You’re viewing a text-only version of this website that uses less data. View the main version of the website including all images and videos.
ਹਰਿਆਣਾ ਵਿੱਚ ਖੇਡ ਤੇ ਸਿਆਸਤ ਦਾ ਰਿਸ਼ਤਾ ਕਿਵੇਂ ਡੂੰਘਾ ਹੈ, ਇਸ ਵਾਰ ਕਿਹੜੇ ਖਿਡਾਰੀਆਂ ਕਾਰਨ ਭਖਿਆ ਚੋਣ ਦੰਗਲ
- ਲੇਖਕ, ਸੌਰਭ ਦੁੱਗਲ
- ਰੋਲ, ਬੀਬੀਸੀ ਸਹਿਯੋਗੀ
ਤਿੰਨ ਵਾਰ ਦੀ ਓਲੰਪੀਅਨ ਭਲਵਾਨ ਵਿਨੇਸ਼ ਫੋਗਾਟ, ਪਹਿਲੀ ਭਾਰਤੀ ਮਹਿਲਾ ਡਬਲਿਯੂਡਬਲਿਯੂਈ ਭਲਵਾਨ ਕਵਿਤਾ ਦਲਾਲ, ਏਸ਼ੀਅਨ ਖੇਡਾਂ ਦਾ ਤਗਮਾ ਜੇਤੂ ਕਬੱਡੀ ਖਿਡਾਰੀ ਦੀਪਕ ਹੁੱਡਾ ਅਤੇ ਏਸ਼ੀਆਈ ਚੈਂਪੀਅਨ ਨਿਸ਼ਾਨੇਬਾਜ਼ ਆਰਤੀ ਸਿੰਘ ਰਾਓ ਹਰਿਆਣਾ ਦੀਆਂ ਆਗਾਮੀ ਵਿਧਾਨ ਸਭਾ ਚੋਣਾਂ ਵਿੱਚ ਮੈਦਾਨ ਵਿੱਚ ਉਤਰ ਰਹੇ ਹਨ।
ਹਾਲ ਹੀ ਦੇ ਸਾਲਾਂ ਵਿੱਚ, ਹਰਿਆਣਾ ਦੇਸ਼ ਵਿੱਚ ਇੱਕ ਖੇਡ ਪਾਵਰਹਾਊਸ ਦੇ ਰੂਪ ਵਿੱਚ ਉਭਰਿਆ ਹੈ, ਜਿਸਦਾ ਬਹੁਤ ਸਾਰਾ ਸਿਹਰਾ ਸੂਬੇ ਦੇ ਪੇਂਡੂ ਖੇਤਰ ਨੂੰ ਜਾਂਦਾ ਹੈ।
ਹਰਿਆਣਾ ਉੱਤਰੀ ਭਾਰਤ ਦਾ ਖੇਤੀ ਪ੍ਰਧਾਨ ਸੂਬਾ ਹੈ। ਭਾਵੇਂ ਏਸ਼ੀਅਨ ਖੇਡਾਂ ਹੋਣ, ਰਾਸ਼ਟਰਮੰਡਲ ਖੇਡਾਂ ਜਾਂ ਓਲੰਪਿਕ ਖੇਡਾਂ ਅਜਿਹੇ ਖੇਡ ਸਮਾਗਮਾਂ ਲਈ ਭਾਰਤੀ ਦਲ ਵਿੱਚ ਸਭ ਤੋਂ ਵੱਧ ਐਥਲੀਟ ਹਰਿਆਣਾ ਦੇ ਹੁੰਦੇ ਹਨ।
