ਪੰਛੀਆਂ ਦੀ ਚੁੰਝ ਤੇ ਡਾਇਨਾਸੌਰਸ ਦਾ ਮਿਲਿਆ ਕਨੈਕਸ਼ਨ

    • ਲੇਖਕ, ਹੈਲੇਨ ਬ੍ਰਿਗਜ਼
    • ਰੋਲ, ਬੀਬੀਸੀ ਪੱਤਰਕਾਰ

ਵਿਗਿਆਨੀਆਂ ਨੂੰ ਇੱਕ ਪ੍ਰਾਚੀਨ ਪੰਛੀ ਦੀ ਖੋਪੜੀ ਮਿਲੀ ਹੈ ਜਿਸ ਤੋਂ ਪਤਾ ਲਗਦਾ ਹੈ ਕਿ ਉਨ੍ਹਾਂ ਦੀ ਦੰਦਾ ਵਾਲੀ ਇੱਕ ਚੁੰਝ ਸੀ।

ਇਸ ਨਾਲ ਡਾਇਨਾਸੌਰ ਤੋਂ ਮੌਜੂਦਾ ਪੰਛੀਆਂ ਦਾ ਵਿਕਾਸ ਕਿਵੇਂ ਹੋਇਆ ਇਸ 'ਤੇ ਥੋੜ੍ਹਾ ਚਾਨਣਾ ਜ਼ਰੂਰ ਪੈਂਦਾ ਹੈ।

ਇਕਥੀਓਰਨਸ ਡਿਸਪਰ 86 ਮਿਲੀਅਨ ਸਾਲ ਪਹਿਲਾਂ ਉੱਤਰੀ ਅਮਰੀਕਾ ਵਿੱਚ ਪਾਇਆ ਜਾਂਦਾ ਸੀ।

ਸਮੁੰਦਰੀ ਚਿੜੀ ਦੇ ਆਕਾਰ ਦੇ ਇਸ ਪੰਛੀ ਦੀ ਚੁੰਝ ਹੁੰਦੀ ਸੀ ਅਤੇ ਅੱਜ ਦੇ ਪੰਛੀਆਂ ਵਾਂਗ ਹੀ ਦਿਮਾਗ ਵੀ ਸੀ ਪਰ ਉਸ ਦੇ ਵੈਲੋਸਿਰੈਪਟਰ ਡਾਇਨਾਸੌਰ ਵਾਂਗ ਤਿੱਖੇ ਦੰਦ ਅਤੇ ਮਜ਼ਬੂਤ ਜਬੜੇ ਸਨ।

ਯੇਲ ਯੂਨੀਵਰਸਿਟੀ ਦੇ ਰਿਸਰਚਰ ਭਰਤ-ਅੰਜਨ ਦਾ ਕਹਿਣਾ ਹੈ, "ਇਸ ਤੋਂ ਪਤਾ ਲਗਦਾ ਹੈ ਕਿ ਪਹਿਲੀ ਚੁੰਝ ਕਿਹੋ ਜਿਹੀ ਸੀ।"

"ਇਹ ਕਈ ਲੱਛਣਾਂ ਦਾ ਇੱਕ ਨਮੂਨਾ ਹੈ।"

ਖੰਭਾਂ ਤੋਂ ਉਡਾਣਾਂ ਤੱਕ

ਇਹ ਤਾਂ ਕਾਫ਼ੀ ਦੇਰ ਤੋਂ ਪਤਾ ਹੈ ਕਿ ਪੰਛੀ ਡਾਇਨਾਸੌਰਾਂ ਤੋਂ ਹੀ ਵਿਕਸਿਤ ਹੋਏ ਹਨ। ਇਹ ਇੱਕ ਹੌਲੀ ਪ੍ਰਕਿਰਿਆ ਸੀ ਜਿਸ ਦੌਰਾਨ ਖੰਭ ਅਤੇ ਚੁੰਝਾਂ ਵਿਕਸਿਤ ਹੋਈਆਂ।

