 5 ਸੀਟਾਂ ਵਿੱਚੋਂ 2 ਜਾਂ 3 ਉੱਤੇ ਜਿੱਤ ਮਿਲ ਸਕਦੀ ਸੀ।

ਹਰਿਆਣਾ ਵਿੱਚ ਪੱਤਰਕਾਰੀ ਕਰਦੇ ਰਹੇ ਪੱਤਰਕਾਰ ਵਿਰੇਂਦਰ ਕੁਮਾਰ ਕਹਿੰਦੇ ਹਨ, “ਹਾਲਾਂਕਿ ਆਮ ਆਦਮੀ ਪਾਰਟੀ ਨੂੰ ਕੁਝ ਖਾਸ ਵੋਟਾਂ ਨਹੀਂ ਮਿਲੀਆਂ ਪਰ ਜਦੋਂ ਦੋ ਪਾਰਟੀਆਂ ਇਕੱਠੀਆਂ ਹੋ ਕੇ ਚੋਣ ਲੜਦੀਆਂ ਹਨ ਤਾਂ ਇਹ ਇੱਕ ਮਨੋਵਿਗਿਆਨਿਕ ਫੈਕਟਰ ਬਣ ਜਾਂਦਾ ਹੈ।”

ਉਹ ਕਹਿੰਦੇ ਹਨ ਕਿ ਹੋ ਸਕਦਾ ਹੈ ਕਿ ਕਾਂਗਰਸ ਇਸ ਮਗਰੋਂ ਹੁਣ ਮਹਾਰਾਸ਼ਟਰ ਜਾਂ ਝਾਰਖੰਡ ਵਿੱਚ ਗੱਠਜੋੜ ਨੂੰ ਲੈ ਕੇ ਆਪਣੀ ਰਣਨੀਤੀ ਬਦਲੇਗੀ।

ਆਮ ਆਦਮੀ ਪਾਰਟੀ ਦੇ ਪ੍ਰਦਰਸ਼ਨ ਬਾਰੇ ‘ਪੌਲਿਟਿਕਸ ਆਫ ਚੌਧਰ’ ਕਿਤਾਬ ਲਿਖ ਚੁੱਕੇ ਸਤੀਸ਼ ਤਿਆਗੀ ਕਹਿੰਦੇ ਹਨ ਕਿ ਲੋਕਾਂ ਵਿੱਚ ਇਹ ਗੱਲ ਸਪੱਸ਼ਟ ਸੀ ਕਿ ਇਸ ਵਾਰੀ ਮੁਕਾਬਲਾ ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ ਵਿਚਾਲੇ ਹੋਵੇਗਾ।

ਇਸ ਲਈ ਆਮ ਆਦਮੀ ਪਾਰਟੀ ਜਿਹੀਆਂ ਛੋਟੀਆਂ ਪਾਰਟੀਆਂ ਕੁਝ ਖ਼ਾਸ ਕਮਾਲ ਨਹੀਂ ਕਰ ਸਕੀਆਂ।

ਹਰਿਆਣਾ ’ਚ ਕੇਜਰੀਵਾਲ ਦਾ ਜੱਦੀ ਪਿੰਡ

ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਹਰਿਆਣਾ ਦੇ ਹਿਸਾਰ ਜ਼ਿਲ੍ਹੇ ਦੇ ਪਿੰਡ ਖੇੜਾ ਨਾਲ ਤਾਲੁਕਾਤ ਰੱਖਦੇ ਹਨ।

ਇਸ ਪਿੰਡ ਵਿੱਚ ਅਰਵਿੰਦ ਕੇਜਰੀਵਾਲ ਦੇ ਪਰਿਵਾਰ ਦੀ ਹਵੇਲੀ ਵੀ ਮੌਜੂਦ ਹੈ। ਇਥੇ ਉਨ੍ਹਾਂ ਦਾ ਪਰਿਵਾਰਕ ਘਰ ਸੀ।

ਇਸ ਹਵੇਲੀ ਵਿੱਚ ਹੁਣ ਕੋਈ ਨਹੀਂ ਰਹਿੰਦਾ। ਅੰਦਰ ਤੋਂ ਇਹ ਖੰਡਰ ਬਣ ਗਈ ਹੈ।

ਕੇਜਰੀਵਾਲ ਦੇ ਪੜਦਾਦਾ ਨੇ ਇਸ ਹਵੇਲੀ ਨੂੰ ਬਣਵਾਇਆ ਸੀ। ਅਰਵਿੰਦ ਕੇਜਰੀਵਾਲ ਦਾ ਹਰਿਆਣਾ ਨਾਲ ਪੁਰਾਣਾ ਰਿਸ਼ਤੇ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)