ਰੱਬ ਦੀ ਹੋਂਦ ਬਾਰੇ ਕੀ ਸਨ ਸਟੀਫ਼ਨ ਹੌਕਿੰਗ ਦੇ ਵਿਚਾਰ?

ਭੌਤਿਕ ਵਿਗਿਆਨ ਦੇ ਸੰਸਾਰ ਪ੍ਰਸਿੱਧ ਵਿਗਿਆਨੀ ਸਟੀਫ਼ਨ ਹੌਕਿੰਗ ਨੇ 76 ਸਾਲ ਦੀ ਉਮਰ ਵਿੱਚ ਅਲਵਿਦਾ ਕਹਿ ਦਿੱਤੀ ਹੈ।

ਉਨ੍ਹਾਂ ਨੇ ਵਿਗਿਆਨ ਦੇ ਖੇਤਰ ਵਿੱਚ ਆਪਣੇ ਕੰਮ ਸਦਕਾ ਕਰੋੜਾਂ ਨੌਜਵਾਨਾਂ ਨੂੰ ਵਿਗਿਆਨ ਪੜ੍ਹਨ ਲਈ ਪ੍ਰੇਰਿਤ ਕੀਤਾ।

ਹੌਕਿੰਗ ਨੇ ਵਿਗਿਆਨਕ ਨਜ਼ਰੀਏ ਤੋਂ ਹੀ ਰੱਬ, ਧਰਤੀ ਅਤੇ ਇਨਸਾਨਾਂ ਦੇ ਅੰਤ ਅਤੇ ਦੂਜੇ ਗ੍ਰਹਿ ਵਾਸੀਆਂ ਦੀ ਹੋਂਦ ਬਾਰੇ ਆਪਣੇ ਵਿਚਾਰ ਬੜੇ ਧੜੱਲੇ ਨਾਲ ਰੱਖੇ।

ਆਪਣੇ ਵਿਚਾਰਾਂ ਲਈ ਉਨ੍ਹਾਂ ਨੂੰ ਧਾਰਮਿਕ ਸੰਸਥਾਵਾਂ ਵੱਲੋਂ ਆਲੋਚਨਾ ਵੀ ਝੱਲਣੀ ਪਈ।

ਸਟੀਫ਼ਨ ਹੌਕਿੰਗ ਨੇ ਆਪਣੀ ਕਿਤਾਬ 'ਦਿ ਗ੍ਰੈਂਡ ਡਿਜ਼ਾਈਨ' ਵਿੱਚ ਰੱਬ ਦੀ ਹੋਂਦ ਨੂੰ ਸਿਰੇ ਤੋਂ ਰੱਦ ਕਰ ਦਿੱਤਾ ਸੀ।

ਰੱਬ ਬਾਰੇ ਕੀ ਸਨ ਵਿਗਿਆਨੀ ਦੇ ਵਿਚਾਰ?

ਉਨ੍ਹਾਂ ਨੇ ਨਵੇਂ ਗ੍ਰਹਿ ਦੀ ਖੋਜ ਬਾਰੇ ਗੱਲ ਕਰਦਿਆਂ ਸਾਡੇ ਸੌਰ ਮੰਡਲ ਦੇ ਖਾਸ ਸਮੀਕਰਨ ਅਤੇ ਰੱਬ ਦੀ ਹੋਂਦ ਤੇ ਸਵਾਲ ਖੜ੍ਹੇ ਕੀਤੇ।

ਸਾਲ 1992 ਵਿੱਚ ਇੱਕ ਗ੍ਰਹਿ ਦੀ ਖੋਜ ਕੀਤੀ ਗਈ ਸੀ ਜਿਹੜਾ ਕਿਸੇ ਹੋਰ ਸੂਰਜ ਦੀ ਪਰਿਕਰਮਾਂ ਕਰ ਰਿਹਾ ਸੀ।