ਜੈਵਿਕ ਰਿਕਾਰਡ ਵਿੱਚ ਖੰਭਾਂ ਦਾ ਪ੍ਰਮਾਣ ਮਿਲਦਾ ਹੈ ਪਰ ਛੋਟੀਆਂ-ਛੋਟੀਆਂ ਨਰਮ ਖੋਪੜੀਆਂ ਬਾਰੇ ਸਰਵੇਖਣ ਕਰਨਾ ਬੇਹੱਦ ਔਖਾ ਹੈ।

ਰਿਸਰਚਰਾਂ ਨੇ ਪੂਰੀ ਖੋਪੜੀ ਅਤੇ ਦੋ ਹੋਰ ਅਣਗੌਲਿਆਂ ਕੀਤੀਆਂ ਖੋਪੜੀਆਂ ਦੇ ਅਵਸ਼ੇਸ਼ਾਂ ਨੂੰ ਮੌਜੂਦਾ ਸੀਟੀ ਸਕੈਨ ਤਕਨੀਕ ਰਾਹੀਂ ਪੰਛੀ ਦੀ ਖੋਪੜੀ ਦਾ 3D ਮਾਡਲ ਤਿਆਰ ਕੀਤਾ।

ਬਾਥ ਯੂਨੀਵਰਸਿਟੀ ਦੇ ਰਿਸਰਚਰ ਡੇਨੀਅਲ ਫੀਲਡ ਨੇ ਦਾਅਵਾ ਕੀਤਾ, "ਜ਼ਿਆਦਾਤਰ ਖੋਪੜੀਆਂ ਦੇ ਅਵਸ਼ੇਸ਼ਾਂ ਨੂੰ ਫੋਸੀਲੇਸ਼ਨ ਪ੍ਰੋਸੈੱਸ ਦੀ ਪ੍ਰਕਿਰਿਆ ਦੌਰਾਨ ਚਪਟਾ ਕਰ ਦਿੱਤਾ ਜਾਂਦਾ ਹੈ।"

ਉਨ੍ਹਾਂ ਕਿਹਾ, "ਅਨੋਖਾ ਨਮੂਨਾ ਜੋ ਕਿ ਹਾਲ ਹੀ ਵਿੱਚ ਮਿਲਿਆ ਹੈ, ਉਸ ਦਾ ਦਿਮਾਗ ਅੱਜ ਦੇ ਪੰਛੀਆਂ ਨਾਲ ਮੇਲ ਖਾਂਦਾ ਹੈ। ਜਦਕਿ ਖੋਪੜੀ ਦੇ ਬਾਕੀ ਹਿੱਸੇ ਡਾਇਨਾਸੌਰ ਨਾਲ ਮਿਲਦੇ ਹਨ।"

ਅੱਧਾ-ਪੰਛੀ, ਅੱਧਾ ਡਾਇਨਾਸੌਰ

ਯੂਨੀਵਰਸਿਟੀ ਆਫ਼ ਈਡਨਬੁਰਾਹ ਦੇ ਡਾ. ਸਟੀਵ ਬਰੂਸੇਟ (ਰਿਸਰਚ ਵਿੱਚ ਇਨ੍ਹਾਂ ਦੀ ਹਿੱਸੇਦਾਰੀ ਨਹੀਂ ਹੈ) ਦਾ ਕਹਿਣਾ ਹੈ ਕਿ ਇਸ ਸਰਵੇਖਣ ਰਾਹੀਂ ਪੂਰੀ ਖੇਡ ਹੀ ਬਦਲ ਗਈ ਹੈ। ਪੰਛੀ ਦੀ ਚੁੰਝ ਅਤੇ ਦਿਮਾਗ ਦਾ ਵਿਕਾਸ ਕਿਵੇਂ ਹੋਇਆ ਉਸ ਬਾਰੇ ਜਾਣਕਾਰੀ ਮਿਲਦੀ ਹੈ।