ਹਰਿਆਣਾ ਦੇ ਅੰਦਰ, ਕਿਸਾਨ ਭਾਈਚਾਰਾ ਖੇਡ ਜਗਤ 'ਤੇ ਹਾਵੀ ਹੈ ਤੇ ਇਸੇ ਭਾਈਚਾਰੇ ਵਿੱਚ ਜ਼ਿਆਦਾਤਰ ਖਿਡਾਰੀ ਪੈਦਾ ਹੁੰਦੇ ਹਨ।
ਪੇਂਡੂ ਹਰਿਆਣਾ ਦਾ ਖੇਡਾਂ ਨਾਲ ਡੂੰਘਾ ਸਬੰਧ ਕੁਸ਼ਤੀ ਅਤੇ ਕਬੱਡੀ ਤੋਂ ਸ਼ੁਰੂ ਹੋਇਆ, ਜੋ ਕਿ ਸੂਬੇ ਦੇ ਹੋਂਦ ਵਿੱਚ ਆਉਣ ਤੋਂ ਹੀ ਹੈ ਅਤੇ ਉਦੋਂ ਤੋਂ ਲੈ ਕੇ ਇਸ ਦਾ ਦਾਇਰਾ ਹੋਰ ਖੇਡਾਂ ਤੱਕ ਵੱਧ ਗਿਆ।
ਕੌਣ ਕਿੱਥੋਂ ਲੜ ਰਿਹਾ ਚੋਣ
ਕੌਮਾਂਤਰੀ ਪੱਧਰ 'ਤੇ ਪ੍ਰਸਿੱਧੀ ਹਾਸਿਲ ਕਰਨ ਵਾਲੇ ਕਿਸੇ ਵੀ ਖਿਡਾਰੀ ਦਾ ਉਨ੍ਹਾਂ ਦੇ ਪਿੰਡ ਵਿੱਚ ਬਹੁਤ ਮਾਣ-ਸਤਿਕਾਰ ਨਾਲ ਸਵਾਗਤ ਕੀਤਾ ਜਾਂਦਾ ਹੈ ਅਤੇ ਇਸ ਭਾਈਚਾਰਕ ਸਮਰਥਨ ਨੇ ਹਰਿਆਣਾ ਦਾ ਖੇਡਾਂ ਵਿੱਚ ਪੱਧਰ ਹੋਰ ਉੱਤੇ ਚੁੱਕਿਆ ਹੈ।
ਕਿਸਾਨ ਭਾਈਚਾਰੇ ਅਤੇ ਖੇਡਾਂ ਵਿਚਾਲੇ ਮਜ਼ਬੂਤ ਸਾਂਝ ਹੈ ਅਤੇ ਇਹ ਸੂਬੇ ਦੀ ਚੋਣ ਸਿਆਸਤ ਵਿੱਚ ਵੀ ਅਹਿਮ ਪ੍ਰਭਾਵ ਰੱਖਦੀ ਹੈ।
ਇਸੇ ਸਾਂਝ ਨੇ ਕੀ ਹੀ ਕਿਤੇ-ਨਾ-ਕਿਤੇ ਸਰਕਾਰਾਂ ਨੂੰ ਖੇਡਾਂ ਨੂੰ ਪ੍ਰਾਥਮਿਕਤਾ ਦੇਣ ਲਈ ਪ੍ਰੇਰਿਤ ਕੀਤਾ ਹੈ।
ਖਿਡਾਰੀਆਂ ਦੀ ਮਕਬੂਲੀਅਤ ਨੂੰ ਦੇਖਦੇ ਖ਼ਾਸ ਤੌਰ ʼਤੇ ਪੇਂਡੂ ਇਲਾਕਿਆਂ ਵਿੱਚ ਸਿਆਸੀ ਦਲਾਂ ਨੇ ਚੋਣਾਂ ਵਿੱਚ ਤੇਜ਼ੀ ਨਾਲ ਐਥਲੀਟਾਂ ਨੂੰ ਮੈਦਾਨ ਵਿੱਚ ਉਤਾਰਿਆ ਹੈ।