ਹੌਕਿੰਗ ਨੇ ਇਸੇ ਦੀ ਮਿਸਾਲ ਦਿੰਦੇ ਹੋਏ ਕਿਹਾ, ਇਹ ਖੋਜ ਦੱਸਦੀ ਹੈ ਕਿ ਸਾਡੇ ਸੌਰ ਮੰਡਲ ਦੇ ਬ੍ਰਹਿਮੰਡੀ ਸੰਯੋਗ- ਇੱਕ ਸੂਰਜ, ਧਰਤੀ ਅਤੇ ਸੂਰਜ ਦਰਮਿਆਨ ਢੁਕਵੀਂ ਦੂਰੀ ਅਤੇ ਸੋਲਰ ਮਾਸ, ਸਬੂਤ ਦੇ ਤੌਰ 'ਤੇ ਇਹ ਮੰਨਣ ਲਈ ਨਾਕਾਫ਼ੀ ਹਨ ਕਿ ਧਰਤੀ ਨੂੰ ਇੰਨੀ ਸਾਵਧਾਨੀ ਨਾਲ ਸਿਰਫ਼ ਇਨਸਾਨਾਂ ਨੂੰ ਖੁਸ਼ ਕਰਨ ਲਈ ਬਣਾਇਆ ਗਿਆ ਸੀ।"

ਸ੍ਰਿਸ਼ਟੀ ਦੇ ਨਿਰਮਾਣ ਲਈ ਉਨ੍ਹਾਂ ਗਰੂਤਾਕਰਸ਼ਣ ਨੂੰ ਸਿਹਰਾ ਦਿੱਤਾ।

ਹੌਕਿੰਗ ਕਹਿੰਦੇ ਹਨ, ਗਰੂਤਾਕਰਸ਼ਣ ਉਹ ਨਿਯਮ ਹੈ ਜਿਸ ਕਰਕੇ ਬ੍ਰਹਿਮੰਡ ਆਪਣੇ ਆਪ ਨੂੰ ਸਿਫ਼ਰ ਤੋਂ ਸ਼ੁਰੂ ਕਰ ਸਕਦਾ ਹੈ ਤੇ ਕਰੇਗਾ ਵੀ। ਇਹ ਅਚਾਨਕ ਹੋਣ ਵਾਲੀਆਂ ਘਟਨਾਵਾਂ ਹੀ ਸਾਡੀ ਹੋਂਦ ਲਈ ਜ਼ਿੰਮੇਵਾਰ ਹਨ। ਅਜਿਹੇ ਵਿੱਚ ਬ੍ਰਹਿਮੰਡ ਨੂੰ ਚਲਾਉਣ ਲਈ ਰੱਬ ਦੀ ਲੋੜ ਨਹੀਂ ਹੈ।"

ਹੌਕਿੰਗ ਨੂੰ ਇਸ ਬਿਆਨ ਲਈ ਈਸਾਈ ਧਰਮ ਗੁਰੂਆਂ ਵੱਲੋਂ ਵਿਰੋਧ ਦਾ ਸਾਹਮਣਾ ਕਰਨਾ ਪਿਆ।

ਦੂਜੇ ਗ੍ਰਹਿ ਵਾਸੀਆਂ ਬਾਰੇ ਕੀ ਵਿਚਾਰ ਸਨ?

ਸਟੀਫ਼ਨ ਹੌਕਿੰਗ ਨੇ ਦੁਨੀਆਂ ਦੇ ਸਾਹਮਣੇ ਬ੍ਰਹਿਮੰਡ ਵਿੱਚ ਦੂਜੇ ਗ੍ਰਹਿ ਵਾਸੀਆਂ ਦੀ ਹੋਂਦ ਬਾਰੇ ਸਖ਼ਤ ਚੇਤਾਵਨੀ ਦਿੱਤੀ ਸੀ।

