ਜਦੋਂ ਡਾਇਨਾਸੌਰ ਨੂੰ ਖ਼ਤਮ ਕਰਨ ਵਾਲੀ ਉਲਕਾ ਧਰਤੀ ਨਾਲ ਟਕਰਾਈ, ਕੀ ਸੀ ਤਬਾਹੀ ਦਾ ਮੰਜ਼ਰ

    • ਲੇਖਕ, ਜੌਰਜੀਨਾ ਰੇਨਾਰਡ
    • ਰੋਲ, ਸਾਇੰਸ ਪੱਤਰਕਾਰ

ਇੱਕ ਵਿਸ਼ਾਲ ਉਲਕਾ ਕਰੀਬ 6.6 ਕਰੋੜ ਸਾਲ ਪਹਿਲਾਂ ਧਰਤੀ ਨਾਲ ਟਕਰਾਈ ਅਤੇ ਡਾਇਨਾਸੌਰ ਦਾ ਵਜੂਦ ਧਰਤੀ ਤੋਂ ਖ਼ਤਮ ਹੋ ਗਿਆ। ਸਾਇੰਸਦਾਨ ਹੁਣ ਪੁਸ਼ਟੀ ਕਰ ਰਹੇ ਹਨ ਕਿ ਉਹ ਉਲਕਾ ਇਕੱਲੀ ਨਹੀਂ ਸੀ।

ਇੱਕ ਉਹੋ-ਜਿਹਾ ਹੀ ਪੁਲਾੜੀ ਪੱਥਰ ਉਸੇ ਯੁੱਗ ਵਿੱਚ ਪੱਛਮੀ ਅਫ਼ਰੀਕਾ ਦੇ ਨੇੜੇ ਸਮੁੰਦਰ ਵਿੱਚ ਡਿੱਗਿਆ ਸੀ।

ਸਾਇੰਸਦਾਨਾਂ ਮੁਤਾਬਕ ਇਹ ਬਹੁਤ ਹੀ “ਵਿਨਾਸ਼ਕਾਰੀ ਘਟਨਾ” ਰਹੀ ਹੋਵੇਗੀ ਜਿਸ ਨਾਲ ਪੂਰੇ ਅਟਲਾਂਟਿਕ (ਅੰਧ) ਮਹਾਂਸਾਗਰ ਵਿੱਚ ਸੁਨਾਮੀ ਦੀਆਂ 800 ਮੀਟਰ ਉੱਚੀਆਂ ਲਹਿਰਾਂ ਪੈਦਾ ਹੋਈਆਂ ਸਨ।

ਹੈਰੀਅਟ-ਵਾਟ ਯੂਨੀਵਰਸਿਟੀ ਤੋਂ ਡਾ਼ ਉਸੀਦੀਅਨ ਨਿਕੋਲਸ ਨੇ ਸਭ ਤੋਂ ਪਹਿਲਾਂ ਨਾਦਿਰ ਕਰੇਟਰ ਦੀ ਖੋਜ ਸਾਲ 2022 ਵਿੱਚ ਕੀਤੀ ਸੀ। ਲੇਕਿਨ ਇਹ ਕਿਵੇਂ ਹੋਂਦ ਵਿੱਚ ਆਇਆ ਇਸ ਬਾਰੇ ਕਦੇ ਪੂਰੀ ਸਮਝ ਨਹੀਂ ਬਣੀ।

ਹੁਣ ਡਾ਼ ਨਿਕੋਲਸਨ ਅਤੇ ਉਨ੍ਹਾਂ ਦੇ ਸਹਿਕਰਮੀਆਂ ਨੂੰ ਯਕੀਨ ਹੈ ਕਿ ਨੌਂ ਕਿਲੋਮੀਟਰ ਡੂੰਘੀ ਇਹ ਖੱਡ, ਕਿਸੇ ਉਲਕਾ ਦੇ ਸਮੁੰਦਰ ਦੀ ਤਹਿ ਨਾਲ ਟਕਰਾਉਣ ਕਾਰਨ ਪੈਦਾ ਹੋਈ ਸੀ।

ਹਾਲਾਂਕਿ ਉਹ ਇਸ ਦੀ ਸਟੀਕ ਤਰੀਕ ਅਜੇ ਤੈਅ ਨਹੀਂ ਕਰ ਸਕੇ ਹਨ। ਉਹ ਵੀ ਤੈਅ ਨਹੀਂ ਕਰ ਸਕੇ ਹਨ ਕਿ ਇਹ ਚੀਕਸਲਬ ਕਾਰਟਰ ਤੋਂ ਪਹਿਲਾਂ ਡਿੱਗਿਆ ਸੀ ਜਾਂ ਬਾਅਦ ਵਿੱਚ।