ਸਾਲ 2024 ਵਿੱਚ ਹਰਿਆਣਾ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਨੇ ਤਿੰਨ ਵਾਰ ਦੀ ਓਲੰਪੀਅਨ ਵਿਨੇਸ਼ ਫੋਗਾਟ ਨੂੰ ਜੁਲਾਨਾ (ਜੀਂਦ ਜ਼ਿਲ੍ਹੇ ਵਿੱਚ) ਮੈਦਾਨ ਵਿੱਚ ਉਤਾਰਿਆ ਹੈ।
ਜਦਕਿ ਆਮ ਆਦਮੀ ਨੇ ਉਸੇ ਹਲਕੇ ਤੋਂ ਵੇਟਲਿਫਟਿੰਗ ਵਿੱਚ ਦੱਖਣੀ ਏਸ਼ੀਆਈ ਖੇਡਾਂ ਵਿੱਚ ਗੋਲਡ ਮੈਡਲ ਜੇਤੂ ਅਤੇ ਭਾਰਤ ਦੀ ਪਹਿਲੀ ਮਹਿਲਾ ਡਬਲਿਯੂਡਬਲਿਯੂਈ ਭਲਵਾਨ ਕਵਿਤਾ ਦਲਾਲ ਨੂੰ ਉਮੀਦਵਾਰ ਬਣਾਇਆ ਹੈ।
ਜਦਕਿ ਉੱਥੇ ਹੀ ਭਾਜਪਾ ਨੇ ਭਾਰਤੀ ਕਬੱਡੀ ਟੀਮ ਦੇ ਸਾਬਕਾ ਕਪਤਾਨ ਅਤੇ ਏਸ਼ੀਅਨ ਗੋਲਡ ਮੈਡਲ ਜੇਤੂ ਦੀਪਕ ਨਿਵਾਸ ਹੁੱਡਾ ਨੂੰ ਮਹਿਮ (ਰੋਹਤਕ) ਤੋਂ ਟਿਕਟ ਦਿੱਤੀ ਹੈ।
ਇਸ ਤੋਂ ਇਲਾਵਾ ਕੌਮਾਂਤਰੀ ਖੇਡ ਪਿਛੋਕੜ ਰੱਖਣ ਵਾਲੀ ਇੱਕ ਹੋਰ ਉਮੀਦਵਾਰ ਏਸ਼ੀਅਨ ਚੈਂਪੀਅਨ ਸਕੀਟ ਨਿਸ਼ਾਨੇਬਾਜ਼ ਆਰਤੀ ਸਿੰਘ ਰਾਓ, ਭਾਜਪਾ ਦੀ ਟਿਕਟ 'ਤੇ ਅਟੇਲੀ ਵਿਧਾਨ ਸਭਾ (ਮਹੇਂਦਰਗੜ੍ਹ ਵਿੱਚ) ਤੋਂ ਚੋਣ ਲੜ ਰਹੇ ਹਨ। ਉਹ ਹਰਿਆਣਾ ਪੈਰਾਲੰਪਿਕ ਸੰਘ ਦੀ ਪ੍ਰਧਾਨ ਵੀ ਹਨ।
ਆਰਤੀ ਸਿੰਘ ਇੱਕ ਸਿਆਸੀ ਪਰਿਵਾਰ ਤੋਂ ਹਨ ਅਤੇ ਕੇਂਦਰੀ ਮੰਤਰੀ ਰਾਓ ਇੰਦਰਜੀਤ ਸਿੰਘ ਦੀ ਧੀ ਹਨ। ਰਾਓ ਇੰਦਰਜੀਤ ਸਿੰਘ ਵੀ ਸਾਬਕਾ ਕੌਮਾਂਤਰੀ ਨਿਸ਼ਾਨੇਬਾਜ਼ ਰਹੇ ਹਨ।