ਉਨ੍ਹਾਂ ਕਿਹਾ, "ਦੁਨੀਆਂ ਦੇ ਇਨ੍ਹਾਂ ਪਹਿਲੇ ਪੰਛੀਆਂ ਦੀਆਂ ਚੁੰਝਾਂ ਬਹੁਤ ਛੋਟੀਆਂ ਸਨ ਅਤੇ ਲਗਦਾ ਹੈ ਕਿ ਇਨ੍ਹਾਂ ਨਾਲ ਹੱਥ ਦਾ ਕੰਮ ਲਿਆ ਜਾਂਦਾ ਸੀ ਜਿਵੇਂ ਕਿ ਖਾਣੇ ਨੂੰ ਤੋੜਨਾ ਜਾਂ ਫਿਰ ਖੰਭਾਂ ਨੂੰ ਸਾਫ਼ ਕਰਨਾ। ਜਦੋਂ ਹੱਥ ਪਰਾਂ ਵਿੱਚ ਵਿਕਸਿਤ ਹੋ ਗਏ ਤਾਂ ਇਹ ਸਭ ਨਾਮੁਮਕਿਨ ਹੋ ਗਿਆ।"

"ਇਸ ਤੋਂ ਇਹ ਪਤਾ ਲਗਦਾ ਹੈ ਕਿ ਡਾਇਨਾਸੌਰ ਤੋਂ ਪੰਛੀਆਂ ਦਾ ਵਿਕਾਸ ਇੱਕ ਲੰਬੀ ਪ੍ਰਕਿਰਿਆ ਸੀ। ਇਹ ਸਿਰਫ਼ ਇੱਕ ਰਾਤ ਵਿੱਚ ਨਹੀਂ ਹੋਇਆ। ਡਾਇਨਾਸੌਰਾਂ ਦੇ ਦੌਰ ਦੌਰਾਨ ਕਾਫ਼ੀ ਅਜਿਹੇ ਜੀਵ ਹੋ ਸਕਦੇ ਹਨ ਜੋ ਕਿ ਅੱਧੇ ਡਾਇਨਾਸੌਰ ਅਤੇ ਅੱਧੇ ਪੰਛੀ ਲਗਦੇ ਹੋਣਗੇ।"

ਇਕਥੀਓਰਨਸ ਦੀਆਂ ਹੱਡੀਆਂ ਸਭ ਤੋਂ ਪਹਿਲਾਂ 1870 ਵਿੱਚ ਅਮਰੀਕੀ ਜੀਵ ਵਿਗਿਆਨੀ ਓਥਨੇਲ ਸੀ ਮਾਰਸ਼ ਨੇ ਲੱਭੀਆਂ ਸਨ।

ਮਸ਼ਹੂਰ ਵਿਗਿਆਨੀ ਚਾਰਲਜ਼ ਡਾਰਵਿਨ ਨੇ ਅਵਸ਼ੇਸ਼ਾਂ ਬਾਰੇ ਪੜ੍ਹਿਆ ਅਤੇ ਦਾਅਵਾ ਕੀਤਾ ਕਿ ਪੁਰਾਣੇ ਪੰਛੀਆਂ 'ਤੇ ਸਰਵੇਖਣ ਕਰਨ ਕਾਰਨ ਵਿਕਾਸ ਦੀ ਥਿਉਰੀ (ਥਿਓਰੀ ਆਫ਼ ਐਵਲੂਸ਼ਨ) ਬਾਰੇ ਜਾਣਨ ਵਿੱਚ ਮਦਦ ਮਿਲਦੀ ਹੈ।

ਇਹ ਪੰਛੀ 'ਅਨੋਖੀਆਂ ਉੱਡਣ ਵਾਲੀਆਂ ਮਸ਼ੀਨਾਂ' ਦੇ ਇੱਕ ਪਾੜੇ ਨੂੰ ਭਰ ਰਿਹਾ ਹੈ।

ਇਹ ਸਰਵੇਖਣ 'ਨੇਚਰ' ਜਰਨਲ ਵਿੱਚ ਛਾਪਿਆ ਗਿਆ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