180 ਕਿੱਲੋਮੀਟਰ ਚੌੜੀ ਚੀਕਸਲਬ ਕਰੇਟਰ ਮੈਕਸੀਕੋ ਵਿੱਚ ਹੈ, ਇਹ ਡਾਇਨਾਸੌਰਾਂ ਦੀ ਲੀਲਾ ਇਸ ਧਰਤੀ ਤੋਂ ਸਮਾਪਤ ਕਰਨ ਵਾਲੇ ਉਲਕਾ ਪਿੰਡ ਦੇ ਟਕਰਾਉਣ ਤੋਂ ਹੀ ਬਣੀ ਸੀ।

ਲੇਕਿਨ ਉਨ੍ਹਾਂ ਦਾ ਕਹਿਣਾ ਹੈ ਕਿ ਕਰੇਟਿਸੀਅਸ ਕਾਲ (ਜਦੋਂ ਡਾਇਨਾਸੌਰ ਖ਼ਤਮ ਹੋਏ ਸਨ) ਦੇ ਅੰਤ ਵਿੱਚ ਹੀ ਇੱਕ ਹੋਰ ਛੋਟਾ ਪੱਥਰ ਵੀ ਆਇਆ ਸੀ। ਜਿਉਂ ਹੀ ਇਹ ਧਰਤੀ ਦੇ ਵਾਯੂ ਮੰਡਲ ਨਾਲ ਟਕਰਾਇਆ, ਤੇ ਅੱਗ ਦੇ ਇੱਕ ਗੋਲੇ ਵਿੱਚ ਬਦਲ ਗਿਆ ਹੋਵੇਗਾ।

ਡਾ਼ ਨਿਕੋਲਸਨ ਕਹਿੰਦੇ ਹਨ, “ਕਲਪਨਾ ਕਰੋ ਉਲਕਾ ਗਲਾਸਗੋ ਵਿੱਚ ਟਕਰਾਈ ਹੈ ਅਤੇ ਤੁਸੀਂ ਈਡਨਬਰਗ ਵਿੱਚ ਹੋ, ਕਰੀਬ 50 ਕਿਲੋਮੀਟਰ ਦੂਰ। ਅੱਗ ਦਾ ਗੋਲਾ ਅਕਾਸ਼ ਵਿੱਚ ਸੂਰਜ ਤੋਂ 24 ਗੁਣਾਂ ਵੱਡਾ ਹੋਵੇਗਾ। ਇੰਨਾ ਵੱਡਾ ਕਿ ਉਸ ਨੇ ਈਡਨਬਰਗ ਵਿੱਚ ਰੁੱਖਾਂ ਤੇ ਵਨਸਪਤੀ ਨੂੰ ਅੱਗ ਲਾ ਦਿੱਤੀ ਹੋਵੇਗੀ।”

ਇਸ ਤੋਂ ਬਾਅਦ ਹਵਾ ਦਾ ਇੱਕ ਜ਼ੋਰਦਾਰ ਧਮਾਕਾ ਹੋਇਆ, ਧਰਤੀ ਰਿਕਟਰ ਪੈਮਾਨੇ ਉੱਤੇ ਸੱਤ ਦੇ ਭੂਚਾਲ ਦੀਆਂ ਲਹਿਰਾਂ ਨਾਲ ਕੰਬੀ।

ਬੇਅੰਤ ਪਾਣੀ ਸਮੁੰਦਰ ਦੀ ਤਹਿ ਤੋਂ ਛੱਲ ਬਣ ਕੇ ਉੱਠਿਆ, ਅਤੇ ਫਿਰ ਉੱਥੇ ਹੀ ਸਮਾ ਗਿਆ।

ਥੋੜ੍ਹੇ ਸਮੇਂ ਵਿੱਚ ਹੀ ਸੌਰ ਮੰਡਲ ਵਿੱਚੋਂ ਲਗਾਤਾਰ ਦੋ ਵੱਡੇ ਉਲਕਾ ਪਿੰਡ ਸਾਡੀ ਧਰਤੀ ਨਾਲ ਟਕਰਾਉਣਾ ਅਸਧਾਰਨ ਹੈ।

ਲੇਕਿਨ ਸਾਇੰਸਦਾਨ ਨਹੀਂ ਜਾਣਦੇ ਕਿ ਅਜਿਹਾ ਕਿਉਂ ਹੋਇਆ, ਬਸ ਹੋਇਆ।

ਮਨੁੱਖੀ ਇਤਿਹਾਸ ਦੀ ਸਭ ਤੋਂ ਵੱਡੀ ਉਲਕਾ ਕਿੱਥੇ ਡਿੱਗੀ?