ਇਹ ਚਾਰੇ ਕੌਮਾਂਤਰੀ ਖਿਡਾਰੀ ਆਗਾਮੀ ਵਿਧਾਨ ਸਭਾ ਚੋਣਾਂ ਵਿੱਚ ਪਹਿਲੀ ਵਾਰ ਚੋਣ ਲੜ ਰਹੇ ਹਨ।
ਸਟਾਰ ਪ੍ਰਚਾਰਕਾਂ ਦੀ ਸੂਚੀ ਵਿੱਚ ਖਿਡਾਰੀ ਸ਼ਾਮਲ
ਹਰਿਆਣਾ ਵਿਚਲੀਆਂ ਸਿਆਸੀ ਪਾਰਟੀਆਂ ਨੇ ਵੀ ਆਪਣੇ ਸਟਾਰ ਪ੍ਰਚਾਰਕਾਂ ਦੀ ਸੂਚੀ ਵਿੱਚ ਖਿਡਾਰੀਆਂ ਨੂੰ ਸ਼ਾਮਲ ਕੀਤਾ ਹੈ।
ਓਲੰਪਿਕ ਤਗਮਾ ਜੇਤੂ ਤੋਂ ਸਿਆਸਤਦਾਨ ਬਣੇ ਬਜਰੰਗ ਪੂਨੀਆ ਅਤੇ ਵਿਨੇਸ਼ ਫੋਗਾਟ ਹਰਿਆਣਾ ਵਿੱਚ ਕਾਂਗਰਸ ਦੇ ਸਟਾਰ ਪ੍ਰਚਾਰਕਾਂ ਵਿੱਚ ਹਨ, ਜਦਕਿ ਓਲੰਪੀਅਨ ਬਬੀਤਾ ਫੋਗਾਟ ਭਾਜਪਾ ਦੀ ਸਟਾਰ ਪ੍ਰਚਾਰਕ ਸੂਚੀ ਵਿੱਚ ਸ਼ਾਮਲ ਹਨ।
ਦੀਪਕ ਹੁੱਡਾ ਦੀ ਪਤਨੀ ਅਤੇ ਵਿਸ਼ਵ ਤਗਮਾ ਜੇਤੂ ਮੁੱਕੇਬਾਜ਼ ਸਵੀਟੀ ਬੂਰਾ ਵੀ ਇਸੇ ਸਾਲ ਦੀ ਸ਼ੁਰੂਆਤ ਵਿੱਚ ਦੀਪਕ ਨਾਲ ਭਾਜਪਾ ਵਿੱਚ ਸ਼ਾਮਲ ਹੋਈ ਸੀ।
ਇਸ ਦੇ ਤਹਿਤ ਸਵੀਟੀ ਮਹਿਮ ਵਿੱਚ ਪਾਰਟੀ ਅਤੇ ਆਪਣੇ ਪਤੀ ਲਈ ਵਿਆਪਕ ਪ੍ਰਚਾਰ ਕਰ ਰਹੀ ਹੈ।
1967 ਤੋਂ, ਜਦੋਂ ਹਰਿਆਣਾ ਦੀਆਂ ਪਹਿਲੀਆਂ ਵਿਧਾਨ ਸਭਾ ਚੋਣਾਂ ਹੋਈਆਂ ਸਨ, ਜੁਲਾਨਾ ਵਿਧਾਨ ਸਭਾ ਸੀਟ ਤੋਂ ਕੋਈ ਵੀ ਮਹਿਲਾ ਉਮੀਦਵਾਰ ਨਹੀਂ ਜਿੱਤੀ ਹੈ।
ਇਸ ਵਾਰ ਦੋ ਮਹਿਲਾ ਖਿਡਾਰਨਾਂ ਵਿਨੇਸ਼ ਫੋਗਾਟ ਅਤੇ ਕਵਿਤਾ ਦਲਾਲ ਰਾਸ਼ਟਰੀ ਪਾਰਟੀਆਂ ਦੀਆਂ ਟਿਕਟਾਂ 'ਤੇ ਚੋਣ ਲੜ ਰਹੀਆਂ ਹਨ, ਆਸ ਕੀਤੀ ਜਾ ਰਹੀ ਹੈ ਕਿ ਇਸ ਵਾਰ ਜੁਲਾਨਾ ਸੀਟ ਦੀ ਨੁਮਾਇੰਦਗੀ ਇੱਕ ਔਰਤ ਕਰੇਗੀ।