ਹੌਕਿੰਗ ਨੇ ਆਪਣੇ ਲੈਕਚਰ ਲਾਈਫ਼ ਇਨ ਦਿ ਯੂਨੀਵਰਸ ਵਿੱਚ ਭਵਿੱਖ ਵਿੱਚ ਇਨਸਾਨਾਂ ਅਤੇ ਏਲੀਅਨਾਂ ਵਿਚਕਾਰ ਮੁਲਾਕਾਤ ਬਾਰੇ ਵੀ ਵਿਚਾਰ ਰੱਖੇ ਸਨ।

ਭੌਤਿਕ ਵਿਗਿਆਨ ਦੇ ਇਸ ਮਹਾਨ ਵਿਗਿਆਨੀ ਨੇ ਕਿਹਾ ਸੀ, " ਜੇ ਧਰਤੀ 'ਤੇ ਜੀਵਨ ਪੈਦਾ ਹੋਣ ਦਾ ਸਮਾਂ ਸਹੀ ਹੈ ਤਾਂ ਬ੍ਰਹਿਮੰਡ ਵਿੱਚ ਅਜਿਹੇ ਕਈ ਤਾਰੇ ਹੋਣੇ ਚਾਹੀਦੇ ਹਨ। ਜਿੱਥੇ ਜੀਵਨ ਹੋਵੇਗਾ। ਇਨ੍ਹਾਂ ਵਿੱਚੋਂ ਕਈ ਤਾਰਾ ਮੰਡਲ ਧਰਤੀ ਦੇ ਹੋਂਦ ਵਿੱਚ ਆਉਣ ਤੋਂ 5 ਕਰੋੜ ਸਾਲ ਪਹਿਲਾਂ ਪੈਦਾ ਹੋ ਚੁੱਕੇ ਹੋਣਗੇ।"

"ਅਜਿਹੇ ਵਿੱਚ ਗਲੈਕਸੀ ਵਿੱਚ ਮਸ਼ੀਨੀ ਅਤੇ ਜੈਵਿਕ ਜੀਵਨ ਦੇ ਸਬੂਤ ਤੈਰਦੇ ਹੋਏ ਕਿਉਂ ਨਹੀਂ ਦਿਖ ਰਹੇ ਹਨ। ਹੁਣ ਤੱਕ ਧਰਤੀ 'ਤੇ ਕੋਈ ਕਿਉਂ ਨਹੀਂ ਆਇਆ ਅਤੇ ਇਸ 'ਤੇ ਕਬਜ਼ਾ ਕਿਉਂ ਨਹੀਂ ਕੀਤਾ ਗਿਆ।

ਮੈਂ ਇਹ ਨਹੀਂ ਮੰਨਦਾ ਕਿ ਯੂਐਫਓ ਵਿੱਚ ਬਾਹਰੀ ਪੁਲਾੜ ਦੇ ਵਾਸ਼ਿੰਦੇ ਹੁੰਦੇ ਹਨ। ਮੇਰਾ ਮੰਨਣਾ ਹੈ ਕਿ ਦੂਜੇ ਗ੍ਰਹਿ ਵਾਸੀ ਧਰਤੀ 'ਤੇ ਆਉਣਗੇ ਖੁੱਲ੍ਹੇ ਰੂਪ ਵਿੱਚ ਆਉਣਗੇ ਤੇ ਇਹ ਇਨਸਾਨਾਂ ਲਈ ਵਧੀਆ ਨਹੀਂ ਹੋਵੇਗਾ।"

"ਬ੍ਰਹਿਮੰਡ ਵਿੱਚ ਜੀਵਨ ਲੱਭਣ ਲਈ ਸੇਤੀ ਨਾਮ ਦਾ ਇੱਕ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਸੀ। ਇਹ ਪ੍ਰੋਜੈਕਟ ਰੇਡੀਓ ਤਰੰਗਾਂ ਨੂੰ ਸਕੈਨ ਕਰਦਾ ਸੀ ਤਾਂ ਕਿ ਅਸੀਂ ਕਿਸੇ ਦੂਜੇ ਗ੍ਰਹਿ ਦੀ ਸਭਿਅਤਾ ਤੋਂ ਆ ਰਿਹਾ ਸੁਨੇਹਾ ਹਾਸਲ ਕਰ ਸਕੀਏ। ਮੈਨੂੰ ਲਗਦਾ ਹੈ ਕਿ ਇਸ ਪ੍ਰੋਜੈਕਟ ਨੂੰ ਅੱਗੇ ਵਧਾਇਆ ਜਾਣਾ ਚਾਹੀਦਾ ਸੀ। ਪੈਸੇ ਦੀ ਘਾਟ ਕਾਰਨ ਇਹ ਪ੍ਰੋਜੈਕਟ ਬੰਦ ਹੋ ਗਿਆ।"