ਸਾਇੰਸਦਾਨਾਂ ਦਾ ਵਿਚਾਰ ਹੈ ਕਿ ਇਹ ਉਲਕਾ ਕੋਈ 450-500 ਮੀਟਰ ਚੌੜੀ ਸੀ ਜੋ 72,000 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਧਰਤੀ ਨਾਲ ਟਕਰਾਈ।

ਮਨੁੱਖੀ ਇਤਿਹਾਸ ਵਿੱਚ ਸਭ ਤੋਂ ਵੱਡੀ 50 ਮੀਟਰ ਦੀ ਉਲਕਾ 1908 ਵਿੱਚ ਸਾਈਬੇਰੀਆ ਦੇ ਅਸਮਾਨਾਂ ਵਿੱਚ ਫਟੀ ਸੀ।

ਇਸ ਸਮੇਂ ਸਭ ਤੋਂ ਖ਼ਤਰਨਾਕ ਵਸਤੂ ਜੋ ਧਰਤੀ ਦੇ ਨੇੜੇ ਪਰਿਕਰਮਾ ਕਰ ਰਹੀ ਹੈ, ਉਹ ਬੇਨੂ ਹੈ। ਮੰਨਿਆ ਜਾ ਰਿਹਾ ਹੈ ਕਿ ਨਾਦਿਰ ਇਸੇ ਦੇ ਅਕਾਰ ਦਾ ਸੀ।

ਨਾਸਾ ਦੇ ਸਾਇੰਸਦਾਨਾਂ ਮੁਤਾਬਕ ਬੇਨੂ ਦੇ ਧਰਤੀ ਨਾਲ ਟਕਰਾਉਣ ਦੀ ਸੰਭਾਵਿਤ ਤਰੀਕ 24 ਸਤੰਬਰ 2182 ਹੈ। ਲੇਕਿਨ ਇਸ ਦੀ ਵੀ 2,700 ਮਗਰ ਇੱਕ ਦੀ ਸੰਭਾਵਨਾ ਹੈ।

ਮਨੁੱਖੀ ਇਤਿਹਾਸ ਵਿੱਚ ਕਦੇ ਵੀ ਇੰਨੇ ਵੱਡੇ ਅਕਾਰ ਦੀ ਉਲਕਾ ਆ ਕੇ ਧਰਤੀ ਨਾਲ ਨਹੀਂ ਟਕਰਾਈ ਹੈ। ਇਸ ਲਈ ਸਾਇੰਸਦਾਨਾਂ ਨੂੰ ਧਰਤੀ ਉੱਤੇ ਮੌਜੂਦ ਹੋਰ ਉਲਕਾ ਖੱਡਾਂ ਤੇ ਹੋਰ ਗ੍ਰਹਿਆਂ ਦੀਆਂ ਉਲਕਾ ਖੱਡਾਂ ਦੀਆਂ ਤਸਵੀਰਾਂ ਦਾ ਅਧਿਐਨ ਕਰ ਰਹੇ ਹਨ।

ਨਾਦਿਰ ਕਾਰਟਰ ਨੂੰ ਡੂੰਘਾਈ ਵਿੱਚ ਸਮਝਣ ਲਈ, ਡਾ਼ ਨਿਕੋਲਸ ਅਤੇ ਉਨ੍ਹਾਂ ਦੀ ਟੀਮ ਨੇ ਜੀਓ ਫਿਜ਼ੀਕਲ ਕੰਪਨੀ ਟੀਜੀਐੱਸ ਦੇ ‘ਹਾਈ ਰੈਜ਼ੋਲਿਊਸ਼ਨ’ 3ਡੀ ਡੇਟਾ ਦਾ ਵਿਸ਼ਲੇਸ਼ਣ ਕੀਤਾ ਹੈ।

ਜ਼ਿਆਦਾਤਰ ਕਰੇਟਰ ਭੂ-ਖੋਰ ਦਾ ਸ਼ਿਕਾਰ ਹੋ ਚੁੱਕੇ ਹਨ ਪਰ ਇਹ ਬਹੁਤ ਚੰਗੀ ਤਰ੍ਹਾਂ ਮਹਿਫੂਜ਼ ਹੈ। ਇਸਦਾ ਮਤਲਬ ਹੈ ਕਿ ਸਾਇੰਸਦਾਨ ਇਸਦੇ ਪੱਥਰਾਂ ਦਾ ਹੋਰ ਡੂੰਘਾਈ ਨਾਲ ਅਧਿਐਨ ਕਰ ਸਕਦੇ ਹਨ।

ਡਾ਼ ਨਿਕੋਲਸ ਕਹਿੰਦੇ ਹਨ, “ਅਜਿਹਾ ਪਹਿਲੀ ਵਾਰ ਹੈ ਜਦੋਂ ਅਸੀਂ ਕਿਸੇ ਇੰਨੇ ਵੱਡੇ ਕਰੇਟਰ ਦਾ ਅਧਿਐਨ ਕਰਨ ਯੋਗ ਹੋਏ ਹਾਂ। ਇਹ ਵਾਕਈ ਉਤਸ਼ਾਹ ਜਨਕ ਹੈ।”

ਉਹ ਦੱਸਦੇ ਹਨ ਕਿ ਦੁਨੀਆਂ ਵਿੱਚ ਸਿਰਫ਼ 20 ਸਮੁੰਦਰੀ ਉਲਕਾ ਖੱਡਾਂ ਹਨ ਲੇਕਿਨ ਕਿਸੇ ਦਾ ਵੀ ਇਸ ਜਿੰਨਾ ਵਿਸਤ੍ਰਿਤ ਅਧਿਐਨ ਨਹੀਂ ਹੋਇਆ ਹੈ।

(ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)