ਵਿਨੇਸ਼ ਦੀ ਉਮੀਦਵਾਰੀ ਕਾਫੀ ਅਹਿਮ ਮੰਨੀ ਜਾ ਰਹੀ ਹੈ ਕਿਉਂਕਿ ਉਹ ਭਲਾਵਾਨਾਂ ਦੇ ਵਿਰੋਧ ਵਿੱਚ ਇੱਕ ਪ੍ਰਮੁੱਖ ਹਸਤੀ ਸੀ, ਜਿਸ ਨੇ ਭਾਰਤੀ ਕੁਸ਼ਤੀ ਵਿੱਚ ਸ਼ੋਸ਼ਣ ਅਤੇ ਦੁਰਵਿਵਹਾਰ ਨੂੰ ਚੁਣੌਤੀ ਦਿੱਤੀ ਸੀ।
ਔਰਤਾਂ ਦੇ ਅਧਿਕਾਰਾਂ ਦੀ ਵਕਾਲਤ ਕਰਨ ਵਿੱਚ ਉਨ੍ਹਾਂ ਦੀ ਭੂਮਿਕਾ ਨੇ, ਖ਼ਾਸ ਤੌਰ 'ਤੇ ਲਿੰਗ ਵਿਤਕਰੇ ਲਈ ਮਾੜਾ ਰਸੂਖ਼ ਰੱਖਣ ਵਾਲੇ ਸੂਬੇ ਵਿੱਚ, ਉਨ੍ਹਾਂ ਨੂੰ ਔਰਤਾਂ ਦੇ ਸਸ਼ਕਤੀਕਰਨ ਦਾ ਪ੍ਰਤੀਕ ਬਣਾਇਆ ਹੈ।
ਪਿੰਡ ਖੇੜੀ ਵਿੱਚ ਇਕੱਠ ਨੂੰ ਸੰਬੋਧਨ ਕਰਦਿਆਂ ਵਿਨੇਸ਼ ਨੇ ਕਿਹਾ, "ਮੈਨੂੰ ਵਿਧਾਨ ਸਭਾ ਵਿੱਚ ਭੇਜੋ ਅਤੇ ਮੈਂ ਇਹ ਯਕੀਨੀ ਬਣਾਵਾਂਗੀ ਕਿ ਜੁਲਾਨਾ ਵਿੱਚ ਵਿਕਾਸ ਕਾਰਜ ਨਾ ਰੁਕੇ। ਮੇਰੀ ਪ੍ਰਾਥਮਿਕਤਾ ਸਮਾਜ ਵਿੱਚ ਔਰਤਾਂ ਦੀ ਸਥਿਤੀ ਨੂੰ ਮਜ਼ਬੂਤ ਕਰਨਾ ਹੋਵੇਗੀ।"
ਭਲਵਾਨਾਂ ਦੇ ਵਿਰੋਧ ਵਿੱਚ ਉਨ੍ਹਾਂ ਦੀ ਭੂਮਿਕਾ ਉਨ੍ਹਾਂ ਨੂੰ ਇੱਕ ਫਾਇਦਾ ਦਿੰਦੀ ਹੈ ਅਤੇ ਘੁੰਢ ਵਿੱਚ ਔਰਤਾਂ (ਹਰਿਆਣਾ ਦੇ ਪੇਂਡੂ ਇਲਾਕਿਆਂ ਵਿੱਚ ਅਜੇ ਵੀ ਚਿਹਰਾ ਲੁਕਾਉਣ ਦੀ ਪ੍ਰਚਲਿਤ ਇੱਕ ਰਵਾਇਤ) ਓਲੰਪੀਅਨ ਭਲਵਾਨ ਦੀ ਇੱਕ ਝਲਕ ਪਾਉਣ ਲਈ ਆਪਣੇ ਘਰਾਂ ਬਾਹਰ ਨਿਕਲਦੀਆਂ ਹਨ।