"ਲੇਕਿਨ ਇਸ ਤਰਾਂ ਮਿਲੇ ਕਿਸੇ ਵੀ ਸੁਨੇਹੇ ਦਾ ਜੁਆਬ ਦਿੰਦੇ ਸਮੇਂ ਹੁਸ਼ਿਆਰ ਰਹਿਣਾ ਚਾਹੀਦਾ ਹੈ। ਸਾਨੂੰ ਥੋੜਾ ਹੋਰ ਵਿਕਸਿਤ ਹੋਣ ਦਾ ਇੰਤਿਜ਼ਾਰ ਕਰਨਾ ਚਾਹੀਦਾ ਹੈ।

ਸਾਡੇ ਵਰਤਮਾਨ ਸਰੂਪ ਵਿੱਚ ਕਿਸੇ ਆਧੁਨਿਕ ਸਭਿਅਤਾ ਨਾਲ ਸਾਡੀ ਮੁਲਾਕਾਤ ਅਮਰੀਕਾ ਦੇ ਅਸਲੀ ਬਾਸ਼ਿੰਦਿਆਂ ਰੈਡ ਇੰਡੀਅਨ ਦੀ ਕੋਲੰਬਸ ਨਾਲ ਮੁਲਾਕਾਤ ਵਰਗੀ ਹੋਵੇਗੀ।

ਮੈਨੂੰ ਨਹੀਂ ਲਗਦਾ ਕਿ ਰੈਡ ਇੰਡੀਅਨਾਂ ਨੂੰ ਕੋਲੰਬਸ ਨਾਲ ਮੁਲਾਕਾਤ ਕਰਕੇ ਕੋਈ ਲਾਭ ਹੋਇਆ ਸੀ।"

ਇਨਸਾਨਾਂ ਕੋਲ ਸਿਰਫ਼ 100 ਸਾਲ

ਸਟੀਫ਼ਨ ਹੌਕਿੰਗ ਨੇ ਧਰਤੀ ਤੇ ਇਨਸਾਨੀਅਤ ਦੇ ਭਵਿੱਖ ਨੂੰ ਲੈ ਕੇ ਹੈਰਾਨੀਜਨਕ ਐਲਾਨ ਕੀਤਾ ਸੀ।

"ਸਟੀਫ਼ਨ ਹੌਕਿੰਗ ਨੇ ਕਿਹਾ ਸੀ, ਮੇਰਾ ਵਿਸ਼ਵਾਸ਼ ਹੈ ਕਿ ਇਨਸਾਨਾਂ ਨੂੰ ਆਪਣੇ ਅੰਤ ਤੋਂ ਬਚਣ ਲਈ ਧਰਤੀ ਛੱਡ ਕੇ ਕੋਈ ਹੋਰ ਗ੍ਰਹਿ ਅਪਨਾਉਣਾ ਚਾਹੀਦਾ ਹੈ। ਇਨਸਾਨਾਂ ਨੂੰ ਆਪਣੀ ਹੋਂਦ ਬਚਾਉਣ ਲਈ ਅਗਲੇ 100 ਸਾਲਾਂ ਵਿੱਚ ਉਹ ਤਿਆਰੀ ਪੂਰੀ ਕਰਨੀ ਚਾਹੀਦੀ ਹੈ ਕਿ ਜਿਸ ਨਾਲ ਧਰਤੀ ਛੱਡੀ ਜਾ ਸਕੇ।"

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)