"ਜਿਸ ਤਰ੍ਹਾਂ ਨਾਲ ਤੁਸੀਂ (ਪਿੰਡ ਵਾਲਿਆਂ ਨੂੰ ਸੰਬੋਧਨ ਕਰਦੇ ਹੋਏ) ਭਲਵਾਨਾਂ ਦੇ ਵਿਰੋਧ ਦੌਰਾਨ ਮੇਰਾ ਸਮਰਥਨ ਦਿੱਤਾ, ਔਰਤਾਂ ਦੇ ਮਾਣ ਲਈ ਲੜਦੇ ਹੋਏ, ਮੈਨੂੰ ਆਸ ਹੈ ਕਿ ਤੁਸੀਂ ਚੋਣ ਪ੍ਰਕਿਰਿਆ ਦੌਰਾਨ ਵੀ ਉਸੇ ਤਰ੍ਹਾਂ ਮੇਰਾ ਸਮਰਥਨ ਕਰੋਗੇ।"
30 ਸਾਲਾ ਵਿਨੇਸ਼ ਚਰਖੀ ਦਾਦਰੀ ਦੇ ਮਸ਼ਹੂਰ ਭਲਵਾਨਾਂ ਦੇ ਫੋਗਾਟ ਪਰਿਵਾਰ ਨਾਲ ਸਬੰਧਤ ਹਨ ਅਤੇ ਉਨ੍ਹਾਂ ਦਾ ਵਿਆਹ ਬਕਤਾ ਖੇੜਾ ਪਿੰਡ ਵਿੱਚ ਹੋਇਆ ਹੈ, ਜੋ ਕਿ ਜੁਲਾਨਾ ਹਲਕੇ ਵਿੱਚ ਪੈਂਦਾ ਹੈ।
ਪਹਿਲੀ ਭਾਰਤੀ ਮਹਿਲਾ ਡਬਲਯੂਡਬਲਯੂਈ ਭਲਵਾਨ ਕਵਿਤਾ ਦਲਾਲ ਦਾ ਵੀ ਜ਼ੱਦੀ ਪਿੰਡ ਮਾਲਵੀ ਹੈ ਅਤੇ ਇਹ ਵੀ ਜੁਲਾਨਾ ਵਿੱਚ ਪੈਂਦਾ ਹੈ।
ਮਾਂ ਬਣਨ ਤੋਂ ਬਾਅਦ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੀ 41 ਕਵਿਤਾ ਸਸ਼ਕਤੀਕਰਨ ਅਤੇ ਸਿੱਖਿਆ ਦੇ ਖੇਤਰ ਵਿੱਚ ਕੰਮ ਕਰਨ ਵਿੱਚ ਯੋਗਦਾਨ ਪਾਉਣਾ ਚਾਹੁੰਦੀ ਹੈ।
ਪਿਛਲੇ ਸਾਲ ਜੰਤਰ-ਮੰਤਰ ਵਿਖੇ ਭਲਵਾਨਾਂ ਦੇ ਪ੍ਰਦਰਸ਼ਨ ਦੌਰਾਨ ਆਪਣਾ ਸਮਰਥਨ ਦੇਣ ਵਾਲੀ ਕਵਿਤਾ ਨੇ ਕਿਹਾ, “ਅੱਜ ਵੀ ਜੁਲਾਨਾ ਹਲਕੇ ਦੇ ਪਿੰਡਾਂ ਦੀਆਂ ਔਰਤਾਂ ਨੂੰ ਪੀਣ ਵਾਲਾ ਪਾਣੀ ਲਿਆਉਣ ਲਈ ਦੂਰ-ਦੂਰ ਤੱਕ ਪੈਦਲ ਜਾਣਾ ਪੈਂਦਾ ਹੈ। ਇੱਥੇ ਸ਼ਾਇਦ ਹੀ ਕੋਈ ਖੇਡਾਂ ਦੀਆਂ ਸਹੂਲਤਾਂ ਹਨ ਅਤੇ ਇਲਾਕੇ ਵਿੱਚ ਸਰਕਾਰੀ ਸਿੱਖਿਆ ਪ੍ਰਣਾਲੀ ਵੀ ਖਸਤਾ ਹਾਲ ਵਿੱਚ ਹੈ।"
“ਮੈਂ ਉੱਥੇ ਇੱਕਜੁੱਟਤਾ ਦਿਖਾਉਣ ਗਈ ਅਤੇ ਆਪਣੇ ਪਿੰਡ ਵਿੱਚ ਇੱਕ ਮਹਾਂ ਪੰਚਾਇਤ ਦਾ ਆਯੋਜਨ ਕੀਤਾ, ਜਿਸ ਵਿੱਚ ਮੁਜ਼ਾਹਰਾ ਕਰ ਰਹੇ ਭਲਵਾਨਾਂ ਲਈ ਸਮਰਥਨ ਜੁਟਾਇਆ।”
ਚੋਣਾਵੀ ਸਿਆਸਤ ਵਿੱਚ ਹਰਿਆਣਾ ਦੇ ਖਿਡਾਰੀਆਂ ਦੀ ਸ਼ੁਰੂਆਤ
ਹਰਿਆਣਾ ਦੇ ਖਿਡਾਰੀਆਂ ਦੀ ਚੋਣ ਸਿਆਸਤ ਵਿੱਚ ਸ਼ਮੂਲੀਅਤ ਓਲੰਪੀਅਨ ਡਿਸਕਸ ਥਰੋਅਰ ਕ੍ਰਿਸ਼ਨਾ ਪੂਨੀਆ ਨਾਲ ਸ਼ੁਰੂ ਹੋਈ।
ਕ੍ਰਿਸ਼ਨਾ ਹਿਸਾਰ ਦੇ ਅਗਰੋਹਾ ਦੀ ਰਹਿਣ ਵਾਲੀ ਹੈ ਅਤੇ ਉਨ੍ਹਾਂ ਦਾ ਵਿਆਹ ਰਾਜਸਥਾਨ ਵਿੱਚ ਹੋਇਆ ਹੈ।
ਉਨ੍ਹਾਂ ਨੇ 2013 ਵਿੱਚ ਰਾਜਸਥਾਨ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਸਾਦੁਲਪੁਰ ਹਲਕੇ ਤੋਂ ਕਾਂਗਰਸ ਦੀ ਟਿਕਟ 'ਤੇ ਲੜੀ, ਜੋ ਉਹ ਜਿੱਤ ਨਾ ਸਕੇ।
ਪਰ 2018 ਦੀਆਂ ਰਾਜਸਥਾਨ ਵਿਧਾਨ ਸਭਾ ਚੋਣਾਂ ਵਿੱਚ ਜਿੱਤ ਦਰਜ ਕੀਤੀ ਅਤੇ ਵਿਧਾਇਕ ਦੀ (ਐੱਮਐੱਲਏ) ਚੋਣ ਜਿੱਤਣ ਵਾਲੀ ਹਰਿਆਣਾ ਤੋਂ ਪਹਿਲੀ ਓਲੰਪੀਅਨ ਬਣ ਗਈ। ਉਹ 2023 ਵਿੱਚ ਦੁਬਾਰਾ ਹਾਰ ਗਏ ਅਤੇ ਇਸੇ ਵਿਚਾਲੇ ਜੈਪੁਰ ਦਿਹਾਤੀ ਤੋਂ ਸੰਸਦੀ ਚੋਣਾਂ ਵੀ ਲੜੀਆਂ।
ਸਾਲ 2019 ਦੀਆਂ ਲੋਕ ਸਭਾ ਚੋਣਾਂ ਵਿੱਚ, ਓਲੰਪਿਕ ਤਗਮਾ ਜੇਤੂ ਮੁੱਕੇਬਾਜ਼ ਵਿਜੇਂਦਰ ਸਿੰਘ ਨੇ ਕਾਂਗਰਸ ਦੀ ਟਿਕਟ 'ਤੇ ਦੱਖਣੀ ਦਿੱਲੀ ਸੰਸਦੀ ਸੀਟ ਲਈ ਚੋਣ ਲੜੀ ਪਰ ਉਹ ਹਾਰ ਗਏ।
ਉੱਥੇ ਹੀ ਸਾਲ 2019 ਦੀਆਂ ਹਰਿਆਣਾ ਵਿਧਾਨ ਸਭਾ ਚੋਣਾਂ ਵਿੱਚ, ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਤਿੰਨ ਓਲੰਪੀਅਨ ਭਲਵਾਨ ਯੋਗੇਸ਼ਵਰ ਦੱਤ, ਬਬੀਤਾ ਫੋਗਾਟ ਅਤੇ ਹਾਕੀ ਖਿਡਾਰੀ ਸੰਦੀਪ ਸਿੰਘ ਨੂੰ ਮੈਦਾਨ ਵਿੱਚ ਉਤਾਰਿਆ ਸੀ।
ਉਸ ਵੇਲੇ ਸੰਦੀਪ ਸਿੰਘ ਨੇ ਹਰਿਆਣਾ ਵਿਧਾਨ ਸਭਾ ਵਿੱਚ ਦਾਖ਼ਲ ਹੋਣ ਵਾਲੇ ਪਹਿਲੇ ਓਲੰਪੀਅਨ ਬਣ ਕੇ ਇਤਿਹਾਸ ਰਚਿਆ ਸੀ।
ਓਲੰਪੀਅਨ ਤੋਂ ਸਿਆਸੀ ਆਗੂ ਬਣਨ ਵਾਲੀ ਅਤੇ ਕਾਂਗਰਸ ਪਾਰਟੀ ਵੱਲੋਂ ਜੁਲਾਨਾ ਚੋਣ ਹਲਕੇ ਦੀ ਇੰਚਾਰਜ ਕ੍ਰਿਸ਼ਨਾ ਪੂਨੀਆ ਦਾ ਕਹਿਣਾ ਹੈ, "ਖੇਡਾਂ ਚੋਣ ਸਿਆਸਤ ਵਿੱਚ ਇੱਕ ਪਛਾਣ ਦੇ ਕੇ ਵਧੇਰੇ ਲਾਭ ਪਹੁੰਚਾਉਂਦੀਆਂ ਹਨ।"
"ਜਿਵੇਂ ਕਿ ਹਰਿਆਣਾ ਦੇ ਵਧੇਰੇ ਖਿਡਾਰੀ ਪੇਂਡੂ ਇਲਾਕਿਆਂ ਤੋਂ ਆਉਂਦੇ ਹਨ ਅਤੇ ਆਮ ਪਿਛੋਕੜ ਵਾਲੇ ਹੁੰਦੇ ਹਨ, ਇਸੇ ਲਈ ਪੇਂਡੂ ਇਲਾਕਿਆਂ ਵਿੱਚ ਲੋਕ ਉਨ੍ਹਾਂ ਨੂੰ ਆਪਣਾ ਮੰਨਦੇ ਹਨ ਅਤੇ ਉਨ੍ਹਾਂ ਨਾਲ ਆਸਾਨੀ ਨਾਲ ਜੁੜ ਜਾਂਦੇ ਹਨ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